6 December 2024

ਕੁਦਰਤ ਨਾਲ ਇੱਕ-ਮਿੱਕ ਹੋਣਾ ਸਿੱਖੀਏ—ਡਾ: ਨਿਸ਼ਾਨ ਸਿੰਘ ਰਾਠੌਰ

ਮਨੁੱਖ ਦਾ ਸੁਭਾਅ ਹੁੰਦਾ ਹੈ ਕਿ ਉਹ ਵਸਤੂ ਨੂੰ ਆਪਣੇ ਵੱਲੋਂ ਬਣਾਏ ਗਏ ਪੈਮਾਨੇ ਵਿੱਚੋਂ ਕੱਢਣਾ ਚਾਹੁੰਦਾ ਹੈ। ਮਸਲਨ; ਘਰ, ਸਮਾਜ ਅਤੇ ਮੁਲਕ ਵਿਚ ਜੋ ਕੁਝ ਵਾਪਰਦਾ ਹੈ; ਉਹ ਇਹਨਾਂ ਘਟਨਾਵਾਂ ਨੂੰ ਆਪਣੇ ਮਨ ਦੇ ਮੁਤਾਬਕ ਵਾਪਰਦਾ ਦੇਖਣਾ ਚਾਹੁੰਦਾ ਹੈ। ਆਪਣੇ ਘਰ ਦੇ ਜੀਆਂ ਦੇ ਸੁਭਾਅ ਅਤੇ ਰਹਿਣ-ਸਹਿਣ ਨੂੰ ਆਪਣੇ ਅਨੁਕੂਲ ਕਰਨਾ ਚਾਹੁੰਦਾ ਹੈ। ਦੂਜਿਆਂ ਕੋਲੋਂ ਆਪਣੀ ਪਸੰਦ ਦੀ ਗੱਲ ਨੂੰ ਸੁਣਨਾ ਚਾਹੁੰਦਾ ਹੈ।

ਬਿਲਕੁਲ ਇੰਝ ਹੀ ਆਪਣੇ ਸਰੀਰ ਅਤੇ ਮਨ ਦੇ ਮੁਤਾਬਕ ਮੌਸਮ ਨੂੰ ਵੀ ਬਦਲਣਾ ਚਾਹੁੰਦਾ ਹੈ। ਕੁਦਰਤ ਵੱਲੋਂ ਕੀਤੇ ਹੋਏ ਬਦਲਾਅ ਅਕਸਰ ਮਨੁੱਖ ਨੂੰ ਚੁੱਬਦੇ ਹਨ। ਮਨੁੱਖ ਜਿੱਥੇ ਬਹੁਤੀ ਠੰਢ ਵਿਚ ਪ੍ਰੇਸ਼ਾਨ ਹੋ ਜਾਂਦਾ ਹੈ ਉੱਥੇ ਹੀ ਬਹੁਤੀ ਗਰਮੀ ਨੂੰ ਵੀ ਬਰਦਾਸ਼ਤ ਨਹੀਂ ਕਰ ਪਾਉਂਦਾ। ਜਿਸ ਤਰ੍ਹਾਂ ਅੱਜਕਲ੍ਹ ਠੰਢ ਦਾ ਮੌਸਮ ਹੈ। ਕਈ ਦਿਨਾਂ ਤੋਂ ਸੂਰਜ ਨਹੀਂ ਚੜ ਰਿਹਾ। ਲੋਕ ਇਸ ਠੰਢ ਤੋਂ ਨਿਜਾਤ ਪਾਉਣਾ ਚਾਹੁੰਦੇ ਹਨ। ਸੋਸ਼ਲ- ਮੀਡੀਆ ਉੱਪਰ ਸੂਰਜ ਨਾ ਚੜ੍ਹਨ ਕਰਕੇ ਕਈ ਤਰ੍ਹਾਂ ਦੇ ਸੰਦੇਸ਼ ਚਰਚਾ ਦਾ ਵਿਸ਼ਾ ਬਣਦੇ ਰਹਿੰਦੇ ਹਨ।

ਫ਼ਰਵਰੀ ਮਹੀਨੇ ਦੇ ਅੱਧ ਵਿਚ ਜਦੋਂ ਸੂਰਜ ਤੇਜ ਚੜ੍ਹਨ ਲੱਗਾ ਤਾਂ ਲੋਕਾਂ ਨੇ ਫਿਰ ਆਖਣਾ ਸ਼ੁਰੂ ਕਰ ਦੇਣਾ ਹੈ ਕਿ ਜੇਕਰ ਫ਼ਰਵਰੀ ਮਹੀਨੇ ਵਿਚ ਇੰਨੀ ਗਰਮੀ ਹੈ ਤਾਂ ਜੂਨ-ਜੁਲਾਈ ਵਿਚ ਕੀ ਹੋਵੇਗਾ? ਕਹਿ ਤੋਂ ਭਾਵ; ਮਨੁੱਖ ਆਪਣੇ-ਆਪ ਨੂੰ ਕੁਦਰਤ ਦੇ ਅਨੁਕੂਲ ਨਹੀਂ ਢਾਲਣਾ ਚਾਹੁੰਦਾ ਬਲਕਿ ਕੁਦਰਤ ਨੂੰ ਆਪਣੇ ਮੁਤਾਬਕ ਰੱਖਣਾ ਚਾਹੁੰਦਾ ਹੈ। ਪਰ ਅਜਿਹਾ ਸੰਭਵ ਨਹੀਂ ਹੈ।

ਸਿਆਣਿਆਂ ਦਾ ਕਹਿਣਾ ਹੈ ਕਿ ਹਰ ਮੌਸਮ ਦਾ ਆਪਣਾ ਵੱਖਰਾ ਆਨੰਦ ਹੈ। ਇਸ ਲਈ ਹਰ ਮੌਸਮ ਦਾ ਆਨੰਦ ਲੈਣਾ ਚਾਹੀਦਾ ਹੈ। ਠੰਢ ਵਿਚ ਠੰਢ ਅਤੇ ਗਰਮੀ ਵਿਚ ਗਰਮੀ। ਇੰਝ ਹੀ ਬਰਸਾਤ ਦੇ ਮੌਸਮ ਵਿਚ ਬਰਸਾਤ ਦਾ ਅਤੇ ਪਤਝੜ ਦੇ ਮੌਸਮ ਵਿਚ ਪਤਝੜ ਦਾ ਲੁਤਫ਼ ਲੈਣਾ ਚਾਹੀਦਾ ਹੈ।

ਦੂਜੀ ਗੱਲ, ਕੁਦਰਤ ਨੇ ਲੱਖਾਂ ਤਰ੍ਹਾਂ ਦੀ ਬਨਸਪਤੀ ਪੈਦਾ ਕਰਨੀ ਹੁੰਦੀ ਹੈ। ਲੱਖਾਂ ਜੀਵਾਂ ਨੂੰ ਭੋਜਨ ਪ੍ਰਦਾਨ ਕਰਨਾ ਹੁੰਦਾ ਹੈ। ਮੌਸਮ ਕਰਕੇ ਕਈ ਤਰ੍ਹਾਂ ਦੇ ਫਲ- ਫੁੱਲ ਪੈਦਾ ਹੁੰਦੇ ਹਨ। ਜੇਕਰ ਇੱਕੋ ਤਰ੍ਹਾਂ ਦਾ ਮੌਸਮ ਹੋ ਗਿਆ ਤਾਂ ਧਰਤੀ ਤੋਂ ਹਜ਼ਾਰਾਂ ਤਰ੍ਹਾਂ ਦੇ ਜੀਵ- ਜੰਤੂ ਖ਼ਤਮ ਹੋ ਜਾਣਗੇ।

ਕੁਦਰਤ ਨਾਲ ਇੱਕ-ਮਿੱਕ ਹੋਇਆ ਮਨੁੱਖ ਕਦੇ ਨਿਰਾਸ਼ ਨਹੀਂ ਹੁੰਦਾ ਬਲਕਿ ਉਹ ਖਿੜੇ ਮੱਥੇ ਹਰ ਮੌਸਮ ਦਾ ਆਨੰਦ ਮਾਣਦਾ ਹੈ/ ਖ਼ੁਸ਼ ਹੁੰਦਾ ਹੈ। ਇਸ ਲਈ ਸਾਨੂੰ ਹਰ ਮੌਸਮ ਦਾ ਲੁਤਫ਼ ਲੈਣਾ ਚਾਹੀਦਾ ਹੈ। ਕੁਦਰਤ ਅਤੇ ਮੌਸਮ ਨੇ ਸਾਡੇ ਮਨ ਅਤੇ ਸੋਚ ਕਰਕੇ ਬਦਲ ਨਹੀਂ ਜਾਣਾ। ਇਸ ਲਈ ਜਿੱਥੇ ਕੋਈ ਹੀਲਾ ਨਹੀਂ ਚੱਲਦਾ ਉੱਥੇ ਸਬਰ ਅਤੇ ਭਾਣੇ ਵਿਚ ਖ਼ੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ।
***
@ ਸੰਪਰਕ : 90414-98009

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1289
***

+7589233437 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →