21 September 2024

ਵੱਖ–ਵੱਖ ਧਰਮਾਂ ‘ਚ ਦੀਵਾਲੀ ਦੀ ਮਹੱਤਤਾ: ਸਰਬ–ਸਾਝਾਂ ਤਿਉਹਾਰ ਹੈ ਦੀਵਾਲੀ/ਪਟਾਕੇ ਚਲਾਉਂਦੇ ਸਮੇਂ ਸਾਵਧਾਨੀਆਂ ਵਰਤੋਂ— ਸੰਜੀਵ ਝਾਂਜੀ, ਜਗਰਾਉਂ

ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ। ਹਰ ਫਿਰਕੇ, ਹਰ ਧਰਮ ‘ਚ ਇਸਦੀ ਵਿਸ਼ੇਸ਼ਤਾ ਹੈ ਅਤੇ ਅਹਿਮ ਥਾਂ ਇਸਨੇ ਅਰਜਿਤ ਕੀਤੀ ਹੋਈ ਹੈ।

ਹਿੰਦੂ ਧਰਮ ‘ਚ ਇਸਨੂੰ ਵਿਸ਼ੇਸ਼ ਥਾਂ ਹਾਸਿਲ ਹੈ। ਇਹ ਦਿਨ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਪਤਨੀ ਮਾਤਾ ਸੀਤਾ ਜੀ ਅਤੇ ਛੋਟੇ ਭਰਾ ਲੱਛਮਣ ਜੀ ਦੀ ਯਾਦ ‘ਚ ਮਨਾਇਆ ਜਾਂਦਾ ਹੈ। ਇਹ ਇਸ ਦਿਨ ਇਹ ਤਿੰਨੋਂ ਅਯੋਧਿਆ ਨਰੇਸ਼ ਮਹਾਰਾਜ ਦਸ਼ਰਥ ਦੇ ਵਚਨਾਂ ਨੂੰ ਫੁਲ ਚੜਾ ਕੇ 14 ਸਾਲਾਂ ਦਾ ਵਨਵਾਸ ਕੱਟ ਕੇ ਮੁੜ ਅਯੁਧਿਆ ਪਰਤੇ ਸਨ। ਉਨ੍ਹਾਂ ਦੇ ਵਾਪਿਸ ਆਉਣ ਦੀ ਖੁਸ਼ੀ ‘ਚ ਹਰ ਦੇਸ਼ਵਾਸੀ ਨੇ ਆਪਣੇ ਦਰ–ਦਰ ਅਗੇ ਦੀਵੇ ਜਲਾ ਕੇ ਦੀਪਮਾਲਾ ਕੀਤੀ ਸੀ। ਅਸਲ ‘ਚ ਦੀਵੇ ਜਗਾ ਕੇ ਰੌਸ਼ਨੀ ਕਰਨ ਦਾ ਭਾਵ ਸੀ ਕਿ ਦੁਨੀਆਂ ‘ਚੋ ਉਹ ਅੰਧਕਾਰ ਹੁਣ ਖਤਮ ਹੋ ਗਿਆ ਹੈ, ਜਿਹੜਾ ਰਾਕਸ਼ੀ ਸ਼ਕਤੀਆਂ ਨੇ ਪਾਇਆ ਹੋਇਆ ਸੀ।

ਹੋਰਨਾਂ ਧਰਮਾਂ ਵਾਂਗ ਸਿੱਖ ਧਰਮ ਦੇ ਪੈਰੋਕਾਰ ਵੀ ਇਸਨੂੰ ਵਿਸ਼ੇਸ਼ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਦਿਨ ਛੇਵੇਂ ਪਾਤਿਸ਼ਾਹ ਮੀਰੀ–ਪੀਰੀ ਦੇ ਮਾਲਕ, ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 52 ਕੈਦੇ ਨੂੰ ਨਾਲ ਲੈ ਕੇ, ਜੋ ਮੁਗਲ ਸਮਰਾਟ ਜਹਾਂਗੀਰ ਨੇ ਅਣਮਿੱਥੇ ਸਮੇਂ ਤੱਕ ਲਈ ਬੰਦ ਕੀਤੇ ਹੋਏ ਸਨ, ਸਮੇਤ ਗਵਾਲੀਅਰ ਦੇ ਕਿਲ੍ਹੇ ਵਿਚੋਂ ਦੀਵਾਲੀ ਵਾਲੇ ਦਿਨ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਇਸੇ ਲਈ ਸਤਿਗੁਰਾਂ ਨੂੰ ਬੰਦੀ ਛੋੜ ਆਖਿਆ ਜਾਂਦਾ ਹੈ।

ਦੀਵਾਲੀ ਦੀ ਸਿੱਖ ਧਰਮ ਪ੍ਰਤੀ ਮਹੱਤਤਾ ਇਹ ਹੈ ਕਿ ਇਸੇ ਦਿਨ ਹੀ ਭਾਈ ਮਨੀ ਸਿੰਘ ਜੀ ਜੋ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਅਤੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ, ਧਰਮ ਦੀ ਰੱਖਿਆ, ਪੰਥ ਦੀ ਚੜ੍ਹਦੀ ਕਲਾ ਅਤੇ ਅਣਖ ਦੇ ਗੈਰਤ ਜੀਵਨ ਜਿਉਣ ਵਾਸਤੇ ਲਾਹੌਰ ਵਿਖੇ ਬੰਦ ਬੰਦ ਕਟਾ ਕੇ ਸ਼ਹੀਦ ਹੋ ਗਏ ਸਨ।

ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦੀ ਵਿਸ਼ੇਸ਼ ਮਹਾਨਤਾ ਇਹੀ ਹੈ ਕਿ ਜਿਸ ਦਿਨ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਇਥੇ ਆਏ ਤਾਂ ਸਿੱਖਾਂ ਨੇ ਇਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਬਹੁਤ ਖੁਸ਼ੀਆਂ ਮਨਾਈਆਂ ਸਨ। ਇਸ ਲਈ ਅੱਜ ਵੀ ਅੰਮ੍ਰਿਤਸਰ ਦੀ ਦੀਵਾਲੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਅਤੇ ਉਸੇ ਤਰ੍ਹਾਂ ਦੀਪਮਾਲਾ ਕੀਤੀ ਜਾਂਦੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ।

ਜੈਨ ਧਰਮ ‘ਚ ਵੀ ਇਹ ਤਿਉਹਾਰ ਵਿਸ਼ੇਸ਼ ਮਹੱਤਤਾ ਰਖਦਾ ਹੈ। ਜੈਨ ਮੱਤ ਦੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਜੀ ਨੇ ਇਸ ਦਿਨ ਨਿਰਵਾਨ ਪ੍ਰਾਪਤ ਕੀਤਾ ਸੀ। ਉਨ੍ਹਾਂ ਦੇ ਪ੍ਰਮੁੱਖ ਚੇਲੇ ਗੌਤਮ ਗਿਣਧਰ ਨੂੰ ਇਸੇ ਦਿਨ ‘ਕੇਵਲੀ ਗਿਆਨ’ ਪ੍ਰਾਪਤ ਹੋਇਆ ਸੀ। ਗਿਆਨ ਰੂਪੀ ਪ੍ਰਕਾਸ਼ ਪ੍ਰਾਪਤ ਹੋਣ ਦੀ ਖੁਸ਼ੀ ‘ਚ ਜੈਨੀਆਂ ਨੇ ਦੀਪ ਜਲਾ ਕੇ ਜੱਗ ਰੁਸ਼ਨਾਇਆ ਸੀ।

ਇਤਿਹਾਸ ‘ਚੋ ਮਿਲਦੇ ਤੱਥਾਂ ਦੇ ਅਨੁਸਾਰ 2500 ਸਾਲ ਪਹਿਲਾਂ ਬੁੱਧ ਧਰਮ ਦੇ ਪਰਾਵਰਤਕ ਮਹਾਤਮਾਂ ਬੁੱਧ ਜੀ ਦਾ ਸੁਆਗਤ ਉਨ੍ਹਾਂ ਦੇ ਸ਼ਗਿਰਦਾ ਅਤੇ ਸਮਰਥਕਾਂ ਨੇ ਇਸ ਦਿਨ ਦੀਪ ਜਲਾ ਕੇ ਕੀਤਾ ਸੀ।

ਸਾਡੇ ਪੁਰਾਣਾਂ ਦੇ ਖਜ਼ਾਨੇ ‘ਚ ਵਿਧਮਾਨ ਦੇਵੀ ਪੁਰਾਨ ਦੀ ਇਕ ਕਥਾ ਵੀ ਦੀਵਾਲੀ ਨਾਲ ਜੁੜੀ ਹੋਈ ਹੈ, ਜਦੋਂ ਰਾਕਸ਼ੀ ਸ਼ਕਤੀਆਂ ਆਪਣਾ ਪ੍ਰਭਾਵ ਵਧਾਉਣ ਲਗੀਆਂ ਤਾਂ ਮਹਾਂਕਾਲੀ ਗੁੱਸੇ ਹੋ ਉਠੀ। ਉਸ ਨੇ ਦੇਵਾ ਦਾ ਸੰਘਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਸਭ ਕੁਝ ਵੇਖ ਕੇ ਭਗਵਾਨ ਸ਼ਿਵ ਨੇ ਮਹਾਂ ਕਾਲੀ ਨੂੰ ਸ਼ਾਤ ਕਰਨ ਲਈ ਆਪਣੇ ਆਪ ਨੂੰ ਉਨ੍ਹਾਂ ਦੇ ਸਾਹਮਣੇ ਪ੍ਰਸਤੁਤ ਕੀਤਾ। ਉਨ੍ਹਾਂ ਦੇ ਤਪੋਮਯ ਸ਼ਰੀਰ ਦੇ ਸਪਰਸ਼ ਨਾਲ ਹੀ ਮਹਾਂ ਕਾਲੀ ਸ਼ਾਂਤ ਹੋ ਗਈ। ਬਸ ਉਸ ਸਮੇਂ ਹੀ ਲੋਕਾਂ ‘ਚ ਖੁਸ਼ੀ ਦਾ ਸੈਲਾਬ ਉਮੜ ਪਿਆ ਅਤੇ ਉਨ੍ਹਾਂ ਨੇ ਇਸ ਦਿਨ ਦੀਪਮਾਲਾ ਕਰਨੀ ਸ਼ੁਰੂ ਕਰ ਦਿੱਤੀ।

ਅੱਜ ਦੇ ਦਿਨ ਹੀ ਆਰੀਆ ਸਮਾਜ ਦੇ ਪਰਾਵਰਤਕ ਸਵਾਮੀ ਦਿਆਨੰਦ ਜੀ ਨੇ ਆਪਣੇ ਭੌਤਿਕ ਸ਼ਰੀਰ ਦਾ ਤਿਆਗ ਕੀਤਾ ਸੀ। ਇਸੇ ਕਾਰਨ ਇਸ ਦਿਹਾੜੇ ਨੂੰ ਰਿਸ਼ੀ ਦਿਵਸ ਵੀ ਕਿਹਾ ਜਾਂਦਾ ਹੈ।

ਸਵਾਮੀ ਰਾਮਤੀਰਥ ਜੀ ਦਾ ਦੇਹਾਂਤ ਵੀ ਇਸੇ ਦਿਨ ਹੀ ਹੋਇਆ ਸੀ।
***

ਪਟਾਕੇ ਚਲਾਉਂਦੇ ਸਮੇਂ ਸਾਵਧਾਨੀਆਂ ਵਰਤੋਂ

ਦੀਵਾਲੀ ਦਾ ਨਾਂ ਦਿਮਾਗ ਵਿੱਚ ਆਉਂਦੇ ਸਾਰ ਫੁਲਝੜੀਆਂ, ਬੰਬਾਂ, ਆਤਸ਼ਬਾਜੀ ,ਅਨਾਰ ਅਤੇ ਹੋਰ ਪਟਾਕਿਆਂ ਦਾ ਚੇਤਾ ਆਣ ਲਗਦਾ ਹੈ। ਅੱਜ ਦੀਵਾਲੀ ਅਤੇ ਪਟਾਕਿਆਂ ਦਾ ਚੋਲੀ ਦਾਮਨ ਦਾ ਸਾਥ ਹੋ ਗਿਆ ਹੈ। ਦੀਵਾਲੀ ਜਿੱਥੇ ਖੁਸ਼ੀਆਂ ਦਾ ਤਿਉਹਾਰ ਹੈ ਉਥੇ ਪਟਾਕੇ ਇਸ ਖੁਸ਼ੀ ਨੂੰ ਸਵਾਇਆ–ਡੂਢਾ ਕਰ ਕੇ ਪ੍ਰਗਟਾਉਣ ਦਾ ਤਰੀਕਾ ਹੈ। ਦੀਵਾਲੀ ਦੇ ਸ਼ੁਭ ਮੌਕੇ ਤੇ ਪਟਾਕੇ ਚਲਾਉਣ ਦਾ ਆਪਣਾ ਹੀ ਮਹੱਤਵ ਹੈ। ਪਟਾਕਿਆਂ ਨੂੰ ਗਲਤ ਤਰੀਕੇ ਨਾਲ ਚਲਾਉਣ, ਬਿਨਾ ਸਾਵਧਾਨੀ ਤੋਂ ਚਲਾਉਣ ਜਾਂ ਬੱਚਿਆਂ ਵਲੋਂ ਲਾਚੜ ਕੇ ਚਲਾਉਣ ਕਾਰਨ ਕਈ ਵਾਰ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਵੈਸੇ ਤਾਂ ਪਟਾਕੇ ਚਲਾਉਣੇ ਹੀ ਨਹੀਂ ਚਾਹੀਦੇ ਕਿਉਕਿ ਇਨ੍ਹਾਂ ਕਾਰਨ ਪ੍ਰਦੂਸ਼ਨ ਫੈਲਦਾ ਹੈ ਪਰ ਫਿਰ ਵੀ ਖ਼ੁਸ਼ੀ ਨੂੰ ਪ੍ਰਗਟਾਉਣ ਤੇ ਸਾਂਝਾ ਕਰਨ ਲਈ, ਪਟਾਕੇ ਘੱਟੋ–ਘੱਟ ਹੀ ਚਲਾਉਂਣੇ ਚਾਹੀਦੇ ਹਨ ਅਤੇ ਪਟਾਕੇ ਚਲਾਉਂਦੇ ਸਮੇਂ ਕੁਝ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ :

# ਪਟਾਕੇ ਹਮੇਸ਼ਾਂ ਚੰਗੀ ਕੰਪਨੀ ਦੇ ਹੀ ਖਰੀਦਣੇ ਚਾਹੀਦੇ ਹਨ।
# ਪਟਾਕਿਆਂ ਨੂੰ ਘਰ ਲਿਆ ਕੇ ਸੁਰਖਿਅਤ ਥਾਂ ਤੇ ਰੱਖਣਾ ਚਾਹੀਦਾ ਹੈ।
# ਪਟਾਕੇ ਚਲਾਉਣ ਵਾਲੀ ਥਾਂ ਦੇ ਨੇੜੇ ਕੋਈ ਬਲਣਸ਼ੀਲ ਪਦਾਰਥ ਜਾਂ ਸੁੱਕਾ ਬਾਲਣ ਨਹੀਂ ਹੋਣਾ ਚਾਹੀਦਾ।
# ਛੋਟੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ।
# ਪਟਾਕੇ ਖੁੱਲੇ ਥਾਂ ਤੇ ਚਲਾਉਣੇ ਚਾਹੀਦੇ ਹਨ।
# ਇਕ ਸਮੇਂ ਸਿਰਫ ਇਕ ਪਟਾਕਾ ਹੀ ਚਲਾਉਣਾ ਚਾਹੀਦਾ ਹੈ।
# ਪਟਾਕੇ ਚਲਾਉਂਦੇ ਸਮੇਂ ਨਾ ਤਾਂ ਲਾਚੜਣਾ ਚਾਹਦਾ ਹੈ ਅਤੇ ਨਾ ਹੀ ਖੇਡਣਾ ਚਾਹੀਦਾ ਹੈ।
# ਪਟਾਕਿਆਂ ਨੂੰ ਅੱਗ ਕੁੱਝ ਦੂਰੀ ਤੋਂ ਲਗਾਉਣੀ ਚਾਹੀਦੀ ਹੈ।
# ਆਤਿਸ਼ਬਾਜੀ ਜਾਂ ਅਨਾਰ ਆਦਿ ਨੂੰ ਹੱਥ ਵਿੱਚ ਫੜ ਕੇ ਨਹੀਂ ਚਲਾਉਣਾ ਚਾਹੀਦਾ।
# ਪਟਾਕਾ ਚਲਾਉਣ ਵੇਲੇ ਅੱਖਾਂ ਪਟਾਕੇ ਦੇ ਮੁੰਹ ਤੋਂ ਪਰ੍ਹਾਂ ਹੋਣੀਆਂ ਚਾਹੀਦੀਆ ਹਨ।
# ਰੇਸ਼ਮੀ ਤੇ ਸੰਥੈਟਿਕ ਕਪੜੇ ਪਾ ਕੇ ਪਟਾਕੇ ਨਹੀਂ ਚਲਾਉਣੇ ਚਾਹੀਦੇ। ਸੂਤੀ ਕਪੜਿਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
# ਢਿੱਲੇ ਅਤੇ ਖੁੱਲੇ ਕਪੜੇ ਪਾ ਕੇ ਪਟਾਕੇ ਨਹੀਂ ਚਲਾਉਂਣੇ ਚਾਹੀਦੇ।
# ਆਤਿਸ਼ਬਾਜੀ ਨੂੰ ਧਰਤੀ ਦੇ ਸਮਾਂਤਰ ਲੇਟਵੀ ਦਿਸ਼ਾ ਵਿੱਚ ਨਹੀਂ ਚਲਾਉਣਾ ਚਾਹੀਦਾ।
ਅਸੀਂ ਅਜਿਹੀਆਂ ਕੁੱਝ ਸਾਵਧਾਨੀਆਂ ਰੱਖ ਕੇ ਸੁਰਖਿਅਤ ਅਤੇ ਆਨੰਦ–ਦਾਇਕ ਦੀਵਾਲੀ ਮਨਾਉਂਦੇ ਹੋਏ ਪਟਾਕੇ ਚਲਾਉਣ ਦਾ ਭਰਪੂਰ ਮਜ਼ਾ ਲੈ ਸਕਦੇ ਹਾਂ। ਪਟਾਕੇ ਚਲਾਉਂਦੇ ਸਮੇਂ ਕੋਈ ਅਣਸੁਖਾਵੀ ਘਟਨਾ ਹੋ ਜਾਣ ਤੇ ਮੁੱਢਲਾ ਉਪਚਾਰ ਕਰਨਾ ਚਾਹੀਦਾ ਹੈ।
# ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਸੁਰਖਿਅਤ ਥਾਂ ਤੇ ਲੈ ਜਾਓ।
# ਕਪੜੇ ਢਿਲੇ ਕਰ ਦਿਓ।
# ਜਲੇ ਹੋਏ ਥਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ ਕਰੋ। ਜਲਿਆਂ ਹੋਇਆ ਥਾਂ ਚੰਗੀ ਤਰ੍ਹਾਂ ਪਾਣੀ ਨਾਲ ਠੰਡਾ ਕਰ ਦਿਓ। ਛਾਲੇ ਪੈਣ ਤੋਂ ਨਾ ਡਰੋ।
# ਅੱਖਾਂ ਨੂੰ ਨਾਂ ਤਾਂ ਮਲੋ ਅਤੇ ਨਾਂ ਹੀ ਰਗੜੋ।
# ਜੇ ਅੱਖ ਨਾ ਖੁੱਲੇ ਤਾਂ ਉਸ ਨੂੰ ਜਬਰਦਸਤੀ ਖੋਲਣ ਦੀ ਕੋਸ਼ਿਸ਼ ਨਾਂ ਕਰੋ।
# ਮਰੀਜ ਨੂੰ ਜਲਦੀ ਤੋਂ ਜਲਦੀ ਡਾਕਟਰ ਕੋਲ ਲੈ ਜਾਓ।
***
ਸੰਜੀਵ ਝਾਂਜੀ, ਜਗਰਾਉਂ
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000
sanjeevjhanji@journalist.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1220
***

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →