15 October 2024
artist at work

ਤਿੰਨ ‘ਰਾਹ ਦਸੇਰਾ’ ਰਚਨਾਵਾਂ: 1 ਸ਼ੌਕ ਤੇ ਮਜ਼ਬੂਰੀ ਦੀ ਘੁੰਮਣਘੇਰੀ ’ਚ ਘਿਰਿਆ ਬੰਦਾ, 2. ਜੀਵਨ ਜਿਉਣ ਦਾ ਪੁਰਾਤਨ ਕਾਰਗਰ ਨੁਕਤਾ, ਅਤੇ 3. ਆਖਿ਼ਰ ਮੰਜਿ਼ਲ ਕਿੱਥੇ ਹੈ?—-ਡਾ. ਨਿਸ਼ਾਨ ਸਿੰਘ ਰਾਠੌਰ

1. ਸ਼ੌਕ ਤੇ ਮਜ਼ਬੂਰੀ ਦੀ ਘੁੰਮਣਘੇਰੀ ’ਚ ਘਿਰਿਆ ਬੰਦਾ — ਡਾ: ਨਿਸ਼ਾਨ ਸਿੰਘ ਰਾਠੌਰ

Dr. Nishan Singh Rathaurਮੈਂ ਭਾਵੇਂ ‘ਅਖ਼ਬਾਰ’ ਦਾ ਪੱਕਾ ਮੁਲਾਜ਼ਮ ਨਹੀਂ ਸਾਂ ਪਰ! ਫੇਰ ਵੀ ਬਿਨਾਂ ਨਾਗਿਓਂ ਦਫ਼ਤਰ ਪਹੁੰਚ ਜਾਂਦਾ ਸਾਂ। ਪੱਕੇ ਮੁਲਾਜ਼ਮ ਮਗ਼ਰੋਂ ਆਉਂਦੇ ਤੇ ਮੈਂ ਪਹਿਲਾਂ ਅਪੱੜ ਜਾਂਦਾ। ਦੇਰ ਰਾਤ ਤੱਕ ਉੱਥੇ ਹੀ ਰਹਿੰਦਾ। ਅਖ਼ਬਾਰ ਦੇ ‘ਬਿਊਰੋ ਚੀਫ਼’ ਦੂਰੋਂ ਆਉਂਦੇ ਸਨ। ਇਸ ਲਈ ਉਹ ਰਾਤੀਂ ਅੱਠ ਕੁ ਵਜੇ ਨਿਕਲ ਜਾਂਦੇ ਕਿਉਂਕਿ ਉਹਨਾਂ ਬੱਸ ਫੜਨੀ ਹੁੰਦੀ ਸੀ। ਉਨ੍ਹਾਂ ਦੇ ਮਗ਼ਰੋਂ ਸਾਰੇ ਹੌਲੀ ਹੌਲੀ ਮੁਲਾਜ਼ਮ ਖਿਸਕ ਜਾਂਦੇ ਪਰ! ਮੈਂ ਇਕੱਲਾ ਹੀ ਬੈਠਾ ਰਹਿੰਦਾ।

ਛੇਆਂ ਮਹੀਨਿਆਂ ਵਿਚ ਹੀ ‘ਟਾਈਪ’ ਕਰਨੀ ਸਿੱਖ ਗਿਆ ਤੇ ਮੁੜ ਆਪਣੀਆਂ ਖ਼ਬਰਾਂ ਆਪ ਹੀ ਟਾਈਪ ਕਰਨ ਲੱਗਿਆ। ਅਖ਼ਬਾਰ ਦਾ ਪੂਰਾ ਸਟਾਫ਼ ਹੈਰਾਨ ਸੀ ਕਿ ਇਹ ਮੁੰਡਾ ਕੱਲ੍ਹ ਆਇਆ ਹੈ ਤੇ ਆਉਂਦਿਆਂ ਹੀ ਛਾਅ ਗਿਆ ਹੈ। ਉਦੋਂ ਮੈਨੂੰ ਇਹਨਾਂ ਗੱਲਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਹੁਣ ਸੋਚਦਾ ਹਾਂ ਕਿ ਇਹ ਸਭ ਬੰਦੇ ਦੇ ਸ਼ੌਕ ਉੱਪਰ ਨਿਰਭਰ ਕਰਦਾ ਹੈ। ਜਿਸ ਕੰਮ ਨੂੰ ਕਰਨ ਲੱਗਿਆਂ ਤੁਹਾਨੂੰ ਚੰਗਾ ਲੱਗੇ; ਤੁਸੀਂ ਉਹੀ ਕੰਮ ਕਰਦੇ ਹੋ। ਬਿਲਕੁਲ ਇੰਝ ਹੀ ਮੇਰੇ ਨਾਲ ਹੋਇਆ। ਜਿਹੜੇ ਬੰਦੇ ਅਖ਼ਬਾਰ ਦੇ ਦਫ਼ਤਰ ਵਿਚ ਕੰਮ ਕਰਦੇ ਸਨ ਉਹ ‘ਅੱਕੇ’ ਪਏ ਸਨ ਪਰ! ਮੈਨੂੰ ਸ਼ੌਕ ਸੀ। ਮੈਂ ਜਲਦ ਹੀ ਖ਼ਬਰਾਂ ਲਿਖਣੀਆਂ ਸਿੱਖ ਗਿਆ।

ਹਫ਼ਤਾ ਕੁ ਪਹਿਲਾਂ ਇੱਕ ‘ਧਾਰਮਿਕ’ ਜਗ੍ਹਾ ਤੇ ਜਾਣ ਦਾ ਸਬੱਬ ਬਣ ਗਿਆ। ਉੱਥੇ ਕੰਮ ਕਰਦੇ ‘ਧਾਰਮਿਕ’ ਆਗੂ ਨੂੰ ਮਿਿਲਆ ਤਾਂ ਉਹ ਢਿੱਲੇ ਜਾਪੇ। ਪੁੱਛਣ ਤੇ ਕਹਿਣ ਲੱਗੇ ਕਿ ਮੈਂ ਬਹੁਤ ਪ੍ਰੇਸ਼ਾਨ ਹਾਂ। ਇਸ ਕੰਮ ਵਿਚ ਹੁਣ ਭੋਰਾ ਵੀ ਇੱਜਤ ਨਹੀਂ ਰਹੀ। ਉੱਪਰੋਂ ਤਨਖ਼ਾਹ ਵੀ ਬਹੁਤ ਘੱਟ ਮਿਲਦੀ ਹੈ। ਘਰ ਦਾ ਗੁਜ਼ਾਰਾ ਮਸਾਂ ਚੱਲਦਾ ਹੈ। ਇਸ ਕੰਮ ਨਾਲੋਂ ਚੰਗਾ ਤਾਂ ਬੰਦਾ ‘ਰੇਹੜੀ’ ਲਾ ਲਵੇ; ਪ੍ਰਬੰਧਕਾਂ ਦੀਅਾਂ ਗੱਲਾਂ ਤਾਂ ਨਾ ਸੁਣਨੀਆਂ ਪੈਣ। ਉਹ ਸੱਚਮੁੱਚ ਪ੍ਰੇਸ਼ਾਨ ਲੱਗਿਆ।

ਕੱਲ੍ਹ ਸ਼ਾਮ ਨੂੰ ਮੇਰਾ ਨਿੱਕਾ ਬੇਟਾ ਆਲੂ- ਟਿੱਕੀ ਖਾਣ ਦੀ ਜਿੱਦ ਕਰਨ ਲੱਗਿਆ। ਉਹਨਾਂ ਨੂੰ ਲੈ ਕੇ ਬਾਜ਼ਾਰ ਗਿਆ ਤਾਂ ਨੇੜੇ ਹੀ ਖੜੀ ‘ਰੇਹੜੀ’ ਤੇ ਲੋਕਾਂ ਦੀ ਭੀੜ ਲੱਗੀ ਹੋਈ ਸੀ। ਮੈਂ ਵੀ ਬੱਚਿਆਂ ਲਈ ਟਿੱਕੀ ਬਣਾਉਣ ਲਈ ਕਿਹਾ। ਬੱਚੇ ਤਾਂ ਟਿੱਕੀ ਖਾਣ ਲੱਗ ਗਏ ਅਤੇ ਰੇਹੜੀ ਵਾਲਾ ਮੇਰੇ ਨਾਲ ਗੱਲੀਂ ਲੱਗ ਗਿਆ। ਅਖੇ, ‘ਸਰਦਾਰ ਜੀ, ਸਾਡੀ ਕਿਹੜੀ ਜ਼ਿੰਦਗੀ ਹੈ? ਸਾਰਾ ਦਿਨ ਲੋਕਾਂ ਦੇ ਜੂਠੇ ਭਾਂਡੇ ਧੋਂਦੇ ਹਾਂ।’

ਮੈਂ ਕਿਹਾ, ‘ਕੋਈ ਨਾ, ਰੁਜ਼ਗਾਰ ਤਾਂ ਮਿਿਲਆ ਹੋਇਆ ਹੈ, ਬਥ੍ਹੇਰੀ ਦੁਨੀਆਂ ਬੇਰੁਜ਼ਗਾਰ ਤੁਰੀ ਫਿਰਦੀ ਹੈ ਅੱਜਕਲ੍ਹ।’

ਉਹ ਕਹਿੰਦਾ, ‘ਇਸ ਕੰਮ ਨਾਲੋਂ ਚੰਗਾ ਤਾਂ ਬੰਦਾ ‘ਬਾਬਿਆਂ ਦੇ ਡੇਰੇ’ ਉੱਪਰ ਰੋਟੀ ਖਾ ਲਵੇ। ਸੇਵਾ ਕਰਕੇ ‘ਅਗਲਾ ਜਨਮ’ ਵੀ ਸਵਾਰੇ ਅਤੇ ਇਸ ਕੁੱਤਖ਼ਾਨੇ ਤੋਂ ਖਹਿੜਾ ਵੀ ਛੁੱਟ ਜਾਵੇ। ਮੈਨੂੰ ਉਹ ਸੱਚਮੁੱਚ! ਦੁਖੀ ਲੱਗਿਆ।

ਇਹ ਮਨੁੱਖੀ ਫਿ਼ਤਰਤ ਹੈ ਕਿ ਬਹੁਤੇ ਬੰਦੇ ਆਪਣੇ ਕੰਮ ਨੂੰ ਸ਼ੌਕ ਨਾਲ ਨਹੀਂ ਕਰਦੇ ਬਲਕਿ ਮਜ਼ਬੂਰੀ ਵੱਸ ਕਰਦੇ ਹਨ। ਬਹੁਤੇ ਬੰਦਿਆਂ ਨੂੰ ਆਪਣਾ ਕੰਮ ਪਸੰਦ ਨਹੀਂ ਹੁੰਦਾ। ਖ਼ਬਰੇ! ਇਸੇ ਕਰਕੇ ਬੰਦਾ ਆਪਣੇ ਨਿੱਤ ਦੇ ਕੰਮ ਤੋਂ ਨਿਜ਼ਾਤ ਚਾਹੁੰਦਾ ਹੈ। ਅਸਲ ਵਿਚ ਉਹ ਆਪਣੇ ਨਿੱਤ ਦੇ ਕੰਮ ਤੋਂ ਬੋਰੀਅਤ ਮਹਿਸੂਸ ਕਰਦਾ ਹੈ। ਹਰ ਰੋਜ਼ ਇੱਕੋ ਹੀ ਕੰਮ। ਇਸ ਕਰਕੇ ਬੰਦਾ ਤਬਦੀਲੀ ਚਾਹੁੰਦਾ ਹੈ। ਖ਼ਬਰੇ! ਇਸੇ ਕਰਕੇ ਲਿੱਖਣ- ਲਿਖਾਉਣ ਦਾ ਕੰਮ ‘ਅਧਿਆਪਕ’ ਘੱਟ ਹੀ ਕਰਦੇ ਹਨ। ਉਹ ਦਿਨ- ਰਾਤ ਪੜ੍ਹ-ਪੜ੍ਹਾ ਕੇ ਤੰਗ ਹੋਏ ਹੁੰਦੇ ਹਨ। ਇਸ ਕਰਕੇ ਵੱਡੇ ਲੇਖਕ ਅਮੂਮਨ ‘ਅਧਿਆਪਕ’ ਕਿੱਤੇ ਨਾਲ ਸੰਬੰਧਤ ਨਹੀਂ ਹੁੰਦੇ। ਉਹ ਹੋਰ ‘ਕਿੱਤਿਆਂ’ ਨਾਲ ਸੰਬੰਧ ਰੱਖਦੇ ਹਨ। ਅਧਿਆਪਕਾਂ ਲਈ ਆਪਣੇ ਸਿਲੇਬਸ ਨੂੰ ਹੀ ਪੜ੍ਹ-ਪੜ੍ਹਾ ਲੈਣਾ ਇੰਨਾ ਹੀ ਕਾਫ਼ੀ ਹੈ; ਲਿਖਣਾ- ਲਿਖਾਉਣਾ ਤਾਂ ‘ਸ਼ੌਕ’ ਦਾ ਕੰਮ ਹੈ।

ਕਹਿੰਦੇ; ਟੇਲਰ ਮਾਸਟਰ ਦੀ ਆਪਣੀ ਕਮੀਜ਼ ਪਾਟੀ ਹੁੰਦੀ ਹੈ। ਮਾਸਟਰਾਂ ਦੇ ਬੱਚੇ ਘੱਟ ਹੀ ਪੜ੍ਹਦੇ ਹਨ ਅਤੇ ਡਾਕਟਰਾਂ ਦੇ ਬੱਚੇ ਬਿਮਾਰ ਹੀ ਹੁੰਦੇ ਹਨ। ਇਹ ਗੱਲ ਭਾਵੇਂ 100 ਫ਼ੀਸਦੀ ਦਰੁੱਸਤ ਨਹੀਂ, ਪਰ! ਪੰਜਾਹ ਫ਼ੀਸਦੀ ਲਾਜ਼ਮੀ ਦਰੁੱਸਤ ਹੈ। ਅਸਲ ਵਿਚ ਇਹ ਲੋਕ ਆਪਣੇ ‘ਕਿੱਤਿਆਂ’ ਤੋਂ ਅੱਕੇ ਹੁੰਦੇ ਹਨ ਅਤੇ ਧਿਆਨ ਦੀ ਅਣਹੋਂਦ ਅਜਿਹੀ ‘ਸਥਿਤੀ’ ਪੈਦਾ ਕਰ ਦਿੰਦੀ ਹੈ। ਰੱਬ ਤੋਂ ਜਿੰਨਾ ਆਮ ਬੰਦਾ ਡਰਦਾ ਹੈ ਉੰਨਾ ‘ਧਾਰਮਿਕ’ ਬੰਦਾ ਨਹੀਂ ਡਰਦਾ। ਅਸਲ ਵਿਚ ਚੌਵੀ ਘੰਟੇ ਧਾਰਮਿਕ ਜਗ੍ਹਾ ਤੇ ਰਹਿਣ ਕਰਕੇ ਉਹਨਾਂ ਦਾ ਡਰ ਨਿਕਲ ਚੁਕਿਆ ਹੁੰਦਾ ਹੈ। ਧਾਰਮਿਕ ਜਗ੍ਹਾ ਤੇ ਚੋਰੀ ਧਾਰਮਿਕ ਬੰਦਾ ਹੀ ਕਰ ਸਕਦਾ ਹੈ ‘ਅਧਰਮੀ’ ਦੇ ਵੱਸ ਦੀ ਗੱਲ ਨਹੀਂ। ਰੇਪ ਮਾਮਲਿਆਂ ਵਿਚ ਜ਼ੇਲ੍ਹਾਂ ਵਿਚ ਬੰਦ ਵੱਡੇ ‘ਧਾਰਮਿਕ ਆਗੂਆਂ’ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਮਨਾਂ ਵਿਚ ਕਿੰਨੀ ਕੁ ਧਾਰਮਿਕਤਾ ਹੁਲਾਰੇ ਮਾਰਦੀ ਹੋਵੇਗੀ। ਖ਼ੈਰ!

ਬੰਦਾ ਜਿੱਥੇ ਆਪਣੇ ਕੰਮ ਤੋਂ ਖੁਸ਼ ਨਹੀਂ ਹੁੰਦਾ ਉੱਥੇ ਹੀ ‘ਵਰਤਮਾਨ’ ਸਮੇਂ ਵਿਚ ਵੀ ਖੁਸ਼ ਨਹੀਂ ਹੁੰਦਾ। ਉਹ ਭੂਤਕਾਲ ਦੀਆਂ ਯਾਦਾਂ ਵਿਚ ਗੁਆਚ ਕੇ ਖੁਸ਼ ਹੁੰਦਾ ਹੈ। ਭਵਿੱਖ ਦੀਆਂ ਮੁਸ਼ਕਿਲਾਂ ਨੂੰ ਸੋਚ- ਸੋਚ ਕੇ ਪ੍ਰੇਸ਼ਾਨ ਹੁੰਦਾ ਰਹਿੰਦਾ ਹੈ। ਪਰ! ਇਹ ਜਿ਼ੰਦਗੀ ਜਿਉਣ ਦਾ ‘ਉੱਤਮ’ ਢੰਗ ਨਹੀਂ ਹੈ। ਚੰਦ ਸਕਿੰਟ ਲਈ ਸੋਚ ਕੇ ਦੇਖੋ; ਜਿਸ ਜਗ੍ਹਾ ਤੇ ਤੁਸੀਂ ਹੋ ਉਸ ਜਗ੍ਹਾ ਤੇ ਪਹੁੰਚਣ ਲਈ ਲੱਖਾਂ ਲੋਕ ਯਤਨ ਕਰ ਰਹੇ ਹਨ। ਜੋ ਕੁਝ ਤੁਹਾਡੇ ਕੋਲ ਹੈ ਉਸ ਵਾਸਤੇ ਲੱਖਾਂ ਲੋਕ ਦਿਨ- ਰਾਤ ਤਰਲੋਮੱਛੀ ਹੋ ਰਹੇ ਹਨ। ਤੁਹਾਡੇ ਵਰਗੇ ਰੁਜ਼ਗਾਰ ਨੂੰ ਪ੍ਰਾਪਤ ਕਰਨਾ; ਲੱਖਾਂ ਲੋਕਾਂ ਦਾ ਸੁਪਨਾ ਹੈ। ਆਪਣੇ ਕਿੱਤੇ ਨੂੰ ਮਨੋਂ ਅਪਣਾਓ। ਤੁਸੀਂ ਜੋ ਕੁਝ ਵੀ ਹੋ ਇਸ ਕਿੱਤੇ ਦੀ ਬਦੌਲਤ ਹੋ। ਚੰਦ ਸਕਿੰਟ ਲਈ ਬੇਰੁਜ਼ਗਾਰ ਹੋ ਕੇ ਵੇਖੋ; ਤੁਹਾਨੂੰ ਹਕੀਕਤ ਸਮਝ ਆ ਜਾਵੇਗੀ।

ਆਖ਼ਰ ਵਿਚ; ਕੱਲ੍ਹ ਦੀਆਂ ਸਮੱਸਿਆਵਾਂ ਕੱਲ੍ਹ ਦੇਖੀਆਂ ਜਾਣਗੀਆਂ। ਕੱਲ੍ਹ ਦੀਆਂ ਸਮੱਸਿਆਵਾਂ ਲਈ ‘ਅੱਜ’ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ। ਅੱਜ ਨੂੰ ਖੁੱਲ੍ਹਦਿਲੀ ਨਾਲ ਜਿਉਣਾ ‘ਸਿਆਣਪ’ ਹੈ ਅਤੇ ਬਰਬਾਦ ਕਰਨਾ ‘ਮੂਰਖ਼ਤਾ’ ਇਸ ਲਈ ਸਿਆਣਪ ਦਾ ਸਬੂਤ ਦੇਣਾ ਚਾਹੀਦਾ ਹੈ ਅਤੇ ਖੁੱਲ੍ਹਦਿਲੀ ਨਾਲ ਜੀਵਨ ਜਿਉਣਾ ਚਾਹੀਦਾ ਹੈ।
ਸੂਫ਼ੀ ਗਾਇਕ ਸਤਿੰਦਰ ਸਰਤਾਜ ਦੇ ਗੀਤ ਦੀਆਂ ਇਹਨਾਂ ਸਤਰਾਂ ਨਾਲ ਟਿੱਪਣੀ ਖ਼ਤਮ ਕਰਦੇ ਹਾਂ:

‘ਚਾਰ ਹੀ ਤਰੀਕਿਆਂ ਨਾਲ ਕੰਮ ਕਰੇ ਬੰਦਾ ਸਦਾ
ਸ਼ੌਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ।’
***
# 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ (ਹਰਿਆਣਾ)
ਸੰਪਰਕ: 90414-98009

***
2. ਜੀਵਨ ਜਿਉਣ ਦਾ ਪੁਰਾਤਨ ਕਾਰਗਰ ਨੁਕਤਾ — ਡਾ.ਨਿਸ਼ਾਨ ਸਿੰਘ ਰਾਠੌਰ

ਸਿਆਣੇ ਕਹਿੰਦੇ ਹਨ ਕਿ ਮੂੰਹ ’ਚੋਂ ਨਿਕਲੀ ਗੱਲ ਅਤੇ ਕਮਾਨ ’ਚੋਂ ਨਿਕਲਿਆ ਹੋਇਆ ਤੀਰ ਕਦੇ ਵਾਪਸ ਨਹੀਂ ਮੁੜਦੇ। ਇਹ ਗੱਲ 100 ਫੀਸਦੀ ਸੱਚ ਅਤੇ ਦਰੁਸਤ ਹੈ। ਇਸੇ ਕਰਕੇ ਹੀ ਸੋਚ- ਸਮਝ ਕੇ ਬੋਲਣ ਲਈ ਤਾਕੀਦ ਕੀਤੀ ਜਾਂਦੀ ਹੈ ਅਤੇ ਠਰੰਮੇ ਨਾਲ ਕਦਮ ਪੁੱਟਣ ਲਈ ਕਿਹਾ ਜਾਂਦਾ ਹੈ।

ਅੱਜ ਦਾ ਯੁੱਗ ਭੱਜਦੌੜ ਦਾ ਯੁੱਗ ਹੈ। ਮਨੁੱਖ ਜਿ਼ੰਦਗੀ ਵਿਚ ਅੱਗੇ ਵੱਧਣਾ ਚਾਹੁੰਦਾ ਹੈ/ ਤਰੱਕੀ ਕਰਨਾ ਚਾਹੁੰਦਾ ਹੈ। ਵੱਡੇ ਸ਼ਹਿਰਾਂ ਨੇ ਪਿੰਡਾਂ ਅਤੇ ਛੋਟੇ ਕਸਬਿਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਖੇਤੀ ਯੋਗ ਜ਼ਮੀਨਾਂ ਘੱਟਦੀਆਂ ਜਾ ਰਹੀਆਂ ਹਨ ਅਤੇ ਪੱਥਰਾਂ ਦੇ ਸ਼ਹਿਰ ਆਬਾਦ ਹੁੰਦੇ ਜਾ ਰਹੇ ਹਨ। ਅੱਜ ਹਾਲਾਤ ਇੰਝ ਦੇ ਹੋ ਗਏ ਹਨ ਕਿ ਹਰ ਪਾਸੇ ਕੰਕਰੀਟ ਹੀ ਕੰਕਰੀਟ ਨਜ਼ਰ ਆਉਂਦਾ ਹੈ। ਪਿੰਡਾਂ ਵਿਚੋਂ ਸ਼ਹਿਰਾਂ ਵੱਲ ਨੂੰ ਲੋਕਾਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਇਹਨਾਂ ਸਭ ਕਾਰਨਾਂ ਦਾ ਮੂਲ ਮਕਸਦ ਇਹ ਹੈ ਕਿ ਅੱਜ ਦਾ ਮਨੁੱਖ ਆਪਣੇ ਜੀਵਨ ਵਿਚ ਅੱਗੇ ਵੱਧਣਾ ਚਾਹੁੰਦਾ ਹੈ/ ਤਰੱਕੀ ਕਰਨਾ ਚਾਹੁੰਦਾ ਹੈ। ਪੈਸੇ ਦੀ ਭੁੱਖ ਨੇ ਮਨੁੱਖ ਨੂੰ ਮਨੁੱਖਤਾ ਤੋਂ ਹੀਣਾ ਕਰਕੇ ਰੱਖ ਦਿੱਤਾ ਹੈ।

ਅੱਜ ਹਰ ਪਾਸੇ ਇੰਟਰਨੈੱਟ ਦਾ ਬੋਲਬਾਲਾ ਹੈ। ਘੰਟਿਆਂ ਦੇ ਕੰਮ ਮਿੰਟਾਂ ਵਿਚ ਅਤੇ ਮਿੰਟਾਂ ਦੇ ਕੰਮ ਸਕਿੰਟਾਂ ਵਿਚ ਨੇਪਰੇ ਚੜ ਜਾਂਦੇ ਹਨ। ਇਸ ਇੰਟਰਨੈੱਟ ਦੀ ਸਹੂਲਤ ਨੇ ਜਿੱਥੇ ਮਨੁੱਖ ਦਾ ਜੀਵਨ ਸੁਖਾਲਾ ਅਤੇ ਆਰਾਮਦਾਇਕ ਕੀਤਾ ਹੈ ਉੱਥੇ ਹੀ ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਦਾ ਕਾਰਨ ਵੀ ਬਣ ਗਿਆ ਹੈ। ਅੱਜ ਬਜ਼ੁਰਗਾਂ ਤੋਂ ਲੈ ਕੇ ਨਿੱਕੇ ਬੱਚਿਆਂ ਤੱਕ ਮਾਨਸਿਕ ਪ੍ਰੇਸ਼ਾਨੀ ਦਾ ਸਿ਼ਕਾਰ ਆਮ ਹੀ ਦੇਖੇ ਜਾ ਸਕਦੇ ਹਨ। ਮਨੁੱਖ ਨੇ ਤਕਨੀਕ ਕਰਕੇ ਤਰੱਕੀ ਜ਼ਰੂਰ ਕੀਤੀ ਹੈ; ਇਸ ਗੱਲ ਵਿਚ ਕੋਈ ਸ਼ੱਕ ਨਹੀਂ ਪਰੰਤੂ! ਅਜੋਕਾ ਮਨੁੱਖ ਮਾਨਸਿਕ ਵਿਕਾਰਾਂ ਵਿਚ ਆਪਣੀ ਜਿ਼ੰਦਗੀ ਨੂੰ ਗੁਆ ਰਿਹਾ ਹੈ। ਦੂਜੇ ਸ਼ਬਦਾਂ ਵਿਚ; ਅੱਜ ਦਾ ਮਨੁੱਖ ਆਪਣਾ ਮਨੁੱਖੀ ਜੀਵਨ ਆਨੰਦ ਨਾਲ ਜੀਅ ਨਹੀਂ ਰਿਹਾ ਬਲਕਿ ਢੋਹ ਰਿਹਾ ਹੈ/ਕੱਟ ਰਿਹਾ ਹੈ।

ਅੱਜ ਮੋਬਾਇਲ ਫੋਨ ਨੇ ਲੋਕਾਂ ਨੂੰ ਗੱਲਾਂ ਤੋਂ ਸੱਖਣੇ ਕਰਕੇ ਰੱਖ ਦਿੱਤਾ ਹੈ। ਹੁਣ ਚਿੱਠੀਆਂ/ ਪੱਤਰਾਂ ਨੂੰ ਲਿਖਣਾ ਆਮ ਲੋਕ ਭੁੱਲ ਗਏ ਹਨ। ਅੱਜ ਇੰਟਰਨੈੱਟ ਦੇ ਯੁੱਗ ਵਿਚ ਚੰਦ ਸਕਿੰਟਾਂ ਵਿਚ ਸੰਦੇਸ਼ ਅਪੱੜ ਜਾਂਦੇ ਹਨ / ਭੇਜ ਦਿੱਤੇ ਜਾਂਦੇ ਹਨ। ਇਸ ਲਈ ਅੱਜ ਦੀ ਪੀੜ੍ਹੀ ਚਿੱਠੀਆਂ/ ਪੱਤਰਾਂ ਨੂੰ ਲਿੱਖਣਾ ਭੁੱਲ ਗਈ ਜਾਪਦੀ ਹੈ।

ਦੂਜੀ ਗੱਲ, ਸਾਂਝੇ ਪਰਿਵਾਰ ਹੁਣ ‘ਬੀਤੇ ਵਕਤ ਦੀਆਂ ਬਾਤਾਂ’ ਬਣ ਕੇ ਰਹਿ ਗਏ ਹਨ। ਅੱਜ ਬਹੁਤੇ ਲੋਕਾਂ ਕੋਲ ਆਪਣੇ ਪਰਿਵਾਰ ਵਿਚ ਬਹਿ ਕੇ ਗੱਲਾਂ-ਬਾਤਾਂ ਕਰਨ ਦਾ ਸਮਾਂ ਨਹੀਂ ਹੈ। ਨਾਨੀ- ਦਾਦੀ ਮਾਤਾ ਦੀਆਂ ਕਹਾਣੀਆਂ, ਵਿਆਹਾਂ- ਸ਼ਾਦੀਆਂ ’ਤੇ ਲੈਡੀਜ਼ ਸੰਗੀਤ, ਨਾਨਕਾ-ਮੇਲ, ਦਾਦਕਾ-ਮੇਲ, ਸੁਹਾਗ, ਘੋੜੀਆਂ ਆਦਿਕ ਰੀਤੀ-ਰਿਵਾਜ਼ ਖ਼ਤਮ ਹੋਣ ਕਿਨਾਰੇ ਹਨ। ਹੁਣ ਲੋਕ ਮੈਰਿਜ਼-ਪੈਲੇਸ ਵਿਚੋਂ ਵਿਆਹ ਦੇਖ ਕੇ ਮੁੜ ਆਉਂਦੇ ਹਨ। ਵਿਆਹਾਂ ਵਿਚ ਬਹੁਤੇ ਲੋਕਾਂ ਕੋਲ ਆਰਾਮ ਨਾਲ ਬਹਿ ਕੇ ਗੱਲਾਂ ਕਰਨ, ਹਾਸਾ-ਠੱਠਾ ਕਰਨ ਅਤੇ ਆਨੰਦ ਮਾਨਣ ਦਾ ਵਕਤ ਨਹੀਂ ਹੈ।

ਵਿਦਵਾਨਾਂ ਦਾ ਕਥਨ ਹੈ ਕਿ ਜੇਕਰ ਮਨੁੱਖ ਆਪਣੇ ਜੀਵਨ ਵਿਚ ਸਕੂਨ ਚਾਹੁੰਦਾ ਹੈ ਤਾਂ ਉਸਨੂੰ ਕੁਝ ਸਮਾਂ ਆਪਣੇ-ਆਪ ਨੂੰ ਦੇਣਾ ਚਾਹੀਦਾ ਹੈ। ਦੋਸਤੋ, ਇੱਕ ਜਾਂ ਦੋ ਦਿਨ ਲਈ ਇੰਟਰਨੈੱਟ ਨੂੰ ਬੰਦ ਕਰਕੇ ਦੇਖੋ ਜਾਂ ਮੋਬਾਇਲ ਨੂੰ ਘਰ ਛੱਡ ਕੇ ਦੇਖੋ; ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ? ਕਦੇ ਕਿਸੇ ਮਿੱਤਰ- ਪਿਆਰੇ ਨੂੰ ਚਿੱਠੀ ਲਿੱਖ ਕੇ ਦੇਖੋ। ਯਕੀਕਨ, ਤੁਹਾਨੂੰ ਚੰਗਾ ਲੱਗੇਗਾ/ ਸਕੂਨ ਮਿਲੇਗਾ।

ਸ਼ਹਿਰ ਦੇ ਰੌਲੇ- ਰੱਪੇ ਤੋਂ ਕੁਝ ਦਿਨ ਲਈ ਦੂਰ ਹੋ ਕੇ ਦੇਖੋ ਜਾਂ ਕਿਸੇ ਪਹਾੜੀ ਸਥਾਨ ਤੇ ਜਾ ਕੇ ਕੁਝ ਦਿਨ ਚੈਨ ਦਾ ਜੀਵਨ ਬਤੀਤ ਕਰਕੇ ਦੇਖੋ। ਕਿਸੇ ਦਿਨ ਸੰਧਿਆ ਵੇਲੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਬੈਠ ਕੇ ਗੱਲਬਾਤ ਕਰੋ ਤਾਂ ਤੁਹਾਨੂੰ ਬਹੁਤ ਕੁਝ ‘ਨਵਾਂ’ ਸਿੱਖਣ ਨੂੰ ਮਿਲੇਗਾ। ਪਰਿਵਾਰ ਦੇ ਜੀਆਂ ਦੇ ਵਿਚਾਰ ਸੁਣ ਕੇ ਤੁਹਾਨੂੰ ਨਵੇਂ ਵਿਚਾਰ ਆਉਣਗੇ ਜਿਹੜੇ ਕਿ ਭਵਿੱਖ ਲਈ ਲਾਹੇਵੰਦ ਸਾਬਿਤ ਹੋ ਸਕਦੇ ਹਨ।

ਪਿੰਡ/ ਸ਼ਹਿਰ ਦੀ ਗਲੀ ਜਾਂ ਸੱਥ ਵਿਚ ਬਜ਼ੁਰਗਾਂ ਦੇ ਵਿਚਾਰਾਂ ਨੂੰ ਸੁਣ ਕੇ ਦੇਖੋ ਤੁਹਾਨੂੰ ਉਹ ਗਿਆਨ ਪ੍ਰਾਪਤ ਹੋਵੇਗੇ ਜਿਹੜਾ (ਇੰਟਰਨੈੱਟ) ਗੂਗਲ ਤੋਂ ਕਦੇ ਪ੍ਰਾਪਤ ਨਹੀਂ ਹੋ ਸਕਦਾ। ਅਸਲ ਵਿਚ ਬਜ਼ੁਰਗਾਂ ਤੋਂ ਉਹਨਾਂ ਦੇ ਅਨੂਭਵ ਸੁਣਨੇ ਹਰ ਬੰਦੇ ਦੇ ਹਿੱਸੇ ਨਹੀਂ ਆਉਂਦੇ। ਇਸ ਨਾਲ ਤੁਹਾਨੂੰ ਆਪਣੇ ਜੀਵਨ ਦੀ ਅਹਿਮੀਅਤ ਦਾ ਗਿਆਨ ਹੋਵੇਗਾ।

ਆਖਿ਼ਰ ਵਿਚ; ਕੁਝ ਘੰਟੇ ਜਾਂ ਹੋ ਸਕੇ ਤਾਂ ਕੁਝ ਦਿਨਾਂ ਲਈ ਮੋਬਾਇਲ ਫੋਨ ਤੋਂ ਦੂਰ ਹੋ ਕੇ ਦੇਖੋ। ਜੇਕਰ ਇੰਨਾ ਵੀ ਸੰਭਵ ਨਹੀਂ ਤਾਂ ਕੁਝ ਘੰਟਿਆਂ ਲਈ ਇੰਟਰਨੈੱਟ ਬੰਦ ਕਰਕੇ ਦੇਖੋ ਤੁਹਾਨੂੰ ਸੁਖ ਅਤੇ ਚੈਨ ਦਾ ਅਨੂਭਵ ਹੋਵੇਗਾ। ਸਿਆਣੇ ਦਾ ਕਹਿਣਾ ਹੈ ਕਿ ਉਹ ਰੁੱਖ ਉੱਚਾ ਅਤੇ ਹਰਿਆ-ਭਰਿਆ ਹੁੰਦਾ ਹੈ ਜਿਹੜਾ ਆਪਣੀਆਂ ਜੜਾਂ ਨਾਲ ਜੁੜਿਆ ਹੁੰਦਾ ਹੈ। ਜੜਾਂ ਨਾਲੋਂ ਟੁੱਟਿਆਂ ਰੁੱਖ ਮਾੜੀ ਜਿਹੀ ਹਵਾ ਦੇ ਬੁੱਲੇ ਨਾਲ ਜ਼ਮੀਨ ਤੇ ਡਿੱਗ ਪੈਂਦਾ ਹੈ। ਇਸ ਲਈ ਸਾਨੂੰ ਆਪਣੀਆਂ ਜੜਾਂ ਨਾਲ/ਪਿੰਡਾਂ ਨਾਲ/ਪਰਿਵਾਰਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਾਡਾ ਮਨੁੱਖੀ ਜੀਵਨ ਸੁਖਦਾਇਕ ਅਤੇ ਸਕੂਨ ਭਰਿਆ ਹੋ ਸਕੇ। ਪਰੰਤੂ ਇਹ ਹੁੰਦਾ ਕਦੋਂ ਹੈ? ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।
***
@ ਸੰਪਰਕ – 90414-98009

***

3. ਆਖਿ਼ਰ ਮੰਜਿ਼ਲ ਕਿੱਥੇ ਹੈ?—-ਡਾ. ਨਿਸ਼ਾਨ ਸਿੰਘ ਰਾਠੌਰ

ਹਰ ਮੁਸਾਫਿ਼ਰ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੀ ਮੰਜਿ਼ਲ ਨੂੰ ਪ੍ਰਾਪਤ ਕਰੇ। ਦੂਜਾ; ਹਰ ਰਾਹ ਦਾ ਆਖ਼ਰੀ ਪੜਾਅ ਮੰਜਿ਼ਲ ਹੀ ਹੁੰਦੀ ਹੈ। ਰਾਹਵਾਂ ਭਾਵੇਂ ਕਿੰਨੀਆਂ ਵੀ ਲੰਮੀਆਂ ਕਿਉਂ ਨਾ ਹੋਣ? ਪ੍ਰੰਤੂ ਅੰਤਿਮ! ਸੱਚ ਮੰਜਿ਼ਲ ਨੂੰ ਹੀ ਮੰਨਿਆਂ ਜਾਂਦਾ ਹੈ। ਰਾਹਵਾਂ ਵਿਚ ਖਲੋਅ ਕੇ/ਰੁਕ ਕੇ ਕਦੇ ਵੀ ਕਿਸੇ ਸਖ਼ਸ਼ ਨੇ ਆਪਣੀ ਮੰਜਿ਼ਲ ਨੂੰ ਪ੍ਰਾਪਤ ਨਹੀਂ ਕੀਤਾ। ਮੰਜਿ਼ਲ ਪ੍ਰਾਪਤ ਕਰਨ ਦਾ ਇੱਕੋ ਢੰਗ ਹੈ ਅਤੇ ਉਹ ਹੈ ਲਗਾਤਾਰ ਚਲਦੇ ਰਹਿਣਾ/ਤੁਰਦੇ ਰਹਿਣਾ। ਜਿਹੜਾ ਮਨੁੱਖ ਸਹੀ ਰਾਹ ਉੱਪਰ ਬਿਨਾਂ ਰੁਕੇ ਲਗਾਤਾਰ ਚੱਲਦਾ ਰਹਿੰਦਾ ਹੈ ਆਖਿ਼ਰ! ਨੂੰ ਉਹ ਆਪਣੇ ਵੱਲੋਂ ਮਿਥੀ ਹੋਈ ਮੰਜਿ਼ਲ ਨੂੰ ਪ੍ਰਾਪਤ ਕਰ ਲੈਂਦਾ ਹੈ।

‘ਰਾਹਵਾਂ ਦੇ ਵਿੱਚ ਖੜ ਕੇ ਮੰਜਿ਼ਲ ਮਿਲਦੀ ਨਾ
ਤੁਰਨ ਵਾਲਿਆਂ ਆਖਿ਼ਰ ਪੰਧ ਮੁਕਾ ਜਾਣਾ।’ (ਡਾ. ਨਿਸ਼ਾਨ ਸਿੰਘ ਰਾਠੌਰ)

ਖ਼ਾਸ ਗੱਲ ਇਹ ਹੈ ਕਿ ਮੰਜਿ਼ਲ ਕੇਵਲ ਸੰਸਾਰਕ ਮੰਜਿ਼ਲ ਹੀ ਨਹੀਂ ਹੁੰਦੀ ਬਲਕਿ ਕਈ ਵਾਰ ‘ਅਧਿਆਤਮਕ ਮਾਰਗ’ ਤੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੀ ਵੀ ਕਹੀ ਜਾਂਦੀ ਹੈ। ਅਧਿਆਤਮਕ ਮਾਰਗ ਵਿਚ ਮਨੁੱਖ ਦੀ ਅਸਲ ਮੰਜਿ਼ਲ ‘ਪ੍ਰਭੂ ਦੀ ਪ੍ਰਾਪਤੀ’ ਨੂੰ ਕਿਹਾ ਗਿਆ ਹੈ। ਜਿਹੜੇ ਮਨੁੱਖ ਨੇ ਆਪਣੇ ਅਸਲ ਮਕਸਦ ਨੂੰ ਸਮਝ ਲਿਆ ਉਸਦਾ ਮਨੁੱਖੀ ਜੀਵਨ ਸਫ਼ਲ ਮੰਨਿਆਂ ਜਾਂਦਾ ਹੈ; ਗੁਰਮਤਿ ਵਿਚਾਰਧਾਰਾ ਵਿਚ ਮਨੁੱਖੀ ਜੀਵਨ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਦਾ ਸੁਨਹਿਰੀ ਮੌਕਾ ਕਿਹਾ ਗਿਆ ਹੈ।

‘ਭਈ ਪਰਾਪਤਿ ਮਾਨੁਖ ਦੇਹੁਰੀਆ
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥’
                      (ਗੁਰੂ ਗ੍ਰੰਥ ਸਾਹਿਬ ਜੀ, ਅੰਗ-12)

ਅੱਜ ਦੇ ਸੰਦਰਭ ਵਿਚ ਮਨੁੱਖ ਨੂੰ ਆਪਣੀ ਅਸਲ ਮੰਜਿ਼ਲ ਬਾਰੇ ਗਿਆਨ ਹੀ ਨਹੀਂ ਹੈ। ਖ਼ਬਰੇ! ਇਸੇ ਕਰਕੇ ਅੱਜ ਦਾ ਮਨੁੱਖ ਭੱਜ ਦੌੜ ਭਰੀ ਜਿ਼ੰਦਗੀ ਬਤੀਤ ਕਰ ਰਿਹਾ ਹੈ। ਹਰ ਸਮੇਂ ਪੈਸੇ, ਤਰੱਕੀ ਅਤੇ ਸ਼ੋਹਰਤ ਨੂੰ ਪ੍ਰਾਪਤ ਕਰਨ ਦੀਆਂ ਘਾੜਤਾਂ ਘੜਦਾ ਰਹਿੰਦਾ ਹੈ ਜਾਂ ਫਿਰ ਸੋਚਾਂ ਵਿਚ ਗੁਆਚਿਆ ਰਹਿੰਦਾ ਹੈ ਜਿਸ ਨਾਲ ਉਹ ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਦਾ ਸਿ਼ਕਾਰ ਹੋ ਰਿਹਾ ਹੈ।

ਸਿਆਣਿਆਂ ਦਾ ਕਹਿਣਾ ਹੈ ਕਿ ਆਪਣੇ ਜੀਵਨ ਕਾਲ ਦੇ ਜਵਾਨੀ ਪਹਿਰ ਵਿਚ ਮਨੁੱਖ ਇੰਨਾ ਮਸ਼ਰੁਫ ਹੁੰਦਾ ਹੈ ਕਿ ਉਸਨੂੰ ਖਾਣ- ਪੀਣ ਦਾ ਭੋਰਾ ਭਰ ਧਿਆਨ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਦੀ ਦੌੜ ਵਿਚ ਭੱਜ ਰਿਹਾ ਹੁੰਦਾ ਹੈ ਪ੍ਰੰਤੂ! ਬੁਢਾਪੇ ਵਿਚ ਪੈਸੇ ਦੇ ਹੁੰਦਿਆਂ ਵਧੀਆ ਖਾਣਾ ਨਹੀਂ ਖਾ ਸਕਦਾ ਕਿਉਂਕਿ ਉਸ ਵਕਤ ਤੱਕ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਨੇ ਘੇਰ ਲਿਆ ਹੁੰਦਾ ਹੈ। ਫੇਰ ਮਨੁੱਖ ਬੀਤੇ ਵੇਲੇ ਨੂੰ ਚੇਤੇ ਕਰਕੇ ਪਛਤਾਉਂਦਾ ਹੈ ਪ੍ਰੰਤੂ! ਫੇਰ ਸਮਾਂ ਹੱਥ ਨਹੀਂ ਆਉਂਦਾ।

‘ਬੀਤ ਜੈਹੈ ਬੀਤ ਜੈਹੇ

ਜਨਮੁ ਅਕਾਜ ਰੇ ॥ (ਗੁਰੂ ਗ੍ਰੰਥ ਸਾਹਿਬ ਜੀ, ਅੰਗ-1352-53)

ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਅੱਜ ਦੇ ਸਮੇਂ ਮਨੁੱਖ ਕੋਲ ਜਿੱਥੇ ਪੈਸਾ ਹੋਣਾ ਚਾਹੀਦਾ ਹੈ ਉੱਥੇ ਹੀ ਮਾਨਸਿਕ ‘ਸਕੂਨ’ ਵੀ ਹੋਣਾ ਚਾਹੀਦਾ ਹੈ। ਅੱਜ ਪੈਸੇ ਦੀ ਦੌੜ ਨੇ ਮਨੁੱਖ ਨੂੰ ‘ਮਸ਼ੀਨ’ ਬਣਾ ਕੇ ਰੱਖ ਦਿੱਤਾ ਹੈ। ਮਨੁੱਖ ਆਪਣੀਆਂ ਲੋੜਾਂ ਤੋਂ ਵੱਧ ਕਮਾ ਕੇ ਆਪਣੀ ਜਿ਼ੰਦਗੀ ਨੂੰ ਆਰਾਮਦਾਇਕ ਬਣਾਉਣਾ ਚਾਹੁੰਦਾ ਹੈ ਪ੍ਰੰਤੂ! ਪੈਸੇ ਅਤੇ ਸ਼ੋਹਰਤ ਨਾਲ ਸਕੂਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਅੱਜ ਮਨੁੱਖ ਦੀਆਂ ਇੱਛਾਵਾਂ ਕੁਝ ਹੋਰ ਹਨ ਅਤੇ ਉਹ ‘ਪ੍ਰਾਪਤ’ ਕੁਝ ਹੋਰ ਕਰਨਾ ਚਾਹੁੰਦਾ ਹੈ।
ਇਹ ਗੱਲ 100 ਫ਼ੀਸਦੀ ਸੱਚ ਅਤੇ ਦਰੁੱਸਤ ਹੈ ਕਿ ਜਿਹੜਾ ਮਨੁੱਖ ਪੈਦਾ ਹੋਇਆ ਹੈ ਉਸਦੀ ਮੌਤ ਵੀ ਲਾਜ਼ਮੀ ਹੋਵੇਗੀ। ਇਹ ਕੋਈ ਢੇਰੀ ਢਾਉਣ ਵਾਲੀ ਜਾਂ ਉਤਸ਼ਾਹ ਨੂੰ ਢਾਉਣ ਵਾਲੀ ਗੱਲ ਨਹੀਂ ਅਤੇ ਨਾ ਹੀ ਸੰਸਾਰ ਤੋਂ ਭੱਜ ਕੇ ਕਿਤੇ ਜਾਣ ਦੀ ਗੱਲ ਦੀ ਪ੍ਰੋੜ੍ਹਤਾ ਹੈ ਬਲਕਿ ਮਨੁੱਖ ਨੂੰ ਅਸਲ ਸੱਚ ਬਾਰੇ ਜਾਣਕਾਰੀ ਹਿੱਤ ਹੈ। ਹਾਂ, ਮਿਹਨਤ ਕਰਨੀ ਚੰਗੀ ਗੱਲ ਹੈ। ਜਿ਼ੰਦਗੀ ਵਿਚ ਕਾਮਯਾਬ ਹੋਣਾ ਉਸ ਤੋਂ ਵੀ ਚੰਗੀ ਗੱਲ ਹੈ ਪ੍ਰੰਤੂ! ਇਸ ਕਾਮਯਾਬੀ ਅਤੇ ਮਿਹਨਤ ਕਰਕੇ ‘ਆਪਣਿਆਂ’ ਤੋਂ ਦੂਰ ਹੋ ਜਾਣਾ ਜਾਂ ‘ਆਪਣੇ- ਆਪ’ ਨੂੰ ਹੀ ਭੁੱਲ ਜਾਣਾ ‘ਸਿਆਣਪ’ ਨਹੀਂ ਕਹੀ ਜਾ ਸਕਦੀ। ਜਿਹੜਾ ਜੀਵਨ ਮਿਿਲਆ ਹੈ ਉਸਨੂੰ ਸੁਖ ਅਤੇ ਚੈਨ ਨਾਲ ‘ਆਪਣਿਆਂ’ ਨਾਲ ਬਤੀਤ ਕਰਨਾ ਚਾਹੀਦਾ ਹੈ।

ਸੂਫ਼ੀ ਪ੍ਰੰਪਰਾ ਦੇ ਅੰਤਰਗਤ ਇਹ ਵਿਚਾਰ ਪੇਸ਼ ਕੀਤਾ ਜਾਂਦਾ ਹੈ, ‘ਇਹ ਸੰਸਾਰ ਇੱਕ ਪੁੱਲ ਹੈ ਅਤੇ ਸਿਆਣੇ ਲੋਕ ਪੁੱਲ ਤੇ ਘਰ ਨਹੀਂ ਪਾਉਂਦੇ।’

ਮਨੁੱਖ ਨੂੰ ਸਿਰਫ਼ ਮਸ਼ੀਨੀ ਜੀਵਨ ਹੀ ਨਹੀਂ ਜਿਉਣਾ ਚਾਹੀਦਾ ਬਲਕਿ ਮਨ ਦੀਆਂ ਕੋਮਲ ਭਾਵਨਾਵਾਂ ਨੂੰ ਪਛਾਣਨਾ ਚਾਹੀਦਾ ਹੈ; ਆਪਣੇ ਅੰਦਰ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ ਅਤੇ ਰੂਹ ਦੇ ਚੈਨ/ਸਕੂਨ ਲਈ ਜਿਉਣਾ ਚਾਹੀਦਾ ਹੈ।

ਵਿਦਵਾਨਾਂ ਦਾ ਕਹਿਣਾ ਹੈ ਕਿ ਜਿਹੜਾ ਕੰਮ ਤੁਸੀਂ ਅੱਜ ਕਰ ਸਕਦੇ ਹੋ; ਆਉਣ ਵਾਲੇ ਦਸਾਂ- ਪੰਦਰਾਂ ਸਾਲਾਂ ਬਾਅਦ ਉਸ ਕੰਮ ਬਾਰੇ ਸਿਰਫ਼ ਸੋਚ ਸਕਦੇ ਹੋ; ਕਰ ਨਹੀਂ ਸਕਦੇ। ਭਾਵ ਜਿਹੜੇ ਕੱਪੜੇ ਤੁਸੀਂ ਅੱਜ ਪਾ ਸਕਦੇ ਹੋ; ਜਿਸ ਜਗ੍ਹਾ ਤੇ ਤੁਸੀਂ ਅੱਜ ਘੁੰਮ ਸਕਦੇ ਹੋ ਉਹ ਕੰਮ ਬੁਢਾਪੇ ਵਿਚ ਨਹੀਂ ਕਰ ਸਕਦੇ। ਇਸ ਲਈ ਆਪਣੇ ਜੀਵਨ ਦੇ ਸਮੇਂ ਨੂੰ ਸਾਰਥਕ ਕੰਮਾਂ ਵਿਚ ਬਤੀਤ ਕਰਨਾ ਚਾਹੀਦਾ ਹੈ ਜਿਸ ਨਾਲ ਜਿੱਥੇ ਸੰਸਾਰਕ ਜੀਵਨ ਸੁਖਦਾਇਕ ਬਤੀਤ ਹੋਵੇ ਉੱਥੇ ਹੀ ਮਾਨਸਿਕ ਸਕੂਨ ਵੀ ਮਿਲ ਸਕੇ ਅਤੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕੇ। ਇਹੀ ਅਜੋਕੇ ਸੰਦਰਭ ਵਿਚ ਆਦਰਸ਼ਕ ਜੀਵਨ ਜਿਉਣ ਦਾ ਕਾਰਗਰ ਨੁੱਕਤਾ ਹੈ।
***
# 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ (ਹਰਿਆਣਾ)
ਸੰਪਰਕ: 90414-98009

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1352
***

+7589233437 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →