17 September 2024

ਪੁਸਤਕ ਰੀਵਿਊ: ਪੋਹ ਮਹੀਨੇ ਦਾ ਮਾਰਮਿਕ ਬਿਰਤਾਂਤ— ਪ੍ਰੋ. ਨਵ ਸੰਗੀਤ ਸਿੰਘ 

* ਪੁਸਤਕ : ਯਖ਼ ਰਾਤਾਂ ਪੋਹ ਦੀਆਂ… (6 ਪੋਹ ਤੋਂ 13 ਪੋਹ)
* ਕਵੀ : ਇੰਜੀ. ਸਤਨਾਮ ਸਿੰਘ ਮੱਟੂ
* ਪ੍ਰਕਾਸ਼ਕ : ਜੇ ਪੀ ਪਬਲੀਕੇਸ਼ਨ ਪਟਿਆਲਾ 
* ਪੰਨੇ : 94
* ਮੁੱਲ : 100/-

ਇੰਜੀ. ਸਤਨਾਮ ਸਿੰਘ ਮੱਟੂ ਨੇ ਤਕਨੀਕੀ ਵਿੱਦਿਆ (ਬੀਟੈੱਕ) ਪਾਸ ਕਰਕੇ ਉਪ ਮੰਡਲ ਇੰਜੀਨੀਅਰ ਦਾ ਕਿੱਤਾ ਅਪਣਾਇਆ ਹੈ। ਪਰ ਉਹ ਪੰਜਾਬੀ ਦਾ ਚੰਗੀ ਪਾਠਕ ਅਤੇ ਲੇਖਕ ਵੀ ਹੈ। ਉਹਦੀਆਂ ਲਿਖਤਾਂ ਦੇਸ਼ ਵਿਦੇਸ਼ ਦੇ ਪੰਜਾਬੀ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਅਕਸਰ ਛਪਦੀਆਂ ਰਹਿੰਦੀਆਂ ਹਨ। ਕੁਝ ਸਾਂਝੇ ਕਾਵਿ ਸੰਗ੍ਰਹਿ (ਕਲਮ ਕਾਫ਼ਲਾ, ਕਲਮਾਂ ਬੋਲਦੀਆਂ, ਚੰਨ ਰਿਸ਼ਮਾਂ ਆਦਿ) ਵਿੱਚ ਵੀ ਉਹਦੀਆਂ ਕਵਿਤਾਵਾਂ ਛਪ ਚੁੱਕੀਆਂ ਹਨ। ਇਸਤੋਂ ਬਿਨਾਂ ਉਹ ਇੱਕ ਵਧੀਆ ਗੀਤਕਾਰ ਵੀ ਹੈ, ਜਿਸਦੇ ਲਿਖੇ ਧਾਰਮਿਕ, ਸਮਾਜਕ ਅਤੇ ਸਭਿਆਚਾਰ ਗੀਤਾਂ ਨੂੰ ਕੁਝ ਗਾਇਕਾਂ ਨੇ ਆਪਣੀ ਆਵਾਜ਼ ਵੀ ਦਿੱਤੀ ਹੈ। ਹੁਣ ਉਹਨੇ ਆਪਣੀ ਪਲੇਠੀ ਕਾਵਿ ਕਿਤਾਬ ‘ਯਖ਼ ਰਾਤਾਂ ਪੋਹ ਦੀਆਂ…’ ਨਾਲ਼ ਪੰਜਾਬੀ ਸਾਹਿਤ ਸੰਸਾਰ ਵਿੱਚ ਦਸਤਕ ਦਿੱਤੀ ਹੈ। ਬੀਂਬੜ (ਸੰਗਰੂਰ) ਦੇ ਜੰਮਪਲ  ਅਤੇ ਹੁਣ ਪਟਿਆਲੇ ਰਹਿੰਦੇ ਇਸ ਲੇਖਕ ਨੂੰ ਪੰਜਾਬ ਸਰਕਾਰ, ਮਲੇਸ਼ੀਆ ਅਤੇ ਹੋਰ ਬਹੁਤ ਸਾਰੀਆਂ ਸਭਾ ਸੁਸਾਇਟੀਆਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਰੀਵਿਊ ਅਧੀਨ ਪੁਸਤਕ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਸ ਵਿੱਚ ਸਰਬੰਸਦਾਨੀ ਗੁਰੂ, ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨਾਲ਼ ਪੋਹ ਦੇ ਮਹੀਨੇ ਵਿੱਚ ਵਾਪਰੀਆਂ ਘਟਨਾਵਾਂ ਦਾ ਸੋਜ਼-ਭਰਪੂਰ ਕਾਵਿ ਬਿਆਨ ਹੈ। ਸਿੱਖ ਧਰਮ ਨਾਲ਼ ਸੰਬੰਧਿਤ ਸਾਰੇ ਪਾਠਕ ਅਤੇ ਆਮ ਵਿਅਕਤੀ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੋਹ (6 ਤੋਂ 13) ਦੇ ਇਨ੍ਹਾਂ ਦਿਨਾਂ ਵਿੱਚ ਦਸ਼ਮੇਸ਼ ਪਿਤਾ ਨੇ ਆਪਣੀ ਸਾਰੇ ਪਰਿਵਾਰ (ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ) ਨੂੰ ਦੇਸ਼, ਧਰਮ ਅਤੇ ਕੌਮ ਦੀ ਖਾਤਰ ਨਿਛਾਵਰ ਕਰ ਦਿੱਤਾ ਸੀ।

ਪੁਸਤਕ ਵਿੱਚ ਕੁੱਲ 51 ਕਵਿਤਾਵਾਂ ਹਨ। ਕਿਤਾਬ ਦੇ ਮੁੱਢ ਵਿੱਚ ਡਾ.ਦਰਸ਼ਨ ਸਿੰਘ ਆਸ਼ਟ, ਦਲਵੀਰ ਸਿੰਘ ਧਾਲੀਵਾਲ, ਇੰਜੀ. ਸਤਨਾਮ ਸਿੰਘ ਧਨੋਆ ਅਤੇ ਖੁਦ ਲੇਖਕ ਵੱਲੋਂ ਪੁਸਤਕ ਬਾਰੇ ਵਿਚਾਰ ਅੰਕਿਤ ਹਨ। 6 ਤੋਂ 13 ਪੋਹ ਸੰਬੰਧੀ ਕਾਵਿ ਰਚਨਾ ਕਰਨ ਦੇ ਨਾਲ਼ ਨਾਲ਼ ਕਵੀ ਨੇ ਗੁਰੂ ਗੋਬਿੰਦ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਬੀਬੀ ਸ਼ਰਨ ਕੌਰ, ਬਾਬਾ ਮੋਤੀ ਰਾਮ ਮਹਿਰਾ, ਬੇਗਮ ਜ਼ੈਨਾ, ਦੀਵਾਨ ਟੋਡਰ ਮੱਲ ਭਾਈ ਜੈਤਾ ਜੀ, ਮਾਤਾ ਗੁਜਰੀ ਜੀ ਅਤੇ ਸਿੰਘਾਂ ਦੀ ਬਹਾਦਰੀ ਬਾਰੇ ਵੀ ਬਹੁਤ ਸਾਰੀਆਂ ਕਵਿਤਾਵਾਂ/ਗੀਤ ਇਸ ਪੁਸਤਕ ਵਿੱਚ ਦਰਜ ਹਨ। ਕਵੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਪੁਸਤਕ ਦੀ ਰਚਨਾ ਕਰਨ ਤੋਂ ਪਹਿਲਾਂ ਉਹਨੇ ਇਸ ਬਿਰਤਾਂਤ ਨਾਲ਼ ਸੰਬੰਧਿਤ ਬਹੁਤ ਸਾਰਾ ਸਾਹਿਤ, ਖੋਜ ਪੁਸਤਕਾਂ, ਸਿੱਖ ਪੰਥ ਵਿਸ਼ਵਕੋਸ਼, ਮਹਾਨ ਕੋਸ਼ ਆਦਿ ਦਾ ਅਧਿਐਨ ਕੀਤਾ। ਕਵੀ ਨੇ ਲਗਭਗ ਹਰ ਕਵਿਤਾ/ਗੀਤ ਦੇ ਅੰਤ ਵਿੱਚ ਆਪਣਾ ਨਾਂ, ਪਿੰਡ ਦਾ ਨਾਂ ਦਰਜ ਕੀਤਾ ਹੈ।

