9 October 2024

ਮਨਜੀਤ ਪੁਰੀ ਦਾ ਗ਼ਜ਼ਲ ਸੰਗ੍ਰਹਿ ‘ਕੁਝ ਤਿੜਕਿਆ ਤਾਂ ਹੈ’ ਸਮਾਜਿਕ ਸਰੋਕਾਰਾਂ ਦੀ ਗਵਾਹੀ — ਉਜਾਗਰ ਸਿੰਘ

ਮਨਜੀਤ ਪੁਰੀ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਕੁਝ ਤਿੜਕਿਆ ਤਾਂ ਹੈ’ ਸਮਾਜਿਕ ਸਰੋਕਾਰਾਂ ਦੀ ਗਵਾਹੀ ਭਰਦਾ ਹੈ। ਗ਼ਜ਼ਲ ਸਾਹਿਤ ਦਾ ਸੰਜੀਦਾ ਤੇ ਵਿਲੱਖਣ ਰੂਪ ਹੈ। ਗ਼ਜ਼ਲ ਲਿਖਣ ਲਈ ਨਿਸਚਤ ਨਿਯਮ, ਨਿਰਧਾਰਤ ਕੀਤੇ ਹੋਏ ਹਨ। ਗ਼ਜ਼ਲ ਲਿਖਣਾ ਹਰ ਇਕ ਦੇ ਵਸ ਦੀ ਗੱਲ ਨਹੀਂ। ਅਰੂਜ, ਬਹਿਰ ਗ਼ਜ਼ਲ ਲਈ ਗ਼ਜ਼ਲਕਾਰ ਜ਼ਰੂਰੀ ਸਮਝਦੇ ਹਨ ਪ੍ਰੰਤੂ ਮਨਜੀਤ ਪੁਰੀ ਅਰੂਜ ਨੂੰ ਗ਼ਜ਼ਲ ਦਾ ਅਹਿਮ ਹਿੱਸਾ ਤਾਂ ਸਮਝਦਾ ਹੈ ਪ੍ਰੰਤੂ ਸਭ ਕੁਝ ਨਹੀਂ।

ਉਸ ਦੇ ਇਸ ਗ਼ਜ਼ਲ ਸੰਗ੍ਰਹਿ ਵਿੱਚ 59 ਛੋਟੀਆਂ ਤੇ ਵੱਡੀਆਂ ਗ਼ਜ਼ਲਾਂ ਹਨ। ਇਸ ਗ਼ਜ਼ਲ ਸੰਗ੍ਰਹਿ ਦੀਆਂ ਸਾਰੀਆਂ ਗ਼ਜ਼ਲਾਂ ਸਿੰਬਾਲਿਕ ਹਨ। ਸਮਾਜ ਵਿਚਲੀਆਂ ਸਮਾਜਿਕ ਕੁਰੀਤੀਆਂ ਬਾਰੇ ਸਾਹਿਤਕ ਪਾਣ ਨਾਲ ਜਾਣਕਾਰੀ ਦਿੰਦੀਆਂ ਹਨ। ਭਾਵੇਂ ਮਨਜੀਤ ਪੁਰੀ ਦਾ ਇਹ ਪਹਿਲਾ ਗ਼ਜ਼ਲ ਸੰਗ੍ਰਹਿ ਹੈ ਪ੍ਰੰਤੂ ਇਉਂ ਲੱਗਦਾ ਹੈ ਕਿ ਜਿਵੇਂ ਉਹ ਪ੍ਰੌੜ੍ਹ ਗ਼ਜ਼ਲਕਾਰ ਹੋਵੇ। ਗ਼ਜ਼ਲ ਦੇ ਮਾਪ ਦੰਡਾਂ ‘ਤੇ ਸਾਰੀਆਂ ਗ਼ਜ਼ਲਾਂ ਪੂਰੀਆਂ ਉਤਰਦੀਆਂ ਹਨ।  ਸੁਰ ਤਾਲ ਅਤੇ ਰਦੀਫ ਹੋਣ ਕਰਕੇ ਗ਼ਜ਼ਲਾਂ ਦਾ ਵਹਾਅ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿੰਦਾ ਮਹਿਸੂਸ ਹੁੰਦਾ ਹੈ।

ਗ਼ਜ਼ਲਕਾਰ ਦੇ ਵਿਸ਼ੇ ਵੀ ਸਤਰੰਗੀ ਹਨ, ਕਹਿਣ ਤੋਂ ਭਾਵ ਉਸ ਦੀਆਂ ਗ਼ਜ਼ਲਾਂ ਦੇ ਕਈ ਵਿਸ਼ੇ ਨਵੇਂ ਹਨ ਤੇ ਅਨੇਕ ਰੰਗਾਂ ਵਾਲੇ ਹਨ।  ਉਸ ਦੀਆਂ ਗ਼ਜ਼ਲਾਂ ਦੇ ਸਾਰੇ ਰੰਗਾਂ ਬਾਰੇ ਤਾਂ ਲਿਖਣਾ ਮੁਸ਼ਕਲ ਹੈ ਪ੍ਰੰਤੂ ਕੁਝ ਵੱਖਰੇ ਰੰਗਾਂ ਦਾ ਜ਼ਿਕਰ ਕਰਾਂਗਾ। ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਉਹ ਬਹੁਤ ਵਧੀਆ ਢੰਗ ਨਾਲ ਆਪਣੀਆਂ ਗ਼ਜ਼ਲਾਂ ਵਿੱਚ ਲੈਂਦਾ ਹੈ। ਇਥੋਂ ਤੱਕ ਕਿ ਕਈ ਗ਼ਜ਼ਲਾਂ ਪਿਆਰ ਮੁਹੱਬਤ ਦੇ ਗੀਤ ਵੀ ਗਾਉਂਦੀਆਂ ਹਨ ਪ੍ਰੰਤੂ ਉਨ੍ਹਾਂ ਵਿੱਚ ਵੀ ਲੋਕ ਭਲਾਈ ਦੇ ਉਦੇਸ਼ ਨੂੰ ਗਲੇਫ ਵਿੱਚ ਲਪਟਕੇ ਪੇਸ਼ ਕੀਤਾ ਹੋਇਆ ਹੈ।

ਉਸ ਦੀਆਂ ਗ਼ਜ਼ਲਾਂ ਨਿਰੀ ਪਿਆਰ ਮੁਹੱਬਤ ਦੀ ਗੱਲ ਨਹੀਂ ਕਰਦੀਆਂ ਸਗੋਂ ਲੋਕ ਹਿਤਾਂ ‘ਤੇ ਪਹਿਰਾ ਦਿੰਦੀਆਂ ਹਨ। ਗ਼ਜ਼ਲਾਂ ਇਨਸਾਨੀ ਮਾਨਸਿਕਤਾ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਇਨਸਾਨ ਦੇ ਅੰਦਰ ਹਮੇਸ਼ਾ ਕੀ ਉਥਲ ਪੁਥਲ ਹੁੰਦੀ ਰਹਿੰਦੀ ਹੈ ਤੇ ਫਿਰ ਉਹ ਉਸ ਨੂੰ ਕਿਵੇਂ ਸਮੇਟਦਾ ਹੈ, ਇਸ ਬਾਰੇ ਪ੍ਰਤੀਕਾਤਮਿਕ ਢੰਗ ਨਾਲ ਸ਼ਿਅਰ ਲਿਖੇ ਗਏ ਹਨ। ਇਸ ਕਰਕੇ ਆਦਮੀ ਕਹਿਣੀ ‘ਤੇ ਕਰਨੀ ਤੇ ਪੂਰਾ ਨਹੀਂ ਉਤਰਦਾ, ਉਸ ਅੰਤਰ ਨੂੰ ਗ਼ਜ਼ਲਕਾਰ ਬੜੇ ਸੁਚੱਜੇ ਢੰਗ ਨਾਲ ਲਿਖਦਾ ਹੈ। ਮੈਂ ਮਹਿਸੂਸ ਕੀਤਾ ਹੈ ਕਿ ਉਸ ਦੀਆਂ ਗ਼ਜ਼ਲਾਂ ਵਿੱਚ ਵਿਚਾਰ  ਪ੍ਰਧਾਨ ਹੈ। ਭਾਵ ਉਹ ਲਗਪਗ ਹਰ ਗ਼ਜ਼ਲ ਵਿੱਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਾ ਹੈ।  ਉਹ ਆਪਣੀ ਪਹਿਲੀ ਹੀ ਗ਼ਜ਼ਲ ਵਿੱਚ ਲਿਖਦਾ ਹੈ:
 
ਹੱਡੀਂ ਚੀਸਾਂ, ਸੀਨੇ ਕਸਕਾਂ, ਫਿਕਰ ਉਦਾਸੀ, ਤਨਹਾਈ
ਏਨਾ ਕੁਝ ਬਖ਼ਸ਼ਣ ਵਾਲੇ ਨੂੰ ਭੁੱਲ ਜਾਣਾ ਹੀ ਬਣਦਾ ਸੀ।

ਇਕ ਹੋਰ ਗ਼ਜ਼ਲ ਦਾ ਸ਼ਿਅਰ ਹੈ,

ਤੁਸੀਂ ਹੋ ਮਖ਼ਮਲੀ ਚੋਲ਼ੇ ‘ਚੋਂ ਜਿਸਨੂੰ ਭਾਲ਼ਦੇ ਫਿਰਦੇ
ਉਹ ਤਾਂ ਝੁੱਗੀਆਂ ਦੇ ਮੈਲੇ ਵਸਤਰਾਂ ਵਿੱਚ ਵਾਸ ਕਰਦਾ ਹੈ।

ਗ਼ਜ਼ਲਗੋ ਦੀਆਂ ਚੀਸਾਂ, ਕਸਕਾਂ, ਫਿਕਰ, ਉਦਾਸੀ ਤੇ ਤਨਹਾਈ ਵਰਗੇ ਸ਼ਬਦਾਂ ਦੀ ਵਰਤੋਂ ਕਰਨਾ ਆਮ ਤੌਰ ‘ਤੇ ਪਿਆਰ ਮੁਹੱਬਤ ਨਾਲ ਜੋੜਕੇ ਵੇਖਿਆ ਜਾਵੇਗਾ ਪ੍ਰੰਤੂ ਇਹ ਮਿਹਨਤਕਸ਼ ਇਨਸਾਨ ਦੇ ਦਰਦ ਵਲ ਇਸ਼ਾਰਾ ਕਰਦੀਆਂ ਹਨ। ਇਹ ਉਸ ਦਾ ਗ਼ਜ਼ਲ ਕਹਿਣ ਦਾ ਢੰਗ ਹੈ। ਇਸੇ ਤਰ੍ਹਾਂ ਗ਼ਜ਼ਲਗ਼ੋ ਸਿਆਸਤਦਾਨਾ ਦੀਆਂ ਹਰਕਤਾਂ ਅਤੇ ਚਾਲਾਂ ਨੂੰ ਆਪਣੀਆਂ ਗ਼ਜ਼ਲਾਂ ਦੇ ਵਿਸ਼ੇ ਬਣਾਕੇ ਲੋਕਾਈ ਨੂੰ ਉਨ੍ਹਾਂ ਦੇ ਚੁੰਗਲ ਵਿੱਚ ਫਸਣ ਤੋਂ ਬਚਣ ਲਈ ਖ਼ਬਰਦਾਰ ਕਰਨਾ ਚਾਹੁੰਦਾ ਹੈ। ਸਿਆਸਤਦਾਨਾ ਬਾਰੇ ਕੁਝ ਸ਼ਿਅਰ ਇਸ ਤਰ੍ਹਾਂ ਹਨ:

ਮਾਰ ਕੇ ਸਭ ਤਿਤਲੀਆਂ ਲਾਸ਼ਾਂ ਦੀ ਕੀਮਤ ਤੈਅ ਕਰੋ
ਬਾਗ਼ ਦੇ ਮਾਲੀ ਦਾ ਇਹ ਕੇਹਾ ਨਵਾਂ ਫ਼ੁਰਮਾਨ ਹੈ।

ਸਿਆਸਤ ਤਾਂ ਅਜੇ ਵੀ ਹੱਕ ਬਦਲੇ ਖ਼ੂਨ ਮੰਗਦੀ ਹੈ।
ਤੇ ਐਵੇਂ ਕਹਿਣ ਨੂੰ ਹੀ ਤਖ਼ਤ ‘ਤੇ ਗ਼ਮਖ਼ਾਰ ਆਏ ਨੇ।

