ਪੱਛਮੀ ਬੰਗਾਲ ਦੇ ਬਿੰਨਾਗੁੜ੍ਹੀ ਕਸਬੇ ਤੋਂ ਮੇਰੀ ਬਦਲੀ ਪੰਜਾਬ ਦੇ ਫ਼ਾਜਿ਼ਲਕਾ ਸ਼ਹਿਰ ਵਿਖੇ ਹੋਈ ਤਾਂ ਮੈਂ ਆਪਣੀ ਮੋਟਰਸਾਇਕਲ ਟ੍ਰੇਨ ਵਿੱਚ ਬੁੱਕ ਕਰਵਾਉਣ ਲਈ ਧੂਪਗੁੜ੍ਹੀ ਰੇਲਵੇ ਸਟੇਸ਼ਨ ’ਤੇ ਗਿਆ। ਧੂਪਗੁੜ੍ਹੀ ਰੇਲਵੇ ਸਟੇਸ਼ਨ ’ਤੇ ਸਾਮਾਨ ਦੀ ਬੁਕਿੰਗ ਹੁੰਦੀ ਸੀ ਕਿਉਂਕਿ ਬਿੰਨਾਗੁੜ੍ਹੀ ਰੇਲਵੇ ਸਟੇਸ਼ਨ ਬਹੁਤ ਛੋਟਾ ਸੀ। ਇੱਥੇ ਬਹੁਤੀਆਂ ਗੱਡੀਆਂ ਦੀ ਆਵਾ- ਜਾਈ ਨਹੀਂ ਸੀ। ਖ਼ਾਸ ਕਰਕੇ ਮਾਲਗੱਡੀਆਂ ਇੱਥੇ ਨਹੀਂ ਸਨ ਰੁਕਦੀਆਂ। ਬਿੰਨਾਗੁੜ੍ਹੀ (ਪੱਛਮੀ ਬੰਗਾਲ) ਦਾ ਇੱਕ ਨਿੱਕਾ ਜਿਹਾ ਕਸਬਾ ਹੈ ਜਿਹੜਾ ਕਿ ਸਿਲੀਗੁੜ੍ਹੀ ਜਿਲ਼੍ਹੇ ਦੇ ਅਧੀਨ ਆਉਂਦਾ ਹੈ। ਇਸਦੇ ਆਸੇ- ਪਾਸੇ ਕਾਫ਼ੀ ਪਿੰਡ ਹਨ ਜਿੱਥੇ ਚਾਹ ਦੇ ਬਾਗ ਹਨ ਅਤੇ ਇਹਨਾਂ ਪਿੰਡਾਂ ਦੇ ਲੋਕ ਚਾਹ ਦੇ ਬਾਗਾਂ ਵਿਚ ਕੰਮ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਖ਼ੈਰ, ਜਿਵੇਂ- ਜਿਵੇਂ ਬੱਸ ਅੱਗੇ ਵੱਧ ਰਹੀ ਸੀ ਬੱਸ ਵਿਚ ਸਵਾਰੀਆਂ ਦੀ ਭੀੜ ਵੀ ਵੱਧਦੀ ਜਾ ਰਹੀ ਸੀ। ਇੱਕ ਪਿੰਡ ਦੇ ਬੱਸ ਅੱਡੇ ਤੋਂ ਦੋ ਬੀਬੀਆਂ ਬੱਸ ਵਿੱਚ ਚੜ੍ਹੀਆਂ। ਉਹਨਾਂ ਦੋਹਾਂ ਨੇ ਆਪਣੇ ਕੁੱਛੜ ਨਿੱਕੇ ਬੱਚੇ ਚੁੱਕੇ ਹੋਏ ਸਨ। ਬੱਸ ਵਿੱਚ ਬਹੁਤ ਜਿਆਦਾ ਭੀੜ ਹੋਣ ਕਰਕੇ ਉਹ ਇੱਕ ਪਾਸੇ ਹੋ ਕੇ ਖਲੋਅ ਗਈਆਂ। ਬੱਸ ’ਚ ਸੀਟਾਂ ਉੱਪਰ ਬਹੁਤ ਸਾਰੇ ਨੌਜਵਾਨ ਮੁੰਡੇ- ਕੁੜੀਆਂ ਬੈਠੇ ਹੋਏ ਸਨ ਪਰ! ਕੋਈ ਵੀ ਆਪਣੀ ਸੀਟ ਤੋਂ ਨਾ ਉੱਠਿਆ। ਅਸੀਂ ਦੋ– ਤਿੰਨ ਮਿੰਟ ਉਡੀਕ ਕੀਤੀ ਕਿ ਖ਼ਬਰੇ! ਕੋਈ ਬੰਗਾਲੀ ਮੁੰਡਾ- ਕੁੜੀ ਇਹਨਾਂ ਬੀਬੀਆਂ ਲਈ ਆਪਣੀ ਸੀਟ ਛੱਡੇਗਾ। ਪਰ! ਸਾਡਾ ਅੰਦਾਜ਼ਾ ਗਲਤ ਸਾਬਿਤ ਹੋਇਆ। ਕੋਈ ਵੀ ਸਵਾਰੀ ਆਪਣੀ ਸੀਟ ਤੋਂ ਨਾ ਉੱਠੀ। ਉਹਨਾਂ ਬੀਬੀਆਂ ਨੇ ਵੀ ਕਿਸੇ ਅੱਗੇ ਬੇਨਤੀ ਨਹੀਂ ਕੀਤੀ ਕਿ ਉਹਨਾਂ ਨੂੰ ਬੈਠਣ ਲਈ ਸੀਟ ਦਿੱਤੀ ਜਾਵੇ। ਮੈਂ ਅਤੇ ਮੇਰਾ ਮਿੱਤਰ ਆਪਣੀ ਸੀਟ ਤੋਂ ਉੱਠੇ ਅਤੇ ਉਹਨਾਂ ਬੀਬੀਆਂ ਨੂੰ ਸੀਟ ’ਤੇ ਬੈਠਣ ਲਈ ਇਸ਼ਾਰਾ ਕੀਤਾ। ਉਹ ਬਹੁਤ ਹੈਰਾਨ ਹੋਈਆਂ ਅਤੇ ਨਾਲ ਦੀਆਂ ਸੀਟਾਂ ’ਤੇ ਬੈਠੇ ਮੁੰਡੇ- ਕੁੜੀਆਂ, ਬੀਬੀਆਂ, ਬੱਚੇ ਸਾਡੇ ਵੱਲ ਗ਼ੌਰ ਨਾਲ ਦੇਖਣ ਲੱਗੇ। ਜਿਵੇਂ ਅਸੀਂ ਕੋਈ ਅਚੰਭੇ ਵਾਲਾ ਕੰਮ ਕਰ ਦਿੱਤਾ ਹੋਵੇ। ਖ਼ੈਰ! ਉਹ ਦੋਵੇਂ ਬੀਬੀਆਂ ਸਾਡੀਆਂ ਸੀਟਾਂ ’ਤੇ ਆ ਕੇ ਬਹਿ ਗਈਆਂ। ਅਸੀਂ ਦੋਵੇਂ ਉਹਨਾਂ ਦੇ ਨੇੜੇ ਹੀ ਖਲੋਅ ਗਏ। ਗੱਲਾਂ- ਗੱਲਾਂ ਵਿਚ ਉਹਨਾਂ ਕਿਹਾ, ‘ਸਾਡੇ ਇੱਧਰ ਬੱਸ, ਗੱਡੀ ਵਿੱਚ ਆਪਣੀ ਸੀਟ ਛੱਡਣ ਦਾ ਰਿਵਾਜ਼ ਨਹੀਂ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਸਵਾਰੀ ਨੇ ਆਪਣੀ ਸੀਟ ਛੱਡ ਕੇ ਦੂਜੀ ਸਵਾਰੀ ਨੂੰ ਬੈਠਣ ਲਈ ਕਿਹਾ ਹੈ। ਅਸੀਂ ਕਿਹਾ, ‘ਇਹ ਕੋਈ ਵੱਡੀ ਗੱਲ ਨਹੀਂ। ਸਾਡੇ ਪੰਜਾਬ, ਹਰਿਆਣੇ ’ਚ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਲਈ ਨੌਜਵਾਨ ਮੁੰਡੇ- ਕੁੜੀਆਂ ਅਕਸਰ ਹੀ ਆਪਣੀ ਸੀਟ ਛੱਡ ਦਿੰਦੇ ਹਨ।’ ਇਹ ਸੁਣ ਕੇ ਉਹ ਬਹੁਤ ਖੁਸ਼ ਹੋਈਆਂ।ਉਹਨਾਂ ਕਿਹਾ, ‘ਅਸੀਂ ਸਰਦਾਰਾਂ ਬਾਰੇ ਸੁਣਿਆ ਕਾਫ਼ੀ ਹੋਇਆ ਸੀ ਕਿ ਇਹ ਬਹੁਤ ਦਿਲਦਾਰ ਕੌਮ ਹੁੰਦੀ ਹੈ। ਅੱਜ ਦੇਖ ਵੀ ਲਿਆ।’ ਦੋਸਤੋ, ਗੱਲ ਕੁੱਝ ਵੀ ਨਹੀਂ ਸੀ। ਪੰਦਰਾਂ- ਵੀਹ ਕਿਲੋਮੀਟਰ ਦਾ ਸਫ਼ਰ ਅੱਧੇ ਘੰਟੇ ਵਿੱਚ ਮੁੱਕ ਜਾਣਾ ਸੀ। ਪਰ! ਉਹਨਾਂ ਬੀਬੀਆਂ ਅਤੇ ਬੱਸ ਵਿਚ ਬੈਠੀਆਂ ਹੋਰ ਸਵਾਰੀਆਂ ਦੇ ਜਿ਼ਹਨ ਵਿਚ ‘ਪੱਗ ਦਾ ਮਾਣ’ ਸਦਾ ਲਈ ਘਰ ਕਰ ਗਿਆ। ਪਰ ਅਫ਼ਸੋਸ, ਅੱਜਕਲ੍ਹ ਬੰਗਾਲ ਵਾਂਗ ਹਰਿਆਣੇ, ਪੰਜਾਬ ਵਿੱਚ ਵੀ ਇੰਝ ਦਾ ਵਰਤਾਰਾ ਆਮ ਹੋ ਗਿਆ ਹੈ। ਹੁਣ ਕਦੇ ਬੱਸ ਵਿੱਚ ਸਫ਼ਰ ਕਰਦੇ ਹਾਂ ਤਾਂ ਨੌਜਵਾਨ ਮੁੰਡੇ- ਕੁੜੀਆਂ ਸੀਟਾਂ ਉੱਪਰ ਬੈਠੇ ਹੁੰਦੇ ਹਨ ਅਤੇ ਬਜ਼ੁਰਗ ਅਤੇ ਬੀਬੀਆਂ ਖੜੇ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009