23 May 2024

ਤਾਹਿਰਾ ਸਰਾ ਦੀ ਬੇਬਾਕ ਸ਼ਾਇਰੀ —ਪਿਆਰਾ ਸਿੰਘ  ਕੁੱਦੋਵਾਲ

ਇਕ ਕਹਾਵਤ ਕਿ ਜਦੋਂ ਕਿਸੇ ਸ਼ਾਇਰ ਦੀ ਸ਼ਾਇਰੀ ਆਮ ਲੋਕਾਂ ਦੀ ਜ਼ੁਬਾਨ ਤੇ ਸਹਿਜੇ ਹੀ ਚੜ੍ਹ ਜਾਏ ਸਮਝ ਲਵੋ ਉਸ ਨੇ  ਆਪਣੀ ਹਯਾਤੀ ਨੂੰ ਅਮਰ ਕਰ ਲਿਆ ਹੈ। ਤਾਹਿਰਾ ਸਰਾ  ਦੀ ਕਵਿਤਾ ਦੀ ਤਾਕਤ ਦਾ ਪਤਾ ਇਸ ਤੋਂ ਭਲੀ ਭਾਂਤ  ਲਗਦਾ ਹੈ ਕਿ ਉਸਦੀਆਂ ਕਈ ਕਵਿਤਾਵਾਂ ਦੀਆਂ ਇਕ ਦੋ ਸਤਰਾਂ ਬਹੁਤ ਸਾਰੇ ਟਿਕਟਾਕ ਅਤੇ ਯੂ ਟਿਊਬਰ ਕਲਾਕਾਰਾਂ ਤੇ ਪੰਜਾਬੀ ਚੜ੍ਹਦੇ ਪੰਜਾਬ ਦੇ ਪ੍ਰਸਿੱਧ ਫ਼ਿਲਮੀ ਅਦਾਕਾਰਾਂ ਤੇ ਗਾਇਕਾਂ ਵੱਲੋਂ ਬਹੁਤ ਸਾਰੀਆਂ ਵੀਡੀਉ ਵਿੱਚ ਵਰਤੀ ਗਈਆਂ ਹਨ ਜਿਵੇਂ: 

ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਈਂ,
ਜੇਕਰ ਮੇਰੀ ਵੀ  , ਕੀ  ਮੈਂ  ਤੇਰੀ  ਨਈਂ ?
ਉਹ ਕਹਿੰਦਾ ਪਿਆਰ ਤੇ ਜੰਗ ਵਿੱਚ ਜ਼ਾਇਜ਼ ਸਭ
ਮੈਂ   ਕਹਿੰਨੀ  ਆਂ,   ਊਂ ਹੂੰਹੇਰਾ  ਫੇਰੀ   ਨਹੀਂ                  ਸ਼ੀਸ਼ਾ ਸਫਾ 23

ਤਾਹਿਰਾ ਸਫ਼ਦਰ ਉਰਫ਼ ਤਾਹਿਰਾ ਸਰਾ  ਨੂੰ ਪਹਿਲਾਂ ਯੂ ਟਿਊਬ, ਵੱਟਸ ਐਪ ਤੇ ਫੇਸ ਬੁੱਕ ਤੇ ਪੜ੍ਹਿਆ, ਸੁਣਿਆ, ਵੇਖਿਆ ਤਾਂ ਉਸ ਦੀ ਸ਼ਾਇਰੀ ਦੇ ਵੱਖਰੇ ਅੰਦਾਜ਼ ਨਾਲ ਮੋਹ ਹੋ  ਗਿਆ।  ਉਸਦੀ ਸ਼ਾਇਰੀ ਦੀਆਂ ਦੋ ਕਿਤਾਬਾਂ ‘ਸ਼ੀਸ਼ਾ’ ਤੇ ‘ਬੋਲਦੀ ਮਿੱਟੀ’  ਪੰਜਾਬੀ ਵਿੱਚ ਚੇਤਨਾ ਪ੍ਰਕਾਸ਼ਨ ਵੱਲੋਂ ਛੱਪ ਚੁੱਕੀਆਂ ਹਨ। ਪ੍ਰਸਿੱਧ ਸ਼ਾਇਰ ਤੇ ਲੇਖਕ ਗੁਰਭਜਨ ਗਿੱਲ, ਤਰਲੋਕਬੀਰ ਸਿੰਘ ਅਤੇ ਗੁਰਦੇਵ ਪੰਧੇਰ ਹੋਰਾਂ ਨੇ ਤਾਹਿਰਾ ਦੇ ਕਾਵਿ ਸੰਗ੍ਰਹਿ ਛਾਪਣ ਵਿੱਚ ਮਦਦ ਕਰਕੇ ਉਹਨਾਂ ਨੂੰ ਪੰਜਾਬੀ ਪਾਠਕਾਂ ਦੇ ਰੂਬਰੂ ਕਰਵਾਇਆ। ਉਹ ਲਹਿੰਦੇ ਪੰਜਾਬ ਇਕ ਪਿੰਡ ਮੰਡੀ ਢਾਬਾਂ ਸਿੰਘ ਨਨਕਾਣਾ ਸਾਹਿਬ ਦੇ ਕੋਲ ਜੰਮੀ ਪਲੀ। ਉਸਨੇ ਕੰਪਿਊਟਰ ਦੀ ਪੜ੍ਹਾਈ ਕੀਤੀ ਹੈ। ਅੱਜ ਕੱਲ ਉਹ ਸਰਕਾਰੀ ਟੈਕਨੀਕਲ ਟਰੇਂਨਿੰਗ ਸੈਂਟਰ ਵੋਕੇਸ਼ਿਨਲ ਕਾਲਜ ਵਿੱਚ ਟਰੇਡ ਇੰਸਟਰਕਟਰ ਹੈ। ਉਹ ਦਾ ਕਹਿਣਾ ਭਾਵੇਂ ਅਸੀਂ ਉਰਦੂ ਵਿੱਚ ਪੜ੍ਹੇ ਹਾਂ। ਸਾਡੀ ਜ਼ਮੀਨ ਪੰਜਾਬੀ ਹੈ। ਇਸ ਲਈ ਪੰਜਾਬੀ ਵਿੱਚ ਲਿੱਖ ਕੇ ਹੀ ਪ੍ਰਸਿੱਧ ਹੋਈ ਆਂ ਤੇ ਤਹਾਡੇ ਵਿਚਕਾਰ ਬੈਠੀ ਹਾਂ। ਉਹ ਇਸ ਕਿਤਾਬ ਦੀ ਭੂਮਿਕਾ ਵਿੱਚ ਪੰਜਾਬੀ ਵਿੱਚ ਲਿਖਣ ਬਾਰੇ ਲਿਖਦੀ ਹੈ:

ਸੋਚ ਤੇ ਜ਼ੁਬਾਨ ਵਿੱਚ ਫਰਕ ਸੀ, ਏਸ ਲਈ ਮੈਂ ਉਲਝਦੀ ਰਹੀ, ਲਫਜ਼ ਸੋਚਾਂ ਦੇ ਮਿਆਰ ‘ਤੇ ਪੂਰੇ ਨਹੀਂ ਸਨ ਉਤਰਦੇ। ਪੈਗੰਬਰੀ ਉਮਰ ਵਿੱਚ ਅੱਪੜੀ ਤੇ ਸੋਚ ਦੀ ਜ਼ੁਬਾਨ ਵੱਲ ਪਰਤਣਾ ਪਿਆ, ਉਹ ਜ਼ੁਬਾਨ ਜਿਹੜੀ ਮੇਰੇ ਖਮੀਰ ਵਿੱਚ ਸ਼ਾਮਲ ਸੀ।“  ਸ਼ੀਸ਼ਾ ਸਫਾ 11

ਜੂਨ 2019 ਵਿੱਚ ਟੋਰੋਂਟੋ ਵਿੱਚ ਗੁਰਤੇਜ ਕੋਹਾਰਵਾਲਾ ਤੇ ਤਾਹਿਰਾ ਸਰਾ ਦਾ ਇਕ ਖਾਸ ਤੇ ਯਾਦਗਾਰੀ ਪ੍ਰੋਗਰਾਮ ਸਾਡੇ ਬਹੁਤ ਹੀ ਪਿਆਰੇ ਦੋਸਤਾਂ ਪ੍ਰਤੀਕ ਆਰਟਿਸਟ ਅਤੇ ਉਸਤਾਦ ਗ਼ਜ਼ਲਗੋ ਭੂਪਿੰਦਰ ਦੁਲੇ ਦੇ ਯਤਨਾਂ ਸਦਕਾ ਕਰਵਾਇਆ ਗਿਆ। ਉਹਨਾਂ ਦੋਹਾਂ ਨਾਲ ਹੀ ਪਹਿਲੀ ਬੇਹੱਦ ਨਿੱਘੀ ਮੁਲਾਕਾਤ ਮੇਰੇ ਆਪਣੇ ਘਰ ਵਿੱਚ ਹੀ ਹੋਈ। ਦੋਹਾਂ ਹੀ ਸ਼ਾਇਰਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਦੋਨੋਂ ਪੰਜਾਬੀ ਸ਼ਾਇਰ, ਦੋ ਅਲੱਗ ਹੋ ਚੁੱਕੇ ਮੁਲਕਾਂ ਤੋਂ ਆਏ, ਦੋਹਾਂ ਦਾ ਸ਼ਾਇਰੀ ਅਤੇ ਦਿੱਖ ਦਾ ਆਪਣਾ ਅੰਦਾਜ਼, ਪਰ ਬੋਲੀ ਦੀ ਸਾਂਝ ਅਤੇ ਪੰਜਾਬੀ ਬੋਲੀ ਪ੍ਰਤੀ ਫਿਕਰ ਨੇ,  ਸਾਨੂੰ ਸਭ ਨੂੰ ਇਕ ਤੰਦ ਨਾਲ ਜੋੜਿਆ ਹੋਇਆ ਸੀ। ਸ਼ਾਇਦ ਇਹ ਰੱਬ ਸੱਚੇ ਵੱਲੋਂ ਪੰਜਾਬੀਆਂ ਨੂੰ ਬਖਸ਼ੀ ਆਪਸੀ ਮੁਹੱਬਤ ਦਾ ਵਰਦਾਨ ਸੀ। ਸੁਰਜੀਤ ਅਤੇ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਦੋ ਪੰਜਾਬ ਸਾਡੇ ਘਰ ਵਿੱਚ ਇਕੱਠੇ ਹੋਏ ਹੋਣ।

ਫਿਰ 2022-23 ਵਿੱਚ ਕੁਝ ਇਕ ਹੋਰ ਮੁਲਾਕਾਤਾਂ, ਸਾਹਿਤਕ ਮਿਲਣੀਆਂ ਤੇ ਔਨ – ਲਾਈਨ ਮੀਟਿੰਗ ਦੌਰਾਨ ਉਸਦੇ ਮੋਹ ਭਿਜੀ ਕਵਿਤਾ ਬਾਰੇ ਹੋਰ ਪਰਦੇ ਖੁੱਲੇ ਹਨ।  ਉਸਦੀ ਕਵਿਤਾ ਵਿੱਚ ਤਨਜ਼ ਹੈ। ਉਸਦੇ ਬੋਲਾਂ ਵਿਚ ਬਗ਼ਾਵਤ ਹੈ। ਬਰਾਬਰਤਾ ਦਾ ਅਧਿਕਾਰ ਮੰਗਣ ਦੀ ਨਹੀਂ, ਬਲਕਿ ਰੱਖਣ ਦੀ ਤਾਕਤ ਹੈ, “ਜੇ ਮਰਜ਼ੀ ਏ ਤੇਰੀ ਬੱਸ, ਲੈ ਫਿਰ ਤੇਰੀ ਮੇਰੀ ਬੱਸ“। ਇਹ ਗੱਲ ਕਹਿਣ ਪਿੱਛੇ ਉਸਦੀ ਹਿੰਮਤ ਸਮਝ ਆਈ। ਉਸਨੇ ਔਰਤ ਦੀ ਅਦੁੱਤੀ ਅੰਦਰੂਨੀ ਸ਼ਕਤੀ ਨੂੰ ਬਹੁਤ ਸਿੱਧੇ ਤੇ ਸਾਫ਼ ਲਫ਼ਜ਼ਾਂ ਵਿੱਚ ਪੇਸ਼ ਕੀਤਾ। ਕੋਈ ਹੇਰ ਫੇਰ ਜਾਂ ਤੇਰ ਮੇਰ ਨਹੀਂ ਰੱਖੀ।  ਭਾਵੇਂ ਜ਼ਮਾਨਾ ਬਦਲਿਆ ਹੈ।  ਪਰ ਔਰਤ ਲਈ ਨਹੀਂ। ਉੱਚੀ ਅੱਡੀ ਵਾਲੀ ਜੁੱਤੀ ਪਾ ਕੇ ਵੀ, ਮੈਂ ਸ਼ਮਲੇ ਦੇ ਕੱਦ ਬਰਾਬਰ ਨਹੀਂ ਹੋਈ।  ਔਰਤ ਦੀ ਸਮਰੱਥਾ ਬਾਰੇ ਵੀ ਪੂਰਣ ਤੌਰ ਤੇ ਸੁਚੇਤ ਹੈ।  ਉਸਦੀ ਕਵਿਤਾ ਜਾਗਰਿਤੀ ਪੈਦਾ ਕਰਦੀ ਹੈ। ਉਹ ਦਸਦੀ ਹੈ, “ਮਾਂ ਨੇ ਚੁੱਪ ਦੀ ਗੁੜਤੀ ਦੇ ਕੇ ਮੇਰੇ ਬੁੱਲ ਹੀ ਸੀ ਦਿੱਤੇ”, ਪਰ ਉਸਦੇ ਬੁੱਲ ਖੁੱਲ ਗਏ ਉਸਨੇ ਬਾਗ਼ੀ ਸੁਰ ਵਿੱਚ ਵਧੀਆ ਨਜ਼ਮਾਂ ਕਹੀਆਂ।  ਹੁਣ ਔਰਤ ਨੇ ਵੀ ਬੋਲਣਾ ਸਿਖ ਲਿਆ ਹੈ।   ਨਸਰੀਨ ਅੰਜਮ ਭੱਟੀ ਦੀ ਵੇਲ ਕਵਿਤਾ ਦੇ ਅੰਤ ਵਿੱਚ ਲਿਖਦੀ ਹੈ:

“ਬੇਬੇ ਨੀ, ਮੈਥੋਂ ਰੀਝਾਂ ਵੇਲ ਵੇਲ,
ਤਵੇ ’ਤੇ ਨਹੀਂ ਪਾ ਹੁੰਦੀਆਂ,
ਮੈਂ ਵਿਚਾਰੀ ਨਹੀਂ ਬਣਨਾ।
ਗੱਲ ਕਰਾਂਗੀ…
ਮੇਰੇ ਤੋਂ ਮਿਰਚਾਂ ਵਾਰ
ਮੈਂ ਬੋਲਣਾ ਸਿੱਖ ਲਿਆ ਏ  –    ਸ਼ੀਸ਼ਾ ਸਫਾ 85 

ਤਿੰਨ ਫੁੱਟ ਉਤੇ ਆਂ ਤੀਹ ਫੁੱਟ ਥੱਲੇ ਆਂ, ਮੈਂ ਜਿੰਨੀ ਆਂ, ਓਨੀ ਜ਼ਾਹਰ  ਨਹੀਂ ਹੋਈ।

ਜਿਸ ਤਰਾਂ  ਈਸਾਈ ਮੱਤ ਦੀ ਐਡਮ ਤੇ ਈਵ ਦੇ ਸੇਬ ਖਾਣ ਵਾਲੀ ਦੰਦ-ਕਥਾ ਹੈ ਕਿ ਸੇਬ ਖਾਣ ਕਰਕੇ ਉਹਨਾਂ ਨੂੰ ਜ਼ੰਨਤ ਵਿੱਚੋਂ ਕੱਢਿਆ ਗਿਆ ਉਸੇ ਤਰਾਂ ਇਸਲਾਮ ਵਿੱਚ ਵੀ ਆਦਮ ਤੇ ਹਵਾ ਦੀ ਰਵਾਇਤ ਕਿ ਉਹਨਾਂ ਨੂੰ ਕਣਕ ਖਾਣ ਕਰਕੇ ਜ਼ੰਨਤ ਵਿਚੋਂ ਕੱਢ ਕੇ ਧਰਤੀ ਤੇ ਸੁੱਟ ਦਿੱਤਾ ਗਿਆ ਸੀ। ਤਾਹਿਰਾ ਨੇ ਇਸ ਨੂੰ ਵੀ ਇਕ ਚੈਲੰਜ ਵਿੱਚ ਲਿਆ ਅਤੇ ਆਪਣਾ ਹੌਂਸਲੇ ਨੂੰ ਨਵੀਂ ਪੀੜੀ ਸਾਂਹਵੇਂ ਇਸ ਤਰਾਂ ਪ੍ਰਗਟ ਕੀਤਾ: 

ਖਾ ਬੈਠੀ ਆਂ ਸਹੁੰ ਸਰਘੀ ਦੇ ਤਾਰੇ ਦੀ,
ਆਪਣਾ ਗੁੱਸਾ ਕਿਰਨਾਂ ਕਰ ਕੇ ਰੱਖਦਾਂ ਗੀ
ਹੁਣ ਜੇ ਮੈਨੂੰ ਜੰਨਤ ਵਿਚੋਂ ਕੱਢਿਆ ਤੇ,
ਸਭੇ ਫਸਲਾਂ ਕਣਕਾਂ ਕਰਕੇ ਰੱਖਦਾਂ ਗੀ।      ਸ਼ੀਸ਼ਾ ਸਫਾ 28

ਔਰਤ ਦੇ ਚਾਰ ਚੁਫੇਰੇ ਪਹਿਰੇ ਹਨ। ਉਹ ਤਾਂ ਕੰਧ ਨਾਲ ਵੀ ਗੱਲ ਨਹੀਂ ਕਰ ਸਕਦੀ। ਸੁਣਿਆ ਕੰਧਾਂ ਦੇ ਵੀ ਕੰਨ ਹੁੰਦੇ ਹਨ। ਇਸ ਲਈ ਆਪਣੇ ਆਪ ਨਾਲ ਵੀ ਗੱਲ ਨਹੀਂ ਕਰ ਸਕਦੀ।

 “ਚੁੱਪ” ਕਵਿਤਾ ਵਿੱਚ ਲਿਖਦੀ ਹੈ: 

”ਕਿਸਰਾਂ ਦੱਸਾਂ,
ਕੁਝ ਗੱਲਾਂ ਮੈਂ ਆਪਣੇ ਆਪ ਨਾਲ ਵੀ ਨਹੀਂ ਕਰ ਸਕਦੀ,
ਕੰਧਾਂ ਇਥੇ ਝਾਕਦੀਆਂ ਨੇਂ“।
ਚੁੱਪ ਦੇ ਅੱਗੇ ਚੁੱਪ ਏ ਤਾਹਿਰਾ
ਕਦ ਤੱਕ ਹੋਰ ਹੰਢਾਣੀ ਚੁੱਪ ਏ।    ਸ਼ਾ ਸਫਾ 50

ਪਿਆਰ ਜੀਵਨ ਵਿੱਚ ਨਵੇਂ ਰੰਗ ਭਰਦਾ ਹੈ। ਖੁਸ਼ੀ ਖੇੜਾ ਬਹਾਰ ਭਰਦਾ ਹੈ। ਸਾਡਾ ਉਮਰਾਂ ਦਾ ਲੱਥਿਆ ਥਕੇਵਾਂ, ਤੇਰੇ ਨਾਲ ਗੱਲ ਕਰਕੇ”।  ਜਦ ਵਿਛੋੜਾ ਹੁੰਦਾ ਹੈ ਤਾਂ ਦਰਦ ਵੀ ਬਹੁਤ ਦਿੰਦਾ ਹੈ। ਪਿਆਰ ਦੇ ਰਸਤੇ ਵਿੱਚ ਸਦਾ ਪਹਿਰੇ ਹੁੰਦੇ ਹਨ। ”ਲੂੰ ਲੂੰ ਰਾਂਝਾ ਰਾਂਝਾ ਬੋਲੇ ਅੰਗ ਅੰਗ ਪਹਿਰੇ ਕੈਦੋ ਦੇ, ਤਾਂ ਹੀ ਖੇੜੇ ਵੇਖ ਰਹੀ ਹਾਂ ਅੱਗੇ ਪਿਛੇ ਕੈਦੋ ਦੇ”।  ਜੇ ਮੁਹੱਬਤ ਖਤਮ ਨਹੀਂ ਹੁੰਦੀ ਤਾਂ ਕੈਦੋ ਵੀ ਖਤਮ ਵੀ ਨਹੀਂ ਹੁੰਦੇ। ‘ਸੰਤ ਵੈਲਨਟਾਈਨ’ ਵਾਂਗ, ਜੇ ਪਿਆਰ ਕਰਨ ਵਾਲਿਆਂ ਦਾ ਸਾਥ ਦੇਣ ਖਾਤਰ ਕੁਰਬਾਨ ਹੋ ਸਕਦੇ ਹਨ ਤਾਂ ਰੋਮਨ ਬਾਦਸ਼ਾਹ ਕਲੌਡੀਅਸ-2 ਵਰਗੇ ਜ਼ਾਲਮਾਂ ਦੀ ਵੀ ਕਮੀ ਨਹੀਂ, ਜੋ ਪਿਆਰ ਦਾ ਸੁਨੇਹਾ ਦੇਣ ਵਾਲੇ ਸੰਤ ਵੇਲਨਟਾਈਨ ਵਰਗੇ  ਮਹਾਂਪੁਰਸ਼ਾਂ ਨੂੰ ਦਰਦਨਾਕ ਮੌਤ ਦਿੰਦੇ ਹਨ। ਮੈਂ ਵਾਰਿਸ ਵਾਰਿਸ ਕੂਕਦੀ ਗੀਤ ਵਿੱਚ ਉਸਦੀ ਹੂਕ ਸੁਣਾਈ ਦਿੰਦੀ ਹੈ:

ਹੱਸ ਹੱਸ ਕੇ ਮੌਤਾਂ ਸਹਿਣ ਵੇ, ਕਿਵੇਂ ਹੀਰਾਂ ਜਿਉਂਦੀਆਂ ਰਹਿਣ ਵੇ,
ਅੱਜ ਬਹਿ ਕੇ ਆਪਣੀ ਲਾਸ਼ ਤੇ, ਅਸੀਂ ਆਪੇ ਕਰੀਏ ਵੈਣ ਵੇ
ਵੇਲੇ ਦੀ ਉਹੋ ਚਾਲ ਵੇ, ਧਰਤੀ ਉਹੋ ਟੋਰ ਵੇ,
ਮੈਂ ਹੀਰ ਸਾਂ ਰਾਂਝਣ ਯਾਰ ਦੀ ਮੈਨੂੰ ਲੁੱਟ ਕੇ ਲੈ ਗਏ ਹੋਰ ਵੇ,
ਕਿਸੇ ਕਦਰ ਨਾ ਪਾਈ ਹੂਕ ਦੀਮੈਂ ਵਾਰਿਸ ਵਾਰਿਸ ਕੂਕਦੀ।              ਸ਼ੀਸ਼ਾ ਸਫਾ 83

ਪਿਆਰ ਬਾਰੇ ਕਿਹਾ ਜਾਂਦਾ ਹੈ ਕਿ ਛੁਪਾਇਆਂ ਵੀ ਨਹੀਂ ਛੁਪਦਾ।  ਬਾਹਰ ਆ ਹੀ ਜਾਂਦਾ ਹੈ। ਬੰਦਾ ਵੀ ਕੀ ਕਰੇ ਝੱਲ ਹੀ ਇੰਨਾ ਚੜ੍ਹ ਜਾਂਦਾ ਹੈ।  “ਦਿਲ ਸੀਨੇ ਵਿੱਚ ਮਾਰਦਾ ਏ ਛਾਲਾਂ , ਅੱਖਾਂ ਪਈਆਂ ਪਾਉਣ ਪਰਦੇ ।“   (ਸੀਸ਼ਾ ਸਫਾ 109) ਪਿਆਰ  ਵਿੱਚ ਵੀ ਨਵੀਂ ਪਿਰਤ ਪਾਉਣੀ ਪਵੇਗੀ।  ਪਿਆਰ ਵਿੱਚ ਨਿਰਭੈ ਹੋਣਾ ਜਰੂਰੀ ਹੈ। ਜੇ ਮਿਰਜ਼ਾ ਬਹਾਦਰੀ ਦਾ ਚਿੰਨ੍ਹ  ਹੈ ਤਾਂ ਸਿਰਫ ਮਰਦ ਹੀ ਕਿਉਂ ਮਿਰਜ਼ਾ ਹੋਵੇ ਅੱਜ ਦੇ ਯੁਗ ਵਿੱਚ ਵੀ ਸਾਹਿਬਾਂ ਵੀ ਤਾਂ ਮਿਰਜ਼ਾ ਬਣੇ।  ਉਸਨੂੰ ਰਸਮਾਂ ਵਿਚੋਂ ਨਿਕਲ ਕੇ ਆਪਣੀ ਤਾਕਤ ਨੂੰ ਅਜਮਾਉਣ ਦਾ ਵਕਤ ਆ ਗਿਆ ਹੈ ।  ਹੁਣ ਰਸਮਾਂ ਬਦਲਣ ਦਾ ਵੇਲਾ ਹੈ ।  ਕਿਤਾਬੇ ਇਸ਼ਕ ਦਾ ਅਗਲਾ ਵਰਕਾ ਫੋਲਣ ਦਾ ਸਮਾਂ ਆ ਗਿਆ ਹੈ । ਅੰਮ੍ਰਿਤਾ ਪ੍ਰੀਤਮ ਬਾਰੇ ਲਿਖੀ “ਵੇਲ” ਨਾਮੀ ਕਵਿਤਾ ਵੇਖੋ:

ਪਿਛਲੀ ਰਾਤੀਂ ਜਾਗੋ ਮੀਟੀ ਵਿੱਚ
ਅੰਮ੍ਰਿਤਾ ਮੈਨੂੰ ਕਹਿ ਗਈ
ਇਸ਼ਕ ਕਿਤਾਬ ਦਾ ਅਗਲਾ ਵਰਕਾ ਫੋਲ ਦੇ,
ਕਬਰਾਂ ਵਿੱਚੋਂ ਵਾਰਿਸ ਸ਼ਾਹ ਨਹੀਂ ਬੋਲਦੇ।                        ਸ਼ੀਸ਼ਾ ਸਫਾ 77

ਔਰਤ ਬਚਪਨ ਤੋਂ ਲੈ ਕੇ  ਅੰਤ ਤੱਕ ਆਪਣੇ ਹੋਣ ਦੀ ਵੱਡੀ ਕੀਮਤ ਤਾਰਦੀ ਹੈ। ਹਰ ਘਰ ਵਿੱਚ ਕੋਈ ਨਾ ਕੋਈ ਔਰਤ ਕਿਸੇ ਨਾ ਕਿਸੇ ਰਿਸ਼ਤੇ ਵਿੱਚ ਹੁੰਦੀ ਹੈ ਪਰ ਮਰਦ ਪ੍ਰਧਾਨ ਸਮਾਜ ਵਿੱਚ ਮਰਦਾਂ ਸੋਚ ਅੱਜ ਤੱਕ ਖੋਰਾ ਲਗਿਆ ਹੋਇਆ ਹੈ। ਆਪਣੇ ਘਰ ਦੀਆਂ ਤੀਵੀਆਂ ਦੇਵੀਆਂ ਤੇ ਇੱਜ਼ਤ ਦਾ ਮਾਪ ਦੰਡ ਹਨ, ਬਿਗਾਨੀਆਂ ਔਰਤਾਂ ਵਸਤੂ । ਇਸ ਸੋਚ ਕਰਕੇ ਸਮਾਜ ਵਿੱਚ ਵਿਗਾੜ ਪੈਦਾ ਹੋਇਆ । ਪ੍ਰਤੀ ਬੰਦ ਤੇ ਰੋਕਾਂ ਲੱਗੀਆਂ। ਖੁੱਲ ਕੇ ਜੀਉਣ ਦੀ ਅਜ਼ਾਦੀ ਸੁੰਗੜ ਗਈ। ਤੇ ਉਸਨੂੰ ਕਹਿਣਾ ਪੈਂਦਾ ਹੈ: “ਮੇਰੀ ਤਾਕਤ ਦਾ ਅੰਦਾਜ਼ਾ ਕੀ ਹੋਵੇ, ਰਸਮਾਂ ਵਿੱਚ ਹੀ ਖਿਲਰ ਪਲਰ ਜਾਂਦੀ ਹਾਂ।“ ਉਹ ਤਾਂ ਰਸਮੋ ਰਿਵਾਜ਼ ਹੀ ਮੰਨਦੀ ਰਹੀ ਹੈ। ਘਰਾਂ ਦੀ ਚਾਰ ਦੀਵਾਰੀ ਅੰਦਰ ਹੀ ਜੀਵਨ ਕੱਟਦੀ ਰਹਿ ਗਈ। ਪਰ ਘਰਾਂ ਅੰਦਰ ਚੁੱਪ ਚੁਪੀਤੇ  ਕਈ ਕੁਝ ਵਾਪਰਦਾ ਰਹਿੰਦਾ ਹੈ। 

ਨੀ ਪੱਗ ਥੱਲੇ ਕੇ ਮਰ ਗਈ , ਕਿਸੇ ਨੇ ਮੇਰੀ ਕੂਕ ਨਾ ਸੁਣੀ।   ਸ਼ੀਸ਼ਾ ਸਫਾ 98

ਜੰਝ ਵਿਹੜੇ ਵਿੱਚ ਆਣ ਖਲੋਤੀ ਪਟੋਲਿਆਂ ਲੁਕਦੀ ਫਿਰਾਂ।
ਨੀ ਮੈਂ ਅੱਕ ਦਾ ਦੰਦਾਸਾ ਮਲ ਕੇ, ਖੇੜਿਆਂ ਦੇ ਘਰ ਵੱਸ ਪਈ।     ਸ਼ੀਸ਼ਾ ਸਫਾ 102

ਪ੍ਰਸਿੱਧ ਵਿਦਵਾਨ ਏ ਸ਼ਾਇਰ ਜਸਪਾਲ ਘਈ ਹੋਰਾਂ ਦਾ ਕਹਿਣਾ ਹੈ ਕਿ,” ਤਾਹਿਰਾ ਸਰਾ ਪੰਜਾਬੀ ਦੀ ਅਜਿਹੀ ਸ਼ਾਇਰਾ ਹੈ ਜੋ ਨਾਰੀ ਚੇਤਨਾ ਨਾਲ ਸੰਬੰਧਿਤ ਅਨੇਕਾਂ ਪਾਸਾਰਾਂ ਦੀ ਆਪਣੀ ਸ਼ਾਇਰੀ ਚ ਬਾਖੂਬੀ ਪੇਸ਼ਕਾਰੀ ਕਰਦੀ ਹੈ। ਉਸ ਦੀ ਸ਼ਾਇਰੀ ਔਰਤ ਦੇ ਮੋਹ ਭਿੱਜੇ ਜ਼ਜ਼ਬਿਆਂ ਤੋਂ ਲੈ ਕੇ ਉਸ ਨਾਲ ਹੁੰਦੇ ਵਿਤਕਰਿਆਂ ਭਰੇ ਅਹਿਸਾ ਤਕ ਦੀ ਅੱਕਾਸੀ ਕਰਦੀ ਹੈ। ਉਸਦੀ ਸ਼ਾਇਰੀ ਮਰਦ ਪ੍ਰਧਾਨ ਸਮਾਜ ਅੱਗੇ ਡੱਟਣ ਦੀ ਹਿੰਮਤ ਵੀ ਰੱਖਦੀ ਹੈ ਅਤੇ ਅਜਿਹੇ ਸਮਾਜ ਨੂੰ ਸ਼ੀਸ਼ਾ ਵਿਖਾਉਣ ਦੀ ਜੁਰਅੱਤ ਵੀ।“ 

ਮੀਡਿਆ ਕਰਕੇ ਜ਼ਮਾਨਾ ਵੀ ਬਦਲ ਰਿਹਾ ਹੈ। ਵਤਨ ਵਿੱਚ ਵੀ ਤੇ ਪ੍ਰਦੇਸ ਵਿੱਚ ਵੀ। ਨਵੀਂ ਪੀੜ੍ਹੀ ਦੇ ਬਦਲਦੇ ਤੌਰ ਵੇਖੇ ਜਾ ਸਕਦੇ ਹਨ। ਉਸਨੇ ਕਿੱਸਾ ਹੀਰ ਰਾਂਝਾ ਦੇ ਹਵਾਲੇ ਨਾਲ ਕੁਝ ਸ਼ਿਅਰ ਬਾਖੂਬੀ ਨਾਲ ਕਹੇ ਹਨ। ਅੱਜ ਦੀ ਕੁੜੀ ਕਿਸੇ ਹੀਰ ਨਾਲੋਂ ਘੱਟ ਨਹੀਂ। ਉਸਨੂੰ ਇਕੇ ਵੇਲੇ ਕਈ ਕੈਦੋਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਸ ਪੁਰਾਤਨ ਤੇ ਨਵੀਨ ਸਭਿਅਤਾ ਦੀ ਟੱਕਰ ਉਹ ਖੂਬ ਚਿਤਰਦੀ ਹੈ।

ਰਾਂਝੇ ਤਖਤ ਹਜ਼ਾਰੇ ਬੈਠੇ ਝੰਗ ਮੰਘਿਆਣੇ ਕੈਦੋ ਨੇ
ਖੇੜੇ ਜੰਝਾਂ ਚਾੜ੍ਹੀ ਜਾਵਣ ਅੱਲ੍ਹਾ ਹੀ ਵਾਰਿਸ ਹੀਰਾਂ ਦਾ।
 
ਮੈਂ ਵਾਰਿਸ ਦੀ ਹੀਰ ਸਲੇਟੀ ਨਾਲੋਂ ਕਈ ਘੱਟ ਤੇ ਨਹੀਂ
ਉਹੋ ਚਾਲੇ ਉਹੋ ਹੀਲੇ ਕਾਜ਼ੀ ਦੇ ਤੇ ਕੈਦੋ ਦੇ
ਕੰਨ ਪੜਵਾ ਕੇ ਜੋਗੀ ਹੋਣਾ ਕਿਥੋਂ ਦੀ ਵਡਿਆਈ ,
ਰਾਂਝਾ ਸੀ ਤਾਂ ਗੱਲ ਮੰਨਵਾਂਦਾ ਸਿਰ ਤੇ ਚੜ੍ਹ ਕੇ ਕੈਦੋ ਦੇ।   ਸ਼ੀਸ਼ਾ ਸਫਾ 46

ਗੱਲਾਂ ਤਖ਼ਤ ਹਜ਼ਾਰੇ ਛਿੜੀਆਂ,
ਖੇੜਿਆਂ ਨੂੰ ਹੀਰ ਲੈ ਗਈ। 

ਮਿਰਜ਼ਾ ਸਾਹਿਬਾਂ ਦਾ ਕਿੱਸਾ ਪੀਲੂ ਸਾਹਿਬ ਨੇ ਲਿਖਿਆ ਤਾਂ ਇਹ ਲੋਕ ਕਥਾ ਬਣ ਕੇ ਪੰਜਾਬ ਦੇ ਘਰ ਘਰ ਪਹੁੰਚ ਗਈ। ਇਹ ਕਥਾ ਲੋਕੋਕਤੀ ਦਾ ਰੂਪ ਬਣੀ। ਇਸ ਕਥਾ ਨੇ ਪੰਜਾਬੀ ਸਮਾਜ ਵਿੱਚ ਔਰਤ ਮਰਦ ਦੇ ਸੰਬੰਧ ਵਿੱਚ ਕਈ ਚੰਗੇ ਮਾੜੇ ਬਿੰਬ ਉਸਾਰੇ। ਇਸ ਕਥਾ ਨੂੰ ਲੈ ਕੇ ਤਾਹਿਰਾ ਨੇ ਆਪਣੇ ਅੰਦਾਜ਼ ਵਿੱਚ ਟਿੱਪਣੀ ਕੀਤੀਆਂ। ਉਸ ਨੇ ਔਰਤ ਹੋਣ ਦਾ ਫਾਇਦਾ ਉਠਾ ਕੇ ਨਾ ਤਾਂ ਸਾਹਿਬਾਂ ਦੇ ਕਰਮ ਨੂੰ ਬਖਸ਼ਿਆ ਅਤੇ ਨਾ ਉਸਦੇ ਭਰਾਵਾਂ ਨੂੰ। ‘ਔਨਰ ਕਿਲਿੰਗ’ ਤੇ ਵੱਡੀ ਚੋਟ ਕੀਤੀ ਹੈ।  

ਜਾਹ ਨੀ ਪਿੱਛਲ ਪੈਰੀਏ ਸਾਹਿਬਾਂ ! ਮਾਣ ਵਧਾਇਆ ਵੀਰਾਂ ਦਾ
ਮੈਂ ਖ਼ਮਿਆਜ਼ਾ ਭੁਗਤ ਰਹੀ ਆਂ  ਤੇਰੇ ਤੋੜੇ ਤੀਰਾਂ ਦਾ।
ਮਿਰਜ਼ੇ ਨੂੰ ਤੇ ਇਸ਼ਕ ਸਲਾਮਤ ਰੱਖੇਗਾ,
ਸਾਹਿਬਾਂ ! ਤੇਰੇ ਵੀਰਾਂ ਹੱਥ ਕੀ ਆਇਆ ?   ਸ਼ੀਸ਼ਾ ਸਫਾ 25 

ਧੀਆਂ ਪੁੱਤਰਾਂ ਵਿਚਕਾਰ ਫਰਕ ਤੇ ਵਿਤਕਰਾ ਸਾਡੇ ਸਮਾਜ ਵਿੱਚ ਸਦੀਆਂ ਤੋਂ ਸਹਿਜ ਰੂਪ ਵਿੱਚ ਘਰ ਕਰਕੇ ਬੈਠਾ ਹੋਇਆ ਹੈ।  ਮੁੰਡਾ ਜੰਮੇਂ ਤਾਂ ਖੁਸ਼ੀਆਂ ਲੋਹੜੀਆਂ ਤੇ ਹੋਰ ਕਈ ਕੁੱਝ।  ਭਾਵੇਂ ਹੁਣ ਬਦਲਾਅ ਆ ਰਿਹਾ ਪਰ ਅਜੇ ਵੀ ਕੁੜੀਆਂ ਜੰਮਣ ਤੇ ਉਹ ਖੁਸ਼ੀ ਨਹੀਂ ਮਨਾਈ ਜਾਂਦੀ। ਕਈ ਇਲਾਕਿਆਂ ਅਤੇ ਦੇਸ਼ਾਂ ਵਿੱਚ ਅਜੇ ਵੀ ਪੁਰਾਤਨ ਹਾਲਾਤ ਬਣੇ ਹੋਏ ਹਨ। ਕੁੜੀਆਂ ਦੇ ਪੜ੍ਹਾਈ ਤੇ ਵੀ ਪ੍ਰਸ਼ਨ ਚਿੰਨ੍ਹ ਲੱਗਾਏ ਜਾਂਦੇ ਹਨ। ਪੁੱਤਰਾਂ ਦਾ ਹੋਣਾ ਹੀ ਵਡਿਆਈ ਮੰਨੀ ਜਾਂਦੀ ਰਹੀ ਹੈ। ਉਸਦਾ ਮੰਨਣਾ ਕੀ ਕੁੜੀਆਂ ਮੁੰਡਿਆ ਬਰਾਬਰ ਅਧਿਕਾਰ ਨਾ ਮਿਲਣ ਦਾ ਕਾਰਣ ਸਾਡੇ ਘਰਾਂ ਸ਼ੁਰੂ ਹੁੰਦਾ ਹੈ। ਮਾਂ ਬਾਪ ਵੀ ਇਹ ਵਿਤਕਰਾ ਕਰਦੇ ਹਨ।

 ਸਾਡਾ ਜੰਮਣਾ ਮਰਨ ਤੋਂ ਔਖਾ, ਕੁਖ ਵਿੱਚ ਚਾਅ ਮੁਕ ਗਏ    ਸ਼ੀਸ਼ਾ ਸਫਾ 108

ਅਜੇ ਅੱਖ ਨਹੀਂ ਸੀ ਦੁਨੀਆਂ ਤੇ ਖੁੱਲ੍ਹੀ, ਮਾਪਿਆਂ ਦੇ ਸਿਰ ਝੁਕ ਗਏ
ਧੀ ਲੇਖਾਂ ਦੇ ਹਵਾਲੇ ਕਰਕੇ, ਪੁੱਤਰਾਂ ਤੇ ਮਾਣ ਬਾਬਲਾ       ਸ਼ੀਸ਼ਾ ਸਫਾ 112

2012 ਵਿੱਚ ਨਾਲ ਉਹ ਵਾਪਰਿਆ ਜੋ ਕੋਈ ਔਰਤ ਨਹੀਂ ਚਾਹੁੰਦੀ ਉਸ ਨਾਲ ਹੋਵੇ। ਉਸਦਾ ਵਿੱਚ ਤਲਾਕ ਹੋ ਗਿਆ। ਪਰ ਉਸ ਨੇ ਦਿਲ ਨਹੀਂ ਛਡਿਆ ਤੇ ਹੋਰ ਅੰਦਰੂੰਨੀ ਤਾਕਤ ਇੱਕਠੀ ਕੀਤੀ ਤੇ ਸਫਰ ਤੇ ਤੁਰ ਪਈ। ਉਸਦੀ ਸ਼ਾਇਰੀ ਨੇ ਵੀ ਨਵੇਂ ਮੋੜ ਕੱਟੇ।  ਉਹ ਆਪਣੇ ਦੁੱਖ ਭੁੱਲ ਕੇ ਹੋਰ ਔਰਤਾਂ ਦੇ ਦੁੱਖ ਦਾ ਵੰਡਾਉਣ ਲਈ ਚਲ ਪਈ।  ਉਸਨੇ “ਤ੍ਰਿੰਝਣ” ਨਾਂ ਦੀ ਇਕ ਸੰਸਥਾ ਵੀ ਬਣਾਈ, ਜਿਸ ਵਿੱਚ ਉਹ ਪੀੜ੍ਹਤ ਔਰਤਾਂ ਦੀ ਮਦਦ ਕਰਨ ਲਈ ਤਤਪਰ ਰਹਿੰਦੀ ਹੈ।  ਸੁਖਨ ਜਿਹਨਾਂ ਦਾ ਦਾਰੂ ਹੋਵੇ, ਵਿੱਚ ਲਿਖਦੀ ਹੈ,

ਅੱਖਾਂ ਤੇ ਲਾਲ ਪੱਟੀ ਬੱਝੀ ਤੇ ਆਪਣੇ ਹਾਸੇ, ਹੰਝੂ, ਚੀਕਾਂ ਸ਼ਾਇਰੀ ਦੱਬਣ ਲੱਗ ਪਈ।:”  ਸ਼ੀਸ਼ਾ ਸਫਾ 11.  

ਉਸਦੀ ਇਕ ਕਵਿਤਾ ਹੈ, “ਅਨਿਆਂ” ਜਿਸ ਨੂੰ ਉਹ ਔਰਤ ਦਾ ਮੁਕੱਦਮਾ ਕਹਿੰਦੀ ਹੈ, ਦੇ ਕੁੱਝ ਅੰਸ਼ ਦਰਜ਼ ਹਨ: 

ਨੌਂ ਮਹੀਨੇ ਕੁੱਖੇ ਰੱਖਾਂ।
ਮੌਤ ਦੇ ਮੂੰਹਚੋਂ ਮੁੜ ਕੇ ਜੰਮਾਂ।
ਰੱਤ ਚੁੰਘਾ ਕੇ ਪਾਲਾਂ ਪੋਸਾਂ।
ਵਲਦੀਅਤ ਦੇ ਖ਼ਾਨੇ ਦੇ ਵਿੱਚ
ਉਹਦਾ ਨਾਂ।
ਕਿਹੜਾ ਮੇਰਾ ਕਰੇ ਨਿਆਂ?
ਸੋਹਣਿਆ ਰੱਬਾ
ਡਾਢਿਆ ਰੱਬਾ
ਉਹਦਿਆ ਰੱਬਾ।

ਦੋ ਸੰਸਾਰ ਯੁੱਧ ਲੜ ਕੇ ਤਬਾਹੀ ਦੇ ਵੱਡੇ ਮੰਜ਼ਰ ਵੇਖ ਚੁੱਕੇ ਹਾਂ । ਸਾਇੰਸ ਨੇ ਮਨੁੱਖ ਲਈ ਸਹੂਲੀਅਤ ਪੈਦਾ ਕੀਤੀ ਤਾਂ ਤਬਾਹੀ ਦਾ ਸਮਾਨ ਤਿਆਰ ਕਰਕੇ ਮਾਨਵਤਾ, ਕੁਦਰਤ, ਪੌਣਪਾਣੀ ਅਤੇ  ਵਾਤਾਵਰਣ ਦਾ ਘਾਣ ਵੀ ਕੀਤਾ ਹੈ। ਉਸਾਰੂ ਖੋਜਾਂ ਦੇ ਨਾਲ ਨਾਲ ਨਾਕਾਰਾਤਮਕ ਪ੍ਰਯੋਗ ਵੀ ਕਰ ਰਿਹਾ ਹੈ। ਐਟਮ ਦੀ ਖੋਜ ਤਾਂ ਉਸਾਰੂ ਕਾਰਜਾਂ ਵਿੱਚ ਵਰਤਣ ਵਾਸਤੇ ਹੋਈ। ਪਰ ਵਕਤ ਦੇ ਹਾਕਮਾਂ ਨੇ ਸਿਆਣੇ ਲੋਕਾਂ ਨੂੰ ਅਨਾ ਦੁਖੀ ਕਰ ਦਿੱਤਾ ਕਿ ਪਰਮਾਣੂ ਦਾ ਪ੍ਰਯੋਗ ਬੰਦੇ ਨੇ ਬੰਦੇ ਅਤੇ ਕੁਦਰਤੀ ਖਜ਼ਾਨਿਆਂ ਦੀ ਤਬਾਹੀ ਕਰਨ ਵਿੱਚ ਕਰ ਦਿੱਤਾ । ਹੀਰੋ ਸ਼ੀਮਾ ਨਾਗਾਸਾਕੀ ਇਸ ਦੀ ਗਵਾਹੀ ਭਰਦੇ ਹਨ । ਆਪਣੀ ਸੁਰਤੀ ਬਿਰਤੀ ਤੋਂ ਬਾਹਰ ਹੋਇਆ ਬੰਦਾ ਹੀ ਖਤਰਨਾਕ ਬਣਦਾ ਹੈ:  

ਸਮਝਾਂ ਵਾਲੇ ਚੁੱਪ ਬੈਠੇ ਨੇ, ਬੇਸਮਝਾਂ ਤੋਂ ਡਰ ਲਗਦਾ
ਹੀਰੋਸ਼ੀਮਾ ਨਾਗਾਸਾਕੀ, ਹੁਣ ਸਾਇੰਸਾਂ ਤੋਂ ਡਰ ਲਗਦਾ                  ਸ਼ੀਸ਼ਾ ਸਫਾ 68

ਇਸ ਦੇ ਬਾਵਜੂਦ ਵੀ ਭਾਰਤ ਤੇ ਪਾਕਿਸਤਾਨ ਦੋਨੋਂ ਮੁਲਕ ਪਰਮਾਣੂ ਬੰਬ ਬਣਾਉਣ ਦੀ ਸ਼ਕਤੀ ਰਖਦੇ ਹਨ ਜਦ ਕਿ ਲੱਖਾਂ ਲੋਕਾਂ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਊਂਦੇ ਹਨ।  ਰੂਸ ਤੇ ਯੁਕਰੇਨ ਦੋ ਭਰਾਵਾਂ ਵਰਗੇ ਗਵਾਂਢੀ ਮੁਲਕਾਂ ਵਿੱਚ ਲੜਾਈ ਚਲਦਿਆਂ ਇਕ ਸਾਲ ਤੋਂ ਉਪਰ ਹੋ ਗਿਆ ਹੈ। ਲੱਖਾਂ ਫੌਜੀ ਤੇ ਆਮ ਲੋਕ ਮਰ ਚੁੱਕੇ ਹਨ। ਅਰਬਾਂ ਦਾ ਨੁਕਸਾਨ ਹੋ ਚੁਕਾ ਹੈ ਪਰ ਰਾਜਨੀਤਕਾਂ ਦੀ ਹਾਉਂਮੈਂ ਅਜੇ ਠੰਢੀ ਨਹੀਂ ਹੋਈ।  ਤਾਹਿਰਾ ਦਾ ਮੰਨਣਾ ਹੈ ਕਿ ਸੰਸਾਰ ਵਿੱਚ ਤੇ ਖਾਸ ਕਰਕੇ ਸਾਡੇ ਦੋਹਾਂ ਮੁਲਕਾਂ ਭਾਰਤ ਪਾਕਿਸਤਾਨ ਵਿੱਚ ਸ਼ਾਂਤੀ ਰੱਖਣ ਇਕੋ ਇਕ ਗੁਰਮੰਤਰ ਹੈ ਤਾਂ ਸਾਨੂੰ ਆਪਣੇ ਸ਼ਾਇਰਾਂ ਗੁਰੂਆਂ, ਪੀਰਾਂ, ਸੂਫੀਆਂ ਦਾ ਸਾਹਿਤ ਲੋਕਾਂ ਨੂੰ ਪੜਾਉਣਾ ਚਾਹੀਦਾ ਹੈ। ਉਸਦਾ ਸੁਨੇਹਾ ਹੈ:

ਬੁੱਲਾ ਵਾਰਿਸ ਫ਼ਰੀਦ ਪੜ੍ਹਾਉ,
ਧਮਾਕਿਆਂ ਤੋਂ ਜਾਨ ਛੁੱਟ ਜਾਏ।      ਸ਼ੀਸ਼ਾ ਸਫਾ 101

ਸੁਲੱਖਣ ਸਰਹੱਦੀ ਹੋਰਾਂ ਦੇ ਵਿਚਾਰ ਨਾਲ ਸਹਿਮਤ ਹਾਂ ਕਿ, “ਭਾਵੇਂ ਤਾਹਿਰਾ ਵਰਗੀ ਲੋਕ ਸ਼ਾਇਰੀ ਪਾਕਿਸਤਾਨ ਦੀ ਗ਼ਜ਼ਲ ਦਾ ਲੋਕ-ਰੰਗ ਆਮ ਹੈ, ਪਰ ਤਾਹਿਰਾ ਨੇ ਇਸ ਅੰਦਾਜ਼ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ ਹੈ।“  ਤਾਹਿਰਾ ਸਰਾ ਬਹੁਤ ਸਹਿਜ ਵਿੱਚ ਲਿਖਦੀ ਹੈ। ਬੜੇ ਠਰੰਮੇ ਨਾਲ ਬੋਲਦੀ ਹੈ। ਬਲਦਿਆਂ ਉਸ ਦੇ ਸੁਰ ਉਚੀ ਨਹੀਂ ਹੁੰਦੇ ਬਲਕਿ ਉਹ ਵੱਡੀ ਗੱਲ ਵੀ ਸਹਿਜ ਸੁਭਾਅ ਕਹਿ ਜਾਂਦੀ ਹੈ।  ਉਸਦਾ ਮੰਨਣਾ ਹੈ ਕਿ, “ਗ਼ਜ਼ਲ ਕਵਿਤਾ ਕਹਿੰਦੀ ਤਾਂ ਕੋਈ ਉਚੇਚ ਨਹੀਂ ਕਰਦੀ। ਮੇਰੇ  ਕਾਫ਼ੀਆ ਰਦੀਫ਼ ਸਹਿਜ ਵਿੱਚੋਂ ਉਪਜਦੇ ਹਨ। ਕਿਸੇ ਰਾਜ ਮਿਸਤਰੀ ਵਾਂਗ ਘੜਦੀ ਨਹੀਂ ਆਂ। ਆਪਣੀ ਲਿਖਤਾਂ ਬਾਰੇ ਟਿੱਪਣੀ ਕਰਦੀ ਹੈ। ਉਸ ਦਾ ਕਹਿਣਾ ਕਿ ਸ਼ਾਇਰ ਦੀ ਸੋਚ  ਤੇ ਉਸਦੀ ਪੇਸ਼ਕਾਰੀ ਵਿੱਚ ਵੀ ਜਾਨ ਹੋਣੀ ਉਚੀ ਹੋਣੀ ਚਾਹੀਦੀ ਹੈ ਤਾਂ ਕਵਿਤਾ ਅਸਰ ਕਰਦੀ ਹੈ:

ਜਦ ਵੀ ਪੀੜਾਂ ਬੋਲੀਆਂ।
ਗ਼ਜ਼ਲਾਂ ਨਜ਼ਮਾਂ ਬੋਲੀਆਂ।
ਖ਼ਤ ਖੋਲ੍ਹਾਂਗੀ ਕੱਠਿਆਂ ਕਰਕੇ ਰੱਖ ਦਾਂ ਗੀ।
ਮੈਂ ਯਾਦਾਂ ਨੂੰ ਯਾਦਾਂ ਕਰਕੇ ਰੱਖ ਦਾਂ ਗੀ
ਉਹਨੇ  ਜਿਹੜੇ ਗੁੱਸੇ ਦੇ  ਵਿੱਚ ਕੀਤੇ ਨੇ,
ਸਾਰੇ ਮੈਸਿਜ਼ ਨਜ਼ਮਾਂ ਕਰਕੇ ਰੱਖ ਦਾਂ ਗੀ               ਸ਼ੀਸ਼ਾ ਸਫਾ 28

ਜਿੰਨਾ ਚਿਰ ਕੋਈ ਸੋਚ ਦਾ ਮਹਿਵਰ ਨਹੀਂ ਹੁੰਦਾ
ਮਿਸਰਾ ਕਿ , ਇੱਕ  ਵੀ  ਅੱਖਰ  ਨਹੀਂ  ਹੁੰਦਾ

ਉਸਦੀਆਂ ਬੋਲੀਆਂ ਕਮਾਲ ਦੀਆਂ ਹਨ। ਬਿਲਕੁਲ ਆਮ ਬੋਲ ਚਾਲ ਵਿੱਚ ਲਗਦੀਆਂ ਹਨ ਪਰ ਉੱਚ ਪੱਧਰ ਦੇ ਵਿਚਾਰ, ਸਮਾਜ ਤੇ ਚੋਟ, ਵਿਅੰਗ, ਕਟਾਖਸ਼, ਚੰਚਲਤਾ, ਜਵਾਨੀ ਦੇ ਰੰਗ, ਮੁਹੱਬਤ, ਮੋਹ, ਪਿਆਰ, ਵੈਰਾਗ , ਦਰਦ  ਵਿਛੋੜਾ ਨਵੀਨ ਸ਼ੈਲੀ ਵਿੱਚ ਲਿਖੀਆਂ ਹਨ। ਉਸਦੀ ਬੋਲੀਆਂ ਦੀ ਕਿਤਾਬ ਦਾ ਨਾਂ ‘ਬੋਲਦੀ ਮਿੱਟੀ” ਹੈ। ਬਹੁਤ ਸਾਰੇ ਟੱਪੇ “ਸ਼ੀਸ਼ਾ” ਪੁਸਤਕ ਦੇ ਅੰਤ ਵਿੱਚ  ਸ਼ੀਸ਼ਾ ਸਫਾ 98 ਤੋਂ 112 ਤੱਕ ਦਰਜ ਹਨ। ਤਾਹਿਰਾ ਨੇ ਉਸ ਮੁਹਾਵਰੇ “ ਜਾਤ ਦੀ ਕੋਹੜ ਕਿਰਲੀ ਛਤੀਰਾਂ ਨੂੰ ਜੱਫੇ” ਦੇ ਨਵੇਂ ਉਸਾਰੇ ਅਰਥ  ਸਿਰਜ ਕੇ ਔਰਤ ਨੂੰ  ਹਿੰਮਤ ਤੇ ਤਾਕਤਵਰ ਹੋਣ ਲਈ ਵੰਗਾਰਿਆ ਹੈ ਤੇ ਮਰਦਾਂ ਨੂੰ ਲਲਕਾਰਿਆ ਹੈ। 

ਚੁੱਕ ਕੇ ਛਤੀਰ ਵਿਖਾਈਏ, ਨੀ ਜ਼ਾਤ ਦੀਏ ਕੋੜ੍ਹ ਕਿਰਲੀਏ         ਸ਼ੀਸ਼ਾ ਸਫਾ 112 

ਸਾਨੂੰ  ਚੁੱਪ  ਦੇ ਤਵੀਤ ਦੀ ਗੁੜ੍ਹਤੀ, ਅੱਖਾਂ ਉੱਤੇ ਲਾਲ ਪੱਟੀਆਂ
ਸਾਡੇ ਚਾਰ ਚੁਫ਼ੇਰੇ  ਕਿਬਲੇ, ਕਿਹੜੇ ਪਾਸੇ ਮੂੰਹ ਕਰੀਏ
ਕੱਲ੍ਹ ਵਾਲਾਂ ਵਿੱਚ  ਹੱਥ ਸੀ ਜੋ ਫੇਰਦੇਅੱਜ ਮੇਰੀ ਗੁੱਤ ਵੱਢ ਗਏ
ਨੀ ਮੈਂ ਭੱਖੜੇ ਦਾ ਸੂਟ ਸਿੰਵਾਇਆ, ਸ਼ਰੀਕੜੇ ਦੀ ਅੱਖ ਪਾਟ ਗਈ
 

ਹੁਣੇ ਹੀ ਅੰਤਰ-ਰਾਸ਼ਟਰੀ ਵੋਮਨ ਡੇ ਲੰਘਿਆ ਮਦਰ ਡੇ ਆਉਣ ਵਾਲਾ ਹੈ।  ਜੋ ਲੋਕ ਔਰਤ ਨਾਲ ਖੜੇ ਰਹਿਣਗੇ, ਕੁੱਝ ਪ੍ਰਾਪਤ ਕਰਨਗੇ ਵਰਨਾ ਤਾਹਿਰਾ ਨੇ ਕਹਿ ਦਿੱਤਾ ਹੈ:

ਕੀਤੀ ਤੇ ਪਛਤਾਵੇਂਗਾ, ਸਾਰੀ ਦਨੀਆਂ ਤਾਹਿਰਾ ਨਹੀਂ     ਸ਼ੀਸ਼ਾ  ਸਫਾ 67 

ਮੇਰੇ ਨਾਲ ਗੱਲਬਾਤ ਕਰਦਿਆਂ ਉਸ ਨੇ ਖੁਸ਼ੀ ਜਾਹਿਰ ਕੀਤੀ ਕਿ ਕੇਨੇਡਾ ਵਿੱਚ ਲੋਕ ਪੰਜਾਬੀ ਪ੍ਰਤੀ ਸੁਚੇਤ ਨੇ। ਲੋਕ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਗੁਰਦੁਆਰੇ ਲੈ ਕੇ ਜਾਂਦੇ ਹਨ। ਉਹ ਵੀ ਪਾਕਿਸਤਾਨ ਵਿੱਚ ਪੰਜਾਬੀ ਲਈ ਜਿਦੋ ਜ਼ਾਹਿਦ ਕਰ ਰਹੇ ਹਨ। ਉਸਨੂੰ ਨੂੰ 31ਵੀਂ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਲਾਹੌਰ ਵਿੱਚ 20 ਮਾਰਚ 2022 ਨੂੰ “ਸ਼ਾਹ ਚਮਨ ਯਾਦਗਾਰੀ ਪੁਰਸਕਾਰ 2021” ਵਿੱਚ ਦਿੱਤਾ ਗਿਆ। ਅਮਰੀਕਾ ਵਿਚ ਸ਼ਿਵ ਕੁਮਾਰ ਬਟਾਲਵੀ ਅਵਾਰਡ 2022, ਕੈਨੇਡਾ ਅੰਮ੍ਰਿਤਾ ਪ੍ਰੀਤਮ ਅਵਾਰਡ, ਇੰਗਲੈਂਡ ਵਿੱਚ ਸ਼ੇਰ-ਏ-ਪੰਜਾਬ ਅਵਾਰਡ ਨਾਲ ਵੱਖ ਵੱਖ ਸੰਸਥਾਵਾਂ ਵਲੋਂ ਉਹਨਾਂ ਨੂੰ ਸਨਮਾਨਿਆ ਗਿਆ। 

ਉਸਦਾ ਮੰਨਣਾ ਕਿ ਆਪਣੇ ਪੈਡੇ ਨਹੀਂ ਮਿਣਦੀ ਬਹੁਤ ਅਗੇਰੇ ਜਾਣਾ ਹੈ ਉਸ ਲਈ ਦੁਆ ਕਰਦਾ ਹਾਂ ਕਿ ਉਹ ਆਪਣੀ ਮੰਜ਼ਲ ਵੱਲ ਹੋਰ ਅਗੇਰੇ ਵਧੇ।

ਤਾਹਿਰਾ ਮੈਨੂੰ ਤਾਂਘ ਏ ਮੇਰੀ ਮੰਜ਼ਿਲ ਦੀ
ਮੈਂ ਕਿਉਂ ਵੇਖਾਂ ਕਿੰਨਾ ਪੈਂਡਾ ਹੋਇਆ ਏ।
                 ਸ਼ੀਸ਼ਾ ਸਫਾ 36

ਉਸ ਲਈ ਦੁਆ ਕਰਦਾ ਹਾਂ ਕਿ ਉਹ ਆਪਣੀ ਮੰਜ਼ਲ ਵੱਲ ਹੋਰ ਅਗੇਰੇ ਵਧੇ ।
***

ਪਿਆਰਾ ਸਿੰਘ ਕੁੱਦੋਵਾਲ  pskudowal@yahoo.com

ਸ਼ੀਸ਼ਾ – ਤਾਹਿਰਾ ਸਰਾ
ਵਿਕੀਪੀਡੀਆ
ਪੰਜਾਬੀ ਕਵਿਤਾ
ਵਿਯਅਨ ਆਫ ਪੰਜਾਬ ਇਕਬਾਲ ਮਾਹਲ ਨਾਲ ਇੰਟਰਵਿਊ -2022  ਯੂ ਟਿਊਬ
ਜਸਪਾਲ ਘਈ – ਯੂ ਟਿਊਬ ਟਿੱਪਣੀ
ਲੋਕ-ਗੀਤਾਂ ਦੇ ਮੁਖੜਿਆਂ ਵਰਗੀ ਸ਼ਿਅਰਕਾਰੀ -ਸੁਲੱਖਣ ਸਰਹੱਦੀ – ਪੰਜਾਬੀ ਟ੍ਰਿਬਿਊਨ 14 ਜੂਨ 2020 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1124
***

About the author

ਪਿਆਰਾ ਸਿੰਘ ਕੁੱਦੋਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿਆਰਾ ਸਿੰਘ ਕੁੱਦੋਵਾਲ

View all posts by ਪਿਆਰਾ ਸਿੰਘ ਕੁੱਦੋਵਾਲ →