ਸਾਇੰਸ ਇੱਕ ਅਜਿਹਾ ਵਿਸਾ ਹੈ, ਜਿਹੜਾ ਬੇਹੱਦ ਵਿਸ਼ਾਲ ਹੈ। ਇਸ ਬਾਰੇ ਜਾਣਨ ਦੀ ਸਭ ਦੀ ਹਮੇਸ਼ਾ ਤੋਂ ਹੀ ਇੱਛਾ ਰਹੀ ਹੈ। ਇਸ ਵਿੱਚ ਚੰਨ, ਤਾਰੇ, ਗ੍ਰਹਿ ਆਦਿ ਜਿਨ੍ਹਾਂ ਨੂੰ ਸਮੁੱਚੇ ਤੋਰ ’ਤੇ ਅਸੀਂ ਪੁਲਾੜ ਆਖਦੇ ਹਾਂ, ਉਸ ਨੂੰ ਅਤੇ ਉਸ ਬਾਰੇ ਜਾਣਨ ਦੀ ਤਾਂਘ ਹਮੇਸ਼ਾ ਤੋਂ ਹੀ ਰਹੀ ਹੈ। ਪੁਲਾੜ ਵਿੱਚ ਕੀ-ਕੀ ਹੈ, ਕਿੱਥੇ-ਕਿੱਥੇ ਹੈ, ਇਹ ਸਦਾ ਸਾਨੂੰ ਉੱਤਰ ਲੱਭਣ ਲਈ ਉਕਸਾਉਦਾ ਰਹਿੰਦਾ ਹੈ। ਸ਼ਾਇਦ ਇਸੇ ਲਈ ਅਸੀਂ ਏਲੀਅੰਜ਼ ਦਾ ਖੁਰਾਖੋਜ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਸੀਂ ਹਮੇਸਾ ਤੋਂ ਹੀ ਧਰਤੀ ਤੋਂ ਬਾਹਰੀ ਦੁਨੀਆਂ ਦੀਆਂ ਖ਼ਬਰਾਂ ਤੋਂ ਮੋਹਿਤ ਹੁੰਦੇ ਰਹਿੰਦੇ ਹਾਂ। ਜਦੋਂ ਸਾਇੰਸ ਦੀ ਪੜ੍ਹਾਈ ਸ਼ੁਰੂ ਕੀਤੀ, ਉਸ ਵੇਲੇ ਅਧਿਆਪਕਾਂ ਵਲੋਂ ਸਮਝਾਇਆ ਜਾਂਦਾ ਸੀ ਕਿ ਸਾਡੇ ਸੂਰਜੀ ਪਰਿਵਾਰ ਵਿੱਚ ਸੂਰਜ ਅਤੇ ਨੌਂ ਗ੍ਰਹਿ ਹਨ। ਫਿਰ ਕਹਿੰਦੇ ਪਲੂਟੋ ਵਿਚਾਰਾ ਗ੍ਰਹਿ ਨਹੀਂ ਰਿਹਾ, ਉਹ ਬੌਣੇ ਗ੍ਰਹਿ ਦੀ ਵਿਗਿਆਨੀਆਂ ਵਲੋਂ ਘੜੀ ਪਰਿਭਾਸ਼ਾ ਵਿੱਚ ਹੀ ਸਹੀ ਬੈਠਦਾ ਹੈ। ਇਸ ਤਰ੍ਹਾਂ ਸੂਰਜ ਦੇ ਗ੍ਰਹਿ ਅੱਠ ਹੀ ਰਹਿ ਗਏ। ਇਹ ਗ੍ਰਹਿ ਅੱਠ ਹੀ ਹਨ ਜਾਂ ਹੋਰ ਵੀ ਹਨ? ਸੂਰਜੀ ਪਰਿਵਾਰ ਇੱਕ ਹੀ ਹੈ ਜਾਂ ਹੋਰ ਵੀ ਹਨ? ਧਰਤੀ ਇੱਕੋ ਹੀ ਹੈ, ਜਿੱਥੇ ਜੱਗ ਜਿਓਂਦਿਆਂ ਦੇ ਮੇਲੇ ਲੱਗਦੇ ਹਨ ਜਾਂ ਹੋਰ ਧਰਤੀਆਂ ਵੀ ਹਨ ਜਿੱਥੇ ਇਨਸਾਨ ਜਾਂ ਇਨਸਾਨਾਂ ਵਰਗੇ ਤਿਕੜਮਾਂ ਲੜਾਉਦੇ ਹਨ? ਇਹੋ ਜਿਹੇ ਕਈ ਸਵਾਲ ਮੇਰੇ ਜ਼ਹਿਨ ਵਿੱਚ ਮੁੱਦਤਾਂ ਤੋਂ ਅਵਾਰਾਗਰਦੀ ਕਰਦੇ ਰਹੇ ਹਨ। ਤੁਹਾਡੇ ਦਿਮਾਗ ’ਚ ਵੀ ਇਹ ਚੱਕਰ ਲਗਾਉਦੇ ਰਹਿੰਦੇ ਹੋਣਗੇ? ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਚੰਦਰਮਾਂ ਦੀ ਧਰਤੀ ਤੇ ਪੈਰ ਤਾਂ ਮਨੁੱਖ ਚਿਰਾਂ ਪਹਿਲਾਂ ਤੋਂ ਹੀ ਰੱਖ ਆਇਆ ਹੈ। ਕਈ ਬਣਾਉਟੀ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਛੱਡਣਾ, ਮੰਗਲ ਅਭਿਆਨ ਉਸ ਲੜੀ ਦੇ ਹੀ ਹਿੱਸੇ ਹਨ, ਜਿਸ ਰਾਹੀਂ ਪੁਲਾੜ ਵਿੱਚ ਮਨੁੱਖੀ ਏਲੀਅਜ਼ ਦੀ ਭਾਲ ਜ਼ਾਰੀ ਹੈ। ਦੁਨੀਆਂ ਵਿੱਚ ਹਰ ਰੋਜ ਨਵੀਆਂ ਖੋਜਾਂ ਹੋ ਰਹੀਆਂ ਹਨ। ਜੀਵਨ ਦੀ ਖੋਜ ਕਰ ਰਹੇ ਵਿਗਿਆਨੀਆਂ ਨੂੰ ਹੁਣ ਵੱਡੀ ਸਫਲਤਾ ਮਿਲੀ ਹੈ। ਵਿਗਿਆਨੀਆਂ ਨੇ ਇੱਕ ਅਜਿਹਾ ਗ੍ਰਹਿ ਲੱਭਿਆ ਹੈ, ਜੋ ਸਾਡੇ ਅੱਠ ਗ੍ਰਹਿਆਂ ਤੋਂ ਪਰ੍ਹੇ ਹੈ, ਸੂਰਜੀ ਟੱਬਰ ਦਾ ਹਿੱਸਾ ਨਹੀਂ ਹੈ। ਸਾਇੰਸਦਾਨ ਇਸ ਨੂੰ ਬਾਰਹੀ ਗ੍ਰਹਿ (ਐਕਸੋਪਲੇਨੇਟ) ਆਖਦੇ ਹਨ। ਇਹ ਧਰਤੀ, ਮੰਗਲ, ਸ਼ੁੱਕਰ ਵਾਂਙ ਸਾਡੇ ਸੂਰਜ ਦੁਆਲੇ ਨਹੀਂ ਘੁਕਦਾ। ਇਸਦਾ ਆਪਣਾ ਸੂਰਜ ਹੈ, ਜਿਸ ਦੀ ਇਹ ਪਰਿਕਰਮਾ ਕਰਦਾ ਹੈ। ਖਗੋਲ ਵਿਗਿਆਨੀਆਂ ਨੇ ਇਸ ਦੇ ਸੂਰਜ ਦਾ ਨਾਂਅ ਲਾਲ ਬੌਨਾ ਤਾਰਾ ਵੋਲਫ਼ 1069 ਰੱਖਿਆ ਹੈ। ਇਹ ਤਾਰਾ (ਸੂਰਜ) ਸਾਡੇ ਸੂਰਜ ਨਾਲੋਂ ਆਕਾਰ ਵਿੱਚ ਛੋਟਾ ਹੈ ਅਤੇ ਸੂਰਜ ਨਾਲੋਂ ਲਗਭਗ 65 ਪ੍ਰਤੀਸਤ ਘੱਟ ਰੇਡੀਏਸਨ ਪੈਦਾ ਕਰਦਾ ਹੈ। ਇਸ ਗ੍ਰਹਿ ਦਾ ਨਾਂਅ ਵੋਲਫ਼ 1069 ਬੀ ਐਲਾਣਿਆ ਗਿਆ ਹੈ। ਸਪੇਨ ਦੇ ਕੈਲਰ ਆਲਟੋ ਆਬਜਰਵੇਟਰੀ ’ਤੋਂ 3.5 ਮੀਟਰ ਕਾਰਮੇਨਸ ਟੈਲੀਸਕੋਪ ਦੀ ਮਦਦ ਨਾਲ ਇਸ ਗ੍ਰਹਿ ਦੀ ਖੋਜ ਕੀਤੀ ਗਈ ਹੈ। ਦੁਨੀਆ ਭਰ ਦੇ 50 ਖਗੋਲ ਵਿਗਿਆਨੀਆਂ ਦੇ ਇੱਕ ਸਮੂਹ ਨੇ ਇਸ ਬਾਹਰੀ ਗ੍ਰਹਿ ਦੀ ਹੋਂਦ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਖਗੋਲ ਵਿਗਿਆਨੀਆਂ ਨੇ 5200 ਗ੍ਰਹਿਆਂ ਦੀ ਖੋਜ ਕੀਤੀ ਹੈ, ਜਿਨ੍ਹਾਂ ’ਚੋਂ 200 ਤੋਂ ਘੱਟ ਚੱਟਾਨਾਂ ਅਤੇ ਪਹਾੜਾਂ ਵਾਲੇ ਹਨ। ਵਿਗਿਆਨੀਆਂ ਨੇ ਕਿਹਾ ਹੈ ਕਿ ਇਨ੍ਹਾਂ 200 ਐਕਸੋਪਲੈਨੇਟਸ ’ਚੋਂ ਸਿਰਫ਼ ਇੱਕ ਦਰਜਨ ਗ੍ਰਹਿਆਂ ’ਚ ਪਾਣੀ ਹੋਣ ਦੀ ਸੰਭਾਵਨਾ ਹੈ। ਇਹ ਗ੍ਰਹਿ, ਜੋ ਸਾਡੀ ਗਲੈਕਸੀ ਆਕਾਸਗੰਗਾ ਦੇ ਉੱਤਰ ਵਾਲੇ ਪਾਸੇ ਸਥਿਤ ਹੈ, ਧਰਤੀ ਤੋਂ ਸਿਰਫ 31 ਪ੍ਰਕਾਸ਼ ਸਾਲ ਦੂਰ ਹੈ। ਇੱਕ ਪ੍ਰਕਾਸ਼ ਸਾਲ ਵਿੱਚ ਲਗਭਗ ਸਾਢੇ ਨੌ ਕਰੋੜ ਲੱਖ ਕਿਲੋਮੀਟਰ ਹੁੰਦੇ ਹਨ। ਵਿਗਿਆਨੀਆਂ ਅਨੁਸਾਰ ਚੰਦਰਮਾਂ ਦੀ ਤਰ੍ਹਾਂ ਇਸਦੇ ਵੀ ਇੱਕ ਪਾਸੇ ਰੋਸ਼ਨੀ ਹੈ ਅਤੇ ਦੂਜੇ ਪਾਸੇ ਪੂਰਾ ਹਨੇਰਾ ਹੈ। ਭਾਵ ਉੱਥੇ ਦਿਨ ਰਾਤ ਨਹੀਂ ਬਦਲਦੇ। ਜਿੱਥੇ ਦਿਨ ਹੈ, ਉੱਥੇ ਦਿਨ ਹੀ ਰਹਿੰਦਾ ਹੈ ਅਤੇ ਜਿੱਥੇ ਰਾਤ ਹੈ, ਉੱਥੇ ਰਾਤ ਹੀ ਰਹਿੰਦੀ ਹੈ। ਇਹ ਧਰਤੀ ਦੇ ਆਕਾਰ ਤੋਂ ਲਗਭਗ ਦੁੱਗਣਾ ਹੈ। ਇਹ 15.6 ਦਿਨਾਂ ਵਿੱਚ ਲਾਲ ਬੌਣੇ ਤਾਰੇ ਦੇ ਦੁਆਲੇ ਆਪਣਾ ਚੱਕਰ ਪੂਰਾ ਕਰਦਾ ਹੈ। ਭਾਵ ਇੱਥੇ ੋਸਾਲ ਧਰਤੀ ਦੇ 15 ਦਿਨ 14 ਘੰਟੇ 24 ਮਿੰਟ ਦੇ ਬਰਾਬਰ ਹੁੰਦਾ ਹੈ। ਮਤਲਬ ਜੇ ਤੁਸੀਂ ਧਰਤੀ ’ਤੇ 100 ਸਾਲ ਜਿਉਂਦੇ ਹੋ ਤਾਂ ਉੱਥੇ 2340 ਸਾਲ ਜਿਉਂਦੇ ਰਹੋਗੇ। ਇਹ ਆਪਣੇ ਸੂਰਜ ਦੁਆਲੇ ਇੱਕ ਚੱਕਰ 5.6 ਦਿਨਾਂ ਵਿੱਚ ਪੂਰਾ ਕਰਦਾ ਹੈ। ਇਹ ਗ੍ਰਹਿ ਵਜਨ ’ਚ ਧਰਤੀ ਨਾਲੋਂ ਸਵਾਂ ਗੁਣਾ ਹੈ ਅਤੇ ਇਹ ਧਰਤੀ ਨਾਲੋਂ ਸਾਇਜ ’ਚ 1.08 ਗੁਣਾ ਵੱਡਾ ਵੀ ਹੈ। ਇੱਥੇ ਸਤ੍ਹਾ ਦਾ ਤਾਪਮਾਨ ਮਾਈਨਸ 95 ਡਿਗਰੀ ਸੈਲਸੀਅਸ ਅਤੇ 12 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਇਸ ਦਾ ਔਸਤ ਮਾਇਨਸ 40.14 ਡਿਗਰੀ ਸੈਲਸੀਅਸ ਹੈ। ਮੈਨੀਟੋਬਾ ਦੇ ਔਸਤ ਤਾਪਮਾਨ ਦੇ ਨੇੜੇ-ਤੇੜੇ। ਇਸ ਲਈ ਇੱਥੇ ਮੌਸਮ ਠੰਡਾ ਹੈ। ਖਗੋਲ ਵਿਗਿਆਨੀਆਂ ਨੇ ਇਸ ਦੀ ਜੋ ਪੜਚੋਲ ਕੀਤੀ ਹੈ, ਉਸ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਇੱਥੇ ਜ਼ਿੰਦਗੀ ਜਿਉਣ ਲਾਇਕ ਹਾਲਾਤ ਹੋ ਸਕਦੇ ਹਨ ਜਾਂ ਭਵਿੱਖ ਵਿੱਚ ਸਿਰਜੇ ਜਾ ਸਕਦੇ ਹਨ। ਹਾਲਾਂਕਿ ਫਿਲਹਾਲ ਇਸ ਦੇ ਮਾਹੌਲ ਨੂੰ ਸਮਝਣ ਅਤੇ ਪੁਣ-ਛਾਣ ਕਰਨ ’ਚ ਕੁਝ ਹੋਰ ਸਮਾਂ ਲੱਗੇਗਾ। ਪਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਦੀ ਖੋਜ ਪੁਲਾੜ ਦੇ ਅਗਲੇ ਹਿੱਸਿਆਂ ਦੇ ਰਾਜ ਵੀ ਸਾਡੇ ਨਾਲ ਖੋਲੇਗਾ ਅਤੇ ਨਵੀਂ ਦੁਨੀਆਂ ਦੀ ਖੋਜ ਵਿੱਚ ਵੀ ਸਹਾਈ ਹੋਵੇਗਾ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000