25 April 2024

ਸਿਲੀਕੇਟ ਦੇ ਬੱਦਲਾਂ ਵਾਲੇ ਨਵੇਂ ਲੱਭੇ ਬਾਹਰੀ ਗ੍ਰਹਿ ਤੋਂ ਅਚੰਭਿਤ ਜਾਣਕਾਰੀ ਮਿਲਣ ਦੀ ਆਸ — ਸੰਜੀਵ ਝਾਂਜੀ, ਜਗਰਾਉ

ਇਹ ਖਲਕਤ ਅਥਾਹ ਹੈ। ਜਿੱਥੋਂ ਤੱਕ ਨਜ਼ਰ ਮਾਰੀਏ, ਜਿੱਥੋਂ ਤੱਕ ਸੋਚੀਏ, ਤੇ ਉਸ ਤੋਂ ਵੀ ਪਰ੍ਹੇ ਤੱਕ ਪੁਲਾੜ ਹੀ ਪੁਲਾੜ ਹੈ। ਅਰਬਾਂ-ਖਰਬਾਂ ਸੂਰਜ ਅਤੇ ਅਰਬਾਂ-ਖਰਬਾਂ ਹੀ ਗਲੈਕਸੀਆਂ ਹਨ। ਇਸ ਪੁਲਾੜ ਨੂੰ ਜਾਣਨ ਦੀ ਅਸੀਂ ਜਿੰਨੀ ਵੀ ਕੋਸ਼ਿਸ਼ ਕਰਦੇ ਹਾਂ, ਜਿੰਨੀਆਂ ਵੀ ਖੋਜਾਂ ਕਰਦੇ ਹਾਂ, ਇਸ ਵਿਚਲੇ ਗੁਝੇ ਰਹਸ ਉਨ੍ਹੇ ਹੀ ਹੋਰ ਗਹਿਰਾਂਦੇ ਜਾਂਦੇ ਹਨ। ਸਾਡੀ ਧਰਤੀ ਤੇ ਇਸ ਵਰਗੇ ਸੱਤ ਹੋਰ ਗ੍ਰਹਿ ਮਿਲ ਕੇ ਸੂਰਜ ਦੁਆਲੇ ਚੱਕਰ ਕੱਢਦੇ ਹਨ। ਸਾਡਾ ਸੂਰਜ, ਇਹ ਅੱਠ ਗ੍ਰਹਿ, ਉਨ੍ਹਾਂ ਦੇ ਉਪਗ੍ਰਹਿ, ਪੰਜ ਕੁ ਬੌਣੇ ਗ੍ਰਹਿ ਅਤੇ ਹੋਰ ਕੁਝ ਕ ਪੁਲਾੜੀ ਪਿੰਡ, ਇਹ ਸਾਰੇ ਰਲ਼ਮਿਲ ਕੇ ਸਾਡਾ ਸੂਰਜੀ ਪਰਿਵਾਰ ਬਣਾਉਦੇ ਹਨ।  ਅਜਿਹੇ ਅਰਬਾਂ-ਖਰਬਾਂ ਹੋਰ ਸੂਰਜੀ ਟੱਬਰ ਇਸ ਪੁਲਾੜ ’ਚ ਹਨ। ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਣ।

ਖੋਜਾਂ ਲਗਾਤਾਰ ਜ਼ਾਰੀ ਹਨ। ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੂਰ ਪੁਲਾੜ ਵਿੱਚ ਇੱਕ ਹੋਰ ਵੱਡੀ ਖੋਜ ਕੀਤੀ ਹੈ। ਇਹ ਖੋਜ ਦੇ ਜੇਮਸ ਵੈਬ ਸਪੇਸ ਟੈਲੀਸਕੋਪ ਰਾਹੀਂ ਕੀਤੀ ਗਈ ਹੈ। ਇਸ ਖੋਜ ਮੁਤਾਬਿਕ ਇਕ ਅਜਿਹੇ ਗ੍ਰਹਿ ਦੀ ਖੋਜ ਕੀਤੀ ਗਈ ਹੈ, ਜੋ ਸਿਰਫ਼ ਸਾਡੀ ਧਰਤੀ, ਸ਼ੁੱਕਰ, ਮੰਗਲ ਆਦਿ ਵਾਂਙ ਸਿਰਫ਼ ਆਪਣੇ ਸੂਰਜ (ਤਾਰੇ)  ਦੁਆਲੇ ਹੀ ਚੱਕਰ ਨਹੀਂ ਕੱਢਦਾ, ਸਗੋਂ ਇੱਕ ਹੋਰ ਸੂਰਜ (ਤਾਰੇ) ਦੇ ਦੁਆਲੇ ਵੀ ਗੇੜੀ-ਸ਼ੇੜੀ ਲਗਾਉਦਾ ਹੈ। ਭਾਵ ਦੋ ਸੂਰਜਾਂ ਦੁਆਲੇ ਘੁੰਮਦਾ ਹੈ। ਇਸ ਨੂੰ ਦੋਨਾਂ ਸੂਰਜਾਂ ਦੁਆਲੇ ਇੱਕ ਚੱਕਰ ਪੂਰਾ ਕਰਨ ਵਿੱਚ 10,000 ਸਾਲ ਲੱਗ ਜਾਂਦੇ ਹਨ। ਟੈਲੀਸਕੋਪ ਦੁਆਰਾ ਖੋਜਿਆ ਗਿਆ ਇਹ ਐਕਸੋਪਲੈਨੇਟ ਇੱਕ ਵਿਸਾਲ ਲਾਲ ਗ੍ਰਹਿ ਹੈ। ਜੋ ਗ੍ਰਹਿ ਸੂਰਜੀ ਟੱਬਰ ਵਾਲੇ ਸੂਰਜ ਤੋਂ ਇਲਾਵਾ ਕਿਸੇ ਹੋਰ ਸੂਰਜ (ਤਾਰੇ) ਦੇ ਦੁਆਲੇ ਘੁੰਮਦੇ ਹਨ, ਉਨ੍ਹਾਂ ਨੂੰ ਐਕਸੋਪਲੇਨੇਟਸ ਕਿਹਾ ਜਾਂਦਾ ਹੈ।

ਇਹ ਨਵਾਂ ਲੱਭਿਆ ਗ੍ਰਹਿ ਸਾਡੀ ਧਰਤੀ ਤੋਂ 40 ਪ੍ਰਕਾਸ਼ ਸਾਲ ਦੂਰ ਹੈ। ਇੱਕ ਪ੍ਰਕਾਸ਼ ਸਾਲ ਵਿੱਚ ਲਗਭਗ ਸਾਢੇ ਨੌ ਕਰੋੜ ਲੱਖ ਕਿਲੋਮੀਟਰ ਹੁੰਦੇ ਹਨ। ਸਾਡੇ ਸੂਰਜ ਮੰਡਲ ਵਿੱਚ ਸਭ ਤੋਂ ਦੂਰ ਵਾਲੀ ਵਸਤੂ (ਬੌਣਾ ਗ੍ਰਹਿ) ਪਲੂਟੋ ਹੈ, ਜੋ ਸੂਰਜ ਤੋਂ 5.9 ਬਿਲੀਅਨ ਕਿਲੋਮੀਟਰ ਭਾਵ 39 ਐਸਟ੍ਰੋਨੀਕਲ ਯੂਨਿਟ ਦੂਰ ਹੈ।  ਇੱਕ ਬਿਲੀਅਨ ਇੱਕ ਅਰਬ ਨੂੰ ਆਖਦੇ ਹਨ। ਪਰ ਇਹ ਗ੍ਰਹਿ ਆਵਦੇ ਸੂਰਜ (ਤਾਰੇ) ਤੋਂ ਲਗਭਗ 23.5 ਬਿਲੀਅਨ ਕਿਲੋਮੀਟਰ ਭਾਵ 156 ਐਸਟ੍ਰੋਨੀਕਲ ਯੂਨਿਟ ਦੂਰ ਹੈ। ਵਿਗਿਆਨੀਆਂ ਨੇ ਇਸ ਦਾ ਨਾਂਅ ਵੀ.ਐਚ.ਐਸ 1256 ਬੀ ਰੱਖਿਆ ਹੈ। ਜੇਮਜ ਵੈਬ ਦੂਰਬੀਨ ’ਚ ਪਹੁੰਚਣ ਵਾਲੀ ਇਸ ਗ੍ਰਹਿ ਦੀ ਲਾਈਟ ਦੋਹਾਂ ਸੂਰਜਾਂ (ਤਾਰੇ) ਦੇ ਪ੍ਰਕਾਸ਼ ਨਾਲੋਂ ਬਿਲਕੁਲ ਵੱਖਰੀ ਹੈ, ਜਿਨ੍ਹਾਂ ਦੁਆਲੇ ਇਹ ਘੁੰਮ ਰਿਹਾ ਹੈ। ਇਸੇ ਅਧਾਰ ਤੇ ਇਸ ਦੀ ਪਛਾਣ ਹੋਈ ਹੈ। ਦ ਐਸਟ੍ਰੋਫਿਜੀਕਲ ਜਰਨਲ ਲੈਟਰਸ ਵਿੱਚ ਪ੍ਰਕਾਸ਼ਿਤ ਇਸ ਬਾਰੇ ਖੋਜ ’ਚ ਇਹ ਅੰਦਾਜਾ ਲਗਾਇਆ ਗਿਆ ਹੈ ਕਿ ਇਹ ਗ੍ਰਹਿ ਸਿਰਫ 15 ਕਰੋੜ ਸਾਲ ਪੁਰਾਣਾ ਹੈ ਅਤੇ ‘ਜਵਾਨ’ ਹੈ। ਸਾਇਦ ਇਹੀ ਕਾਰਨ ਹੈ ਕਿ ਇੱਥੋਂ ਦਾ ਮਾਹੌਲ ਵੀ ਗੰਧਲਾ ਅਤੇ ਤਬਦੀਲੀਯੋਗ ਵਾਤਾਵਰਨ ਵਾਲਾ ਹੈ।

ਸਪੇਸ ਟੈਲੀਸਕੋਪ ਤੋਂ ਡਾਟਾ ਇਕੱਠਾ ਕਰਕੇ ਉਸ ਦੀ ਪੜਚੋਲ ਕਰਨ ਵਾਲੀ ਟੀਮ ਨੇ ਪੁਣਛਾਣ ਕਰਕੇ ਇਹ ਲੱਭਿਆ ਕਿ ਇਸ ਗ੍ਰਹਿ ’ਤੇ ਸਿਲੀਕੇਟ ਦੇ ਬੱਦਲ ਹਨ। ਸਿਲੀਕੇਟ ਮਤਲਬ ਰੇਤ ਦੇ। ਇਹ ਬੱਦਲ ਜਦੋਂ ਇੱਕ ਦੂਜੇ ਨਾਲ ਮਿਲਦੇ (ਮਿਕਸ ਹੁੰਦੇ) ਹਨ ਤਾਂ ਇਸ ਦਾ ਤਾਪਮਾਨ 830 ਡਿਗਰੀ ਸੈਲਸੀਅਸ ਤੱਕ ਹੋ ਜਾਂਦਾ ਹੈ। ਇਸ ਦੌਰਾਨ ਵਾਯੂਮੰਡਲ ਲਗਾਤਾਰ ਵਧਦਾ-ਫੈਲਦਾ ਹੈ। ਗਰਮ ਹੋਏੇ ਸਿਲੀਕੇਟ ਦੇ ਛੋਟੇ ਛੋਟੇ ਕਣ ਉਪਰ ਨੂੰ ਆਉਂਦੇ ਹਨ ਅਤੇ ਠੰਡੇ ਕਣ ਹੇਠਾਂ ਵੱਲ ਧੱਕੇ ਜਾਂਦੇ ਹਨ। ਇਹ ਅੱਜ ਤੱਕ ਲੱਭੀ ਗਈ ਤਬਦੀਲੀ ਯੋਗ ਗ੍ਰਹਿ ਪੁੰਜ ਵਾਲੀ ਵਸਤੂ ਹੈ। ਤਇਹ ਸਾਡੀ ਧਰਤੀ ਤੋਂ ਬਿਲਕੁਲ ਵੱਖਰਾ ਹੈ ਕਿਉਂਕਿ ਧਰਤੀ ਦੇ ਵਾਯੂਮੰਡਲ ਵਿਚ ਪਾਣੀ ਦੇ ਵਾਸ਼ਪ ਹਨ ਅਤੇ ਉਨ੍ਹਾਂ ਤੋਂ ਹੀ ਬੱਦਲ ਬਣਦੇ ਹਨ। ਇਸ ਗ੍ਰਹਿ ’ਤੇ ਦਿਨ 24 ਘੰਟਿਆਂ ਦਾ ਨਹੀਂ ਸਗੋਂ 22 ਘੰਟਿਆਂ ਦਾ ਹੈ।

ਇਸ ਗ੍ਰਹਿ ਦੀ ਖੋਜ ਨਾਲ ਪੁਲਾੜ ’ਚ ਹੋਰ ਖੋਜਾਂ ਦਾ ਰਸਤਾ ਸਾਫ ਹੋਵੇਗਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਵੀਆਂ ਖੋਜਾਂ ਮਨੁੱਖਤਾ ਦੇ ਵਿਕਾਸ ਲਈ ਲਾਹੇਵੰਦ ਸਾਬਤ ਹੋਣਗੀਆਂ। ਦੁਨੀਆਂ ਦੀ ਹੋਂਦ ਦਾ ਪਤਾ ਚਲੇਗਾ। ਨਵੀਆਂ ਜਾਣਕਾਰੀਆਂ ਹਾਸਲ ਹੋਣਗੀਆਂ। ਸਾਡੇ ਸੂਰਜ ਮੰਡਲ ਦੇ ਗ੍ਰਹਿ ਦੇ ਵਾਤਾਵਰਣ ਤੋਂ ਵੱਖਰੀ ਕਿਸਮ ਦਾ ਵਾਤਾਵਰਣ ਹੋਣ ਕਰਕੇ ਸਾਨੂੰ ਹੋਰ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
***
-ਸੰਜੀਵ ਝਾਂਜੀ, ਜਗਰਾਉ।
SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000
***
(1079)

About the author

ਸੰਜੀਵ ਝਾਂਜੀ, ਜਗਰਾਉਂ     
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →