ਸੁਖਦੇਵ ਸਿੰਘ ਨੇ ‘ਜੀਵਨ ਜੁਗਤਾਂ’ ਪੁਸਤਕ ਪ੍ਰਕਾਸ਼ਤ ਕਰਵਾਕੇ ਮਾਨਵਤਾ ਨੂੰ ਗੁਰਬਾਣੀ ਦੇ ਅਰਥ ਸਰਲ ਸ਼ਬਦਾਂ ਵਿੱਚ ਕਰਕੇ ਦਿੱਤੇ ਹਨ ਤਾਂ ਜੋ ਇਨਸਾਨ ਗੁਰਬਾਣੀ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਦੇ ਸਕੇ। ਸੁਖਦੇਵ ਸਿੰਘ ਗੁਰਮੁੱਖ ਪ੍ਰਾਣੀ ਹੈ। ਗੁਰਬਾਣੀ ਦੇ ਅਰਥ ਕਰਨਾ ਆਮ ਇਨਸਾਨ ਦੇ ਵਸ ਦੀ ਗੱਲ ਨਹੀਂ ਕਿਉਂਕਿ ਅੰਤਰ ਅਵਸਥਾ ਵਿੱਚ ਪਹੁੰਚੇ ਤੋਂ ਬਿਨਾ ਅਰਥ ਸੰਭਵ ਨਹੀਂ ਹਨ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ‘ਤੇ ਪਹਿਰਾ ਦੇ ਰਿਹਾ ਹੈ। ਉਸ ਨੇ ਇਕ ਪੁਸਤਕ ‘ਆਤਮਾ ਦੇ ਬੋਲ’ ਪਹਿਲਾਂ ਹੀ ਪ੍ਰਕਾਸ਼ਤ ਕਰਵਾਈ ਹੋਈ ਹੈ। ਜੀਵਨ ਜੁਗਤਾਂ ਉਸ ਦੀ ਦੂਜੀ ਪੁਸਤਕ ਹੈ। ਉਸ ਦਾ ਇਹ ਉਦਮ ਸ਼ਲਾਘਾਯੋਗ ਹੈ। ਇਸ ਪੁਸਤਕ ਵਿੱਚ ਗੁਰਬਾਣੀ ਦੀਆਂ ਪੰਕਤੀਆਂ ‘ਤੇ ਅਧਾਰਤ 117 ਲਘੂ ਨਿਬੰਧ ਹਨ। ਇਨ੍ਹਾਂ ਵਿੱਚੋਂ 86 ਲੇਖ ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥ ਉਦਾਹਰਣਾ ਦੇ ਕੇ ਕੀਤੇ ਗਏ ਹਨ। ਬਾਕੀ 31 ਲੇਖ ਸਮਾਜਿਕ ਜੀਵਨ ਵਿੱਚ ਵਿਚਰਦਿਆਂ ਵੱਖ-ਵੱਖ ਖੇਤਰਾਂ ਬਾਰੇ ਹਨ। ਹਰ ਲੇਖ ਇਕ ਵਿਚਾਰ ਦੀ ਵਿਆਖਿਆ ਕਰਦਾ ਹੈ। ਅਸਲ ਵਿੱਚ ਇਨ੍ਹਾਂ ਪੰਕਤੀਆਂ ਨੂੰ ਆਧਾਰ ਬਣਾਕੇ ਉਸ ਨੇ ਸਰਲ ਸ਼ਬਦਾਂ ਵਿੱਚ ਉਨ੍ਹਾਂ ਦੀ ਵਿਆਖਿਆ ਕਰਕੇ ਇਨਸਾਨੀਅਤ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਮਾਰਗ ਦਰਸ਼ਕ ਦਾ ਕੰਮ ਕੀਤਾ ਹੈ। ਉਸ ਨੇ ਵਿਆਖਿਆ ਕਰਨ ਸਮੇਂ ਬਰਾਬਰ ਉਦਾਹਰਣਾ ਵੀ ਦਿੱਤੀਆਂ ਹਨ। ਲੇਖਕ ਅਨੁਸਾਰ ਵਾਹਿਗੁਰੂ ਇਨਸਾਨ ਦੇ ਅੰਦਰ ਹੀ ਵਸਦਾ ਹੈ। ਉਹ ਹੀ ਸਾਨੂੰ ਗਿਆਨ ਦਿੰਦਾ ਹੈ। ਸਾਡਾ ਗਿਆਨ ਹਰ ਥਾਂ ਸਾਡਾ ਰਖਵਾਲਾ ਬਣਦਾ ਹੈ। ਬਿਬੇਕ ਬੁੱਧ ਅੰਦਰਮੁਖੀ ਹੁੰਦਾ ਹੈ ਤੇ ਗਿਆਨ ਬਾਹਰਮੁਖੀ ਵੀ ਹੁੰਦਾ ਹੈ। ਇਸ ਲਈ ਸਾਨੂੰ ਗੁਰਬਾਣੀ ਦੇ ਸ਼ਬਦੀ ਅਰਥਾਂ ਨੂੰ ਨਹੀਂ ਸਗੋਂ ਭਾਵਨਾ ਨੂੰ ਸਮਝਣਾ ਚਾਹੀਦਾ ਹੈ। ਗੁਰਬਾਣੀ ਵਿੱਚ ਕਈ ਤੁਕਾਂ ਨੂੰ ਪਾਠਕ ਪੜ੍ਹ ਕੇ ਗ਼ਲਤ ਅਰਥ ਕੱਢਦੇ ਹਨ, ਉਨ੍ਹਾਂ ਆਪਣੇ ਲੇਖਾਂ ਵਿੱਚ ਦੱਸਿਆ ਹੈ ਕਿ ਉਸ ਦੇ ਨਾਲ ਦੀ ਅਗਲੀ ਤੁਕ ਪੜ੍ਹਕੇ ਅਰਥ ਸਮਝਣੇ ਚਾਹੀਦੇ ਹਨ ਤਾਂ ਜੋ ਵਹਿਮ ਭਰਮਾ ਤੋਂ ਖਹਿੜਾ ਛੁਡਾਇਆ ਜਾ ਸਕੇ। ਗੁਰਬਾਣੀ ਸਰਬਵਿਆਪੀ ਹੈ। ਹਰ ਇਕ ਇਨਸਾਨ ‘ਤੇ ਇਕਸਾਰਤਾ ਨਾਲ ਲਾਗੂ ਹੁੰਦੀ ਹੈ। ਹਰ ਕੰਮ ਕਿਸੇ ਨਿਯਮ ਅਧੀਨ ਹੁੰਦਾ ਹੈ। ਸੰਸਾਰ ਨਿਯਮ ਅਨੁਸਾਰ ਚਲਦਾ ਹੈ। ਗੁਰਬਣੀ ਦੇ ਸਿਰਫ਼ ਸ਼ਬਦੀ ਅਰਥ ਨਾ ਕੱਢੇ ਜਾਣ ਸਗੋਂ ਉਨ੍ਹਾਂ ਦੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ।
ਕਈ ਕਥਾਵਾਚਕ ਗੁਰਬਾਣੀ ਦੀ ਵਿਆਖਿਆ ਕਰਨ ਸਮੇਂ ਕਈ ਸ਼ੰਕੇ ਖੜ੍ਹੇ ਕਰ ਜਾਂਦੇ ਹਨ। ਪੁਜਾਰੀਕਰਨ ਦੀ ਪ੍ਰਵਿਰਤੀ ਭਾਰੂ ਹੋਣ ਨਾਲ ਗੁਰਬਾਣੀ ਦੇ ਸਹੀ ਅਰਥ ਨਹੀਂ ਹੋ ਰਹੇ। ਗੁਰਬਾਣੀ ਕਰਮਕਾਂਡ ਦਾ ਖੰਡਨ ਕਰਦੀ ਹੈ। ਇਨ੍ਹਾਂ ਲੇਖਾਂ ਵਿੱਚ ਲੇਖਕ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਚੰਗਾ ਮਾੜਾ ਜੋ ਇਨਸਾਨ ਕਰਦਾ ਹੈ ਉਹ ਆਪਣੀ ਵਿਵੇਕ ਬੁੱਧੀ ਦੀ ਵਰਤੋਂ ਕਰਦਿਆਂ ਕਰਦਾ ਹੈ। ਪਰਮਾਤਮਾ ਲਈ ਤਾਂ ਸਾਰੇ ਪ੍ਰਾਣੀ ਬਰਾਬਰ ਹਨ। ਰੱਬ ਹਰ ਇਨਸਾਨ ਦੇ ਅੰਦਰ ਵਸਦਾ ਹੈ। ਇਸ ਦੀ ਪਛਾਣ ਕਰਨੀ ਅਤਿਅੰਤ ਜ਼ਰੂਰੀ ਹੈ। ਰੱਬ ਕੁਦਰਤੀ ਸ਼ਕਤੀ ਹੈ। ਬਾਹਰਮੁੱਖੀ ਪਹਿਰਾਵੇ ਵਾਲਾ ਗੁਰਮੁਖ ਨਹੀਂ ਸਗੋਂ ਚੰਗੇ ਗੁਣਾ ਦਾ ਧਾਰਨੀ ਪੂਰਨ ਸਿੱਖ ਹੈ। ਰੱਬੀ ਗੁਣਾ ਨੂੰ ਧਾਰਨ ਕਰਨ ਵਾਲਾ ਸਿੱਖ ਹੈ, ਉਸਨੂੰ ਮਾਨਸਿਕ ਪ੍ਰੇਸ਼ਾਨੀ ਨਹੀਂ ਆਵੇਗੀ। ਗੁਰਬਾਣੀ ਮਨ ਅਤੇ ਆਤਮਾ ਲਈ ਹੈ। ਨਕਾਰਤਮਿਕਤਾ ਛੱਡਣ ਨਾਲ ਸੁੱਖ ਮਿਲਦਾ ਹੈ। ਇਨਸਾਨ ਨੂੰ ਸਾਕਾਰਾਤਮਿਕ ਹੋਣਾ ਚਾਹੀਦਾ ਹੈ। ਭਗਤੀ ਮਾਲਾ ਫੇਰਨ, ਮੱਥੇ ਟੇਕਣ ਜਾਂ ਸ਼ਬਦ ਜਪਣ ਨੂੰ ਨਹੀਂ ਕਿਹਾ ਗਿਆ। ਸਦਗੁਣਾ ਤੇ ਅਮਲ ਕਰਨਾ ਭਗਤੀ ਹੈ। ਜਦੋਂ ਭਗਤੀ ਨੂੰ ਲਾਲਚ ਨਾਲ ਜੋੜ ਦਿੰਦੇ ਹਾਂ ਤਾਂ ਨਾ ਲਾਲਚ ਪੂਰਾ ਹੁੰਦਾ ਤੇ ਨਾ ਹੀ ਸ਼ਾਂਤੀ ਮਿਲਦੀ ਹੈ। ਇਹ ਕਰਮਕਾਂਡ ਹਨ। ਲੋਕਾਂ ਨੂੰ ਆਪਣੀ ਸੋਚ ਬਦਲਣੀ ਹੋਵੇਗੀ। ਹਰ ਇੱਕ ਦਾ ਬਿਬੇਕ ਹੀ ਉਸ ਦਾ ਰੱਬ ਹੈ। ਜਿਹੜਾ ਇਨਸਾਨ ਆਪਣੀ ਬਿਬੇਕ ਅਨੁਸਾਰ ਕੰਮ ਨਹੀਂ ਕਰਦਾ ਤਾਂ ਉਹ ਕਈ ਵਾਰ ਆਤਮਿਕ ਮੌਤ ਮਰਦਾ ਹੈ। ਜਦੋਂ ਵਿਅਕਤੀ ਰੱਬੀ ਗੁਣਾਂ ਨਾਲ ਜੀਵਨ ਜਿਓਣ ਲੱਗ ਜਾਂਦਾ ਹੈ ਤਾਂ ਮੌਤ ਦਾ ਡਰ ਖ਼ਤਮ ਹੋ ਜਾਂਦਾ ਹੈ। ਜਦੋਂ ਇਨਸਾਨ ਗੁਰਬਾਣੀ ਰਾਹੀਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਲਾਲਚ ਵੱਸ ਪੈ ਜਾਂਦੇ ਹਨ ਤਾਂ ਰਾਹੋਂ ਕੁਰਾਹੇ ਪੈ ਜਾਂਦੇ ਹਨ। ਗੁਰਬਾਣੀ ਵਿੱਚ ਜਦੋਂ ਸ਼ਬਦ ਸੰਤ, ਭਗਤ, ਸਾਧ ਤੇ ਬ੍ਰਹਮਗਿਆਨੀ ਆਦਿ ਆਉਂਦਾ ਹੈ ਤਾਂ ਗੁਣਵਾਚਕ ਸਮਝਣੇ ਚਾਹੀਦੇ ਹਨ, ਵਿਅਕਤੀ ਵਾਚਕ ਨਹੀਂ। ਇਹ ਸ਼ਬਦ ਕਿਰਦਾਰ ਲਈ ਹਨ, ਪਹਿਰਾਵੇ ਲਈ ਨਹੀਂ। ਧਰਮ ਇਕ ਸੱਚਾ ਸੁੱਚਾ ਕਿਰਦਾਰ ਹੈ। ਕਿਰਦਾਰ ਤੋਂ ਭਾਵ ਰੱਬੀ ਗੁਣਾਂ ਵਾਲੀ ਸੋਚ ਨਾਲ ਵਿਵਹਾਰ ਕਰਨਾ। ਸਾਕਾਰਾਤਮਿਕ ਜ਼ਿੰਦਗੀ ਜਿਓਣ ਨੂੰ ਸਫ਼ਲ ਜਿਓਣਾ ਕਿਹਾ ਜਾਂਦਾ ਹੈ।
ਮਨ ਤੇ ਆਤਮਾ ਦੀ ਬੇਚੈਨੀ ਇਨਸਾਨ ਲਈ ਬਿਮਾਰੀ ਦਾ ਕਾਰਨ ਬਣਦੀ ਹੈ। ਇਨਸਾਨ ਪੁਜਾਰੀਵਾਦ ਨੂੰ ਜ਼ਿਆਦਾ ਮਹੱਤਵ ਦੇ ਰਿਹਾ ਜੋ ਸਹੀ ਨਹੀਂ। ਕੀਰਤਨੀ ਜੱਥਿਆਂ ਅਤੇ ਧਾਰਮਿਕ ਪ੍ਰਚਾਰਕਾਂ ਨੂੰ ਸੰਗਤ ਨੂੰ ਭੁਲੇਖਿਆਂ ‘ਚੋਂ ਬਾਹਰ ਕੱਢਣ ਦੇ ਯਤਨ ਕਰਨੇ ਚਾਹੀਦੇ ਹਨ। ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਸ਼ੁਭ ਕਰਮ ਭਾਵ ਚੰਗੇ ਕੰਮ, ਲੋਕ ਭਲਾਈ, ਲੋੜਵੰਦ ਦੀ ਮਦਦ, ਦੁੱਖੀ ਦਾ ਦੁੱਖ ਵੰਡਾਉਣਾ ਆਦਿ ਸੇਵਾ ਹੈ। ਬਾਕੀ ਸਭ ਕਰਮਕਾਂਡ ਹਨ। ਸਤਿਗੁਰ ਦਿਆਲ ਉਦੋਂ ਹੁੰਦਾ ਹੈ ਜਦੋਂ ਇਨਸਾਨ ਰੱਬੀ ਗੁਣਾਂ ਨਾਲ ਇਕਮਿਕ ਹੋ ਜਾਂਦਾ ਹੈ। ਗੁਰਬਾਣੀ ਅੰਤਰਮੁਖੀ ਮਸਲਿਆਂ ਬਾਰੇ ਗੱਲ ਕਰਦੀ ਹੈ, ਉਹ ਸਾਡੇ ਅੰਦਰਮੁਖੀ ਹੁੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਕਿ ਸਰੀਰਕ ਕਿਰਿਆ ਨਾਲ ਨਹੀਂ ਸਰਨਾ ਮਨ ਅਤੇ ਆਤਮਾ ਨੂੰ ਵੀ ਪਵਿਤਰ ਰੂਪ ਵਿੱਚ ਉਸ ਕਿਰਿਆ ਵਿੱਚ ਸ਼ਾਮਲ ਕਰਨਾ ਹੋਵੇਗਾ। ਜੀਵਨ ਜੁਗਤਾਂ ਪੁਸਤਕ ਦਾ ਮੁੱਖ ਕਵਰ ਸਚਿਤਰ ਰੰਗਦਾਰ ਅਤੇ ਦਿਲ ਨੂੰ ਮੋਹਣ ਵਾਲਾ ਹੈ। ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* *** |