24 May 2024

ਡਾ. ਜਗਤਾਰ ਦੀਆਂ ਯਾਦਾਂ ‘ਤੇ ਸ਼ਾਇਰੀ—ਪਿਆਰਾ ਸਿੰਘ ਕੁੱਦੋਵਾਲ

ਹੁਣ ਵੀ ਛਿੜਦਾ ਹੈ ਕਦੇ, ਚਰਚਾ ਕਿਤੇ ‘ਜਗਤਾਰ’ ਦਾ
ਯਾਦ ਕਰ ਕਰ ਹੁਣ ਵੀ ਹੁੰਦਾ ਹੈ ਕੋਈ ਉਪਰਾਮ ਲਿਖ?
                                        —ਹਰ ਮੋੜ ਤੇ ਸਲੀਬਾਂ ਪੰਨਾ 133

ਫੋਟੋ: ਵਿਕੀਪੀਡੀਆ ਦੇ ਧੰਨਵਾਦ ਨਾਲ

ਹਾਂ, ਡਾ. ਜਗਤਾਰ ਸਾਹਿਬ ਲੋਕ ਅੱਜ ਵੀ ਤੁਹਾਨੂੰ ਯਾਦ ਕਰਦੇ ਹਨ ਅਤੇ ਤੁਹਾਡੀ ਸ਼ਾਇਰੀ ਪੜ੍ਹ ਕੇ ਉਪਰਾਮ ਹੁੰਦੇ ਹਨ। ਚਾਰ ਦਹਾਕਿਆਂ ਤੋਂ ਉਪਰ ਪੰਜਾਬ, ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਦੀ ਬਿਹਤਰੀ ਲਈ ਕੰਮ ਕਰਦੇ ਰਹੇ ਅਤੇ ਪੰਜਾਬੀ ਸਾਹਿਤ ਨੂੰ ਇਕ ਉੱਚ ਪੱਧਰੀ ਸੰਵੇਦਨਾਸ਼ੀਲ ਅਤੇ ਜੁਝਾਰ ਵਾਦੀ ਸ਼ਾਇਰੀ ਨਾਲ ਭਰਪੂਰ ਕੀਤਾ। ਤੁਸੀਂ ਪੰਜਾਬੀ ਗ਼ਜ਼ਲ ਨੂੰ ਇਕ ਨਵੇਂ ਮੋੜ ਦਿੱਤੇ ਅਤੇ ਇਕ ਮੁਕਾਮ ਤੱਕ ਪਹੁੰਚਾਇਆ। ਇਸ ਲਈ ਤੁਹਾਡਾ ਚਰਚਾ ਛਿੜਦਾ ਰਹੇਗਾ। ਜਨਾਬ ਜਗਵਿੰਦਰ ਜੋਧਾ ਅਨੁਸਾਰ, ”ਜਗਤਾਰ ਪੰਜਾਬੀ ਗ਼ਜ਼ਲ ਸਿਰਜਣਾ ਵਿੱਚ ਇੱਕ ਪੂਰੇ ਦੌਰ ਦਾ ਨਾਂ ਹੈ ਜੋ ਪੰਜਾਬੀ ਭਾਸ਼ਾ ਦੀ ਗ਼ਜ਼ਲ ਉੱਪਰ ਬੜੇ ਗੂੜ੍ਹੇ ਤੇ ਸਥਾਈ ਪ੍ਰਭਾਵ ਅੰਕਿਤ ਕਰਦਾ ਹੈ। ਉਸ ਦੀ ਗ਼ਜ਼ਲਕਾਰੀ ਦਾ ਸਫ਼ਰ ਤਕਰੀਬਨ ਸਾਢੇ ਚਾਰ ਦਹਾਕੇ ਜਾਰੀ ਰਿਹਾ। ਇਸ ਕਾਲ ਖੰਡ ਵਿੱਚ ਆਈਆਂ ਤਬਦੀਲੀਆਂ ਦੇ ਨਕਸ਼ ਵੀ ਉਸ ਦੀ ਗ਼ਜ਼ਲ ਰਚਨਾ ਵਿੱਚੋਂ ਸਪੱਸ਼ਟ ਪਛਾਣੇ ਜਾ ਸਕਦੇ ਹਨ।“ ਡਾ. ਜਗਤਾਰ ਸਾਹਿਬ ਆਪਣੀ ਗ਼ਜ਼ਲ ਸ਼ੈਲੀ, ਰੂਹਦਾਰੀ ਅਤੇ ਹੁਨਰ ਬਾਰੇ ਇਕ ਉਸਾਰੂ ਟਿੱਪਣੀ ਕਰਦੇ ਹਨ। ਉਹਨਾਂ ਨੇ ਜਿਸ ਲਗਨ ਮਿਹਨਤ ਨਾਲ ਇਸ ਰੂਪ ਨੂੰ ਅਪਨਾਇਆ ਤੇ ਅੱਗੇ ਵਧਾਇਆ ਉਹਨਾਂ ਨੂੰ ਫ਼ਿਕਰ ਵੀ ਹੈ ਕਿ ਕੋਈ ਹੋਰ ਵੀ ਕਰ ਸਕੇਗਾ?

ਕੌਣ ਮੇਰੇ ਬਾਅਦ ਪਾਲੇਗਾ ਹੁਨਰ, ਮੁਸ਼ਕਲ ਪਸੰਦ
ਕੌਣ ਸ਼ਬਦਾਂ ਦੇ ਨਗੀਨੇ ਹਰ ਗ਼ਜ਼ਲ ਅੰਦਰ ਜੜੇਗਾ     – –ਜੁਗਨੂੰ ਦੇ ਹੱਥ ਸੂਰਜ ਪੰਨਾ 91

ਡਾ. ਜਗਤਾਰ ਜਲੰਧਰ ਜ਼ਿਲ੍ਹੇ ਦੇ ਇਕ ਪਿੰਡ ਰਾਜਗੋਮਾਲ ਦੇ ਜੰਮ ਪਲ ਸਨ। ਉਨ੍ਹਾਂ ਦਾ ਜਨਮ 23 ਮਾਰਚ 1935 ਨੂੰ ਹੋਇਆ ਅਤੇ 75 ਸਾਲ ਦੀ ਉਮਰ ਭੋਗ ਕੇ 30 ਮਾਰਚ 2010 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਜਾਣ ਤੋਂ ਪਹਿਲਾਂ ਉਨ੍ਹਾਂ ਨੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ, ਸਾਹਿਤ ਪ੍ਰੇਮੀਆਂ, ਲੇਖਕਾਂ ਤੇ ਸ਼ਾਇਰਾਂ ਨੂੰ ਪ੍ਰਭਾਵਿਤ ਕੀਤਾ। ਕਿੰਨੇ ਹੀ ਸ਼ਾਇਰ ਉਨ੍ਹਾਂ ਦੇ ਸ਼ਾਗਿਰਦ ਰਹੇ ਤੇ ਬਾਅਦ ਵਿੱਚ ਗ਼ਜ਼ਲ ਉਸਤਾਦ ਕਹਾਉਣ ਲੱਗੇ। ਉਹਨਾਂ ਨੇ ਇਕ ਟਿੱਪਣੀ ਵੀ ਕੀਤੀ ਹੈ:

ਜਗਤਾਰ ਉਹ ਗ਼ਜ਼ਲ ਦੇ ਉਸਤਾਦ ਬਣ ਰਹੇ ਨੇ
ਜੋ ਲੋਕ ਤੂੰ ਕਦੇ ਸੀ ਤੋਤੇ ਤਰ੍ਹਾਂ ਪੜ੍ਹਾਏ     — ਜੁਗਨੂੰ ਦੇ ਹੱਥ ਸੂਰਜ ਪੰਨਾ 43

ਡਾ. ਜਗਤਾਰ ਇਕ ਪ੍ਰਗਤੀ ਵਾਦੀ ਸ਼ਾਇਰ ਸਨ। ਉਹ ਫਾਰਸੀ, ਉਰਦੂ ਤੇ ਪੰਜਾਬੀ ਵਿੱਚ ਐਮ. ਏ. ਸਨ ਅਤੇ “ਹੀਰ ਦਮੋਦਰ ਦੇ ਕਿੱਸੇ ਤੇ ਪੀਐੱਚ. ਡੀ. ਕੀਤੀ। ਉਹਨਾਂ ਨੇ ਉਰਦੂ ਸਾਹਿਤ ਦੀਆਂ ਦੋ ਪੁਸਤਕਾਂ ਦਾ ਲਿਪੀਅੰਤਰ ਅਤੇ ਤਿੰਨ ਉਰਦੂ ਅਤੇ ਚਾਰ ਅੰਗਰੇਜ਼ੀ ਪੁਸਤਕਾਂ ਦਾ ਅਨੁਵਾਦ ਕੀਤਾ। ਚਾਰ ਕਿਤਾਬਾਂ ਅੰਗਰੇਜ਼ੀ ਵਿੱਚ ਵੀ ਲਿਖੀਆਂ। ਉਹਨਾਂ ਨੇ ਤਕਰੀਬਨ ਅੱਠ ਪੁਸਤਕਾਂ ਦਾ ਸੰਪਾਦਨ ਕੀਤਾ। ਉਹਨਾਂ ਦੀ ਕਾਵਿ ਸਿਰਜਨਾ ਇਸ ਪ੍ਰਕਾਰ ਹੈ: ਰੁੱਤਾਂ ਰਾਂਗਲੀਆਂ 1957 ਤਲਖੀਆਂ ਰੰਗੀਨੀਆਂ 1960 , ਦੁੱਧ ਪੱਥਰੀ 1961 ਅਧੂਰਾ ਆਦਮੀ 1967 , ਲਹੂ ਤੇ ਨਕਸ਼ 1973 ਛਾਂਗਿਆ ਰੁੱਖ 1976 ਸ਼ੀਸ਼ੇ ਦਾ ਜੰਗਲ 1980, ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ 1985, ਚਨੁਕਰੀ ਸ਼ਾਮ 1990, ਜੁਗਨੂੰ ਦੀਵਾ ਤੇ ਦਰਿਆ 1992, ਜੁਗਨੂੰ ਦੇ ਹੱਥ ਸੂਰਜ 1997, ਅੱਖਾਂ ਵਾਲੀਆਂ ਪੈੜਾਂ 1999, ਮੇਰੇ ਅੰਦਰ ਇਕ ਸਮੁੰਦਰ, ਪਰਵੇਸ਼ ਦੁਆਰ 2003, ਮੋਮ ਲੋਕ 2006। ਉਹਨਾਂ ਨੂੰ ਪੁਰਾਤਨ ਸਿੱਕੇ, ਵਸਤਾਂ ਇਕੱਠੀਆਂ ਕਰਨ ਦਾ ਅਤੇ ਸ਼ਿਕਾਰ ਖੇਡਣ ਦਾ ਬੜਾ ਸ਼ੌਕ ਸੀ। ਬਹੁਤ ਸਾਰੇ ਸ਼ਾਇਰਾਂ ਨੇ ਇਹ ਸਿੱਕੇ ਵਸਤਾਂ ਵੇਖੀਆਂ ਮੈਨੂੰ ਵੀ ਕੁਝ ਇਕ ਵੇਖਣ ਦਾ ਮੌਕਾ ਮਿਲਿਆ।

‘ਉਹਨਾਂ ਇਕ ਵਾਰ ਜ਼ਿਕਰ ਕੀਤਾ ਸੀ ਕਿ ਸ਼ੁਰੂਆਤੀ ਦੌਰ ਵਿੱਚ ਉਹਨਾਂ ਨੇ ਵੀ ਗੀਤ ਲਿਖੇ’ ਪਰ ਨਕਸਲੀ ਲਹਿਰ ਦੌਰਾਨ ਉਹ ਗ਼ਜ਼ਲ ਨੂੰ ਪਰਨਾਏ ਗਏ। ਉਹਨਾਂ ਨੇ ਇਸ ਕਾਵਿ ਰੂਪ ਵਿੱਚ ਆਪਣੀ ਸੋਚ ਅਤੇ ਵਿਚਾਰਧਾਰਾ ਦਾ ਪ੍ਰਗਟਾਉ ਇਸ ਕਦਰ ਕੀਤਾ ਕਿ ਉਹ ਗ਼ਜ਼ਲ ਦਾ ਸਿਰਮੌਰ ਸ਼ਾਇਰ ਬਣ ਗਏ। ਉਹਨਾਂ ਦੇ ਕਾਵਿ ਸੰਗ੍ਰਹਿ ”ਜੁਗਨੂੰ ਦੀਵਾ ਤੇ ਦਰਿਆ” ਨੂੰ 1995 ਵਿੱਚ ਭਾਰਤੀਯ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ। ਡਾ. ਸਾਧੂ ਸਿੰਘ ਹਮਦਰਦ ਜੀ ਨੇ ਉਹਨਾਂ ਦੀ ਗ਼ਜ਼ਲ ਤੇ ਇਸ ਤਰ੍ਹਾਂ ਟਿੱਪਣੀ ਕੀਤੀ: ” …ਉਹ (ਡਾ. ਜਗਤਾਰ) ਅੱਜ ਪੰਜਾਬੀ ਦੇ ਉੱਚ ਕੋਟੀ ਦੇ ਗ਼ਜ਼ਲ-ਗੋਆਂ ਵਿੱਚੋਂ ਹੈ। ‘ਜਗਤਾਰ’ ਦੀ ਗ਼ਜ਼ਲ ਅੱਜ ਦੀ ਗ਼ਜ਼ਲ ਦੇ ਸਾਰੇ ਵਿਸ਼ੇ ਅਤੇ ਰੰਗ ਸਮੋਈ ਬੈਠੀ ਹੈ। ਉਹ ਪੁਰਾਣੀ ਅਤੇ ਆਧੁਨਿਕ, ਦੋਹਾਂ ਤਰ੍ਹਾਂ ਦੀ ਸ਼ਬਦਾਵਲੀ ਵਰਤਦਾ ਹੈ”। ਪੰਨਾ 339

ਸਮਾਂ ਪਾ ਕੇ ਜੋ ਮਰ ਜਾਏਗੀ ਉਸ ਸ਼ਾਇਰੀ ਦਾ ਵੀ ਕੀ ਫਾਇਦਾ,
ਜੋ ਸਦੀਆਂ ਤਕ ਰਹੇ ਜ਼ਿੰਦਾ ਕੋਈ ਐਸੀ ਕਿਤਾਬ ਲਿਖ।        —(ਪੰਨਾ 168 ਹਰ ਮੋੜ ਤੇ ਸਲੀਬਾਂ)

ਉਹਨਾਂ ਨੇ ਸ਼ੁਰੂ ਵਿੱਚ ਗੀਤ ਲਿਖੇ। ਗੀਤ ਪਹਿਲੇ ਪਿਆਰ ਦੇ ਪਹਿਲੇ ਪ੍ਰਗਟਾਵੇ ਵਾਂਗ ਹੁੰਦੇ ਹਨ। ਪਿਆਰ ਹੋਣ ਦਾ ਅਹਿਸਾਸ ਹੋਣਾ, ਉਸਦਾ ਕਬੂਲ ਹੋਣਾ ਫਿਰ ਪ੍ਰਗਟਾਅ ਕਰਨਾ, ਉਸਦੀ ਝਲਕ ਵੇਖਣ ਲਈ ਸਹਿਕਣਾ, ਜੇ ਦਿੱਸ ਜਾਏ ਜਾਂ ਮੁਲਾਕਾਤ ਹੋ ਜਾਏ ਤਾਂ ਇੰਞ ਲਗਣਾ ਜਿਵੇਂ ਸਾਰੀ ਦੁਨੀਆਂ ਦੀ ਦੌਲਤ ਮਿਲ ਗਈ ਹੋਵੇ। ਇਹ ਸਭ ਕਿੰਨਾ ਰੁਮਾਂਟਿਕ ਹੁੰਦਾ ਹੈ। ਡਾ. ਜਗਤਾਰ ਹੋਰਾਂ ਨੇ ਰੁਮਾਂਸ ਨੂੰ ਸੰਘਰਸ਼ ਤੇ ਪ੍ਰਗਤੀ ਦੇ ਰਾਹ ਵਿੱਚ ਬਦਲ ਦਿੱਤਾ। ਇਹ ਸੰਘਰਸ਼ ਸੌਖਾ ਨਹੀਂ ਹੁੰਦਾ। ਇਹ ਵੀ ਇਕ ਵੱਖਰੀ ਤਰਾਂ ਦਾ ਇਸ਼ਕ ਹੁੰਦਾ ਹੈ। ਇਸ ਕੁਰਬਾਨੀ ਵਾਸਤੇ ਬਾਕੀ ਸਭ ਭੁੱਲਣਾ ਪੈਂਦਾ ਹੈ। ਦੋ ਅਲੱਗ ਰੁਚੀਆਂ ਦੇ ਸੁਮੇਲ ਭਾਵ ਰੁਮਾਂਸਵਾਦੀ ਤੇ ਇਨਕਲਾਬੀ ਨੇ ਹੀ, ਉਸਦੀ ਨਦਰ ਲੰਮੀ ਕਰ ਦਿੱਤੀ। ਇਸ ਵਿਚੋਂ ਉਹਨਾਂ ਦੀ ਸੰਘਰਸ਼ੀ ਵਿਚਾਰਧਾਰਾ ਉਭਰ ਕੇ ਸਾਹਮਣੇ ਆਈ। ਗੰਭੀਰ ਤਬੀਅਤ ਹੋਈ ਅਤੇ ਨਾਲ ਹੀ ਗੀਤ ਦਾ ਰੂਪ ਗ਼ਜ਼ਲ ਵਿੱਚ ਬਦਲ ਗਿਆ:

ਜਦੋਂ ਲਿਖਣਾ ਪਵੇ ਆਪੇ ਹੀ ਆਪਣੀ ਕਬਰ ਦਾ ਕਤਬਾ
ਗ਼ਜ਼ਲ ਦੀ ਲੋੜ ਤਦ ਮਹਿਸੂਸ ਹੋਵੇ ਤੇ ਲਗਨ ਜਾਗੇ।           -—ਹਰ ਮੋੜ ਤੇ ਸਲੀਬਾਂ ਪੰਨਾ 245

ਤੇਰਿਆਂ ਨੈਣਾਂ ਚ ਸਰਘੀ ਮੇਰੀਆਂ ਅੱਖਾਂ ‘ਚ ਸ਼ਾਮ
ਨ੍ਹੇਰ ਤੇ ਚਾਨਣ ਦਾ ਹੋਵੇ ਕਿਸ ਤਰਾਂ ਇਕ ਥਾਂ ਮੁਕਾਮ

ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ

ਸਿਰ ਧਰ ਲਿਆ ਤਲੀ ਤੇ ਜਾਂ, ਕਿਉਂ ਸੋਚੀਏ ਭਲਾ
ਮਕਤਲ ਨੂੰ ਸੜਕ ਜਾ ਰਹੀ, ਕਿ ਤੇਰੇ ਸ਼ਹਿਰ ਨੂੰ

ਡਾ. ਸੁਤਿੰਦਰ ਸਿੰਘ ਨੂਰ ਹੋਰਾਂ ਨੇ ਲਿਖਿਆ ਕਿ,” ਜਗਤਾਰ ਦੀ ਕਾਵਿ ਰਚਨਾ ਵਿੱਚ ਅਨੁਭਵ ਦੀ ਅਮੀਰੀ ਤੇ ਕਲਾ ਦੀ ਸ਼੍ਰੇਸ਼ਟਤਾ ਹੈ। …. ਸੋਚ ਦੀ ਬੁਲੰਦੀ ਅਤੇ ਜਜ਼ਬੇ ਦੀ ਉੱਚਤਾ ਉਸਦੀ ਕਵਿਤਾ ਦੇ ਕੁਝ ਖਾਸ ਗੁਣ ਹਨ।“

ਸਮਝੇ ਖ਼ੁਦਾ, ਖ਼ੁਦਾ ਦਾ ਜੋ ਘਰ ਜਲਾ ਗਏ ਨੇ
ਪਰ ਸ਼ਹਿਰ ਕਿਉਂ ਲਹੂ ਦਾ ਦਰਿਆ ਬਣਾ ਗਏ ਨੇ
ਚਿੜੀਆਂ ਦਾ ਫਿਕਰ ਕਿੰਨੈ ਸਾਰੇ ਨਜ਼ਾਮ ਤਾਈਂ
ਹਰ ਆਲ੍ਹਣੇ ਦੀ ਰਾਖੀ ਸ਼ਿਕਰੇ ਬਠਾ ਗਏ ਨੇ       —ਪੰਨਾ 229 ਹਰ ਮੋੜ ਤੇ ਸਲੀਬਾਂ

ਕਈ ਸ਼ਾਇਰ ਤੇ ਦੋਸਤ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਮਹਿਮਾਨ ਨਿਵਾਜੀ ਮਾਣਦੇ ਰਹਿੰਦੇ। ਉਹ ਵੀ ਬਹੁਤ ਤਪਾਕ ਨਾਲ ਮਿਲਦੇ ਸਨ। ਮਿੱਤਰਾਂ ਨੂੰ ਵੀ ਉਡੀਕਦੇ ਰਹਿੰਦੇ ਸਨ। ਉਹ ਇਕ ਗ਼ਜ਼ਲ ਵਿੱਚ ਜ਼ਿਕਰ ਵੀ ਕਰਦੇ ਹਨ:

ਮੇਰੀਆਂ ਗ਼ਜ਼ਲਾਂ ਵਿੱਚ ਕਿਉਂ ਆਉਂਦਾ ਏ ਜੁਗਨੂੰ ਬਾਰ ਬਾਰ
ਸਮਝ ਜਾਵੇਂਗਾ ਕਿਸੇ ਦਿਨ ਘਰ ਤਾਂ ਆ ਜਗਤਾਰ ਨਾਲ

ਦੋਸਤੀ ਬਾਰੇ ਉਸਦਾ ਕਮਾਲ ਸ਼ਿਅਰ ਹੈ ਜੋ ਮੈਂ ਅਕਸਰ ਵਰਤਦਾ ਰਹਿੰਦਾ ਹਾਂ:

ਦਿਲ ‘ਚ ਰਖ ਕੇ ਗੰਢ ਕੋਈ ਦੋਸਤੀ ਨਿਭਦੀ ਨਹੀਂ
ਤੇਰਾ ਦਿਲ ਜੇ ਪਾਕ ਹੈ ਤਾਂ ਮੇਰਾ ਦਿਲ ਵੀ ਪਾਕ ਹੈ।        —ਪੰਨਾ 166 ਹਰ ਮੋੜ ਤੇ ਸਲੀਬਾਂ

ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿਤ ਧਰੇ ਚੇਤੇ ਕਰੇ
ਜ਼ਿੰਦਗੀ ਵਿੱਚ ਜਦ ਕਦੇ ਤਲਖੀ ਵਧੇ ਤਾਂ ਖ਼ਤ ਲਿਖੀਂ      —ਪੰਨਾ 58 ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ

ਜਗਤਾਰ ਬਾਰੇ ਮਸ਼ਹੂਰ ਸੀ ਕਿ ਖੁੱਲ੍ਹ ਕੇ ਹੱਸਦੇ ਸਨ ਮਜ਼ਾਕ ਕਰਦੇ ਸਨ, ਕਿੱਸੇ ਕਹਾਣੀਆਂ ਸੁਣਾਉਂਦੇ ਸਨ, ਮੂੰਹ ਤੇ ਦੂਸਰੇ ਨੂੰ ਗੱਲ ਕਹਿ ਦਿੰਦੇ ਸਨ। ਜਿਸ ਕਰਕੇ ਕੁਝ ਇਕ ਵਿਦਵਾਨ ਤੇ ਸ਼ਾਇਰ ਉਨ੍ਹਾਂ ਨੂੰ ਗੁਸੈਲੇ ਸੁਭਾਅ ਦਾ ਵੀ ਕਹਿ ਦਿੰਦੇ ਸਨ। ਕੈਲੇਫੋਰਨੀਆਂ ਵਿੱਚ ਰੱਖੀ ਗਈ ਇਕ ਕਾਨਫਰੰਸ ਹੋਣ ਤੋਂ ਇਕ ਰਾਤ ਪਹਿਲਾਂ ਹੋਟਲ ਦੇ ਇਕ ਕਮਰੇ ਵਿੱਚ ਪਾਰਟੀ ਚਲ ਰਹੀ ਸੀ। ਡਾ. ਜਗਤਾਰ ਅਤੇ ਇਕ ਹੋਰ ਵੱਡਾ ਪੰਜਾਬੀ ਲੇਖਕ ਲਾਹੌਰ ਵਿੱਚ ਹੋਈ ਇਕ ਪੰਜਾਬੀ ਕਾਨਫਰੰਸ ਬਾਰੇ ਗੱਲਾਂ ਕਰਨ ਲੱਗੇ। ਅਚਾਨਕ ਡਾ. ਸਾਹਿਬ ਕੋਲੋਂ ਦੂਜੇ ਲੇਖਕ ਨੂੰ ਕੋਈ ਸੱਚੀ ਗੱਲ ਕਹਿ ਹੋ ਗਈ। ਬਸ! ਦੂਜਾ ਲੇਖਕ ਕੁਝ ਜ਼ਿਆਦਾ ਗਰਮ ਹੋ ਗਿਆ। ਉਸ ਰਾਤ ਪੰਜਾਬੀ ਦੀਆਂ ਸਾਰੀਆਂ ‘ਸੁਪਰ ਹਿੱਟ ਗਾਹਲਾਂ’ ਸੁਣਨ ਨੂੰ ਮਿਲੀਆਂ। ਬੜਾ ਅਸਚਰਜ ਹੋਇਆ। ਵਿਦੇਸ਼ੀ ਧਰਤੀ ਤੇ ਦੇਸੀ ਗਾਹਲਾਂ! ਫਿਕਰ ਵੀ ਹੋਇਆ ਕੋਈ ਪੁਲਸ ਕਾਲ ਨਾ ਕਰ ਦੇਵੇ। ਸੋ ਫਟਾਫਟ ਪਾਰਟੀ ਸਮੇਟੀ। ਹੁਣ ਇਕ ਸੱਚੀ ਗੱਲ ਕਹਿਣ ਤੇ ਕੋਈ ਭੜਕ ਜਾਵੇਗਾ ਉਹ ਡਰਦੇ ਨਹੀਂ ਸਨ। ਡਾ. ਜਗਤਾਰ ਹੋਰਾਂ ਨੇ ਸਵੈ-ਪੜਚੋਲ ਕਰਦੇ ਕਈ ਸ਼ਿਅਰ ਲਿਖੇ ਹਨ ਜਿਵੇਂ:

ਉਸਨੂੰ ਜਸ਼ਨਾਂ ਵਿਚ ਬੁਲਾਉ, ਨਾ ਦਿਉ ਨਿਓਤਾ ਕਦੇ
ਉਹ ਖਰਾ ਸ਼ਾਇਰ ਤਾਂ ਹੈ ਪਰ ਆਦਮੀ ਬੇਬਾਕ ਹੈ।     —ਪੰਨਾ 166 ਹਰ ਮੋੜ ਤੇ ਸਲੀਬਾਂ

ਇਸ ਲਈ ਰੱਖਿਆ ਹੈ ਤੇਰਾ ਨਾਮ ਮੌਸਮ ਦੋਸਤਾਂ
ਮਿਲ ਰਹੀ ਹੈ ਤੇਰੀ ਆਦਤ ਤੇ ਸੁਭਾ ਜਗਤਾਰ ਨਾਲ

ਫਿਰ ਮੁੜਕੇ ਯਾਦ ਆਵਣ ਤਲਖ ਦਿਨ ਰਾਤਾਂ ਉਦਾਸ
ਆ ਕਦੇ ਇਕ ਸ਼ਾਮ ਹੀ ਆ ਕੇ ਬਿਤਾ ਜਗਤਾਰ ਨਾਲ

ਬਹੁਤ ਸਾਰੀਆਂ ਮੁਲਾਕਾਤਾਂ ਉਹਨਾਂ ਨਾਲ ਕੈਲੇਫੋਰਨੀਆਂ ਵਿੱਚ ਹੋਈਆਂ। ਦੋ ਤਿੰਨ ਵਾਰ ਆਪਣੇ ਘਰ ਵੀ ਮਹਿਫ਼ਲਾਂ ਸਜਦੀਆਂ ਰਹੀਆਂ। ਉਹ ਵਧੇਰੇ ਕਰਕੇ ਸ਼ਾਇਰ ਕੁਲਵਿੰਦਰ ਕੋਲ ਰਹਿੰਦੇ ਸਨ। ਉਹਨਾਂ ਨੂੰ ਮਿਲਣਾ ਇਵੇਂ ਹੁੰਦਾ ਸੀ ਜਿਵੇਂ ਗਿਆਨ ਦੇ ਝਰਨੇ ਵਿਚ ਨਹਾ ਰਹੇ ਹੋਵੋ। ਉਹਨਾਂ ਨਾਲ ਗੱਲਾਂ ਬਾਤਾਂ, ਉਹਨਾਂ ਦੇ ਕਾਵਿਕ ਬਿੰਬ ਤੇ ਪ੍ਰਤੀਕ, ਉਹਨਾਂ ਪਿੱਛੇ ਲੁਕੀ ਕਹਾਣੀ ਨੂੰ ਜਦੋਂ ਖੋਲਦੇ ਸਨ ਤਾਂ ਸਰੋਤੇ ਮੰਤਰ ਮੁਗਧ ਹੋ ਕੇ ਸੁਣਦੇ ਸਨ। ਬਿਜੜਾ, ਮੋਰ ਦਾ ਪੰਖ, ਪੰਛੀ ਚੀਖ ਦੀਆਂ ਕਥਾਵਾਂ ਪਿਛੇ ਲੁਕੀਆਂ ਕਹਾਣੀਆਂ ਦਾ ਵਿਸਤਾਰ ਦਿੰਦੇ ਤੇ ਕਈ ਹੈਰਾਨੀਜਨਕ ਗੱਲਾਂ ਸੁਣਾਉਂਦੇ:

ਇਹ ਨੱਚੇ ਵੀ ਤੇ ਰੋਵੇ ਵੀ, ਨਸੀਬਾ ਮੋਰ ਦਾ ਕੈਸਾ
ਕਿਸੇ ਸ਼ਾਰਕ ਦਾ ਧੋਖਾ ਹੈ , ਸ਼ਾਤਰ ਦੀ ਸ਼ਰਾਰਤ ਹੈ    —ਪੰਨਾ 158 ਹਰ ਮੋੜ ਤੇ ਸਲੀਬਾਂ

ਕਤਲ ਕੀਤਾ ਉਸ ਨੂੰ ਜਦ ਸੁੰਨਸਾਨ ‘ਨ੍ਹੇਰੇ ਚੌਂਕ ਵਿਚ
ਰੌਸ਼ਨੀ ਦੇ ਨਾਲ ਦਿੱਲੀ ਸ਼ਹਿਰ ਸਾਰਾ ਭਰ ਗਿਆ       —ਪੰਨਾ 149 ਹਰ ਮੋੜ ਤੇ ਸਲੀਬਾਂ

‘ਤੇਗ’ ਤੇ ‘ਗੋਬਿੰਦ’ ਸਦਕਾ ਜਿਸ ਤਰ੍ਹਾਂ ਇਤਿਹਾਸ ਜ਼ਿੰਦੈ
ਸੂਲੀਆਂ ਦਾ ਨਾਮ ਜ਼ਿੰਦੈ ਸਾਡਿਆਂ ਸਾਹਾਂ ਦੇ ਨਾਲ        —ਪੰਨਾ 142 ਹਰ ਮੋੜ ਤੇ ਸਲੀਬਾਂ

ਇਸ ਤਰ੍ਹਾਂ ਉਹਨਾਂ ਦੀ ਸ਼ਾਇਰੀ ਦਾ ਅਧਿਐਨ ਕਰਕੇ ਉਹਨਾਂ ਦੀ ਕਾਵਿ ਕਲਾ ਬਾਰੇ ਪਤਾ ਲਗਦਾ ਹੈ। ਉਹ ਕਿਸ ਤਰ੍ਹਾਂ ਕੁੱਜੇ ਵਿੱਚ ਦਰਿਆ ਬੰਦ ਕਰਦੇ ਸਨ। ਇਤਿਹਾਸ ਮਿਥਿਹਾਸ ਤੇ ਲੋਕ ਕਥਾਵਾਂ ਵਿੱਚੋਂ ਬਿੰਬ ਤੇ ਪ੍ਰਤੀਕ ਘੜਦੇ ਸਨ:

ਨਾ ਜੈਮਲ ਨਾ ਫ਼ੱਤਾ ਮਾਰਗ ਦਿੱਲੀ ਵਿੱਚ
ਨਾ ਦੁੱਲਾ ਮਾਰਗ ਲਹੌਰ ਜਨਾਬ ਕਿਤੇ
ਖ਼ਾਕ ਉਡੇਗੀ ਇਕ ਦਿਨ ਮੇਰਿਆਂ ਖੇਤਾਂ ਵਿੱਚ
ਸਤਲੁਜ ਲੁਟਿਆ, ਲੁਟਿਆ ਗਿਆ ਚਨਾਬ ਕਿਤੇ —ਹਰ ਮੋੜ ਤੇ ਸਲੀਬਾਂ ਪੰਨਾ 171

ਹੋ ਕੇ ਖੰਡਹਰ ਵੀ ਰਿਹਾ ਪੂਜਾ ਦਾ ਕੇਂਦਰ ਸੋਮਨਾਥ
ਗ਼ਜ਼ਨਵੀ ਇਤਿਹਾਸ ਅੰਦਰ ਪਰ ਲੁਟੇਰਾ ਹੀ ਰਿਹਾ ।     —ਸ਼ੀਸ਼ੇ ਦਾ ਜੰਗਲ – ਵਿੱਚੋਂ

ਸੁੱਕੀ ਨਦੀ ਵੇਖੀ ਤਾ ਅੱਖ ਨਮਨਾਕ ਹੋ ਗਈ
ਰੁੜਦੇ ਨਗਰ ਵੇਖੇ ਤਾਂ ਬੁਝ ਕੇ ਖਾਕ ਹੋ ਗਈ         — ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ ਵਿੱਚੋਂ

ਜ਼ਿੰਦਗੀ ਦਰਦਾਂ ਭਰੀ ਸੀ ਪਰ ਜੋ ਦਿੱਤਾ ਦਰਦ ਤੂੰ
ਚਾਨਣੀ ਵਿੱਚ ਫੁੱਲ ਬਣ ਜਾਵੇ ਹਨੇਰੇ ਵਿੱਚ ਚਰਾਗ

ਗ਼ਜ਼ਲ ਵਿੱਚ ਮਕਤਾ ਬਾਰੇ ਅਸੀਂ ਜਾਣਦੇ ਹਾਂ ਕਿ ਜਦ ਇਸ ਵਿੱਚ ਸ਼ਾਇਰ ਨਾਂ ਜਾਂ ਤੱਖ਼ਲਸ ਆਵੇ ਤਾਂ ਉਹ ਬੇਹੱਦ ਪ੍ਰਭਾਵਸ਼ਾਲੀ ਬਣ ਜਾਂਦਾ ਹੈ। ਸਰੋਤੇ ਤੇ ਪਾਠਕ ਵੀ ਵਾਹ ਵਾਹ ਕਰ ਉਠਦੇ ਹਨ। “ਅਮਰਜੀਤ ਸੰਧੂ ਅਨੁਸਾਰ:
‘ਮਕਤੇ’ ਨਾਲ ਹੀ, ਲਿਖੀ ਜਾ ਰਹੀ ਗ਼ਜ਼ਲ ਦਾ ਸਿਲਸਿਲਾ ਖ਼ਤਮ ਕਰ ਦਿੱਤਾ ਜਾਂਦਾ ਹੈ। ਜੇ ਆਖਰੀ ਸ਼ਿਅਰ ਵਿੱਚ ਸ਼ਾਇਰ ਦਾ ਉਪਨਾਮ ਨਾ ਆਉਂਦਾ ਹੋਵੇ ਤਾਂ ਇਸ ਨੂੰ ‘ਮਕਤਾ’ ਕਹਿਣ ਦੀ ਥਾਂ ਕੇਵਲ ‘ਆਖ਼ਿਰੀ-ਸ਼ਿਅਰ’ ਹੀ ਕਿਹਾ ਜਾਂਦਾ ਹੈ। ਗ਼ਜ਼ਲ ਦੇ ਪਹਿਲੇ ਚੰਗੇ ਪ੍ਰਭਾਵ ਵਾਸਤੇ ਜੇ ‘ਮਤਲਾ’ ਜ਼ੋਰਦਾਰ ਹੋਣਾ ਚਾਹੀਦਾ ਹੈ ਤਾਂ ਗ਼ਜ਼ਲ ਦੇ ਅੰਤਮ ਅਤੇ ਦੇਰ-ਪਾ ਪ੍ਰਭਾਵ ਵਾਸਤੇ ‘ਮਕਤਾ’ ਵੀ ਬਹੁਤ ਜ਼ੋਰਦਾਰ ਹੋਣਾ ਚਾਹੀਦਾ ਹੈ।“ https://pa.wikipedia.org/wiki/ਗ਼ਜ਼ਲ. ਡਾ. ਜਗਤਾਰ ਇਸ ਕਲਾ ਵਿੱਚ ਮਾਹਿਰ ਸਨ। ਕੁਝ ਇਕ ਮਕਤਾ ਜਾਂ ਆਖਰੀ ਸ਼ਿਅਰਾਂ ਵਿੱਚ ਉਹ ਆਪਣਾ ਨਾਮ, ‘ਜਗਤਾਰ’ ਵਰਤਦੇ ਸਨ। ਉਹ ’ਪਪੀਹਾ ਤੱਖ਼ਲਸ‘ ਵੀ ਵਰਤਦੇ ਰਹੇ ਸਨ, ਉਹਨਾਂ ਦਾ ਇਕ ਸ਼ਿਅਰ ਵੇਖੋ ਜਿਸ ਵਿੱਚ ਉਹਨਾਂ ਨੇ ‘ਜਗਤਾਰ’ ਕਿਤੇ ਦੋ ਅਤੇ ਕਿਤੇ ਤਿੰਨ ਵਾਰੀ ਵੀ ਵਰਤਿਆ ਹੈ। ਇਹ ਉਹਨਾਂ ਦੀ ਲਿਖਣ ਸ਼ੈਲੀ ਦਾ ਇਕ ਖਾਸ ਗੁਣ ਸੀ:

ਤੇਰੀ ਖਾਤਰ ਜੋ ਤੁਰਿਆ ਤਲਵਾਰ ਤੇ,
ਤੈਨੂੰ ਵੀ ਹੈ ਗਿਲਾ ਅਪਣੇ ‘ਜਗਤਾਰ’ ਤੇ ?
ਐ ਹਿਯਾਤੀ ! ਤੂੰ ਸਮਝਣ ਦੀ ਕੋਸ਼ਿਸ਼ ਕਰ,
ਤੇਰਾ ‘ਜਗਤਾਰ’ ਤੇਰਾ ਹੈ ਤੇਰਾ ਰਹੂ ।          —ਪੰਨਾ 47 ਜੁਗਨੂੰ ਦੇ ਹੱਥ ਸੂਰਜ

ਜਿਸ ਲਈ ਜਗਤਾਰ ਨੇ ਜਗਤਾਰ ਤੋਂ ਫੇਰੀ ਨਜ਼ਰ
ਜ਼ਿੰਦਗੀ ਤਾਂ ਮੁੱਦਤਾਂ ਤੋਂ ਸੀ ਖ਼ਫਾ ਜਗਤਾਰ ਨਾਲ        —ਪੰਨਾ 213 ਹਰ ਮੋੜ ਤੇ ਸਲੀਬਾਂ

ਪ੍ਰੀਤਮ ਸਿੰਘ ਸਫ਼ੀਰ ਹੋਰਾਂ ਇਕ ਥਾਂ ਲਿਖਿਆ, “ਡਾ. ਜਗਤਾਰ ਹੋਰਾਂ ਨੂੰ ਮਿਲ ਕੇ ਪਤਾ ਚਲਦੈ ਕਿ ਉਹ ਬਹੁਤ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਜਾਂਦੈ।“ ਇਕ ਸ਼ਿਅਰ ਵਿੱਚ ਸਦੀਆਂ ਦਾ ਫਾਸਲਾ ਤਹਿ ਕਰ ਸਕਦੇ ਸਨ:

ਤਹਿਜ਼ੀਬ ਹੈ ਨਵੀਂ ਪਰ ਸ਼ਹਿਰ ਹੈ ਪੁਰਾਣਾ
ਜਾਂ ਹਮ ਖਿਆਲ ਹੋ ਜਾ, ਜਾਂ ਛੋੜਦੇ ਟਿਕਾਣਾ
ਹੁਣ ਚਿੜੀ ਚੂਕੇ, ਨਾ ਹੁਣ ਪਾਂਧੀ ਤੁਰੇ ਮੂੰਹ ਝਾਖਰੇ
ਹੀਰ ਦੇ ਪੰਜਾਬ ਨੂੰ ਕਿਸ ਦੀ ਨਜ਼ਰ ਹੈ ਖਾ ਗਈ।           —ਪੰਨਾ 117 ਹਰ ਮੋੜ ਤੇ ਸਲੀਬਾਂ

‘ਮੁਕਾਬਲੇ ਵਾਲੀ ਭਾਵਨਾ ਵਾਲਾ ਬਚਪਨ’ ਆਪਣੇ ਬਾਰੇ ਲਿਖ਼ੇ ਲੇਖ ਵਿੱਚ ਅਜਮੇਰ ਸਿੱਧੂ ਨੇ ਕਹਾਣੀ ਧਾਰਾ ਅਪਰੈਲ-ਜੂਨ 2014 ਪੰਨਾ 84 ਯਾਦਾਂ ਵਿਸ਼ੇਸ਼ ਅੰਕ ਵਿੱਚ ਇਕ ਗੋਰੀ ਅਮਰੀਕਨ ਐਚ ਬੀ ਸਟੋਵੇ ਦਾ 1952 ਵਿੱਚ ਲਿਖਿਆ ਨਾਵਲ : ”ਅੰਕਲ ਟੋਮਜ਼ ਕੈਬਿਨ” ਦਾ ਜ਼ਿਕਰ ਕੀਤਾ। ਇਸ ਨਾਵਲ ਨੂੰ ਪੜ੍ਹਕੇ ਅਮਰੀਕਾ ਵਿੱਚ 1962 ਤੋਂ 1965 ਤੱਕ ਖਾਨਾ ਜੰਗੀ ਹੋਈ। ਇਹ ਨਾਵਲ ਅਮਰੀਕਾ ਵਿੱਚ ਜ਼ਬਰੀ ਲਿਆਂਦੇ ਕਾਲਿਆਂ ਉੱਤੇ ਹੋਏ ਜ਼ੁਲਮਾਂ ਬਾਰੇ ਹੈ। “ਇਸ ਨਾਵਲ ਨੇ ਕਾਲਿਆਂ ਵਿੱਚ ਜਾਗ੍ਰਤੀ ਤੇ ਬਗਾਵਤ ਪੈਦਾ ਕੀਤੀ ਸੀ।“ ਜੰਗ ਉਪਰੰਤ ਤਤਕਾਲੀਨ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੇ ਲੇਖਿਕਾ ਐਚ ਬੀ ਸਟੋਵੇ ਨੂੰ ਕਿਹਾ ਕਿ, “ ਤੂੰ ਉਹ ਲੜਕੀ ਏਂ ਜਿਸ ਨੇ ਨਾਵਲ ਲਿਖ ਕੇ ਸਾਡੇ ਮੁਲਕ ਵਿੱਚ ਘਰੇਲੂ ਜੰਗ ਛੇੜ ਦਿੱਤੀ।” ਰਾਸ਼ਟਰਪਤੀ ਅਬਰਾਹਿਮ ਲਿੰਕਨ ਦੇ ਇਹ ਸ਼ਬਦ ਸਾਹਿਤ ਦੀ ਮਹੱਤਤਾ ਨੂੰ ਦਰਸਾਉਂਦੇ ਹਨ। ਡਾ. ਜਗਤਾਰ ਵੀ ਆਪਣੀ ਕਵਿਤਾ ਬਾਰੇ ਐਸੇ ਹੀ ਵਿਚਾਰ ਰੱਖਦੇ ਸਨ। ਉਹ ਹਰ ਮਹਿਫ਼ਲ ਵਿੱਚ ਥੋੜੀ ਖ਼ੁਮਾਰੀ ਤੋਂ ਬਾਅਦ ਅਕਸਰ ਉਦਾਸ ਹੋ ਕੇ ਕਹਿੰਦੇ ਸਨ ਕਿ, “ਜੇ ਲੋਕ ਮੇਰੀ ਕਵਿਤਾ ਧਿਆਨ ਨਾਲ ਪੜ੍ਹਦੇ ਤੇ ਪੜ੍ਹ ਕੇ ਸਮਝ ਸਕਦੇ ਤਾਂ ਪੰਜਾਬ ਵਿੱਚ ਇਨਕਲਾਬ ਆ ਜਾਂਦਾ।” ਭਾਵੇਂ ਉਨ੍ਹਾਂ ਦੀ ਸ਼ਾਇਰੀ ਨੂੰ ਅੱਜ ਵੀ ਕਾਫੀ ਲੋਕ ਪਸੰਦ ਕਰਦੇ ਹਨ। ਉਹਨਾਂ ਨੂੰ ਪਸੰਦ ਕਰਨ ਵਾਲਿਆਂ ਵਿੱਚ ਆਮ ਪਾਠਕਾਂ ਦੇ ਨਾਲ ਨਾਲ ਬਹੁਤ ਸਾਰੇ ਲੇਖਕ ਤੇ ਅਧਿਆਪਕ ਵੀ ਸ਼ਾਮਿਲ ਹਨ:

ਵਤਨ ਆਪਣਾ ਨਾ ਘਰ ਆਪਣਾ ਇਹ ਕੈਸਾ ਇਨਕਲਾਬ ਆਇਆ
ਜਦੋਂ ਵੀ ਬਦਲਿਆ ਮੌਸਮ ਉਹ ਪਹਿਲੇ ਤੋਂ ਖ਼ਰਾਬ ਆਇਆ
ਕਦੇ ਨੀਲਾ ਕਦੇ ਚਿੱਟਾ ਕਦੇ ਸਾਵਾ ਤਾਂ ਆਇਆ ਹੈ
ਜੋ ਆਉਣਾ ਚਾਹੀਦਾ ਸੀ ਉਹ ਕਦੇ ਨਾ ਇਨਕਲਾਬ ਆਇਆ
ਜਿਹਨਾਂ ਤੋਂ ਬੰਸਰੀ ਬਣਦੀ ਬਣਦੀ ਸੀ ਰਬਾਬ ਅਕਸਰ
ਉਹ ਕਿਥੇ ਤੁਰ ਗਏ ਸਭ ਬਿਰਛ ਕੈਸਾ ਇਨਕਲਾਬ ਆਇਆ

ਡਾ. ਊਧਮ ਸਿੰਘ ਸ਼ਾਹੀ ਦੇ ਸ਼ਬਦਾਂ ਵਿੱਚ, “ ਡਾ. ਜਗਤਾਰ ਪ੍ਰੋ. ਮੋਹਨ ਸਿੰਘ ਤੋਂ ਬਾਅਦ ਸਾਡੇ ਸਮਿਆਂ ਦਾ ਵੱਡਾ ਕਵੀ ਹੈ। ਉਸਨੇ ਉਚ ਪਾਏ ਦੀ ਨਜ਼ਮ ਗੰਭੀਰ ਕਿਸਮ ਦੇ ਗੀਤ, ਦਿਲ ਹਿਲਾ ਦੇਣ ਵਾਲੇ ਮਰਸੀਏ ਅਤੇ ਵੱਖਰੇ ਅੰਦਾਜ਼ ਤੇ ਸੂਝ ਵਾਲੀ ਗ਼ਜ਼ਲ ਦੀ ਸਿਰਜਣਾ ਕੀਤੀ ਹੈ। ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਬੜੇ ਗ਼ਜ਼ਲ ਕਾਰਾਂ ਨੇ ਵਾਹ ਵਾਹ ਖੱਟੀ ਹੈ ਪਰ ਜੋ ਜੱਸ ਡਾ. ਜਗਤਾਰ ਦਾ ਹੋਇਆ ਉਹ ਕਿਸੇ ਹੋਰ ਨੂੰ ਨਸੀਬ ਨਹੀਂ ਹੋਇਆ।” ਉਹਨਾਂ ਦੀ ਇਕ ਨਜ਼ਮ ਦਾ ਨਮੂਨਾ ਵੇਖੋ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ:

ਕਦ ਤਕ ਮੰਨਣਾ ਭਾਣਾ?
ਧੁਰ ਤਾਈਂ ਜਦ ਦਿਸ਼ਾ ਹਿਲ ਜਾਵੇ
ਬੁਜ਼ਦਿਲ ਬਣ ਕੇ ਜੀਣੇ ਨਾਲੋਂ, ਚੰਗਾ ਹੈ ਮਰ ਜਾਣਾ।
ਸਮੇਂ ਸਿਰ ਹਾਂ ਡਿਗਦੇ ਉਠਦਾ ਕੋਈ ਕੋਈ
ਹੁਣ ਲਗਦੈ ਜਿਉਂ ਅਸੀਂ ਨਮੋਸ਼ੀ ਪਗੜੀ ਹੇਠ ਲਕੋਈ
ਆਖਰ ਕਿਸ ਲਈ ਡਰ ਡਰ ਬਹੀਏ
ਸਿਰ ਹੀਣੇ ਲੋਕਾਂ ਨੂੰ ਮੌਤ ਨੇ
ਸਿਰਾਂ ਵਾਲਿਆਂ ਮਰਦਾਂ ਨਾਲੋਂ, ਛੇਤੀ ਹੈ ਖਾ ਜਾਣਾ
ਕੱਦ ਤੱਕ ਮੰਨਣਾ ਭਾਣਾ?           —— ਚਨੁਕਰੀ ਸ਼ਾਮ ਪੰਨਾ 67

ਪੰਜਾਬੀ ਨੂੰ ਉਪਰ ਚੁੱਕਣ ਲਈ ਉਹ ਸਦਾ ਯਤਨਸ਼ੀਲ ਰਹੇ। ਅਸ਼ਲੀਲ ਸ਼ਬਦਾਵਲੀ ਅਤੇ ਦੂਹਰੇ ਅਰਥਾਂ ਵਾਲੇ ਗੀਤਾਂ ਵਿਰੁੱਧ ਮੁਹਿੰਮ ਵਿੱਢੀ। ਉਹਨਾਂ ਨੇ ਸਾਫ ਸੁਥਰੀ ਪੰਜਾਬੀ ਬੋਲੀ ਦੀ ਮਹੱਤਤਾ ਨੂੰ ਦਰਸਾਇਆ। ਇਸਦੀ ਉੱਚਤਾ ਤੇ ਸੁੱਚਤਾ ਦੀ ਗੱਲ ਕੀਤੀ। ਚੰਗੀ ਬੋਲੀ ਹੀ ਚੰਗੇ ਸਭਿਆਚਾਰ ਦੀ ਲਖਾਇਕ ਹੁੰਦੀ ਹੈ। ਜਿਸ ਨਾਲ ਆਚਰਣ ਘੜੇ ਜਾਂਦੇ ਹਨ:

ਦੋਸਤਾ! ਨਾ ਵੇਖ ਘਿਰਣਾ ਨਾਲ ਪੰਜਾਬੀ ਜ਼ੁਬਾਨ
ਇਸ ‘ਚ ‘ਨਾਨਕ’ ਵੀ ਹੈ ‘ਵਾਰਸ’ ਵੀ ਹੈ ਤੇ ‘ਬਾਹੂ’ ਵੀ ਹੈ         —ਪੰਨਾ 192 ਹਰ ਮੋੜ ਤੇ ਸਲੀਬਾਂ

2010 ਵਿੱਚ ਜਦੋਂ ਉਹਨਾਂ ਦੇ ਸਦੀਵੀ ਵਿਛੋੜਾ ਦੇਣ ਦੀ ਖ਼ਬਰ ਮਿਲੀ ਸੀ ਤਾਂ ਇਕ ਸ਼ਰਧਾਂਜਲੀ ਲੇਖ ਲਿਖਿਆ ਸੀ ਤੇ ਕਲਮ ਫਾਉਂਡੇਸ਼ਨ ਵਿੱਚ ਉਹਨਾਂ ਦੀ ਯਾਦ ਵਿੱਚ ਇਕ ਸਮਾਰੋਹ ਵੀ ਰੱਖਿਆ ਸੀ। ਉਹ ਸਦਾ ਸਾਡੇ ਚੇਤਿਆਂ ਵਿੱਚ ਰਹੇ ਹਨ। ‘ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ’ ਇਕ ਗ਼ਜ਼ਲ ਦਾ ਮਤਲਾ ਹੈ:

ਕੋਈ ਮਜ਼ਬੂਰੀ ਨਹੀਂ ਜੋ ਦਿਲ ਕਰੇ ਤਾਂ ਖ਼ਤ ਲਿਖੀਂ
ਰਿਸ਼ਤਿਆਂ ਦੀ ਭੀੜ ‘ਚੋਂ ਫੁਰਸਤ ਮਿਲੇ ਤਾਂ ਖ਼ਤ ਲਿਖੀਂ     —-ਪੰਨਾ 58 ਜੁਗਨੂੰ ਦੇ ਹੱਥ ਸੂਰਜ

ਇਹ ਫੁਰਸਤ ਕੱਢ ਕੇ ਇਹਨਾਂ ਸ਼ਬਦਾਂ ਨਾਲ ਉਹਨਾਂ ਦੀ ਬਰਸੀ ਤੇ ਭਾਵ ਭਿੰਨੀ ਸ਼ਰਧਾਂਜਲੀ ਅਰਪਨ ਕਰਦਾ ਹਾਂ। ਯਕੀਨ ਹੈ ਕਿ ਉਹਨਾਂ ਦੀ ਸ਼ਾਇਰੀ ਇਕ ਲੰਬੇ ਸਮੇਂ ਤੱਕ ਪੰਜਾਬੀ ਸਾਹਿਤ ਤੇ ਗ਼ਜ਼ਲ ਪ੍ਰੇਮੀਆਂ ਅਤੇ ਇਨਕਲਾਬੀ ਵਿਚਾਰਧਾਰਾ ਰੱਖਣ ਵਾਲੇ ਸੁਹਿਰਦ ਤੇ ਗੰਭੀਰ ਪਾਠਕਾਂ ਨੂੰ ਪ੍ਰਭਾਵਿਤ ਕਰਦੀ ਰਹੇਗੀ।
***
ਹਵਾਲੇ:
ਹਰ ਮੋੜ ਤੇ ਸਲੀਬਾਂ – ਜਗਤਾਰ
ਜੁਗਨੂੰ ਦੇ ਹੱਥ ਸੂਰਜ- ਚੋਣਵੀਆਂ ਗ਼ਜ਼ਲਾਂ – ਜਗਤਾਰ
ਚਨੁਕਰੀ ਸ਼ਾਮ 2003 ਐਡੀਸ਼ਨ- ਜਗਤਾਰ
ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ – ਜਗਤਾਰ
‘ਮੁਕਾਬਲੇ ਵਾਲੀ ਭਾਵਨਾ ਵਾਲਾ ਬਚਪਨ’ -ਅਜਮੇਰ ਸਿੱਧੂ – ਕਹਾਣੀ ਧਾਰਾ (33) ਅਪਰੈਲ-ਜੂਨ 2014 – ਪੰਨਾ 84 ਪੰਨਾ 379- ਜਗਤਾਰ (1933 ) ਪੰਨਾ 339 – ਗ਼ਜ਼ਲ ਜਨਮ ਤੇ ਵਿਕਾਸ ਸਾਧੂ ਸਿੰਘ ਹਮਦਰਦ – 1985
https://pa.wikipedia.org/wiki ਗ਼ਜ਼ਲ
https://www.punjabitribuneonline.com/news/archive/features ਜੁਲਾਈ 28, 2018 ਡਾ. ਜਗਤਾਰ ਦੀ ਗ਼ਜ਼ਲਕਾਰੀ ਦੇ ਮੂਲ ਸਰੋਕਾਰ
ਜਗਤਾਰ – ਗ਼ਜ਼ਲ ਨਿਕਾਸ ਤੇ ਵਿਕਾਸ – ਸਾਧੂ ਸਿੰਘ ਹਮਦਰਦ 1985
***
ਪਿਆਰਾ ਸਿੰਘ ਕੁੱਦੋਵਾਲ
pskudowal@yahoo.com
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1083
***

About the author

ਪਿਆਰਾ ਸਿੰਘ ਕੁੱਦੋਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿਆਰਾ ਸਿੰਘ ਕੁੱਦੋਵਾਲ

View all posts by ਪਿਆਰਾ ਸਿੰਘ ਕੁੱਦੋਵਾਲ →