8 December 2024

ਬਲਬੀਰ ਸਿੰਘ ਕੰਵਲ ਦੀ ਬੱਲੇ ਬੱਲੇ—ਪ੍ਰਿੰ. ਸਰਵਣ ਸਿੰਘ

ਬਲਬੀਰ ਸਿੰਘ ਕੰਵਲ ਖੋਜੀ ਲੇਖਕ ਹੈ। ‘ਬੱਲੇ ਬੱਲੇ’ ਉਹਦਾ ਤਕੀਆ ਕਲਾਮ। ਬੱਲੇ ਬੱਲੇ ਕਰੇ ਬਿਨਾ ਉਹਤੋਂ ਰਹਿ ਨਹੀਂ ਹੁੰਦਾ। ਉਸ ਨੇ ਪਹਿਲਵਾਨਾਂ, ਕੌਡਿਆਲਾਂ, ਰਾਗੀਆਂ, ਰਬਾਬੀਆਂ, ਬਾਈਆਂ ਤੇ ਭਾਰਤੀ ਸੰਗੀਤ ਘਰਾਣਿਆਂ ਬਾਰੇ ਲਿਖ ਕੇ ਵਾਕਿਆ ਈ ਬੱਲੇ ਬੱਲੇ ਕਰਾਈ ਹੈ। ਉਹ ਪੰਜਾਬੀ ਵਿਰਸੇ ਦਾ ਅਲੰਬਰਦਾਰ ਹੈ ਅਤੇ ਵਿਰਾਸਤ ਨਾਲ ਮੋਹ ਰੱਖਦੈ। ਇਸੇ ਮੋਹ ਸਦਕਾ ਉਸ ਨੇ ਲੰਡਨ ਵਿਚ ‘ਪੰਜਾਬ ਹੈਰੀਟੇਜ ਮਿਊਜ਼ੀਅਮ’ ਬਣਾਇਆ ਹੈ। ਉਸ ਵਿਚ ਭਲਵਾਨੀ, ਸਾਜ਼ ਸੰਗੀਤ ਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਵਸਤਾਂ ਸੰਭਾਲ ਰੱਖੀਆਂ ਹਨ।

ਉਹ 8 ਮਾਰਚ 1934 ਨੂੰ ਪਿੰਡ ਜੌੜਾ ਜਿਲਾ ਹੁਸ਼ਿਆਰਪੁਰ ਵਿਚ ਜੰਮਿਆ ਸੀ ਅਤੇ 1964 ਤੋਂ ਵਲਾਇਤ ਵਿਚ ਵਸ ਰਿਹੈ। ਚੜ੍ਹਦੀ ਜੁਆਨੀ ‘ਚ ਰੁਸਤਮੇ ਜ਼ਮਾਂ ਗਾਮੇ ਨੂੰ ਮਿਲਣ ਪਿੱਛੋਂ ਉਹ ਪਹਿਲਵਾਨਾਂ ਬਾਰੇ ਲਿਖਣ ਲਈ ਪ੍ਰੇਰਿਆ ਗਿਆ। 1964 ਵਿਚ ਉਸ ਨੇ ‘ਭਾਰਤ ਦੇ ਪਹਿਲਵਾਨ’ ਪੁਸਤਕ ਲਿਖੀ, ਜਿਸ ਨੂੰ ਯੂਨੈਸਕੋ ਦਾ ਅਵਾਰਡ ਮਿਲਿਆ। ਪੰਜਾਬ ਸਰਕਾਰ ਨੇ ਉਸ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਆ। ਪੰਜਾਬ ਵਿਚ ਉਹ ਅਧਿਆਪਕ ਸੀ, ਵਲਾਇਤ ਵਿਚ ਪੋਸਟਮੈਨ ਤੇ ਹੋਰ ਕਈ ਕੁਝ। ਇਕ ਵਾਰ ਨਿੰਦਰ ਘੁਗਿਆਣਵੀ ਉਹਦੇ ਕੋਲ ਗਿਆ ਤੇ ਲਿਖਿਆ ਕਿ ਅਸੀਂ ਘਰੋਂ ਬਾਹਰ ਜਾਣ ਲੱਗੇ ਤਾਂ ਅੰਕਲ ਕੰਵਲ ਬੂਹੇ ਨੂੰ ਲੌਕ ਲਾਉਣ ਲੱਗਾ। ਮੈਂ ਯਾਦ ਕਰਾਇਆ ਕਿ ਟੀ. ਵੀ. ਬੰਦ ਕਰਨੀ ਤਾਂ ਆਪਾਂ ਭੁੱਲ ਈ ਗਏ। ਕੰਵਲ ਨੇ ਕਿਹਾ, “ਉਹ ਮੈਂ ਜਾਣ ਕੇ ਬੰਦ ਨਹੀਂ ਕੀਤੀ। ਜਦੋਂ ਮੁੜ ਕੇ ਬੂਹਾ ਖੋਲ੍ਹਾਂਗੇ ਤਾਂ ਬੋਲ ਬੁਲਾਰਾ ਸੁਣ ਕੇ ਲੱਗੇਗਾ ਬਈ ਘਰ ਅਜੇ ਵੱਸਦੈ!”

ਹਰਪਾਲ ਸਿੰਘ ਪੰਨੂੰ ਅਨੁਸਾਰ ਬਲਬੀਰ ਸਿੰਘ ਕੰਵਲ ਸ਼ਾਸਤਰੀ ਸੰਗੀਤ ਦਾ ਰਸੀਆ ਤਾਂ ਹੈ ਹੀ, ਉਹ ਸੰਗੀਤ ਸ਼ਾਸਤਰ ਦਾ ਕਾਮਲ ਫਿਲਾਸਫਰ ਅਤੇ ਗੰਭੀਰ ਇਤਿਹਾਸਕਾਰ ਵੀ ਹੈ। ਭਲਾ ਸੰਗੀਤ ਤੇ ਭਲਵਾਨੀ ਦਾ ਕੀ ਮੇਲ? ਆਓ ਉਹਦੀਆਂ ਭਲਵਾਨਾਂ ਤੇ ਕੌਡਿਆਲਾਂ ਬਾਰੇ ਲਿਖਤਾਂ ‘ਤੇ ਝਾਤ ਮਾਰੀਏ:
…ਭਾਰਤ ਵਿਚ ਮੱਲ-ਯੁੱਧ ਜਾਂ ਕੁਸ਼ਤੀ ਕਲਾ ਪ੍ਰਾਚੀਨ ਸਮੇਂ ਤੋਂ ਪ੍ਰਚਲਿਤ ਹੈ। ਮੁਸਲਮਾਨ ਧਾੜਵੀਆਂ ਨੇ ਮੱਲ-ਯੁੱਧ ਲਈ ਫਾਰਸੀ ਦਾ ਸ਼ਬਦ ‘ਕੁਸ਼ਤੀ’ ਦਿੱਤਾ। ਇੰਜ ਪ੍ਰਤੀਤ ਹੁੰਦਾ ਹੈ ਕਿ ਕੁਸ਼ਤੀ ਨਾਲੋਂ ਮੁਸ਼ਤੀ (ਮੁੱਕੇਬਾਜ਼ੀ) ਪਹਿਲਾਂ ਪ੍ਰਚਲਿਤ ਹੋਈ, ਜਿਸ ਦਾ ਸੂਖਮ ਰੂਪ ਕੁਸ਼ਤੀ ਹੋ ਗਿਆ। ਇਸ ਦੀਆਂ ਅਗਾਹਾਂ ਚਾਰ ਸ਼ਾਖਾਂ ਬਣ ਗਈਆਂ, ਜਿਨ੍ਹਾਂ ਵਿਚੋਂ ਪਹਿਲੀਆਂ ਤਿੰਨ ਹੀ ਪ੍ਰਚਲਿਤ ਹੋ ਸਕੀਆਂ-ਭੀਮਸੈਨੀ, ਹਨੁਮੰਤੀ ਤੇ ਜਾਮਵੰਤੀ। ਭੀਮਸੈਨੀ ਕਿਸਮ ਵਿਚ ਜਿੱਤ ਸਿਰਫ ਤਾਕਤ ਤੇ ਬਲ ਨਾਲ ਪ੍ਰਾਪਤ ਕੀਤੀ ਜਾਂਦੀ ਸੀ। ਹਨੁਮੰਤੀ ਦੀ ਬੁਨਿਆਦ ਦਾਵਾਂ-ਪੇਚਾਂ ਦੇ ਸਿਰ ‘ਤੇ ਸੀ, ਜਾਮਵੰਤੀ ਵਿਚ ਵਿਰੋਧੀ ਨੂੰ ਵਧੇਰੇ ਦੁਖਦਾਈ ਦਾਵਾਂ ਜਿਵੇਂ ਨਮਾਜਬੰਦ ਅਤੇ ਕਮਰਘੋੜਾ ਆਦਿ ਨਾਲ ਨਿੱਸਲ ਕਰ ਕੇ ਢਾਹਿਆ ਜਾਂਦਾ ਸੀ। ਚੌਥੀ ਕਿਸਮ ਜਰਾਬੰਧੀ ਵਿਚ ਨੌਬਤ ਕਈ ਵੇਰ ਮਰਨ ਮਾਰਨ ਤੱਕ ਅੱਪੜ ਜਾਂਦੀ ਸੀ ਇਸੇ ਲਈ ਇਹ ਬਹੁਤੀ ਹਰਮਨ ਪਿਆਰੀ ਨਾ ਹੋ ਸਕੀ। ਵਰਤਮਾਨ ਕੁਸ਼ਤੀ ਦਾ ਮੋਢੀ ਉਸਤਾਦ ਨੂਰ-ਉ-ਦੀਨ ਮੰਨਿਆ ਜਾਂਦਾ ਹੈ, ਜਿਸ ਨੇ 361 ਦਾਅ ਪੇਚ ਅਤੇ ਉਨ੍ਹਾਂ ਦੇ ਤੋੜ ਈਜਾਦ ਕੀਤੇ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕੁਸ਼ਤੀਆਂ ਦੀਆਂ ਤਿੰਨ ਸ਼ੈਲੀਆਂ ਸਨ, ਜਿਨ੍ਹਾਂ ਨੂੰ ਦਫਾਂ ਕਿਹਾ ਜਾਂਦਾ ਸੀ। ਕੰਵਲ ਲਿਖਦਾ ਹੈ ਕਿ ਮਹਾਰਾਜਾ ਉਨ੍ਹਾਂ ਤਿੰਨਾਂ ਮਹਾਨ ਕੁਸ਼ਤੀਗੀਰਾਂ ਦਾ ਸਤਿਕਾਰ ਕਰਦਾ ਸੀ, ਜਿਨ੍ਹਾਂ ਨੇ ਇਹ ਦਫਾਂ ਚਲਾਈਆਂ। ਉਹ ਉਨ੍ਹਾਂ ਨੂੰ ਭਰਪੂਰ ਮਦਦ ਦਿੰਦਾ ਸੀ। ਇੰਨਾ ਆਦਰ ਕਰਦਾ ਸੀ ਕਿ ਜਦੋਂ ਕੋਈ ਇਨ੍ਹਾਂ ਦੀਆਂ ਹਵੇਲੀਆਂ ਵਿਚ ਮਿਲਣ ਆਉਂਦਾ, ਸਤਿਕਾਰ ਨਾਲ ਆਪਣੇ ਜੋੜੇ ਲਾਹ ਕੇ ਬਾਹਰ ਰੱਖਦਾ, ਫਿਰ ਅੰਦਰ ਦਾਖਲ ਹੁੰਦਾ। ਉਸਤਾਦ ਨੂਰ-ਉ-ਦੀਨ ਦੇ ਬਿਮਾਰ ਹੋਣ ਦੀ ਖਬਰ ਸੁਣੀ ਤਾਂ 1810 ਵਿਚ ਪਤਾ ਲੈਣ ਤਿੰਨ ਵਾਰ ਉਸ ਦੇ ਘਰ ਗਿਆ। ਉਸ ਦੀ ਕਬਰ ਉੱਪਰ ਸਿਲ ਮਹਾਰਾਜੇ ਨੇ ਆਪ ਰੱਖੀ…।

ਬਲਬੀਰ ਸਿੰਘ ਕੰਵਲ ਦੀਆਂ ਖੇਡ ਪੁਸਤਕਾਂ ਦੇ ਨਾਂ ਹਨ: ਭਾਰਤ ਦੇ ਪਹਿਲਵਾਨ, ਪੰਜਾਬ ਕਬੱਡੀ ਦਾ ਇਤਿਹਾਸ ਅਤੇ ਆਲਮੀ ਕਬੱਡੀ ਦਾ ਇਤਿਹਾਸ। ਪੇਸ਼ ਹਨ ਉਹਦੀਆਂ ਕਬੱਡੀ ਲਿਖਤਾਂ ਦੇ ਕੁਝ ਅੰਸ਼:

ਪੰਜਾਬ ਦੀ ਮਾਂ-ਖੇਡ ਕਬੱਡੀ ਦੇ ਮਰਮ ਨੂੰ ਤਾੜਦਿਆਂ ਦੇਸ਼ ਭਰ ਵਿਚ ਤਿੰਨ ਕੁ ਦਹਾਕੇ ਕਬੱਡੀ ਦੇ ਤਕੜੇ ਤੋਂ ਤਕੜੇ ਭੇੜ ਬਹੁਤ ਨੇੜਿਓਂ ਹੋ ਕੇ ਵੇਖੇ-ਘੋਖੇ। ਨੀਝ ਨਾਲ ਤਕਦਿਆਂ ਇਸ ਵਿਚ ਕਈ ਕੁਝ ਗੈਬੀ ਵੀ ਡਿੱਠਾ। ਕੌਡੀ ਦੇ ਮੈਚ ਬਾਰੇ ਸੁਣ ਕੇ ਕਿਹੜਾ ਪੰਜਾਬੀ ਪਿੜ ਵੱਲ ਨੂੰ ਪਰਵਾਨਿਆਂ ਵਾਂਗ ਨਹੀਂ ਝੂਮਦਾ ਝੁਰਮਟਦਾ…।
ਕਬੱਡੀ ਪੰਜਾਬੀਆਂ ਦੇ ਲਹੂ ਵਿਚ ਹੈ। ਹਰੇਕ ਪੰਜਾਬੀ ਕਿਸੇ ਨਾ ਕਿਸੇ ਸਟੇਜ ‘ਤੇ ਕਬੱਡੀ ਖੇਡਦਾ ਤੇ ਵੇਖਦਾ ਹੈ। ਕਬੱਡੀ ਦਾ ਸਾਹ ਪੰਜਾਬੀਆਂ ਲਈ ਜੀਵਨ ਸੁਆਸ ਹੈ, ਜੀਹਨੂੰ ਲਏ ਬਿਨਾ ਉਨ੍ਹਾਂ ਦਾ ਸਰਦਾ ਨਹੀਂ, ਭਾਵੇਂ ਉਹ ਪੰਜਾਬ ਦੀ ਧਰਤੀ ‘ਤੇ ਰਹਿਣ ਭਾਵੇਂ ਵਲੈਤੀਂ ਜਾ ਵਸਣ। ਕਬੱਡੀ ਦੇ ਨਾਂ ਵਿਚ ਹੀ ਝਰਨਾਹਟ ਹੈ ਤੇ ਖੇਡ ਵਿਚ ਆਖਰਾਂ ਦੀ ਖਿੱਚ। ਕਬੱਡੀ ਦੀ ਖੇਡ ਇਕ ਬੰਨੇ ਖਿਡਾਰੀ ਨੂੰ ਪਕੜੀ ਰੱਖਦੀ ਹੈ ਤੇ ਦੂਜੇ ਬੰਨੇ ਦਰਸ਼ਕਾਂ ਨੂੰ। ਇਸ ਖੇਡ ਨੇ ਪੰਜਾਬ ਦੇ ਗੱਭਰੂਆਂ ਨੂੰ ਤਕੜੇ ਵੀ ਬਣਾਈ ਰੱਖਿਆ ਹੈ, ਹਿੰਮਤੀ ਵੀ ਤੇ ਜ਼ਿੰਦਗੀ ਦੀਆਂ ਰਗੜਾਂ ਸਹਿਣ ਜੋਗੇ ਵੀ…।
ਕੌਡੀ ਜਿਹੜੀ ਕਦੇ ਕਬੀਲਿਆਂ ਤੋਂ ਸ਼ੁਰੂ ਹੋਈ, ਧਾਵਿਆਂ, ਹਮਲਿਆਂ ਸਮੇਂ ਪਰਵਾਨ ਚੜ੍ਹੀ। ਪਹਿਲਾਂ ਪਹਿਲ ਇਕ ਦੂਜੇ ਪਿੰਡਾਂ ਵਿਚਕਾਰ ਹੁੰਦੀ ਰਹੀ, ਫਿਰ ਦਰਿਆਵਾਂ ਦੇ ਆਰ-ਪਾਰ ਦੀ ਹੋਣੀ ਸ਼ੁਰੂ ਹੋ ਗਈ। ਪੰਜਾਂ ਪਾਣੀਆਂ ਦੀ ਧਰਤੀ ਦੇ ਗੱਭਰੂ, ਦਰਿਆਓਂ ਇਕ ਪਾਸੇ ਦੇ ਪਿੰਡਾਂ ਦੇ ਖਿਡਾਰੀ ਇਕ ਟੀਮ ਬਣਾ ਕੇ ਖੜ੍ਹੇ ਹੋ ਜਾਂਦੇ ਅਤੇ ਦੂਜੇ ਪਾਰ ਦੇ ਪਿੰਡਾਂ ਦੇ ਦੂਜੀ ਟੀਮ ਬਣਾ ਲੈਂਦੇ। ਖੂਬ ਟੱਕਰਾਂ ਹੁੰਦੀਆਂ…।
ਜਾਰਜ ਪੰਚਮ ਦੀ ਤਾਜਪੋਸ਼ੀ ਵਾਲਾ ਸਾਲ ਸਾਡੀਆਂ ਖੇਡਾਂ ਦੇ ਇਤਿਹਾਸ ਵਿਚ ਖਾਸ ਮੁਕਾਮ ਰੱਖਦਾ ਹੈ। 1911 ਵਿਚ ਦਿੱਲੀ ਵਿਖੇ ਇਕ ਬਹੁਤ ਭਾਰਾ ਦਰਬਾਰ ਹੋਇਆ, ਜੋ ਖੇਡਾਂ ਲਈ ਇੰਡੀਆ ਵਿਚ ਸ਼ਾਇਦ ਸਭ ਤੋਂ ਵੱਡਾ ਖੇਡ ਮੇਲਾ ਸੀ। ਉਥੇ ਕੁਸ਼ਤੀਆਂ ਵੀ ਹੋਈਆਂ, ਜਿਨ੍ਹਾਂ ਵਿਚ ਸਭ ਤੋਂ ਵੱਡੀ ਕੁਸ਼ਤੀ ਕਿੱਕਰ ਸਿੰਘ ਦੇਵੇ ਹਿੰਦ ਅਤੇ ਕੱਲੂ ਸਿਤਾਰਾ-ਏ-ਹਿੰਦ ਵਿਚਕਾਰ ਸੀ ਅਤੇ ਕਬੱਡੀ ਵੀ ਹੋਈ…।

ਪਿਛਲੀ ਸਦੀ ਨੇ ਕੁਝ ਕੁ ਆਫਤ ਖਿਡਾਰੀਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦਾ ਖੇਡਣ ਢੰਗ ਉਨ੍ਹਾਂ ਨਾਲ ਹੀ ਖਤਮ ਹੋ ਗਿਆ। ਵੀਹਵੀਂ ਸਦੀ ਦੀ ਅੱਖ ਖੁੱਲ੍ਹਣ ਨਾਲ ਜਿਹੜਾ ਖਿਡਾਰੀ ਇਕ ‘ਕਹਾਵਤੀ’ ਰੁਤਬੇ ਨੂੰ ਅੱਪੜਿਆ, ਉਹ ਸਰਗੋਧੇ ਦਾ ਬਾਬੂ ਫਕੀਰ ਮੁਹੰਮਦ ਸੀ, ਜੋ ਟਿਵਾਣਿਆਂ ਦੀ ਪ੍ਰਸਿੱਧ ਟੀਮ ਦਾ ਕਪਤਾਨ ਸੀ। ਸਰੀਰ ਵਿਚ ਆਖਰਾਂ ਦੀ ਤੜ ਸੀ, ਤਾਕਤ ਸੀ ਤੇ ਜਦੋਂ ਦਮ ਜਾਂਦਾ ਤਾਂ ਇਓਂ ਲੱਗਦਾ, ਜਿਵੇਂ ਵਿਰੋਧੀ ਨੂੰ ਪਾੜ ਕੇ ਖਾ ਜਾਵੇਗਾ। ਉਦੋਂ ਉਸ ਬਾਰੇ ਇਹ ਕਹਾਵਤ ਪ੍ਰਚਲਿਤ ਹੋਈ:

-ਕੌਡੀ ਫਕੀਰ ਦੀ, ਪਾਸੇ ਜਾਵੇ ਚੀਰਦੀ।
ਉਸ ਪਿੱਛੋਂ ਸੁਲਤਾਨ ਸ਼ਾਹ ਆਦੇ ਵਾਲਾ ਇਕ ਹੈਬਤਨਾਕ ਧਾਵੀ ਸਾਬਤ ਹੋਇਆ। ਉਸ ਦੀ ਕੌਡੀ ਤੋਂ ਖੁਸ਼ ਹੋ ਕੇ ਟਿਵਾਣਿਆਂ ਨੇ ਉਸ ਨੂੰ ਦੋ ਮੁਰੱਬੇ ਜ਼ਮੀਨ ਇਨਾਮ ਵਜੋਂ ਦਿੱਤੀ ਸੀ। ਉਸ ਨੂੰ ਯਾਦ ਕਰਦਿਆਂ ਵਾਰਿਸ ਸ਼ਾਹ ਦਾ ਇਕ ਸ਼ਿਅਰ ਯਾਦ ਆ ਜਾਂਦਾ ਹੈ:
-ਵਿਹੜੇ ਵਿਚ ਔਧੂਤ ਜਾ ਗੱਜਦਾ ਸੀ, ਮਸਤ ਸਾਨ੍ਹ ਵਾਂਗ ਜਾ ਮੇਲ੍ਹਦਾ ਸੀ।

ਸ਼ਾਹ ਬਾਰੇ ਮਸ਼ਹੂਰ ਸੀ ਕਿ ਸਾਹ ਗਿਆ ਉਹ ‘ਕੌਡੀ ਕੌਡੀ’ ਕਹਿ ਕੇ ਦਮ ਨਹੀਂ ਸੀ ਪਾਉਂਦਾ ਸਗੋਂ ਇਸ ਸਵੈਭਰੋਸੇ ਨਾਲ ਜਾਂਗਲੀਆਂ ਵਾਂਗ ਲੰਮੀ ਹੇਕ ਲਾਉਂਦਿਆਂ ‘ਹੇ ਕੌਡੀ ਸ਼ਾਹ ਦੀ’ ਕਹਿੰਦਾ ਆਪਣੇ ਘਰ ਵਾਪਸ ਪਰਤ ਆਉਂਦਾ ਸੀ। ਉਸ ਨੂੰ ਆਪਣੀ ਤਾਕਤ ‘ਤੇ ਏਨਾ ਨਾਜ਼ ਸੀ ਕਿ ਉਸ ਨੂੰ ਫੜਨ ਵਾਲਾ ਅਜੇ ਤਕ ਕੋਈ ਨਹੀਂ ਜੰਮਿਆ। ਤਾਰੀਖ ਦੱਸਦੀ ਹੈ ਕਿ ਇਕ ਵਾਰ ਇਕ ਥਾਂ ਉਹ ਅਤੇ ਸਿੱਖਾਂ ਦਾ ਸ਼ਾਹਜ਼ੋਰ ਧਾਵੀ ਤਾਰਾ ਸਿੰਘ ਗੱਟੀ ਵਾਲਾ ਜ਼ਰੂਰ ਅੱਧੋ ਅੱਧੀ ਹੋਏ, ਵਰਨਾ ਉਸ ਦਾ ਕੋਈ ਮੁਕਾਬਲਾ ਹੀ ਨਹੀਂ ਸੀ।

ਉਹਦੇ ਪਿੰਡਾਂ ਦਾ ਹੀ ਇਕ ਹੋਰ ਖਿਡਾਰੀ ਗੌਹਰ ਵੀ ਬਹੁਤ ਤਕੜਾ ਜਾਫੀ ਸੀ। ਉਹ ਬੜੇ ਬੜੇ ਸ਼ਾਹਜ਼ੋਰ, ਕੱਦਾਵਰ, ਫੁਰਤੀਲੇ, ਤੇਜ਼-ਗੱਲ ਕੀ ਹਰੇਕ ਤਰ੍ਹਾਂ ਦੇ ਸਾਹੀ ਨੂੰ ਲਪੇਟ ਕੇ ਆਪਣੀ ਝੋਲੀ ‘ਚ ਆਸਾਨੀ ਨਾਲ ਪਾ ਲੈਂਦਾ ਸੀ। ਇਸੇ ਕਰਕੇ ਉਹ ‘ਫਾਟਕ’ ਦੇ ਨਾਂ ਨਾਲ ਪ੍ਰਸਿੱਧ ਸੀ। ਖੁਦ ਵੀ ਖਾਸਾ ਕੱਦਾਵਰ ਤੇ ਲੰਮ ਸਲੰਮਾ ਜਵਾਨ ਸੀ।

ਨਿਰਭੈ ਸਿੰਘ ਰਮੀਦੀ ਵਾਲੇ ਨੂੰ ਕਈ ਉਡਵੀਂ ਕੈਂਚੀ ਦਾ ਕਾਢੂ ਮੰਨਦੇ ਹਨ। ਉਸ ਨੂੰ ਮੁਸਲਮਾਨ ਖਿਡਾਰੀ ਕਹਿੰਦੇ ਸਨ, “ਭਈ ਬੰਦਾ ਕਾਹਦਾ, ਉਡਣਾ ਸੱਪ ਐ! ਖੜ੍ਹੇ ਖੜ੍ਹੇ ਤਿੰਨ ਤਿੰਨ ਕੈਂਚੀਆਂ ਮਾਰ ਦਿੰਦੈ। ਇਕ ਵੇਰ ਇਕ ਤਕੜੇ ਮੈਚ ਵਿਚ ਇਕ ਤਕੜੇ ਸਾਹੀ ਨੂੰ ਹੰਧਿਆਂ ਤਕ ਆਉਂਦਿਆਂ ਪੂਰੀਆਂ ਅੱਠ ਕੈਂਚੀਆਂ ਮਾਰੀਆਂ। ਕੈਂਚੀ ਉਸ ਉਤੇ ਖਤਮ ਸੀ। ਦਮ ਗਿਆ, ਜਾਫੀ ਉਤੋਂ ਦੀ ਆਰਾਮ ਨਾਲ ਟੱਪ ਜਾਂਦਾ ਸੀ। ਏਸੇ ਤਰ੍ਹਾਂ ਗੜ੍ਹਦੀਵਾਲੇ ਵਾਲਾ ਮਹਿੰਗਾ ਸਿੰਘ ਵੀ ਤਕੜੇ ਬੰਦੇ ਉਤੋਂ ਦੀ ਸਫਾਲ ਟੱਪ ਜਾਂਦਾ ਸੀ। ਉਹ ਆਫਤਾਂ ਦਾ ਧਾਵੀ ਸੀ। ਇਹੋ ਹੀ ਹਾਲ ਪ੍ਰੇਮ ਸਿੰਘ ਲਾਲਪੁਰੇ ਦਾ ਸੀ।

ਬਾਬੂ ਹਰਬੰਸ ਲਾਲ ਯਾਰੀ ਦੋਸਤੀ ਦੇ ਦਾਇਰੇ ‘ਚ ਘੁੱਗਾ, ਪਰ ਖਿਡਾਰੀਆਂ ‘ਚ ‘ਡੇਂਜਰ’ ਨਾਂ ਨਾਲ ਜਾਣਿਆ ਜਾਂਦਾ ਸੀ। ਤਕੜਾ ਧਾਵੀ ਸੀ, ਹਰ ਰੋਜ਼ ਬਾਰਾਂ ਮੀਲ ਦੌੜ ਲਾਉਂਦਾ ਅਤੇ ਇਕ ਵੇਰ ਜਦੋਂ ਕਪੂਰਥਲੇ ਇਕ ਹਾਥੀ ਨੂੰ ਪੋਲ ਵਾਲਟ ਵਾਂਗ ਟੱਪ ਗਿਆ ਤਾਂ ਮਹਾਰਾਜੇ ਨੇ ਖੁਸ਼ ਹੋ ਕੇ ਇਕੋਤਰ ਸੌ ਰੁਪਿਆ ਅਤੇ ਇਕ ਬਿਸਤਰਾ ਬੰਨ੍ਹ ਇਨਾਮ ਵਜੋ ਦਿੱਤਾ।

ਚੌਧਰੀ ਮੁਹੰਮਦ ਸਦੀਕ ਲਾਇਲਪੁਰੀਆ ਇਕ ਤੂਫਾਨ ਮੇਲ ਧਾਵੀ ਸੀ। ਉਹ ਤਕੜੇ ਜਾਫੀਆਂ ਨੂੰ ਵੀ ਬੱਸ ਲੇਲੇ ਦੁੰਬੇ ਹੀ ਸਮਝਦਾ। ਉਸ ਦਾ ਹੀ ਸਮਕਾਲੀ ਬਸਤੀ ਬਾਬਾ ਖੇਲ ਦਾ ਮੰਨੂੰ ਖਾਂ ਪਠਾਣ ਵੀ ਬਹੁਤ ਤਕੜਾ ਧਾਵੀ ਸੀ, ਪਰ ਉਹ ਸਦੀਕ ਹੋਰਾਂ ਦੇ ਜੋੜਾਂ ਵਿਚ ਨਹੀਂ ਸੀ ਆਉਂਦਾ। ਕਰਤਾਰ ਸਿੰਘ ਆਲੀ ਨੰਗਲ ਵੀ ਸਾਹੀ ਸੀ ਕਿਤੇ! ਸਾਨ੍ਹ ਸੀ ਪੂਰਾ। ਉਹਦੀਆਂ ਬਾਹਾਂ ‘ਚ ਬਹੁਤ ਤਾਕਤ ਸੀ। ਸਾਧ ਤੋਂ ਵੀ ‘ਕੱਲੇ ਗੁੱਟ ਨਾਲ ਕਦੀ ਨਹੀਂ ਸੀ ਰੁਕਦਾ। ਦੇਸ਼ ਦੇ ਵੰਡਾਰੇ ਤੋਂ ਪਹਿਲਾਂ ਬਿਆਸ ਵਿਚ ਹੋਏ ਇਕ ਇਤਿਹਾਸਕ ਮੈਚ ਵਿਚ ਇਹ ਦੋਵੇਂ ਚਾਰ ਵਾਰ ਫਸੇ। ਦੋ ਵਾਰ ਇਹ ਲੈ ਗਿਆ ਤੇ ਦੋ ਵਾਰ ਉਸ ਨੇ ਡੱਕ ਲਿਆ।

ਕਿਰਪਾਲ ਸਿੰਘ ਰਾਹਲ ਚਾਹਲ ‘ਤੇ ਗੁੱਟ ਦੀ ਫੜਾਈ ਖਤਮ ਸੀ। ਕਿਹਾ ਜਾਂਦਾ ਸੀ ਕਿ ਉਹਦੇ ਮੂਹਰਿਓਂ ਕੋਈ ਪੰਛੀ ਉੱਡ ਕੇ ਲੰਘ-ਜੇ ਤਾਂ ਲੰਘ-ਜੇ ਪਰ ਕੋਈ ਧਾਵੀ ਨਹੀਂ ਸੀ ਲੰਘ ਸਕਦਾ। ਪਾਕਿਸਤਾਨੀਆਂ ਨੇ ਉਸ ਨੂੰ ਗੁੱਟ ਦੇ ਪੀਰ ਸਰਦਾਰ ਦਾ ਖਿਤਾਬ ਦਿੱਤਾ ਸੀ। ਦੇਸ਼ ਦੇ ਵੰਡਾਰੇ ਵੇਲੇ ਇਕ ਹੋਰ ਖਿਡਾਰੀ ਸ਼ਬਦਲ ਪੰਨੂੰ ਵੀ ਸਿਰਕੱਢ ਖਿਡਾਰੀ ਸੀ। ਉਹ ਮਿੰਟਗੁਮਰੀ ਵੱਲੋਂ ਸਿੱਖਾਂ ਦੀ ਟੀਮ ਦਾ ਕਪਤਾਨ ਬਣਿਆ ਤੇ ਮੁਸਲਮਾਨਾਂ ਦੀ ਟੀਮ ਨੂੰ ਜਿੱਤਿਆ। ਉਹ ਫੁੱਟਬਾਲ ਦਾ ਵੀ ਤਕੜਾ ਖਿਡਾਰੀ ਸੀ। ਜਗੀਰਾ ਭੰਬਾ ਅੰਬਰਸਰੀਆ ਆਪਣੇ ਆਪ ਨੂੰ ਜ਼ੋਰ ਵਿਚ ਅੰਨ੍ਹਾ ਸਮਝਦਾ। ਹਮੇਸ਼ਾਂ ਅੱਖਾਂ ਮੀਟ ਕੇ ਦਮ ਪਾਉਣ ਜਾਂਦਾ ਤੇ ਅਗਲੇ ਘਰ ਦਾ ਸੋਹਣਾ ਖਿਡਾਰੀ ਸੀ।

ਉਨ੍ਹਾਂ ਹੀ ਸਮਿਆਂ ਵਿਚ ਮਹਿੰਦਰ ਸਿੰਘ ਢੱਗਾ, ਗਿਆਨ ਸਿੰਘ ਬੜਾ ਪਿੰਡ, ਸਵਰਨ ਸਿੰਘ ਤੇ ਜਸਬੀਰ ਸਿੰਘ ਧੱਤੂ ਹੋਏ। ਸਵਰਨ ਨੂੰ ਕਈ ਵੇਰ ਲੋਕ ਛੋਟਾ ਸਾਧ ਵੀ ਸੱਦਦੇ ਸਨ। ਤੋਖੀ ਐਟਮ ਦੇ ਪਿੰਡ ਅੰਬਾਲਾ ਜੱਟਾਂ ਦਾ ਇਕ ਜਾਫੀ ਕਾਬਲ ਸਿੰਘ ਐਵੇਂ ਚਲਾਵੀਂ ਜਿਹੀ ਕੈਂਚੀ ਮਾਰਦਾ ‘ਨਾਗ’ ਦੇ ਨਾਂ ਨਾਲ ਪ੍ਰਸਿੱਧ ਸੀ। ਉਸ ਦੀਆਂ ਉਂਗਲਾਂ ਮੈਂ ਗਹੁ ਨਾਲ ਤੱਕੀਆਂ ਹਨ, ਜੋ ਬਹੁਤ ਲੰਮੀਆਂ ਸਨ। ਅਗਲੇ ਦੇ ਗੁੱਟ ਨੂੰ ਦੂਹਰੇ ਪਲਸੇਟੇ ਨਾਲ ਨਾਗਵਲ ਪਾ ਲੈਂਦਾ ਸੀ। ਇਹ ਜਾਫੀ ਘਰ ਦਿਆਂ ਵੱਲੋਂ ਵਿਆਹ ਲਈ ਜ਼ੋਰ ਪਾਏ ਜਾਣ ‘ਤੇ ਜ਼ਾਰੋ ਜ਼ਾਰ ਰੋਂਦਾ ਕਹਿ ਰਿਹਾ ਸੀ, “ਭਾਈਆ, ਮੈਂ ਵਿਆਹ ਨਹੀਂ ਕਰਾਉਣਾ, ਸਾਰੀ ਉਮਰ ਬੱਸ ਕੌਡੀ ਖੇਡਣੀ ਹੈ। ਗੁਰਦੁਆਰੇ ਸੌਂ ਜਾਇਆ ਕਰਨਾ। ਮਿੰਨਤ ਨਾਲ ਮੇਰਾ ਵਿਆਹ ਨਾ ਕਰੋ!”

ਤੋਖੀ ਐਟਮ ਬੰਬ ‘ਤੇ ਉਡਾਰੀ ਖਤਮ ਹੋ ਗਈ। ਆਮ ਦਰਸ਼ਕਾਂ ‘ਚ ਇਹ ਵਹਿਮ ਹੁੰਦਾ ਸੀ ਕਿ ਜਾਫੀ ਦਾ ਹੱਥ ਲੱਗਦਿਆਂ ਈ ਉਹ ਦਮ ਤੋੜ ਦੇਵੇਗਾ, ਪਰ ਉਹ ਉਡਣਾ ਬਾਜ ਸੀ। ਗੁਰਦਿਆਲ ਸਿੰਘ ਢਿੱਲੋਂ ਤੇ ਉਸ ਦਾ ਵੱਡਾ ਵੀਰ ਜੁਗਿੰਦਰ ਸਿੰਘ ਵੀ ਦੇਸ਼ ਦੇ ਵੰਡਾਰੇ ਤੋਂ ਪਹਿਲਾਂ ਸਿਰਕੱਢ ਜਾਫੀ ਸਨ, ਜਿਨ੍ਹਾਂ ਨੇ ਮੁਲਤਾਨ ਦੇ ਅੱਵਲ ਨੰਬਰ ਧਾਵੀ ਅੱਵਲ ਖਾਂ ਨੂੰ ਖੜ੍ਹਾ ਕਰ ਦਿੱਤਾ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਗਤਾ ਜਾਟ ਆਪਣਾ ਗੁੱਟ ਹਮੇਸਾ ਅਗਾਂਹ ਨੂੰ ਚੁੱਕ ਕੇ ਕਬੱਡੀ ਦਾ ਦਮ ਪਾਉਂਦਾ ਹੈ, ਜਿਵੇਂ ਠੁੱਠ ਵਿਖਾ ਰਿਹਾ ਹੋਵੇ ਤਾਂ ਝੱਟ ਹੀ ਕਹਿੰਦੇ, “ਚਲੋ ਹੁਣੇ ਚੱਲੀਏ, ਅਸੀਂ ਉਹਨੂੰ ਏਦਾਂ ਸਾਹ ਨਹੀਂ ਪਾਉਣ ਦੇਣਾ।” ਸੂਰਾਨੁੱਸੀ ਹੋਏ ਇਕ ਮੈਚ ਵਿਚ ਉਸ ਦਾ ਗੁੱਟ ਖਿੱਚ ਕੇ ਸਾਫ ਹੀ ਖੜ੍ਹਾ ਕਰ ਦਿੱਤਾ। ਗੁਰਦਿਆਲ ਕਹਿੰਦਾ, “ਤੇਰਾ ਹਰਿਆਣਾ ਤਾਂ ਡੱਕ ਦਿੱਤਾ, ਵੇਖ ਲਿਆ ਵੀਰ ਜੀ ਦਾ ਸਟਾਈਲ?”

ਯਾਦ ਰਹੇ, ਪੰਜਾਬ ਕਬੱਡੀ ਐਸੋਸੀਏਸ਼ਨ ਦੀ ਸਥਾਪਨਾ ਕਰਨ ਵਿਚ ਢਿੱਲੋਂ ਭਰਾਵਾਂ ਦਾ ਖਾਸ ਹਿੱਸਾ ਹੈ। 1954 ਵਿਚ ਜਦੋਂ ਪਾਕਿਸਤਾਨੋਂ ਕੌਡੀ ਦੀ ਟੀਮ ਸਾਡੇ ਖੇਡਣ ਆਈ ਤਾਂ ਉਨ੍ਹਾਂ ਵਿਚੋਂ ਇਕ ਧਾਵੀ ਕਹਿੰਦਾ, “ਮੈਨੂੰ ਸ਼ੇਰੇ ਪੰਜਾਬ ਕਹਿੰਦੇ ਆ। ਮੈਨੂੰ ਏਥੇ ਕਿਹੜਾ ਫੜਨ ਵਾਲਾ ਜੰਮਿਐਂ?” ਉਸ ਦੀ ਗੱਲ ਸੁਣ ਕੇ ਜੁਗਿੰਦਰ ਸਿੰਘ ਢਿੱਲੋਂ ਨੂੰ ਰੋਹ ਚੜ੍ਹ ਗਿਆ ਤੇ ਉਸ ਨੇ ਕਿਹਾ, “ਹੈਂ ਤੂੰ? ਤੈਨੂੰ ਏਥੇ ਕਿਸ ਨੇ ਤੁਰਨ ਦੇਣਾ? ਤੂੰ ਹਾਅ ਗੱਲ ਕਰਦਾਂ?” ਉਸ ਦੀ ਗੱਲ ਉਤੇ ਜਦੋਂ ਮੁਸਲਮਾਨ ਨੂੰ ਯਕੀਨ ਨਾ ਆਇਆ ਤਾਂ ਢਿੱਲੋਂ ਨੇ ਜੇਬ ਵਿਚਲੇ ਬਾਰਾਂ ਹਜ਼ਾਰ ਰੁਪਏ ਕੱਢ ਕੇ ਸ਼ਰਤ ਲਾਉਣ ਨੂੰ ਕਿਹਾ। ਮੁਸਲਮਾਨ ਖਿਡਾਰੀ ਮਨੋਵਿਗਿਆਨਕ ਤੌਰ ‘ਤੇ ਚਕਰਾ ਗਿਆ ਤੇ ਢਿੱਲੋਂ ਕਿਰਪਾਲ ਸਿੰਘ ਸਾਧ ਨੂੰ ਲੈਣ ਚਲਾ ਗਿਆ।

ਉਦੋਂ ਦੇ ਦਿਨਾਂ ‘ਤੇ ਝਾਤ ਮਾਰਦਾ ਹਾਂ ਤਾਂ ਆਰਗੇਨਾਈਜ਼ਿੰਗ ਸਾਈਡ ‘ਤੇ ਜਿਥੇ ਵਰਿਆਮ ਸਿੰਘ, ਨਿਰੰਜਣ ਸਿੰਘ ਤੇ ਜਸਵੰਤ ਸਿੰਘ ਵਰਗੀਆਂ ਹਸਤੀਆਂ ਦੇ ਨਾਂ ਸਾਹਮਣੇ ਆਉਂਦੇ ਹਨ, ਉਥੇ ਇਨ੍ਹਾਂ ਢਿੱਲੋਂ ਭਰਾਵਾਂ ਦੇ ਨਾਂ ਵੀ ਝਿਲਮਿਲ ਕਰਦੇ ਹਨ। ਕਈ ਵੇਰ ਸੋਚਦਾ ਹਾਂ ਕਿ ਜੇ ਅਸੀਂ ਉਦੋਂ ਪਾਕਿਸਤਾਨ ਨੂੰ ਨਾ ਜਿੱਤਦੇ ਤਾਂ ਖਬਰੇ ਹਾਲੇ ਪੰਜਾਬ ਕਬੱਡੀ ਐਸੋਸੀਏਸ਼ਨ ਹੋਂਦ ਵਿਚ ਆਉਂਦੀ ਕਿ ਨਾ?

ਉਸ ਅਣਖੀ ਇਤਿਹਾਸਕ ਟੈਸਟ ਮੈਚ ਦੀ ਕਪਤਾਨੀ ਲਈ ਉਸ ਸਮੇਂ ਦੇ ਪੜ੍ਹੇ-ਲਿਖੇ ਧਾਵੀ ਅਜੀਤ ਸਿੰਘ ਮਾਲੜੀ ਨੂੰ ਚੁਣਿਆ ਗਿਆ ਸੀ। ਵਾਹ ਬਈ ਮਾਲੜੀ, ਦਮ ਜਾਂਦਾ ਬੋਤੇ ਵਾਂਗ ਉਲਾਂਘਾਂ ਭਰਦਾ। ਜਾਫੀ ਦੇ ਨੇੜੇ ਕੌਡੀ ਦੀ ਆਵਾਜ਼ ਤੇਜ਼ ਗਰਾਰੀ ‘ਤੇ ਚੜ੍ਹ ਕੇ ਕਿੜ-ਕਿੜ ਵਿਚ ਬਦਲ ਜਾਂਦੀ ਜਿਵੇਂ ਗੇਅਰ ਬਦਲਿਆ ਗਿਆ ਹੋਵੇ। ਉਸ ਦੀ ਕੌਡੀ ਵੇਖਣ ਦਾ ਵੀ ਸੁਆਦ ਆਉਂਦਾ ਸੀ। ਪਿੱਛੇ ਜਿਹੇ ਇਹ ਕੌਡਿਆਲ ਪਰਲੋਕ ਸਿਧਾਰ ਗਿਆ ਹੈ।

ਸੋਹਣ ਸਿੰਘ ਜੰਪ, ਜੋ ਟਰੱਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ, ਵੀ ਉਸ ਇਤਿਹਾਸਕ ਮੈਚ ਵਿਚ ਖੇਡਿਆ ਸੀ। ਉਹ ਸੋਹਣਾ ਕੌਡਿਆਲ ਸੀ, ਪਰ ਉਸ ਦੀ ਕੌਡੀ ਕਿਲਾ ਰਾਇਪੁਰ ਤੋਂ ਬਾਹਰ ਵਧੇਰੇ ਪਰਗਟ ਨਾ ਹੋ ਸਕੀ। ਆਪਣੇ ਸਮੇਂ ਦਾ ਚੈਂਪੀਅਨ ਸੁਟਾਵਾ ਸੀ, ਜਿਸ ਨੇ ਰਿਕਾਰਡ ਵੀ ਰੱਖਿਆ। ਸੰਤੋਖ ਸਿੰਘ ਮਾਨਗੜ੍ਹੀਆ ਜੱਫੇ ਦਾ ਬੇਮਿਸਾਲ ਸ਼ਾਇਰ ਸੀ। ਜਿਥੇ ਖੜ੍ਹ ਜਾਂਦਾ, ਖੜ੍ਹ ਜਾਂਦਾ; ਜਿਥੇ ਅੜ ਜਾਂਦਾ, ਅੜ ਜਾਂਦਾ। ਅਸੀਂ ਉਸ ਕੋਲੋਂ ਕੋਈ ਬੰਦਾ ਜ਼ੋਰ ਨਾਲ ਅੜ ਕੇ ਨੰਬਰ ਲੈਂਦਾ ਨਹੀਂ ਵੇਖਿਆ। ਗੁਰਦੇਵ ਅੱਟਾ, ਮਹਿੰਦਰ ਬੋਲਾ, ਸਰਵਣ ਰਮੀਦੀ ਤੇ ਅਮਰੀਕ ਬਾਘ ਹੋਰਾਂ ਦੇ ਨਾਂ ਵੀ ਸੁਨਹਿਰੀ ਝਿਲਮਿਲ ਸਹਿਤ ਸਾਹਮਣੇ ਆਉਂਦੇ ਹਨ। ਪ੍ਰੀਤਾ ਤੇ ਦੇਵੀ ਦਿਆਲ ਇਨ੍ਹਾਂ ਤੋਂ ਹਟਵੇਂ ਪੋਚ ਦੇ ਸਿਰਕੱਢ ਖਿਡਾਰੀ ਹਨ।

ਨਵਾਬ ਫਕੀਰ ਦਾ ਜਨਮ 1900 ਈ: ਦੇ ਲਾਗੇ ਚਾਗੇ ਸਰਗੋਧੇ ਵਿਚ ਹੋਇਆ ਸੀ। ਉਸ ਨੇ ਬਾਰ ਦੇ ਇਲਾਕੇ ਵਿਚ ਅਣਗਿਣਤ ਮੈਚ ਖੇਡੇ ਤੇ ਨਾਮਣਾ ਖੱਟਿਆ। ਸੁਲਤਾਨ ਸ਼ਾਹ ਦਾ ਜਨਮ 1908 ਵਿਚ ਗੋਜਰੇ ਦੇ ਲਾਗੇ ਚੱਕ ਨੰਬਰ 430, ਆਦਾ, ਤਹਿਸੀਲ ਟੋਭਾ ਟੇਕ ਸਿੰਘ, ਜਿਲਾ ਲਾਇਲਪੁਰ ਵਿਚ ਹੋਇਆ ਤੇ ਉਹ ਲਾਇਲਪੁਰ ਦੀ ਟੀਮ ਵਿਚ ਕੌਡੀ ਖੇਡਦਾ ਰਿਹਾ। ਅਮੀਰ ਇਨਾਇਤੁੱਲਾ ਖਾਂ ਜਲੰਧਰ ਲਾਗੇ ਬਸਤੀ ਬਾਬਾ ਖੈਲਾ ਵਿਚ 5 ਅਪਰੈਲ 1911 ਨੂੰ ਜੰਮਿਆ। ਉਹ ਜਲੰਧਰ ਦੀ ਅਫਗਾਨ ਕਬੱਡੀ ਕਲੱਬ ਦਾ ਲਗਾਤਾਰ ਪੰਜ ਸਾਲ ਕਪਤਾਨ ਰਿਹਾ। ਉਹ ਆਪਣੇ ਸਮੇਂ ਦਾ ਤਕੜਾ ਅਥਲੀਟ ਸੀ। ਹਾਮਦ ਹਸਨ ਮਹਿਮੂਦ ਦਾ ਜਨਮ ਜਲ੍ਹਿਆਂ ਵਾਲੇ ਬਾਗ ਦੇ ਲਾਗੇ ਅੰਮ੍ਰਿਤਸਰ ਵਿਚ 1920 ‘ਚ ਹੋਇਆ ਸੀ। ਉਹ ਹਾਕੀ ਦਾ ਖਿਡਾਰੀ ਹੋਣ ਦੇ ਨਾਲ ਕਬੱਡੀ ਦਾ ਵੀ ਬਹੁਤ ਤਕੜਾ ਧਾਵੀ ਸੀ। ਸਦੀਕ ਚੌਧਰੀ 1921 ਵਿਚ ਲਾਇਲਪੁਰ ਵਿਖੇ ਇਕ ਖੁਸ਼ਹਾਲ ਖਾਨਦਾਨ ਵਿਚ ਜੰਮਿਆ ਸੀ। ਉਸ ਨੇ ਮਸ਼ਹੂਰ ਜਾਫੀ ਫਾਟਕ ਉਤੇ ਸਤਾਰਾਂ ਸਾਹ ਪਾ ਕੇ ਉਸ ਨੂੰ ਇਕ ਵਾਰ ਵੀ ਡੱਕਣ ਦਾ ਮੌਕਾ ਨਹੀਂ ਸੀ ਦਿੱਤਾ।

ਮਹਿੰਗਾ ਸਿੰਘ ਤਕੜਾ ਅਥਲੀਟ, ਫੁੱਟਬਾਲ ਦਾ ਖਿਡਾਰੀ ਤੇ ਕਬੱਡੀ ਦਾ ਉਡਣਾ ਧਾਵੀ ਸੀ। ਉਸ ਦਾ ਜਨਮ 13 ਜੁਲਾਈ 1921 ਨੂੰ ਗੜ੍ਹਦੀਵਾਲੇ ਵਿਚ ਹੋਇਆ ਸੀ। ਸਿੰ.ਗਾਰਾ ਸਿੰਘ ਚੀਮਾ ਸਾਂਝੇ ਪੰਜਾਬ ਦਾ ਬਹੁਤ ਵੱਡਾ ਖਿਡਾਰੀ ਸੀ। ਉਹ ਸਾਹ ਪਾਉਣ ਗਿਆ ਏਨੀਆਂ ਧੌਲਾਂ ਮਾਰਦਾ ਸੀ ਕਿ ਅਗਲੇ ਦੀ ਹਿੱਕ ਸੁਜਾ ਦਿੰਦਾ ਸੀ। ਉਹ ਚੱਕ ਨੰਬਰ 157 ਜਿਲਾ ਲਾਇਲਪੁਰ ਵਿਚ 9 ਦਸੰਬਰ 1921 ਨੂੰ ਜੰਮਿਆ ਸੀ। ਨਿਰਭੈ ਸਿੰਘ ਸ਼ਾਹ ਬਾਰੇ ਕਿਹਾ ਜਾਂਦਾ ਸੀ, ਭਈ ਉਹ ਬੰਦਾ ਕਾਹਦਾ ਸੀ, ਉਡਣਾ ਸੱਪ ਸੀ ਪੂਰਾ। ਧਾਵੀ ਨੂੰ ਉਡ ਕੇ ਕੈਂਚੀ ਮਾਰਨ ਪੈਂਦਾ ਸੀ। ਉਸ ਦਾ ਜਨਮ ਰਮੀਦੀ ਵਿਖੇ 27 ਫਰਵਰੀ 1922 ਨੂੰ ਹੋਇਆ ਸੀ। ਨਜ਼ਰ ਮੁਹੰਮਦ ਬਿਜਲੀ ਤੇ ਉਸਤਾਦ ਕਾਦਰ ਬਖਸ਼ ਲਾਹੌਰ ਦੇ ਜੰਮਪਲ ਸਨ। ਕਿਰਪਾਲ ਸਾਧ ਜੀਹਨੂੰ ਗੁੱਟ ਦੀ ਫੜਾਈ ਦਾ ਪੀਰ ਸਰਦਾਰ ਕਿਹਾ ਜਾਂਦਾ ਸੀ, 1980 ਵਿਚ ਸਦੀਵੀ ਵਿਛੋੜਾ ਦੇ ਗਿਆ। ਤਾਰਾ ਸਿੰਘ ਮੂਸਾ ਪਾਕਿਸਤਾਨ ਦੀ ਟੀਮ ਵਿਰੁੱਧ ਖੇਡਿਆ ਸੀ।

ਸੰਤੋਖ ਸਿੰਘ ਐਟਮ ਬੰਬ ਦਾ ਜਨਮ 20 ਜੁਲਾਈ 1931 ਨੂੰ ਹੁਸ਼ਿਆਰਪੁਰ ਦੇ ਪਿੰਡ ਅੰਬਾਲਾ ਜੱਟਾਂ ਵਿਚ ਹੋਇਆ ਸੀ। ਜਦੋਂ 1954 ਦੇ ਸ਼ੁਰੂ ਵਿਚ ਚੜ੍ਹਦੇ ਪੰਜਾਬ ਦੀ ਟੀਮ ਲਹਿੰਦੇ ਪੰਜਾਬ ‘ਚ ਟੈੱਸਟ ਮੈਚ ਖੇਡਣ ਗਈ ਤਾਂ ਲਾਹੌਰੀਆਂ ਨੇ ਉਸ ਨੂੰ ਐਟਮ ਬੰਬ ਦਾ ਖ਼ਿਤਾਬ ਦਿੱਤਾ। ਜੁਆਨੀ ਸਮੇਂ ਇਸ ਨੇ ਮੰਦੇ ਭਾਵਾਂ ‘ਚ ਇਕ ਸੌ ਰੁਪਏ ਤੋਂ ਲੈ ਕੇ ਸੱਤ ਸੌ ਰੁਪਏ ਦੇ ਇਨਾਮਾਂ ਵਾਲੇ ਸਾਹ ਪਾਏ ਤੇ ਕਿਸੇ ਨੇ ਉਸ ਦੇ ਸਰੀਰ ਨੂੰ ਮਿੱਟੀ ਲੱਗੀ ਨਹੀਂ ਵੇਖੀ। ਅਤੀਤ ਵਿਚ ਹੋ ਸਕਦੈ ਉਸ ਨਾਲੋਂ ਵੀ ਤਕੜੇ ਸਾਹੀ ਹੋਏ ਹੋਣਗੇ ਪਰ ਉਸ ਨੂੰ ਵੀਹਵੀਂ ਸਦੀ ਦਾ ਸਰਵੋਤਮ ਸਾਹੀ ਕਹਿਣ ਵਿਚ ਕੋਈ ਉਜਰ ਨਹੀਂ ਹੋ ਸਕਦਾ।

ਮਹਿੰਦਰ ਸਿੰਘ ਢੱਗਾ, ਸਵਰਨ ਸਿੰਘ, ਗਿਆਨ ਸਿੰਘ, ਸੂਬਾ ਸਿੰਘ, ਹਰਨਾਮ ਸਿੰਘ ਨਾਮ੍ਹਾ, ਕਰਨੈਲ ਸਿੰਘ ਬਠਿੰਡਾ, ਢਿੱਲੋਂ ਭਰਾ, ਅਜੀਤ ਬੱਲ, ਕਰਤਾਰ ਪੰਨੂੰ ਤੇ ਗੁਰਦੇਵ ਅੱਟਾ ਆਪਣੇ ਸਮੇਂ ਦੇ ਤਕੜੇ ਕੌਡਿਆਲ ਸਨ। ਅੱਟਾ ਕਹਿੰਦੇ-ਕਹਾਉਂਦੇ ਜਾਫੀ ਨੂੰ ਪਝੰਤਰ ਫੁੱਟ ਤੋਂ ਖਿੱਚ ਕੇ ਲੈ ਆਉਂਦਾ ਸੀ। ਉਸ ਦਾ ਜਨਮ 15 ਅਪਰੈਲ 1935 ਨੂੰ ਹੋਇਆ ਸੀ। ਪਿੱਛੇ ਜਿਹੇ ਉਸ ਦਾ ਵਲਾਇਤ ਵਿਚ ਮਾਨ ਸਨਮਾਨ ਕੀਤਾ ਗਿਆ। ਸੰਤੋਖ ਸਿੰਘ ਦਾ ਜਨਮ ਮਾਨਗੜ੍ਹ ਵਿਚ 1938 ‘ਚ ਹੋਇਆ ਤੇ ਉਸ ਨੂੰ ਜੱਫੇ ਦਾ ਸ਼ੀਹ ਯਾਨਿ ਟਾਈਗਰ ਕਿਹਾ ਜਾਂਦਾ ਸੀ। ਉਸ ਨੇ ਪਾਕਿਸਤਾਨ ਦੇ ਜਰਵਾਣੇ ਧਾਵੀਆਂ ਨੂੰ ਬੰਨ੍ਹ ਲਾ ਦਿੱਤੇ ਸਨ। ਰਤਨ ਸਿੰਘ ਰੱਤੂ, ਮਹਿੰਦਰ ਸਿੰਘ ਧਾਮੀ, ਸੀਤਲ ਸਿੰਘ ਸਰਾਓ, ਅਮਰੀਕ ਸਿੰਘ, ਪ੍ਰੀਤਮ ਸਿੰਘ, ਜੋਤਾ, ਸੱਤਾ, ਅਜੈਬ ਸਿੰਘ ਬਾਸੀ ਤੇ ਅਜਮੇਰ ਸਿੰਘ ਚਕਰੀਏ ਨੇ ਵੀ ਕਬੱਡੀ ਦੇ ਪਿੜ ਵਿਚ ਨਾ ਮਿਟਣ ਵਾਲੀਆਂ ਪੈੜਾਂ ਕੀਤੀਆਂ ਹਨ…।

ਕਬੱਡੀ ਦੀ ਖੇਡ ਵਿਚ ਕਈ ਖੇਡਾਂ ਦਾ ਮਿਸ਼ਰਨ ਹੈ। ਇਸ ਵਿਚ ਕੁਸ਼ਤੀ ਦੇ ਦਾਅ ਜਿਵੇਂ ਢਾਕ, ਧੋਬੀ ਪਟੜਾ ਆਦਿ ਸਾਂਝੇ ਹਨ; ਇਸ ਵਿਚ ਅਥਲੈਟਿਕਸ ਦਾ ਦੌੜਨਾ ਭੱਜਣਾ, ਛਾਲਾਂ ਮਾਰਨਾ, ਹਾਕੀ ਤੇ ਫੁੱਟਬਾਲ ਦੀ ਖੇਡ ਵਰਗੀ ਡਾਜ ਅਤੇ ਜਿਮਨਾਸਟਿਕਸ ਦੇ ਕਰਤੱਬ ਵੀ ਸ਼ਾਮਲ ਹਨ। ਇਸ ਵਿਚ ਧਾਵੀ ਸੋਟ, ਤਲੀ, ਮੋੜ, ਅੰਦਰਲੀ, ਬਾਹਰਲੀ, ਢਾਕ, ਧੋਬੀ, ਬਾਡੀ ਡਾਜ ਤੇ ਤੇਜ਼ ਦੌੜ ਦੀ ਵਰਤੋਂ ਕਰਦੇ ਹਨ। ਜਾਫੀ ਹੱਥ-ਕਟੀ, ਗੁੱਟ ਫੜਨਾ, ਕੈਂਚੀ, ਲੱਪਾ, ਡੰਡ, ਬਗਲੀ ਭਰਨਾ, ਲੱਕ ਫੜਨਾ, ਟੰਗ ਚੀਰਨਾ, ਗਿੱਟਾ ਫੜਨਾ ਆਦਿ ਦੀ ਵਰਤੋਂ ਵੀ ਕਰਦੇ ਹਨ। ਕਬੱਡੀ ਸਰੀਰਕ ਕਰਤੱਬਾਂ ਦੀ ਸ਼ਾਇਰੀ ਤੇ ਕੌਡੀ ਕੌਡੀ ਕਹਿਣ ਦਾ ਅਨੂਠਾ ਨਗਮਾ ਹੈ! ਇਸ ਨਗਮੇ ਵਿਚ ਬਲਬੀਰ ਸਿੰਘ ਦੀ ‘ਬੱਲੇ ਬੱਲੇ’ ਵੀ ਸ਼ਾਮਲ ਹੈ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1163
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