ਪਾਠਕਾਂ ਦੀ ਦਿਲਚਸਪੀ ਲਈ ਪੁਸਤਕ ‘ਚੋਂ ਕਵੀ ਦੀਆਂ ਭਾਵਨਾਵਾਂ/ ਜਜ਼ਬੇ ਨੂੰ ਪ੍ਰਗਟਾਉਂਦੀਆਂ ਕੁਝ ਪੰਕਤੀਆਂ ਪੇਸ਼ ਹਨ :

– ਬੀਂਬੜ ਦੇ ਮੱਟੂ ਲਿਖ ਇਤਿਹਾਸ ਦਿੱਤਾ ਸੱਚ
  ਜ਼ੁਲਮ ਦੀ ਇੰਤਹਾ ਤੇ ਭਰ ਭਰ ਆਉਂਦਾ ਗੱਚ।
  ਜਿਵੇਂ ਗੁਜ਼ਰੀ, ਗੁਜ਼ਾਰੀ ਮਾਤਾ ਗੁਜਰੀ।
 ਜਿਵੇਂ ਚਾਹਿਆ ਵਾਹਿਗੁਰੂ ਗੁਜ਼ਾਰੀ ਮਾਤਾ ਗੁਜਰੀ। (85)

– ਰਾਤ ਦਾ ਹਨੇਰਾ ਬਿਜਲੀ ਦੀ ਚਮਕ ‘ਚ ਸਿੰਘ ਪੈਂਦੇ ਟੁੱਟ ਕੇ।
  ਭਾਜੜਾਂ ਪੁਆਉਂਦੇ ਛੁਡਵਾ ਦਿੰਦੇ ਛੱਕੇ ਆਉਂਦੇ ਰੁਕ ਰੁਕ ਕੇ।
  ਟਿੱਡੀ ਦਲ ਭਜਦਾ ਬਚਾ ਕੇ ਜਦੋਂ ਖਤਰਾ ਹੋ ਜਾਂਦਾ ਜਾਨ ਦਾ।
  ਸਰਸਾ ਦੇ ਕੰਢੇ ਉੱਤੇ ਯੁੱਧ ਛਿੜ ਗਿਆ ਬੜੇ ਘਮਸਾਣ ਦਾ।
                                                                (28)

  ਇਸ ਤਰ੍ਹਾਂ ਇਹ ਕਾਵਿ ਸੰਗ੍ਰਹਿ ਸਿੱਖ ਧਰਮ ਦੀ ਇੱਕ ਮਹਾਨ ਗਾਥਾ ਨੂੰ ਬੜੇ ਭਾਵਪੂਰਤ ਢੰਗ ਨਾਲ ਪੇਸ਼ ਕਰਨ ਵੱਲ ਅਗ੍ਰਸਰ ਹੈ। ਇੰਜੀ. ਸਤਨਾਮ ਸਿੰਘ ਮੱਟੂ ਇਸ ਕਾਰਜ ਲਈ ਵਧਾਈ ਦਾ ਹੱਕਦਾਰ ਹੈ।
  ***

# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1192
***

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →