25 April 2024

‘ਇਕ ਚੂੰਢੀ ਆਸਮਾਨ’- ਨਵੇਂ ਮੁਹਾਵਰੇ ਦੀ ਕਵਿਤਾ–ਸ਼ਾਇਰਾ: ਗਗਨ ਮੀਤ— ਪਿਆਰਾ ਸਿੰਘ ਕੁੱਦੋਵਾਲ

ਕਵਿਤਾ ਲਿਖਤ ਦਾ ਉਹ ਟੁੱਕੜਾ ਹੁੰਦੀ ਹੈ ਜਿਸ ਵਿੱਚ ਭਾਵਨਾਵਾਂ, ਵਿਚਾਰ ਜਾਂ ਕਹਾਣੀ ਦੀ ਸਾਂਝ ਪਾਉਣ ਲਈ, ਬਿੰਬ, ਪ੍ਰਤੀਕ ਅਤੇ ਸ਼ਬਦ ਸਮੂਹ ਨੂੰ ਕਲਪਨਾ ਦੀ ਪੁੱਠ ਦੇ ਕੇ, ਇਸ ਤਰ੍ਹਾਂ ਵਰਤਿਆਂ ਜਾਦਾ ਹੈ, ਕਿ ਉਸ ਨੂੰ ਜਦੋਂ ਪੜ੍ਹਿਆ ਜਾਵੇ ਜਾਂ ਉੱਚੀ ਪੜ੍ਹਿਆ ਜਾਵੇ ਤਾਂ ਪੜ੍ਹਨ ਸੁਣਨ ਵਿੱਚ ਪਾਠਕ ਜਾਂ ਸਰੋਤੇ ਨੂੰ ਚੰਗੀ ਚੰਗੀ ਲੱਗੇ। ਇਕ ਚੂੰਢੀ ਅਸਮਾਨ ਦਾ ਸਮਰਪਣ ਤੇ ਇਸ ਵਿਚਲੀ ਕਵਿਤਾ ਪਾਠਕ ਨੂੰ ਕੀਲ ਲੈਂਦੀ ਹੈ। ਪੜ੍ਹਨ ਅਤੇ ਸੁਣਨ ਦੋਵੇਂ ਰੂਪਾਂ ਵਿੱਚ ਚੰਗੀ ਚੰਗੀ ਲਗਦੀ ਹੈ।

ਕੁੱਝ ਰੂਹਾਂ ਦਾ ਆਦਿ ਐ ਭਟਕਣ
ਕੁੱਝ ਰੂਹਾਂ ਦਾ ਅੰਤ ਹੈ ਭਟਕਣ ……..

ਗਗਨ ਮੀਤ ਦੀ ਕਵਿਤਾ ‘ਕੁਦਰਤ ਦੇ ਕਣ-ਕਣ ਵਿੱਚ ਸਮੋਈ ਮਮਤਾ’ ਨੂੰ ਸਮਰਪਿਤ ਹੈ। ਸ਼ਾਇਰਾ ਗਗਨ ਮੀਤ ਨੇ ਸਾਰੀ ਕੁਦਰਤ ਨੂੰ ਹੀ ਮਮਤਾ ਦੀ ਮੂਰਤ ਬਣਾ ਦਿੱਤਾ ਹੈ। ਕੁਦਰਤ ਦਾ ਐਡਾ ਵਿਸ਼ਾਲ ਮੋਹ ਭਰਿਆ ਰੂਪ, ਉਸਦੀ ਹਰਿਆਲੀ, ਸੁਗੰਧ, ਖੇੜਾ, ਰੁੱਖ, ਟਾਹਣੀਆਂ, ਪੱਤੇ, ਫੁੱਲ ਫਲ, ਨਦੀਆਂ ਨਾਲੇ, ਦਰਿਆ ਸਮੁੰਦਰ, ਨੀਲਾ ਅਕਾਸ਼, ਜੀਵ ਜੰਤੂ, ਜਾਨਵਰ ਅਤੇ ਸੁੰਦਰ ਪੰਛੀ ਕਿਸੇ ਨ ਕਿਸੇ ਰੂਪ ਵਿੱਚ ਕੁਦਰਤ ਦੀ ਅਨੰਦ ਮਈ ਗੋਦ ਵਿੱਚ ਖੇਡਦੇ, ਮਮਤਾ ਦਾ ਹੀ ਹੁਸੀਨ ਮੋਹ ਭਿੱਜਾ ਰੂਪ ਬਣ ਜਾਂਦੇ ਹਨ। ਕੁਦਰਤ ਦੇ ਮੋਹ ਨੂੰ ਵੇਖਣ, ਪਹਿਚਾਨਣ, ਜਾਨਣ ਤੇ ਮਾਨਣ ਲਈ ਅੰਤਰੀਵ ਖਿੱਚ ਪੈਦਾ ਕਰਨ ਦੀ ਲੋੜ ਹੈ। ਕੁਦਰਤ ਦੀ ਇਸ ਬਹੁ ਰੂਪੀ ਰੰਗਤ ਨੂੰ ਅਲੱਗ ਅਲੱਗ ਕੋਨਿਆਂ ਅਤੇ ਦ੍ਰਿਸ਼ਟੀਕੋਣਾਂ ਤੋਂ ਪੇਸ਼ ਕਰਦਿਆਂ, ਉਸਨੇ, ਨਾ ਸਿਰਫ਼ ਮੁਹੱਬਤ ਤੇ ਪਿਆਰ ਨੂੰ ਨਿੱਜ ਤੋਂ ਪਾਰ ਜਾਕੇ ਪੇਸ਼ ਕੀਤਾ ਹੈ ਬਲਕਿ ਚੌਗਿਰਦੇ ਵਿੱਚ ਵਾਪਰਦਾ ਸਮਾਜਕ ਅਨਾਚਾਰ, ਅਨਾਦਰ, ਬੇਬਸ ਮਾਸੂਮਾਂ ਤੇ ਹੋਏ ਘਿਨਾਉਣੇ ਜ਼ੁਰਮ, ਬਲਾਤਕਾਰ, ਮਾਂਵਾਂ ਦਾ ਲਗਾਤਾਰ ਚਲਦਾ ਅਵਾਕ ਸੰਘਰਸ਼, ਬੱਚਿਆਂ ਦਾ ਨਸ਼ਿਆਂ ਅਤੇ ਨੈੱਟ ਦੀ ਅੰਨ੍ਹੀ ਤਾਕਤ ਨਾਲ ਖੁਰਦਾ ਜਾਂਦਾ ਬਚਪਨ ਅਤੇ ਗਵਾਂਢੀ ਮੁਲਕਾਂ ਨਾਲ ਜੰਗ ਵਰਗੇ ਵਿਸ਼ਿਆਂ ਨੂੰ ਵੀ ਦਰਸਾਇਆ ਹੈ। ਉਸਦੀ ਕਵਿਤਾ ਬਹੁਤ ਹੀ ਸੰਖੇਪ ਪਰ ਭਾਵਪੂਰਤ ਅਤੇ ਸਮਾਜਮੂਲਕ ਚੇਤਨਾ ਨਾਲ ਭਰਪੂਰ ਹੈ।

ਉਸਦੀ ਸ਼ੈਲੀ ਅਣਛੋਹੇ ਨਵੀਨ ਬਿੰਬ ਸਿਰਜਦੀ ਹੈ ਅਤੇ ਜ਼ੋਰਦਾਰ ਭਾਸ਼ਾਈ ਯੁਗਤਾਂ ਨੂੰ ਕਾਵਿਕ ਅੰਦਾਜ਼ ਵਿੱਚ ਨਿਰੂਪਣ ਕਰਦੀ ਹੈ। ਵਧੀਆ ਕਵਿਤਾ ਦੀ ਪ੍ਰੀਭਾਸ਼ਾ ਇਹ ਹੁੰਦੀ ਹੈ, ‘ਭਾਸ਼ਾ ਨੂੰ ਇਕ ਵੱਖਰੇ ਅੰਦਾਜ਼ ਨਾਲ ਲਿਖਣਾ ਜਾਂ ਵਰਤਣਾ ਇਕ ਵਧੀਆ ਕਵਿਤਾ ਹੁੰਦੀ ਹੈ।’ ਗਗਨ ਮੀਤ ਦੀ ਕਵਿਤਾ ਇਸ ਯੁਗਤ ਨਾਲ ਨੱਕੋ-ਨੱਕ ਭਰੀ ਪਈ ਹੈ:

“ਤਣੀਆਂ ਨਸਾਂ ‘ਚ
ਮੈਂ ਤਿਨਕੇ ਟਿਕਾਉਂਦੀ
ਬਾਲਕੋਨੀ ‘ਚ ਖਲੋ
ਮੌਸਮ ਦੀ ਬੇਰੁਖੀ
ਖਤਮ ਹੋਣ ਲਈ
ਅਰਦਾਸ ਕਰਦੀ।” ਪੰਨਾ 25 ਅਰਜੋਈ

ਖ਼ਲਾਅ ਵਿਚਲੇ
ਮੌਨ ਅੱਖਰਾਂ ਨੂੰ 
ਪੜ੍ਹੀਏ ਪੰਨਾ 40 ਮੌਨ

ਮਟਕਦਿਆਂ
ਜਦ ਉਸ
ਸੁਨਿਹਰੀ ਲਿਬਾਸ ਝਾੜਿਆ
ਲੱਖਾਂ ਹੀ ਜੁਗਨੂੰ,  
ਹਫਦੇ ….ਤੜਫਦੇ
ਉਸਦੇ ਸਾਹਵੇਂ ਵਿਛ ਗਏ
ਉਸਦੀ ਨਦਰ ਲੋਚਦੇ
ਕੁਝ ਦਮ ਤੋੜ ਗਏ
ਕੁਝ ਤੁਰਨਾ ਭੁੱਲ ਗਏ ਪੰਨਾ 54 ਪਰਵਾਸੀ

ਕਿਸਾਨਾਂ ਦੇ
ਬਲਦੇ ਮੱਥਿਆਂ ‘ਤੇ
ਆਮਲੇਟ ਸੇਕ ਪੰਨਾ 70 ਵਾਇਰਸ

ਆ ਵਰਜਿਤ ਫਲ ਚੱਖੀਏ
ਵਰਜਿਤ ਜੋਨ ‘ਚ ਵਿਚਰੀਏ ਪੰਨਾ 38 ਵਰਜਿਤ ਜੋਨ

ਉਸਦੀ ਕਵਿਤਾ ਵਿੱਚਲੀ ਔਰਤ ਚਾਰ ਦੀਵਾਰੀ ਦੀ ਵਲਗਣ ‘ਚੋਂ ਬਾਹਰ ਨਿਕਲ ਕੇ ਦੁਮੇਲ ਛੁਹਣਾ ਚਾਹੁੰਦੀ ਹੈ। ਆਪਣੇ ਹੱਕਾਂ ਅਤੇ ਅਧਿਕਾਰਾਂ ਦੀ ਮੰਗ ਕਰਦੀ ਆਖਦੀ ਹੈ ਕਿ ਉਸਨੂੰ ਕਿਸੇ ਦਾ ਦਿੱਤਾ ਹੋਇਆ ਨਹੀਂ, ਬਲਕਿ ਆਪਣੇ ਹਿੱਸੇ ਦਾ ਅਸਮਾਨ ਚਾਹੀਦਾ ਹੈ। ਉਹ ਅਸਮਾਨ ਭਾਵੇਂ ਚੂੰਢੀ ਭਰ ਹੀ ਹੋਵੇ। ਆਪਣੇ ਹਿੱਸੇ ਦੀ ਥਾਂ ਚਾਹੀਦੀ ਹੈ। ਚਾਹੇ ਉਹ ਕਿੰਨੀ ਵੀ ਛੋਟੀ ਹੋਵੇ ਪਰ ਉਸਦੀ ਆਪਣੀ ਹੋਵੇ। ਉਹ ਗੁਲਾਮ ਸੋਚ ਦੇ ਸੰਗਲ ਕੱਟ ਰਹੀ ਹੈ:

ਤੱਕਣੀਆਂ ਕਰੂੰਬਲਾਂ
ਸੁਣਨੀ ਹੈ
ਪੱਤਿਆਂ ਦੀ
ਸਰਸਰਾਹਟ
ਛੁਹਣਾ ਦੁਮੇਲ ਪੰਨਾ 16 :-ਸਫਰ

ਮੈਂ ਕਰਨੀ ਹੈ ਪਰਿਕਰਮਾ
ਖਲਾਅ ਦੀ
ਬੱਦਲਾਂ ਦੀ ਖਿੜਕੀ ਖੋਲ੍ਹ
ਤੱਕਣਾ ਹੈ
ਤੇਰੇ ਸੰਗ
ਸਾਫ ਨੀਲਾ ਅਸਮਾਨ
ਢੂੰਢਣਾ ਹੈ ਆਪਣੇ ਲਈ
ਅਪਣੇ ਵਰਗਾ
ਇਕ ਚੂੰਢੀ ਅਸਮਾਨ….

ਕਵਿਤਾ ਸਮੇਂ ਦੇ ਹਾਣ ਦੀ ਹੁੰਦੀ ਹੈ ਅਤੇ ਹੋਣੀ ਚਾਹਿਦੀ ਹੈ। ਗਗਨ ਮੀਤ ਦੀ ਕਵਿਤਾ ਉਸਦੇ ਆਸ-ਪਾਸ, ਦੇਸ਼-ਵਿਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਅਸਰ ਕਬੂਲਦੀ ਹੋਈ ਆਪਣੇ ਨਿਵੇਕਲੇ ਢੰਗ ਨਾਲ ਕਾਵਿਕ ਬਿੰਬ ਸਿਰਜਦੀ ਹੈ। ਜੋ ਉਸਦਾ ਸੰਵੇਦਨਸ਼ੀਲ ਅਤੇ ਉਮਦਾ ਲੇਖਕ ਹੋਣ ਦਾ ਸਬੂਤ ਹੈ। ਨਵੀਨ ਬਿੰਬ ਤੇ ਪ੍ਰਤੀਕ ਕਵਿਤਾ ਵਿੱਚ ਸੁਹਜ ਪੈਦਾ ਕਰਦੇ ਹਨ। ਜਿਸ ਕਰਕੇ ਉਸਦੀ ਕਵਿਤਾ ਨੂੰ ਵਾਰ ਵਾਰ ਪੜ੍ਹਨ ਤੇ ਉੱਚੀ ਪੜ੍ਹਨ ਤੇ ਜੀਅ ਕਰਦਾ ਹੈ।

‘ਜੀਵਨ ਜੀਉਣ ਲਈ ਹੈ’ ਦੇ ਵਿਚਾਰ ਨਾਲ ਧੜਕਦੀ ਹੈ ਉਸਦੀ ਕਵਿਤਾ। ਸਫ਼ਰ ਕਵਿਤਾ ਵਿੱਚ ਦੱਸਦੀ ਹੈ ਜ਼ਿੰਦਗੀ ਜੀਊਣ ਲਈ, ਖੁਸ਼ੀ ਗਮੀ ਹੱਸਣ ਖੇਡਣ ਲਈ ਹੈ, ਨਾ ਕਿ ਉਦਾਸੀ ਦੇ ਆਲਮ ਵਿੱਚ ਲਹਿ ਕੇ ਭਗਤ ਬਣ ਕੇ, ਸਥਿਰ ਹੋਣ ਲਈ। ਹਾਂ, ‘ਭਗਤੀ ਕਰੂੰ  ਪਰ ਦੋ ਕੁ ਪਲ’, ਜੋ ਜਾਇਜ਼ ਵੀ ਹੈ! ਜੀਵਨ ਤਾਂ ਸਫ਼ਰ ਹੈ। ਜੋ ਨਿਰੰਤਰ ਚੱਲਦਾ ਹੈ ਤੇ ਮੌਤ ਤੋਂ ਬਾਅਦ ਵੀ ਚੱਲਦਾ ਰਹਿੰਦਾ ਹੈ। ਸਫ਼ਰ ਵਿੱਚ ਕੁੱਝ ਚਿਰ ਅਰਾਮ ਤਾਂ ਕੀਤਾ ਜਾ ਸਕਦਾ ਹੈ ਪਰ ਉਸਨੂੰ ਰੋਕਿਆ ਨਹੀਂ ਜਾ ਸਕਦਾ:

ਸੂਰਜ ਦੇ ਚੜ੍ਹਨ ਤੇ ਲਹਿਣ
ਸੰਗ ਖੇਡਣੀ ਹੈ ਲੁਕਣ ਮੀਟੀ
ਇਹ ਸਫਰ ਅੰਤ ਨਹੀਂ
ਮੈਂ ਨਿਰਵਾਣ ਦੇ ਤਲਿਸਮ ਵਿੱਚ
ਗੜੁੱਚ ਭਿਖਣੀ ਨਹੀਂ ਹਾਂ! ਸਫਰ ਪੰਨਾ 16

ਤੁਰਨਾ, ਕਿਸੇ ਵੀ ਸਫ਼ਰ ਦਾ ਸਭ ਤੋਂ ਅਹਿਮ ਹਿੱਸਾ ਹੈ। ਤੁਰਨ ਤੋਂ ਬਿਨ੍ਹਾਂ ਮੰਜ਼ਲ ਤੇ ਨਹੀਂ ਪਹੁੰਚਿਆ ਜਾ ਸਕਦਾ। ਖੜੋਤ ਤਾਂ ਅੰਤ ਹੈ। ਜਿੰਦਗੀ ਦਾ ਸਫਰ ਕਦੇ ਖਤਮ ਨਹੀਂ ਹੁੰਦਾ। ਇਹ ਕਿਸੇ ਨਾ ਕਿਸੇ ਰੂਪ ਵਿੱਚ ਚੱਲਦਾ ਰਹਿੰਦਾ ਹੈ। ਬਿਨਸਣ ਤੋਂ ਪਹਿਲਾਂ ਵਿੱਚ ਇਹ ਸਫਰ ਮੰਜ਼ਿਲ ਵਲ ਵੱਧਦਾ ਵੇਖਿਆ ਜਾ ਸਕਦਾ ਹੈ:

ਮੈਂ ਖੁਦ ਦੀ ਪਰਿਕਰਮਾ ਕਰ
ਰੋਜ਼ ਸਫਰ ਤੇ ਨਿਕਲਾਂਗੀ
ਥੋੜਾ ਥੋੜਾ
ਰਸਤਾ ਤਹਿ ਕਰ
ਪਹੁੰਚ ਜਾਵਾਂਗੀ
ਉਸ ਬਿੰਦੂ ਤੇ
ਜਿਥੇ ਅਹਿਸਾਸਾਂ ਦੀ
ਬੰਜਰ ਧਰਤੀ ਚੋਂ ਵੀ
ਅੰਕੁਰ ਫੁੱਟਣਗੇ — ਪੰ 22

19ਵੀਂ ਸਦੀ ਵਿੱਚ ਹਰਬਰਟ ਸਪੈਂਸਰ ਨੇ ਕਵਿਤਾ ਬਾਰੇ ਕਿਹਾ ਸੀ: ’ ਇਹ ਭਾਵੁਕ ਵਿਚਾਰਾਂ ਨੂੰ ਉੱਤਮ ਢੰਗ ਨਾਲ ਪਰਗਟਾਉਣ ਦੀ ਬੋਲਚਾਲ ਦੀ ਇਕ ਕਿਸਮ ਹੈ।’ (ਕਵਿਤਾ- ਪੰਜਾਬੀ ਪੀਡੀਆ) ਗਗਨ ਮੀਤ ਭਾਵਨਾਵਾਂ ਨੂੰ ਐਸੀਆਂ ਕਾਵਿਕ ਛੋਹਾਂ ਦੇਣ ਵਿੱਚ ਮਾਹਿਰ ਸ਼ਾਇਰਾ ਹੈ। ਕਈ ਵਾਰ ਸੁੱਤੇ ਸਿੱਧ ਹੀ ਭਾਸ਼ਾ ਦਾ ਪ੍ਰਯੋਗ ਕਰਦਿਆਂ, ਉਹ ਦੋ ਵਿਰੋਧੀ ਅਵਾਜ਼ਾਂ ਦਾ ਸਮੇਲ ਕਰਕੇ, ਕਾਵਿਕ ਸੰਵੇਦਨਾ ਦਾ ਉਭਾਰ ਪੈਦਾ ਕਰਦੀ ਹੈ ਜੋ ਉਸਦੇ ਸੂਖਸ਼ਮ ਤੇ ਬੁੱਧੀਮਾਨ ਸੁਭਾਅ ਦੇ ਲਖਾਇਕ ਹੋਣ ਦਾ ਪ੍ਰਤੀਕ ਹੈ। ਮਿਕਸੀ ਦੀ ਕੰਨਾਂ ਨੂੰ ਖਾ ਜਾਣ ਵਾਲੀ ਅਵਾਜ਼ ਦਾ, ਮਧੁਰ ਸੰਗੀਤ ਨਾਲ ਭਲਾ ਕੀ ਮੇਲ ਹੋ ਸਕਦਾ ਹੈ? ਇਹ ਪ੍ਰਸਥਿਤੀ ਜਦ ਗਗਨ ਮੀਤ ਦੇ ਸਨਮੁੱਖ ਹੁੰਦੀ ਹੈ ਤਾਂ ਉਹ ਮੁਸਕਰਾ ਕੇ ਲਿਖ ਸਕਦੀ ਹੈ:

ਮਿਕਸੀ ਦੀ ਗਰੜ ਗਰੜ ਵਿੱਚ
ਸੰਗੀਤ ਸੁਣ
ਮੁਸਕਾਇਆ ਕਰ
ਸ਼ਬਦਾਂ ਦਾ ਚੁੱਲ੍ਹਾ ਬਾਲ ਕੇ …
ਨਵੇਂ ਪਕਵਾਨ ਬਣਾਇਆ ਕਰ
ਮੱਥੇ ਦੇ ਵਿੱਚ ਪੋਚਾ ਲਾਇਆ ਕਰ …. 50 ਪੰਨਾ ਸਲਾਹ

ਦਿਮਾਗ ਦੀ ਕਰੀਜ਼ ਬਿਠਾਇਆ ਕਰ
ਹਾਉਕੇ ਨਿਤਾਰਿਆ ਕਰ …
ਕਈ ਸੜਕਾਂ ਟੂਣੇਹਾਰੀਆਂ ਹੁੰਦੀਆਂ …
ਸੜਕਾਂ ਸੌਦਾਗਰ ਵੀ ਹੁੰਦੀਆਂ …

ਕਲਪਨਾ ਦਾ ਰੁਮਾਂਚਿਕ ਸੰਵਾਦ ਬਹੁਤ ਤਸੱਲੀਬਖਸ਼ ਕਾਵਿ ਬੋਧ ਕਰਵਾਉਂਦਾ ਹੈ। ਐਸੀਆਂ ਤਾਜ਼ਾ ਤੇ ਨਵੀਨ ਸੁਭਾਅ ਦੀਆਂ ਕਾਵਿਕ ਸਤਰਾਂ ਗਗਨ ਮੀਤ ਨੂੰ ਕਾਬਿਲ ਸ਼ਾਇਰਾਂ ਦੀ ਕਤਾਰ ਵਿੱਚ ਖੜਾ ਕਰਦੀਆਂ ਹਨ। ਬਿੰਬ ਵੀ ਵੱਡੇ ਅਰਥਾਂ ਵਿੱਚ ਸਿਰਜੇ ਹਨ, ਇਹ ਕਵਿਤਾ ਅੰਦਰਲੇ ਟਿਕਾਅ ਦੀ ਗੱਲ ਕਰਦੀ ਹੈ। ਇਸ ਕਵਿਤਾ ਵਿੱਚ ਜ਼ਿੰਦਗੀ ਨੂੰ ਭਰਪੂਰ ਜੀਊਣ ਦੀ ਲਾਲਸਾ ਹੈ:

ਫੁੱਲਾਂ ਤੇ ਸੂਰਜ ਦਾ
ਸੰਵਾਦ ਸੁਣੀਏ ……
ਅਸੰਖਾਂ ਨਾਦਾਂ ਦੀ
ਗੂੰਜ ਅੰਦਰਲੀ
ਚੁੱਪ ਪਲੋਸੀਏ ਪੰਨਾ 40 ਮੌਨ

ਸ਼ੋਰ ਵਿੱਚ
ਚੁੱਪ ਹੰਢਾਉਣੀ ਪੰਨਾ 48 ਦਰਸ਼ਕ

ਸੁਪਨਿਆਂ ਦੇ ਨਾਲ ਪਾ ਕਿਕਲੀ
ਸਮਿਆਂ ਦੀ ਹਿੱਕ ਤੇ
ਪੈੜਾਂ ਛੱਡਦੀ
ਤੂੰ ਤੁਰ .. ਪੰਨਾ 30 ਤੂੰ ਤੁਰ

ਰੌਬਰਟ ਫਰੌਸਟ ਦਾ ਕਹਿਣਾ ਹੈ ਕਿ, ‘ਕਵਿਤਾ ਉਦੋਂ ਉਤਰਦੀ ਜਦੋਂ ਭਾਵਨਾਵਾਂ ਨੂੰ ਆਪਣੇ ਵਿਚਾਰ ਅਤੇ ਵਿਚਾਰਾਂ ਨੂੰ ਆਪਣੇ ਸ਼ਬਦ ਲੱਭ ਜਾਣ।’ ਗਗਨ ਮੀਤ ਦੀ ਕਵਿਤਾ ਵਿੱਚਲੇ ਭਾਵਨਾਤਮਕ ਵਿਚਾਰਾਂ ਨੇ ਵੀ ਆਪਣੇ ਹਾਣ ਦੇ ਨਵੀਨ ਸ਼ਬਦ ਲੱਭ ਲਏ ਹਨ। ਇਹ ਕਵਿਤਾ ਨਵੀਂ ਉਮੰਗ ਲੈ ਕੇ ਆਈ ਹੈ। ਪਾਠਕ ਦੇ ਮਨ ਵਿੱਚ ਨਵੇਂ ਜ਼ਜ਼ਬੇ ਭਰਦੀ ਹੈ।

ਵੱਖਰੇ ਅੰਦਾਜ਼ ਦੀਆਂ ਕਵਿਤਾਵਾਂ: ਜ਼ਸ਼ਨ, ਮਰਦ, ਬੰਜ਼ਾਰਨ, ਆਸਿਫ਼, ਚਿੜੀ ਉੱਡ – ਔਰਤ ਤੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਬਾਰੇ ਬੱਚਾ ਸਾਡਾ ਭਵਿੱਖ ਹੈ। ਅਧੁਨਿਕ ਯੁੱਗ ਵਿੱਚ ਬੱਚਿਆਂ ਦੇ ਪਾਲਣ-ਪੋਸ਼ਣ ਲਈ ਸਮਾਂ ਪ੍ਰਤਿਕੂਲ ਬਣਦਾ ਜਾ ਰਿਹਾ ਤੇ ਉਹਨਾਂ ਦਾ ਭਵਿੱਖ ਧੁੰਧਲਾ। ਸਮਾਜ, ਵਿਦਿਅਕ ਅਦਾਰੇ ਅਤੇ ਦੇਸ ਦੀ ਸਰਕਾਰ ਇਸ ਬਾਰੇ ਚਿੰਤਤ ਹਨ। ਪਰਯਾਪਤ ਕਨੂੰਨ ਵੀ ਹਨ ਪਰ ਮਹੌਲ ਵਿੱਚ ਇਕ ਅਜੀਬ ਕਾਹਲ ਤੇ ਅਣਗੌਲਾਪਣ ਹੈ। ਬੱਚਿਆਂ ਦੀਆਂ ਸਮਸਿੱਆਵਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ। ਜਿਸ ਕਰਕੇ ਬੱਚੇ ਬੱਚੀਆਂ ਦੇ ਸਹੀ ਉਸਾਰੂ ਵਿਕਾਸ ਕਰਨ ਦੀ ਮਾਨਿਸਕ ਉਮਰ ਦੌਰਾਨ ਨਿਸ਼ੇਦਾਮਕ ਵਰਤਾਰੇ ਜ਼ਿਆਦਾ ਵਾਪਰਦੇ ਹਨ ਉਹਨਾਂ ਦਾ ਭਵਿਖਤ ਜੀਵਨ ਧੁੰਧੂਕਾਰ ਵਿੱਚ ਫੱਸ ਜਾਂਦਾ ਹੈ। ਬੱਚਿਆਂ ਬਾਰੇ ਤਿੰਨ ਛੋਟੀਆਂ ਕਵਿਤਾਵਾਂ ਹਨ ਪਰ ਵੱਡੀਆਂ ਗੱਲਾਂ ਵੱਲ ਧਿਆਨ ਖਿਚਦੀਆਂ ਹਨ:

ਬੱਚਾ, ਸਾਡਾ ਭਵਿੱਖ ਅਤੇ ਲਲਕ
ਨਿੱਘੀ ਗਲਵੱਕੜੀ ‘ਚ ਭਰ
ਛੂ-ਮੰਤਰ ਕਰ ਦਿੰਦਾ
ਦਿਨ ਭਰ ਦੀ ਥਕਾਨ
ਉਂਗਲ ਫੜਦਾ ਤਾਂ
ਕੁੱਬੀ ਜ਼ਿੰਦਗੀ
ਸਿੱਧੀ ਹੋ ਤੁਰਨ ਲੱਗਦੀ .. ਪੰਨਾ 66-ਬੱਚਾ

..ਬੀੜੀ ਦੇ ਕਸ਼ ਮਾਰਦਾ
ਚਰਸ…..ਗਾਂਜਾ ….ਸ਼ੋਲੁਸ਼ਨ…
‘ਚ ਬੇਹੋਸ਼ ਹੁੰਦਾ
ਜ਼ਿੰਦਗੀ ਦਾ ਕੁੱਬ
ਸਿੱਧਾ ਕਰਦਾ
ਨਿੱਕਾ ਮਲੂਕ ਬੱਚਾ
ਸਮਿਆਂ ਦਾ ਭਵਿੱਖ ? ਪੰਨਾ 43 – ਸਾਡਾ ਭਵਿੱਖ

ਸ਼ਾਇਦ ਇਸ ਲਈ ਸ਼ਾਇਰਾ ਦੀ ਕਵਿਤਾ ਹੋਰ ਵੀ ਭਾਵਪੂਰਤ ਬਣ ਕੇ ਉੱਭਰਦੀ ਹੈ:

ਬੱਚਿਆਂ ਅੱਗੇ
ਨਾ ਕਰੋ ਜ਼ਿਕਰ
ਕੋਝੇ ਅਨੁਭਵਾਂ ਦਾ
ਕਰੂਪ ਮਾਨਸਿਕਤਾ ਦਾ..
ਉਹਨਾਂ ਵੇਖਣ ਦਿਉ।
ਚੰਨ ਮਾਮੇ ਦੀ ਦੁਨੀਆਂ ਪੰਨਾ 18 ਲਲ੍ਹਕ

ਵਰਤਮਾਨ ਇੰਟਰਨਨੈੱਟ ਹਰ ਪ੍ਰਾਣੀ ਵੱਡੇ ਛੋਟੇ ਪੜ੍ਹੇ, ਅੱਧਪੜ੍ਹੇ ਅਨਪੜ੍ਹ ਦਾ ਜੀਵਨ ਵੀ ਬਦਲ ਕੇ ਰੱਖ ਦਿੱਤਾ ਹੈ। ਅੱਜ ਨੈੱਟ ਤੋਂ ਬਿਨਾਂ ਕੁੱਝ ਹੋਰ ਕਲਪਨਾ ਕਰਨਾ ਫਜ਼ੂਲ ਹੋ ਗਿਆ। ਕਿਤੇ ਵੀ ਜਾਉ ਸੱਭ ਤੋਂ ਪਹਿਲਾਂ ਵਾਈ ਫਾਈ ਪਾਸਵਰਡ ਪੁੱਛਿਆ ਜਾਂਦਾ ਹੈ:

ਸਵੇਰੇ ਉੱਠਦਿਆਂ ਸਾਰ
ਬੱਚੇ ਦੀਆਂ ਉਂਗਲਾਂ
ਕਿਸੇ ਬੇਲਗਮ ਘੋੜੇ ਵਾਂਗ
ਸਕ੍ਰੀਨ ਤੇ ਸਰਪਟ ਦੌੜਦੀਆਂ .. ਵਰਚੂਅਲ ਦੁਨੀਆਂ ਪੰਨਾ 90

ਧੀ ਬਾਰੇ: ‘ਚੰਗਾ ਨਹੀਂ ਲਗਦਾ’ ਕਵਿਤਾ ਵਿੱਚ ਲਿਖਦੀ ਹੈ :

ਬਹੁਤ ਜਲਦੀ
ਸਿਆਣੀਆਂ ਹੋ ਜਾਂਦੀਆਂ ਧੀਆਂ …
ਧੀਆਂ ਦਾ ਇੰਝ
ਸਿਆਣੇ ਹੋਣਾ ਵੱਡੇ ਹੋਣਾ
ਮੈਨੂੰ ਚੰਗਾ ਨਹੀਂ ਲਗਦਾ ਪੰਨਾ 27

ਪਿਤਾ ਦੀ ਹੋੰਦ ਬਾਰੇ ਪੱਛਮ ਵਿੱਚ ਬੜੀ ਦੇਰ ਤੋਂ ਮਹਿੰਮ ਵਿੱਢੀ ਗਈ ਸੀ। ਹੁਣ ਭਾਰਤ ਤੇ ਪੰਜਾਬ ਵਿੱਚ ਕੁੱਝ ਅਰਸੇ ਤੋਂ ਚੱਲਦੀ ਆ ਰਹੀ ਹੈ। ਭਾਰਤ ਵਿੱਚ ਵੀ ਦਸਵੀਂ ਦੇ ਸਰਟੀਫਿਕੇਟਸ ਤੇ ਹੁਣ ਮਾਤਾ ਦਾ ਨਾਮ ਲਿਖਣਾ ਚਾਲੂ ਹੋ ਗਿਆ। ਭਾਈ ਮੰਨਾ ਸਿੰਘ ਦੇ ਨਾਂ ਨਾਲ ਜਾਣੇ ਜਾਂਦੇ ਨਾਟਕਕਾਰ ਗੁਰਸ਼ਰਨ ਸਿੰਘ ਜੀ ਨੇ ਇਸ ਖੇਤਰ ਵਿੱਚ ਆਪਣੇ ਨਾਟਕਾਂ ਤੇ ਲੈਕਚਰਾਂ ਰਾਂਹੀਂ ਕਾਫੀ ਵੱਡਾ ਰੋਲ ਅਦਾ ਕੀਤਾ।

ਸ਼ਾਇਰਾ ਨੇ ਵੀ ਪਿਤਾ ਬਾਰੇ ਇਕ ਵੱਖਰੇ ਅੰਦਾਜ਼ ਵਿੱਚ ਵਿਚਾਰ ਪੇਸ਼ ਕੀਤੇ ਹਨ। ਪਿਤਾ ਦੇ ਨਾਮ ਲਾਉਣ ਉੱਤੇ ਇਤਰਾਜ਼ ਦਰਜ਼ ਕੀਤਾ ਹੈ । ਇਹ ਕਵਿਤਾ ‘ਪਿਤਾ’ ਦੇ ਰਿਸ਼ਤੇ ਨੂੰ ਖੰਡਿਤ ਕਰਦੀ ਹੈ:

ਤੇਰਾ ਨਾਂ
ਮੈਨੂੰ ਖੰਡਿਤ ਕਰ ਜਾਂਦੈ !
ਇਕ
ਪ੍ਰਸ਼ਨ ਚਿੰਨ ਆਣ
ਮੇਰੀ ਸ਼ਨਾਖਤ ਪੁੱਛਦਾ
ਤੇਰਾ ਨਾਂ
ਪਿਤਾ …..
ਮੈਨੂੰ ਖੰਡਿਤ ਕਰ ਜਾਂਦੈ ! ਪੰਨਾ 31 ਪ੍ਰਸ਼ਨ ਚਿੰਨ

ਮਾਂ ਬਾਰੇ ਲਿਖੀਆਂ ਕਵਿਤਾਵਾਂ ਵਿੱਚ ਉਸਦੀ ‘ਮਾਂ’ ਦੇ ਰਿਸ਼ਤੇ ਪ੍ਰਤੀ ਸ਼ਬਦ-ਸੁੱਚਮਤਾ ਵੇਖਣ ਵਾਲੀ ਹੈ। ਕਾਦਰ, ਕੁਦਰਤ, ਸਿਰ ਦੀ ਛਾਂ, ਆਲਣੇ ਦਾ ਨਿੱਘ ਤੇ ਹੋਰ ਕੀ ਕੀ ਲਿਖਿਆ ਹੈ:

ਉਸ ਵਿੱਚ
ਕਾਦਰ ਦਾ
ਅਕਸ ਦਿਸਦਾ ਹੈ ਪੰਨਾ 35 ਮਾਂ

ਬੋਟਾਂ ਦੇ ਸਿਰ ਦੀ ਛਾਂ
ਆਲਣੇ ਦਾ ਨਿੱਘ ਬਣਦੀ ਪੰਨਾ 36 ਲਹਿਰ

ਗਵਾਂਢੀ ਮੁਲਕਾਂ ਨਾਲ ਯੁੱਦ ਉਸਨੂੰ ਪਰੇਸ਼ਾਨ ਕਰਦਾ ਹੈ। ਜੰਗ ਬਾਰੇ ਉਸਦੇ ਵਿਚਾਰ ਇਸ ਤਰਾਂ ਦਰਜ ਹੋਏ ਹਨ:

ਜੰਗ ਦਾ ਕੋਈ
ਚਿਹਰਾ-ਮੋਹਰਾ ਨਹੀਂ ਹੁੰਦਾ
ਜੰਗ ਤਾਂ ਜੰਗ ਹੈ ਪੰਨਾ 22 ਅਰਜੋਈ

ਅਸਮਾਨ ਵੱਲ ਤੱਕਦੀ
ਦੁਮੇਲ ਲਈ ਤੜਫਦੀ
ਜ਼ਖਮੀ ਘੁੱਗੀ ! ਪੰਨਾ 63 ਖੰਡਰ

ਭਾਵਨਾਵਾਂ ਦੀ ਰੌਂਅ ਵਿੱਚ ਵਹਿੰਦੀ ਤੇ ਵਹਾਅ ਕੇ ਲੈ ਜਾਂਦੀ ਹੈ ਗਗਨ ਮੀਤ ਦੀ ਰੁਮਾਂਸਵਾਦੀ ਕਵਿਤਾ ਜਿਵੇਂ ‘ਨਿਰਵਾਕ ਹੋ
ਚੁੱਪ ਲਈ ਥਾਂ ਬਣਾਈਏ’। ਭਾਵ ਜੇ ਫੁੱਲ ਉਗਾਉਣੇ ਹਨ ਤਾਂ ਨਿਰਵਾਕ ਹੋਣਾ ਜ਼ਰੂਰੀ ਹੈ ਅਤੇ ਵਰਜਿਤ ਫਲ ਖਾਣਾ ਵੀ।
ਜਿਥੇ ਰੌਲਾ ਹੈ, ਉੱਥੇ ਦੂਰੀ ਹੈ। ਉਥੇ ਕੁੱਝ ਨਹੀਂ ਹੋ ਸਕਦਾ। ਨਾ ਹਵਾ ਵਿੱਚ ਨਾ, ਖਲਾਅ ਵਿੱਚ, ਨਾ ਧਰਤੀ, ਕੁਝ ਨਹੀਂ ਉੱਗ ਸਕਦਾ। ਜੇ ਉੱਗੇਗਾ ਨਹੀਂ ਤਾਂ ਖਿੜੇਗਾ ਕਿਵੇਂ ? ਫੁੱਲਾਂ ਦਾ ਖਿਲਣਾ, ਬਹਾਰ ਦਾ ਆਉਣਾ ਹੈ, ਮਿਲਣ ਵਿੱਚੋਂ ਹੀ ਖਿਲੱਣਾ ਹੁੰਦਾ ਹੈ:

ਕਦੇ ਕਦੇ
ਚੁੱਪ ਵਿੱਚ
ਨਿੱਕੇ ਨਿੱਕੇ
ਚਿੱਟੇ ਫੁੱਲ ਵੀ ਖਿੜਦੇ ਪੰਨਾ 81 ਚੁੱਪ

ਆ ਵਰਜਿਤ ਫ਼ਲ ਚਖ਼ੀਏ,
ਵਰਜਿਤ ਜੋਨ ਵਿੱਚ ਵਿਚਰੀਏ
ਘੋਗਿਆਂ ਦਾ ਜੀਵਨ ਛੱਡ
ਸਿੱਪ ਬਣ ਕੁਝ ਸਿਰਜੀਏ
ਜਿਸਮਾਂ ਸੰਗ
ਜਿਸਮਾਂ ਤੋਂ ਪਾਰ
ਸੋਨ-ਪਾਣੀਆਂ ‘ਚ
ਘੁੱਲ-ਮਿਲ ਜਾਈਏ ਪੰਨਾ 38 ਵਰਜਿਤ ਜੋਨ

ਚੁੱਪ ਹੋਣਾ ਅਤੇ ਨਿਰਵਾਕ ਹੋਣਾ ਭੀੜ ਵਿੱਚ ਗੁੰਮ ਹੋ ਜਾਣ ਦੀ ਥਾਂ ਉਸ ਵਿੱਚੋਂ ਬਾਹਰ ਨਿਕਲ ਕੇ ਇਕ ਵੱਖਰੀ ਪਹਿਚਾਨ ਖੜੀ ਕਰਨਾ ਹੈ। ਆਮ ਬੰਦੇ ਲਈ ਇਹ ਵੱਡਾ ਸੰਘਰਸ਼ ਹੈ। ਖਾਸ ਕਰਕੇ ਮੱਧ ਵਰਗੀ ਸ਼੍ਰੇਣੀ ਦੀ ਔਰਤ ਅਤੇ ਮਰਦ ਲਈ। ਮੇਰਾ ਖਿਆਲ ਹੈ ਕਿ ਸੰਘਰਸ਼ ਕਰਨ ਤੋਂ ਬਗੈਰ ਵਰਤਮਾਨ ਹਾਲਾਤ ਵਿੱਚੋਂ ਨਿਕਲਣ ਦਾ ਕੋਈ ਦੂਸਰਾ ਰਸਤਾ ਵੀ ਨਹੀਂ ਹੁੰਦਾ। ਆਪਣੇ ਲਈ ਰਸਤਾ ਬਣਾਉਣਾ ਹੈ ਤਾਂ ਲਗਾਤਾਰ ਜਦੋ-ਜਹਿਦ ਕਰਨੀ ਪੈਣੀ ਹੈ। ਇਸ ਲਈ ਭਾਵਨਾਵਾਂ ਦੀ, ਰਿਸ਼ਤਿਆਂ ਦੀ ਅਤੇ ਸੰਬੰਧਾਂ ਦੀ ਟੁੱਟ-ਭੱਜ ਵੀ ਹੋਣੀ ਹੈ। ਜੋ ਇਸ ਕੁਰਬਾਨੀ ਲਈ ਤਿਆਰ ਨਹੀਂ ਉਹ ਸੰਘਰਸ਼ ਕਰਨ ਲਈ ਅਯੋਗ ਹੁੰਦਾ ਹੈ। ਸੰਘਰਸ਼ ਸੱਭ ਤੋਂ ਪਹਿਲਾਂ ਆਪਣੇ ਆਪ ਨਾਲ ਕਰਨਾ ਪੈਂਦਾ ਹੈ। ਚੁੱਪ ਹੋ ਕੇ ਆਪਣੇ ਆਪ ਨੂੰ ਸਮਝਣਾ ਪੈਂਦਾ ਹੈ ਤਾਂ ਹੀ ਅਗਲੇ ਰਸਤੇ ਨਿਕਲਦੇ ਹਨ। ਵਿਕਾਸ ਦਾ ਰਾਹ ਖੁੱਲਦਾ ਹੈ। ਸੱਭ ਤੋਂ ਪਹਿਲਾਂ ਰੌਲਾ ਖਤਮ ਕਰ ਕੇ, ਚੁੱਪ ਲਈ ਜਗ੍ਹਾ ਮੋਕਲੀ ਕਰਨੀ ਪੈਣੀ ਹੈ।

ਚੁੱਪ ਵੀ ਬਹੁ ਪਰਤੀ ਹੈ। ਇਸ ਦੀਆਂ ਕਈ ਦਿਸ਼ਾਵਾਂ ਤੇ ਕੋਣ ਹਨ। ਪ੍ਰਿਜ਼ਮ ਵਾਂਗ ਰੌਸ਼ਨੀ ਵਿੱਚ ਅਲੱਗ ਰੰਗ ਛੱਡਦੀ ਹੈ। ਲਾਲ ਹਰੀ ਪੀਲੀ ਨੀਲੀ ਤੇ ਹੋਰ । ਪੰਨਾ 80 ਚੁੱਪ ਦੇ ਕਈਂ ਚਿਹਰੇ ਹੁੰਦੇ ਨੇ ਪੜ੍ਹਨਯੋਗ ਕਵਿਤਾ ਹੈ।

ਜੇ ਖਾਮੋਸ਼ੀ ਆਪਣੇ ਸਿਰਜਤ ਪਲਾਂ ਨੂੰ ਮਾਣ ਨਾ ਸਕੇ ਅਤੇ ਚਗਲੇ ਰਿਸ਼ਤਿਆਂ ਦਾ ਬੋਝ ਢੋਣ ਲੱਗ ਜਾਵੇ ਤਾਂ ਜਾਨ ਲੇਵਾ ਬਣ ਜਾਂਦੀ ਹੈ । ਫ਼ਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਫੁੱਲ ਮੁਰਝਾ ਜਾਂਦੇ ਹਨ ਜਾਂ ਮਸਲ ਦਿੱਤੇ ਜਾਂਦੇ ਹਨ ਅਤੇ ਸੜਕਾਂ ਦੇ ਕਿਨਾਰੇ ਜਾਂ ਕੂੜੇ ਦੇ ਢੇਰਾਂ ਤੇ ਸੁੱਟ ਦਿੱਤੇ ਜਾਂਦੇ ਹਨ:

ਖਾਮੋਸ਼ੀ
ਕਹਿ ਗਈ
ਮਜਬੂਰੀਆਂ
ਲਾਚਾਰੀਆਂ ਦੀ ਗਾਥਾ ਪੰਨਾ 92 ਖਾਮੋਸ਼ੀ

ਗਗਨ ਮੀਤ-ਇਕ ਚੂੰਢੀ ਆਸਮਾਨ

ਬਲਾਤਕਾਰ ਵਰਗਾ ਘਿਨਾਉਣਾ ਵਰਤਾਰਾ ਅਖਬਾਰਾਂ ਅਤੇ ਟੀ ਵੀ ਤੇ ਖਬਰਾਂ ਬਟੋਰਨ ਅਤੇ ਟੀ ਆਰ ਪੀ ਵਧਾਉਣ ਲਈ ਵੱਧ ਵਰਤਿਆਂ ਜਾਂਦਾ ਹੈ। ਬਹੁਤੀ ਵਾਰ ਪੀੜਤ ਨੂੰ ਇਨਸਾਫ ਨਹੀਂ ਮਿਲਦਾ। ਕਈ ਵਾਰ ਨਿਰਦੋਸ਼ ਫਸ ਜਾਂਦੇ ਹਨ। ਅਸਲੀ ਗੁਨਾਹਗਾਰ ਬਚੇ ਰਹਿੰਦੇ ਹਨ ਅਤੇ ਹੋਰ ਗੁਨਾਹ ਕਰਦੇ ਹਨ। ਨਿਰਭੈਆ ਕੇਸ ਤੇ ਅਸਿਫਾ ਕੇਸ ਦੀਆਂ ਘਟਨਾਵਾਂ ਨੇ ਦੁਨੀਆਂ ਭਰ ਵਿੱਚ ਸਾਡੇ ਦੇਸ ਦੀ ਉੱਚੀ ਸੰਸਕ੍ਰਿਤੀ ਅਤੇ ਕਨੂੰਨ ਵਿਵਸਥਾ ਦੀਅਂ ਧੱਜੀਆਂ ਉਡਾ ਦਿੱਤੀਆਂ। 2021 ਵਿੱਚ ਛਪੀ ਅਤੇ ਢਾਹਾਂ ਅਵਾਰਡ ਵਿੱਚ ਦੂਜੇ ਨੰਬਰ ਤੇ ਰਹੀ ‘ਆਪਣੇ ਆਪਣੇ ਮਰਸੀਏ’ ਕਹਾਣੀ ਸੰਗ੍ਰਹਿ ਵਿੱਚ ਸਰਘੀ ਦੀ ਕਹਾਣੀ ’ਰਾਡ’ ਦਿੱਲੀ ਦੀ ਇਕ ਬੱਸ ਵਿੱਚ ਵਾਪਰੇ ਨਿਰਭੈਆ ਬਲਾਤਕਾਰ ਘਟਨਾ ਉੱਤੇ ਰੌਂਗਟੇ ਖੜੇ ਕਰ ਦੇਣ ਵਾਲੀ ਕਹਾਣੀ ਹੈ। ਗਗਨ ਮੀਤ ਨੇ ਆਪਣੀ ਇਕ ਬਹੁਤ ਹੀ ਛੋਟੀ ਕਵਿਤਾ ਵਿੱਚ 7 ਕੁ ਸਾਲ ਦੀ ਬੱਚੀ ਆਸਿਫਾ ਨਾਲ ਕਸ਼ਮੀਰ ਵਾਦੀ ਵਿੱਚ ਇਕ ਮੰਦਰ ਵਿੱਚ ਹੋਏ ਬਲਾਤਕਾਰ ਵਰਗੀ ਮਹਾਂ ਸ਼ਰਮਨਾਕ ਘਟਨਾ ਦਾ ਜ਼ਿਕਰ ਕੀਤਾ ਹੈ। ਇਥੇ ਵੀ ਕਨੂੰਨ ਵਿਵਸਥਾ ਸ਼ੱਕ ਦੇ ਘੇਰੇ ਵਿੱਚ ਖੜੀ ਵੇਖੀ ਗਈ, ਦੇਸ ਸ਼ਰਮਸਾਰ ਹੋਇਆ। ਨੇਤਾ ਅਤੇ ਮੀਡੀਆ ਤੂੰ ਤੂੰ ਮੈ ਮੈਂ ਕਰਦਾ, ਸਰਹੱਦ ਦੇ ਆਰ- ਪਾਰ ਵਾਲੀ ਦੂਸ਼ਣ-ਬਾਜ਼ੀ ਕਰਦਾ ਨਜ਼ਰ ਆਇਆ। ਮਾਵਾਂ ਮਾਤਾਵਾਂ ਭੈਣਾਂ ਇਸ ਫ਼ਿਕਰ ਵਿੱਚ ਹਨ ਕਿ ਆਪਣੀਆਂ ਬੱਚੀਆਂ ਨੂੰ ਐਸੇ ਦਰਿੰਦਿਆਂ ਤੋਂ ਕਿਵੇਂ ਬਚਾਉਣ? ਉਹਨਾਂ ਦੀ ਸੁਰੱਖਿਆ ਲਈ ਦੇਸ਼ ਦੀ ਸਰਕਾਰ ਅਤੇ ਪ੍ਰਾਂਤਾਂ ਦੀਆਂ ਸਰਕਾਰਾਂ ਕੀ ਉਪਰਾਲੇ ਕਰਨ, ਇਸ ਬਾਰੇ ਕੋਈ ਨਹੀਂ ਸੋਚ ਰਿਹਾ, ਸੱਭ ਨੂੰ ਆਪਣੀ ਕੁਰਸੀ ਬਚਾਉਣ ਦੀ ਫ਼ਿਕਰ ਹੈ। ਕੁੱਝ ਮਰਦਾਂ ਅੰਦਰ, ਔਰਤ ਦੀ ਮਾਨਸਿਕਤਾ ਨਾਲ ਕੋਈ ਸਰੋਕਾਰ ਨਹੀਂ, ਸਿਰਫ ਉਸ ਦੇ ਅੰਗਾਂ ਦੇ ਮਾਨਣ ਦੀ ਕਾਮਨਾ ਹੈ। ਇਹ ਜੇਕਰ ਆਪਸੀ ਪਰਸਪਰ ਸਬੰਧਾਂ ਵਿੱਚ ਉਪਜੀ ਹੈ ਤਾਂ ਪਿਆਰ ਕਿਹਾ ਜਾ ਸਕਦਾ ਨਹੀਂ ਤਾਂ ਅੱਥਰੀ ਘਟੀਆ ਮਾਨਸਿਕ ਪ੍ਰਰਵਿਰਤੀ। ਐਸੀ ਪਰਵਿਰਤੀ ਜੇ ਵਕਤ ਸਿਰ ਨਾ ਕੰਟਰੋਲ ਕੀਤੀ ਜਾਵੇ ਤਾਂ ਬੱਜਰ ਗੁਨਾਹਾਂ ਦਾ ਕਾਰਣ ਬਣਦੀ ਹੈ। ਜਿਵੇਂ ਹੁਣੇ ਹੋਈ ਦਿੱਲੀ ਵਾਲੀ ‘ਕੌਰ’ ਘਟਨਾ। ਜਿਸ ਵਿੱਚ ਇਕ ਲੜਕੀ ਨਾਲ ਬਲਾਤਕਾਰ ਵੀ ਕੀਤਾ ਗਿਆ, ਮਾਰਿਆ ਕੁੱਟਿਆ ਗਿਆ ਤੇ ਮੂੰਹ ਕਾਲਾ ਕਰਕੇ ਗਲੀਆਂ ਵਿੱਚ ਘੁੰਮਾਇਆ ਗਿਆ। ਸਿਰਫ਼ ਇਸ ਕਰਕੇ ਉਸ ਨੇ ਪਰਿਵਾਰ ਦੇ ਸੋਲਾਂ ਸਾਲਾ ਕਾਮ ਦੇ ਪੁਤਲੇ ਦੀ ਇੱਛਾ ਪੂਰੀ ਨਹੀਂ ਸੀ ਕੀਤੀ। ਵੱਡੇ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਜ਼ੁਰਮ ਵਿੱਚ ਬਲਾਤਕਾਰੀਆਂ ਦੀਆਂ ਦੀਆਂ ਔਰਤਾਂ ਵੀ ਸ਼ਾਮਲ ਸਨ। ਜ਼ਰਾ ਸੋਚੋ, ਐਸੀਆਂ ਔਰਤਾਂ ਦੀ ਔਲਾਦ ਕੀ ਸੰਸਕਾਰ ਹਾਸਲ ਕਰੇਗੀ? ਇਹ ਸੱਭ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਾਪਰਿਆ।

ਚਿੜੀ ਉੱਡ, ਬੰਜਾਰਨ ਤੇ ਆਸਿਫਾ ਉਸਦੀਆਂ ਕੋਮਲ ਭਾਵੀ ਹੋਣ ਦੇ ਨਾਲ ਹਿਰਦੇਵੇਦਕ ਰਚਨਾਵਾਂ ਹਨ। ਬੱਚਿਆਂ ਦਾ ਅਕਸਰ ਕੁੱਝ ਵੱਡਿਆਂ ਵਲੋਂ ਕੀਤਾ ਜਾਂਦਾ ਸਰੀਰਕ ਤੇ ਕਾਮੁਕ ਸ਼ੋਸ਼ਣ, ਜਿਸ ਵਿੱਚ ਲੜਕੇ ਲੜਕੀਆਂ ਦੋਨੋ ਸ਼ਾਮਲ ਹਨ। ਇਕ ਖਤਰਨਾਕ ਹਾਲਤ ਤੱਕ ਪਹੁੰਚੀ ਹੋਈ ਸਮੱਸਿਆ ਹੈ। ‘ਸੱਤਯਮੇਵ ਜੈਯਤੇ’ ਵਿੱਚ ਆਮਿਰ ਖਾਨ ਹੋਰਾਂ ਨੇ ਇਕ ਪੂਰਾ ਐਪੀਸੋਡ ਇਸ ਸਮੱਸਿਆ ਉਜਾਗਰ ਕਰਨ ਲਈ ਕੀਤਾ ਤੇ ਸੱਚਾਈ ਨੂੰ ਲੋਕਾਂ ਸਾਹਮਣੇ ਲੈ ਕੇ ਆਂਦਾ। ਗਗਨ ਮੀਤ ਨੇ ਇਹਨਾਂ ਕਵਿਤਾਵਾਂ ਨੂੰ ਵੱਡੇ ਅਰਥ ਪ੍ਰਦਾਨ ਕਰਨ ਲਈ, ਸੁਚੇਤ ਰੂਪ ਵਿੱਚ ਸ਼ਬਦ ਸਿਰਜਨਾ ਕਰਕੇ, ਕਾਵਿਕ ਤਲਿੱਸਮ ਨੂੰ ਇਸ ਅੰਦਾਜ਼ ਵਿੱਚ ਪੇਸ਼ ਕੀਤਾ ਹੈ ਕਿ ਪਾਠਕ ਇਕ ਵੀ ਸ਼ਬਦ ਬਿਨ੍ਹਾਂ ਪੜ੍ਹੇ ਅੱਗੇ ਨਹੀਂ ਜਾ ਸਕਦਾ ਬਲਕਿ ਰੁਕ ਰੁਕ ਕੇ ਪੜ੍ਹਨ ਲਈ ਮਜ਼ਬੂਰ ਹੂੰਦਾ ਹੈ। ਐਸੀਆਂ ਕਵਿਤਾਵਾਂ ਪਹਿਲਾਂ ਕੌਣ ਲਿਖਦਾ ਸੀ? ਅਸੀਂ ਤਾ ਇਸ ਨੂੰ ਲੁਕਾਉਂਦੇ ਹੀ ਰਹੇ ਹਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ:

…ਲਾਲ -ਪੀਲੀ
ਟਾਫੀਆਂ ਖਿੰਡੀਆਂ
ਖਿਡੌਣਾ ਡਿਗਿਆ
ਤੇ ਉਹ ਚੱਪਲ ਦਾ ਦੂਜਾ ਪੈਰ
ਪਾਉਣਾ ਹੀ ਭੁੱਲ ਗਈ ਸੀ ….
‘ਚਿੜੀ ਉੱਡ ਕਾਂ ਉੱਡ’
ਖੇਡਦਿਆਂ ਖੇਡਣ ਲੱਗਾ ਸੀ
ਕੋਝਾ ਕਾਂ
ਉਸਦੇ ਅੰਗਾਂ ਨਾਲ
ਬੰਦ ਕਮਰੇ ਵਿੱਚ
ਠਹਾਕੇ ਮਾਰਦਾ ….. ਕਾਮੀ ਜਿੰਨ…. ਪੰਨਾ 72 -ਚਿੜੀ ਉੱਡ

ਕੰਧਾਂ ਵਿੱਚ ਚੀਕਾਂ ਉਕਰ ਆਈਆਂ
ਅਸਮਾਨ ‘ਚ
ਗਿਰਝਾਂ ਦੇ ਖੰਭ ਉੱਡ-ਪੁੱਡ ਰਹੇ …
ਟੀ.ਵੀ. ਤੇ ਗਰਮ ਗਰਮ ਬਹਿਸ
ਅਖਬਾਰਾਂ ਦੇ ਰੰਗ ਨਿੱਖਰ ਆਏ ਪੰਨਾ 86 ਅਸਿਫਾ

ਆਦਮੀ ਦੀਆਂ ਨਸਾਂ ਵਿੱਚ ਜੰਮੇ
ਬੰਜਾਰਨ ਦੇ ਵੱਖੋ -ਵੱਖਰੇ
ਅੰਗ ਸਮੇਟਦੀ
ਖਿੱਚ ਖਿੱਚ ਉਸਨੂੰ
ਸਬੂਤੀ ਬਾਹਰ ਕੱਢਦੀ ! ਪੰਨਾ 85 ਬੰਜਾਰਨ

ਲਿੰਗ ਦੀ
ਪਰਿਕਰਮਾ ਕਰਨਾ ਹੀ
ਮਰਦ ਨਹੀਂ ਹੁੰਦਾ ਹੈ
ਮਰਦ ਹੈ ਹੌਂਸਲਾ
ਹੌਂਸਲਾ
ਡੌਲੇ ਫੜਕਾਉਣ ਦਾ ਨਹੀਂ .. ਪੰਨਾ 77 ਮਰਦ

ਇਸ ਸਾਰੇ ਵਰਤਾਰੇ ਨੂੰ ‘ਸ਼ਾਇਰਾ’ ਕਰੋਨਾ ਨਾਲੋਂ ਵੀ ਸੂਖਮ ਬਹੁ-ਆਕਾਰੀ ਵਾਇਰਸ ਲਿਖਦੀ ਹੈ। ਜਿਸ ਨਾਲ ਪਤਾ ਨਹੀਂ ਕਿੰਨੀਆਂ ਕੁ ਜ਼ਮੀਰਾਂ ਮਰ ਚੁੱਕੀਆਂ ਹਨ, ਕਿੰਨੀਆਂ ਕੁ ਲਾਸ਼ਾਂ ਅਸੀ ਆਪਣੇ ਮਨ ਮਸਤਕ ਵਿੱਚ ਢੋਹ ਰਹੇ ਹਾਂ। ਕਿੰਨੀਆਂ ਬੱਚੀਆਂ ਜੰਮਣ ਤੋਂ ਪਹਿਲਾਂ ਜਾਂ ਜੰਮਣ ਵੇਲੇ ਹੀ ਮਾਰ ਦਿੱਤੀਆ ਜਾਦੀਆਂ ਹਨ। ਕਿੰਨੀਆਂ ਬੱਚੀਆਂ ਜਵਾਨੀ ਤੋਂ ਪਹਿਲਾਂ ਐਸੇ ਵਰਤਾਰੇ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਜੀਵਨ ਭਰ ਕਸ਼ਟ ਅਤੇ ਭੈ ਵਿੱਚ ਜੀਊਂਦੀਆਂ ਹਨ:

ਕੰਧਾਂ ਵਿੱਚ
ਚੀਕਾਂ ਉਕਰ ਆਈਆਂ । ਪੰਨਾ 86 ਆਸਿਫਾ

ਕਿਸਾਨਾਂ ਦੇ
ਬੱਲਦੇ ਮੱਥਿਆਂ ‘ਤੇ
ਆਮਲੇਟ ਸੇਕ
ਕੂੜਾ ਚੁੱਕਣ ਆਈ ਤੀਵੀਂ ਨੂੰ
ਲਿਪਸਟਿਕ ਭੇਟ ਕਰਦਾ.. ਪੰਨਾ 70 ਵਾਇਰਸ

ਤਕਨੀਕੀ ਪੱਖ ਗੱਲ ਕਰਨੀ ਹੋਵੇ ਤਾਂ ਲਹਿਰਾਂ ਕਵਿਤਾ ਵਿੱਚ ਲਹਿਰਾਂ ਤੋਂ ਤੁਰਦੀ ਕਵਿਤਾ ਇਕ ਲਹਿਰ ਤੇ ਆ ਮੁੱਕਦੀ ਹੈ। ਇਹ ਉਕਾਈ ਵੀ ਮੰਨੀ ਜਾ ਸਕਦੀ ਹੈ ਅਤੇ ਕਾਵਿਕ ਯੁਗਤ ਵੀ। ਬਹੁਤ ਤੋਂ ਇਕ ਵੱਲ ਤੁਰਨਾ ਜਾਂ ਫਿਰ ਇਕ ਨਾਲ ਜੁੜਨਾ ਹੋ ਵੀ ਸਕਦਾ ਹੈ । ਫੈਲਾਉ ਤੋ ਇੱਕਤਰ ਹੋਣਾ ਹੀ ਅਧਿਆਤਮਕ ਜਗਤ ਦਾ ਮੁੱਖ ਪ੍ਰਯੋਜਨ ਮੰਨਿਆਂ ਜਾਂਦਾ ਹੈ । ਕੁਝ ਇਕ ਸ਼ਬਦ ਉਸ ਦੀ ਕਵਿਤਾ ਵਿਚ ਵਾਰ ਵਾਰ ਆਏ ਹਨ ਜਿਵੇਂ ਸ਼ਬਦ ਰੁੱਤ ਕਈ ਵਾਰ, ਕਿੰਨੇ ਹੀ ਅਰਥਾਂ ਵਿੱਚ ਵਰਤਿਆ ਗਿਆ ਹੈ, ਟੁੱਟੇ ਖੰਭ, ਸੂਰਜ ਦੀਆਂ ਕਿਰਨਾਂ, ਪਰਵਾਜ਼, ਵਾਵਾਂ ਸੰਗ ਸੰਵਾਦ ਉਡਾਉਂਦੀ ਆਦਿ ।

ਅੰਗਰੇਜ਼ੀ ਸ਼ਬਦਾਂ ਦਾ ਤਤਸਮ ਅਤੇ ਤਦਭਵ ਦੋਹਾਂ ਹੀ ਰੂਪਾਂ ਵਿੱਚ ਖੁੱਲ ਕੇ ਪ੍ਰਯੋਗ ਕੀਤਾ ਗਿਆ ਹੈ। ਜਿਵੇਂ ਰੀਵੌਲਵਿੰਗ ਚੇਅਰ ,ਜੋਨ, ਟਰੈਫਿਕ, ਸਿਗਨਲ, ਵਾਇਰਸ, ਵਰਚੂਅਲ, ਓਮਲੇਟ, ਲਿਪਸਟਿਕ, ਏ ਸੀ, ਡਰਾਇੰਗ ਰੂਮ, ਐਨਟੀਕ ਫ੍ਰਿਕੁਨਿਇੰਸੀ, ਪੱਬ, ਸਮਾਰਟ , ਮਾਈਕਰੋਸਕੋਪ, ਅਨਾਊਂਸਮੈਂਟ, ਸਾਇਰਨ, ਲਾਇਕ, ਕੁਮੈਂਟ, ਲਾਊਡ ਸਪੀਕਰ, ਫ਼ਲ਼ੈਟ ਆਦਿ । ਇਹ ਅੰਗਰੇਜ਼ੀ ਸ਼ਬਦ ਬਹੁਤੇ ਅੱਖੜਦੇ ਨਹੀਂ । ਅੱਜਕੱਲ ਪੰਜਾਬੀ ਸਭਿਆਚਾਰ ਵਿੱਚ ਆ ਰਹੇ ਇਕਨਲਾਬੀ ਬਦਲਾਅ ਕਾਰਣ, ਭਾਸ਼ਾ ਉੱਤੇ ਅੰਗਰੇਜ਼ੀ ਸੱਭਿਅਤਾ ਤੇ ਬੋਲੀ ਪ੍ਰਭਾਵ ਪੈਣਾ ਸੁਭਾਵਿਕ ਹੁੰਦਾ ਜਾ ਰਿਹਾ ਹੈ। ਮਾਡਰਨ ਅੰਗਰੇਜ਼ੀ ਮਾਧਿਅਮ ਸਕੂਲਾਂ ਤੇ ਹੁਣ ਆਈਲੈਟਸ ਕਰਕੇ, ਕੇਨੈਡਾ ਤੇ ਹੋਰ ਮੁਲਕਾਂ ਵਿੱਚ ਚੰਗੇ ਵਸੀਲਿਆਂ ਤੇ ਮੌਕਿਆਂ ਦੀ ਤਲਾਸ਼ ਲਈ ਨਿਕਲ ਰਹੀ ਸਾਡੀ ਨਵੀਂ ਪੀੜੀ ਦੀ ਤਾਵੜ ਤੋੜ ਦੌੜ ਕਰਕੇ ਸਾਡਾ ਸਮਾਜਿਕ ਢਾਂਚਾ ਬਦਲ ਰਿਹਾ ਹੈ। ਮਾਪਦੰਡ ਬਦਲ ਰਹੇ ਹਨ । ਪੁਰਾਣੇ ਲਗਾਤਾਰ ਟੁੱਟ ਰਹੇ ਹਨ। ਨਵੇਂ ਸਿਰਜੇ ਜਾ ਰਹੇ ਹਨ । ਸਾਡੀ ਰੋਜ਼ਮਰਾ ਜ਼ਿੰਦਗੀ, ਖਾਣ ਪੀਣ ਪਹਿਨਣ ਚੱਲਣ ਫਿਰਨ ਦਾ ਢੰਗ ਤਰੀਕਾ ਬਦਲ ਰਿਹਾ ਹੈ। ਦਿੱਲੀ ਵਰਗੇ ਮਹਾਂ ਨਗਰ ਵਿੱਚ ਇਹ ਪ੍ਰਭਾਵ ਹੋਰ ਵੱਧ ਵੇਖਿਆ ਜਾ ਸਕਦਾ ਹੈ । ਇਹੀ ਕਾਰਣ ਕਿ ਅੰਗਰੇਜ਼ੀ ਸ਼ਬਦਾਂ ਦੀ ਭਰਮਾਰ ਇਸ ਕਾਵਿ ਪੁਸਤਕ ਵਿੱਚ ਚੂੰਢੀਆਂ ਕੱਟਦੀ ਹੈ ਪਰ ਬੁਰੀ ਨਹੀਂ ਲਗਦੀ । ਸੁਕੀਰਤ ਹੋਰਾਂ ਨੇ ਇਕ ਵੈਬੀਨਾਰ ਦੌਰਾਨ ਸੁਝਾਅ ਦਿੱਤਾ ਸੀ ਕਿ ਲੇਖਕ ਨੂੰ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਸਿੱਧੇ ਸ਼ਬਦ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਪੰਜਾਬੀ ਸ਼ਬਦ ਲੱਭ ਕੇ ਲਿਖਣੇ ਚਾਹੀਦੇ ਹਨ। ਮੇਰਾ ਖਿਆਲ ਹੈ ਕਿ ਉਮਦਾ ਸ਼ਾਇਰ ਨੂੰ ਹੋਰ ਵੀ ਵੱਧ ਕੋਸ਼ਿਸ਼ ਕਰਕੇ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਤਾਂ ਕਿ ਕਵਿਤਾ ਆਪਣੇ ਸੱਭਿਆਚਾਰ ਤੇ ਬੋਲੀ ਨਾਲ ਪਾਠਕ ਨੂੰ ਜੋੜ ਕੇ ਰੱਖੇ ਤੇ ਉਸਦੇ ਦਿਲ ਵਿੱਚ ਵੀ ਡੂੰਘਾ ਉੱਤਰੇ। ਸਹੀ ਅਰਥਾਂ ਵਿਚ ਲੇਖਕ ਨੇ ਪਾਠਕ ਦੇ ਮਨ ਵਿੱਚ ਥਾਂ ਬਣਾ ਕੇ ਪ੍ਰਸਿੱਧੀ ਪਾਉਣੀ ਹੈ ਤਾਂ ਆਪਣੀ ਭਾਸ਼ਾ ਅਤੇ ਬੋਲੀ ਵਿੱਚ ਲਿਖ ਕੇ ਹੀ ਪਾ ਸਕਣੀ ਹੈ। ਇਸ ਕਾਵਿ ਪੁਸਤਕ ਵਿੱਚ ਭਾਸ਼ਾ ਦਾ ਵਧੀਆ ਪ੍ਰਯੋਗ ਕੀਤਾ ਗਿਆ। ਨਵੀਨ ਬਿੰਬਾਂ ਤੇ ਪ੍ਰਤੀਕਾਂ ਦੀ ਵਰਤੋਂ ਨੇ ਹੋਰ ਵਧੇਰੇ ਸੁਹਜ ਪੈਦਾ ਕੀਤਾ ਹੈ।

ਅੰਤ ਵਿੱਚ ਕਹਿਣਾ ਚਾਹਵਾਂਗਾ, ਗਗਨ ਮੀਤ ਦੀ ਕਾਵਿ ਪੁਸਤਕ , ‘ਇਕ ਚੂੰਢੀ ਆਸਮਾਨ’ ਜ਼ਰੂਰ ਪੜ੍ਹਨੀ ਚਾਹੀਦੀ ਹੈ। ਬਿਲਕੁਲ ਨਵਾਂ ਅੰਦਾਜ਼, ਸ਼ੈਲੀ ਅਤੇ ਸ਼ਬਦ ਸੰਚਾਰ ਤੁਹਾਨੂੰ ਜ਼ਰੂਰ ਪ੍ਰਭਾਵਿਤ ਕਰੇਗਾ। ਇਸ ਵਿੱਚੋਂ ਜ਼ਿੰਦਗੀ ਕਈ ਰੰਗਾਂ ਵਿੱਚ ਲੱਭੇਗੀ। ਆਪਾਂ ਵੀ ਲੱਭੀਏ, ਜਿਵੇਂ ਸ਼ਾਇਰਾ ਨੇ ਕਿਹਾ :

ਲੱਭਦੀ ਹਾਂ ਮੈਂ
ਜ਼ਿੰਦਗੀ ਪੰਨਾ 97
***
ਹਵਾਲੇ:
ਇਕ ਚੂੰਢੀ ਅਸਮਾਨ
ਰਾਡ – ਆਪਣੇ ਆਪਣੇ ਮਰਸੀਏ – ਸਰਘੀ ਪੰਨਾ:26
ਪੰਜਾਬੀ ਵਿਕੀਪੀਡੀਆ – ਕਵਿਤਾ
ਵਿਕੀਪਿਡੀਆ
ਐਨਸਾਈਕਲੋਪੀਡੀਆ ਬਿਰਟੈਨਿਕਾ
**
ਪਿਆਰਾ ਸਿੰਘ ਕੁੱਦੋਵਾਲ
ਫਰਬਰੀ 8, 2020
pskudowal@yahoo.com

***
583
***

About the author

ਪਿਆਰਾ ਸਿੰਘ ਕੁੱਦੋਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿਆਰਾ ਸਿੰਘ ਕੁੱਦੋਵਾਲ

View all posts by ਪਿਆਰਾ ਸਿੰਘ ਕੁੱਦੋਵਾਲ →