ਹੱਕ ਦੀ ਆਵਾਜ਼ ਨੂੰ ਫ਼ਤੂਰ ਆਖੀ ਜਾਂਦੇ ਹਨ।
ਬੁਝੇ ਹੋਏ ਚਿਹਰਿਆਂ ਨੂੰ ਨੂਰ ਆਖੀ ਜਾਂਦੇ ਨੇ।

ਉਹ ਪਹਿਲਾਂ ਤਾਂ ਉਡਣ ਦੀ ਦਿੰਦਾ ਇਜਾਜ਼ਤ
ਤੇ ਫਿਰ ਹੇਠਾਂ ਲਹੁਣੇ ਦੀ ਵੀ ਠਾਣਦਾ ਹੈ।

ਗ਼ਜ਼ਲਾਂ ਦੀ ਸ਼ਬਦਾਵਲੀ ਦਿਹਾਤੀ ਸਭਿਆਚਾਰ ਵਿੱਚੋਂ ਲਈ ਗਈ ਹੈ। ਗ਼ਜ਼ਲਾਂ ਨੂੰ ਸਮਝਣ ਲਈ ਪਾਠਕ ਨੂੰ ਪੰਜਾਬੀ ਸਭਿਅਚਾਰ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਕਿਉਂਕਿ ਉਹ ਲਗਪਗ ਹਰ ਗ਼ਜ਼ਲ ਵਿੱਚ ਮੁੜ ਘਿੜ ਕੇ ਸਿੰਬਾਲਿਕ ਢੰਗ ਨਾਲ ਲਿਖਦਾ ਹੈ।  ਉਸ ਦੀਆਂ ਗ਼ਜ਼ਲਾਂ ਦੰਭੀ ਲੋਕਾਂ ਦੇ ਮਨੋਭਾਵਾਂ, ਗੱਲਾਂ ਦੇ ਕੜਾਹ ਬਣਾਉਣ, ਚਿਹਰਿਆਂ ਤੇ ਮਖੌਟੇ ਪਾਉਣ, ਨਫ਼ਰਤ, ਜਾਤ ਪਾਤ, ਲੂਤੀਆਂ ਲਾਉਣ ਅਤੇ ਗੁਆਂਢੀਆਂ ਦੀ ਤਰੱਕੀ ਤੋਂ ਖਾਰ ਖਾਣ ਵਾਲਿਆਂ ਤੇ ਕਟਾਖਸ਼ ਕਰਦੀਆਂ ਹਨ। ਦੋ ਗ਼ਜ਼ਲਾਂ ਵਿੱਚੋਂ ਗ਼ਜ਼ਲਗੋ ਦੇ ਦੋ ਸ਼ਿਅਰ ਇਸ ਪ੍ਰਕਾਰ ਹਨ:

ਖ਼ਬਰ ਮਿਲਦੇ ਹੀ ਮੇਰੇ ਖੰਭ ਕੱਟਣ ਦੌੜ ਪਏ ਸਾਰੇ
ਬੜਾ ਮਹਿੰਗਾ ਪਿਆ ਉਡਣ ਦਾ ਸੁਪਨਾ ਪਾਲ਼ ਕੇ ਰੱਖਣਾ।

ਸ਼ੁਕਰ ਹੈ ਕਿ ਜ਼ਹਿਰ ਨਕਲੀ ਅਤੇ ਆਪਾਂ ਵੀ ਤਾਂ
ਕਾਗਜ਼ੀ ਸੁਕਰਾਤ ਸਾਂ ਤੇ ਬਚ ਗਏ ਹਾਂ ਵਾਲ ਵਾਲ।

ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਵਿੱਚ ਬਹੁਤ ਹੀ ਸੰਜੀਦਾ ਵਿਸ਼ੇ ਚੁਣੇ ਹਨ। ਰੁੱਖਾਂ, ਪਾਣੀ ਅਤੇ ਪੰਛੀਆਂ ਦੇ ਬਚਾਓ ਨਾਲ ਹੀ ਵਾਤਾਵਰਨ ਸੰਤੁਲਨ ਰਹਿ ਸਕਦਾ ਹੈ। ਇਸ ਲਈ ਗ਼ਜ਼ਲਗੋ ਨੇ ਆਪਣੀਆਂ ਬਹੁਤ ਸਾਰੀਆਂ ਗ਼ਜ਼ਲਾਂ ਵਿੱਚ ਅਜਿਹੇ ਸ਼ਿਅਰ ਲਿਖੇ ਹਨ, ਜਿਹੜੇ ਜੰਗਲਾਂ, ਪੰਛੀਆਂ ਅਤੇ ਪਾਣੀ ਦੀ ਬਚਤ ਅਤੇ ਸਾਫ ਸੁਥਰੇ ਪਾਣੀ ਦੇ ਯੋਗਦਾਨ ਸੰਬੰਧੀ ਬੜੇ ਮਹੱਤਵਪੂਰਨ ਅਤੇ ਸੰਵੇਨਸ਼ੀਲ ਹਨ। ਇਨਸਾਨ ਬਹੁਤ ਹੀ ਖੁਦਗਰਜ਼ ਹੋ ਗਿਆ ਹੈ। ਉਹ ਆਪਣੇ ਲਾਭਾਂ ਲਈ ਜੰਗਲਾਂ ਨੂੰ ਖ਼ਤਮ ਕਰਦਾ ਜਾ ਰਿਹਾ ਹੈ। ਪਾਣੀ ਦੀ ਦੁਰਵਰਤੋਂ ਕਰ ਰਿਹਾ ਹੈ। ਜੰਗਲਾਂ ਦੇ ਖ਼ਤਮ ਹੋਣ ਨਾਲ ਪੰਛੀਆਂ ਦਾ ਜੀਣਾ ਦੁਭਰ ਹੋ ਗਿਆ ਹੈ। ਵਾਤਾਵਰਨ ਨਾਲ ਖਿਲਵਾੜ ਕਰ ਰਿਹਾ ਹੈ। ਮਨਜੀਤ ਪੁਰੀ ਦੇ ਕੁਝ ਸ਼ਿਅਰ ਇਸ ਪ੍ਰਕਾਰ ਹਨ:
 
ਉਹ ਧੁਖਦੀ ਅਗਨ ਤਾਈਂ ਭਾਂਬੜ ਬਣਾ ਕੇ,
ਬੜਾ ਖ਼ੁਸ਼ ਹੁੰਦਾ ਹੈ ਜੰਗਲ ਜਲਾ ਕੇ।

ਬਿਰਖ਼ਾਂ ਨੂੰ ਝਾੜ ਝੰਬ ਕੇ, ਵਰਕੇ ਖ਼ਰਾਬ ਕਰਕੇ।
ਛਾਵਾਂ ਦੀ ਆਸ ਰੱਖਦੈਂ, ਪਾਣੀ ਤੇਜ਼ਾਬ ਕਰਕੇ।

ਅਸੀਂ ਜੇ ਵੇਲੇ ਸਿਰ ਪਾਣੀ, ਹਵਾ ਤੇ ਨਿੱਘ ਦੇ ਦਿੰਦੇ
ਕਿਸੇ ਬੂਟੇ ਨੇ ਕਿਹੜਾ ਮੌਲਣੋ ਇਨਕਾਰ ਕਰਨਾ ਸੀ।

ਕਿ ਨਿੱਘੇ ਕਰਨ ਲਈ ਖ਼ੁਦ ਨੂੰ ਬਥੇਰੇ ਸਾੜ ਲਏ ਸਾਏ
ਚਲੋ ਹੁਣ ਸੜ ਰਹੇ ਬਿਰਖ਼ਾਂ ‘ਤੇ ਪਾਣੀ ਡੋਲਿ੍ਹਆ ਜਾਵੇ।

ਜਲਾਈਆਂ ਨਿੱਘ ਲਈ ਅੱਗਾਂ ਜਦੋਂ ਹੁਣ ਬਣਗੀਆਂ ਭਾਂਬੜ
ਤੇ ਹੁਣ ਕਹਿੰਦੇ ਬੁਝਾਓ ਬੇ-ਵਜ੍ਹਾ ਪਏ ਲੋਕ ਮਰਦੇ।

ਰੈਣ ਬਸੇਰਾ ਕਰਦੇ ਪੰਛੀ ਕੀ ਜਾਨਣ ਕਿ ਆਲ੍ਹਣਿਆਂ ਨੂੰ
ਹੰਕਾਰੀ ਨ੍ਹੇਰੀ ਦੇ ਬੁੱਲੇ ਤੀਲਾ ਤੀਲਾ ਕਰ ਜਾਵਣਗੇ।

ਵੱਢ ਕੇ ਰੁੱਖਾਂ ਨੂੰ ਕਰ ਲਏ ਨੇ ਵਸੇਬੇ ਜੰਗਲੀਂ
ਬੰਦਿਆਂ ਲਈ ਇੰਤਜ਼ਾਮ ਪੰਛੀਆਂ ‘ਤੇ ਕਹਿਰ ਹੈ।

ਜੋ ਪੰਛੀ ਬਚਾਵਣ ਲਈ ਤਕਰੀਰ ਕਰਦੈ
ਉਹ ਅੰਦਰੋਂ ਮਗਰ ਹੈ ਸਿਰੇ ਦਾ ਸ਼ਿਕਾਰੀ।

ਵਰਤਮਾਨ ਸਮਾਜ ਵਿੱਚ ਭਾਈਚਾਰਕ ਸਾਂਝ ਦੀ ਥਾਂ ਨਫ਼ਰਤ ਭਾਰੂ ਹੈ। ਸ਼ਰਾਰਤੀ ਸਮਾਜ ਵਿਰੋਧੀ ਲੋਕ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਦੀ ਖ਼ਾਤਰ ਨਸਲੀ ਵਿਤਕਰੇ ਅਤੇ ਨਫ਼ਰਤ ਦੇ ਬੀਜ ਬੀਜਦੇ ਹਨ ਤਾਂ ਜੋ ਉਹ ਆਪਣਾ ਨਿਸ਼ਾਨਾ ਪ੍ਰਾਪਤ ਕਰ ਸਕਣ। ਮਨਜੀਤ ਪੁਰੀ ਅਜਿਹੇ ਲੋਕਾਂ ਬਾਰੇ ਆਪਣੇ ਸ਼ਿਅਰਾਂ ਵਿੱਚ ਲਿਖਦੇ ਹਨ:

ਨਫ਼ਰਤ ਜਿਸਨੂੰ ਨਸ਼ੇ ਵਾਂਗ ਚੜ੍ਹਦੀ ਉਸ ਅੱਗੇ
ਤੇਰੀ ਮੇਰੀ ਦਰਦ ਕਹਾਣੀ ਬੇ-ਮਕਸਦ ਹੈ।

ਮੇਰਾ ਕੀ ਰੰਗ ਹੈ, ਕੀ ਨਸਲ ਤੇ ਕੀ ਜ਼ਾਤ ਹੈ ਮੇਰੀ
ਇਹ ਪਾਣੀ ਪਿਆਸ ਤੋਂ ਪਹਿਲਾਂ ਮੇਰੀ ਔਕਾਤ ਪੁੱਛਦੇ ਨੇ।

ਹੈ ਫੜਿਆ ਇੱਕ ਹੱਥ ਖ਼ੰਜਰ ਤੇ ਦੂਜੇ ਹੱਥ ਵਿੱਚ ਤਸਬੀ
ਅਜਬ ਇਸ ਦੌਰ ਦੇ ਲੋਕਾਂ ਅਜਬ ਹੀ ਸ਼ੌਕ ਪਾਲੇ ਨੇ।

ਨਗਰ ਦਾ ਗੰਧਲਿਆ ਪਾਣੀ ਜਦੋਂ ਵਿਰਲਾਪ ਕਰਦਾ ਹੈ।
ਇਵੇਂ ਜਾਪੇ ਜਿਵੇਂ ਨਿੱਤਰੀ ਨਦੀ ਦਾ ਜਾਪ ਕਰਦਾ ਹੈ।

ਮਨਜੀਤ ਪੁਰੀ ਦਾ ਇਹ ਅਜੇ ਪਲੇਠਾ ਗ਼ਜ਼ਲ ਸੰਗ੍ਰਹਿ ਹੈ, ਉਸ ਕੋਲੋਂ ਭਵਿਖ ਵਿੱਚ ਹੋਰ ਬਿਹਤਰੀਨ ਗ਼ਜ਼ਲਾਂ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਬਹੁਤਾਤ ਨਾਲੋਂ ਕੁਆਲਿਟੀ ਵਿੱਚ ਵਿਸ਼ਵਾਸ਼ ਰੱਖਦਾ ਹੈ। 72 ਪੰਨਿਆਂ, 170 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1226
***

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