22 July 2024

ਦੋ ਅਨੂਠੀਅਾਂ ਰਚਨਾਵਾਂ: (1) ਗਿਆਨ ਦਾ ਬੋਝ ਚੁਕੀ ਫਿਰਦੇ ਅਗਿਆਨੀ, ਅਤੇ (2) ਰੌਲੇ ਰੱਪੇ ਤੇਰੇ ਘਰ ਦੀ ਕਿਸਮਤ ਹੈ — ਡਾ. ਨਿਸ਼ਾਨ ਸਿੰਘ ਰਾਠੌਰ

ਗਿਆਨ ਦਾ ਬੋਝ ਚੁਕੀ ਫਿਰਦੇ ਅਗਿਆਨੀ — ਡਾ० ਨਿਸ਼ਾਨ ਸਿੰਘ ਰਾਠੌਰ

ਮੈਨੂੰ ਪੜ੍ਹਨ ਦੀ ਚੇਟਕ ਨਿੱਕੇ ਹੁੰਦਿਆਂ ਤੋਂ ਹੀ ਲੱਗ ਗਈ ਸੀ ਕਿਉਂਕਿ ਘਰ ਵਿਚ ਬਾਪੂ ਜੀ ਅਕਸਰ ਹੀ ਜਨਮ ਸਾਖੀਆਂ ਦਾ ਪਾਠ ਕਰਦੇ ਹੁੰਦੇ ਸਨ। ਅਸੀਂ ਜੁਆਕ ਕੋਲ ਬੈਠ ਕੇ ਸੁਣਿਆ ਕਰਦੇ। ਫਿਰ ਸਹਿਜੇ-ਸਹਿਜੇ ਆਪ ਪੜ੍ਹਨ ਦਾ ਯਤਨ ਕਰਨ ਲੱਗੇ। ਇਹ ਆਦਤ ਅੱਗੇ ਚੱਲ ਕੇ ਹੋਰ ਪੁਸਤਕਾਂ ਪੜ੍ਹਨ ਦੀ ਪੈ ਗਈ।

ਇਸ ਪੜ੍ਹਨ-ਪੜ੍ਹਾਉਣ ਦੀ ਆਦਤ ਕਰਕੇ ਕਿਤੇ ਕਹਾਣੀ ਪੜ੍ਹੀ ਸੀ। ਕਿਤਾਬ ਦਾ ਨਾਂਅ ਅਤੇ ਸੰਨ ਜ਼ਿਹਨ ’ਚ ਨਹੀਂ। ਖ਼ੈਰ, ਕਹਾਣੀ ਇੰਝ ਆਉਂਦੀ ਹੈ; ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਬਾਹਰ ਘੱਲਿਆ। ਕਈ ਵਰ੍ਹਿਆਂ ਮਗ਼ਰੋਂ ਪੁੱਤਰ ਸਿੱਖਿਆ ਲੈ ਕੇ ਆਪਣੇ ਘਰ ਵੱਲ ਨੂੰ ਮੁੜਿਆ ਆ ਰਿਹਾ ਸੀ। ਸਵੇਰ ਦਾ ਵੇਲੇ ਸੀ। ਸੂਰਜ ਚੜ੍ਹ ਰਿਹਾ ਸੀ। ਸੂਰਜ ਦੀ ਰੋਸ਼ਨੀ ਵਿਚ ਪਿਤਾ ਨੇ ਦੇਖਿਆ; ਦੂਰ ਖੇਤਾਂ ਵਿੱਚੋਂ ਲੰਘਦਾ ਉਸਦਾ ਪੁੱਤਰ ਘਰ ਵੱਲ ਨੂੰ ਆ ਰਿਹਾ ਹੈ। ਪੁੱਤਰ ਦੀ ਚਾਲ ਦੇਖ ਕੇ ਪਿਤਾ ਉਦਾਸ ਹੋ ਗਿਆ। ਪਿਤਾ ਨੇ ਆਪਣੇ ਪੁੱਤਰ ਦੀ ਚਾਲ ਵਿਚੋਂ ਹੰਕਾਰ ਨੂੰ ਤੁਰਿਆ ਆਉਂਦਾ ਦੇਖ ਲਿਆ। ਹੰਕਾਰ ਦੀ ਕਮੀ ਹੁੰਦੀ ਹੈ ਕਿ ਉਹ ਆਪਣੇ ਆਉਣ ਤੋਂ ਪਹਿਲਾਂ ਆਪਣਾ ਪ੍ਰਗਟਾਵਾ ਕਰ ਦਿੰਦਾ ਹੈ/ ਆਪਣਾ ਅਹਿਸਾਸ ਕਰਵਾ ਦਿੰਦਾ ਹੈ। ਪੁੱਤਰ ਦੀ ਚਾਲ ਤੋਂ ਆਕੜ ਦਾ ਸਹਿਜੇ ਹੀ ਅੰਦਾਜ਼ਾ ਲਗਾ ਕੇ ਪਿਤਾ ਉਦਾਸੀ ਦੇ ਆਲਮ ਵਿਚ ਘਿਰ ਗਿਆ।

ਬੂਹੇ ਤੇ ਆ ਕੇ ਪੁੱਤਰ ਨੇ ਪਿਤਾ ਨੂੰ ਮੱਥਾ ਟੇਕਿਆ ਪਰ! ਅੰਦਰੋਂ ਨਹੀਂ ਝੁਕਿਆ। ਇਹੋ ਤਾਂ ਹੰਕਾਰ ਦਾ ਪ੍ਰਗਟਾਵਾ ਹੈ। ਬੰਦਾ ਆਪਣੇ- ਆਪ ਨੂੰ ਗਿਆਨੀ ਸਮਝਣ ਲੱਗ ਪੈਂਦਾ ਹੈ। ਜਿਵੇਂ ਸਭ ਕੁਝ ‘ਜਾਣ’ ਲਿਆ ਹੋਵੇ। ਅੰਦਰੋਂ ਖਾਲੀ ਬੰਦੇ ਅਕਸਰ ਹੀ ਭਰੇ ਹੋਣ ਦਾ ਦਿਖਾਵਾ ਵੱਧ ਕਰਦੇ ਹਨ। ਕੁਝ ਨਹੀਂ ਜਾਣਦਾ ਬੰਦਾ ਵੀ ਬਹੁਤ ਕੁਝ ਜਾਣਨ ਦਾ ਪ੍ਰਗਟਾਵਾ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਖ਼ੈਰ,

ਪਿਤਾ ਨੇ ਪੁੱਛਿਆ, ‘ਕੁਝ ‘ਜਾਣ’ ਕੇ ਆਇਐਂ?’

‘ਸਭ ਕੁਝ ਜਾਣ ਲਿਆ ਹੈ ਪਿਤਾ ਜੀ।’ ਪੁੱਤਰ ਨੇ ਹੰਕਾਰ ਵੱਸ ਕਿਹਾ।

ਸਭ ਕੁਝ?

‘ਜੀ, ਸਾਰੇ ਗ੍ਰੰਥ, ਸਾਰੀਆਂ ਕਿਤਾਬਾਂ, ਸਾਰੇ ਮੰਤਰ। ਮੈਂ ਸਭ ਕੁਝ ਜਾਣ ਗਿਆ ਹਾਂ।’ ਪੁੱਤਰ ਨੇ ਉਸੇ ਲਹਿਜੇ ਵਿਚ ਕਿਹਾ।

‘ਉਸ ‘ਇੱਕ’ ਨੂੰ ਜਾਣਿਆ?’ ਪਿਤਾ ਨੇ ਸਵਾਲ ਪੁੱਛਿਆ।

‘ਕਿਹੜੇ ਇੱਕ ਨੂੰ?’ ਪੁੱਤਰ ਹੈਰਾਨੀ ਨਾਲ ਬੋਲਿਆ।

ਆਪਣੇ- ਆਪ ਨੂੰ।

‘ਨਹੀਂ। ਇਸ ਵਿਸ਼ੇ ਬਾਰੇ ਸਾਨੂੰ ਕੁਝ ਨਹੀਂ ਪੜ੍ਹਾਇਆ ਗਿਆ।’

‘ਫੇਰ ਤੂੰ ਕੁਝ ਵੀ ਪੜ੍ਹ ਕੇ ਨਹੀਂ ਆਇਆ। ਸਿਰਫ਼ ਕਿਤਾਬਾਂ/ ਗ੍ਰੰਥਾਂ/ ਮੰਤਰਾਂ ਨੂੰ ਰੱਟਾ ਮਾਰ ਕੇ ਆਇਆ ਹੈਂ। ਤੈਨੂੰ ਸਿੱਖਿਆ ਨਹੀਂ ਮਿਲੀ। ਤੈਨੂੰ ਸਹੀ ਅਰਥਾਂ ਵਿਚ ਗਿਆਨ ਨਹੀਂ ਹੋਇਆ ਬਲਕਿ ਗਿਆਨ ਦੀ ਇਵਜ਼ ਵਿਚ ਅਗਿਆਨਤਾ ਦਾ ਨਸ਼ਾ ਹੋ ਗਿਆ ਹੈ।

ਪੁੱਤਰ ਚੁੱਪਚਾਪ ਖ਼ੜਾ ਸੁਣਦਾ ਰਿਹਾ।

‘ਤੈਨੂੰ ਦੁਬਾਰਾ ਜਾਣਾ ਪੈਣਾ ਹੈ। ਤੇਰੀ ਸਿੱਖਿਆ ਅਧੂਰੀ ਹੈ। ਤੈਨੂੰ ਗਿਆਨ ਨਹੀਂ ਹੋਇਆ ਬਲਕਿ ਗਿਆਨ ਦਾ ਹੰਕਾਰ ਹੋ ਗਿਆ ਹੈ।’

ਖ਼ੈਰ, ਗੱਲ ਕੀ। ਪੁੱਤਰ ਵਾਪਸ ਚਲਾ ਗਿਆ।

ਵਕਤ ਲੰਘਦਾ ਰਿਹਾ। ਕਈ ਵਰਿੵਅਾਂ ਮਗ਼ਰੋਂ ਪੁੱਤਰ ਫੇਰ ਮੁੜ ਆਇਆ। ਹੁਣ ਚਾਲ ਵਿਚ ਨਿਮਰਤਾ ਸੀ। ਅੱਖਾਂ ਵਿਚ ਗਿਆਨ ਦੀ ਚਮਕ ਸੀ। ਮਨ ਦੇ ਅੰਦਰੋਂ ਹਉਮੈ ਦੂਰ ਹੋ ਚੁਕੀ ਸੀ। ਅੱਖਾਂ ਵਿਚ ਜਿੱਥੇ ਚਮਕ ਸੀ ਉੱਥੇ ਹੀ ਪਹਿਲਾਂ ਕੀਤੇ ਗੁਨਾਂਹ ਲਈ ਪਛਤਾਵੇ ਦੇ ਹੰਝੂ ਸਨ। ਆਉਂਦਿਆਂ ਪਿਤਾ ਤੇ ਪੈਰਾਂ ਤੇ ਸਿਰ ਰੱਖ ਦਿੱਤਾ। ਹੁਣ ਗਿਆਨ ਦਾ ਹੰਕਾਰ ਨਹੀਂ ਸੀ ਬਲਕਿ ਸਹੀ ਅਰਥਾਂ ਵਿਚ ਗਿਆਨ ਦਾ ਪ੍ਰਗਟਾਵਾ ਸੀ। ਪੁੱਤਰ ਦਾ ਜਿੱਥੇ ਸਿਰ ਝੁੱਕਿਆ ਹੋਇਆ ਸੀ ਉੱਥੇ ਹੀ ਅੰਦਰਲਾ ਸਖ਼ਸ਼ ਵੀ ਝੁੱਕਿਆ ਹੋਇਆ ਸੀ। ਪਿਤਾ ਨੇ ਪੁੱਤਰ ਚੁੱਕ ਕੇ ਸੀਨੇ ਨਾਲ ਲਗਾ ਲਿਆ ਅਤੇ ਕਿਹਾ,

‘ਹੁਣ ਮੈਨੂੰ ਕੁਝ ਪੁੱਛਣ ਦੀ ਜ਼ਰੂਰਤ ਨਹੀਂ ਅਤੇ ਤੈਨੂੰ ਕੁਝ ਦੱਸਣ ਦੀ। ’ਹੰਕਾਰ ਜਿੱਥੇ ਆਪਣੇ ਮੌਜੂਦਗੀ ਦਾ ਅਹਿਸਾਸ ਕਰਵਾਉਂਦਾ ਹੈ ਉੱਥੇ ਹੀ ਗਿਆਨ ਵੀ ਆਪਣੇ ਮੌਜੂਦਗੀ ਦਾ ਪ੍ਰਗਟਾਵਾ’ ਕਰ ਦਿੰਦਾ ਹੈ। ਆਪਣੀ ਹੋਂਦ ਨੂੰ ਪ੍ਰਤੱਖ ਕਰ ਦਿੰਦਾ ਹੈ।

ਗਿਆਨ ਵਿਚ ਨਿਮਰਤਾ ਅਤੇ ਮਿੱਠਾਪਣ ਹੁੰਦਾ ਹੈ ਅਤੇ ਹੰਕਾਰ ਵਿਚ ਆਕੜ ਅਤੇ ਹਉਮੈ। ਖ਼ੈਰ!

ਇਹ ਕਹਾਣੀ ਪੜ੍ਹ ਕੇ ਲੱਗਿਆ ਕਿ ਜਿਵੇਂ ਇਹ ਅੱਜ ਦੇ ਸਮਾਜ ਵਿਚ ਵਿਚਰ ਰਹੇ ਹਰ ਸਖ਼ਸ਼ ਦੀ ਆਪਣੀ ਕਹਾਣੀ ਹੈ। ਅੱਜ ਹਰ ਖ਼ੇਤਰ ਵਿਚ 99 ਫ਼ੀਸਦੀ ਲੋਕ ਗਿਆਨੀ ਨਹੀਂ ਹੁੰਦੇ ਬਲਕਿ ਗਿਆਨ ਦੇ ‘ਹੰਕਾਰ’ ਵਿਚ ਅਗਿਆਨੀ ਬਣੇ ਤੁਰੇ ਫਿਰਦੇ ਹਨ। ਅਜਿਹੇ ਲੋਕ ਗਿਆਨ ਦੀ ਇਵਜ਼ ਵਿਚ ਅਗਿਆਨਤਾ ਦਾ ਪ੍ਰਚਾਰ- ਪ੍ਰਸਾਰ ਕਰਦੇ ਹਨ।

ਪਰ! ਗਿਆਨੀ ਵਿਅਕਤੀ ਦੀ ਪਛਾਣ ਨਿਮਰਤਾ ਅਤੇ ਮਿੱਠਾਪਣ ਹੁੰਦਾ ਹੈ। ਗਿਆਨ ਦਾ ਬੋਝ ਸਿਰ ਉੱਪਰ ਚੁੱਕ ਕੇ ਹਜ਼ਾਰਾਂ ਵਿਦਵਾਨ ਵਿੱਦਵਤਾ ਤੋਂ ਕੋਹਾਂ ਦੂਰ ਅਗਿਆਨਤਾ ਦੇ ਹਨ੍ਹੇਰੇ ਵਿਚ ਗੁਆਚੇ ਫਿਰਦੇ ਹਨ / ਭਟਕਦੇ ਫਿਰਦੇ ਹਨ। ਗਿਆਨ ਦਾ ਮੁੱਢਲਾ ਸਬਕ ਖ਼ੁਦ ਨੂੰ ਜਾਣ ਲੈਣਾ ਹੈ। ਜਿਹੜਾ ਮਨੁੱਖ ਖ਼ੁਦ ਨੂੰ ਜਾਣ ਗਿਆ ਉਸਨੂੰ ਫਿਰ ਕੁਝ ਹੋਰ ਜਾਣਨ ਦੀ ਜ਼ਰੂਰਤ ਨਹੀਂ ਹੁੰਦੀ/ ਕੁਝ ਹੋਰ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ।

ਆਖ਼ਰ ਵਿਚ ਅੱਜ ਦੇ ਮਨੁੱਖ ਨੂੰ ਸਹੀ ਅਰਥਾਂ ਵਿਚ ਗਿਆਨਵਾਨ ਬਣਨ ਲਈ ਯਤਨ ਕਰਨੇ ਚਾਹੀਦੇ ਹਨ ਨਾ ਕਿ ਹੰਕਾਰ ਨਾਲ ਲਬਰੇਜ਼ ਸਖ਼ਸ਼ੀਅਤ; ਜਿਹੜੀ ਮਣਾਂ – ਮੂੰਹੀਂ ‘ਗਿਆਨਤਾ’ ਦਾ ਭਾਰ ਆਪਣੇ ਮੋਢਿਆਂ ਉੱਪਰ ਚੁੱਕੀ ਫਿਰਦੀ ਆਮ ਲੋਕਾਂ ਲਈ ਦੁੱਖ ਅਤੇ ਤਕਲੀਫ਼ ਦਾ ਕਾਰਨ ਬਣਦੀ ਹੈ। ਗਿਆਨ ਜਿੱਥੇ ਸਹਿਜ ਹੁੰਦਾ ਹੈ ਅਗਿਆਨ ਉੱਥੇ ਅਸਹਿਜ। ਗਿਆਨ ਦਿਖਾਵੇ ਤੋਂ ਪਰ੍ਹੇ ਹੁੰਦਾ ਹੈ ਅਤੇ ਗਿਆਨਤਾ ਦੀ ਪਛਾਣ ਹੀ ਦਿਖਾਵੇ ਅਤੇ ਭੇਖ ਵਿਚ ਹੁੰਦੀ ਹੈ। ਇਸ ਲਈ ਮਨੁੱਖ ਨੂੰ ਸਹੀ ਅਰਥਾਂ ਵਿਚ ਗਿਆਨਵਾਨ ਬਣਨ ਲਈ ਯਤਨ ਕਰਨੇ ਚਾਹੀਦੇ ਹਨ।

ਸੰਪਰਕ : 90414-98009
***

ਰੌਲੇ ਰੱਪੇ ਤੇਰੇ ਘਰ ਦੀ ਕਿਸਮਤ ਹੈ – – – ਡਾ• ਨਿਸ਼ਾਨ ਸਿੰਘ ਰਾਠੌਰ

ਮੇਰਾ ਛੋਟਾ ਬੇਟਾ ਪਵਨੂਰ ਅਜੇ ਛੇਆਂ ਵਰਿੵਅਾਂ ਦਾ ਵੀ ਨਹੀਂ ਹੋਇਆ ਪਰ ਇੱਲਤਾਂ; ਰਹੇ ਰੱਬ ਦਾ ਨਾਂਅ। ਉਸਦੀ ਮਾਂ ਪੰਜ-ਸੱਤ ਮਿੰਟ ਇੱਧਰ- ਉੱਧਰ ਹੋਈ ਨਹੀਂ ਕਿ ਘਰ ਵਿਚ ਬੈੱਡ ਦੀ ਚਾਦਰ, ਡਾਈਨਿੰਗ ਟੇਬਲ ਦਾ ਕੱਪੜਾ, ਫ਼ਰਿਜ਼ ਦਾ ਸਾਮਾਨ, ਬਾਥਰੂਮ ਦੀ ਸਾਬਣ ਅਤੇ ਤੋਲੀਏ। ਸਭ ਕੁਝ ਉਲਟ- ਪੁਲਟ ਹੋ ਜਾਂਦਾ ਹੈ। ਬਾਹਰੋਂ ਚੱਪਲਾਂ ਅਤੇ ਸੈਂਡਲ ਮਿੱਟੀ ਨਾਲ ਲਬੇੜ ਕੇ ਸਿੱਧਾ ਬਾਥਰੂਮ ਵਿੱਚ ਵੜ ਜਾਣਾ ਉਸਦਾ ਨਿੱਤ ਦਾ ਕੰਮ ਹੈ।

ਉਸਦੇ ਕਿਸੇ ਵੀ ਖਿਡੌਣੇ ਦਾ ਜੀਵਨ ਇੱਕ ਦਿਨ ਤੋਂ ਵੱਧ ਨਹੀਂ ਹੁੰਦਾ। ਪਵਨੂਰ ਦੇ ਸਕੂਲੋਂ ਆਉਣ ਮਗ਼ਰੋਂ ਉਸਦੇ ਖਿਡੌਣਿਆਂ ਵਿੱਚ ਉਸਦੀ ਘੜੀ, ਕਾਰ, ਸਕੂਟਰ, ਟੀ• ਵੀ• ਦਾ ਰਿਮੋਟ ਅਤੇ ਆਪਣੀ ਮਾਂ ਦੇ ਮੇਕਅੱਪ ਦਾ ਸਾਮਾਨ; ਘਰ ਵਿੱਚ ਥਾਂ– ਥਾਂ ’ਤੇ ਖਿੱਲਰਿਆ ਹੋਣਾ ਆਮ ਜਿਹੀ ਗੱਲ ਹੈ।

ਵੱਡੇ ਬੇਟੇ ਅਸ਼ਨੂਰ ਨਾਲ ਗੁੱਥਮ- ਗੁੱਥਾ/ ਗੁੱਸੇ ਹੋਣਾ ਅਤੇ ਉਸਦੀਆਂ ਸ਼ਿਕਾਇਤਾਂ ਲਗਾਉਣੀਆਂ ਕੋਈ ਨਵੀਂ ਗੱਲ ਨਹੀਂ ਹੈ। ਉੱਤੋਂ ਦੋਹਾਂ ਬੱਚਿਆਂ ਦੀਆਂ ਦਲੀਲਾਂ ਸੁਣ ਕੇ ‘ਕਸੂਰਵਾਰ’ ਬੱਚਾ ਲੱਭਣਾ ਮੇਰੇ ਲਈ ਅਕਸਰ ਹੀ ਅਸੰਭਵ ਕਾਰਜ ਹੁੰਦਾ ਹੈ। ਇਸ ਲਈ ਮੈਂ ਉਹਨਾਂ ਦੇ ਨਿੱਤ ਦੇ ਝਗੜੇ ਨੂੰ ਸੁਲਝਾਉਣ ਦੇ ਮਸਲੇ ਵਿਚ ਪੈਂਦਾ ਹੀ ਨਹੀਂ।

ਉਹਨਾਂ ਦੀ ਮਾਂ ਬਹੁਤ ਗੁੱਸਾ ਕਰਦੀ ਹੈ/ ਝਿੜਕਦੀ ਹੈ/ ਕਲਪਦੀ ਹੈ ਅਤੇ ਕਦੇ- ਕਦਾਈਂ ਮੈਨੂੰ ਵੀ ਕਹਿੰਦੀ ਹੈ ਕਿ ਤੁਸੀਂ ਕੁਝ ਆਖਦੇ ਨਹੀਂ / ਝਿੜਕਦੇ ਨਹੀਂ। ਦੋਹਾਂ ਬੱਚਿਆਂ ਨੂੰ ਸਿਰ ’ਤੇ ਚੜ੍ਹਾਇਆ ਹੋਇਆ ਹੈ।

ਪਰ, ਮੈਨੂੰ ਇਹ ਸਭ ਕੁਝ ਚੰਗਾ ਲੱਗਦਾ ਹੈ। ਇਹੀ ਉਮਰ ਇੱਲਤਾਂ / ਸ਼ਰਾਰਤਾਂ ਕਰਨ ਦੀ ਹੈ। ਫੇਰ ਤਾਂ ਘਰ ਸੁੰਨਸਾਨ ਪਏ ਰਹਿੰਦੇ; ਮੈਂ ਅੱਖੀਂ ਦੇਖੇ ਹਨ। ਘਰਾਂ ਵਿੱਚ ਬੈੱਡਾਂ ’ਤੇ ਚਾਦਰਾਂ ਵਿਛੀਆਂ ਰਹਿੰਦੀਆਂ ਹਨ। ਡਾਈਨਿੰਗ ਟੇਬਲ ਖ਼ਾਲੀ ਪਏ ਰਹਿੰਦੇ ਹਨ। ਬਾਥਰੂਮ ਸਾਫ਼- ਸੁੱਥਰੇ, ਲਿਸ਼ਕਦੇ ਰਹਿੰਦੇ ਹਨ।

ਬੱਚੇ ਵੱਡੇ ਕੀ ਹੁੰਦੇ ਹਨ ਸਭ ਹਾਸੇ, ਗੁੱਸੇ, ਰੋਸੇ, ਇੱਲਤਾਂ, ਸ਼ਿਕਾਇਤਾਂ, ਰੌਣਕਾਂ ਸਭ ਕੁਝ ਖੰਭ ਲਾ ਕੇ ਉੱਡ– ਪੁੱਡ ਜਾਂਦੀਆਂ ਹਨ। ਫਿਰ ਅਸੀਂ ਰੌਲੇ- ਰੱਪੇ ਨੂੰ ਤਰਸਦੇ ਹਾਂ। ਪਰ ਉਦੋਂ ਤੱਕ ਘਰ ਦੀਆਂ ਕੰਧਾਂ ਲੰਮੀ ਚੁੱਪ ਧਾਰ ਲੈਂਦੀਆਂ ਹਨ। ਫੇਰ ਸਾਡੇ ਕੰਨ ਸ਼ਿਕਾਇਤਾਂ ਸੁਣਨ ਨੂੰ ਤਰਸ ਜਾਂਦੇ ਹਨ। ਫੇਰ ਅਸੀਂ ਘਰ ਦੀ ਸਾਫ਼ – ਸਫ਼ਾਈ ਤੋਂ ਅੱਕ ਜਾਂਦੇ ਹਾਂ।

ਬੱਚੇ ਜਦੋਂ ਨਿੱਕੇ ਹੁੰਦੇ ਹਨ ਤਾਂ ਉਹ ਆਪਣੇ ਮਾਂ- ਬਾਪ ਨਾਲ ਗੱਲਾਂ ਕਰਨਾ ਚਾਹੁੰਦੇ ਹਨ, ਖੇਡਣਾ ਚਾਹੁੰਦੇ ਹਨ, ਹੱਸਣਾ ਚਾਹੁੰਦੇ ਹਨ ਪਰ ਮਾਂ– ਬਾਪ ਆਪਣੇ ਕੰਮਾਂ- ਕਾਰਾਂ ਵਿਚ ਮਸ਼ਰੂਫ਼ ਹੁੰਦੇ ਹਨ / ਮੋਬਾਈਲ ਫ਼ੋਨਾਂ ਵਿੱਚ ਮਸ਼ਰੂਫ਼ ਹੁੰਦੇ ਹਨ। ਸਮਾਂ ਲੰਘਣ ਮਗ਼ਰੋਂ ਮਾਂ– ਬਾਪ ਆਪਣੇ ਬੱਚਿਆਂ ਨਾਲ ਗੱਲਾਂ ਕਰਨਾ ਚਾਹੁੰਦੇ ਹਨ / ਖੇਡਣਾ ਚਾਹੁੰਦੇ ਹਨ / ਹੱਸਣਾ ਚਾਹੁੰਦੇ ਹਨ ਤਾਂ ਉਦੋਂ ਬੱਚਿਆਂ ਕੋਲ ਵਕਤ ਨਹੀਂ ਹੁੰਦਾ। ਉਹ ਪੜ੍ਹਨ- ਪੜ੍ਹਾਉਣ ਵਿਚ ਮਸ਼ਰੂਫ਼ ਹੋ ਜਾਂਦੇ ਹਨ / ਦੂਰ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ। ਖ਼ੈਰ,

ਇਹ ਤਾਂ ਜ਼ਿੰਦਗੀ ਦੀ ਤਲਖ਼ ਹਕੀਕਤ ਹੈ। ਜਿਹੜਾ ਅੱਜ ਬੱਚਾ ਹੈ ਕੱਲ੍ਹ ਨੂੰ ਉਸਨੇ ਜਵਾਨ ਵੀ ਹੋਣਾ ਹੈ। ਜਿਹੜਾ ਜਵਾਨ ਹੈ ਉਸਨੇ ਬਜ਼ੁਰਗ ਹੋਣਾ ਹੈ। ਵਕਤ ਦਾ ਪਹੀਆ ਕਦੇ ਕਿਸੇ ਲਈ ਨਹੀਂ ਰੁਕਦਾ। ਪਰ, ਜਿਸ ਬੰਦੇ ਨੇ ਵਕਤ ਦੇ ਨਾਲ ਤੁਰਨਾ ਸਿੱਖ ਲਿਆ / ਸਹੀ ਅਰਥਾਂ ਵਿਚ ਉਹੀ ਸੂਝਵਾਨ ਮਨੁੱਖ ਹੈ/ ਸਿਆਣਾ ਮਨੁੱਖ ਹੈ।

ਅੱਜ ਤੁਹਾਡੇ ਘਰ ਖ਼ੁਸ਼ੀਆਂ / ਖੇੜੇ / ਹਾਸੇ / ਰੋਸੇ / ਇੱਲਤਾਂ / ਸ਼ਿਕਾਇਤਾਂ; ਸਭ ਕੁਝ ਹੈ ਪਰ ਤੁਸੀਂ ਖੁਦ ਗ਼ੈਰ ਹਾਜ਼ਰ ਹੋ। ਜਦੋਂ ਤੱਕ ਤੁਸੀਂ ਹਾਜ਼ਰ ਹੋਵੋਗੇ/ ਵਾਪਸ ਮੁੜੋਗੇ ਉਦੋਂ ਤੱਕ ਇਹ ਰੱਬੀ ਨਿਆਮਤਾਂ ਗ਼ੈਰ ਹਾਜ਼ਰ ਹੋ ਜਾਣਗੀਆਂ / ਖੰਭ ਲਾ ਕੇ ਉੱਡ- ਪੁੱਡ ਜਾਣਗੀਆਂ।

ਸੋ ਦੋਸਤੋ, ਜ਼ਿੰਦਗੀ ਵਿਚ ਵਰਤਮਾਨ ਸਮੇਂ ਦੀ ਕਦਰ ਕਰੋ। ਆਪਣੇ ਘਰ- ਪਰਿਵਾਰ ਨੂੰ ਵਕਤ ਦਿੰਦੇ ਰਹੋ। ਹੱਸੋ, ਖੇਡੋ ਅਤੇ ਜ਼ਿੰਦਗੀ ਦੀਆਂ ਖੱਟੀਆਂ – ਮਿੱਠੀਆਂ ਯਾਦਾਂ ਨੂੰ ਆਪਣੇ ਜ਼ਿਹਨ / ਮਨ ’ਚ ਸਾਂਭ ਲਵੋ ਤਾਂ ਕਿ ਬੁਢਾਪੇ ਵਿੱਚ ਇਹ ਯਾਦਾਂ; ਸੁਨਹਿਰੀ ਸਮੇਂ ਦੀ ਯਾਦ ਦੁਆਉਂਦੀਆਂ ਰਹਿਣ। ਗ਼ਜ਼ਲ ਦੇ ਇੱਕ ਸ਼ੇਅਰ ਨਾਲ ਗੱਲ ਖ਼ਤਮ ਕਰਦੇ ਹਾਂ;

“ਰੌਲੇ ਰੱਪੇ ਤੇਰੇ ਘਰ ਦੀ ਕਿਸਮਤ ਹੈ
ਚੁੱਪਾਂ ਆ ਕੇ ਵੇਖ ਕਦੇ ਸ਼ਮਸ਼ਾਨ ਦੀਆਂ।”

ਜਿਉਂਦੇ- ਵੱਸਦੇ ਰਹੋ ਸਾਰੇ।

ਸੰਪਰਕ : 90414-98009

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1364
***

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →