23 May 2024

ਚਿੱਬੜ ਖਾਣ ਦੇ ਵੀ ਬਹੁਤ ਫਾਇਦੇ ਹਨ—ਸੰਜੀਵ ਝਾਂਜੀ, ਜਗਰਾਉਂ

ਆਮ ਦੇਖਿਆ ਗਿਆ ਹੈ ਕਿ ਵੱਡੇ ਨਾਮਵਰ ਤੇ ਕੱਦਵਾਰ ਲੋਕ ਲੋੜ ਪੈਣ ਤੇ ਘੱਟ ਹੀ ਕੰਮ ਆਉਂਦੇ ਹਨ। ਪਰ ਜਿਸ ਨੂੰ ਅਸੀਂ ਚੰਗਾ ਨਹੀਂ ਸਮਝਦੇ ਉਹ ਸਾਡੀ ਲੋੜ ਵੇਲੇ ਵੱਧ ਮਦਦ ਕਰ ਜਾਂਦਾ ਹੈ। ਇੰਞ ਲੱਗਦਾ ਹੈ ਕਿ ਇਹ ਕੁਦਰਤ ਦਾ ਨਿਯਮ ਹੀ ਹੈ। ਬਹੁਤ ਸਾਰੀਆਂ ਸਬਜ਼ੀਆਂ ਵੀ ਅਜਿਹੀਆਂ ਹੀ ਹਨ ਜਿਨਾਂ ਦਾ ਨਾਂ ਸੁਣਦੇ ਹੀ ਅਸੀਂ ਨੱਕ-ਬੁੱਲ੍ਹ ਮਾਰਨ ਲੱਗ ਜਾਂਦੇ ਹਾਂ। ਪਰ ਉਹ ਫਾਇਦੇਮੰਦ ਬਹੁਤ ਹੁੰਦੀਆਂ ਹਨ।

ਇਸੇ ਤਰਾਂ ਦਾ ਇਕ ਫ਼ਲ ਹੈ ਚਿੱਬੜ (ਅਸਲ ਚ ਚਿੱਭੜ) ਜਿਹੜਾ ਆਮ ਤੌਰ ਤੇ ਖੱਟਾ ਹੁੰਦਾ ਹੈ। ਇਸ ਨੂੰ ਬਦਨਾਮ ਕਰਨ ਲਈ ਕਈ ਅਖੌਤਾਂ ਵੀ ਪ੍ਰਚਲਤ ਹਨ ਜਿਵੇਂ ਆਪਣੀ ਸ਼ਕਲ ਦੇਖ ਕਿਵੇਂ ਚਿੱਬੜ ਵਰਗੀ ਬਣਾਈ ਐ, ਜਾਹ ਓਏ ਚਿੱਬੜਾ ਜਿਹਾ। ਪਰ ਇਹ ਗੁਣਾਂ ਨਾਲ ਮਾਲਾਮਾਲ ਹੁੰਦਾ ਹੈ। ਬਹੁਤ ਫਾਇਦੇਮੰਦ ਹੁੰਦਾ ਹੈ। ਸ਼ਕਲ ਸੂਰਤ ਤੋਂ ਇਹ ਮਤੀਰੇ ਵਰਗਾ ਪਰ ਕੱਦ-ਕਾਠ ਵਿੱਚ ਉਸਤੋਂ ਬਹੁਤ ਛੋਟਾ ਹੁੰਦਾ ਹੈ। ਮਤੀਰਾ ਖਾਣ ਵਿੱਚ ਮਿੱਠਾ ਪਰ ਇਹ ਖੱਟਾ ਹੁੰਦਾ ਹੈ। ਕੱਚਾ ਚਿੱਬੜ ਬਹੁਤ ਜਿਆਦਾ ਖੱਟਾ ਹੁੰਦਾ ਹੈ। ਛਿਲਕੇ ਤੋਂ ਇਹ ਮਤੀਰੇ ਵਰਗਾ, ਗੁੱਦੇ ਤੋਂ ਇਹ ਖੀਰੇ ਜਿਹਾ ਅਤੇ ਸਵਾਦ ਤੋਂ ਇਹ ਨਿੰਬੂ ਦਾ ਵੀ ਵੱਡਾ ਭਾਈ ਹੁੰਦਾ ਹੈ। ਇਸ ਵਿੱਚ ਤਿੰਨ ਫਲਾਂ ਦੇ ਗੁਣ ਪਾਏ ਜਾਂਦੇ ਹਨ। ਇਹ ਸਾਉਣੀ ਦੀਆਂ ਫਸਲਾਂ ਦੇ ਨਾਲ ਹੀ ਰੇਤੀਲੀ ਅਤੇ ਬੰਜਰ ਜ਼ਮੀਨ ਜਾਂ ਟਿੱਬਿਆਂ ਦੀਆਂ ਢਲਾਣਾਂ, ਕਪਾਹ-ਨਰਮੇ ਦੇ ਖੇਤਾਂ ਵਿੱਚ ਆਪਣੇ-ਆਪ ਕੁਦਰਤੀ ਤੋਰ ਤੇ ਉੱਗਣ ਵਾਲਾ ਫ਼ਲ ਹੈ। ਇਹ ਸਿਰਫ ਭਾਰਤ ‘ਚ ਹੀ ਨਹੀਂ ਸਗੋਂ ਪਾਕਿਸਤਾਨ, ਅਫਗਾਨਿਸਤਾਨ, ਅਫਰੀਕਾ, ਆਸਟ੍ਰੇਲੀਆ, ਇਰਾਨ ਆਦਿ ਦੇਸ਼ਾਂ ਵਿੱਚ ਵੀ ਪਾਇਆ ਜਾਂਦਾ ਹੈ। ਪਹਿਲਾਂ ਮੂੰਗੀ, ਮੋਠ, ਮਾਂਹ ਅਤੇ ਕਪਾਹ ਦੀਆਂ ਫ਼ਸਲਾਂ ਵਿੱਚ ਚਿਬੱੜਾਂ ਦੀਆਂ ਵੇਲਾਂ ਸੁਤੇ ਸਿੱਧ ਹੀ ਹੋ ਜਾਂਦੀਆਂ ਸਨ। ਜਦ ਸਾਉਣੀ ਦੀ ਫ਼ਸਲ ਵੱਢਦੇ ਸਨ ਤਾਂ ਵਾਢਿਆਂ (ਵਾਢੀ ਕਰਨ ਵਾਲੇ) ਨੂੰ ਚਿੱਬੜ ਆਮ ਮਿਲਦੇ ਜਾਂਦੇ ਸਨ।

ਇਹ ਗਰਮੀ ਰੁੱਤ ਦਾ ਮੇਵਾ ਹੈ। ਜਿਸ ਵਿੱਚ ਬਹੁਤ ਸਾਰੇ ਬੀਮਾਰੀਆਂ ਨਾਲ ਲੜਨ ਵਾਲੇ ਪੌਸ਼ਕ ਤੱਤ ਹੁੰਦੇ ਹਨ। ਇਸਦਾ ਵਿਗਿਆਨਿਕ ਨਾਂ ਮੇਲੋਥ੍ਰੀਆ ਸਕਾਬ੍ਰਾ ਹੈ। ਚਿੱਟੀ ਚਮੜੀ ਵਾਲੇ (ਅੰਗ੍ਰੇਜ਼) ਇਸ ਨੂੰ ਕੁਕਾਮੇਲਨ ਆਖਦੇ ਹਨ। ਇਹ ਕੱਦੂ ਜਾਤੀ ਨਾਲ ਸਬੰਧ ਰੱਖਦਾ ਹੈ। ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਹੋਣ ਕਾਰਨ ਇਸ ਨੂੰ ਤੰਦਰੁਸਤੀ ਵਾਲਾ ਭੋਜਨ (ਸੁਪਰਫੂਡ) ਕਿਹਾ ਜਾਂਦਾ ਹੈ। ਇਸ ਵਿੱਚ ਵਿਟਾਮਿਨ ਸੀ, ਈ, ਕੇ ਤੇ ਪੋਟਾਸ਼ੀਅਮ ਅਤੇ ਬਹੁਤ ਸਾਰਾ ਫਾਈਬਰ ਹੁੰਦਾ ਹੈ। ਮੈਗਨੀਸ਼ੀਅਮ, ਕੈਲਸ਼ੀਅਮ ਤੇ ਮੈਂਗਾਨੀਜ ਵੀ ਹੁੰਦਾ ਹੈ। ਇਸ ਵਿਚਲਾ ਵਿਟਾਮਿਨ ਸੀ ਲਹੂ ਦੇ ਚਿੱਟੇ ਕਣਾਂ ਨੂੰ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਵਿਟਾਮਿਨ ਕੇ ਲਹੂ ਦਾ ਥੱਕਾ ਜੰਮਣ ਤੋਂ ਬਚਾਉਣ, ਹੱਡੀਆਂ ਮਜਬੂਤ ਕਰਨ , ਅਤੇ ਹੱਡੀਆਂ ਭੁਰਨ ਵਰਗੀਆਂ ਬੀਮਾਰੀਆਂ ਦੇ ਇਲਾਜ਼ ਲਈ ਬਹੁਤ ਲਾਹੇਵੰਦ ਹੈ।

100 ਗਰਾਮ ਚਿੱਬੜਾਂ ਵਿੱਚ ਸਿਰਫ 2 ਮਿਲੀ ਗਰਾਮ ਸੋਡੀਅਮ ਤੇ 147 ਮਿਲੀ ਗਰਾਮ ਪੋਟਾਸ਼ੀਅਮ ਹੁੰਦਾ ਹੈ। ਬੀਜਾਂ ਵਿੱਚ ਅਨੇਕਾਂ ਮਿਨਰਲਜ਼ ਤੇ ਗੁੱਦੇ ਵਿੱਚ ਬੀਟਾ ਕੈਰੋਟੀਨ, ਜ਼ੀਕਸਾਂਥਿਨ ਅਤੇ ਢਾਹ-ਉਸਾਰੂ ਕਿਰਿਆਵਾਂ ਕਰਨ ਵਾਲੇ ਪੋਸ਼ਕ (ਬਾਇਓਫਲੇਵੋਨਾਇਡ) ਕਾਫੀ ਮਾਤਰਾ ਵਿੱਚ ਹੁੰਦੇ ਹਨ। ਜ਼ੀਕਸਾਂਥਿਨ ਨਜ਼ਰ ਅਤੇ ਅੱਖਾਂ ਦੀ ਤੰਦਰੁਸਤੀ ਲਈ ਜ਼ਰੂਰੀ ਹੁੰਦੇ ਹਨ। ਇਹ ਸੂਰਜ ਦੀ ਰੌਸ਼ਨੀ ਕਾਰਨ ਅਖਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਬਾਇਓਫਲੇਵੋਨਾਇਡ, ਗਠੀਏ ਦੇ ਇਲਾਜ ਅਤੇ ਉਸ ਕਾਰਨ ਹੋਣ ਵਾਲੀ ਜਲਨ ਤੋਂ ਬਚਾਉਂਦਾ ਹੈ। ਇਸ ਵਿੱਚ ਲਾਈਕੋਪੀਨ ਅਤੇ ਬੀਟਾ ਕੈਰੋਟੀਨ ਨਾਮ ਦੇ ਦੋ ਬਹੁਤ ਹੀ ਮਹੱਤਵਪੂਰਨ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਸਾਡੀ ਬਿਮਾਰੀਆਂ ਨਾਲ ਲੜ੍ਹਨ ਦੀ ਤਾਕਤ ਨੂੰ ਵਧਾਉਂਦਾ ਹੈ। ਲਾਗ (ਇੰਫੈਕਸ਼ਨ) ਤੋਂ ਵੀ ਬਚਣ ਵਿੱਚ ਮਦਦ ਕਰਦੇ ਹਨ। ਇਹ ਸਰੀਰ ਵਿੱਚ ਪਾਣੀ ਦੀ ਮਾਤਰਾ ਵਧਾ ਕੇ ਚਮੜੀ ਤੇ ਚੇਹਰੇ ਤੇ ਝੁਰੜੀਆਂ ਨਹੀਂ ਪੈਣ ਦਿੰਦਾ ਅਤੇ ਬੁਢਾਪੇ ਨੂੰ ਜਲਦੀ ਨਹੀਂ ਆਉਣ ਦਿੰਦਾ। ਇਸ ਵਿੱਚ 90 ਫੀਸਦੀ ਪਾਣੀ ਅਤੇ ਬਹੁਤ ਸਾਰਾ ਰੇਸ਼ਾ (ਫਾਈਬਰ) ਹੁੰਦਾ ਹੈ। ਜਿਸ ਕਾਰਨ ਇਹ ਸ਼ਰੀਰ ਵਿੱਚੋਂ ਬੇਲੋੜੇ ਅਤੇ ਜ਼ਹਿਰੀਲੇ ਪਦਾਰਥ ਪਸੀਨੇ ਤੇ ਪਿਸ਼ਾਬ ਰਾਹੀਂ ਬਾਹਰ ਕੱਢਣ ਵਿੱਚ ਸਹਾਈ ਹੁੰਦਾ ਹੈ। ਰੇਸ਼ੇਦਾਰ ਹੋਣ ਕਾਰਨ ਇਹ ਆਂਦਰਾ ਦੀ ਸਫਾਈ ਵੀ ਕਰਦਾ ਹੈ।

ਸੇਬ ਦੇ ਛਿਲਕੇ ਵਿੱਚ ਥੋੜ੍ਹੀ ਮਾਤਰਾ ਵਿੱਚ ਯੂਰਸੋਲਿਕ ਤੇਜ਼ਾਬ ਹੁੰਦਾ ਹੈ। ਜਿਸ ਕਾਰਨ ਸੇਬ ਕੈਂਸਰ ਤੋਂ ਬਚਾਉ ਕਰਦਾ ਹੈ ਅਤੇ ਫਾਲਤੂ ਦੀ ਚਰਬੀ ਨੂੰ ਖੋਰਦਾ ਹੈ। ਵਿਗਿਆਨਿਕ ਪੜ੍ਹਚੋਲਾਂ ਤੋਂ ਪਤਾ ਲੱਗਿਆ ਹੈ ਕਿ ਯੂਰਸੋਲਿਕ ਤੇਜ਼ਾਬ ਸਾਨੂੰ ਹਰਰੋਜ਼ 200 ਮਿਲੀਗ੍ਰਾਮ ਦੇ ਨੇੜੇ ਤੇੜੇ ਜਰੂਰ ਖਾਣਾ ਚਾਹੀਦਾ ਹੈ। ਇੱਕ ਛੋਟੇ ਚਿੱਬੜ ਵਿੱਚ ਹੀ ਇਹ 200 ਮਿਲੀਗ੍ਰਾਮ ਹੁੰਦਾ ਹੈ (ਇਨ੍ਹਾਂ ਦੋ ਕਿਲੋਗ੍ਰਾਮ ਸੇਬਾਂ ‘ਚ ਵੀ ਨਹੀ ਹੁੰਦਾ)। ਇਸ ਨਾਲ ਸ਼ਰੀਰ ਵਿੱਚ ਹਾਰਮੋਨਜ਼ ਦਾ ਰਿਸਾਓ ਸਹੀ ਹੁੰਦਾ ਅਤੇ ਰਹਿੰਦਾ ਹੈ। ਇਹ ਲਿਕੋਰੀਆ, ਕੈਂਸਰ, ਵਾਲਾਂ ਦਾ ਝੜਨਾ, ਚਿਹਰੇ ਦੇ ਕਿੱਲ ਦਾਗ ਆਦਿ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਚਿੱਬੜ ਪਾਚਣ ਤੰਤਰ ਨੂੰ ਵੀ ਮਜਬੂਤ ਬਣਾਉਂਦਾ ਹੈ।

ਇਹ ਖਾਧੇ ਗਏ ਭੋਜਨ ਵਿਚਲੀ ਖੰਡ (ਗੁਲੂਕੋਜ਼) ਨੂੰ ਪਚਾਉਣ ਵਿੱਚ ਵੀ ਸਾਡੇ ਪਾਚਨ ਤੰਤਰ ਦੀ ਸਹਾਇਤਾ ਕਰਦਾ ਹੈ। ਕਹਿੰਦੇ ਹਨ ਕਿ ਸ਼ੂਗਰ ਦੀ ਬੀਮਾਰੀ ਕਾਰਨ ਅੱਖ ਅਤੇ ਇਸਦੇ ਰੈਟੀਨਾ ਨੂੰ ਹੋਣ ਵਾਲੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।  

ਕਿਸੇ ਵੇਲੇ ਚਿੱਬੜ ਸਾਡੀ ਖੁਰਾਕ ਦਾ ਖਾਸ ਹਿੱਸਾ ਹੁੰਦਾ ਸੀ। ਲੋਕ ਚਟਨੀ ਅਤੇ ਸਬਜ਼ੀ ਦੇ ਰੂਪ ਵਿੱਚ ਇਸਦੀ ਵਰਤੋਂ ਆਮ ਕਰਦੇ ਸਨ ਪਰ ਸਮੇਂ ਦੇ ਨਾਲ ਨਾਲ ਇਹ ਆਪਣੇ ਆਪ ਉੱਗਣ ਵਾਲੀ ਵੇਲ ਹੁਣ ਲੋਪ (ਅਲੋਪ) ਹੋ ਗਈ ਹੈ। ਅਸੀਂ ਨਾਦੀਨ-ਨਾਸ਼ਕਾਂ ਦਾ ਛਿੜਕਾਉ ਕਰਕੇ ਇਸ ਨੂੰ ਵੀ ਖਤਮ ਕਰ ਦਿੱਤਾ ਹੈ। ਪਰ ਹੁਣ ਇਸ ਦੀ ਖੇਤੀ ਵੀ ਹੋਣ ਲੱਗ ਗਈ ਹੈ। ਲੋਕ ਇਸਦੇ ਸ਼ਾਨਦਾਰ ਗੁਣਾਂ ਪ੍ਰਤੀ ਜਾਗਰੂਕ ਹੋ ਰਹੇ ਹਨ। ਸ਼ਹਿਰਾਂ ਵਿੱਚ ਤਾਂ ਇਹ ਹੁਣ ਵਿਕਣ ਲਈ ਵੀ ਆਉਣ ਲੱਗ ਗਿਆ ਹੈ। ਤੰਦਰੁਸਤੀ ਦੇ ਲਈ ਆਓ ਇਸਦੀ ਕਦੇ ਕਦਾਈ ਵਰਤੋਂ ਕਰੀਏ। ਬਹੁਤੀ ਨਹੀਂ, ਬਸ ਥੋੜੀ ਜਿਹੀ। ਕਿਉਂਕਿ ਇਹ ਸੁਭਾਅ (ਤਸੀਰ) ਦਾ ਗਰਮ ਹੁੰਦਾ ਹੈ।
***
ਸੰਜੀਵ ਝਾਂਜੀ, ਜਗਰਾਉਂ
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1202
***

About the author

ਸੰਜੀਵ ਝਾਂਜੀ, ਜਗਰਾਉਂ     
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →