ਅੱਜ ਦਾ ਦੌਰ ਭੱਜਦੌੜ ਦਾ ਦੌਰ ਹੈ। ਹਰ ਪਾਸੇ ਪੈਸੇ, ਸ਼ੋਹਰਤ ਅਤੇ ਤੱਰਕੀ ਦਾ ਰੌਲ਼ਾ ਸੁਣਨ ਨੂੰ ਮਿਲ ਰਿਹਾ ਹੈ। ਹਰ ਮਨੁੱਖ ਆਪਣੇ ਜੀਵਨ ਵਿਚ ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦਾ ਹੈ। ਵਧੀਆ ਰੁਜ਼ਗਾਰ, ਵੱਡਾ ਘਰ ਅਤੇ ਐਸ਼ੋ-ਆਰਾਮ ਦੀ ਜਿ਼ੰਦਗੀ ਹਰ ਮਨੁੱਖ ਦਾ ‘ਸੁਪਨਾ’ ਬਣ ਗਿਆ ਹੈ। ਇਹਨਾਂ ਸੁਪਨਿਆਂ ਦੀ ਪੂਰਤੀ ਲਈ ਮਨੁੱਖ ਦਿਨ-ਰਾਤ ਤਰਲੋਮੱਛੀ ਹੋਇਆ ਫਿਰਦਾ ਹੈ / ਭੱਜਦੌੜ ਦੀ ਜਿ਼ੰਦਗੀ ਜੀਅ ਰਿਹਾ ਹੈ। ਖ਼ਬਰੇ! ਇਸੇ ਕਰਕੇ ਹੀ ਮਨੁੱਖ ਮਾਨਸਿਕ ਸਕੂਨ ਤੋਂ ਸੱਖਣਾ ਹੋ ਗਿਆ ਹੈ/ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ। ਸਾਡੇ ਸਮਾਜ ਦਾ ਅਮੁੱਲ ਹਿੱਸਾ ਰਹੇ ‘ਸਾਂਝੇ ਪਰਿਵਾਰ’ ਹੁਣ ਖਤਮ ਹੋਣ ਕਿਨਾਰੇ ਹਨ। ਅੱਜ ਜਿੱਥੇ ‘ਪਰਵਾਸ’ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ ਉੱਥੇ ਹੀ ਵੱਡੇ ਸ਼ਹਿਰਾਂ ਨੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਨੂੰ ਆਪਣੇ ਕਲਾਵੇ ਵਿਚ ਸਮੇਟ ਲਿਆ ਹੈ। ਪਿੰਡ ਅਤੇ ਛੋਟੇ ਸ਼ਹਿਰ ਸਹਿਜੇ–ਸਹਿਜੇ ਖ਼ਤਮ ਹੋ ਰਹੇ ਹਨ। ਪੈਸੇ, ਰੁਜ਼ਗਾਰ ਅਤੇ ਐਸ਼ੋ-ਆਰਾਮ ਦੀ ਚਾਹਤ ਕਰਕੇ ਬਹੁਤਾਤ ਗਿਣਤੀ ਵਿਚ ਬੱਚੇ ਘਰਾਂ ਤੋਂ ਦੂਰ ਹੋ ਜਾਂਦੇ ਹਨ ਅਤੇ ਘਰਾਂ ਵਿਚ ਰਹਿ ਰਹੇ ਬਜ਼ਰੁਗ ਮਾਂ-ਬਾਪ ਇਕਲਾਪੇ ਦਾ ਸੰਤਾਪ ਹੰਢਾਉਂਦੇ ਰਹਿੰਦੇ ਹਨ। ਇਸ ਇਕੱਲਤਾ ਨੇ ਬਜ਼ੁਰਗਾਂ ਨੂੰ ਮਾਨਸਿਕ ਰੂਪ ਵਿਚ ਕਮਜ਼ੋਰ ਕਰਕੇ ਰੱਖ ਦਿੱਤਾ ਹੈ। ਜਿਹਨਾਂ ਘਰਾਂ ਵਿਚ ਕਦੇ ਰੌਣਕਾਂ / ਹਾਸੇ- ਠੱਠੇ ਹੁੰਦੇ ਸਨ ਉਹ ਘਰ ਅੱਜ ਸੁੰਨੇ ਵੀਰਾਨ ਪਏ ਆਮ ਹੀ ਦਿੱਸ ਪੈਂਦੇ ਹਨ। ਬਜ਼ੁਰਗ ਮਾਂ- ਬਾਪ ਨੂੰ ਸੰਭਾਲਣ ਵਾਲਾ ਕੋਈ ਧੀ-ਪੁੱਤ ਨਜ਼ਰ ਨਹੀਂ ਆਉਂਦਾ। ਨਤੀਜਨ, ਸਾਡੇ ਸਮਾਜ ਵਿਚ ‘ਬਿਰਧ ਆਸ਼ਰਮ’ ਨਾਮ ਦੀ ਬਿਮਾਰੀ ਆ ਗਈ ਹੈ। ਇਹ ‘ਬਿਰਧ ਆਸ਼ਰਮ’ ਸਾਡੇ ਭਾਰਤੀ ਸਮਾਜ ਦਾ ਹਿੱਸਾ ਨਹੀਂ ਸਨ। ਪਰ! ਸਮੇਂ ਦੇ ਗੇੜ ਨੇ ਇਹ ਸਮੱਸਿਆ ਸਾਡੇ ਸਮਾਜ ਦੇ ਸਾਹਮਣੇ ਖੜੀ ਕਰ ਦਿੱਤੀ ਹੈ। ਜਿਹਨਾਂ ਘਰਾਂ ਦੇ ਬੱਚੇ ਵੱਡੇ ਸ਼ਹਿਰਾਂ ਵਿਚ ਨੌਕਰੀ ਕਰਨ ਲਈ ਚਲੇ ਜਾਂਦੇ ਹਨ ਜਾਂ ਜਿਹਨਾਂ ਘਰਾਂ ਦੇ ਬੱਚੇ ਵਿਦੇਸ਼ਾਂ ਵਿਚ ‘ਪਰਵਾਸ’ ਕਰ ਜਾਂਦੇ ਹਨ ਉਹਨਾਂ ਦੇ ਮਾਂ- ਬਾਪ ਆਪਣੇ ਬੁਢਾਪੇ ਨੂੰ ਕੱਟਣ ਵਾਸਤੇ ‘ਬਿਰਧ ਆਸ਼ਰਮਾਂ’ ਦਾ ਸਹਾਰਾ ਲੈ ਰਹੇ ਹਨ। ਇਸ ਤੋਂ ਇਲਾਵਾ ਘਰਾਂ ਦੇ ਨਿੱਕੇ-ਮੋਟੇ ਝਗੜਿਆਂ ਕਰਕੇ ਵੀ ਬੱਚੇ ਆਪਣੇ ਮਾਂ- ਬਾਪ ਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੇ। ਅੱਜ ‘ਪਰਿਵਾਰ’ ਦਾ ਮਤਲਬ ਸਿਰਫ਼ ਪਤਨੀ ਅਤੇ ਬੱਚੇ ਹੋ ਗਏ ਹਨ। ਜਦੋਂ ਕਿ ਪਿਛਲਿਆਂ ਵਰਿੵਆਂ ਵਿਚ ਪਰਿਵਾਰ ਦਾ ਮਤਲਬ ਪਤਨੀ, ਬੱਚੇ, ਮਾਂ- ਬਾਪ, ਚਾਚੇ, ਤਾਏ, ਭੂਆ ਫੁਫੜ ਅਤੇ ਹੋਰ ਰਿਸ਼ਤੇਦਾਰ ਹੁੰਦੇ ਸਨ। ਸਾਡੇ ਸਮਾਜ ਵਿਚ ‘ਸਾਂਝੇ ਪਰਿਵਾਰਾਂ’ ਦਾ ਪ੍ਰਚੱਲਨ ਹੁੰਦਾ ਸੀ। ਪਿੰਡ ਦੀ ਨੂੰਹ/ ਧੀ ਕੇਵਲ ਇੱਕ ਪਰਿਵਾਰ ਦੀ ਨੂੰਹ/ ਧੀ ਹੀ ਨਹੀਂ ਸੀ ਸਮਝੀ ਜਾਂਦੀ ਬਲਕਿ ਉਹ ਸਾਰੇ ਪਿੰਡ ਦੀ ਨੂੰਹ / ਧੀ ਸਮਝੀ ਜਾਂਦੀ ਸੀ/ ਪਿੰਡ ਦੀ ਇੱਜ਼ਤ ਸਮਝੀ ਜਾਂਦੀ ਸੀ। ਅੱਜ ਬਜ਼ੁਰਗ ਮਾਂ- ਬਾਪ ਆਪਣੇ ਬੱਚਿਆਂ ਨੂੰ ਮਿਲਣ ਨੂੰ ਤਰਸ ਜਾਂਦੇ ਹਨ ਪਰ! ਬੱਚਿਆਂ ਦੇ ਸਿਰ ਤੇ ਕਾਮਯਾਬੀ ਅਤੇ ਪੈਸੇ ਦਾ ਭੂਤ ਸਵਾਰ ਹੋ ਗਿਆ ਹੈ ਜਾਂ ਇੰਝ ਕਹਿ ਲਵੋ ਕਿ ਸਮੇਂ ਨੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਬੱਚੇ ਚਾਹ ਕੇ ਵੀ ਆਪਣੇ ਛੋਟੇ ਪਿੰਡਾਂ-ਸ਼ਹਿਰਾਂ ਵਿਚ ਕਾਮਯਾਬੀ ਪ੍ਰਾਪਤ ਨਹੀਂ ਕਰ ਪਾਉਂਦੇ। ਇਸ ਲਈ ਉਹਨਾਂ ਨੂੰ ਮਜ਼ਬੂਰਨ ਘਰੋਂ ਬਾਹਰ ਨਿਕਲਣਾ ਹੀ ਪੈਂਦਾ ਹੈ। ਇਹ ਕੇਵਲ ਸਮੇਂ ਦੇ ਬਦਲਾਅ ਕਰਕੇ ਹੋ ਰਿਹਾ ਹੈ। ਕੋਰੋਨਾ ਕਾਲ ਵੇਲੇ ਕਈ ਧੀਆਂ-ਪੁੱਤਾਂ ਨੇ ਆਪਣੇ ਮ੍ਰਿਤਕ ਮਾਂ- ਬਾਪ ਦਾ ‘ਅੰਤਿਮ ਸੰਸਕਾਰ’ ਤੱਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੇ ‘ਸੰਸਕਾਰ’ ਸਾਡੇ ਸਮਾਜ ਦਾ ਹਿੱਸਾ ਨਹੀਂ ਕਹੇ ਜਾ ਸਕਦੇ। ਸਾਡੇ ਸਮਾਜ ਵਿਚ ਤਾਂ ‘ਸਰਵਣ ਪੁੱਤਰਾਂ’ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਖ਼ੈਰ! ਨੌਜਵਾਨ ਪੀੜ੍ਹੀ ਨੂੰ ਜਿੱਥੇ ਰੁਜ਼ਗਾਰ ਪ੍ਰਾਪਤੀ ਲਈ ਯਤਨ ਕਰਨੇ ਚਾਹੀਦੇ ਹਨ/ਪੈਸਾ ਕਮਾਉਣਾ ਚਾਹੀਦਾ ਹੈ ਉੱਥੇ ਹੀ ਆਪਣੇ ਸਮਾਜ ਦੀ ‘ਚੰਗੀ ਬਣਤਰ’ ਲਈ ਵੀ ਯਤਨ ਕਰਨੇ ਚਾਹੀਦੇ ਹਨ। ਜੇਕਰ ਸਾਡੇ ਸਮਾਜ ਵਿਚ ਇੰਝ ਹੀ ਗਿਰਾਵਟ ਵੱਧਦੀ ਗਈ ਤਾਂ ਅਸੀਂ ‘ਅਮੀਰ’ ਤਾਂ ਜ਼ਰੂਰ ਹੋ ਜਾਵਾਂਗੇ ਪਰ! ਸਾਡੀ ਸਮਾਜਿਕ ਬਣਤਰ ਢਹਿ-ਢੇਰੀ ਹੋ ਜਾਵੇਗੀ। ਉਦੋਂ ਸਾਡੇ ਕੋਲ ਪੈਸਾ, ਸ਼ੋਹਰਤ ਤੇ ਰੁਜ਼ਗਾਰ ਤਾਂ ਹੋਵੇਗਾ ਪਰ! ‘ਸਾਂਝੇ ਪਰਿਵਾਰ’ ਨਹੀਂ ਹੋਣਗੇ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009