26 April 2024

ਦਸ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ (ਲੰਡਨ)

ਬੰਦਗੀ-ਨਵਾਂ ਆ ਰਿਹਾ ਗ਼ਜ਼ਲ ਸੰਗ੍ਰਹਿ

ਦੱਸ ਖ਼ੁਦਾ ਕਿਉਂ ਬਿਨ ਪੁੱਛੇ ਤੂੰ ਚੁੱਕੇ ਕੁਝ ਦਿਲਦਾਰੇ ਲੋਕ
(SSx7+SI)

1. ਗ਼ਜ਼ਲ

ਦੱਸ ਖ਼ੁਦਾ ਕਿਉਂ ਬਿਨ ਪੁੱਛੇ ਤੂੰ ਚੁੱਕੇ ਕੁਝ ਦਿਲਦਾਰੇ ਲੋਕ॥
ਕਹਿੰਦੇ ਸਨ ਜੋ ਸੁੰਦਰ ਗ਼ਜ਼ਲਾਂ ਨੀਲ ਗਗਨ ਦੇ ਤਾਰੇ ਲੋਕ॥

ਚੋਰ-ਉਚੱਕੇ ਤੂੂੰ ਨਾ ਚੁੱਕੇਂ ਚੁਕ ਲੈ ਜਾਨੈਂ ਲੋੜ ਜਿਨ੍ਹਾਂ ਦੀ,
ਜਦ ਦਿਲ ਕਰਦੈ ਚੁਕ ਲੈਨੈਂ ਤੂੰ ਸਾਡੇ ਪਿਆਰੇ-ਪਿਆਰੇ ਲੋਕ॥

ਕਿਸ ਕਿਸ ਦਾ ਮੈਂ ਨਾਂ ਬਤਲਾਵਾਂ ਤੈਨੂੰ ਯਾਦ ਕਰਾਵਾਂ ਰੱਬ,
ਲੈ ਜਾਨੈਂ ਵਿਦਵਾਨ ਗਿਆਨੀ ਪਾੜ੍ਹੇ ਸਾਹਿਤਕਾਰੇ ਲੋਕ॥

ਵੇਖ ਜਿਨ੍ਹਾਂ ਨੂੰ ਚਾਅ ਚੜ੍ਹਦਾ ਸੀ ਲੈਂਦੇ ਸਨ ਜੋ ਤਨ ਮਨ ਮੋਹ,
ਨੂਰ-ਇਲਾਹੀ ਜੋ ਵੰਡਦੇ ਸੀ ਖੋਹ ਲਏ ਤੂੰ ਉਜਿਆਰੇ ਲੋਕ॥

ਸੋਚ ਬੁਲੰਦਤ ਜੋ ਰਖਦੇ ਸਨ ਕੁਤਬ-ਮਿਨਾਰੀ ਸਨ ਵਿਦਵਾਨ,
ਉਹ ਵੀ ਬਾਜ਼ ਤੂੰ ਬਣ ਕੇ ਖੋਹੇ ਸਾਥੋਂ ਕੱਦ-ਉਚਿਆਰੇ ਲੋਕ॥

ਇਸ ਧਰਤੀ ‘ਤੇ ਲੋੜ ਜਿਨ੍ਹਾਂ ਦੀ ਉਹਨਾਂ ਨੂੰ ਨਾ ਚੁਕਿਆ ਕਰ ਤੂੰ,
ਕਿਉਂ ਜੋ ਸਾਨੂੰ ਲੋੜ ਉਨ੍ਹਾਂ ਦੀ ਹਨ ਜੋ ਅਦਬ-ਸਿਤਾਰੇ ਲੋਕ॥

ਛੱਡ ਧਿਆਨ ਸ਼ਰੀਫ਼ਾਂ ਉੱਤੋਂ ਕਰ ਕੁਝ ਹੋਰਾਂ ਵੱਲ ਧਿਆਨ,
ਚੁਕ ਲੈ ਜੇਕਰ ਤੂੰ ਚੁਕ ਸਕਦੈਂ ਨਿਤ ਜ਼ਾਲਮ ਹਤਿਆਰੇ ਲੋਕ॥

ਫਿਰ ਵੀ ਜੇਕਰ ਢਿੱਡ ਭਰੇ ਨਾ ਚੁਣ ਲੈ ਨਿਮਨਲਿਖਤ ‘ਚੋਂ ਹੋਰ,
ਚੁਕਣੇ ਹਨ ਤਾਂ ਚੁਕ ਲੈ ਰੱਬਾ ਚੋਰ-ਉਚੱਕੇ ਸਾਰੇ ਲੋਕ॥

‘ਗੁਰਸ਼ਰਨ ਅਜੀਬ’ ਕਰੇ ਅਰਜ਼ੋਈ ਸੁਣ ਲੈ ਹੁਣ ਤੂੰ ਰਾਂਝਣ ਯਾਰ,
ਜੀਣ ਦੇ ਸਭ ਨੂੰ ਅਪਣਾ ਜੀਵਨ, ਜੀਵਨ ਕਿਸਮਤ-ਮਾਰੇ  ਲੋਕ॥

‘ਗੁਰਸ਼ਰਨ’ ਤਾਂ ਲੋਚੇ ਕੇਵਲ ਰੱਬਾ ਸਭ ਦਾ ਭਲਾ ਤੇ ਮੁਫ਼ਤ ਇਲਾਜ,
ਹੋ ਜਾਵਣ ਸੁਖਿਆਰੇ ਸੱਭੇ ਮਰਨ ਵੀ ਨਾ ਦੁਖਿਆਰੇ ਲੋਕ॥
*
13.01.2022
**

ਅਸਾਂ ਤੇ ਉਮਰ ਭਰ ਖੱਟੇ ਖ਼ਸਾਰੇ ਹੀ ਖ਼ਸਾਰੇ ਨੇ
(ਮੁਫ਼ਾਈਲੁਨ x 4)  –     ਬਹਿਰ: ਹਜ਼ਜ

2. ਗ਼ਜ਼ਲ

ਅਸਾਂ ਤੇ ਉਮਰ ਭਰ ਖੱਟੇ ਖ਼ਸਾਰੇ ਹੀ ਖ਼ਸਾਰੇ ਨੇ॥
ਭਲਾਈ ਲੋਕਤਾ ਦੀ ਵਾਸਤੇ ਗੁੰਬਦ ਉਸਾਰੇ ਨੇ॥

ਜ਼ਰੂਰਤ ਪੈਣ ‘ਤੇ ਸਭ ਦੀ ਸਦਾ ਇਮਦਾਦ ਹੈ ਕੀਤੀ,
ਹਮੇਸ਼ਾ ਹੋਰਨਾਂ ਖ਼ਾਤਰ ਬੜੇ ਜਜ਼ਬਾਤ ਵਾਰੇ ਨੇ॥

ਕਰੋ ਨਾ ਬਾਤ ਬੀਤੇ ਦੀ ਤੇ ਅਜ ਵਿਚ ਲੀਨ ਹੋ ਜਾਵੋ,
ਹਯਾਤੀ ਦੇ ਸਫ਼ਰ ‘ਚੋਂ ਢੂੰਡਣੇ ਜੇਕਰ ਨਜ਼ਾਰੇ ਨੇ॥

ਤੇਰੀ ਉਲਫ਼ਤ ਕੁਰਾਨੀ ਹੈ ਤਿਰਾ ਜਲਵਾ ਨੁਰਾਨੀ ਹੈ,
ਤਿਰੀ ਹਰ ਛੋਹ ‘ਚੋਂ ਮਿਲਦੇ ਹੁਲਾਰੇ ਹੀ ਹੁਲਾਰੇ ਨੇ॥

ਨਹੀਂ ਮਿਲਦਾ ਕਿਤੇ ਵੀ ਚੈਨ ਬਿਨ ਖੋਜੇ ਰਤਾ ਖ਼ੁਦ ਨੂੰ,
ਬੜੇ ਗਾਹੇ ਅਸਾਂ ਮੰਦਰ ਮਸੀਤਾਂ ਗੁਰਦਵਾਰੇ ਨੇ॥

ਤਨਾਂ ਤੋਂ ਰਾਖ਼ ਹੈ ਬਣਦੀ ਤੇ ਰਾਖ਼ੋਂ ਉਪਜਦੈ ਮਾਨਵ,
ਵਿਧਾਤਾ ਦੇ ਅਜਬ ਕਾਨੂੰਨ ਤੇ ਕਾਇਦੇ ਨਿਆਰੇ ਨੇ॥

ਦਹਾਕੇ ਸਤ ਜਿਵੇਂ ਗੁਜ਼ਰੇ ਇਵੇਂ ਅਠਵਾਂ ਗੁਜ਼ਰ ਜਾਣਾ,
‘ਅਜੀਬਾ’ ਪਲ ਨੇ ਉਹ ਚੰਗੇ ਜੋ ਕਹਿ ਗ਼ਜ਼ਲਾਂ ਗੁਜ਼ਾਰੇ ਨੇ॥
**

ਚੋਰ ਉਚੱਕੇ ਸ਼ਾਮਲ ਸੱਭ ਸਿਆਸਤ ਵਿਚ॥
(SSx5+S)

3. ਗ਼ਜ਼ਲ

ਚੋਰ ਉਚੱਕੇ ਸ਼ਾਮਲ ਸੱਭ ਸਿਆਸਤ ਵਿਚ॥
ਸੱਭੇ ਆਉਂਦੇ ਬਣ ਕੇ ਰੱਬ ਸਿਆਸਤ ਵਿਚ॥

ਇਕ ਦੂਜੇ ਨੂੰ ਨਿੰਦਣ ਨਾਲੇ ਪੜਚੋਲਣ,
ਸਾਰੇ ਹੋਣ ਜਿਵੇਂ ਦੁਰਲੱਭ ਸਿਆਸਤ ਵਿਚ॥

ਕਹਿੰਦੇ ਕੁਝ ਤੇ ਕਰਦੇ ਸਭ ਕੁਝ ਹੋਰ ਹੀ ਨੇ,
ਰਾਤ ਦਿਨੇ ਪਰ ਜਪਣ ਪਰੱਭ ਸਿਆਸਤ ਵਿਚ॥

ਬੰਦੇ ਕਤਲ ਕਰਾਉਣੇ ਕੰਮ ਹੈ ਇਹਨਾਂ ਦਾ,
ਹਨ ਜ਼ਾਲਮ ਸੱਭ ਦੇ ਸੱਭ ਸਿਆਸਤ ਵਿਚ॥

ਪੱਤੇਬਾਜ਼ ਤੇ ਪੈਂਤੜਬਾਜ਼ ਨੇ ਸਾਰੇ ਹੀ,
ਇਹਨਾਂ ਲਈ ਇਹ ਯੱਬ੍ਹ ਨਾ ਸ਼ੱਬ੍ਹ ਸਿਆਸਤ ਵਿਚ॥

ਨੇਕ ਸਿਆਸਤਦਾਨ ਨੇ ਮਿਲਦੇ ਘਟ ਵਧ ਹੀ,
ਮਾੜੇ ਨੂੰ ਝੱਟ ਲੈਂਦੇ ਦੱਬ ਸਿਆਸਤ ਵਿਚ॥

ਬੇਵਾਕੂਫ਼ ਬਣਾਵਣ ਨੇਤਾ ਲੋਕਾਂ ਨੂੰ,
ਲੈਣ ਇਹ ਨੁਕਤੇ ਲੱਭ ‘ਅਜੀਬ’ ਸਿਆਸਤ ਵਿਚ॥

ਤੇਰਾ ਕੰਮ ‘ਅਜੀਬ’ ਹੈ ਰਚਨੀ ਨਿੱਤ ਗ਼ਜ਼ਲ,
ਤੇਰੇ ਲਈ ਹੈ ਆਉਣਾ ਯੱਬ ਸਿਆਸਤ ਵਿਚ॥
**
12.01.2022
**

ਪਾਣੀ ! ਹੈਂ ਬੇਰੰਗਾ !! ਫਿਰ ਵੀ ਤੇਰੇ ਰੰਗ ਨਿਆਰੇ
(SSx7)

4. ਗ਼ਜ਼ਲ

ਪਾਣੀ!  ਹੈਂ ਬੇਰੰਗਾ !! ਫਿਰ ਵੀ ਤੇਰੇ ਰੰਗ ਨਿਆਰੇ॥
ਨਦੀਆਂ ਨਾਲ਼ੇ ਦਰਿਆ ਤੇਰੇ ਉਜਿਆਰੇ ਉਜਿਆਰੇ॥

ਘੁਲ ਮਿਲ ਜਾਵੇ ਜਿਸ ਵਿਚ ਪਾਣੀ ਵੈਸਾ ਹੀ ਹੋ ਜਾਂਦੈ,
ਰੰਗ ਬਰੰਗਾ ਜੀਵਨ ਇਸ ਦਾ ਲੈਂਦੈ ਖ਼ੂਬ ਹੁਲਾਰੇ॥

ਉਤਰੋਂ ਉਤਰੇਂ ਨੀਚੇ ਆ ਕੇ ਸਭ ਦੀ ਪਿਆਸ ਬੁਝਾਵੇਂ,
ਕੀ ਬੰਦਾ ਕੀ ਧਰਤੀ ਤੈਨੂੰ ਆਵਾਜ਼ਾਂ ਨਿਤ ਮਾਰੇ॥

ਤੇਰੇ ਨਾਮ ਸਮੁੰਦਰ ਬਾਰਿਸ਼ ਝਰਨੇ ਨਦੀਆਂ ਨਾਲ਼ੇ,
ਬੂੰਦ-ਬੂੰਦ ਹਰ ਤੇਰੀ ਵਿੱਚੋਂ ਸੂਰਜ ਲਿਸ਼ਕਾਂ ਮਾਰੇ॥

ਹਰ ਇਕ ਵਨਸਪਤੀ ਵਿਚ ਤੇਰਾ ਵਾਸ ਖ਼ੁਦਾ ਨੇ ਕੀਤੈ,
ਬਿਨ ਤੇਰੇ ਹਰ ਸ਼ੈਅ ਫਲੇ ਨਾ ਫੁੱਲੇ ਨੀਰ-ਪਿਆਰੇ॥

ਸ਼ਬਨਮ ਦੇ ਜਦ ਰੂਪ ‘ਚ ਆਉਨੈਂ ਠੰਡਕ ਹੀ ਵਰਤਾਨੈਂ,
ਬਣ ਕੇ ਮੋਤੀ ਫੁਲ ਪੱਤੀਆਂ ‘ਤੇ ਚਮਕੇਂ ਵਾਂਗ ਸਿਤਾਰੇ॥

ਨੈਣੋਂ ਨੀਰ ਵਹਾਏ ਜਦ ਕੋਈ ਦਿਲ ਵੀ ਉਸਦਾ ਘਟਦੈ,
ਗ਼ਮ ਦੇ ਬੱਦਲ ਛਾਵਣ ਉਸ ਸਿਰ ਰੱਬ ਦਾ ਨਾਮ ਪੁਕਾਰੇ॥

ਯਾਰ ‘ਅਜੀਬ’ ਗ਼ਜ਼ਲ ਤੇਰੀ ਵਿਚ ਬਾਰਸ਼ ਵਰਸੇ ਗ਼ਜ਼ਲੀ,
ਹਰ ਇਕ ਮਿਸਰਾ ਮੂੰਹੋਂ ਬੋਲੇ ਬੋਲ ਤਿਰੇ ਉਜਿਆਰੇ॥
**

ਕਿੰਨੇ ਸੁਹਣੇ ਦਿਨ ਹੁੰਦੇ ਸਨ ਰਲਮਿਲ ਸਾਰੇ ਬਹਿੰਦੇ ਸਾਂ।
(SSx7+S)

5. ਗ਼ਜ਼ਲ

ਕਿੰਨੇ ਸੁਹਣੇ ਦਿਨ ਹੁੰਦੇ ਸਨ ਰਲਮਿਲ ਸਾਰੇ ਬਹਿੰਦੇ ਸਾਂ।
ਇਕ ਦੂਜੇ ਦੀ ਸੁਣਦੇ ਸਾਂ ਕੁਝ ਇਕ ਦੂਜੇ ਨੂੰ ਕਹਿੰਦੇ ਸਾਂ।

ਏਸ ਪਦਾਰਥਵਾਦੀ ਯੁਗ ਨੇ ਲੋਕ ਇਹ ਸਾਰੇ ਵੰਡ ਦਿੱਤੇ,
ਨਹੀਂ ਤਾਂ ਸਾਰੇ ਇੱਕ ਦੁਏ ਦੇ ਵਿੱਚ ਦਿਲਾਂ ਦੇ ਰਹਿੰਦੇ ਸਾਂ॥

ਨਾ ਕੋਈ ਸਿੱਖ ਇਸਾਈ ਹਿੰਦੂ ਨਾ ਹੀ ਮੁਸਲਮ ਹੁੰਦਾ ਸੀ,
ਜ਼ਾਤਾਂ-ਪਾਤਾਂ ਭੁੱਲ  ਭੁਲਾ ਕੇ ਵਾਂਗ ਭਰਾਵਾਂ ਰਹਿੰਦੇ ਸਾਂ।

ਦਿਲ ਦੇ ਪਾਕ ਪਵਿੱਤਰ ਮਨ ਦੇ ਉੱਜਲੇ ਲੋਕੀਂ ਹੁੰਦੇ ਸਨ,
ਇੱਕ ਦੁਏ  ਦੇ ਦੁੱਖ-ਸੁਖ ਵੰਡਦੇ ਗ਼ੁੱਸੇ-ਸ਼ਿਕਵੇ ਸਹਿੰਦੇ ਸਾਂ।

ਨਾ ਕੋਈ ਵੈਰ ਵਿਰੋਧ ਸੀ ਹੁੰਦਾ ਨਾ ਕੋਈ ਝਗੜਾ ਵਗੜਾ ਹੀ,
ਉੱਚੀ ਨੀਵੀਂ ਜੇ ਸੀ ਹੁੰਦੀ  ਬਹਿ ਕੇ ਤਹਿ ਕਰ ਲੈਂਦੇ ਸਾਂ।

ਨਾ ਕੋਈ ਸੱਚਾ ਪਿਆਰ ਹੈ ਕਰਦਾ ਨਾ ਹੀ ਤਰਦੈ ਕੱਚਿਆਂ ‘ਤੇ,
ਵਹਿਣ ਝਨਾਵੀਂ ਲੋਕ ਨਾ ਅਜਕਲ਼ ਜਿੱਦਾਂ ਅਕਸਰ ਵਹਿੰਦੇ ਸਾਂ।

ਕਾਸ਼ ਕਿ ਉਹ ਦਿਨ ਮੁੜ ਆ ਜਾਵਣ ਦੁਨੀਆ ਓਹੋ ਬਣ ਜਾਵੇ,
ਪਹਿਲਾਂ ਵਾਂਗ ‘ਅਜੀਬਾ’ ਜਿੱਦਾਂ ਸਾਰੇ ਕੱਠੇ ਰਹਿੰਦੇ ਸਾਂ।
**

ਸੂਰਤ ਸੀਰਤ ਦੀ ਪਟਰਾਣੀ!
(SSx4)

6. ਗ਼ਜ਼ਲ

ਸੂਰਤ ਸੀਰਤ ਦੀ ਪਟਰਾਣੀ॥
ਮੇਰੀ ਬੇਗਮ ਸੁਘੜ ਸਿਆਣੀ॥

ਇਸ ਨੂੰ ਦਿੱਤੈ ਰੱਬ ਨੇ ਜੋਬਨ,
ਹੁਸਨ ਦੀ ਮਲਕਾ ਰੂਪ ਦੀ ਰਾਣੀ॥

ਰੂਪ ਅਲੌਕਿਕ ਸੁੰਦਰ ਇਸ ਦਾ,
ਗ਼ਜ਼ਲਾਂ ਦੀ ਇਹ ਪਰੇਮ ਕਹਾਣੀ॥

ਫੁਲ ਕੇਰੇ ਜਦ ਮੂੰਹੋਂ ਬੋਲੇ,
ਮਿੱਠੀ ਵਾਂਗ ਸੁਰੀਲੀ ਬਾਣੀ॥

ਹੱਕ ਕਿਸੇ ਦਾ ਮਾਰੇ ਤਕ ਨਾ,
ਵੰਡ ਕਰੇ ਨਾ ਬਿਲਕੁਲ ਕਾਣੀ॥

ਗੱਲ ਕਰੇ ਤਾਂ ਕਰਦੀ ਸੱਚੀ,ì
ਕਰਦੀ ਦੁਧ ਦਾ ਦੁਧ ਤੇ ਪਾਣੀ॥

ਘੁੰਮੇਂ ਵਾਂਗ ਭੰਬੀਰੀ ਘਰ ਵਿਚ,
ਜਿੱਦਾਂ ਚਾਟੀ ਵਿੱਚ ਮਧਾਣੀ॥

ਨਿੱਤ ਲਜ਼ੀਜ਼ ਪਕਾਵੇ ਖਾਣੇ,
ਕਿਚਨ-ਕੁਈਨ ਹੈ ਕੁੱਕ ਸਿਆਣੀ॥॥

ਤੜਕੇ ਤੜਕੇ ਉਠ ਪੈਂਦੀ ਏ,
ਸੌਂਵੇਂ ਨਾ ਇਹ ਚਾਦਰ ਤਾਣੀ॥

ਹਿੱਕ ਦੇ ਜ਼ੋਰ ‘ਤੇ ਕੰਮ ਕਰਾਵੇ,
ਠਾਣੇਦਾਰ ਜਿਹੀ ਸਖ਼ਤਾਣੀ॥

ਹੱਥ-ਲਕੀਰਾਂ ਚਿਹਰੇ ਪੜ੍ਹਦੀ,
ਮਥੁਰਾ ਦੀ ਜਿਉਂ ਕੋਈ ਪੰਡਤਾਣੀ॥

ਮਸਰੂਫ਼ ਰਹੇ ‘ਗੁਰਸ਼ਰਨ’ ਸਦਾ ਹੀ,
ਮਾਲਕ ਘਰ ਦੀ ਮਸਤ  ਸੁਆਣੀ॥

‘ਗੁਰਸ਼ਰਨ ਸਿੰਹਾਂ’ ਕਰ ਸਜਦੇ ਇਸ ਨੂੰ,
ਲਭਣਾ ਨਾ ਇਸ ਵਰਗਾ ਹਾਣੀ॥
*
21.12.2021
**
ਮਾਰਿਆ ਤੇਰੀਆਂ ਅਦਾਵਾਂ ਤਿਰਛੀਆਂ ਨੇ ਮਾਰਿਆ॥
(SISSx3+SIS)

7. ਗ਼ਜ਼ਲ

ਮਾਰਿਆ ਤੇਰੀਆਂ ਅਦਾਵਾਂ ਤਿਰਛੀਆਂ ਨੇ ਮਾਰਿਆ॥
ਸਾਂਵਲੇ ਮੁਖੜੇ  ‘ਤੇ  ਜ਼ੁਲ਼ਫ਼ਾਂ ਬਿਖ਼ਰੀਆਂ ਨੇ ਮਾਰਿਆ॥

ਸਾਦਗੀ    ਤੇਰੀ   ‘ਚੋਂ   ਤੇਰਾ  ਰੂਪ   ਠਾਠਾਂ   ਮਾਰਦੈ,
ਮਾਰਿਆ   ਸਾਨੂੰ   ਮੁਹਬਤਾਂ  ਤੇਰੀਆਂ  ਨੇ  ਮਾਰਿਆ॥

ਰੂਪ ਤੇਰੇ ਦਾ ਜੋ ਜਲਵਾ  ਕਹਿਰ  ਢਾਉਂਦਾ  ਹੈ  ਸਨਮ,
ਤੇਰੀਆਂ   ਜਾਦੂਗਰੀ   ਦੋ  ਅੱਖੀਆਂ   ਨੇ  ਮਾਰਿਆ॥

ਵੇਖ  ਕੇ  ਤੈਨੂੰ  ਨਸ਼ਾ  ਚੜ੍ਹ  ਜਾਂਵਦੈ  ਬਿਨ  ਪੀਤਿਆਂ,
ਨੂਰ ਮੁਖੜੇ ਦੇ ਤਿਰੇ  ਮੁਖ-ਮਸਤੀਆਂ  ਨੇ  ਮਾਰਿਆ॥

ਰਾਤ ਦਿਨ ਸੁਬਹਾ  ਸਵੇਰੇ  ਨਾਮ  ਤੇਰਾ  ਜਪ  ਰਿਹਾਂ,
ਮੁਖ ਤਿਰੇ ਸੁੰਦਰ  ਗੁਲਾਬੀ  ਬੁੱਲ੍ਹੀਆਂ  ਨੇ ਮਾਰਿਆ॥

ਹਰ ਅਦਾ ਕਾਤਿਲ ਤਿਰੀ ਹਰ ਬੋਲ ਮਿਸ਼ਰੀ ਦੀ ਡਲ਼ੀ,
ਤੂੰ  ਤਿਰੇ  ਤੇਵਰ  ਨਿਗਾਹਾਂ  ਤਿੱਖੀਆਂ  ਨੇ  ਮਾਰਿਆ॥

ਭਰਦੇ  ਰਹੇ  ਹਾਂ  ਉਮਰ ਭਰ ਪਾਣੀ ਤਿਰਾ ਮੇਰੇ ਸਨਮ,
ਤੇਰਿਆਂ ਹੁਕਮਾਂ ਚਲਾਈਆਂ ਬਰਛੀਆਂ ਨੇ ਮਾਰਿਆ॥

ਦਿਲ ਕਰੇ  ‘ਗੁਰਸ਼ਰਨ’  ਆਪਾ ਵਾਰ ਦਾਂ  ਤੈਥੋਂ ਸਨਮ,
ਤੇਰੀਆਂ   ਹਿਰਨੀਂ-ਸ਼ਰਾਬੀ  ਅੱਖੀਆਂ  ਨੇ  ਮਾਰਿਆ॥

ਰਬ ਕਰੇ ‘ਗੁਰਸ਼ਰਨ’  ਕਿਧਰੇ ਲਗ  ਨਾ ਜਾਵੇ ਨਜ਼ਰ,
ਮੁੱਖੜੇ  ਤੇਰੇ  ਤੇ ਉਹਦੀਆਂ  ਲਾਲੀਆਂ  ਨੇ  ਮਾਰਿਆ॥
**
04.07.2021
**
ਤਨ ਮਨ ਘੋਰ ਉਦਾਸ! ਕਿ ਦੱਸੋ ਕੀ ਕਰੀਏ
(SSx5+S)

8. ਗ਼ਜ਼ਲ

ਤਨ ਮਨ ਘੋਰ ਉਦਾਸ! ਕਿ ਦੱਸੋ ਕੀ ਕਰੀਏ?
ਆਮ ਮਿਲੇ ਨਾ ਖ਼ਾਸ! ਦੱਸੋ ਕੀ ਕਰੀਏ?

ਘੁੱਟ-ਘੁੱਟ ਕੇ ਸਾਹ ਜੀਣਾ ਅਜ ਕਲ ਪੈਂਦਾ ਹੈ,
ਘੁੱਟੇ ਰਹਿਣ ਸਵਾਸ! ਕਿ ਦੱਸੋ ਕੀ ਕਰੀਏ?

ਧਰਤ ਪਰਾਈ ਦੇਸ ਬਿਗਾਨੇ ਤਾੜੇ ਹਾਂ,
ਉੁੱਡੇ ਹੋਸ਼ ਹਵਾਸ! ਕਿ ਦੱਸੋ ਕੀ ਕਰੀਏ?

ਮਾਰ ਕਰੋਨੇ ਮਾਰੀ ਉਠਣਾ ਮੁਸ਼ਕਲ ਹੈ,
ਜੀਂਦੇ ਹਾਂ ਬਿਨ ਆਸ! ਕਿ ਦੱਸੋ ਕੀ ਕਰੀਏ?

ਮਿਲਣ ਨਾ ਆਵੇ ਸ਼ਖ਼ਸ ਕੁਈ ਨਾ ਲੈਣ ਖ਼ਬਰ,
ਨਾ ਮਿਲਦੈ ਧਰਵਾਸ! ਕਿ ਦੱਸੋ ਕੀ ਕਰੀਏ?

ਭੁੱਲ ਭੁਲਾ ਕੇ ਇਕ ਦੂਜੇ ਨੂੰ ਬੈਠੇ ਹਾਂ,
ਕਰ ਨਹੂੰਓਂ ਵੱਖ ਮਾਸ! ਕਿ ਦੱਸੋ ਕੀ ਕਰੀਏ?

ਖੋਇਆ ਸਭਿਆਚਾਰ ਤੇ ਖੋਏ ਬੱਚੇ ਵੀ,
ਕਟ ਉਮਰੀ-ਬਨਵਾਸ! ਕਿ ਦੱਸੋ ਕੀ ਕਰੀਏ?

ਬੁਝਿਆ-ਬੁਝਿਆ ਤਨ ਮਨ ਅਜ ਕਲ ਰਹਿੰਦਾ ਹੈ,
ਹੈ ਜੀਵਨ ਵਿੱਚ ਖੱਟਾਸ! ਕਿ ਦੱਸੋ ਕੀ ਕਰੀਏ?

ਆਖ ‘ਅਜੀਬ’ ਗ਼ਜ਼ਲ ਇਕ ਉਮਦਾ ਆਵੇ ਚੈਨ,
ਤਨ ਤਨ ਦਾ ਖਾਂਦੈ ਮਾਸ! ਕਿ ਦੱਸੋ ਕੀ ਕਰੀਏ?
**
29.01.2022
**
ਸ਼ਬਦਾਂ ਦਾ ਹੈ ਕਸੀਦਾ ਤੇਰੀ ਗ਼ਜ਼ਲ ‘ਅਜੀਬਾ’
(SSI+SISSx2)

9. ਗ਼ਜ਼ਲ

ਸ਼ਬਦਾਂ ਦਾ ਹੈ ਕਸੀਦਾ ਤੇਰੀ ਗ਼ਜ਼ਲ ‘ਅਜੀਬਾ’॥
ਸੁੰਦਰ ਸਰੂਪ ਬੀਬਾ ਤੇਰੀ ਗ਼ਜ਼ਲ ‘ਅਜੀਬਾ’॥
.
ਰਹਿ ਕੇ ਅਰੂਜ਼ ਦੇ ਵਿਚ ਰਚਦੀ ਅਮੋਲ ਨਗ਼ਮੇ,
ਸੁਥਰੀ! ਵੀ ਹੈ ਸੰਜੀਦਾ ਤੇਰੀ ਗ਼ਜ਼ਲ ‘ਅਜੀਬਾ’॥

ਜੁੱਗਾਂ ਤੋਂ ਕਰ ਰਹੀ ਜੋ ਪੂਜਾ ਕਵੀਸ਼ਰੀ ਦੀ,
ਮਿਹਨਤ ਦਾ ਹੈੈ ਨਤੀਜਾ ਤੇਰੀ ਗ਼ਜ਼ਲ ‘ਅਜੀਬਾ’॥

ਮਹਿਕਾਂ ਖਿਲਾਰਦੀ ਨਿਤ ਪੈਲ਼ਾਂ ਹਮੇਸ਼ ਪਾਉਂਦੀ,
ਕੱਚੀ ਨਾ ਹੈ ਪਚੀਦਾ ਤੇਰੀ ਗ਼ਜ਼ਲ ‘ਅਜੀਬਾ’॥

ਮਿੱਤਰ ਅਜ਼ੀਮ ਸਾਰੇ ਪੜ੍ਹਦੇ ਤੇ ਸੁਣਦੇ ਇਸ ਨੂੰ,
ਰਖਦੀ ਗ਼ਜ਼ਬ ਅਕੀਦਾ ਤੇਰੀ ਗ਼ਜ਼ਲ ‘ਅਜੀਬਾ’॥

ਪੱਟੜੀ ਅਰੂਜ਼ ਦੀ ਇਹ ਜੰਕਸ਼ਨ ਤਖ਼ੱਈਅਲ਼ਾਂ ਦਾ,
ਨਾ ਰੂਪ ਕੋਈ ਤੀਜਾ ਤੇਰੀ ਗ਼ਜ਼ਲ ‘ਅਜੀਬਾ’॥

‘ਗੁਰਸ਼ਰਨ’ ਸੰਗ ਇਸ ਦੇ ਤੈਨੂੰ ਮੁਹੱਬਤ ਸੱਚੀ,
ਹੈ ਗੁਲਬਦਨ ਹਬੀਬਾ ਤੇਰੀ ਗ਼ਜ਼ਲ ‘ਅਜੀਬਾ’॥
**

ਦਿਲ ਕਰਦਾ ਏ ਆ ਜਾ ਸਜਨਾ!
(SSx4).      ਜ਼ੰਜੀਰਦਾਰ
10. ਗ਼ਜ਼ਲ

ਦਿਲ ਕਰਦਾ ਏ ਆ ਜਾ ਸਜਨਾ!
ਠੰਡ ਕਲੇਜੇ ਪਾ ਜਾ ਸਜਨਾ!

ਠੰਡ ਕਲੇਜੇ ਪਾ ਜਾ ਸਜਨਾ!
ਮੇਰਾ ਦਿਲ ਭਰਮਾ ਜਾ ਸਜਨਾ!

ਮੇਰਾ ਦਿਲ ਭਰਮਾ ਜਾ ਸਜਨਾ!
ਅਪਣਾ ਮਨ ਪਰਚਾ ਜਾ ਸਜਨਾ!

ਅਪਣਾ ਮਨ ਪਰਚਾ ਜਾ ਸਜਨਾ!
ਸਾਵਨ ਰੁੱਤ ਮਨਾ ਜਾ ਸਜਨਾ!

ਸਾਵਨ ਰੁੱਤ ਮਨਾ ਜਾ ਸਜਨਾ!
ਰੁਠੜਾ ਯਾਰ ਮਨਾ ਜਾ ਸਜਨਾ!

ਰੁਠੜਾ ਯਾਰ ਮਨਾ ਜਾ ਸਜਨਾ!
ਸ਼ਿਕਵੇ ਸੱਭ ਮੁਕਾ ਜਾ ਸਜਨਾ!

ਸ਼ਿਕਵੇ ਸੱਭ ਮੁਕਾ ਜਾ ਸਜਨਾ!
ਜੋ ਦਿਲ ਵਿੱਚ ਬਤਾ ਜਾ ਸਜਨਾ!

ਜੋ ਦਿਲ ਵਿੱਚ ਬਤਾ ਜਾ ਸਜਨਾ!
ਮਿਲ ਜਾ ਮੇਲ ਕਰਾ ਜਾ ਸਜਨਾ!

ਮਿਲ ਜਾ ਮੇਲ ਕਰਾ ਜਾ ਸਜਨਾ!
ਅਪਣਾ ਆਪ ਵਿਖਾ ਜਾ ਸਜਨਾ!

ਅਪਣਾ ਆਪ ਵਿਖਾ ਜਾ ਸਜਨਾ!
ਦਿਲ ਮੇਰਾ ਬਹਿਲਾ ਜਾ ਸਜਨਾ!

ਦਿਲ ਮੇਰਾ ਬਹਿਲਾ ਜਾ ਸਜਨਾ!
ਵੇਖ ‘ਅਜੀਬ’ ਵਿਖਾ ਜਾ ਸਜਨਾ!

***
572
***

 

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →