20 April 2024

ਆਪਣੀਆਂ ਜੜਾਂ ਨਾਲ ਜੁੜਨ ਦਾ ਵੇਲਾ——ਡਾ. ਨਿਸ਼ਾਨ ਸਿੰਘ ਰਾਠੌਰ

ਅੱਜ ਦੀ ਭੱਜਦੌੜ ਭਰੀ ਜਿ਼ੰਦਗੀ ਵਿਚ ਕਿਸੇ ਕੋਲ ਵੀ ਆਪਣੇ ਲਈ ਸੋਚਣ ਜਾਂ ਇੱਕਲੇ ਬੈਠ ਕੇ ਵਿਚਾਰ ਕਰਨ ਦਾ ਵਕਤ ਨਹੀਂ ਹੈ। ਆਧੁਨਿਕਤਾ ਦੀ ਦੌੜ ਨੇ ਮਨੁੱਖ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ। ਸਾਂਝੇ ਪਰਿਵਾਰ ਹੁਣ ਬੀਤੇ ਵਕਤ ਦੀਆਂ ਬਾਤਾਂ ਹੋ ਗਏ ਹਨ। ਵੱਡੇ ਸ਼ਹਿਰਾਂ ਨੇ ਪਿੰਡਾਂ ਨੂੰ ਨਿਗਲ ਲਿਆ ਹੈ। ਹਰ ਪਾਸੇ ਮਸ਼ੀਨੀ ਰੋਲ਼ਾ ਸੁਣਾਈ ਦਿੰਦਾ ਹੈ। ਕਿੱਧਰੇ ਚੁੱਪ ਨਹੀਂ/ ਕਿੱਧਰੇ ਸਕੂਨ ਨਹੀਂ। ਪੈਸੇ, ਸ਼ੋਹਰਤ ਅਤੇ ਤਰੱਕੀ ਨੇ ਮਨੁੱਖ ਨੂੰ ਆਪਣੀਆਂ ਜੜਾਂ ਨਾਲੋਂ ਤੋੜ ਕੇ ਰੱਖ ਦਿੱਤਾ ਹੈ। ਖ਼ਬਰੇ, ਇਸੇ ਕਰਕੇ ਅੱਜ ਦਾ ਵਕਤ ਮਾਨਸਿਕ ਪਰੇਸ਼ਾਨੀ ਦਾ ਵਕਤ ਕਿਹਾ ਜਾ ਰਿਹਾ ਹੈ।

ਮਾਨਸਿਕ ਪਰੇਸ਼ਾਨੀਆਂ ਅਤੇ ਖੁਦਕੁਸ਼ੀਆਂ ਦਾ ਬੋਲਬਾਲਾ ਵੱਧਦਾ ਜਾ ਰਿਹਾ ਹੈ। ਅੱਜ ਨਿੱਕੇ- ਨਿੱਕੇ ਬੱਚੇ ਵੀ ਖੁਦਕੁਸ਼ੀਆਂ ਦੇ ਰਾਹ ’ਤੇ ਤੁਰ ਪਏ ਹਨ। ਇਹਨਾਂ ਸਭ ਸਮੱਸਿਆਵਾਂ ਦਾ ਮੂਲ ਕਾਰਨ ਇਹ ਹੈ ਕਿ ਅਸੀਂ ਆਪਣੀਆਂ ਜੜਾਂ ਨਾਲੋਂ/ ਆਪਣੇ ਸੱਭਿਆਚਾਰ ਨਾਲੋਂ/ ਆਪਣੇ ਇਤਿਹਾਸ ਨਾਲੋਂ ਟੁੱਟ ਗਏ ਹਾਂ। ਮਸ਼ੀਨੀ ਦੌਰ ਨੇ ਸਾਡੇ ਮਨਾਂ ਨੂੰ ਮਸ਼ੀਨਾਂ ਵਿਚ ਤਬਦੀਲ ਕਰਕੇ ਰੱਖ ਦਿੱਤਾ ਹੈ।

ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਖ਼ਤਮ ਹੁੰਦੀ ਜਾ ਰਹੀ ਹੈ। ਸਾਂਝੇ ਘਰ ਲਗਭਗ ਖ਼ਤਮ ਹੋ ਚੁਕੇ ਹਨ। ਅੱਜ ਪਰਿਵਾਰ ਦਾ ਮਤਲਬ ਸਿਰਫ਼ ਪਤਨੀ, ਬੱਚੇ ਹਨ। ਮਾਂ-ਬਾਪ, ਭੈਣ-ਭਰਾ ਅਤੇ ਰਿਸ਼ਤੇਦਾਰ ਪਰਿਵਾਰ ਵਿਚੋਂ ਮਨਫ਼ੀ ਹੋ ਚੁਕੇ ਹਨ। ਅੱਜ ਬੱਚੇ ਆਪਣੇ ਮਾਂ- ਬਾਪ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਮਾਂ- ਬਾਪ ਆਪਣੇ ਬੱਚਿਆਂ ਨਾਲ ਰਹਿਣਾ ਨਹੀਂ ਚਾਹੁੰਦੇ। ਇਸੇ ਕਰਕੇ ਇਕਲਾਪੇ ਨੇ ਮਨੁੱਖ ਨਾਲੋਂ ਮਨੁੱਖ ਨੂੰ ਤੋੜ ਕੇ ਰੱਖ ਦਿੱਤਾ ਹੈ।

ਦੱਸਵੀਂ, ਬਾਹਰਵੀਂ ਦੇ ਬੱਚੇ ਖੁਦਕੁਸ਼ੀਆਂ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਸਹਾਰਾ ਦੇਣ ਵਾਲਾ ਬਜ਼ਰੁਗ ਗ਼ੈਰ- ਹਾਜ਼ਰ ਹੈ। ਬਜ਼ੁਰਗ ਇਕਲਾਪੇ ਦਾ ਸਿ਼ਕਾਰ ਹੋ ਗਏ ਹਨ ਕਿਉਂਕਿ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣਨ ਵਾਲੇ ਬੱਚੇ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਇਹਨਾਂ ਸਭ ਸਮੱਸਿਆਵਾਂ ਦਾ ਹੱਲ ਹੈ ਕਿ ਅੱਜ ਦੇ ਮਨੁੱਖ ਨੂੰ ਆਪਣੀਆਂ ਲੋੜਾਂ/ਜ਼ਰੂਰਤਾਂ ਦਾ ਅਹਿਸਾਸ ਹੋਣਾ ਚਾਹੀਦਾ ਹੈ। ਸਾਡੀਆਂ ਲੋੜਾਂ ਬਹੁਤ ਥੋੜ੍ਹੀਆਂ ਹਨ ਪਰ ਸਾਡੀਆਂ ਆਸਾਂ/ ਉਮੀਦਾਂ ਬਹੁਤ ਵੱਡੀਆਂ ਅਤੇ ਅਸੀਮਤ ਹਨ। ਇਹਨਾਂ ਅਸੀਮਤ ਆਸਾਂ/ ਉਮੀਦਾਂ ਦੇ ਬੋਝ ਹੇਠਾਂ ਸਾਡੇ ਰਿਸ਼ਤੇ- ਨਾਤੇ ਦਮ ਤੋੜ ਰਹੇ ਹਨ। ਸਾਡੀਆਂ ਸਾਂਝਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਸਾਡੀ ਸਮਾਜਿਕ ਬਣਤਰ ਨੂੰ ਖ਼ਤਰਾ ਉਤਪੰਨ ਹੋ ਗਿਆ ਹੈ। ਅਸੀਂ ਇਕਲਾਪੇ ਦਾ ਸਿ਼ਕਾਰ ਹੁੰਦੇ ਜਾ ਰਹੇ ਹਾਂ।

ਅੱਜ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਮਨੁੱਖ ਨੂੰ ਆਪਣੀਆਂ ਜੜਾਂ ਨਾਲ ਜੁੜਨਾ ਪਵੇਗਾ ਤਾਂ ਹੀ ਇਸੇ ਸਥਿਤੀ ਉੱਪਰ ਕਾਬੂ ਪਾਇਆ ਜਾ ਸਕੇਗਾ। ਅੱਜ ਆਪਸੀ ਸਾਂਝ ਦੀ ਬਹੁਤ ਲੋੜ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਂ- ਬਾਪ ਦਾ ਧਿਆਨ ਰੱਖਣ। ਉਹਨਾਂ ਦੀ ਗੱਲ ਸੁਣਨ ਅਤੇ ਅਮਲ ਕਰਨ। ਮਾਂ- ਬਾਪ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਉੱਪਰ ਵਾਧੂ ਦਾ ਬੋਝ ਨਾ ਪਾਉਣ। ਵਾਧੂ ਦੀਆਂ ਉਮੀਦਾਂ/ ਆਸਾਂ ਹੇਠਾਂ ਆਪਣੇ ਬੱਚਿਆਂ ਦਾ ਬਚਪਨ ਨਾ ਖੋਹਣ। ਹਾਂ, ਚੰਗੀ ਸਿੱਖਿਆ/ ਨੌਕਰੀ ਲਾਜ਼ਮੀ ਹੈ ਪਰ ਜਿ਼ੰਦਗੀ ਦੇ ਦਾਅ ਉੱਤੇ ਨਹੀਂ; ਕਿਉਂਕਿ ਜਿ਼ੰਦਗੀ ਹੈ ਤਾਂ ਸਭ ਕੁਝ ਹੈ। ਮੌਤ ਮਗ਼ਰੋਂ ਤਰੱਕੀ/ਪੈਸਾ/ਸ਼ੋਹਰਤ ਕਿਸੇ ਕੰਮ ਦਾ ਨਹੀਂ।

ਇਹਨਾਂ ਕਾਰਜਾਂ ਲਈ ਸਹਿਣਸ਼ੀਲਤਾ ਅਤੇ ਵਕਤ ਬਹੁਤ ਲਾਜ਼ਮੀ ਸ਼ਰਤਾਂ ਹਨ। ਜਦੋਂ ਅਸੀਂ ਆਪਣਿਆਂ ਨੂੰ ਵਕਤ ਦੇਣਾ ਸ਼ੁਰੂ ਕਰ ਦੇਵਾਂਗੇ/ ਉਹਨਾਂ ਨਾਲ ਗੱਲਬਾਤ ਦਾ ਰਾਬਤਾ ਕਾਇਮ ਹੋ ਜਾਵੇਗਾ ਤਾਂ ਅੱਧੀਆਂ ਸਮੱਸਿਆਵਾਂ ਆਪਣੇ- ਆਪ ਹੀ ਖ਼ਤਮ ਹੋ ਜਾਣਗੀਆਂ। ਕਿਸੇ ਵੱਡੇ- ਵਡੇਰੇ ਵੱਲੋਂ ਕਹੀ ਗੱਲ ਨੂੰ ਧਿਆਨ ਨਾਲ ਸੁਣ ਲਵਾਂਗੇ ਤਾਂ
ਭਵਿੱਖ ਵਿਚ ਸਾਡੇ ਕੰਮ ਆਵੇਗੀ; ਜਦੋਂ ਨੌਜਵਾਨ ਵਰਗ ਦੀ ਇਹ ਬਿਰਤੀ ਬਣ ਗਈ ਤਾਂ ਬਹੁਤ ਸਾਰੇ ਕਾਰਜ ਸੱੁਤੇ- ਸਿੱਧ ਹੀ ਰਾਸ ਆ ਜਾਣਗੇ।

ਇਸ ਲਈ ਅੱਜ ਆਪਸੀ ਪ੍ਰੇਮ- ਪਿਆਰ ਦੀ ਸਖ਼ਤ ਲੋੜ ਹੈ। ਇਸ ਪ੍ਰੇਮ ਸਦਕੇ ਅਸੀਂ ਬਹੁਤ ਸਾਰੀਆਂ ਮਾਨਸਿਕ ਪਰੇਸ਼ਾਨੀਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹਾਂ।
***
# 1054/1,
ਵਾ. ਨੰ. 15- ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ. 90414- 98009

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1061
***

About the author

ਡਾ. ਨਿਸ਼ਾਨ ਸਿੰਘ ਰਾਠੌਰ
+7589233437 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →