16 April 2024

ਨਿਰਮਲ ਜਸਵਾਲ ਦਾ ਨਾਵਲ: “ਰੈੱਡ ਵਾਈਨ ਜ਼ਿੰਦਗੀ” ਬਦਲਦੇ ਸਮਾਜਿਕ ਸਰੋਕਾਰ—ਪਿਆਰਾ ਸਿੰਘ ਕੁੱਦੋਵਾਲ, ਟੋਰਾਂਟੋ  

ਨਿਰਮਲ ਜਸਵਾਲ ਦਾ ਨਾਵਲ: “ਰੈੱਡ ਵਾਈਨ ਜ਼ਿੰਦਗੀ”
ਬਦਲਦੇ ਸਮਾਜਿਕ ਸਰੋਕਾਰ

ਸਮੀਖਿਆ: ਪਿਆਰਾ ਸਿੰਘ ਕੁੱਦੋਵਾਲ, ਟੋਰਾਂਟੋ
ਪ੍ਰਕਾਸ਼ਕ: ਆਧਾਰ ਪ੍ਰਕਾਸ਼ਨ ਪ੍ਰਾਈਵੇਟ ਲਿਮਿਟੇਡ
ਸਾਲ 2022

ਨਿਰਮਲ ਜਸਵਾਲ ਬਹੁ-ਭਾਸ਼ੀ ਤੇ ਪ੍ਰਭਾਵਸ਼ਾਲੀ ਲੇਖਿਕਾ ਹੈ। ਉਹ ਇਕ ਅਰਸੇ ਤੋਂ ਹਿੰਦੀ ਅਤੇ ਪੰਜਾਬੀ ਵਿੱਚ ਨਾਵਲ, ਕਹਾਣੀ, ਵਾਰਤਕ ਅਤੇ ਕਵਿਤਾ ਲਿਖ ਕੇ ਆਪਣਾ ਨਾਂ ਸਾਹਿਤ ਜਗਤ ਵਿੱਚ ਸਥਾਪਤ ਕਰ ਚੁੱਕੀ ਹੈ। ਕੁੱਝ ਚਿਰ ਪਹਿਲਾਂ ਉਸਦੀ ਇਕ ਵਾਰਤਕ ਪੁਸਤਕ “ਨਜ਼ਾਕਤਾਂ” ਕਾਫ਼ੀ ਚਰਚਾ ਵਿੱਚ ਰਹੀ ਹੈ। ਪਿਛਲੇ ਸਾਲ ਹਿੰਦੀ ਤੋਂ ਅੰਗਰੇਜ਼ੀ ਵਿੱਚ ਅਨੁਵਾਦਿਤ ਉਸਦੀ ਕਾਵਿ ਪੁਸਤਕ “Blue Eyed Ocean”, “ ਸਮੁੰਦਰ ਨੀਲੀ ਆਖੋਂ ਕਾ“ ਦੀ ਗੱਲ ਸਮੂਹਕ ਸਾਹਿਤਕ ਅਦਾਰਿਆਂ ਵਿੱਚ ਰਹੀ ਹੈ। ਉਸ ਦਾ ਹਿੰਦੀ ਵਿੱਚ ਛਪਿਆ ਨਾਵਲ “ਰੈੱਡ ਵਾਈਨ ਜ਼ਿੰਦਗੀ’ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਪੰਜਾਬੀ ਪਾਠਕਾਂ ਲਈ ਮੇਰੇ ਵੱਲੋਂ ਕੀਤਾ ਗਿਆ ਇਸਦਾ ਰੀਵਿਊ ਗੌਰ -ਤਲਬ ਹੈ।

ਨਾਵਲ ਇਟੈਲੀਅਨ ਸ਼ਬਦ ਨੋਵੇਲਾ (Novella) ਤੋਂ ਬਣਿਆ ਹੈ ਜਿਸਦਾ ਅਰਥ ਹੈ ਨਵਾਂ ਨਵੇਲਾ ਜਾਂ ਨਵੀਂ ਕਹਾਣੀ। ਨਾਵਲ ਇਕ ਲੰਬੀ ਕਾਲਪਨਿਕ ਗੁੰਝਲਦਾਰ ਕਹਾਣੀ ਸੁਹਣੀ ਵਾਰਤਕ ਵਿੱਚ, ਇਕ ਹੀ ਕਿਤਾਬ ਦੇ ਰੂਪ ਵਿੱਚ ਪੇਸ਼ ਕਰਦਾ ਹੈ, ਜਿਸ ਵਿੱਚ ਆਏ ਤੱਥ ਸੱਚਾਈ ਦੇ ਨੇੜੇ ਤੇੜੇ ਹੀ ਹੁੰਦੇ ਹਨ ਅਤੇ ਇਹ ਲੇਖਕ ਦੇ ਡੂੰਘੇ ਤਜ਼ੁਰਬੇ ਵਿੱਚੋਂ ਨਿਕਲੇ ਹੁੰਦੇ ਹਨ। ਇਸ ਤਰਾਂ ਕਹਿ ਲਓ ਕਿ ਇਕ ਨਾਵਲ ਗੁੰਝਲਦਾਰ ਮਾਨਵੀ ਤਜ਼ੁਰਬਿਆਂ ਅਤੇ ਕਾਲਪਨਿਕ ਤਜ਼ੁਰਬਿਆਂ ਨੂੰ, ਇਕ ਖਾਸ ਤਰਾਂ ਦੀ ਵਾਰਤਕ ਸ਼ੈਲੀ ਵਿੱਚ ਅਤੇ ਚੌਖੀ ਲੰਬਾਈ ਵਿੱਚ ਪੇਸ਼ ਕਰਦਾ ਹੈ। ਨਾਵਲ “ਰੈੱਡ ਵਾਈਨ ਜ਼ਿੰਦਗੀ” ਵਿੱਚ ਨਾਵਲਕਾਰ ਨੇ ਮਸਲਿਆਂ, ਪਰਿਸਥਿਤੀਆਂ ਅਤੇ ਸੰਸਾਰ ਦੇ ਵਿਭਿੰਨ ਭਾਗਾਂ ਵਿੱਚ ਵਰਤੇ ਵਰਤਾਰਿਆਂ ਅਤੇ ਜਾਤੀ ਤੌਰ ਤੇ ਕੀਤੀਆਂ ਕਾਰਗੁਜ਼ਾਰੀਆਂ ਨੂੰ ਬਹੁ-ਪੱਖੀ ਅਤੇ ਬਹੁ-ਪਸਾਰੀ ਰੰਗ ਮਈ ਢੰਗਾਂ ਨਾਲ ਨਾਵਲ-ਰੂਪ ਵਿੱਚ ਪੇਸ਼ ਕੀਤਾ ਹੈ। ਉਸਦੀ ਭਾਸ਼ਾ ਦੀ ਵਰਤੋਂ ਕਮਾਲ ਦੀ ਹੈ। ਸਰਲ, ਸਮੇਂ ਅਤੇ ਸਥਾਨ ਦੇ ਅਨੁਸਾਰ ਹਿੰਦੀ ਦੇ ਨਾਲ ਅੰਗਰੇਜ਼ੀ ਅਤੇ ਪੰਜਾਬੀ ਸ਼ਬਦਾਂ ਦੀ ਵਰਤੋਂ ਵੀ ਢੁੱਕਵੇਂ ਅੰਦਾਜ਼ ਨਾਲ ਕੀਤੀ ਹੈ। ਸੰਵਾਦ ਰਚਨਾ ਐਨੀ ਰੌਚਕ ਅਤੇ ਖ਼ੂਬਸੂਰਤ ਹੈ ਕਿ ਕਈ ਥਾਵਾਂ ਤੇ ਲਗਦਾ ਜਿਵੇਂ ਨਾਵਲ ਨਹੀਂ, ਨਾਟਕ ਪੜ੍ਹ ਰਹੇ ਹੋਵੋ। ਕਾਵਿਕ, ਮੁਹਾਵਰੇਦਾਰ ਅਤੇ ਸਟੀਕ ਸ਼ੈਲੀ ਵਿਚ ਲਿਖਿਆ ਨਾਵਲ ਪਾਠਕ ਦਾ ਧਿਆਨ ਭਟਕਣ ਨਹੀਂ ਦਿੰਦਾ।

ਵਿਚਾਰਧਾਰਕ ਪੱਧਰ ਤੇ ਇਹ ਨਾਵਲ ਭੂਤ ਅਤੇ ਵਰਤਮਾਨ ਵਿੱਚੋਂ ਵਿਚਰਦਾ ਹੋਇਆ ਵੀ ਅਗਾਂਹਵਧੂ ਸੋਚ ਦਾ ਲਖਾਇਕ ਹੈ। ਇਸ ਦਾ ਇਹ ਮਤਲਬ ਨਹੀਂ ਕਿ ਇਹ ਨਾਵਲ ਮਾਰਕਸਵਾਦੀ ਵਿਚਾਰਧਾਰਾ ਨਾਲ ਜੋੜ ਕੇ ਵੇਖਿਆ ਜਾਏ ਬਲਕਿ ਅੱਜ ਦੀ ਤਕਨੌਲੌਜੀ ਕਾਰਣ ਤੇਜ਼ੀ ਨਾਲ, ਲਗਾਤਾਰ ਬਦਲ ਰਹੇ ਸਮਾਜ ਨੂੰ, ਮੁੱਖ ਰੱਖਿਆ ਗਿਆ ਹੈ। ਆਈਲੈੱਟਸ (ILETS) ਦਾ ਧੰਦਾ ਹੁਣ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੇ ਦੇਸ਼ ਵਿੱਚ ਜਾਲ ਫੈਲਾ ਚੁਕਾ ਹੈ। ਵਿਦੇਸ਼ ਪੜ੍ਹਨ ਆ ਰਹੀ ਯੁਵਾ ਪੀੜ੍ਹੀ ਹੀ ਨਹੀਂ ਬਦਲ ਰਹੀ ਬਲਕਿ ਉਹਨਾਂ ਕਰਕੇ ਦੇਸ਼ ਵਿੱਚ ਬੈਠੀ ਪੜ੍ਹੀ ਲਿਖੀ, ਅੱਧ ਪੜ੍ਹੀ ਜਾਂ ਅਨਪੜ੍ਹ ਪੀੜ੍ਹੀ ਦੀ ਸੋਚ ਵੀ ਬਦਲ ਰਹੀ ਹੈ। ਪੁਰਾਣੀ ਸਮਾਜਿਕ ਮਰਿਆਦਾ ਭੰਗ ਹੋ ਰਹੀ ਤੇ ਨਵੀਂ ਉਤਪੰਨ ਹੋ ਰਹੀ ਹੈ। ਇਸ ਲਈ ਜਦੋਂ ਜੇ ਐਂਡ ਕੇ ਦੇ ਵੱਖਵਾਦੀ ਪੱਖ ਵਾਦੀ ਧਾਰਾਵਾਂ (Artilcles) 370 ਅਤੇ 35 ਏ ਖਤਮ ਕੀਤਾ ਜਾਂਦਾ ਹੈ ਤਾਂ ਰੌਲਾ ਜ਼ਰੂਰ ਪੈਂਦਾ ਹੈ। ਛੇਤੀ ਹੀ ਖਤਮ ਹੋ ਜਾਂਦਾ ਹੈ। ਕਸ਼ਮੀਰੀ ਪੰਡਤਾਂ ਦਾ ਪਲਾਇਨ ਤੇ ਉਹਨਾਂ ਤੇ ਹੋਏ ਜ਼ੁਲਮਾਂ ਦਾ ਅਧਾਰ ਸਨ ਇਹ ਧਾਰਾਵਾਂ। ਅੱਜ ਵਟਸਐੰਪ (Whatsup) ਤੇ ਇੰਟਰਨੈੱਟ (Internet) ਰਾਹੀਂ ਮਿਲ ਰਹੀ ਜਾਣਕਾਰੀ ਕਾਰਣ ਸਭ ਨੂੰ ਮਾਨਵੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦਾ ਪਤਾ ਲਗ ਗਿਆ ਹੈ। ਇਸ ਲਈ ਮਹਾਤਮਾ ਗਾਂਧੀ ਜੀ ਦੇ ਮੁਕਾਬਲੇ ਵਧੇਰੇ ਗਿਣਤੀ ਭਗਤ ਸਿੰਘ ਦੀ ਸੋਚ ਨੂੰ ਸਲਾਹੁੰਦੀ ਹੈ। ਕੁਝ ਲੇਖਕ ਇਸ ਨਾਵਲ ਵਿੱਚ ਗਾਂਧੀ ਜੀ ਤੇ ਕੀਤੀ ਟਿੱਪਣੀ ਤੇ ਨਾਖੁਸ਼ ਹਨ। “ ਗਾਂਧੀ ਕੇ ਬੁੱਤ ਸੇ ਉਸੇ ਸਖ਼ਤ ਨਫ਼ਰਤ ਹੋ ਗਈ ਥੀ। ਗਾਂਧੀ ਹੀ ਹਰ ਬਾਰ ਹਰ ਵਿਭਾਜਨ ਕੇ ਪੀਛੇ ਕਾਰਣ ਕਿਉਂ ?” ਸਫ਼ਾ 75। ਦੇਸ਼ ਵਿੱਚ ਬਹੁਤ ਵੱਡੀ ਗਿਣਤੀ ਐਸੀ ਧਾਰਨਾ ਬਣਾਈ ਬੈਠੀ ਹੈ। ਮਹਾਤਮਾ ਗਾਂਧੀ ਜੀ ਨੇ ਦੇਸ਼ ਦੀ ਆਜ਼ਾਦੀ ਲਈ ਅਹਿੰਸਾਵਾਦੀ ਲਹਿਰ ਚਲਾਈ ਸੀ ਪਰ ਵੰਡ ਸਮੇਂ ਉਹਨਾਂ ਦਾ ਕਤਲ ਹੋ ਗਿਆ ਸੀ। ਦੇਸ਼ ਦੀ ਅਜ਼ਾਦੀ ਖਾਤਰ ਲੜੇ ਸ਼ਹੀਦ ਭਗਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਰਾਜ ਗੁਰੂ ਅਤੇ ਸੁਖਦੇਵ ਜੀ ਨੂੰ ਫਾਸੀਂ ਲਾ ਦਿੱਤੀ ਗਈ ਸੀ। ਭਗਤ ਸਿੰਘ ਦੁਨੀਆਂ ਭਰ ਵਿੱਚ ਨੌਜਵਾਨ ਪੀੜ੍ਹੀ ਦਾ ਆਦਰਸ਼ ਬਣ ਚੁੱਕਾ ਹੈ।

ਨਾਵਲ “ਰੈੱਡ ਵਾਈਨ ਜ਼ਿੰਦਗੀ” ਇਕ ਨਵੀਂ ਅਤੇ ਅਗਾਂਹਵਧੂ ਸੋਚ ਵਾਲੀ ਕਹਾਣੀ ਹੈ। ਇਸ ਨਵੀਂ ਕਹਾਣੀ ਵਿੱਚ ਹੋਰ ਬਹੁਤ ਸਾਰੀਆਂ ਨਿੱਕੀਆਂ ਕਹਾਣੀਆਂ ਹਨ ਜੋ ਭਾਰਤ ਤੋਂ ਲੈ ਕੇ ਅਮਰੀਕਾ ਕੈਨੇਡਾ ਤੱਕ ਫੈਲੀਆਂ ਹੋਈਆਂ ਹਨ ਅਤੇ ਵੱਖੋ ਵੱਖਰੀ ਉਮਰ ਦੇ ਦੇਸ਼ ਵਾਸੀ ਤੇ ਪਰਵਾਸੀ ਮਰਦ ਔਰਤਾਂ ਦੀ ਮਨੋ ਸਥਿਤੀ ਨਾਲ ਜੁੜੀਆਂ ਹੋਈਆਂ ਹਨ। ਨਾਵਲਕਾਰ ਨੇ ਜੀਵਨ ਦੇ ਹਰ ਪੱਖ ਬਾਰੇ ਆਪਣੇ ਪਾਤਰਾਂ ਕੋਲੋਂ ਕਈ ਹੈਰਾਨੀ ਕੁਨ ਟਿੱਪਣੀਆਂ ਕਰਵਾਈਆਂ ਹਨ। ਇਸ ਨਾਵਲ ਨੂੰ ਇਕ ਨਵੇਂ, ਵੱਖਰੇ, ਅਨੋਖੇ, ਅਨੂਠੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਨਾਵਲ ਦੇ ਕਈ ਭਾਗ ਇਸ ਤਰਾਂ ਲਿਖੇ ਗਏ ਹਨ ਕਿ ਵਾਰ ਵਾਰ ਪੜ੍ਹਨ ਲਈ ਜੀਅ ਕਰਦਾ ਹੈ।

ਰੈੱਡ ਵਾਈਨ ਦਾ ਸ਼ੌਕ, ਜ਼ਿੰਦਾ-ਦਿਲੀ, ਸਿਹਤ ਤੇ ਮਸਤੀ ਦਾ ਲਖਾਇਕ ਹੈ। ਰੈੱਡ ਵਾਈਨ ਲੋਕ ਲੰਚ ਨਾਲ ਵੀ ਲੈਂਦੇ ਹਨ, ਡਿਨਰ ਨਾਲ ਵੀ ਅਤੇ ਕਈ ਵਾਰ ਵੈਸੇ ਵੀ। ਇਸ ਵਿੱਚ ਨਸ਼ੇ ਦੀ ਮਾਤਰਾ ਘੱਟ ਹੁੰਦੀ ਹੈ ਤਕਰੀਬਨ 12.5%। ਇਸ ਲਈ ਕਈ ਲੋਕ ਕਦੀ ਵੀ, ਕਿਤੇ ਵੀ ਸ਼ੁਰੂ ਹੋ ਜਾਂਦੇ ਹਨ, ਜਿਵੇਂ ਇਸ ਨਾਵਲ ਵਿੱਚ ਆਏ ਲਵ ਮੇਕਿੰਗ ਦੇ ਕੁਝ ਕਿੱਸੇ। ਇੱਥੇ ਪੰਕਜ ਉਦਾਸ ਜੀ ਦੀ ਗਾਈ ਗ਼ਜ਼ਲ ਯਾਦ ਆ ਗਈ, ”ਰਾਤ ਕਾ ਇੰਤਜ਼ਾਰ ਕੌਣ ਕਰੇ, ਆਜ ਕੱਲ ਦਿਨ ਮੇਂ ਕਯਾ ਨਹੀਂ ਹੋਤਾ।“

ਧੰਨਵਾਦ ਸਹਿਤ ਫੋਟੋ ਨਿਰਮਲ ਜਸਵਾਲ ਦੀ ਕੰਧ ਤੋਂ

ਨਾਵਲ ਦੀ ਕਹਾਣੀ ਦਾ ਆਰੰਭ ਕਸ਼ਮੀਰ ਦੀ ਸਮੱਸਿਆ ਨਾਲ ਹੁੰਦਾ ਹੈ। ਕਸ਼ਮੀਰੀ ਪੰਡਤਾਂ ਦਾ ਪਲਾਇਨ, ਉਹਨਾਂ ਤੇ ਹੋਏ ਜ਼ੁਲਮ, ਹਿੰਦੂ ਕਸ਼ਮੀਰੀ ਔਰਤਾਂ ਨਾਲ ਹੋਈਆਂ ਜ਼ਿਆਦਤੀਆਂ ਤੇ ਧੱਕੇਸ਼ਾਹੀ ਦੀ ਗੱਲ ਕਰਦਾ ਹੈ। ਵਸਦੇ ਰਸਦੇ ਘਰਾਂ ਚੋਂ ਜ਼ਬਰਦਸਤੀ ਬਾਹਰ ਕੱਢੇ ਜਾਣ ਦਾ ਅਤੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਦਰਦਨਾਕ ਕਿੱਸਾ ਪੇਸ਼ ਕਰਦਾ ਹੈ। (ਪੰਨਾ135) ……ਨਗੀਂਨਾ, ਹਮਾਰੇ ਅਪਨੇ ਹੋਮਲੈਂਡ ਔਰ ਕਸ਼ਮੀਰੀ ਪੰਡਿਤੋਂ ਕਾ ਜੋ ਹਾਲ ਬੇਹਾਲ ਹੂਆ ਹੈ… ਜੋ ਜੈਨੋਸਾਈਡ ਕੀਆ ਗਯਾ ਹੈ …ਮੇਰੇ ਦਾਦਾ ਪੜਦਾਦਾ ਆਹ…ਮੇਰੀ ਆਪਨੀ ਰੂਟਸ..। ਪਰ ਇਸ ਨਾਵਲ ਵਿੱਚ ਕਸ਼ਮੀਰੀ ਮੁਸਲਮਾਨਾਂ ਤੇ ਹੋਏ ਜਾਂ ਹੋ ਰਹੇ ਜ਼ੁਲਮਾਂ ਜਾਂ ਉਹਨਾਂ ਦੀਆਂ ਬਹੁ ਬੇਟੀਆਂ ਦੇ ਨਾਲ ਹੋ ਰਹੇ ਜ਼ੁਲਮਾਂ ਦਾ ਜ਼ਿਕਰ ਨਹੀਂ ਹੈ ਜਾਂ ਬਹੁਤ ਘੱਟ ਹੈ। ਜਿਵੇਂ ਕਿਸੇ ਵੀ ਛੋਟੇ ਮੋਟੇ ਜੁਰਮ ਵਿਚ ਫਸਾ ਕੇ, ਕਿਸੇ ਵੀ ਮੁਸਲਮਾਨ ਨੂੰ, ਸਜ਼ਾ ਦੇਣਾ ਬਹੁਤ ਆਸਾਨ ਹੈ। ਨਾਵਲ ਦਾ ਅੰਤ ਕੋਵਿਡ -19 ਨਾਲ ਹੁੰਦਾ ਹੈ ਜੋ ਚਾਇਨਾ ਦੇ ਬੂਆਨ ਸ਼ਹਿਰ ਦੀ ਇਕ ਰਸਾਇਣਕ ਲੈਬਸ ਵਿੱਚੋਂ ਨਿਕਲ ਕੇ ਸਾਰੀ ਦੁਨੀਆਂ ਵਿੱਚ ਫੈਲ ਜਾਂਦਾ ਹੈ। ਇਕ ਛੋਟਾ ਅਦਿੱਖ ਅਣੂ ਜਿਸ ਕਾਰਣ ਲੌਕ-ਡਾਊਨ ਲਗੇ, ਏਅਰ ਪੋਰਟ ਬੰਦ ਹੋ ਗਏ ਸਨ ਅਤੇ ਆਵਾਜਾਈ ਠੱਪ ਹੋ ਗਈ ਸੀ। ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ। ਆਪਣਿਆਂ ਨੂੰ ਆਪਣਿਆਂ ਤੋਂ ਹੀ ਖ਼ਤਰਾ ਮਹਿਸੂਸ ਹੋਇਆ। ਧਾਰਮਿਕ ਅਸਥਾਨ ਬੰਦ ਹੋ ਗਏ। ਅਸਚਰਜ! ਹਰ ਉਮਰ ਦੇ ਲੋਕ ਹਰ ਮੁਲਕ ਵਿੱਚ ਧੜਾ ਧੜ ਮਰ ਰਹੇ ਸਨ। ਨਗੀਨਾ ਵੀ ਸਫ਼ੈਦ ਬਰਫ ਤੇ ਡੁੱਲ੍ਹੀ ਰੈੱਡ ਵਾਈਨ ਅਤੇ ਰੈੱਡ ਬਰਗੰਡੀ ਬਕਸਿਆਂ ਵਿੱਚ ਪਏ ਲੋਕਾਂ ਨੂੰ ਵੇਖ ਕੇ ਵਿਚਲਣ ਲਗਦੀ ਹੈ। ਕੋਵਿਡ -19 ਮੁੜ ਤੋਂ ਫੈਲ ਰਿਹਾ। ਜ਼ਰਾ ਬੱਚ ਕੇ!

ਨਾਵਲ ਦਾ ਘਟਨਾ ਸਥਲ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ। ਚੰਡੀਗੜ੍ਹ, ਬੰਗਲੌਰ, ਅੰਮ੍ਰਿਤਸਰ ਦਾ ਬਸ ਅੱਡਾ, ਜੰਮੂ ਕਸ਼ਮੀਰ, ਸ੍ਰੀ ਨਗਰ, ਕੈਨੇਡਾ ਦੇ ਜੈਸਪਰ, ਕੈਲਗਰੀ ਐਡਮਿੰਟਨ, ਬੈਂਫ -ਅਲਬਰਟਾ, ਵੈਨਕੂਵਰ, ਬ੍ਰਿਟਿਸ਼ ਕੋਲੰਬਿਆ, ਟਰਾਂਟੋ- ਓਟਾਂਰੀਓ, ਵਿੰਨੀਪੈੱਗ ਅਤੇ ਅਮਰੀਕਾ ਵਿੱਚ ਬੌਸਟਨ ਆਦਿ ਬਹੁਤ ਹੀ ਵਿਸਤ੍ਰਤ ਤੇ ਵਿਸ਼ਾਲ ਘੇਰਾ ਹੈ। ਨਾਵਲਕਾਰ ਨੇ ਸਭ ਥਾਵਾਂ ਨਾਲ ਨਿਆਂ ਕੀਤਾ ਅਤੇ ਹਰ ਦੇਸ਼, ਸ਼ਹਿਰ, ਬਸਤੀ, ਘਰ, ਹਾਈ ਰਾਈਜ਼ ਅਪਾਰਟਮੈਂਟਸ ਦੇ ਅਲੱਗ ਸਭਿਆਚਾਰ, ਸੜਕਾਂ, ਬੱਸਾਂ, ਰੇਲਾਂ, ਕਾਫ਼ੀ ਘਰਾਂ ਅਤੇ ਵਿਭਿੰਨ ਜੀਵਨ ਸ਼ੈਲੀ ਦਾ ਖੂਬਸੂਰਤ ਜ਼ਿਕਰ ਕੀਤਾ ਹੈ। ਇੰਝ ਲਗਦਾ ਜਿਵੇਂ ਮੁੱਖ ਪਾਤਰ ਨਗੀਨਾ ਪਾਠਕ ਨੂੰ ਆਪਣੇ ਨਾਲ ਲੈ ਕੇ ਘੁੰਮ ਰਹੀ ਹੋਵੇ ਅਤੇ ਦੁਨੀਆਂ ਦੀ ਸੈਰ ਕਰਵਾ ਰਹੀ ਹੋਵੇ।

ਨਾਵਲ ਵਿਚ ਹੋਰ ਛੋਟੀਆਂ ਪ੍ਰੇਮ ਕਥਾਵਾਂ ਆਉਂਦੀਆਂ ਹਨ ਜੋ ਨਗੀਨਾ ਦੀ ਜੀਵਨ ਕਹਾਣੀ ਨੂੰ ਅੱਗੇ ਤੋਰਦੀਆਂ ਹਨ। ਨਗੀਨਾ ਇਕੋ ਵੇਲੇ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਲੋਕਾਂ ਨਾਲ ਰਿਸ਼ਤਿਆਂ ਵਿੱਚ ਬੱਝੀ ਹੋਈ ਨਜ਼ਰ ਆਉਂਦੀ ਹੈ। ਸ਼ਿਵ ਕੁਮਾਰ ਬਟਾਲਵੀ ਦੀਆਂ ਸਤਰਾਂ ਯਾਦ ਆ ਗਈਆਂ: “ਸਾਨੂੰ ਲੱਖਾਂ ਦਾ ਤਨ ਮਿਲ ਗਿਆ ਏ ਪਰ ਇਕ ਦਾ ਮਨ ਵੀ ਨਾ ਮਿਲਿਆ। ਨਾ ਕੰਨ ਪਾਟੇ ਨਾ ਝੰਗ ਛੁਟਿਆ ਘੁੰਡ ਲੰਘ ਗਿਆ ਉਂਝ ਹੀ ਹੀਰਾਂ ਦਾ”, ਬੇਸ਼ੱਕ ਨਗੀਨਾ ਨੇ ਦੁਨੀਆਂ ਘੁੰਮ ਲਈ ਪਰ ਉਸਨੂੰ ਮਨ ਦਾ ਮੀਤ ਨਾ ਮਿਲ ਸਕਿਆ। ਉਸਦੀ ਭਟਕਣ, ਬੇਕਰਾਰੀ ਸਦਾ ਬਣੀ ਰਹਿੰਦੀ ਹੈ। ਇਸੇ ਕਰਕੇ ਉਸ ਦਾ ਮਨ ਵੀ ਨਹੀਂ ਟਿਕਦਾ। ਸ਼ਾਇਦ ਇਹ ਅਵਸਥਾ ਹੀ ਮਾਨਵ ਹੋਣਾ ਹੈ। ਨਗੀਨਾ ਪੜ੍ਹੀ ਲਿਖੀ ਉਪਰਲੀ ਮੱਧ ਸ਼੍ਰੇਣੀ ਕੀ ਔਰਤ ਹੈ। ਜੋ ਅਲੱਗ ਥਾਂਵਾਂ ਤੇ ਜਾਂਦੀ ਹੈ ਤਾਂ ਉਸਨੂੰ ਕੋਈ ਨਾ ਕੋਈ ਸਾਥੀ ਮਿਲ ਜਾਂਦਾ ਹੈ। ਪਰ ਕੋਈ ਵੀ ਰਿਸ਼ਤਾ ਦੂਰ ਤੱਕ ਨਹੀਂ ਜਾਂਦਾ। ਨਗੀਨਾ ਬਾਰੇ ਇਕ ਥਾਂ ਕਿਹਾ ਗਇਆ ਹੈ ਕਿ ਉਹ 60 ਦੇ ਲਗਭਗ ਬਸੰਤ ਦੇਖ ਚੁੱਕੀ ਹੈ। ਅੰਤਿਮ ਪੜਾਅ ਦੀ ਗੱਲ ਕਰਦੀ ਹੈ: ਪਰ ਉਸ ਦੀ ਧੀ ਪਰੀ ਆਖਦੀ ਹੈ, “ਯੂ ਸਟਾਰਟਡ ਯੂਅਰ ਲਾਈਫ਼ ਮਾਮਾ“ (you just started your life mama.) ਉਸਦਾ ਜਵਾਈ ਆਖਦਾ ਹੈ, “(Just have a companion.)” (ਸਫ਼ਾ 37)। ਨਗੀਨਾ ਵਿਆਹ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਕਈ ਸੰਬੰਧ ਕਾਇਮ ਕਰਦੀ ਹੈ। ਉਸਦੀ ਸ਼ਾਦੀ ਹੁੰਦੀ ਹੈ ਪਰ ਉਸ ਦੇ ਪਤੀ ਦੀ ਕੈਂਸਰ ਕਾਰਣ ਵਿਆਹ ਤੋਂ ਛੇਤੀ ਬਾਅਦ ਮੌਤ ਹੋ ਜਾਂਦੀ ਹੈ। ਵਿਸ਼ਾਲ, ਸਮੀਰ, ਮਹੇਸ਼ਰਮ, ਦਾਮੋਦਰ, ਹੇਨਰੀ ਦੇ ਨਾਲ ਵੀ ਉਸਦਾ ਬੇਹੱਦ ਪਿਆਰ ਅਤੇ ਗਹਿਰੀ ਦੋਸਤੀ ਦਾ ਸੰਬੰਧ ਰਿਹਾ ਹੈ। ਇਸੇ ਤਰਾਂ ਲੀਨਾ ਦਾ ਪਹਿਲਾਂ ਭੋਪਾਲੀ ਨਾਲ ਫਿਰ ਇੰਦਰ ਨਾਲ ਰਿਸ਼ਤਾ ਜੁੜਦਾ ਹੈ। ਦਿਲਜੋਤ ਦਾ ਵੀ ਵਿਚਿੱਤਰ ਰਿਸ਼ਤਾ ਹੈ। ਜ਼ਰੂਰਤ ਤੋਂ ਪੈਦਾ ਹੋਇਆ ਰਿਸ਼ਤਾ। ਦਿਲਜੋਤ ਆਪਣੇ ਜੀਵਨ ਨੂੰ ਸੌਖਾ ਕਰਨਾ ਚਾਹੁੰਦੀ ਹੈ ਇਸ ਲਈ ਵਿਆਹ ਕਰਦੀ ਹੈ ਪਰ ਹੋਰ ਮੁਸੀਬਤ ਵਿਚ ਫਸ ਜਾਂਦੀ ਹੈ ਜਦੋਂ ਉਸਦਾ ਬੋਆਏ ਫਰੇਂਡ ਤੋਂ ਬਣਿਆ ਪਤੀ ਮੁਸਲਿਮ ਮੁੰਡਾ ਉਸਨੂੰ ਦੋ ਬਚਿਆਂ ਦੀ ਮਾਂ ਬਣਾ ਕੇ ਆਪ ਡਰੱਗ ਓਵਰ ਡੋਜ਼ ਨਾਲ ਮਰ ਜਾਂਦਾ ਹੈ। ਇਥੇ ਵਿਦਿਆਰਥੀ ਜੀਵਨ ਦਾ ਇਕ ਮੁਸ਼ਕਲ ਹਿੱਸਾ ਤੇ ਕਾਹਲੀ ਵਿੱਚ ਲਏ ਗਲਤ ਫੈਸਲੇ ਦਾ ਨਤੀਜਾ ਵੀ ਦੱਸਿਆ ਹੈ। ਕਾਲਜ ਦੀ ਜ਼ਿੰਦਗੀ ਭਾਵੇਂ ਪੰਜਾਬ ਜਾਂ ਭਾਰਤ ਦੀਆਂ ਯੂਨੀਵਰਸਿਟੀ ਤੇ ਕਾਲਜਾਂ ਦੀ ਹੋਵੇ ਜਾਂ ਕਨੇਡਾ ਅਤੇ ਹੋਰ ਕਿਤੇ ਦੀ, ਲਗਭਗ ਸਭ ਦੀ ਇਕੋ ਜਿਹੀ ਦਿਖਾਈ ਹੈ। ਬਹੁਤ ਸਾਰੇ ਲੜਕੇ ਲੜਕੀਆਂ ਦੇ ਪਿਆਰ ਸੰਬੰਧ, ਰਿਸ਼ਤੇ ਤੇ ਦੋਸਤੀਆਂ ਇਸ ਤਰ੍ਹਾਂ ਹਨ ਜਿਵੇਂ ਵਿਭਿੰਨ ਚਾਕਲੇਟ ਖਾਣ ਦਾ ਸਵਾਦ ਲੈਣਾ।

ਅਮਰੀਕਾ ਵਿੱਚ ਇਕ ਕਹਾਵਤ ਹੁੰਦੀ ਸੀ ਕਿ ਪਤਨੀ ਨਰਸ ਹੈ ਪਤੀ ਨੂੰ ਕੰਮ ਕਰਨ ਦੀ ਲੋੜ ਨਹੀਂ। ਨਰਸਾਂ ਓਵਰ ਟਾਈਮ ਲਾ ਕੇ ਵਾਧੂ ਡਾਲਰ ਬਣਾਉਂਦੀਆਂ ਹਨ। ਪਰ ਨਾਵਲਕਾਰ ਨੇ ਇਸ ਨਰਸਾਂ ਨਾਲ ਜੁੜੀਆਂ ਮੁਸ਼ਕਲਾਂ ਨੂੰ ਸਾਹਮਣੇ ਲਿਆਂਦਾ ਹੈ। ਕਿ ਕਿਵੇਂ ਭਾਰੇ ਮਰੀਜ਼ਾਂ ਨੂੰ ਚੁਕਣ ਪਲਟਣ ਨਾਲ ਨਰਸਾਂ ਆਪ ਵੀ ਪਿੱਠ ਦਰਦ ਤੇ ਬਾਂਹਾਂ ਦਾ ਦਰਦ ਵਰਗੇ ਰੋਗ ਸਹੇੜ ਲੈਂਦੀਆਂ ਹਨ। ਹਰ ਕਿੱਤਾ ਅਤੇ ਰਿਸ਼ਤਾ ਇਸ ਕਾਰਪੋਰੇਟ ਸੰਸਾਰ ਵਿੱਚ ਵਪਾਰਕ ਬਣਦਾ ਜਾ ਰਿਹਾ ਹੈ। ਗਾਵਾਂ ਦਾ ਦੁੱਧ ਤਾਂ ਵਿਕਦਾ ਹੀ ਹੈ, ਹੁਣ ਮਾਵਾਂ ਦਾ ਦੁੱਧ ਵੀ ਵਿਕਦਾ। (ਸਫ਼ਾ 115) “ਮਿਤਾਲੀ ਯਹ ਇਕ ਮਾਂ ਕਾ ਦੂਧ ਹੈ ਤੇਰੇ ਬੱਚੇ ਕੀ ਖੁਰਾਕ…” ਪੂਛਨਾ ਚਾਹਾ। ਯਾਰ ਬੈਠ ਬਹੁਤ ਜ਼ਿਆਦਾ ਦੂਧ ਚੜਤਾ ਹੈ। ਫੀਡ ਕੇ ਪਹਿਚਾਤ ਭੀ… ਫਾਲਤੂ ਦੂਧ ਬੋਤਲੋਂ ਮੇਂ ਭਰਾ ਕਾਰ ਹਸਪਤਾਲ ਭੇਜ ਦੇਤੀ ਹੂੰ… ਔਰ ਕਿਆ ਬਤਾਊਂ … ਸਾਥ ਮੇਂ ਡਾਲਰ ਭੀ ਬਹੁਤ ਮਿਲਤੇ ਹੈਂ …।“

ਨਾਵਲ ਵਿੱਚ ਥਾਂ ਪਰ ਥਾਂ ਕਵਿਤਾ ਦਾ ਪ੍ਰਯੋਗ ਬਹੁਤ ਖ਼ੂਬਸੂਰਤੀ ਨਾਲ ਕੀਤਾ ਹੈ। ਇਹ ਕਾਵਿ ਟੁਕੜੀਆਂ ਨਾਵਲ ਦੀ ਕਹਾਣੀ ਵਿੱਚ ਆਈ ਪਰਿਸਥਿਤੀ ਨੂੰ ਹੋਰ ਵੀ ਅਰਥ ਪੂਰਣ ਕਰ ਦਿੰਦੀਆਂ ਹਨ। ਪਹਿਲੀ ਕਾਵਿ ਪੰਗਤੀਆਂ (ਸਫ਼ਾ 14) :
“ਦੇਹ ਕੇ ਪਾਰ ਕੀ , ਉਸ ਅਵਾਜ਼ ਕੋ ਤੋ ਸੁਨ
ਬਿਲਖਤਾ ਹੈ ਕੋਈ, ਰੇਸ਼ਮ ਜਿਸਮ ਲੀਏ …”
ਇਸ ਤਰਾਂ ਹੀ (ਪੰਨਾ 133) ਤੇ ਨਗੀਂਨਾ ਕਹਿੰਦੀ ਹੈ, “ਮਹੇਸ਼ਰਮ ਮੇਰੀ ਨੀਂਦ ਉਡਾ ਕਰ ਤੁਮ ਕੈਸੇ ਸੋ ਸਕਤੇ ਹੋ….?”
“ਆਏ ਥੇ ਤੁਮ, ਆਕਾਸ਼ ਬਨ, ਛਾਏ ਥੇ ਤੁਮ, ਹਮ ਤੋ ਬਸ—
ਯੂੰ ਹੀ ਮਚਲਤੇ ਰਹੇ, ਸਾਸੋਂ ਕੀ ਫਿਸਲਨ ਮੇਂ — ਥਰਥਰਾਏ ਥੇ ਤੁਮ…”

ਨਾਵਲ ਦੇ ਅੰਤ ਵਿੱਚ ਵਿੱਚ ਵੀ ਮਹੇਸ਼ਰਮ ਪਾਸ਼ ਦੀ ਲਿਖੀ ਕਵਿਤਾ “ ਸੰਵਿਧਾਨ” ਪੜ੍ਹ ਕੇ ਸੁਣਾਉਂਦਾ ਹੈ। (ਸਫਾ 135)

“ਯੇ ਪੁਸਤਕ ਮਰ ਚੁਕੀ ਹੈ ਇਸੇ ਨਾ ਪੜ੍ਹੋ। ਇਸ ਕੇ ਲਫਜ਼ੋਂ ਮੇਂ ਮੌਤ ਕੀ ਠੰਡ ਹੈ” ।

ਇਸ ਨਾਵਲ ਦੀ ਨਾਇਕਾ ਨਗੀਨਾ ਦਾ ਸ਼ਿਸ਼ੂ (ਪੁੱਤਰ) ਜੋ ਜਾਣੇ ਅਣਜਾਣੇ ਵਿੱਚ ਗੁਜ਼ਰ ਜਾਂਦਾ ਹੈ ਪਰ ਨਾਇਕਾ ਦੇ ਜੀਵਨ ਦਾ ਉਮਰ ਭਰ ਲਈ ਅਟੁੱਟ ਅੰਗ ਬਣ ਜਾਂਦਾ ਹੈ। ਇਹ ਮਾਤਾ ਦਾ ਪੁੱਤਰ ਪ੍ਰਤੀ ਮੋਹ ਹੈ। ਮੈਂ ਕਈ ਰਿਸ਼ਤੇਦਾਰ ਤੇ ਦੋਸਤ ਔਰਤਾਂ ਨੂੰ ਜਾਣਦਾ ਹਾਂ ਜਿੰਨਾਂ ਦੇ ਪੁੱਤਰ ਜਨਮ ਸਮੇਂ ਜਾਂ ਜਨਮ ਤੋਂ ਕੁਝ ਸਮੇਂ ਬਾਅਦ ਹੀ ਗੁਜ਼ਰ ਗਏ। ਉਹ ਤਮਾਮ ਉਮਰ ਉਹਨਾਂ ਬੱਚਿਆਂ ਦੇ ਗ਼ਮ ਨੂੰ ਦਿਲ ਨਾਲ ਲਾ ਕੇ ਬੈਠੀਆਂ ਰਹੀਆਂ। ਨਾਵਲ ਵਿਚਲੇ ਇਸ ਗੁਜ਼ਰ ਚੁੱਕੇ ਸ਼ਿਸ਼ੂ ਦਾ ਬਹੁਤ ਹੀ ਜ਼ੋਰਦਾਰ ਰੋਲ ਹੈ। ਇਹ ਸ਼ਿਸ਼ੂ ਨਗੀਨਾ ਦੇ ਜੀਵਨ ਨੂੰ ਲਗਾਤਾਰ ਪ੍ਰਭਾਵਤ ਕਰਦਾ ਹੈ। ਸ਼ਿਸ਼ੂ ਵਾਰ ਵਾਰ ਆ ਕੇ ਨਾਵਲ ਕੀ ਕਹਾਣੀ ਅਤੇ ਪਾਤਰਾਂ ਨੂੰ ਅੱਗੇ ਚਲਾਉਂਦਾ ਹੈ। ਪਾਠਕ ਦੇ ਮਨ ਤੇ ਵੀ ਇਹ ਬਾਲਕ ਡੂੰਘਾ ਅਤੇ ਅਮਿੱਟ ਅਸਰ ਪਾਉਂਦਾ ਹੈ। ਇਹ ਸ਼ਿਸ਼ੂ ਨਾਵਲ ਵਿੱਚ ਕਿਤੇ ਵੀ ਨਹੀਂ ਹੈ ਪਰ ਹਰ ਥਾਂ ਹੈ। ਕਦੇ ਇਹ ਬੱਚਾ ਮਹੇਸ਼ਰਮ ਦੇ ਰੂਪ ਵਿਚ ਤੇ ਕਦੇ ਪਰੀ (ਉਸਦੀ ਧੀ) ਦੇ ਰੂਪ ਵਿੱਚ ਪੁਨਰ ਜਨਮ ਲੈਂਦਾ ਹੈ। ਪਰੀ ਤੇ ਨਗੀਨਾ ਦਾ ਰਿਸ਼ਤਾ ਮਾਂ ਧੀ ਦਾ ਹੈ। ਪਰੀ ਕਨੇਡਾ ਪੜ੍ਹਨ ਆਉਂਦੀ ਹੈ, ਪਿਆਰ ਕਰਦੀ ਹੈ, ਸ਼ਾਦੀ ਕਰਦੀ ਹੈ, ਸੈਟਲ ਹੁੰਦੀ ਅਤੇ ਨਗੀਨਾ ਨੂੰ ਕਨੇਡਾ ਬੁਲਾਂਦੀ ਹੈ। ਸਭ ਨਾਰਮਲ ਹੈ। ਪਰ ਨਗੀਨਾ ਆਪਣੇ ਅੰਦਰ ਦੇ ਦਿਲ ਦੇ ਦਰਦ ਤੋਂ ਛੁਟਕਾਰਾ ਨਹੀਂ ਪਾ ਸਕਦੀ। ਇਕ ਅਣਦੇਖੀ ਪਰ ਹੂਕ ਭਰੀ ਪੁਕਾਰ ਉਹ ਸੁਣਦੀ ਅਤੇ ਮਹਿਸੂਸ ਕਰਦੀ ਰਹਿੰਦੀ ਹੈ। ਮਹੇਸ਼ਰਮ ਨਗੀਨਾ ਦਾ ਪ੍ਰੇਮੀ ਹੈ ਪਰ ਉਸਦੇ ਸ਼ਿਸ਼ੂ ਦਾ ਰੂਪ ਵੀ ਹੈ। ਇਥੇ ਆ ਕੇ ਇਹ ਰਿਸ਼ਤਾ ਬਹੁਤ ਗੁੰਝਲਦਾਰ ਹੋ ਜਾਂਦਾ ਹੈ। ਸ਼ਿਸ਼ੂ ਪ੍ਰਤੀ ਨਗੀਨਾ ਦਾ ਮੋਹ ਉਸਨੂੰ ਮਹੇਸ਼ਰਮ ਦੇ ਪ੍ਰੇਮ ਬੰਧਨ ਵਿੱਚ ਬੰਨ ਲੈਂਦਾ ਹੈ। ਇਹ ਅਜੀਬ ਅਨਜਾਣੀ ਤਾਕਤ ਹੀ ਇਡੀਪਸ ਕੌੰਪਲੈਕਸ ਦੇ ਹਾਲਾਤ ਪੈਦਾ ਕਰਦੀ ਹੈ, “ ਪੁਨਰ ਜਨਮ ਮੇਂ ਮਿਲੇ ਤੁਮ ਮੇਰੇ ਪਰੇਮੀ ਹੋ। ਸ਼ਾਇਦ ਭਰੂਣ ਰੂਪ ਮੇਂ ਖੋਯਾ ਕੋਈ ਸ਼ਿਸ਼ੂ..ਮਹੇਸ਼ਰਮ..ਮਹੇਸ਼ਰਮ…” (ਪੰਨਾ 123 )

ਇਡੀਪਸ ਕੰਪਲੈਕਸ ਮਨੋਵਿਸ਼ਲੇਸ਼ਣੀ ਥਿਊਰੀ ਦਾ ਇੱਕ ਸੰਕਲਪ ਹੈ। ਸਿਗਮੰਡ ਫ੍ਰਾਇਡ ਨੇ ਆਪਣੀ ਕਿਤਾਬ ਸੁਪਨਿਆਂ ਦੀ ਵਿਆਖਿਆ (1899) ਵਿੱਚ ਇਹ ਸੰਕਲਪ ਪੇਸ਼ ਕੀਤਾ। ਸਕਾਰਾਤਮਕ ਇਡੀਪਸ ਕੰਪਲੈਕਸ ਇੱਕ ਬੱਚੇ ਦੀ ਵਿਰੋਧੀ ਲਿੰਗ ਦੇ ਮਾਤਾ/ਪਿਤਾ ਪ੍ਰਤੀ ਅਚੇਤ ਜਿਨਸੀ ਇੱਛਾ ਨੂੰ ਅਤੇ ਉਸੇ ਲਿੰਗ ਦੇ ਮਾਤਾ/ਪਿਤਾ ਲਈ ਨਫ਼ਰਤ ਦਾ ਲਖਾਇਕ ਹੈ। ਫ੍ਰਾਇਡ ਨੇ ਅੱਗੇ ਤਜਵੀਜ਼ ਕੀਤਾ ਕਿ ਇਡੀਪਸ ਕੰਪਲੈਕਸ, ਜੋ ਕਿ ਮੂਲ ਰੂਪ ਵਿੱਚ ਇੱਕ ਪੁੱਤਰ ਦੀ ਆਪਣੀ ਮਾਂ ਪ੍ਰਤੀ ਜਿਨਸੀ ਇੱਛਾ ਨੂੰ ਦਰਸਾਉਂਦਾ ਹੈ। ਇਡੀਪਸ ਇੱਕ 5ਵੀਂ ਸਦੀ ਦੀ ਬੀ.ਸੀ. ਦੇ ਯੂਨਾਨੀ ਮਿਥਿਹਾਸਕ ਪਾਤਰ ਇਡੀਪਸ ਦਾ ਲਖਾਇਕ ਹੈ, ਜੋ ਅਣਜਾਣੇ ਵਿੱਚ ਆਪਣੇ ਪਿਤਾ, ਲੂਈਸ ਨੂੰ ਮਾਰ ਦਿੰਦਾ ਹੈ ਅਤੇ ਆਪਣੀ ਮਾਂ ਜੋਕਾਸਤਾ ਨਾਲ ਵਿਆਹ ਕਰਦਾ ਹੈ ਤੇ ਉਸ ਨਾਲ ਜਿਨਸੀ ਸੰਬੰਧ ਕਾਇਮ ਕਰਦਾ ਹੈ। ਹੋ ਸਕਦਾ ਹੈ ਕੁੱਝ ਵਿਦਵਾਨਾਂ ਨੂੰ ਇਹ ਪੂਰਣ ਇਡੀਪਸ ਕੰਪਲੈਕਸ ਨਾ ਲਗੇ ਕਿਉਂਕਿ ਮਹੇਸ਼ਰਮ ਨਗੀਨਾ ਦੀ ਕੁੱਖ ਤੋਂ ਜੰਮਿਆਂ ਬੱਚਾ ਨਹੀਂ ਹੈ। ਪਰ ਨਾਵਲ ਦੇ ਅਰੰਭ ਤੋਂ ਹੀ, ਜਦੋਂ ਵੀ, ਮਹੇਸ਼ਰਮ ਦਾ ਜ਼ਿਕਰ ਆਉਂਦਾ ਹੈ ਤਾਂ ਨਗੀਨਾ ਦੇ ਧੁਰ ਅੰਦਰ ਆਪਣੇ ਵਿੱਛੜ ਚੁੱਕੇ ਸ਼ਿਸੂ ਦੀ ਹੋਂਦ ਦਾ ਅਹਿਸਾਸ ਵੀ ਪੈਦਾ ਹੋਣ ਲਗਦਾ ਹੈ। ਇਸ ਤਰਾਂ ਮਹੇਸ਼ਰਮ ਤੇ ਨਗੀਨਾ ਦਾ ਸੰਬੰਧ ਵਚਿੱਤਰ ਹੈ। ਉਸਦੀ ਅਦਿੱਖ ਖਿੱਚ ਇਕੋ ਸਮੇਂ ਸ਼ਿਸ਼ੂ ਦੀ ਅਤੇ ਪਰੇਮੀ ਵਾਲੀ ਹੈ, “ਮਹੇਸ਼ਰਮ ਮੇਂ, ਵਹ ਕਭੀ ਅਪਨਾ ਬੇਟਾ, ਕਭੀ ਪਰੇਮੀ ਕਭੀ ਅਤੀਤ ਕਾ, ਕਭੀ ਪਿਛਲੇ ਜਨਮ ਕਾ ਕੋਈ ਸੰਬੰਧ ਢੂੰਡਨੇ ਲਗਤੀ ਹੈ। ਉਸਕੇ ਦੋਸਤ ਉਸੇ ਸਨਕੀ, ਨੀਮ ਪਾਗਲ ਕਹਤੇ ਹਸਤੇ ਹੈਂ। ਵਹ ਭੀ ਹਸਤੀ ਹੈ- ਵਹ ਅਪਨੀ ਮਿਤਰ ਮੰਡਲੀ ਕੀ ਪ੍ਰਿਯ ਹੈ”। – (ਸਫ਼ਾ 130) ਮੈਨੂੰ ਲਗਦਾ ਨਾਵਲਕਾਰ ਨੇ ਬਹੁਤ ਡੂੰਘਾਈ ਤੇ ਜਾ ਕੇ ਮਨ ਅੰਤਰ ਦੀਆਂ ਪਰਤਾਂ ਨੂੰ ਉਧੇੜਿਆ ਹੈ ਜੋ ਸਹਿਜ ਭੀ ਨਹੀਂ ਅਤੇ ਸੌਖਾ ਭੀ ਨਹੀਂ ਹੈ। ਕਿੰਨੀ ਪੀੜਾ ਸਹਿਣ ਕੀਤੀ ਹੋਵੇਗੀ। ਇਸ ਦਾ ਅੰਦਾਜ਼ਾ ਲੱਗਾਉਣਾ ਮੁਸ਼ਕਲ ਹੈ। ਇਸ ਤਰ੍ਹਾਂ ਦੀ ਗੱਲ ਕਰਨਾ ਅੱਜ ਵੀ ਭਾਰਤੀ ਸਮਾਜ ਦੇ ਅੰਦਰ ਰਹਿ ਕੇ ਕਰਨੀ ਇਕ ਹਿੰਮਤ ਵਾਲਾ ਦਲੇਰਾਨਾ ਨਿਵੇਕਲਾ ਕੰਮ ਹੈ।

ਅੱਜ ਦੇ ਯੁਗ ਵਿੱਚ ਸਮਾਰਟ ਫੋਨ ਤੋਂ ਬਿਨਾਂ ਜੀਵਨ ਦੀ ਕਲਪਨਾ ਮੁਸ਼ਕਲ ਹੈ। ਅੱਜ ਫੋਨ ਦਾ ਇਸਤੇਮਾਲ ਗੱਲਬਾਤ ਤੋਂ ਇਲਾਵਾ ਸਰਫਿੰਗ ਲਈ ਵੀ ਕਰਦੇ ਹਾਂ। ਗੂਗਲ ਮੈਪ, ਗੂਗਲ ਸਰਚ, ਕਿਤਾਬਾਂ ਪੜ੍ਹਨਾ, ਸੰਗੀਤ, ਨਾਚ, ਕਸਰਤ, ਯੋਗ, ਭਗਤੀ, ਲੈਕਚਰ, ਵਿੱਦਿਆ, ਵਪਾਰ ਕਰਨ ਲਈ ਵਰਤ ਸਕਦੇ ਹੋ। ਇਸ ਲਈ ਮਾਨਵ ਇਕੱਲਾ ਹੋਣ ਤੇ ਵੀ ਇਕੱਲਾ ਨਹੀਂ ਹੈ। ਇਸ ਨਾਵਲ ਵਿੱਚ ਪ੍ਰੇਮ ਸੰਬੰਧ ਕਾਇਮ ਕਰਨ ਲਈ ਫੋਨ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਵਿਸਤਾਰ ਇਸ ਪ੍ਰੇਮ ਬੰਧਨ ਦੇ ਟੈਲੀਫ਼ੋਨ ਅਤੇ ਟੈਲੀਪੈਥੀ ਪਿਆਰ ਵਿੱਚ ਖੋਲਿਆ ਗਿਆ ਹੈ ਉਸਦਾ ਵਰਨਣ ਵੀ ਕਮਾਲ ਦਾ ਹੈ। ਨਗੀਨਾ ਤੇ ਮਹੇਸ਼ਰਮ ਮੀਲਾਂ ਦੂਰ ਬੈਠੇ ਘੰਟਿਆਂ ਬੱਧੀ, ਫੋਨ ਰਾਹੀਂ ਇਕ ਦੁਜੇ ਦੀਆਂ ਸਾਹਾਂ ਦੀ ਗਤੀ ਵਿੱਚ ਮਸਤ ਰਹਿੰਦੇ ਹਨ। ਪਿਆਰ ਰਸ ਮਾਣਦੇ ਐਨਾ ਖੁੱਭ ਜਾਂਦੇ ਹਨ ਕਿ ਨਗੀਨਾ ਨੂੰ ਫੂਨ ਕੰਪਨੀ ਵੱਲੋਂ ਸਵੇਰੇ 00.30 ਤੋਂ 3.30 ਤੱਕ ਫੋਨ ਬੰਦ ਕਰਕੇ, ਆਪਣੇ ਸਰੀਰ ਤੋਂ ਦੂਰ ਰੱਖਣ ਦੀ, ਦਿੱਤੀ ਗਈ ਚੇਤਾਵਨੀ ਵੀ ਯਾਦ ਨਹੀਂ ਰਹਿੰਦੀ। ਨਾਵਲਕਾਰ ਨੇ ਅਦੇਹੀ ਪ੍ਰੇਮ ਅਤੇ ਅਦੇਹੀ ਸੌਂਦਰਯ ਨੂੰ ਹਜ਼ਾਰਾਂ ਮੀਲਾਂ ਦਾ ਫਾਸਲਾ ਹੋਣ ਦੇ ਬਾਵਜੂਦ ਵੀ ਕਿਰਿਆਸ਼ੀਲ ਦਿਖਾਇਆ ਹੈ। ਉਤਸੁਕਤਾ ਅਤੇ ਤੀਬਰਤਾ ਭਰੀ ਜ਼ੋਰਦਾਰ ਭਾਸ਼ਾ ਵਿੱਚ ਸੰਵਾਦ ਰਚਾਇਆ ਹੈ। ਮਹੱਤਵਪੂਰਣ ਗੱਲ ਇਹ ਕੇ ਵਾਸਨਾ ਨੂੰ ਛੁਪਾਇਆ ਨਹੀਂ ਗਿਆ ਬਲਕਿ ਖੁੱਲ ਕੇ ਪ੍ਰਗਟ ਕੀਤਾ ਗਇਆ ਹੈ। ਇਹ ਹੈ ਇਸ ਨਾਵਲ ਦੀ ਸਫਲਤਾ ਦੀ ਕੁੰਜੀ ਹੈ। “ਵਾਸਨਾ ਪਰਮ ਅਨੰਦ ਹੈ” -ਅਚਾਰੀਯ ਰਜਨੀਸ਼ । – ਸਫਾ 24 ਇਕ ਡਾਇਲਾਗ ਹੈ, “ਲਵ ਮੇਕਿੰਗ (Love Making) ਕੇ ਸਮਯ ਤੋ ਕਿਸੀ ਜ਼ੁਬਾਨ ਕੀ ਜ਼ਰੂਰਤ ਨਹੀਂ ਪੜਤੀ, ਫਿਰ ਕਿਉਂ ਪਰੇਸ਼ਾਨ ਹੋ ਰਹੀ ਹੋ?” ਬਹੁਤ ਸਾਰੀਆਂ ਪਰੇਮ ਮਿਲਣੀਆਂ ਇਸ ਨਾਵਲ ਵਿੱਚ ਆਈਆਂ ਹਨ ਜੋ ਵੇਖਣ ਨੂੰ ਆਮ ਲਗਦੀਆਂ ਹਨ। ਪਰ ਉਹ ਕਾਲਜ ਦੇ ਇਕ ਦੌਰ ਬਾਰੇ ਚਾਨਣ ਪਾਉਣ ਵਿੱਚ ਸਮਰੱਥ ਹਨ ਤੇ ਰੌਚਕ ਵੀ। ਜਿਵੇਂ ਚਾਕਲੇਟ ਤੋਂ ਰੈਪਰ ਉਤਾਰਨਾ ਤਿਵੇਂ ਹੀ ਮੁੰਡੇ ਕੁੜੀਆਂ ਇਕ ਦੂਜੇ ਨੂੰ ਬਦਲਦੇ ਹਨ। ਇਹ ਸਭ ਇੰਡੀਆ ਦੀ ਹੋਸਟਲ ਲਾਈਫ (Hostel Life) ਵਿਚ ਵੀ ਸੀ ਤੇ ਅੱਜਕੱਲ ਕਨੇਡਾ ਦੀ ਇਸ ਨਵੀਨ ਪੀੜੀ ਤੇ ਵਿਦਿਆਰਥੀ ਜੀਵਨ ਵਿੱਚ ਵੀ। ਨਿਤ ਨਵੇਂ ਰਿਸ਼ਤੇ ਬਣਦੇ ਟੁੱਟਦੇ ਹਨ। ਜ਼ਰੂਰਤਾਂ ਬਦਲਦੀਆਂ ਤਾਂ ਰਿਸ਼ਤੇ ਭੀ ਬਦਲਦੇ ਹਨ। ਲਿਵ-ਇੰਨ ਰੀਲੇਸ਼ਨਸ਼ਿਪ (Live In Relationship) ਆਮ ਗੱਲ ਬਣਦੀ ਜਾ ਰਹੀ ਹੈ। ਸਰੀਰਕ ਤੇ ਮਾਨਸਿਕ ‘ਜ਼ਰੂਰਤਾਂ ਪੂਰੀਆਂ ਕੀਤੀਅਾਂ ਜਾ ਰਹੀਆਂ ਹਨ। ਵਿਆਹ ਪ੍ਰਬੰਧ ਟੁੱਟ ਰਿਹਾ। ਸਮਾਜ ਚਿੰਤਤ ਵੀ ਹੈ ਪਰ ਕੀਤਾ ਕੀ ਜਾਵੇ? ਕਿਸੇ ਕੋਲ ਕੋਈ ਜਵਾਬ ਨਹੀਂ!

ਜੱਫੀ, ਜਾਂ ਗਲਵਕੜੀ ਸਰੀਰਕ ਨੇੜਤਾ ਦੀ ਇੱਕ ਕੌਮਾਂਤਰੀ ਕਿਸਮ ਹੈ ਜਿਸ ਵਿੱਚ ਦੋ ਲੋਕ ਆਪਣੀ ਬਾਂਹਵਾਂ ਨੂੰ ਦੂਜੇ ਦੀ ਧੌਣ, ਪਿੱਠ ਜਾਂ ਲੱਕ ਦੁਆਲੇ ਪਾ ਕੇ ਇੱਕ-ਦੂਜੇ ਨੂੰ ਨੇੜੇ ਕਰ ਕੇ ਫੜਦੇ ਹਨ। ਜੇਕਰ ਇੱਕ ਤੋਂ ਜ਼ਿਆਦਾ ਲੋਕ ਸ਼ਾਮਿਲ ਹੋਣ ਤਾਂ ਇਸਨੂੰ ਆਮ ਤੌਰ ‘ਤੇ ਗਰੁਪ ਜੱਫੀ ਕਿਹਾ ਜਾਂਦਾ ਹੈ। ਪਰ ਇਸ ਨਾਵਲ ਦੀ ਪਹਿਲੀ ਮਹੱਤਵਪੂਰਨ ਜੱਫੀ ਦਾ ਸਥਾਨ ਹੈ, ‘ਅੰਮ੍ਰਿਤਸਰ ਦਾ ਬਸ ਅੱਡਾ।’ ਇਸ ਮਿਲਣੀ ਲਈ ਉਹ ਕਿੰਨਾ ਚਿਰ ਤੋਂ ਸਹਿਕ ਰਹੇ ਹਨ। ਟੈਲੀਪੈਥੀ ਰਾਹੀਂ ਮਿਲਣ ਕਰਦੇ ਰਹਿਣ ਮਗਰੋਂ ਇਹ ਉਹਨਾਂ ਦੀ ਪਹਿਲੀ ਸਥੂਲ ਜਾਂ ਸਾਖਸ਼ਾਤ ਮਿਲਣੀ ਸੀ, ਕਿਥੇ?– ਬੱਸ ਅੱਡਾ ਤੇ। ਇਹ ਉਹ ਜੱਫੀ ਹੈ, ਜਿਸ ਨੇ ਕਿੰਨੇ ਮਹੀਨਿਆਂ ਦੀ ਦੁਵੱਲੀ ਤੜਪ ਨੂੰ ਪਹਿਲਾਂ ਥੋੜਾ ਚਿਰ ਲਈ ਸ਼ਾਂਤ ਕੀਤਾ, ਫਿਰ ਹੋਰ ਤੜਫਾਇਆ।

ਬਿਅਰ ਕਿਡਜ਼ (bear kids) ਦਾ ਇਕ ਨਵਾਂ ਕੌਨਸੈਪਟ (concept) ਦਿੱਤਾ ਹੈ। ਜੋ ਕਈ ਦੋਸਤਾਂ ਨੂੰ ਅਣ ਮੰਨਿਆ ਲੱਗਾ ਪਰ ਜਦੋਂ ਕੁਝ ਸਾਲ ਪਹਿਲਾਂ ਅਖ਼ਬਾਰਾਂ ਵਿੱਚ ਵੱਟੇ ਦੇ ਵਿਆਹ ਦੇ ਇਸ਼ਤਿਹਾਰ ਵੇਖੇ ਜਾਂਦੇ ਸੀ ਅੱਜਕੱਲ ਕਈ ਵਿਦਿਆਰਥੀ ਤੇ ਖਾਸ ਕਰ ਕੁੜੀਆਂ ਦੇ ਫੀਸ ਬਦਲੇ ਝੂਠੇ ਸੱਚੇ ਵਿਆਹ ਰਚਦੇ ਹਨ ਤਾਂ ਇਹ ਕਹਾਵਤ ਸਹੀ ਲੱਗਣ ਲਗਦੀ ਹੈ। “ਸੁਨਾ ਥਾ ਬਿਅਰ ਈਟਸ ਦਿਅਰ ਕਬ, ਵੈੱਨ ਦੇ ਆਰ ਹੰਗਰੀ ਅਦਰਵਾਇਜ਼ ਦੇ ਗਿਵ ਬਰਥ….!” ….! (bear eats their cubs when they are hungry otherwise give birth, oh my God)ਓਹ ਮਾਈ ਗਾਡ! ਮੇਰੇ ਮਾਂ ਬਾਪ ਭਿ ਕਿਆ ਰੀਛ ਕੀ ਪੈਦਾਵਾਰ ਹੈਂ ? ਹਮ ਬੇਚਾਰੇ ਤੋ ਉਨਕੀ ਭੂਖ ਕੋ ਮਿਟਾਨੇ ਕਾ ਜਰੀਆ ਬਸ! … ਬਿਅਰ ਕਿਡਜ਼“..। (ਸਫਾ 35) ਬਿਅਰ ਕਿਡਜ਼ ਬਾਰੇ ਇਕ ਕਹਾਵਤ ਹੈ ਕਿ ਰਿੱਛ ਆਪਣੇ ਬੱਚੇ ਆਪ ਹੀ ਖਾ ਜਾਂਦੇ ਹਨ । ਕਈ ਮਾਪੇ ਚਾਹੇ ਭਾਰਤ ਤੋਂ ਹੋਣ ਜਾਂ ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਪ੍ਰਵਾਸ ਕਰ ਕੇ ਬੈਠੇ ਹੋਣ । ਜੋ ਵਿਆਹ ਵੇਲੇ ਆਪਣੇ ਕੁੜੀਆਂ ਮੁੰਡਿਆਂ ਦਾ ਸੌਦਾ ਕਰਦੇ ਹਨ, ਤਾਂ ਕੀ ਕਹਾਂਗੇ ਉਹਨਾਂ ਨੂੰ? ਲੀਨਾ ਦੀ ਕਹਾਣੀ ਦਰਸਾਉਂਦੀ ਹੈ ਕਿਸ ਤਰਾਂ ਇਕ ਹਿਸਟੀਰਯਾ ਗ੍ਰਸਤ ਆਦਮੀ ਤੋਂ ਪੈਸੇ ਐਂਠ ਕੇ ਉਸਨੂੰ ਵੇਚ ਹੀ ਦਿੱਤਾ ਜਾਂਦਾ ਹੈ। ਪਰ ਉਹ ਬਚ ਕੇ ਕਸ਼ਮੀਰ ਵੱਲ ਭੱਜ ਜਾਂਦੀ ਅਤੇ ਬਾਅਦ ਵਿੱਚ ਆਪਣੇ ਤੋਂ 17 ਸਾਲ ਵੱਡੇ ਇੰਦਰ ਨਾਲ ਸ਼ਾਦੀ ਕਰ ਲੈਂਦੀ ਹੈ ਜੋ ਉਸਨੂੰ ਬਹੁਤ ਪਿਆਰ ਕਰਦਾ ਹੈ ਉਹਨਾਂ ਦੇ ਦੋ ਬੱਚੇ ਵੀ ਹੋ ਜਾਂਦੇ ਹਨ।
ਆਪਾਂ ਅਕਸਰ ਦੂਸਰਿਆਂ ਪ੍ਰਤੀ ਅਤੇ ਦੂਸਰੇ ਮੁਲਕਾਂ ਪ੍ਰਤੀ ਸੁਣੀਆਂ ਸੁਣਾਈਆਂ ਗੱਲਾਂ ਜਾਂ ਅਫਵਾਹਾਂ ਸੁਣਕੇ ਅਧੂਰੀ ਜਾਣਕਾਰੀ ਲੈਂਦੇ ਹਾਂ ਤੇ ਉਸੇ ਅਧਾਰ ਉਪਰ ਅਸੀਂ ਦੂਜੇ ਲੋਕਾਂ ਨਾਲ ਅਕਸਰ ਮੁਖਾਤਬ ਹੁੰਦੇ ਹੈ। ਫਿਲਮ ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ ਵਿੱਚ ਇਕ ਪੰਜਾਬੀ ਲਾੜਾ ਇਸ ਗੱਲ ਕਰਕੇ ਖੁਸ਼ ਹੈ ਕਿ ਵਿਦੇਸ਼ ਜਾ ਕੇ ਮੇਮਾਂ ਸ਼ੇਮਾ ਨਾਲ ਸੰਬੰਧ ਬਣਾਏਗਾ! ਇਸ ਨਾਵਲ ਵਿੱਚ 35 ਸਾਲ ਦਾ ਬੰਦਾ ਕੈਨੇਡਾ ਤੋਂ ਆਈ ਇਕ ਨੌਜਵਾਨ ਲੜਕੀ ਲੀਨਾ ਨਾਲ ਰਿਸ਼ਤਾ ਕਰਨ ਆਉਂਦਾ ਹੈ ਤੇ ਪਹਿਲੀ ਮੁਲਾਕਾਤ ਵਿੱਚ ਕਹਿੰਦਾ,“ਵਹਾਂ ਕੇ ਯੁਵਕ ਔਰ ਯੁਵਤੀ ਇਕੱਠੇ ਰਹਤੇ ਹੈਂ, ਹੈ ਨ ? ਕੋਈ ਦੋਸਤ ਹੈ ਤੇਰਾ ਭੀ ? …… ਮੈਂ ਸਭ ਜਾਨਤਾ ਹੂੰ ਤੁਮ ਲੋਗ ਵਹਾਂ ਕਯਾ ਕਯਾ ਨਹੀਂ ਕਰਤੇ? ਯੁਵਕੋਂ ਕੀ ਤਰਹ ਲੜਕੀਆਂ ਵੀ ਬਦਮਾਸ਼ ਹੋਤੀ ਹੈਂ “ (ਸਫਾ 32) ਕੁਦਰਤੀ ਗੱਲ ਹੈ ਐਸੀ ਬਦਤਮੀਜ਼ੀ ਕਾਰਣ ਰਿਸ਼ਤਾ ਨਹੀਂ ਹੋਣਾ ਸੀ।

ਇਸ ਨਾਵਲ ਦੇ ਲਗਭਗ ਸਾਰੇ ਮਰਦ, ਔਰਤਾਂ ਦੇ ਮੁਕਾਬਲੇ, ਕਮਜ਼ੋਰ ਨਜ਼ਰ ਆਉਂਦੇ ਹਨ। ਉਹ ਕਿਸੇ ਨਾ ਕਿਸੇ ਕਮਜ਼ੋਰੀ ਜਾਂ ਬੀਮਾਰੀ, ਭਾਵੁਕ ਪਰਿਸਥਿਤੀ EMOTIONAL DISABLILTY ਦਾ ਸ਼ਿਕਾਰ ਹਨ ਜਾਂ ਬੀਮਾਰ ਲੋਕਾਂ ਨਾਲ ਘਿਰੇ ਹੋਏ ਹਨ। ਜਿਵੇਂ ਮਹੇਸ਼ਰਮ, ਭੋਪਾਲੀ, ਵਿਸ਼ਾਲ, ਸੋਨੀ, ਹੇਨਰੀ, ਨਗੀਨਾ ਦਾ ਪਤੀ ਸਭ ਕਮਜ਼ੋਰ ਹਨ। ਦੇਖਿਆ ਜਾਵੇ ਤਾਂ ਨਾਵਲ ਵਿੱਚ ਕੋਈ ਨਾਇਕ ਨਹੀਂ। ਕੋਈ ਵੀ ਬੰਦਾ ਟਿਕਦਾ ਨਹੀਂ ਹੈ। ਮਹੇਸ਼ਰਮ ਵੀ ਫੋਨ ਤੇ ਹੀ ਗੱਲਾਂ ਮਾਰ ਤ੍ਰਿਪਤੀ ਕਰਨ ਜੋਗਾ ਹੈ। ਸਾਹਮਣੇ ਆ ਕੇ ਬੱਸ ਇਕ ਜੱਫੀ ਹੀ ਪਾ ਸਕਿਆ। ਆਪਣੀ ਉਲਝਣ ਵਿੱਚ ਹੀ ਉਲਝਿਆ ਰਿਹਾ। ਸਾਰੇ ਅਧੂਰੇ ਮਰਦ ਕੋਈ ਵੀ ਜਿੰਮੇਵਾਰੀ ਉਠਾਉਣ ਨੂੰ ਤਿਆਰ ਨਹੀਂ। ਨਗੀਨਾ ਇਸੇ ਲਈ ਅਤ੍ਰਿਪਤ ਭਟਕਦੀ ਰਹੀ।

ਬੱਚੋਂ ਕਾ ਵਿਦੇਸ਼ੋ ਮੇ ਜਾ ਕਰ ਸੈਟਲ ਹੋਨਾ ਔਰ ਬਜ਼ਰਗ ਪੀੜੀ ਕਾ ਪੀਛੇ ਇੰਤਜ਼ਾਰ ਕਰਨਾ ਤ੍ਰਾਸਦੀ ਭੀ ਹੈ ਔਰ ਤਰੱਕੀ ਜਾਫਤਾ ਭੀ। ਸ਼ਹਿਰੀ ਜੀਵਨ ਤੇ ਟਿੱਪਣੀ ਕਰਦਿਆਂ ਕਿਹਾ ਗਿਆ ਹੈ ਕਿ ਸ਼ਹਿਰਾਂ ਦਾ ਨਿਰਮਾਣ ਹੋਇਆ ਤਾਂ ਮਾਨਵ ਨੇ ਹੋਰ ਭੀ ਚਤੁਰ ਚਲਾਕ ਹੋਣ ਦੇ ਗੁਰ ਸਿੱਖ ਲਏ ਹਨ। “ਧਰਤੀ ਸ਼ਹਿਰ ਮੇਂ ਤਬਦੀਲ ਹੂਈ ਤੋ ਲੂੰਬੜੀ ਸੀ ਚਲਾਕੀਆਂ ਸਭੀ ਮੇਂ ਖੁਦ ਬ ਖੁਦ ਉਭਰ ਆਈਂ” (ਪੰਨਾ 10) ਨਾਵਲ ਵਿੱਚ ਜਾਨਵਰਾਂ ਪ੍ਰਤੀ ਬਹੁਤ ਸਨੇਹ ਮਿਲਦਾ ਹੈ। ਹੈਨਰੀ ਅਤੇ ਨਗੀਨਾ ਦੀ ਦੋਸਤੀ ਕੁੱਤਿਆਂ ਕਰਕੇ ਹੁੰਦੀ ਹੈ। ਹੈਨਰੀ ਇਸ ਰਿਸ਼ਤੇ ਕਾਰਣ ਹਿੰਦੀ ਵੀ ਸਿੱਖ ਲੈਂਦਾ ਹੈ। ਜਾਨਵਰ ਮਾਨਵ ਨੂੰ ਇਕ ਦੂਜੇ ਨੂੰ ਸਮਝਣ ਜਾਨਣ ਦੀ ਇੱਛਾ ਪੈਦਾ ਕਰਦੇ ਹਨ। ਪਿਆਰ ਦਾ ਵਾਤਾਵਰਣ ਸਿਰਜਣ ਵਿੱਚ ਭਾਗੀ ਹੁੰਦੇ ਹਨ। 101 ਡਾਲਮੇਸ਼ਨਸ ਦੀ ਕਹਾਣੀ ਵੀ ਕੁੱਤਿਆਂ ਤੇ ਆਧਾਰਿਤ ਹੈ।

ਨਾਵਲ ਵਿਚ ਦੂਸਰੀਆਂ ਭਾਸ਼ਾਵਾਂ ਦੇ ਨਾਵਲ ਪੁਸਤਕਾਂ ਪੜ੍ਹਨ ਦਾ ਚਸਕਾ ਭੀ ਦਿਖਾਇਆ ਗਿਆ ਹੈ। ਜਿਵੇਂ ਬਹੁਤ ਸਾਰੀਆਂ ਕਿਤਾਬਾਂ, ਨਾਵਲ ਅਤੇ ਮਿਸਟਰੀ ਬੁਕਸ ਦੇ ਨਾਮ ਲਿਖੇ ਮਿਲਦੇ ਹਨ। ਐਮਾਞੌਨ (amazon) ਤੋਂ ਕਿਤਾਬਾਂ ਖਰੀਦਣ ਦਾ ਜ਼ਿਕਰ ਕੀਤਾ ਗਿਆ ਹੈ। ਭਾਰਤ ਵਿੱਚ ਲੋਕਾਂ ਦੀ ਕਿਤਾਬਾਂ ਪੜ੍ਹਨ ਵਿੱਚ ਰੁਚੀ ਨੂੰ ਦਿਖਾਇਆ ਅਤੇ ਸੁਝਾਇਆ ਵੀ ਗਿਆ ਕਿ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ।

ਸੁਫ਼ਨਾ-ਵਿਧੀ ਦਾ ਇਸ ਨਾਵਲ ਵਿੱਚ ਮਹੱਤਵਪੂਰਣ ਯੋਗਦਾਨ ਹੈ। ਭਾਈ ਵੀਰ ਸਿੰਘ ਦੀ ਕਵਿਤਾ, “ਸੁਫ਼ਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸੀਂ ਧਾਹ ਗਲਵਕੜੀ ਪਾਈ। ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ।” ਨਾਵਲ ਵਿੱਚ ਕਈ ਸੁਫ਼ਨੇ ਦਿਖਾਏ ਗਏ ਹਨ ਜੋ ਕਹਾਣੀ ਅੱਗੇ ਤੋਰਨ ਤੇ ਕਥਾਨਕ ਵਿਚਲੇ ਸਸਪੈਂਸ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਖਾਸ ਤੌਰ ਤੇ ਨਗੀਨਾ ਦੇ ਸੁਫ਼ਨੇ।

ਇਕ ਲੇਖਿਕਾ ਤੇ ਨਾਟਕ ਕਾਰਾ ਅਮਾਂਡਾ ਪ੍ਰਾਹਲ ਦਾ ਕਥਨ ਹੈ,” ਸਿਰਫ ਕਹਾਣੀਆਂ ਹੀ ਵਿਅਕਤੀਗਤ ਨਹੀਂ ਹੁੰਦੀਆਂ ਸਗੋਂ ਉਹਨਾਂ ਨੂੰ ਪੜ੍ਹਨ ਦਾ ਅਨੰਦ ਲੈਣਾ ਵੀ ਵਿਅਕਤੀਗਤ ਹੁੰਦਾ ਹੈ।“ ਮੈਂ ਇਸ ਨਾਵਲ ਨੂੰ ਆਪਣੇ ਅੰਦਾਜ਼ ਵਿਚ ਪੜ੍ਹਨ ਦਾ ਤਜ਼ਰਬਾ ਵੀ ਕੀਤਾ ਤੇ ਅਨੰਦ ਵੀ ਲਿਆ। ਇਸ ਨਾਵਲ ਨਾਲ ਇਕ ਨਵੀਨ ਨਾਵਲ ਪ੍ਰਕਿਰਿਆ ਦਾ ਅਰੰਭ ਵੀ ਹੁੰਦਾ ਲਗਦਾ ਹੈ। ਅੰਤ ਵਿੱਚ ਮੈਂ ਇਹ ਸਤਰ ਲਿਖ ਕੇ ਆਪਣੀ ਗੱਲ ਨੂੰ ਵਿਰਾਮ ਦੇਵਾਂਗਾ। ( ਪੰਨਾ 34)
“ਕਭੀ ਕਿਸੀ ਕੀ ਕਹਾਨੀ ਖਤਮ ਹੂਈ ਹੈ ? ਨਹੀਂ ਗਲਤ ਥੀ ਮੈਂ ….”

ਪਰ ਇਸ ਉਪਨਿਆਸ ਦੀ ਕਹਾਣੀ ਖਤਮ ਨਹੀਂ ਹੁੰਦੀ। ਉਹ ਪਾਠਕ ਦੇ ਮਨ ਵਿੱਚ ਚਲਦੀ ਰਹਿੰਦੀ ਹੈ। ਜਦ ਤਕ ਰੈੱਡ ਵਾਈਨ ਹੈ। ਜ਼ਿੰਦਗੀ ਧੜਕਦੀ ਰਹੇਗੀ। ਨਾਵਲਕਾਰ ਨੇ ਵੀ ਕਈ ਨਵੇਂ ਤਜ਼ੁਰਬੇ, ਨਗ, ਨਗੀਨੇ, ਪੱਥਰ, ਰੂਬੀ, ਹੀਰੇ, ਮੋਤੀ, ਸਫਾਆਇਰਜ਼ ਇਕੱਠੇ ਕਰ ਲਏ ਹਨ। ਸੋ ਕਥਾ ਚਲਦੀ ਰਹੇਗੀ। ਸਮਿਆਂ ਤੋਂ ਪਾਰ ਵਿੱਚ ਮੇਰਾ ਇਕ ਸ਼ਿਅਰ ਹੈ :

ਦੁਨੀਆ “ਐਸ਼” ਵਾਂਗੂੰ ਕੋਮਲ ਤੇ “ਬੁਸ਼” ਵਾਂਗੂੰ ਸਖ਼ਤ ਹੈ
ਉਹ ਲੁੱਟੇ ਦਿਲਾਂ ਦਾ ਚੈਨ ਉਹ ਮਾਰੇ ਦੂਰ ਤੱਕ ਮਾਰਾਂ ।
ਨਾ ਜਾਣਾ ਜ਼ਿੰਦਗੀ ਦਾ ਅੰਤ ਹੈ ਕਿਸ ਤਰ੍ਹਾਂ ਹੋਣਾ
ਸੁਣਿਆਂ ਮੌਤ ਪਿਛੋਂ ਵੀ ਖਿੜਦੀਆਂ ਰਹਿਣ ਬਹਾਰਾਂ”।

ਮੈਂ, ਨਾਵਲ “ਰੈੱਡ ਵਾਈਨ ਜ਼ਿੰਦਗੀ” ਲਈ ਨਿਰਮਲ ਜਸਵਾਲ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ।

ਪਿਆਰਾ ਸਿੰਘ ਕੁੱਦੋਵਾਲ
pskudowal@yahoo.com
**

References:
ਨਾਵਲ ਰੈੱਡ ਵਾਈਨ ਜ਼ਿੰਦਗੀ
ਵਿਕੀਪੀਡੀਆ
ਪੰਜਾਬੀ ਅੰਗਰੇਜ਼ੀ ਸ਼ਬਦ ਕੋਸ਼
ਸ਼ਿਵ ਕੁਮਾਰ ਬਟਾਲਵੀ
ਭਾਈ ਵੀਰ ਸਿੰਘ
ਆਚਾਰੀਯ ਰਜ਼ਨੀਸ਼
ਯੂ ਟਿਊਬ
****

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
984
***

About the author

ਪਿਆਰਾ ਸਿੰਘ ਕੁੱਦੋਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿਆਰਾ ਸਿੰਘ ਕੁੱਦੋਵਾਲ

View all posts by ਪਿਆਰਾ ਸਿੰਘ ਕੁੱਦੋਵਾਲ →