17 September 2024

‘ਵੈਲਨਟਾਈਨ ਡੇ’ ਦੀ ਪੰਜਾਬੀ ਸਮਾਜ ਵਿਚ ਘੁਸਪੈਠ—ਸੰਜੀਵ ਝਾਂਜੀ, ਜਗਰਾਉਂ

14 ਫ਼ਰਵਰੀ ਨੂੰ ਮਨਾਇਆ ਜਾਣ ਵਾਲਾ ਦਿਹਾੜਾ ਹਾਲਾਂਕਿ ਨਾਂ ਤਾ ਸਾਡੇ ਸਮਾਜ ਦੀ ਉਪਜ ਹੈ ਅਤੇ ਨਾਂ ਹੀ ਇਹ ਸਾਡੇ ਅਮੀਰ ਸੰਸਕ੍ਰਿਤਕ ਵਿਰਸੇ ਦੀ ਪੈਦਾਇਸ਼ ਹੀ। ਪਰ ਫੇਰ ਵੀ ਪਿਛਲੇ ਲਗਭਗ ਇਕ ਦਹਾਕੇ ਤੋਂ ਇਸ ਨੇ ਸਾਡੇ ਭਾਰਤੀ ਅਤੇ ਪੰਜਾਬੀ ਸਮਾਜ ਵਿੱਚ ਬੜੀ ਤੇਜੀ ਨਾਲ ਘੁਸਪੈਠ ਕਰਕੇ ਪੈਰ ਪਸਾਰੇ ਹਨ। ਪੱਛਮੀ ਲੋਕਾਂ ਦੇ ਲਹੂ ਵਿੱਚ ਵਸੇ ਇਸ ਵੈਲਨਟਾਈਨ ਡੇ ਦੀਆਂ ਜੜ੍ਹਾਂ ਸਾਡੇ ਭਾਰਤ ਵਿੱਚ ਜਮ ਚੁੱਕੀਆਂ ਹਨ ਅਤੇ ਇਹਨਾਂ ਜੜ੍ਹਾਂ ਨੂੰ ਪੋਸ਼ਣ ਸਾਡੀ ਅੱਜ ਦੀ ਮਾਡਰਨ ਅਤੇ ਫ਼ੈਸ਼ਨੇਬਲ ਨੌਜਵਾਨ ਪੀੜੀ ਦੇ ਰਹੀ ਹੈ।

ਪੱਛਮੀ ਸਮਾਜ ਦੀ ਤਰਜ ਤੇ ਭਾਰਤੀ ਨੌਜਵਾਨ ਅਤੇ ਮੁਟਿਆਰਾਂ ਇਸ ਦਿਨ ਨੂੰ ‘ਲਵ ਡੇ’ ਦੇ ਰੂਪ ਵਿੱਚ ਮਨਾਉਂਦੇ ਹਨ। ਹਾਲਾਂਕਿ ਇਸ ਦਿਨ ਨੂੰ ਪ੍ਰੇਮ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਪਰ ਸਾਡੀ ਮੌਜੂਦਾ ਨੌਜਵਾਨ ਪੀੜ੍ਹੀ ਇਸ ਦੇ ਅਸਲੀ ਰੂਪ ਨੂੰ ਜਾਣੇ ਬਿਨ੍ਹਾਂ ਇਸਨੂੰ ਫੁਕਰਪੰਥੀ ਵਿੱਚ ਪੈ ਕੇ ਆਸ਼ਕੀ ਡੇ ਦੇ ਤੌਰ ਤੇ ਮਨਾਉਣ ਲਗ ਪਈ ਹੈ। ਉਹ ਇਹ ਜਾਣਦੀ ਹੀ ਨਹੀਂ ਕਿ ਆਖਿਰ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦੇ ਪ੍ਰਚਲਿਤ ਹੌਣ ਦੇ ਕੀ ਕਾਰਨ ਹਨ?

‘ਵੈਲਨਟਾਈਨ ਡੇ’ ਮਨਾਉਣ ਪਿੱਛੇ ਇਕ ਲੰਮੀ ਕਹਾਣੀ ਹੈ। ਇਹ ਕਹਾਣੀ ਕਿਸੇ ਮੁਟਿਆਰ ਦੇ ਪਿਆਰ ਦੀ ਭੇਂਟ ਚੜ ਕੇ ਤਪੀ ਹੋਈ ਹੈ। ਪੁਰਾਤਨ ਇਤਿਹਾਸ ਦੀ ਇਸ ਫ਼ਿਰੰਗੀ ਕਹਾਣੀ ਅਨੁਸਾਰ 14 ਫ਼ਰਵਰੀ 279 ਈ: ਨੂੰ ਵੈਲਨਟਾਈਨ ਨਾਂ ਦੇ ਇਕ ਸੰਤ ਨੂੰ ਫ਼ਾਂਸੀ ਦਿੱਤੀ ਗਈ ਸੀ। ਉਸ ਵੇਲੇ ਦੇ ਰੌਮਨ ਸਮਰਾਟ ਕਲਾਡਿਅਸ ਦੀ ਇਹ ਫਿਲਾਸਫੀ ਸੀ ਕਿ ਵਿਆਹ ਕਰਨ ਨਾਲ ਵਿਅਕਤੀ ਦਾ ਬੱਲ ਅਤੇ ਵਿਵੇਕ ਘੱਟ ਜਾਂਦਾ ਹੈ। ਇਸ ਲਈ ਉਸ ਵੇਲੇ ਦੇ ਰੌਮਨ ਸਾਮਰਾਜ ਦੇ ਅਫ਼ਸਰਾਂ ਅਤੇ ਫੋਜੀਆਂ ਨੂੰ ਵਿਆਹ ਕਰਵਾਉਣ ਦੀ ਸਖਤ ਮਨਾਹੀ ਸੀ।

ਇਸ ਹੁਕਮ ਦੀ ਪਾਲਨਾ ਨਾ ਕਰਨ ਵਾਲੇ ਜੋੜੇ ਅਤੇ ਵਿਆਹ ਕਰਵਾਉਣ ਵਾਲੇ ਪਾਦਰੀ ਨੂੰ ਫ਼ਾਂਸੀ ਤੇ ਚੜ੍ਹਾ ਦਿੱਤਾ ਜਾਂਦਾ ਸੀ। ਸੰਤ ਵੈਲਨਟਾਈਨ ਨੂੰ ਰਾਜੇ ਦਾ ਇਹ ਹੁਕਮ ਬੜਾ ਹੀ ਗਲ਼ਤ ਅਤੇ ਤਸ਼ਦਦਕਾਰੀ ਲੱਗਿਆ। ਉਸਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਅਤੇ ਅਫ਼ਸਰਾਂ–ਫ਼ੌਜੀਆਂ ਦੇ ਵਿਆਹ ਕਰਵਾਣੇ ਸ਼ੁਰੂ ਕਰ ਦਿੱਤੇ। ਖੁਦ ਪਾਦਰੀ ਦੀ ਭੂਮਿਕਾ ਨਿਭਾਈ। ਦੇਖਦੇ ਹੀ ਦੇਖਦੇ ਕਈ ਫ਼ੋਜੀ ਅਤੇ ਅਫ਼ਸਰ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੰਨ੍ਹੇ ਗਏ। ਇਹ ਰਾਜੇ ਦੇ ਹੁੱਕਮ ਨੂੰ ਖੁੱਲੀ ਚੁਣੌਤੀ ਸੀ। ਸੰਤ ਵੈਲਨਟਾਈਨ ਨੂੰ ਫੜਿਆ ਗਿਆ ਅਤੇ ਫ਼ਾਂਸੀ ਤੇ ਲਟਕਾ ਦਿੱਤਾ ਗਿਆ। ਸੰਤ ਵੈਨਲਟਾਈਨ ਤਾਂ ਚਲੇ ਗਏ ਪਰ ਉਹਨਾਂ ਦਾ ਸੰਦੇਸ਼ ‘ਲਵ ਡੇ’ ਦੇ ਰੂਪ ਵਿੱਚ ਪੂਰੇ ਸੰਸਾਰ ਭਰ ਵਿੱਚ ਪ੍ਰਸਿਧ ਹੋ ਗਿਆ। ਇਸ ਤਾਰੀਕ ਬਾਰੇ ਇਤਿਹਾਸਕਾਰਾਂ ਦੇ ਪੱਖ ਵੱਖੋ–ਵੱਖਰੇ ਹਨ। ਕੁੱਝ ਇਤਿਹਾਸਕਾਰ ਇਹ ਤਾਰੀਕ 14 ਫ਼ਰਵਰੀ 269 ਈ: ਦਸਦੇ ਹਨ ਜਦਕਿ ਕੁੱਝ ਇਹ ਮਿੱਤੀ 14 ਫ਼ਰਵਰੀ 279 ਈ: ਦਸਦੇ ਹਨ। ਕੁੱਝ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਇਸ ਦਿਨ ਸੰਤ ਵੈਲਨਟਾਈਨ ਨੂੰ ਫ਼ਾਂਸੀ ਨਹੀਂ ਦਿੱਤੀ ਗਈ ਸੀ ਸਗੋਂ ਇਸ ਦਿਨ ਉਹਨਾਂ ਦਾ ਜਨਮ ਦਿਨ ਸੀ।

ਕੁੱਝ ਵੀ ਹੋਵੇ ਪਰ ਇਹ ਠੀਕ ਹੈ ਕਿ ਇਹ ਦਿਨ ਪ੍ਰੇਮੀ ਜੋੜਿਆਂ ਨੂੰ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੰਨ੍ਹਣ ਵਾਲੇ ਸੰਤ ਵੈਲਨਟਾਈਲ ਨੂੰ ਸਮਰਪਿਤ ਹੈ ਅਤੇ ਪਿਆਰ ਦਾ ਸੰਦੇਸ਼ ਅਤੇ ਇਜ਼ਹਾਰ ਪ੍ਰੇਮੀ ਅਤੇ ਸਨੇਹੀ ਸੱਜਣਾਂ ਨੂੰ ਪੁਜਾਣ ਦਾ ਇਕ ਜ਼ਰੀਆ ਹੈ। ਸੰਸਾਰ ਭਰ ਵਿੱਚ ਪ੍ਰਸਿਧ ਹੋ ਚੁੱਕੇ ਇਸ ਦਿਹਾੜੇ ਨੂੰ ਪ੍ਰੇਮੀ ਬੜੀ ਬੇਸਬਰੀ ਨਾਲ ਉਡੀਕਦੇ ਹਨ। ਨੌਜਵਾਨ ਗੱਭਰੂ ਅਤੇ ਮੁਟਿਆਰਾਂ ਇਸ ਦਿਨ ਨੂੰ ਤਿਉਹਾਰ ਦੇ ਰੂਪ ਵਿੱਚ, ਖ਼ਾਸਕਰ ਵੱਡੇ ਸ਼ਹਿਰਾਂ ਵਿੱਚ ਬੜੇ ਚਾਅ, ਜੋਸ਼ੋ–ਖਰੋਸ਼ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਹਾਲਾਂਕਿ ਇਹ ਭਾਰਤੀ ਤਿਉਹਾਰ ਨਹੀਂ ਹੈ ਪਰ ਇਸ ਦੇ ਭਾਰਤ ਵਿੱਚ ਪ੍ਰਚਲਿਤ ਹੋਣ ਦੇ ਦੋ ਪ੍ਰਮੁੱਖ ਕਾਰਨ ਹਨ। ਪਹਿਲਾ ਤਾਂ ਇਹ ਕਿ ਇਹ ਫ਼ਰਵਰੀ ਵਿੱਚ ਬਸੰਤ ਰੁੱਤ ਦੇ ਆਗਮਨ ਕਾਰਨ ਮਸ਼ਹੂਰੀ ਹਾਸਿਲ ਕਰ ਗਿਆ। ਭਾਰਤੀ ਖ਼ਾਸ ਕਰ ਪੰਜਾਬੀ ਬਸੰਤ ਰੁੱਤ ਨੂੰ ਪਿਆਰ ਦੀ ਰੁੱਤ ਦੇ ਤੌਰ ਤੇ ਜਾਣਦੇ ਅਤੇ ਮਨਾਉਂਦੇ ਹਨ।
ਦੂਜਾ ਮੁੱਖ ਕਾਰਨ ਇਹ ਹੈ ਕਿ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਪੱਛਮ ਵੱਲ ਬਹੁਤ ਤੇਜ਼ੀ ਨਾਲ ਖਿੱਚ੍ਹੀ ਜਾ ਰਹੀ ਹੈ ਅਤੇ ਪੱਛਮ ਵਿੱਚ ਇਹ ਪ੍ਰੇਮੀ ਜੋੜਿਆਂ ਦਾ ਖ਼ਾਸ ਦਿਨ ਹੈ। ਅੱਜਕੱਲ੍ਹ ਇਸ ਦਿਨ ਤੇ ਗਰੀਟਿੰਗ ਕਾਰਡ ਅਤੇ ਇਜ਼ਹਾਰ ਕਾਰਡ ਦਾ ਪ੍ਰਚਲਨ ਕਾਫ਼ੀ ਹੋ ਗਿਆ ਹੈ। ਇਸ ਦਿਨ ਪ੍ਰੇਮੀ ਆਪਣੇ ਸੱਜਣਾਂ ਨੂੰ ਗੁਲਾਬ ਦੇ ਕੇ ਗੁਲਾਬ ਵਾਂਗ ਖਿੜੇ ਰਹਿਣ ਦਾ ਸੰਦੇਸ਼ ਦਿੰਦੇ ਹਨ ਅਤੇ ਨਾਲ ਹੀ ਕਾਰਡ ਗਿਫ਼ਟ ਕਰਦੇ ਹਨ।

ਸਮਝਿਆ ਜਾਂਦਾ ਹੈ ਕਿ ਕਾਰਡ ਦਾ ਪ੍ਰਚਲਨ ਸਭ ਤੋਂ ਪਹਿਲਾਂ 1915 ਵਿੱਚ ਉਸ ਵੇਲੇ ਸ਼ੁਰੂ ਹੋਇਆ ਜਦੋਂ ਇੰਗਲੈਂਡ ਦੇ ਰਾਜਕੁਮਾਰ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਆਪਣੀ ਪ੍ਰੇਮਿਕਾ ਨੂੰ ਇਸ ਦਿਨ ਕਾਰਡ ਭੇਜਿਆ। ਇਹ ਕਾਰਡ ਅੱਜ ਵੀ ਫਰਾਂਸ ਦੇ ਮਿਉਜ਼ਿਅਮ ਵਿੱਚ ਸੁਰਖਿਅਤ ਪਿਆ ਹੈ।

ਅੱਜ ਦਾ ਸਮਾਜ ਭੌਤਿਕਵਾਦੀ ਅਤੇ ਵਪਾਰਕ ਹੋਣ ਕਾਰਨ ਅੱਜਕੱਲ੍ਹ ਗਰੀਟਿੰਗ ਕਾਰਡ ਕੰਪਨੀਆਂ ਰੰਗ ਬਿਰੰਗੇ ਅਤੇ ਦਿਲ ਖਿਚਵੇਂ ਕਾਰਡ ਮਾਰਕਿਟ ਵਿੱਚ ਲਿਆ ਰਹੀਆਂ ਹਨ ਅਤੇ ਕਈ ਕੰਪਨੀਆਂ ਨੇ ਤਾਂ ਇਸ ਦਿਨ ਫਰੈਂਡਸ਼ਿਪ ਬੈਂਡ ਵੀ ਮਾਰਕਿਟ ਵਿੱਚ ਲਾਂਚ ਕੀਤੇ ਹਨ।

ਪਿੱਛਲੇ ਇਕ ਦਹਾਕੇ ਤੋਂ ਇਸ ਦਿਨ ਗਰੀਟਿੰਗ ਕਾਰਡਜ਼ ਦੀ ਵਿਕਰੀ ਵੱਧ ਹੋਣਾ, ਇਸ ਦੇ ਭਾਰਤ ਵਿੱਚ ਪ੍ਰਚਲਿਤ ਅਤੇ ਪ੍ਰਫੁਲਿਤ ਹੋਣ ਦਾ ਹੀ ਸਬੂਤ ਹੈ। ਵੈਸੇ ਵੱਖ ਵੱਖ ਸਮਾਜਾਂ ਦੇ ਲੋਕ ਇਸਨੂੰ ਵੱਖੋ–ਵੱਖਰੇ ਰੂਪਾਂ ਵਿੱਚ ਮਨਾਉਂਦੇ ਹਨ। ਜਿਵੇਂ ਰੋਮਨ ਇਸਾਈ ਇਸ ਦਿਨ ਨੂੰ ‘ਵਿਆਹ ਦਿਹਾੜੇ’ ਦੇ ਤੌਰ ਤੇ ਮਨਾਉਂਦੇ ਹਨ। ਕਿਉਂਕਿ ਰੋਮ ਵਾਸੀ ‘ਜੂਨਾ’ ਨਾਂ ਦੀ ਦੇਵੀ ਨੂੰ ਪਿਆਰ ਦੀ ਦੇਵੀ ਦੇ ਤੌਰ ਤੇ ਪੂਜਦੇ ਹਨ ਅਤੇ ਉਸਦੀ ਯਾਦ ਵਿੱਚ ਹੀ 14 ਫ਼ਰਵਰੀ ਨੂੰ ਵਿਆਹ ਦਿਹਾੜਾ ਮਨਾਇਆ ਜਾਂਦਾ ਹੈ। 17ਵੀਂ ਸਦੀ ਵਿੱਚ ਤਾਂ ਇੰਗਲੈਂਡ ਵਿੱਚ ਇਕ ਪ੍ਰੰਪਰਾ ਸੀ ਕਿ 14 ਫ਼ਰਵਰੀ ਨੂੰ ਜੇ ਕੋਈ ਕੁੜੀ ਕਿਸੇ ਮੁੰਡੇ ਨੂੰ ਸਭ ਤੋਂ ਪਹਿਲਾਂ ਵੇਖ ਲੈਂਦੀ ਸੀ ਤਾਂ ਉਹ ਲੜਕਾ ਉਸਦਾ ਵੈਲਨਟਾਈਨ ਹੋ ਜਾਂਦਾ ਸੀ। ਸਾਡੇ ਦੇਸ਼ ਵਿੱਚ ਚਾਹੇ ਇਹ ਦਿਨ ਪ੍ਰਚਲਨ ਵਿੱਚ ਆ ਚੁੱਕਾ ਹੈ ਪਰ ਸਾਡੇ ਲੋਕ ਇਸਦੇ ਮੁੱਖ ਮਕਸਦ ਤੋਂ ਅਣਜਾਣ ਹਨ।

ਵੱਡੇ ਸ਼ਹਿਰਾਂ ਵਿੱਚ ਤਾਂ ‘ਵੈਲਨਟਾਈਨ ਡੇ’ ਤੇ ਰਾਤ ਨੂੰ ਨਾਈਟ ਪਾਰਟੀਆਂ ਅਤੇ ਡਾਂਸ ਪਾਰਟੀਆਂ ਵੀ ਹੁੰਦੀਆਂ ਹਨ, ਹੁਲੜਬਾਜ਼ੀ ਹੁੰਦੀ ਹੈ। ਇਹ ਠੀਕ ਹੈ ਕਿ ਇਸ ਤਿਉਹਾਰ ਨੇ ਸਾਡੇ ਦੇਸ਼ ਅਤੇ ਸਮਾਜ ਵਿੱਚ ਜਗ੍ਹਾ ਬਣਾ ਲਈ ਹੈ ਪਰ ਲੋੜ ਹੈ ਇਸ ਦੀ ਸਹੀ ਭਾਵਨਾ ਨੂੰ ਸਮਝਣ ਦੀ। ਪਿਆਰ ਗਲਤ ਨਹੀਂ ਹੈ ਪਰ ਪਿਆਰ ਦਾ ਇਜ਼ਹਾਰ ਵੀ ਸਾਫ਼ ਸੁਥਰਾ ਅਤੇ ਪਾਕ ਹੋਣਾ ਚਾਹੀਦਾ ਹੈ। ਪਿਆਰ ਕਿਸੇ ਵਰਗ ਜਾਂ ਲਿੰਗ ਵਿਸ਼ੇਸ਼ ਤੱਕ ਸੀਮਤ ਨਾਂ ਹੋ ਕੇ ਗਰੀਬਾਂ, ਦੀਨ–ਦੁਖੀਆਂ, ਬੇਸਹਾਰਾ, ਜਰੂਰਤਮੰਦਾਂ ਅਤੇ ਕਿਰਤੀਆਂ ਤੱਕ ਅਪੜਣਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਤਾਂ ਇਸ ਦੇ ਫੈਲਣ ਦਾ ਫਾਇਦਾ ਤਾਂ ਹੀ ਏ ਜੇ ਇਹ ਸਭ ਲੋਕਾਂ ਦੇ ਦਿਲਾਂ ਵਿੱਚ ਪਿਆਰ ਜਗਾਵੇ।
***
ਸੰਜੀਵ ਝਾਂਜੀ, ਜਗਰਾਉਂ
ਮੋ: 8004910000

***
587
***

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →