19 March 2024

ਗੁਰੂਬਾਣੀ ਵਿੱਚ ਵਾਤਾਵਰਣ ਅਤੇ ਪ੍ਰਦੂਸ਼ਨ ਪ੍ਰਤੀ ਚੇਤੰਨਤਾ—ਪਿਆਰਾ ਸਿੰਘ ਕੁੱਦੋਵਾਲ

ਅੰਡਜ ਜੇਰਜ ੳਤਭੁਜ ਸੇਤਜ ਤੇਰੇ ਕੀਤੇ ਜੰਤਾ ।। ਸੋਰਠਿ ਮਜਲਾ ੧ ਅੰਗ 596

ਵਿਸ਼ਾਲ ਸ੍ਰਿਸ਼ਟੀ ਹੈ। ਇਸ ਦੇ ਸੌਰ ਮੰਡਲ ਵਿੱਚ ਸੂਰਜ ਦੁਆਲੇ ਘੁੰਮਦੇ ਅੱਠ ਮੁੱਖ ਗ੍ਰਹਿ ਬੁੱਧ, ਸ਼ੁਕਰ, ਧਰਤੀ, ਮੰਗਲ, ਬ੍ਰਹਸਪਤੀ, ਸ਼ਨੀ, ਯੁਰੇਨਸ ਤੇ ਤਿੰਨ ਗੌਣ ਗ੍ਰਹਿ ਸੀਰੀਸ, ਪਲੂਟੋ ਅਤੇ ਏਰੀਸ ਹਨ। ਅਕਾਸ਼ ਗੰਗਾ ਵਿੱਚ ਅਰਬਾਂ ਖਰਬਾਂ ਤਾਰੇ ਹਨ। ਸਾਡੀ ਧਰਤੀ ਸੱਭ ਤੋਂ ਵੱਡਾ ਤੇ ਐਸਾ ਗ੍ਰਹਿ ਹੈ ਜਿਸ ਤੇ 21% ਆਕਸੀਜਨ ਮਿਲਦੀ ਹੈ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ ਅਤੇ ਟੈਰਾ ਦੇ ਨਾਮਾਂ ਨਾਲ ਵੀ ਜਾਣਿਆਂ ਜਾਂਦਾ ਹੈ। ਅੱਜ ਤੱਕ ਦੀ ਖੋਜ ਅਨੁਸਾਰ ਜੀਵਨ ਦੇ ਮੂਲ ਸਿਧਾਂਤ ਵਿੱਚ ਸਾਡੀ ਧਰਤੀ ਉਪਰ ਮਿਲਦੇ 26 ਰਸਾਇਣਕ ਤੱਤਾਂ ਦੇ ਸੁਮੇਲ ਅਤੇ 6 ਰਸਾਣਿਕ ਮੂਲਾਂ ਜਿਵੇਂ ਕਾਰਬਨ, ਹਾਈਡਰੋਜਨ, ਨਾਈਟਰੋਜਨ, ਆਕਸੀਜਨ, ਫਾਸਫੋਰਸ ਅਤੇ ਸਲਫਰ ਤੋਂ 95 ਫੀਸਦੀ ਜੀਵਨ ਬਣਿਆ ਹੈ। ਐਸੇ ਤੱਤਾਂ ਅਤੇ ਜਲਵਾਯੂ ਕਰਕੇ ਹੀ ਮਨੁੱਖੀ, ਜਲ ਜੀਵਨ ਅਤੇ ਪ੍ਰਕ੍ਰਿਤਕ ਜੀਵਨ ਸੰਭਵ ਹੋ ਸਕਿਆ ਹੈ। ਪਹਿਲਾਂ ਇਕ ਸੈੱਲ ਜੀਵ ਪਾਣੀ ਵਿੱਚ ਪੈਦਾ ਹੋਏ, ਫਿਰ ਦੋ ਸੈੱਲ, ਫਿਰ ਹੌਲੀ ਹੌਲੀ ਹੋਰ ਜੀਵ, ਫਿਰ ਕੁੱਝ ਜੀਵ ਪਾਣੀ ਵਿਚੋਂ ਬਾਹਰ ਨਿਕਲ ਥਲ ਤੇ ਆਏ, ਫਿਰ ਹੋਰ ਜੰਤ, ਜਾਨਵਰ ਅਤੇ ਮਨੁੱਖ ਆਦਿ ਬਣੇ।

ਕੈਨੇਡਾ ਦੇ ਓਨਟਾਰੀਓ ਰਾਜ ਵਿੱਚ ਮਸਕੌਕਾ ਦੇ ਨੇੜੇ ਹੀ ਹੱਕਬਲਬਰੀ ਰੌਕਸ ਲੁਕਆਉਟ ਟਰੇਲਜ਼ ਹਨ। ਇਹਨਾਂ ਰੌਕਸ ਦੀ ਉਮਰ ਬਿਲੀਅਨ ਸਾਲ ਤੋਂ ਵੱਧ ਦੱਸੀ ਜਾਂਦੀ ਹੈ। 500 ਮਿਲੀਅਨ ਸਾਲ ਪਹਿਲਾਂ ਇਹਨਾਂ ਰੌਕਸ ਉਪਰ ਹੀ ਪਹਿਲੇ ਪ੍ਰਾਣੀ ਤੇ ਜੀਵ ਪਾਣੀ ਵਿੱਚੋਂ ਬਾਹਰ ਰੀਂਗ ਕੇ ਨਿਕਲੇ ਮੰਨੇ ਜਾਂਦੇ ਹਨ। ਇੱਕ ਵੱਡੇ ਪੱਥਰ ਉਪਰ ਜਾਣਕਾਰੀ ਉੱਕਰੀ ਗਈ ਹੈ। ਹਰ ਸਾਲ ਹਜ਼ਾਰਾਂ ਮਾਪੇ ਵਿਦਿਆਰਥੀ ਤੇ ਸੈਲਾਨੀ ਇਹ ਜਗਾਹ ਵੇਖਣ ਆਉਂਦੇ ਹਨ

ਗੁਰੂ ਨਾਨਕ ਸਾਹਿਬ ਨੇ 19 ਸ਼ਬਦਾਂ ਦੀ ਵਰਤੋਂ ਕਰਕੇ ਵਿਸ਼ਾਲ ਸ਼੍ਰਿਸ਼ਟੀ ਦੇ ਹਰ ਵੱਡੇ ਛੋਟੇ ਧਰਤੀ ਦੇ ਪ੍ਰਾਣੀ, ਸੂਖਸ਼ਮ ਜੀਵ, ਜਲ ਜੀਵ, ਅਲੱਗ ਅਲੱਗ ਪ੍ਰਕ੍ਰਿਤਕ ਸੁਭਾਅ ਅਨੁਸਾਰ ਪੈਦਾ ਹੋਣ ਵਾਲੇ, ਸਾਰੀ ਬਨਸਪਤੀ, ਸਾਰਾ ਭੂਗੋਲ, ਸਾਰਾ ਖਗੋਲ ਖੰਡਾਂ ਦੀਪਾਂ ਅਤੇ ਖੇਤਰਾਂ ਬੇਹੱਦ ਸੰਖੇਪ ਤੇ ਸੰਕੋਚਵੇਂ ਸ਼ਬਦਾਂ ਵਿੱਚ ਕੀਤਾ ਹੈ। ਦਿਲ ਵਿਚੋਂ ਸਿਰਫ ਵਾਹ ਮੇਰੇ ਸਤਿਗੁਰੂ ਐਨਾ ਗਿਆਨ ? ਅੱਜ ਦੇ ਸਮੇਂ ਅਨੁਸਾਰ ਹਰ ਵਿਦਿਆ, ਗਿਆਨ ਵਿਗਿਆਨ ਦੇ ਵਿਸ਼ੇ ਦਾ ਅਨੁਭਵ ਕਰ ਸਕਦੇ ਹਾਂ।

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ।।
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ।।
ਅੰਡਜ ਜੇਰਜ ੳਤਭੁਜਾਂ ਖਾਣੀ ਸੇਤਜਾਂਹ ।।
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਂਹ।। ਸਲੋਕ ਮਹਲਾ ੧ ਅੰਗ 467

ਇਸ ਬਹੁ ਪਰਕਾਰੀ ਸਿਰਜਣਾ ਦਾ ਪਾਲਕ ਵੀ ਸਿਰਜਣਹਾਰ ਹੈ। ਵਾਤਵਰਣ ਜਲਵਾਯੂ ਮੌਸਮ ਅਤੇ ਅਨੁਕੂਲ ਗੈਸਾਂ ਹਨ:
ਅੰਡਜ ਜੇਰਜ ਸੇਤਜ ੳਤਭੁਜ ਬਹੁ ਪਰਕਾਰੀ ਪਾਲਕਾ ।। ਮਾਰੂ ਮਹਲਾ ੫ ਅੰਗ 1084

ਸਿਰਜਣਹਾਰ ਨੇ ਸਿਰਜਣ,ਪਾਲਕ ਤੇ ਵਿਨਾਸ਼ ਕਰਨ ਦੀ ਸ਼ਕਤੀ ਸਾਨੂੰ ਵੀ ਦਿੱਤੀ ਹੈ। ਜਿਸ ਧਰਤੀ ਤੇ ਅਸੀਂ ਪੈਦਾ ਹੋਏ ਹਾਂ, ਵੱਡੇ ਹੋਏ ਤੇ ਜੀਅ ਰਹੇ ਹਾਂ, ਇਹ ਸਾਡੀ ਹੈ। ਇਸਦੀ ਸੇਵਾ ਸੰਭਾਲ ਕਰਨ ਦਾ, ਖੂਬਸੂਰਤ ਤੇ ਸਾਫ ਸੁਥਰਾ ਰੱਖਣ ਅਤੇ ਧਰਤੀ ਦੇ ਜੀਵਨ ਦਾਨੀ ਵਾਤਵਰਣ ਨੂੰ ਬਚਾਉਣ ਦਾ ਜ਼ਿਮਾ ਹੁਣ ਸਾਡਾ ਹੈ। ਮਨੁੱਖ ਬਹੁਤ ਵਧੀਆਂ ਕਾਢਾ ਕੱਢੀਆ ਤੇ ਮਾਨਵੀ ਜੀਵਨ ਨੂੰ ਸੌਖਾ ਕਰਨ ਤੇ ਸਹੂਲਤ ਭਰਿਆ ਕਰਨ ਲਈ ਲਗਾਤਾਰ ਖੋਜਾਂ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਨਾਲ ਬੁਰੇ ਪ੍ਰਭਾਵ ਵੀ ਨਾਲ ਹੀ ਉਸਰਦੇ ਜਾ ਰਹੇ ਹਨ। ਇੰਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ “ਮਨੁੱਖ ਨੇ ਆਪਣੀ ਧਰਤੀ, ਪਾਣੀ ਤੇ ਹਵਾ ਨੂੰ ਬੁਰੀ ਤਰਾਂ ਗੰਧਲਾ ਤੇ ਪ੍ਰਦੂਸ਼ਿਤ ਕਰ ਲਿਆ ਹੈ।“ ਜਿਸ ਦੇ ਸਿੱਟੇ ਗਲੋਬਲ ਵਾਰਮਿੰਗ, ਭਿਅੰਕਰ ਬੀਮਾਰੀਆਂ ਅਤੇ ਵੱਡੀਆਂ ਮੌਸਮੀ ਤਬਦੀਲੀਆਂ ਦੇ ਤੌਰ ਤੇ ਸਾਫ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਧਰਤੀ ਦਾ ਤਾਪਮਾਨ ਦਿਨ ਬ ਦਿਨ ਵੱਧ ਰਿਹਾ ਹੈ। ਪਹਾੜਾਂ ਤੋਂ ਗਲੇਸ਼ੀਅਰ ਤੇ ਬਰਫ ਦੇ ਵੱਡੇ ਤੋਦੇ ਢੱਲਣ ਲੱਗੇ ਹਨ। ਸਮੁੰਦਰਾਂ ਤੇ ਝੀਲਾਂ ਦਾ ਪਾਣੀ ਉਪਰ ਉੱਠ ਰਿਹਾ। ਕਈ ਦਰਿਆ ਤੇ ਨਦੀਆਂ ਹੜ੍ਹਾਂ ਦਾ ਕਾਰਣ ਬਣ ਰਹੇ ਹਨ ਤੇ ਕਈ ਸੁੱਕ ਰਹੇ ਹਨ। ਇਹ ਉੱਥਲ ਪੁੱਥਲ ਸਾਡੇ ਜੀਵਨ ਲਈ ਅਤੇ ਵਾਤਾਵਰਣ ਲਈ ਸਹੀ ਨਹੀਂ ਹੈ। ਇਹ ਧਰਤੀ ਸਾਡਾ ਘਰ ਹੈ। ਇਸ ਦੀ ਸੰਭਾਲ ਕਰਨ ਦੀ ਜਿਮੇਂਵਾਰੀ ਸਾਡੀ ਬਣਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਹਵਾ ਨੂੰ ਗੁਰੂ ਦਾ, ਪਾਣੀ ਨੂੰ ਪਿਤਾ ਦਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ।

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਦਿਵਸ ਰਾਤਿ ਦੁਇ ਦਾਈ ਦਾਇਆ ਖੇਲੇ ਸਗਲ ਜਗਤੁ।। ਜਪ ਮਹਲਾ ੧ ਅੰਗ 8

ਧਰਤੀ ਸਾਨੂੰ ਮਾਂ ਵਾਂਗ ਹੀ ਜੀਵਨ ਦਾਨ ਦਿੰਦੀ ਹੈ, ਪਾਲਦੀ ਪੋਸਦੀ ਵੱਡਾ ਕਰਦੀ ਹੈ ਅਤੇ ਮੌਤ ਉਪਰੰਤ ਵੀ ਆਪਣੀ ਗੋਦ ਵਿੱਚ ਸਮਾ ਲੈਂਦੀ ਹੈ। ਇਸ ਕਰਕੇ ਧਰਤੀ ਸਾਡੇ ਜੀਵਨ ਦਾ ਇਕ ਅਨਿੱਖੜਵਾਂ ਅੰਗ ਹੈ। ਸਾਡੀ ਦੇਹ ਜਾਂ ਸਰੀਰ ਵੀ ਮਿੱਟੀ ਭਾਵ ਧਰਤੀ ਹੀ ਹੈ। ਹਵਾ ਆਵਾਜ਼ ਪੈਦਾ ਕਰਦੀ ਹੈ। ਜਿਸ ਤੋਂ ਬੋਲ ਬਣਦੇ ਹਨ:

“ਦੇਹੀ ਮਾਟੀ ਬੋਲੈ ਪਉਣੁ ।।“ ਰਾਗ ਗਉੜੀ ਮਹਲਾ ੧ ਅੰਗ 152
ਸਾਨੂੰ ਧਰਤੀ ਦੀ ਕਦਰ ਕਰਨੀ ਚਹੀਦੀ ਹੈ।
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡ ਨ ਕੋਇ ।।
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ।।੧੭।। ਸਲੋਕ ਸੇਖ ਫਰੀਦ ਕੇ ਅੰਗ 1378

ਕੀ ਅਸੀਂ ਧਰਤੀ ਮਾਤਾ ਦੀ ਸੰਭਾਲ ਕਰ ਰਹੇ ਹਾਂ? ਜਵਾਬ ਨਹੀਂ ਹੈ। ਹੁਣ ਜਦੋਂ ਆਪਣੇ ਤੇ ਖਤਰਾ ਮੰਢਰਾਉਣ ਲੱਗਾ ਹੈ। ਅਗਲੀਆਂ ਪੀੜੀਆਂ ਗਰੇਟਾ ਥੰਨਬਰਗ ਦੇ ਰੂਪ ਵਿੱਚ ਸਾਥੋਂ ਜਵਾਬ ਮੰਗਣ ਲੱਗੀਆਂ ਹਨ ਤਾਂ ਅਸੀਂ ਸੁਚੇਤ ਹੋਣ ਲੱਗੇ ਹਾਂ ।

ਅੰਤਰ-ਰਾਸ਼ਟਰੀ ਪੱਧਰ ਤੇ ਇਸ ਬਾਰੇ ਚੇਤੰਨ’ ਵਿਚਾਰਾਂ ਹੋ ਰਹੀਆਂ ਹਨ। 31 ਅਕਤੂਬਰ ਤੋਂ 13 ਨਵੰਬਰ 2021 ਨੂੰ ਐਸ.ਈ.ਸੀ.ਸੈਂਟਰ ਗਲਾਸਗੋ, ਸਕਾਟਲੈਂਡ ਯੂ ਕੇ ਵਿੱਚ, ਯੂਨਾਈਟਡ ਨੇਸ਼ਨਜ਼ ਕਲਾਈਮੇਟ ਚੇਂਜ਼ ਕੌਨਫਰੰਸ ਹੋਈ। ਜਿਸ ਵਿੱਚ 197 ਦੇਸ਼ਾਂ ਦੇ ਅਹੁਦੇਦਾਰਾਂ ਦੇ ਨੇ ਭਾਗ ਲਿਆ। ਤਕਰੀਨ 100 ਦੇਸ਼ਾਂ ਵਿੱਚ ਪ੍ਰਦੂਸ਼ਨ ਬਾਰੇ ਸੁਚੇਤ ਗੱਲਬਾਤ ਚੱਲ ਪਈ ਹੈ। ਇਸ ਕੌਨਫਰੰਸ ਦੀ ਪ੍ਰਧਾਨਗੀ ਇੰਗਲੈਂਡ ਦੇ ਕੈਬਨਿਟ ਮਨਿਸਟਰ ਸ੍ਰੀ ਮਾਨ ਅਲੋਕ ਸ਼ਰਮਾ ਜੀ ਨੇ ਕੀਤੀ। ਇਸ ਕੌਨਫਰੰਸ ਦੌਰਾਨ ਪ੍ਰਦੂਸ਼ਨ, ਕੋਲਾ ਗੈਸ, ਫੈਕਟਰੀਆਂ ਤੇ ਵਾਹਨਾਂ ਦੇ ਧੂੰਏਂ ਤੋਂ ਪੈਦਾ ਹੋਣ ਵਾਲੀਆਂ ਗੈਸਾਂ ਨੂੰ ਘਟਾਉਣ ਦੇ ਕਈ ਮਹੱਤਵ ਪੂਰਣ ਟੀਚੇ ਮਿੱਥ ਕੇ ਫੈਸਲੇ ਲਏ ਗਏ। ਪ੍ਰਦੂਸ਼ਨ ਘਟਾਉਣ ਲਈ ਮੈਂਬਰ ਦੇਸ਼ ਕਨੂੰਨ ਬਣਾਉਣਗੇ ਅਤੇ ਲਾਗੂ ਕਰਨਗੇ। ਹਰ ਦੇਸ਼ ਨੂੰ ਟੀਚਾ ਵੀ ਦਿੱਤਾ ਗਿਆ ਹੈ ਕਿ ਕਿੰਨਾ ਚਿਰ ਵਿੱਚ ਕਿੰਨੇ % ਗਰੀਨ ਗੈਸਾਂ ਵਿੱਚ ਕਮੀ ਲਿਆਂਦੀ ਜਾਵੇਗੀ। ਭਾਰਤ ਨੇ ਵੀ 2070 ਤੱਕ ਕੋਲਾ ਗੈਸ ਨੂੰ ਜ਼ੀਰੋ % ਕਰਨ ਦਾ ਟੀਚਾ ਮਿਥਿਆ ਹੈ। ਬਹੁਤ ਸਾਰੇ ਦੇਸ਼ਾਂ ਨੇ 2035 ਤੋਂ 2040 ਤੱਕ ਸਾਰੇ ਵਾਹਨ ਬਿਜਲਈ ਵਾਹਨਾਂ ਵਿੱਚ ਬਦਲਣ ਦਾ ਫੈਸਲਾ ਲਿਆ ਹੈ। ਬਿਜਲਈ ਕਾਰਾਂ ਤੇ ਹੋਰ ਵਾਹਨ ਪਟਰੋਲ ਵਾਲੇ ਵਾਹਨਾਂ ਤੋਂ ਸਸਤੇ, ਸੁਵਿਧਾਜਨਕ, ਪ੍ਰਦੂਸ਼ਨ ਘਟਾਉਣ ਵਿੱਚ ਮਦਦ ਕਰਦੇ। ਤੁਸੀਂ ਘਰ ਵਿੱਚ ਹੀ ਚਾਰਜ ਕਰ ਸਕਦੇ ਹੋ। ਥਾਂ ਥਾਂ ਗੈਸ ਸਟੇਸ਼ਨ ਦੇ ਨਾਲ ਬਿਜਲਈ ਕਾਰ ਚਾਰਜ਼ਰ ਲੱਗ ਰਹੇ ਹਨ। ਟੈਸਲਾ ਕੰਪਨੀ ਨੇ ਇਸ ਖੇਤਰ ਵਿੱਚ ਪਹਿਲਾਂ ਹੀ ਇਨਕਲਾਬੀ ਤਬਦੀਲੀ ਲਿਆਂਦੀ ਹੈ। ਹੋਰ ਵੱਡੇ ਵਾਹਨ ਬਣਾਉਣ ਵਾਲੇ ਉਦਯੋਗਪਤੀ (ਆਟੋ ਮੇਨੂਫੇਕਚਰਰਜ਼) ਵੀ ਬਿਜਲਈ ਕਾਰਾਂ ਬਣਾਉਣ ਦੀ ਦੌੜ ਵਿੱਚ ਯੁੱਟ ਪਏ ਹਨ ਤਾਂ ਕਿ ਪੈਟਰੋਲ ਡੀਜ਼ਲ ਤੇ ਮਿੱਟੀ ਦੇ ਤੇਲ ਤੇ ਨਿਰਭਰਤਾ ਘਟਾ ਕੇ ਜ਼ੀਰੋ ਕਰ ਦਿੱਤੀ ਜਾਵੇ। ਐਲਨ ਮਸਕ ਦੇ ਇਸ ਐਲਾਨ ਨੇ ਕਿ ਬਹੁਤ ਸਾਰੇ ਸੈਟਲਾਈਟ ਛੱਡੇਗਾ ਤਾਂ ਕਿ ਸਾਰੇ ਸੰਸਾਰ ਵਿੱਚ ਇੰਟਰਨੈੱਟ ਦੀ ਸਮੱਸਿਆ ਖਤਮ ਹੋਵੇ ਤੇ ਸੜਕਾਂ ਤੇ ਸੁਰੱਖਿਆ ਵਧੇ। ਸੜਕ ਹਾਦਸਿਆਂ ਤੋਂ ਜੇ ਪੂਰਣ ਤੌਰ ਤੇ ਬਚਾਅ ਨਹੀਂ ਤਾਂ ਘਟਾ ਹੋ ਸਕੇ।

ਰੂਸ, ਚੀਨ, ਸਾਉਦੀ ਕਈ ਹੋਰ ਦੇਸ਼, ਇਸ ਕੌਨਫਰੰਸ ਵਿੱਚੋਂ ਗੈਰ-ਹਾਜ਼ਰ ਰਹੇ। ਤਾਂ ਵੀ ਵਾਤਵਰਣ ਪ੍ਰਦੂਸ਼ਣ ਤੋਂ ਪ੍ਰਭਾਵਿਤ ਹੋਣ ਤੋਂ ਨਹੀਂ ਬੱਚ ਸਕਦੇ। ਗਲਾਸਗੋ ਵਿੱਚ ਲੋਕਾਂ ਨੇ ਇਕ ਬਹੁਤ ਵੱਡਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਮੰਗ ਕੀਤੀ ਕਿ ਸਰਕਾਰਾਂ ਤੇ ਦੁਨੀਆਂ ਦੇ ਵੱਡੇ ਲੀਡਰ ਕੁੱਝ ਸਾਰਥਕ ਨਹੀਂ ਕਰ ਰਹੇ। ਨੌਜਵਾਨ ਅਤੇ ਸੱਭ ਤੋਂ ਘੱਟ ਉਮਰ ਦੀ ਪ੍ਰਸਿੱਧ ਵਾਤਾਵਰਣ ਤਬਦੀਲੀ ਐਕਟਵਿਸਟ ਗਰੇਟਾ ਥੰਨਬਰਗ ਵਾਤਾਵਰਣ ਬਾਰੇ ਵੱਡੇ ਲੀਡਰਾਂ ਦੀ ਤਕਰੀਰਾਂ, “ਬਲਾਅ ਬਲਾਅ ਬਲਾਅ ਬਲਾਅ ਬਲਾਅ” ਕਹਿੰਦੀ ਹੈ। ਉਹ ਸਿਰਫ ਗੱਲਾਂ ਕਰਦੇ ਹਨ ਪਰ ਮੌਸਮ ਦੀ ਤਬਦੀਲੀ ਲਈ ਕੋਈ ਵੀ ਸਾਰਥਕ ਕਦਮ ਨਹੀਂ ਚੁੱਕਦੇ।

ਹਵਾ ਜਾਂ ਆਕਸੀਜਾਂਨ ਸਾਡੇ ਜੀਵਨ ਦਾ ਆਧਾਰ ਹੈ। ਗੁਰੂਬਾਣੀ ਵਿੱਚ ਹਵਾ ਨੂੰ “ਪਵਣ ਗੁਰੂ” ਅਤੇ “ ਗੁਰਮੁਖਿ“ ਵਰਗੇ ਉਤਮ ਸ਼ਬਦਾਂ ਨਾਲ ਸੰਬੋਧਿਤ ਕੀਤਾ ਗਿਆ ਹੈ:

ਗੁਰਮੁਖਿ ਧਰਤੀ ਗੁਰਮੁਖਿ ਪਾਣੀ।।
ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ।। ਮਾਝ ਮਹਲਾ ੩ ਅੰਗ 117

ਸਾਰਾ ਕੰਮ ਹਵਾ ਦਾ ਹੈ। ਸਾਫ ਹਵਾ ਫੇਫੜਿਆਂ ਵਿੱਚ ਜਾਂਦੀ ਤੇ ਗੰਦੀ ਹਵਾ ਬਾਹਰ ਕੱਢਦੀ ਹੈ। ਇਕ ਪ੍ਰਕਿਰਿਆ ਹੈ ਆਕਸੀਜਨ ਅੰਦਰ ਕਾਰਬਨਡਾਇਕਸਾਈਡ ਬਾਹਰ। ਰੁੱਖਾਂ ਤੇ ਬਨਸਪਤੀ ਦਿਨ ਵੇਲੇ ਆਕਸੀਜਨ ਪੈਦਾ ਕਰਦੇ ਹਨ। ਜਿਸ ਕਰਕੇ ਸਾਡੇ ਸਾਹ ਚਲਦੇ ਹਨ। ਜੀਵਨ ਚਲਦਾ ਹੈ। ਸਾਹ ਬੰਦ ਜੀਵਨ ਖਤਮ। ਗੁਰਬਾਣੀ ਸਿਖਾ ਰਹੀ ਹੈ ਕਿ ਧਰਤੀ ਬਚਾਉਣ ਲਈ ਸਿਆਣੇ ਖੋਜਕਾਰਾਂ, ਵਾਤਾਵਰਣ ਮਾਹਰਾਂ ਨਾਲ ਮਿਲ ਕੇ ਬੈਠੋ, ਵਿਚਾਰਾਂ ਕਰੋ ਅਤੇ ਪ੍ਰਦੂਸ਼ਨ ਖਤਮ ਕਰਨ ਲਈ ਠੋਸ ਕਦਮ ਚੁੱਕੋ। ਆਪਣਾ,ਜੀਵਾਂ ਦਾ ਅਤੇ ਪ੍ਰਕ੍ਰਿਤੀ ਦਾ ਜੀਵਨ ਸਵਾਰੋ:

ਅਉਧ ਘਟੈ ਦਿਨਸੁ ਰੈਣਾਰੇ।।
ਮਨ ਗੁਰ ਮਿਲਿ ਕਾਜ ਸਵਾਰੇ ।। ਰਾਗ ਗਾਉੜੀ ਪੂਰਬੀ ਮਹਲਾ੫ ਅੰਗ 13

ਹਵਾ ਦਾ ਪ੍ਰਦੂਸ਼ਣ ਹੋਰ ਵੀ ਖਤਰਨਾਕ ਹੋ ਰਿਹਾ ਹੈ। ਉਦਯੋਗ ਅਤੇ ਵਾਹਨ ਹਵਾ ਦੇ ਸੱਭ ਤੋਂ ਵੱਧ ਘਾਤਕ ਗੰਦਗੀ ਪੈਦਾ ਕਰਦੇ ਹਨ। ਕੋਲੇ ਨਾਲ ਚਲਣ ਵਾਲੇ ਉਦਯੋਗ ਧੂੰਆਂ ਹਨ। ਜਿਸ ਨੂੰ ਅਸੀਂ ਸਾਹ ਰਾਂਹੀ ਆਪਣੇ ਅੰਦਰ ਫੇਫੜਿਆ ਵਿੱਚ ਖਿੱਚਦੇ ਹਾਂ। ਉਸਦੇ ਨਾਲ ਕਿੰਨੇ ਹੀ ਖਤਰਨਾਕ ਤੱਤ ਵੀ ਨਾਲ ਖਿਚਦੇ ਹਾਂ। ਜੋ ਹੌਲੀ ਹੌਲੀ ਦਮਾ ਕੈਂਸਰ ਵਰਗੇ ਰੋਗਾਂ ਦਾ ਕਾਰਣ ਬਣਦੇ ਹਨ। ਯੂਰਪੀਅਨ ਸੋਸਾਇਟੀ ਆਫ ਕਾਰਡੀਓਲੋਜੀ ਦਾ ਤਾਜ਼ਾ ਵਿਗਿਆਨਕ ਅਧਿਐਨ ਦਰਸਾਉਂਦਾ ਹੈ ਕਿ ਖਰਾਬ ਹਵਾ ਦੀ ਗੁਣਵੱਤਾ ਵਿਸ਼ਵ ਪੱਧਰ ‘ਤੇ ਪ੍ਰਤੀ ਸਾਲ 8.8 ਮਿਲੀਅਨ ਵਾਧੂ ਮੌਤਾਂ ਦਾ ਕਾਰਨ ਬਣਦੀ ਹੈ। ਘਰਾਂ ਅਤੇ ਇਮਾਰਤਾਂ ਵਿੱਚ ਬਹੁਤ ਸਾਰੇ ਹਵਾ ਪ੍ਰਦੂਸ਼ਕ ਹੋ ਸਕਦੇ ਹਨ। ਖਰਾਬ ਹਵਾ ਦੀ ਗੁਣਵੱਤਾ ਦਾ ਪਹਿਲਾ ਸੰਕੇਤ ਪਾਣੀ ਲਗਾਤਾਰ ਗੰਧ ਜਾਂ ਉਥੇ ਵਸਣ ਵਾਲੇ ਲੋਕਾਂ ਦੀ ਵਿਗੜਦੀ ਸਿਹਤ ਹੈ। ਹੋ ਸਕਦਾ ਜਿਸ ਥਾਂ ਇਮਾਰਤ ਬਣਾਈ ਗਈ ਹੋਵੇ, ਉਸ ਹੇਠਾਂ ਬਿਨ੍ਹਾਂ ਟੈਸਟ ਕੀਤੇ ਜਾਂ ਅਣਗਹਿਲੀ ਵੱਸ, ਵਰਤੀ ਗਈ ਭੂਮੀ ਜਾਂ ਪਾਈ ਗਈ ਭਰਤੀ ਖਰਾਬ ਹਵਾ ਪੈਦਾ ਕਰਦੀ ਹੋਵੇ। ਜਾਂ ਹੋ ਸਕਦਾ ਹੇਠਾਂ ਗੰਦਾ ਪਾਣੀ ਜਾਂ ਕਰਕਟ ਜਿਸ ਨੂੰ ਅੰਗਰੇਜ਼ੀ ਵਿੱਚ ਡਰਟੀ ਡਰਟ ਜਾਂ ਡਰਟੀ ਵੇਸਟ ਆਖਿਆ ਜਾਂਦਾ ਹੈ।

ਇਸੇ ਤਰਾਂ ਸ਼ਹਿਰੀ ਅਤੇ ਉਦਯੋਗਿਕ ਤਰਲ ਅਤੇ ਠੋਸ ਕੂੜਾ ਜਿਵੇਂ ਕਿ ਮਿਉਂਸਪਲ ਕੂੜਾ ਕਰਕਟ, ਵਰਤੇ ਗਏ ਟਾਇਰਾਂ, ਨਿਰਮਾਣ ਕੂੜਾ ਕਰਕਟ, ਸੀਵਰੇਜ ਦੀ ਨਿਕਾਸੀ, ਕੂੜੇ ਦਾ ਤੇਲ, ਗੈਸਕਟ ਸਮੱਗਰੀ ਅਤੇ ਸ਼ਰਾਬ ਮਿੱਲਾਂ ਦੀ ਲਾਹਣ ਸਾਹ ਦੀ ਸਮੱਸਿਆ ਪੈਦਾ ਕਰਦੀ ਹੈ:

ਇਕ ਪਉਣ ਸੁਮਾਰੀ ਪਉਣ ਸੁਮਾਰਿ ।। ਮਹਲਾ ੧ ਅੰਗ 144

ਕੋਈ ਵਿਰਲਾ ਟਾਵਾਂ ਯੋਗੀ ਤਾਂ ਭਾਵੇਂ ਆਪਣੇ ਸਾਹਾਂ ਤੇ ਕੰਟਰੋਲ ਕਰ ਸਕਦਾ ਹੈ ਜਾਂ ਸਾਹਾਂ ਨੂੰ ਨਿਯਮਤ ਰੂਪ ਚਲਾ ਸਕਦਾ ਹੋਵੇ।

ਵਣ ਬਨਸਪਤੀ ਦੀ ਸੰਭਾਲ ਕਰਨੀ ਚਾਹੀਦੀ ਹੈ। ਜੰਗਲਾਂ ਨੂੰ ਕੱਟ ਵੱਢ ਕੇ ਮਨੁੱਖ ਦੇ ਸਵਰਥੀ ਹਿੱਤਾਂ ਦੀ ਪੂਰਤੀ ਲਈ ਬਰਬਾਦ ਨਹੀਂ ਕਰਨਾ ਚਾਹੀਦਾ। ਅੱਜ ਕੱਲ ਜੰਗਲਾਂ ਵਿੱਚ, ਝੀਲਾਂ, ਸਮੁੰਦਰਾਂ ਦੇ ਤੱਟਾਂ ਅਤੇ ਪਹਾੜਾਂ ਨੂੰ ਕੱਟ ਕੇ, ਅਣਉਚਿਤ ਤਰੀਕਿਆਂ ਦੀ ਵਰਤੋਂ ਕਰਕੇ, ਜਿਸ ਤਰਾਂ ਵਿਲਾਜ਼ ਅਤੇ ਉੱਚੀਆਂ ਇਮਾਰਤਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ । ਜਿਸ ਨਾਲ ਇਹਨਾਂ ਚੰਗੀਆਂ ਥਾਵਾਂ ਨੂੰ ਕੂੜੇ-ਕਰਕਟ, ਨਿਰਮਾਣ ਰਹਿੰਦ ਖੂੰਦ, ਪਲਾਸਟਿਕ ਅਤੇ ਰੌਲਾ ਰੱਪਾ ਪ੍ਰਦੂਸ਼ਣ ਨਾਲ ਭਰ ਰਹੇ। ਉਸਦਾ ਸਾਡੇ ਵਾਤਵਰਣ ਤੇ ਦਿਨ-ਬ-ਦਿਨ ਮਾੜਾ ਪ੍ਰਭਾਵ ਵੱਧ ਰਿਹਾ ਹੈ ਜੋ ਵੱਡੀ ਚਿੰਤਾ ਦਾ ਕਾਰਣ ਬਣ ਰਿਹਾ ਹੈ। ਬਾਬਾ ਫਰੀਦ ਜੀ ਦਾ ਮਹਾਂਵਾਕ ਹੈ:

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜਹਿ।। ਸਲੋਕ ਫਰੀਦ ਕੇ ਅੰਗ 1378

ਜੰਗਲਾਂ ਦੀ ਬੇਸਮਝੀ ਨਾਲ ਕੀਤੀ ਕਟਾਈ ਕਾਰਣ ਕੁਦਰਤੀ ਸਰੋਤਾਂ, ਜਨ-ਜੀਵਾਂ, ਪੌਦਿਆਂ ਦਾ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ। ਪ੍ਰਕਿਰਤੀ ਵਿੱਚ ਅਸਤੁੰਲਨ ਪੈਦਾ ਹੋਣ ਕਾਰਣ, ਨਵੀਆਂ ਨਵੀਆਂ ਬੀਮਾਰੀਆਂ ਉੱਭਰ ਰਹੀਆਂ ਹਨ। ਉਹ ਬੀਮਾਰੀਆਂ ਜਿਹਨਾਂ ਬਾਰੇ ਸਾਡੇ ਬਜ਼ੁਰਗਾਂ ਨੇ ਸੁਣਿਆ ਵੀ ਨਹੀਂ ਹੋਵੇਗਾ। ਵਾਤਾਵਰਣ ਪ੍ਰਦੂਸ਼ਿਤ ਹੋਣ ਕਰਕੇ ਮਨੁੱਖੀ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ:

ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ।।
(ਸਿਰੀ ਰਾਗ ਮਹਲਾ ੩ ਘਰਿ ੧ ਅਸਟਪਦੀਆ 64)

ਮਨੁੱਖ ਤਾਂ ਬੋਲ ਕੇ ਵੀ ਦੱਸ ਸਕਦਾ ਹੈ। ਪਰ ਜੀਵ ਜੰਤੂ ਤੇ ਬਨਸਪਤੀ ਬੋਲ ਕੇ ਤਾਂ ਨਹੀਂ ਦੱਸ ਸਕਦੇ ਪਰ ਉਹਨਾਂ ਦੀ ਮਰਨ, ਗਲਣ ਸੜਨ ਅਤੇ ਦਿਨ ਬ ਦਿਨ ਜ਼ਹਰੀਲੇ ਹੋਣ ਦੀ ਪ੍ਰਕ੍ਰਿਆ ਤੋਂ ਪ੍ਰਦੂਸ਼ਨ ਦੇ ਦੁਰ-ਪ੍ਰਭਾਵ ਆਂਕੇ ਜਾ ਸਕਦੇ ਹਨ। ਬਹੁਤ ਸਾਰੇ ਮਾਸਾਹਾਰੀ ਪੰਛੀਆ ਦਾ ਮਰਨਾ ਜੋ ਕਿ ਖੇਤਾਂ ਵਿੱਚ ਸੁੰਢੀਆਂ ਚੂਹੇ ਸੱਪ ਵਗੈਰਾ ਖਾਂਦੇ ਹਨ ਜਿਹਨਾਂ ਵਿੱਚ ਚਿੜੀਆਂ, ਸ਼ਾਰਕਾਂ, ਘੁੱਗੀਆਂ, ਕਬੂਤਰ, ਕੋਇਲਾਂ ਮੋਰ, ਟਟੌਲੀਆਂ, ਬਗਲੇ, ਬਿੱਜੜੇ,ਕੱਠਫੋੜੇ, ਤੋਤੇ, ਨੀਲ-ਕੰਠ, ਬਾਜ਼ ਵੀ ਸ਼ਾਮਲ ਹਨ। ਇਹਨਾਂ ਵਿਚੋਂ ਬਹੁਤ ਸਾਰੇ ਤਾਂ ਸੁਪਨੇ ਹੀ ਬਣ ਗਏ ਹਨ ਜਾਂ ਕਿਤਾਬਾਂ ਵਿੱਚ ਛਪੀਆਂ ਤਸਵੀਰਾਂ ਚ ਰਹਿ ਗਏ ਹਨ। ਇਹਨਾਂ ਦਾ ਕਾਰਣ ਪੈਸਟੀਸਾਇਟਸ ਦੀ ਨਿਰਧਾਰਤ ਮਾਤਰਾ ਤੋਂ ਵੱਧ ਵਰਤਣੀ ਜਾਂ ਨਜਾਇਜ਼ ਵਰਤੋਂ ਕਰਨੀ ਅਤੇ ਸਹੀ ਤਰੀਕੇ ਨਾਲ ਵਰਤੋਂ ਨਾ ਕਰਨੀ ਵੀ ਵੱਡਾ ਕਾਰਣ ਬਣਿਆ ਹੈ। ਜਿਹਨਾਂ ਦੇਸ਼ਾਂ ਨੇ ਇਸ ਵੱਲ ਧਿਆਨ ਦਿੱਤਾ ਉਹ ਬਚਾ ਕਰ ਰਹੇ ਹਨ ਜਾਂ ਸੁਚੇਤ ਕੋਸ਼ਿਸ਼ਾਂ ਕਰ ਰਹੇ ਹਨ।

ਰੁੱਤਾਂ ਦੇ ਬਦਲਣ ਦੀ ਪ੍ਰਕਿਰਿਆ ਦਾ ਵੀ ਸਾਡੇ ਵਾਤਾਵਰਣ ਤੇ ਆਪਣੇ ਪ੍ਰਭਾਵ ਸਿਰਜਦਾ ਹੈ। ਸਰਦੀਆਂ ਗਰਮੀਆਂ ਬਸੰਤ ਬਰਸਾਤਾਂ ਵਿੱਚ ਜਨ ਜੀਵਨ ਬਨਸਪਤੀ ਅਤੇ ਵਾਤਾਵਰਣ ਤੇ ਅਲੱਗ ਅਲੱਗ ਅਸਰ ਪੈਂਦਾ ਹਨ। ਰੰਗ, ਭਾਹ, ਸੁਭਾਅ, ਕਪੜੇ, ਫਸਲਾਂ, ਫ਼ਲ, ਫੁੱਲ ਖਾਣ ਪੀਣ ਖੇਡਾਂ ਉੱਠਣ ਬੈਠਣ ਤੱਕ ਬਦਲ ਜਾਂਦਾ ਹੈ:

ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ।। ਰਾਗ ਰਾਮਕਲੀ ਮਹਲਾ ੫ ਛੰਤੁ ਅੰਗ 928

ਪੋਖਿ ਤੁਖਾਰੁ ਪੜੇ ਵਣੁ ਤ੍ਰਿਣ ਰਸੁ ਸੋਖੈ ।।
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੈ ।। ਰਾਗ ਤੁਖਾਰੀ ਮਹਲਾ ੧ ਅੰਗ 1109

ਸਰਦੀਆਂ ਵਿੱਚ ਬਰਫ ਤੇ ਕੁਹਰਾ ਪੈ ਜਾਂਦਾ ਹੈ ਰੁੱਖਾਂ ਦੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ:

ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ।।
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ।। ਅੰਗ 1383

ਜਦੋਂ ਬਸੰਤ ਆਉਂਦੀ ਹੈ ਰੰਗ ਬਰੰਗੇ ਫੁੱਲ ਲਗਣੇ ਸ਼ੁਰੂ ਹੋ ਜਾਂਦੇ ਹਨ। ਹਰ ਪਾਸੇ ਬਹਾਰ ਤੇ ਮਹਿਕ ਫੈਲ ਜਾਂਦੀ ਹੈ:

ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ।।
ਜਿਤੁ ਮਉਲਿਐ ਤਿਸਹਿ ਨ ਮਉਲਿਹੁ ਕੋਇ ।। ਰਾਗ ਸੂਹੀ ਮਹਲਾ੧ ਅੰਗ 791

ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰ ।।
ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ।। ਰਾਗ ਸੂਹੀ ਮਹਲਾ ੨ ਅੰਗ 791

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ।। ਰਾਗ ਤੁਖਾਰੀ ਮਹਲਾ੧ ਅੰਗ 1107

ਬਾਰਸ਼ ਧਰਤੀ ਉੱਤੇ ਬਨਸਪਤੀ, ਜੀਵਾਂ ਤੇ ਪ੍ਰਾਣੀਆਂ ਲਈ ਅਤੀ ਜ਼ਰੂਰੀ ਹੈ। ਅੰਨ ਵੱਧ ਪੈਦਾ ਹੁੰਦਾ ਤੇ ਧਨ ਵਿੱਚ ਵੀ ਵ੍ਰਿਧੀ ਹੁੰਦੀ ਹੈ। ਮੀਂਹ ਅਤੇ ਮੇਘਲਾ ਖੁਸ਼ੀਆਂ ਦਾ ਪ੍ਰਤੀਕ ਬਣ ਜਾਂਦਾ ਹੈ:

ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ।।
ਇੰਦ ਵਰਸੈ ਦਇਆ ਕਰਿ ਗੂੜ੍ਹੀ ਛਹਬਰ ਲਾਇ।।
ਬਾਬੀਹੇ ਤਨਿ ਮਨਿ ਸੁਖੁ ਹੋਇ ਜਾਂ ਤਤੁ ਬੂੰਦ ਮੁਹਿ ਪਾਇ।।
ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ।। 57।।1420।।

ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭੁ ਕੋਇ ।। ਆਸਾ ਦੀ ਵਾਰ ਮਹਲਾ ੧ ਅੰਗ 472

ਪਾਣੀ ਜੀਵਨ ਹੈ। ਜਨ ਜੀਵਨ ਹੈ ਜਾਂ ਬਨਸਤੀ ਪਾਣੀ ਤੋਂ ਬਿਨਾਂ ਜੀਵਨ ਸੰਭਵ ਹੀ ਨਹੀਂ। ਪਾਣੀ ਸਾਡੇ ਸਰੀਰ ਦਾ ਅਤੀ ਜਰੂਰੀ ਹਿੱਸਾ ਹੈ। ਸਾਡੇ ਖੂਨ ਦਾ ਦੌਰਾ ਹੀ ਸਾਡਾ ਜੀਵਨ ਅਧਾਰ ਹੈ। ਪਾਣੀ ਕਰਕੇ ਹੀ ਸਾਡੇ ਮੂੰਹ ਵਿੱਚਲੇ ਸਵਾਦ ਜੁੜੇ ਹੋਏ ਹਨ। ਮਨੁੱਖੀ ਸਰੀਰ ਵਿੱਚ 70% ਪਾਣੀ ਹੈ। ਪ੍ਰਤੀ ਅੰਗ ਅਤੇ ਉਮਰ ਦੇ ਵੱਧਣ ਨਾਲ ਇਹ ਮਾਤਰਾ ਵੱਧ ਘੱਟ ਵੀ ਹੋ ਸਕਦੀ ਹੈ। ਦਿਲਚਸਪ ਗੱਲ ਇਹ ਕਿ ਧਰਤੀ ਦੇ ਉਪਰ ਵੀ ਅਤੇ ਧਰਤੀ ਦੇ ਅੰਦਰ ਵੀ ਤਕਰੀਬਨ 70%-71% ਪਾਣੀ ਹੈ। ਗੁਰਬਾਣੀ ਦਾ ਪਰਮਾਣ ਹੈ। “ਜੈਸੀ ਧਰਤੀ ਊਪਰਿ ਮੇਘਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ।।“ ਮਹਲਾ ੩ ਗਾਉੜੀ ਬੈਰਾਗਣਿ ਅੰਗ 162

ਸਾਡਾ ਲੱਗਭੱਗ ਹਰ ਖਾਣਾ ਪਾਣੀ ਨਾਲ ਸਾਫ ਕਰਕੇ ਪਕਾਇਆ ਜਾਂਦਾ ਹੈ। “ਪਾਣਿ ਧੋਤੈ ਉਤਰਸੁ ਖੇਹ ।।“ ਪਰ ਜੇ ਪਾਣੀ ਹੀ ਗੰਦਾ ਹੋਵੇ ਸਫਾਈ ਨਹੀਂ ਹੋ ਸਕੇਗੀ। ਪਾਣੀ ਵਿੱਚ ਗੰਦਗੀ ਆਉਣ ਨਾਲ ਬੁਰੇ ਕੀਟਾਣੂ ਆਉਂਦੇ ਹਨ ਅਤੇ ਬਿਮਾਰੀਆਂ ਫੈਲਦੀਆਂ ਹਨ। ਉਦਯੋਗਾ ਕਾਰਖਾਨਿਆਂ ਦਾ ਜ਼ਹਰੀਲਾ ਰਹਿੰਦ-ਖੂੰਦ (ਵੇਸਟ) ਪਾਣੀ ਸੰਭਾਲਣ ਠੀਕ ਕਰਕੇ ਨਿਯਮਤ ਥਾਂ ਤੇ ਸੁੱਟਣ ਜਾਂ ਜਮਾਂ ਕਰਨ ਦੀ ਬਿਜਾਏ, ਦਰਿਆਵਾਂ ਨਦੀਆਂ ਨਾਲਿਆਂ ਵਿੱਚ ਖੁੱਲਾ ਸੁੱਟ ਦਿੰਦੇ ਹਾਂ। ਇਹ ਜ਼ਹਰੀਲਾ ਰਹਿੰਦ-ਖੂੰਦ (ਵੇਸਟ) ਪਾਣੀ ਮੀਲਾਂ ਤੱਕ ਦਰਿਆਵਾਂ ਦੇ ਵਗਦੇ ਸਾਫ ਪਾਣੀ ਨੂੰ ਗੰਦਾ ਤੇ ਜ਼ਹਰੀਲਾ ਕਰ ਦਿੰਦਾ। ਜਿਸ ਨਾਲ ਆਲੇ ਦੁਆਲੇ ਵਿੱਚ ਰਹਿਣ ਵਾਲੇ ਜੀਵ ਜੰਤ ਪ੍ਰਾਣੀ ਤੇ ਬਨਸਪਤੀ ਵੀ ਪ੍ਰਭਾਵਿਤ ਹੁੰਦੀ ਹੈ ਤੇ ਬੀਮਾਰੀਆਂ ਦਾ ਕਾਰਣ ਬਣਦੀ ਹੈ। ਸੁਣਨ ਪੜ੍ਹਨ ਵਿੱਚ ਆ ਰਿਹਾ ਕਿ ਹੁਣ ਕਈ ਉਦਯੋਗਪਤੀ ਫੈਕਟਰੀ ਦੇ ਅੰਦਰ ਹੀ ਲੁਕਵੇਂ ਛੁਪਵੇਂ ਢੂੰਘੇ ਛੇਕ ਜਾਂ ਟੋਏ ਇਸ ਤਰਾਂ ਕੱਢਦੇ ਹਨ ਕਿ ਸਾਰਾ ਗੰਦਾ ਪਾਣੀ ਜਾਂ ਤੇਲ ਦਾ ਰਹਿੰਦ-ਖੂੰਦ ਉਸ ਵਿੱਚ ਸੁੱਟ ਦੇ ਹਨ । ਜਿਸ ਨਾਲ ਧਰਤੀ ਮੱਧਲਾ ਪਾਣੀ ਹੋਰ ਵੀ ਗੰਦਾ ਹੋ ਕੇ ਕੈਂਸਰ ਦਾ ਕਾਰਣ ਬਣਦਾ ਹੈ। ਸਾਨੂੰ ਪਤਾ ਵੀ ਨਹੀਂ ਲਗਦਾ ਕਦੋਂ ਅਤੇ ਕਿਵੇਂ ਅਸੀਂ ਆਪਣੀ ਨਾ-ਸਮਝੀ, ਲਾਪਰਵਾਹੀ ਨਾਲ ਜਾਂ ਜਾਣ ਬੁੱਝ ਕੇ ਪੈਸੇ ਦੇ ਜ਼ੋਰ ਨਾਲ ਕਨੂੰਨ ਤੋੜ ਕੇ ਆਪਣੇ ਆਪ ਲਈ, ਆਪਣੇ ਸਮਾਜ ਲਈ, ਜੀਵਤ ਪ੍ਰਾਣੀਆਂ ਤੇ ਧਰਤੀ ਲਈ ਵੱਡੇ ਖਤਰੇ ਖੜੇ ਕਰਦੇ ਹਾਂ।

ਇਕ ਇਹ ਰੂਪ ਵੀ ਸਿਰਜਿਆ ਹੈ ਵਾਤਾਵਰਣ ਦਾ ਗੁਰਬਾਣੀ ਵਿੱਚ ਕਿ ਤੂਫਾਨ ਵੀ ਆਉਂਦੇ ਹਨ, ਚੱਕਰਵਾਤ ਮੀਂਹ ਹਨੇਰੀ ਝੱਖੜ ਵੀ ਝੁੱਲ ਸਕਦੇ, ਨਦੀਆਂ ਵਿੱਚ ਹੜ੍ਹ, ਸਮੁੰਦਰਾਂ ਵਿੱਚ ਸੁਨਾਮੀ ਵੀ ਆ ਸਕਦੀ ਹੈ। ਕੁਦਰਤ ਇਸ ਰੂਪ ਨੂੰ ਵੀ ਸਮਝ ਸਕਣ ਅਤੇ ਬਚਾਅ ਕਰਨ ਦੇ ਸਮਰਥ ਹੋਣ ਦੀ ਵੀ ਜ਼ਰੂਰਤ ਹੈ। ਖਾਲਸਾ ਏਡ ਨੇ ਹੜ੍ਹ ਗ੍ਰਸਤ ਇਲਾਕੇ ਵਿੱਚ ਲੋਕਾਂ ਲਈ ਲੰਗਰਾਂ ਦੀ ਸੇਵਾ ਕੀਤੀ ਹੈ:

ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ।।
ਸਤਿਗੁਰਿ ਸਿਓ ਆਲਾਇ ਬੇੜੇ ਡੁਬਣਿ ਨਾਹਿ ਭਊ ।। 1410 ਮਹਲਾ ੧ ਸਲੋਕ ਵਾਰਾਂ ਤੇ ਵਧੀਕ

ਕੁਦਰਤ ਸਾਨੂੰ ਆਪਣੇ ਭਿਅੰਕਰ ਰੂਪ ਨਾਲ ਵੀ ਮੁਸ਼ਕਲਾਂ ਦਾ ਹੱਲ ਕਰਨ ਤੇ ਜੀਉਣ ਦਾ ਵੱਲ ਸਿਖਾ ਰਹੀ ਹੁੰਦੀ ਹੈ। ਪਲਾਸਟਿਕ ਪ੍ਰਦੂਸ਼ਣ ਦਾ ਅਸਰ ਹੜਾਂ ਦੌਰਾਨ ਸੱਭ ਵੱਧ ਵੇਖਣ ਨੂੰ ਮਿਲਦਾ ਹੈ। ਪਲਾਸਟਿਕ ਦੇ ਲਿਫਾਫਿਆਂ ਵਿੱਚ ਤੁੰਨ ਕੇ ਭਰਿਆ ਕੂੜਾ ਕਰਕਟ ਸੀਵਰਜ਼ ਨਾਲੀਆਂ ਜਾਂ ਪਾਣੀ ਨਿਕਾਸ ਲਈ ਬਣੇ ਮਘੋਰਿਆਂ ਵਿੱਚ ਫਸ ਜਾਂਦਾ ਹੇ ਤੇ ਨਤੀਜੇ ਗਲੀਆਂ ਸੜਕਾਂ ਤੇ ਘਰਾਂ ਵਿੱਚ ਗੰਦਾ ਪਾਣੀ ਭਰ ਜਾਂਦਾ ਹੈ ਤੇ ਖਤਰਨਾਕ ਬੀਮਾਰੀਆਂ ਨਾਲ ਉਲਝਣਾ ਪੈਂਦਾ ਹੈ। ਪਲਾਸਟਿਕ ਤੇ ਕੇਨਜ਼ ਦੀ ਵਰਤੋਂ ਜ਼ੀਰੋ ਕਰਨੀ ਚਾਹੀਦੀ ਹੈ। ਪਲਾਸਟਿਕ ਦੀ ਵਿਸ਼ੇਸ਼ਤਾ ਹੈ ਕਿ ਸਾਲਾਂ ਤੱਕ ਗਲਦਾ ਜਾਂ ਸੜਦਾ ਨਹੀਂ। ਜਾਨਵਰ ਪਲਾਸਟਿਕ ਦੇ ਲਿਫਾਫੇ ਸਮੇਤ ਖਾਣਾ ਵਾਲੀ ਚੀਜ਼ ਨਿਗਲ ਲੈਂਦੇ ਹਨ ਤੇ ਬੀਮਾਰ ਹੁੰਦੇ ਹਨ।

ਘਰੇਲੂ ਕੂੜੇ ਕਰਕਟ ਦੀ ਯੋਗ ਸੰਭਾਲ ਨਾ ਕੀਤੀ ਜਾਵੇ ਤਾਂ ਆਪਣੇ ਘਰ ਦੀ ਗੰਦਗੀ ਹੀ ਬੀਮਾਰੀ ਫੈਲਾਉਣ ਕਾਰਣ ਬਣ ਜਾਂਦੀ ਹੈ। 40 ਕੁ ਸਾਲ ਪਹਿਲਾਂ ਜਦੋਂ ਪਿੰਡਾਂ ਦੇ ਘਰਾਂ ਵਿੱਚ ਟਾਇਲਟ ਬਣਨੇ ਸ਼ੁਰੂ ਹੋ ਤਾਂ ਕੋਈ ਕਨੂੰਨੀ ਮਾਪ ਦੰਡ ਨਹੀਂ ਸੀ। ਲੋਕਾਂ ਨੇ ਟੋਏ ਪੁੱਟ ਕੇ ਥੋੜਾ ਬਹੁਤ ਸੀਮਿੰਟ ਸੁੱਟ ਕੇ ਟਾਇਲਟ ਬਣਾ ਲਏ। ਅਜੇ ਵੀ ਕਈ ਪਿੰਡਾਂ ਵਿੱਚ ਹੋਣਗੇ ਕਿਉਂਕਿ ਬਹੁਤੇ ਪਿੰਡਾਂ ਵਿੱਚ ਸੀਵਰਜ਼ ਸਿਸਟਮ ਤਾਂ ਹੈ ਨਹੀਂ। ਨਾਲ ਹੀ ਘਰਾਂ ਵਿੱਚ ਨਲਕੇ ਲੱਗੇ ਹੋਏ ਸਨ । ਭੰਗੜੇ ਵਿੱਚ ਗਾਈਦਾ ਸੀ ‘ਪੰਜਾਬ ਦਾ ਐਸਾ ਪਾਣੀ ਏਂ ਜੋ ਪੀ ਲੈਂਦੇ ਨਹੀਂ ਮਰਦੇ”, ਪਰ ਨਤੀਜਾ ਇਹ ਨਿਕਲਿਆ ਕਿ ਹੌਲੀ ਹੌਲੀ ਪੰਜਾਬ ਦਾ ਪਾਣੀ ਪੀਣ ਯੋਗ ਹੀ ਨਹੀਂ ਰਿਹਾ। ਇਸ ਨੂੰ WATER AND LAND POLLUTION ਕਿਹਾ ਜਾਂਦਾ ਹੈ।

ਹਰੀ ਕ੍ਰਾਂਤੀ ਤੋਂ ਪਹਿਲਾਂ ਜੈਵਕ ਜਾਂ ਦੇਸੀ ਫਸਲਾਂ ਬੀਜੀਆਂ ਜਾਂਦੀਆਂ ਸਨ। ਖੂਹਾਂ ਨਹਿਰਾਂ ਦਾ ਪਾਣੀ ਜਾਂ ਬਾਰਸ਼ ਦੀ ਉਡੀਕ ਕੀਤੀ ਜਾਂਦੀ ਸੀ। ਮੀਂਹ ਚੰਗਾ ਪੈ ਗਿਆ ਤੇ ਫਸਲ ਵੀ ਚੰਗੀ ਹੋ ਗਈ। ਹੁਣ ਮਾਹਿਰਾਂ ਦਾ ਮੰਨਣਾ ਹੈ ਕਿ ਹਰੀ ਕ੍ਰਾਂਤੀ ਦੌਰਾਨ ਵੱਧ ਝਾੜ ਦੇ ਲਾਲਚ ਵਿੱਚ ਖਾਦਾਂ ਅਤੇ ਪੈਸਟੀਸਾਈਟ ਦੀ ਦੁਰ-ਵਰਤੋਂ ਸ਼ੁਰੂ ਹੋਈ। ਜਿਸ ਨਾਲ ਵਾਤਾਵਰਣ, ਧਰਤੀ, ਹਵਾ, ਪਾਣੀ ਪ੍ਰਦੂਸ਼ਤ ਹੋਣ ਲੱਗੇ। ਸਰਕਾਰੀ ਪਾਲਿਸੀਆਂ ਕਾਰਣ ਐਸੀਆਂ ਫਸਲਾਂ ਉਗਾਈਆਂ ਗਈਆਂ, ਜਿਸ ਨਾਲ ਮੁਨਾਫਾ ਵੱਧੇ। ਇਸ ਨਾਲ ਪਾਣੀ, ਡੀਜ਼ਲ, ਪੈਟਰੋਲ ਤੇ ਬਿਜਲੀ ਦੀ ਦੁਰ-ਵਰਤੋਂ ਹੋਈ। ਟਿੱਬਿਆਂ ਵਿੱਚ ਮੂੰਗਫਲੀ ਦੀ ਥਾਂ ਝੋਨਾ ਹੋਣ ਲੱਗਾ। ਕੱਝ ਸਾਲ ਫਾਇਦਾ ਹੋਇਆ ਪਰ ਹੁਣ ਪਾਣੀ ਦੀ ਘਾਟ ਕਾਰਣ ਧਰਤੀ ਬੰਜਰ ਹੋਣੀ ਸ਼ੁਰੂ ਹੋ ਗਈ। ਧਰਤੀ ਹੇਠਲਾ ਪਾਣੀ ਘੱਟਣਾ ਤੇ ਗੰਧਲਾ ਹੋਣਾ ਸ਼ੁਰੂ ਹੋ ਗਿਆ। ਮਿੱਟੀ ਦੀ ਜਿਸ ਉਪਰਲੀ ਸਤਹ ਤੇ ਫਸਲਾਂ ਉਗਦੀਆਂ ਹਨ, ਉਹ ਸਤਹ ਖਾਦਾਂ ਤੇ ਕੀਟ ਨਾਸ਼ਕਾਂ ਦਾ ਦੁਰ-ਉਪਯੋਗ ਕਰਕੇ ਪ੍ਰਦੂਸ਼ਤ ਤੇ ਗੰਦੀ ਕਰ ਦਿੱਤੀ ਗਈ ਹੈ। ਇਕ ਪੁਰਾਣੇ ਗੀਤ ਦੇ ਉਲਟ ਸੋਨਾ ਉਗਲਦੀ ਧਰਤੀ ਜ਼ਹਿਰ ਉਗਾਉਣ ਲੱਗ ਪਈ। ਅਸੀਂ ਧਰਤੀ ਮਾਤਾ ਦੀ ਸੇਵਾ ਸੰਭਾਲ ਨਹੀਂ ਕੀਤੀ ਤੇ ਉਸਨੂੰ ਜ਼ਹਿਰ ਚੜ੍ਹ ਗਿਆ, ਕੈਂਸਰ ਹੋ ਗਿਆ ਤੇ ਹੁਣ ਉਹੀ ਜ਼ਹਿਰ ਤੇ ਕੈਂਸਰ ਉਸਦੇ ਕਿੰਨੇ ਬੱਚਿਆਂ ਨੂੰ ਚੜ੍ਹ ਰਿਹਾ। ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਅੱਜ ਧਰਤੀ ਮਾਤਾ ਕੁਰਲਾ ਰਹੀ ਹੈ। ਦੋਸ਼ ਕਿਸ ਨੂੰ ਦਈਏ?

1962 ਵਿੱਚ ਰਾਸ਼ੇਲ ਕਰਜਨ ਨੇ ਆਪਣੀ ਪੁਸਤਕ ਸਾਈਲੈਂਟ ਸਪਰਿੰਗ (ਚੁੱਪ ਦੀ ਬਹਾਰ) ਵਿੱਚ ਵਾਤਾਵਰਣ ਪ੍ਰਦੂਸ਼ਨ ਬਾਰੇ ਭਰਵੀਂ ਜਾਣਕਾਰੀ ਦਿੱਤੀ। ਪੇਸਟੀਸਾਈਟਸ, ਡੀ ਡੀ ਟੀ ਅਤੇ ਹੋਰ ਕੈਮੀਕਲਜ਼ ਕਿਵੇਂ ਸਾਡੇ ਖਾਧ ਪਦਾਰਥਾਂ ਵਿੱਚ ਸ਼ਾਮਲ ਹੋ ਕੇ ਸਿਹਤ, ਬਨਸਪਤੀ ਅਤੇ ਵਾਤਾਵਰਣ ਵਿੱਚ ਵੱਡਾ ਵਿਗਾੜ ਪੈਦਾ ਕਰ ਰਿਹਾ ਹੈ। ਇਸ ਪੁਸਤਕ ਦੇ ਨਤੀਜੇ ਵਜੋਂ ਯੂ ਐਸ ਏ ਵਿੱਚ ਕਲੀਨ ਏਅਰ ਐਕਟ 1970 ਅਤੇ ਕਲੀਨ ਵਾਟਰ ਐਕਟ 1972 ਪਾਸ ਕਰਕੇ ਲਾਗੂ ਕੀਤੇ ਗਏ ਤਾਂ ਕਿ ਹੋਰ ਪ੍ਰਦੂਸ਼ਣ ਨੂੰ ਘਟਾਇਆ ਤੇ ਰੋਕਿਆ ਜਾ ਸਕੇ। ਇਸ ਸਮੇਂ ਸਾਡੇ ਦੇਸ਼ ਵਿੱਚ ਫਸਲਾਂ ਦੇ ਵੱਧ ਝਾੜ ਜਾਂ ਉਦਪਾਦਨ ਦੀ ਦੌੜ ਜੋਰਾਂ ਤੇ ਸ਼ੁਰੂ ਹੋ ਚੁੱਕੀ ਸੀ। ਰੋਕ ਕਿਥੇ ਲੱਗਣੀ ਸੀ। ਵਾਤਾਵਰਣ ਦਾ ਤਹਿਸ ਨਹਿਸ ਕਰ ਛੱਡਿਆ। ਸਰਕਾਰਾਂ ਤੇ ਮੁਨਾਫਾਖੋਰਾਂ ਨੇ, ਗਰੀਬ ਕਿਸਾਨ ਦੀ ਪੇਸ਼ ਹੀ ਨਹੀਂ ਜਾਣ ਦਿੱਤੀ। ਬਾਬਾ ਫਰੀਦ ਜੀ ਦਾ ਫੁਰਮਾਨ ਹੈ:

ਫਰੀਦਾ ਲੋੜੈ ਦਾਖਿ ਬਿਜਉਰੀਆਂ ਕਿਕਰਿ ਬੀਜੈ ਜਟੁ ।।
ਹੰਢੇ ਉਂਨ ਕਤਾਇਦਾ ਪੈਧਾ ਲੋੜੈ ਪਟੁ ।। ਸਲੋਕ ਫਰੀਦ ਕੇ ਅੰਗ 1379

ਇਸ ਤਰਾਂ ਦੀ ਧਰਤੀ ਵਿੱਚੋਂ ਪੈਦਾ ਹੋਈਆਂ ਸਬਜ਼ੀਆਂ ਫਲ ਦਾਣੇ ਕਣਕ ਮੱਕੀ ਝੋਨਾ(ਚੋਲ) ਸਰੀਰਕ ਪੀੜਾ ਦਾ ਕਾਰਣ ਹੀ ਬਣਦਾ ਹੈ। ਤਨ ਮਨ ਵਿਕਾਰਾਂ ਦਾ ,ਨਸ਼ਿਆ ਦਾ, ਸਰੀਰਕ ਤੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ:

ਬਾਬਾ ਹੋਰੁ ਖਾਣਾ ਖੁਸੀ ਖੁਆਰੁ ।।
ਜਿਤੁ ਖਾਧੈ ਤਨੂ ਪੀੜੀਐ ਮਨ ਮਹਿ ਚਲਹਿ ਵਿਕਾਰ ।। ਸਿਰੀ ਰਾਗ ਮਹਲਾ ੧ ਅੰਗ 16

ਖਾਣ ਪੀਣ ਤੇ ਪਾਉਣ ਹੀ ਸਵੱਛ ਸਾਫ ਸੁਥਰਾ ਨਾ ਰਿਹਾ ਤਾਂ ਆਲਾ ਦੁਆਲਾ ਅਤੇ ਜੀਵਨ ਕਿਵੇਂ ਉੱਚਾ ਸੁੱਚਾ ਤੇ ਸੱਚਾ ਕਿਵੇਂ ਹੋ ਸਕਦਾ ਹੈ?

ਰੌਲੇ ਤੇ ਉੱਚੀ ਆਵਾਜ਼ ਵਾਲਾ ਸੰਗੀਤ ਹੌਰਨ ਭੌਂਪੂ ਆਦਿ NOISE POLLUTION & SOUND POLLUTION ਵੀ ਆਖਦੇ ਹਾਂ। ਅਕਾਸ਼ ਸਾਡੀ ਬੋਲਣ ਸੁਣਨ ਦੀ ਸ਼ਕਤੀ ਸਾਡੇ ਕੰਨਾਂ ਰਾਹੀਂ ਅਸੀਂ ਜੋ ਸੁਣਦੇ ਹਾਂ ਉਸਦਾ ਸਾਡੇ ਦਿਲ ਦਿਮਾਗ ਤੇ ਸਰੀਰ ਤੇ ਚੰਗਾ ਮਾੜਾ ਅਸਰ ਪੈਂਦਾ ਹੈ। ਸਾਡੀ ਰੋਜ਼ਮਰਾ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਚੰਗਾ ਮਧੁਰ ਬੋਲਣਾ, ਚੰਗਾ ਮਧੁਰ ਸੁਣਨਾ ਸ਼ਾਂਤ ਕਰਦਾ ਹੈ ਅਤੇ ਮਾੜੇ ਬੋਲ ਆਪ ਨੂੰ ਅਤੇ ਹੋਰਾਂ ਨੂੰ ਵੀ ਅਸ਼ਾਂਤ ਕਰਦੇ ਹਨ । ਚਿੜਚਿੜਾ ਬਣਾਉਂਦੇ ਹਨ। ਦੁੱਖੀ ਕਰਦੇ ਹਨ:

ਜੇ ਕੋ ਆਖੇ ਬੋਲੁ ਵਿਗਾੜ ।। ਤਾ ਲਿਖੀਐ ਸਿਰਿ ਗਾਵਾਰਾ ਗਾਵਾਰ।। ਅੰਗ 5 ਜਪੁ ਮਹਲਾ ੧
ਬਾਬਾ ਬੋਲੀਏ ਪਤਿ ਹੋਇ ।। ਸ੍ਰੀ ਰਾਗ ਮਹਲਾ ੧ ਅੰਗ 15
ਅਸੀ ਬੋਲ ਵਿਗਾੜ ਵਿਗਾੜਹ ਬੋਲ ।। ਸ੍ਰੀ ਰਾਗ ਮਹਲਾ ੧ ਅੰਗ 24

ਅੱਜ ਕੱਲ ਰੌਲਾ ਰੱਪਾ ਬਹੁਤ ਵੱਧ ਗਿਆ ਹੈ। ਸੁਣਨ ਸਮਝਣ ਦੀ ਸਮਸਿਆ ਆ ਰਹੀ ਹੈ। ਇਹ ਰੌਲਾ ਕਈ ਤਰਾਂ ਦਾ ਹੈ। ਇਸਨੂੰ (NOISE POLLUTION, SOUND POLLUTION AND ENVIRONMENTAL POLLUTION) ਹਰ ਤਰਾਂ ਦੇ ਪ੍ਰਦੂਸ਼ਣ ਦਾ ਵਾਤਾਵਾਰਣ ਅਤੇ ਪਸ਼ੂ ਪੰਛੀ ਬਨਸਪਤੀ ਅਤੇ ਮਨੁੱਖੀ ਜੀਵਨ ਪੈਂਦਾ ਹੈ। ਉਸਦੀ ਸੁਰੱਖਿਅਤਾ ਜਾਂ ਰਿਸ਼ਟ ਪੁਸ਼ਟਤਾ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨੂੰ ਰੌਲਾ ਰੱਪਾ ਪ੍ਰਦੂਸ਼ਣ, ਆਵਾਜ਼ ਪ੍ਰਦੂਸ਼ਣ, ਵਾਤਾਵਰਣ ਪ੍ਰਦੂਸ਼ਣ ਵੀ ਕਹਿੰਦੇ ਹਨ। ਇਸ ਤਰਾਂ ਦੇ ਪ੍ਰਦੂਸ਼ਣ ਪੈਦਾ ਹੋਣ ਦੇ ਬਹੁਤ ਸਾਰੇ ਸਿੱਧੇ ਸਪੱਸ਼ਟ ਕਾਰਣ ਮਿਲਦੇ ਹਨ।

ਘਰਾਂ, ਇਮਾਰਤਾਂ, ਕਲੱਬਾਂ, ਕਾਰਾਂ ਵਿੱਚ ਲਾਊਡ ਮਿਊਜ਼ਕ ਚਲਾਉਣਾ ਜਿਸਨੂੰ ਆਂਢ-ਗੁਵਾਂਢ ਦਾ ਰੌਲਾ ਕਿਹਾ ਜਾਂਦਾ ਹੈ। ਕਾਰਾਂ ਟਰੱਕਾਂ ਬੱਸਾਂ ਦੇ ਉੱਚੀ ਅਤੇ ਅਕਾਰਣ ਹੌਰਨ ਜਾਂ ਭੌਂਪੂਆਂ ਦੀ ਵਰਤੋਂ ਕਰਨੀ, ਰਾਜਨੀਤਕ, ਧਾਰਮਿਕ, ਵਿਆਹਾਂ ਸ਼ਾਦੀਆਂ ਤੇ ਸਮਾਗਮਾਂ ਵਿੱਚ ਉੱਚੀ ਲਾਊਡ ਸਪੀਕਰ ਲਾਉਣਾ।

ਟਰੈਫਿਕ, ਰੇਲਾਂ, ਹਵਾਈ ਜਹਾਜ਼, ਜਿਨਰੇਟਰਜ਼, ਲਾਅਨ ਮੂਵਰਜ਼, ਟਰਬਾਈਨਜ਼, ਧਮਾਕੇ ਦਾ ਰੌਲਾ, ਉਦਯੋਗਾਂ ਤੇ ਕਾਰਖਾਨਿਆਂ ਵਿੱਚ ਮਸ਼ੀਨਾਂ ਦਾ ਰੌਲਾ (ਜੋ ਕੰਮ ਕਰਨ ਵਾਲਿਆਂ ਵਿੱਚ ਤਕਰੀਬਨ 20% ਸੁਣਨ ਸ਼ਕਤੀ ਘਟਾ ਸਕਦਾ ਹੈ। ) ਉਸਾਰੀ ਤੇ ਨਿਰਮਾਣ ਦੇ ਦੌਰਾਨ ਪੈਦਾ ਹੋਣ ਵਾਲਾ ਰੌਲਾ ਆਦਿ।

ਆਵਾਜ਼ ਜਾਂ ਰੌਲੇ ਦੇ ਪ੍ਰਦੂਸ਼ਣ ਦੇ ਬਹੁਤ ਖਤਰਨਾਕ ਪ੍ਰਭਾਵ ਪੈ ਰਹੇ ਹਨ। ਰੌਲਾ ਮਾਨਵ, ਜੀਵ ਜਤੂੰਆਂ ਅਤੇ ਜਾਨਵਰਾਂ ਨੂੰ ਚਿੜਚਿੜਾ ਬਣਾਉਂਦਾ ਹੈ। ਰੌਲੇ ਕਾਰਣ ਲੋਕਾਂ ਵਿੱਚ ਖਾਸ ਕਰਕੇ ਬਜ਼ੁਰਗਾਂ ਵਿੱਚ ਸਿਰ ਦਰਦ, ਉੱਚੀ ਸੁਣਨ ਅਤੇ ਲਹੂ ਵਿੱਚ ਉੱਚੇ ਦਬਾਅ ਦਾ ਵਾਧਾ ਹੁੰਦਾ ਹੈ। ਦਿਲ ਦੇ ਰੋਗਾਂ ਵਿੱਚ ਿਵ੍ਧੀ ਹੋ ਰਹੀ ਹੈ। ਲੋਕਾਂ ਵਿੱਚ ਨੀਂਦ ਦੀ ਕਮੀ ਵੱਧਦੀ ਹੈ। ਸਰੀਰ ਟੁੱਟਾ ਭੱਜਾ ਰਹਿਣ ਲੱਗਦਾ ਹੈ। ਸੁਭਾਅ ਵਿੱਚ ਚਿੜ-ਚਿੜਾਪਣ ਵੱਧਦਾ ਹੈ। ਦਿਮਾਗੀ ਅਤੇ ਮਾਨਸਿਕ ਸੰਤੁਲਨ ਵਿੱਚ ਵਿਗਾੜ ਪੈਦਾ ਹੁੰਦਾ ਹੈ।

ਅਗਰ ਸੱਭ ਮਿਲਕੇ ਬਣਾਏ ਗਏ ਕਨੂੰਨਾਂ ਦੀ ਪਾਲਣਾ ਕਰੀਏ। ਹਸਪਤਾਲਾਂ ਸਕੂਲਾਂ ਸੀਨੀਅਰਜ਼ ਸਿਟੀਜ਼ਨਜ਼ ਦੇ ਰੈਣ ਬਸੇਰਿਆਂ ਕੋਲ ਆਪਣੇ ਵਾਹਨਾਂ ਦੀ ਸਪੀਡ ਘੱਟ ਕਰੀਏ ਅਤੇ ਹੌਰਨ ਵਰਤੋਂ ਬਿਲਕੁੱਲ ਨਾਂਹ ਕਰੀਏ।

ਸਾਡੇ ਸੂਰਜ ਦੀ ਧੁੱਪ ਸਾਨੂੰ ਦਿਨ ਦੇ ਨਾਲ ਜੋੜਦੀ ਹੈ। ਸਰਦੀਆਂ ਦੀ ਕੋਸੀ ਧੁੱਪ ਸਹਿਲਾਂਉਦੀ ਹੈ। ਗਰਮੀਆਂ ਦੀ ਧੁੱਪ ਸਹਿ ਨਹੀਂ ਹੁੰਦੀ। ਪਰ ਸੂਰਜ ਲਗਾਤਾਰ ਆਪਣਾ ਕੰਮ ਕਰਦਾ ਹੈ। ਆਪਣੀ ਤਪਸ਼ ਅਤੇ ਗਰਮੀ ਨਾਲ ਬਨਸਪਤੀ ਫੁੱਲਾਂ ਫਲਾਂ ਫਸਲਾਂ ਰੁੱਖਾਂ ਨੂੰ ਉਗਾਉਂਦਾ ਹੈ। ਸਾਨੂੰ ਵਿਟਾਮਿੰਨ ਡੀ ਦਿੰਦਾ ਹੈ। ਸਰੀਰ ਦੀ ਪਾਚਨ ਤੇ ਹੋਰ ਬਹਤ ਸਾਰੀਆ ਕ੍ਰਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ। ਸਾਡੇ ਵਾਤਾਵਰਣ ਮੌਸਮ ਅਤੇ ਰੁੱਤਾਂ ਨੂੰ ਨਿਯਮਤ ਰਖਦਾ ਹੈ। ਅਗਨੀ ਸਿਰਫ ਜਾਲਣ ਦਾ ਹੀ ਨਹੀਂ, ਜੋੜਨ ਦਾ ਕੰਮ ਵੀ ਕਰਦੀ ਹੈ। ਜਿਵੇਂ ਧਾਤਾਂ ਦੇ ਕਾਰੀਗਰ ਲੋਹਾਰ ਸੁਨਿਆਰ ਅੱਗ ਦੀ ਤੱਪਸ਼ ਨਾਲ ਕੈਹੇਂ ਸੋਨੇ ਲੋਹੇ ਦੇ ਟੁੱਟੇ ਹੋਏ ਟੁੱਕੜੇ ਜੋੜ ਦਿੰਦਾ ਹੈ।

ਕੈਹਾ ਕੰਚਨੁ ਤੁਟੈ ਸਾਰੁ ।।
ਅਗਨੀ ਗੰਢੁ ਪਾਏ ਲੋਹਾਰ ।। ਰਾਗ ਮਾਝ ਮਹਲਾ ੧ ਅੰਗ 143

ਗਰਮਾਇਸ਼ ਭਾਵ ਅਗਨੀ ਅਰਥਾਤ ਤੇਜ਼ ਬਹੁਤ ਕੁੱਝ ਗਲਤ ਨੂੰ ਤਬਾਹ ਕਰਕੇ ਸਾਨੂੰ ਰਿਸ਼ਟ ਪੁਸ਼ਟ ਕਰਦਾ ਹੈ। ਕਸਰਤ ਕਰਦੇ ਸਮੇਂ ਇਸ ਦਾ ਅਨੁਭਵ ਕੀਤਾ ਜਾ ਸਕਦਾ। ਪਰ ਵੱਧ ਅਗਨੀ ਜਾਂ ਅਨਿਯਮਤ ਅਗਨੀ, ਗਰਮੀ, ਗੁੱਸਾ, ਬਲੱਡ ਪ੍ਰੈਸ਼ਰ, ਆਪਣਾ ਅਤੇ ਦੂਸਰਿਆਂ ਦਾ ਵੱਧ ਨੁਕਸਾਨ ਵੀ ਕਰ ਸਕਦਾ ਹੈ। ਲਾਵਾ ਫੁੱਟਣਾ, ਜੰਗਲ ਨੂੰ ਅੱਗ ਲੱਗਣੀ ਬਹੁਤ ਨੁਕਸਾਨਦੇਹ ਹੁੰਦੀ ਹੈ। ਲੇਕਿਨ ਐਸੀ ਭਿਆਨਕ ਅਗਨੀ ਵਿੱਚ ਵੀ ਕਈ ਬੂਟੇ ਹਰੇ ਰਹਿ ਜਾਂਦੇ ਹਨ। ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਾਡੇ ਖੋਜ ਕਰਤਾਵਾਂ ਨੂੰ ਐਸੇ ਹਰੇ ਬੂਟੇ ਰੁੱਖ ਲੱਭਣੇ ਪੈਣਗੇ ਤਾਂ ਕਿ ਆਪਣੀ ਸੁੰਦਰ ਧਰਤੀ ਜਾਂ ਇਸ ਗ੍ਰਹਿ ਨੂੰ ਆਉਣ ਵਾਲੀਆਂ ਪੀੜੀਆਂ ਲਈ ਬਚਾਇਆ ਜਾ ਸਕੇ:

ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ।। ਰਾਗ ਆਸਾ ਮਹਲਾ ੫ ਅੰਗ 383
ਦਾਵਾ ਅਗਨਿ ਰਹੈ ਹਰਿ ਬੂਟ ।। ਰਾਮਕਲੀ ਮਹਲਾ ੫ ਅੰਗ 914

ਸਾਡੇ ਅੰਦਰ ਵਸਦਾ ਅਗਨੀ ਦਾ ਨਿੱਘ ਆਪਣੇ ਆਪ ਨਾਲ ਦੂਸਰਿਆਂ ਨਾਲ ਪਿਆਰ ਭਰੇ ਰਿਸ਼ਤੇ ਨਾਤੇ ਜੋੜਦਾ ਵੀ ਹੈ। ਜਿਵੇਂ ਸਾਡੇ ਸਰੀਰ ਅੰਦਰ ਸਾਰੇ ਤੱਤ ਇਕ ਦੂਜੇ ਦੇ ਵਿਰੋਧੀ ਸੁਭਾਅ ਦੇ ਹੁੰਦੇ ਹੋਏ ਵੀ ਇਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ। ਸਰੀਰ ਨੂੰ ਸਹੀ ਚਲਾਉਣ ਵਿੱਚ ਮਦਦ ਕਰਦੇ ਹਨ। ਇਸੇ ਤਰਾਂ ਪ੍ਰਕਿਤੀ ਵਿੱਚ ਵੀ ਬਹੁਤ ਕੁੱਝ ਐਸਾ ਹੈ ਜੋ ਇਕ ਦੂਜੇ ਦੇ ਉਲਟ ਅਤੇ ਵਿਰੋਧ ਵਿੱਚ ਖੜਾ ਹੈ। ਇਕ ਕਸ਼ਮਕਸ਼ ਹੈ। ਖਿੱਚ ਦਾ ਅਕਰਸ਼ਣ ਦਾ ਸਿਧਾਂਤ ਵੀ ਕੰਮ ਕਰਦਾ ਹੈ ਹੋਰ ਵੀ ਬਹੁਤ ਕੁੱਝ। ਫਰਕ ਸਿਰਫ ਪੁਜ਼ੀਸ਼ਨ ਦਾ ਹੈ। ਆਪਣੀ ਜਗਾਹ ਕਿਥੇ ਹੈ, ਨੂੰ ਸਮਝ ਕੇ, ਉਸ ਪ੍ਰਤੀ ਸੁਚੇਤ ਹੋ ਕੇ, ਅਸੀਂ ਆਪਣੇ ਵਾਤਾਰਵਣ ਦੀ ਰੱਖਿਆ ਕਰ ਸਕਦੇ ਹਾਂ:

ਪਾਂਚ ਤੱਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ।।
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨ ।। ਸਲੋਕ ਮਹਲਾ ੯ ਅੰਗ 1426
ਅਪੁ ਤੇਜ ਬਾਇ ਪ੍ਰਿਥਮੀ ਆਕਾਸਾ
ਐਸੀ ਰਹਤ ਰਹਉ ਹਰਿ ਪਾਸਾ ।। ਗਾਉੜੀ ਕਬੀਰ ਜੀ ਅੰਗ 327

ਆਉ ਵਾਤਾਵਰਣ ਤੇ ਪ੍ਰਦੂਸ਼ਣ ਪ੍ਰਤੀ ਜਾਗਰੂਪ ਹੋਈਏ ਤੇ ਵਾਤਾਵਰਣ ਮਾਹਿਰਾਂ ਦੀ ਸਲਾਹ ਲਈਏ, ਫ਼ਸਲ ਭਿਜਣ ਤੋਂ ਪਹਿਲਾਂ ਧਰਤੀ ਦਾ ਟੈਸਟ ਕਰਾ ਕੇ, ਉਸਦੇ ਨਤੀਜੇ ਅਨੁਸਾਰ ਫ਼ਸਲ ਬੀਜਣੀ ਤੇ ਸਾਂਭਣੀ ਸ਼ੁਰੂ ਕਰੀਏ ਅਤੇ ਗੁਰਬਾਣੀ ਨੂੰ ਅਧਾਰ ਮੰਨ ਕੇ ਪ੍ਰਦੂਸ਼ਣ ਘਟਾ ਕੇ, ਜ਼ੀਰੋ ਵਲ ਲੈ ਜਾਈਏ ਅਤੇ ਆਪਣੀ ਧਰਤੀ ਨੂੰ ਸੁਹਣੀ ਸਾਂਵੀਂ ਚੰਗੀ ਸਾਫ ਸੁਥਰੀ ਰੱਖੀਏ।
***

ਨੋਟ:ਗੁਰੂਬਾਣੀ ਬਹੁ ਅਰਥਿਕ, ਬਹੁ ਪ੍ਰਭਾਵੀ ਬਹੁਪੱਖੀ ਵਿਚਾਰਧਾਰਾ ਰੱਖਦੀ ਹੈ। ਇਸ ਲੇਖ ਵਿੱਚ ਵਰਤੇ ਗਏ ਗੁਰੂਬਾਣੀ ਦੇ ਸ਼ਬਦ ਨਿਰੋਲ ਧਾਰਮਿਕ ਅਰਥਾਂ ਵਿੱਚ ਨਹੀਂ ਵਰਤੇ ਗਏ ਹਨ ਬਲਕਿ ਵਾਤਾਵਰਣ ਦੇ ਸੰਦਰਭ ਵਿੱਚ ਵਰਤੇ ਹਨ।

ਹਵਾਲੇ:
• ਗੁਰੂ ਗਰੰਥ ਸਾਹਿਬ ਜੀ
• ਯੂਨਾਈਟਡ ਏਕ੍ਰੀਡੇਸ਼ਨ ਫਾਊਂਡੇਸ਼ਨ (ਯੂ.ਐਫ
• ਵਿਕੀਪੀਡੀਆ – ਧਰਤੀ >ਗ੍ਰਹਿ
• ਵਾਤਾਵਰਣ ਦੇ – ਅਨੂਪ ਸ਼ਾਹ ਵਿਕੀ ਪੀਡੀਆ
• ਕੌਲਿਨਜ਼ ਇੰਗਲਿਸ਼ ਡਿਕਸ਼ਨਰੀ
• ਨਾਸਾ.ਗੋਵ>ਅਰਥ>ਜੇਮਜ਼ਟਾਊਨ-ਵਾਟਰ
• ਇੰਨਸਾਈਕਲੋਪੀਡੀਆ ਬ੍ਰਿਟੈਨਿਕਾ -ਪ੍ਰਦੂਸ਼ਨ

**
ਪਿਆਰਾ ਸਿੰਘ ਕੁੱਦੋਵਾਲ
pskudowal@yahoo.co

***
567
***

About the author

ਪਿਆਰਾ ਸਿੰਘ ਕੁੱਦੋਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿਆਰਾ ਸਿੰਘ ਕੁੱਦੋਵਾਲ

View all posts by ਪਿਆਰਾ ਸਿੰਘ ਕੁੱਦੋਵਾਲ →