27 April 2024
ਸਮੇਂ ਨਾਲ ਸੰਵਾਦ

ਸਮੇਂ ਨਾਲ ਸੰਵਾਦ—✍️ਕੇਹਰ ਸ਼ਰੀਫ਼, ਜਰਮਨੀ

ਕੇਹਰ ਸ਼ਰੀਫ਼ (ਜਰਮਨੀ) ਦੀਆਂ ‘ਲਿਖਾਰੀ’ ਵਿੱਚ ਹੁਣ ਤੱਕ 38 ਕੁ  ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ‘ਕੁੱਜੇ ਵਿੱਚ ਸਮੁੰਦਰ ਬੰਦ’ ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ। ਆਪ ਦੀ ਇੱਕ ਬਹੁਤ ਹੀ ਖ਼ਬਸੂਰਤ, ਦਿਲ ਨੂੰ ਟੁੰਬਦੀ ਅਤੇ ਦਿਮਾਗ਼ ਨੂੰ ਸੋਚਣ ਲਈ ਮਜ਼ਬੂਰ ਕਰਦੀ ਰਚਨਾ ‘ਸਮੇਂ ਨਾਲ ਸੰਵਾਦ’ ਮੁੜ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।’—-ਲਿਖਾਰੀ
***

ਸਮੇਂ ਨਾਲ ਸੰਵਾਦ—✍️ਕੇਹਰ ਸ਼ਰੀਫ਼, ਜਰਮਨੀ

ਜਦੋਂ ਵੀ ਅਸੀਂ ਸਮੇਂ ਨੂੰ ਪ੍ਰੀਭਾਸ਼ਤ ਕਰਨ ਦਾ ਹੀਲਾ ਕਰਦੇ ਹਾਂ ਤਾਂ ਘੜੀ ਦੀਆਂ ਤੁਰਦੀਆਂ ਸੂਈਆਂ ਨਾਲ਼ ਮਿਣੇ ਗਏ ਸਮੇਂ ਦਾ ਹੀ ਹਵਾਲਾ ਦਿੰਦੇ ਹਾਂ ਇਹ ਤਾਂ ਸਿਰਫ ਸਮੇਂ ਨੂੰ ਇਕਹਿਰੀ ਹੱਦਬੰਦੀ ਅੰਦਰ ਡੱਕਣ ਦਾ ਨਿਗੂਣਾ ਜਿਹਾ ਯਤਨ ਹੀ ਆਖਿਆ ਜਾ ਸਕਦਾ ਹੈ। ਹਾਲਾਂਕਿ ਸਮੇਂ ਦਾ ਘੇਰਾ ਬਹੁਤ ਹੀ ਵਿਸ਼ਾਲ ਹੁੰਦਾ ਹੈ। ਤੁਰਦੇ ਪਲਾਂ ਵਿਚ ਬਹੁਤ ਕੁਝ ਵਾਪਰਦਾ ਹੈ-ਚੰਗਾ ਵੀ ਤੇ ਮਾੜਾ ਵੀ। ਭਾਵਂੇ ਕਿ ਹਰ ਕਿਸੇ ਦੀ ਖਾਹਿਸ਼ ਹੁੰਦੀ ਹੈ ਕਿ ਉਸਦੇ ਹਿੱਸੇ ਖੁਸ਼ਗਵਾਰ ਪਲ ਹੀ ਆਉਣ। ਪਰ ਅਜਿਹਾ ਹੋ ਸਕਣਾ ਅਜੇ ਤੱਕ ਤਾਂ ਸੰਭਵ ਹੋ ਨਹੀਂ ਸਕਿਆ- ਇਹ ਸ਼ਾਇਦ ਕੁਦਰਤ ਦਾ ਹੀ ਨੇਮ ਹੈ। ਉਂਝ ਵੀ ਇਕ ਪਾਸੇ ਵਾਲਾ ਸਿੱਕਾ ਹੁੰਦਾ ਹੀ ਨਹੀਂ।

ਸਮੇਂ ਦੇ ਸਨਮੁੱਖ ਹੁੰਦਿਆਂ ਜ਼ਰੂਰੀ ਹੁੰਦਾ ਹੈ ਕਿ ਹਕੀਕਤ ਨੂੰ ਸਾਹਮਣੇ ਰੱਖ ਕੇ ਪੂਰੀਆਂ ਅੱਖਾਂ ਖੋਹਲ, ਚਿੰਤਨੀ ਸੁਭਾਅ ਧਾਰਨ ਕਰਦਿਆਂ ਹਰ ਮਾਮਲੇ/ਗੱਲ ਨੂੰ ਦਾਰਸ਼ਨਿਕ ਪੱਧਰ ਉੱਤੇ ਸੋਚਿਆ ਸਮਝਿਆ/ਜਾਵੇ ਤਾਂ ਸ਼ਾਇਦ ਸੱਚ ਦੇ ਨੇੜੇ ਹੋਣ ਵਰਗਾ ਅਨੁਭਵ ਸਿਰਜਿਆ ਜਾ ਸਕਦਾ ਹੋਵੇ। ਜੇ ਜ਼ਿੰਦਗੀ ਦੇ ਅਰਥਾਂ ਦੀ ਭਰਪੂਰਤਾ ਤੱਕ ਪਹੁੰਚਣ ਦਾ ਅਹਿਸਾਸ ਪਾਲਣਾ ਸਮੇਂ ਦੀ ਯਥਾਰਥਿਕਤਾ ਵਿਚ ਸ਼ਾਮਲ ਹੋਵੇ ਫੇਰ ਨਾਂ ਤਾਂ ਜ਼ਿੰਦਗੀ ’ਚ ਬੇਲੋੜੀ ਭੁੱਖ ਪੈਦਾ ਹੰਦੀ ਹੈ ਅਤੇ ਨਾ ਹੀ ਬਿਨ-ਮਤਲਬ ਮਨੁੱਖੀ ਮਨ ਹਾਬੜਪੁਣੇ ਦਾ ਸ਼ਿਕਾਰ ਹੋ ਕੇ ਕਿਸੇ ਕਿਸਮ ਦੇ ਕੁਰਾਹੇ ਤੁਰਨ ਦਾ ਭਾਗੀਦਾਰ ਬਣ ਸਕਦਾ ਹੈ।

ਅੱਜ ਦਾ ਖਪਤਕਾਰੀ ਯੁੱਗ ਸਭ ਕੁਝ ਹੀ ਖਪਤ ਕਰੀ ਜਾ ਰਿਹਾ ਹੈ। ਚੰਗੇ ਭਲੇ ਮਨੁੱਖ ਇਸ ਯੁੱਗ ਦੀਆਂ ਅਲਾਮਤਾਂ ਦਾ ਸਹਿਜੇ ਹੀ ਸ਼ਿਕਾਰ ਹੋ ਰਹੇ ਹਨ। ਸਮਂੇ ਅਤੇ ਸਮਾਜ ਬਾਰੇ ਓਪਰੀ ਸੂਝ/ ਸਮਝ ਰੱਖਣ ਵਾਲਿਆਂ ਤੋਂ ਤਾਂ ਸਹਿਜੇ ਹੀ ਅਜਿਹੀ ਆਸ ਕੀਤੀ ਜਾ ਸਕਦੀ ਹੈ। ਪਰ ਜਦੋਂ ਸੂਝਵਾਨ ਮਨੁੱਖ ਵੀ ਅਜਿਹੇ ਬੇਮੁਹਾਰੇ ਵੱਗ ਵਿਚ ਰਲ਼ ਜਾਣ ਜਾਂ ਰਲ਼ਣ ਲਈ ਤਾਂਘਦੇ ਫਿਰਨ ਤਾਂ ਅਜਿਹੀ ਸਥਿਤੀ ਵਿੱਚੋਂ ਕਿਹੋ ਜਹੇ ਸਿੱਟੇ ਨਿਕਲਣ ਦੀ ਆਸ ਕੀਤੀ ਜਾ ਸਕਦੀ ਹੈ? ਅਤੇ ਕੀ ਬਣੇਗਾ ਕੱਲ੍ਹ ਵਾਸਤੇ ਚੰਗੇ ਸੁਪਨੇ ਸਿਰਜਦੇ ਸਾਊ ਲੋਕਾਂ ਦਾ? ਕੌਣ ਕਰੇਗਾ ਉਹਨਾਂ ਦੀ ਅਗਵਾਈ ਅਤੇ ਕੌਣ ਦੱਸੇਗਾ ਉਹਨਾਂ ਨੂੰ ਚੰਗੇ ਮਾੜੇ ਦੀ ਪਰਖ ਕਰਨ ਦਾ ਢੰਗ ਤਰੀਕਾ? ਅਜਿਹੇ ਦੁਬਿਧਾ ਭਰੇ ਸਮੇਂ ਬਹੁਤ ਸਾਰੇ ਲੋਕ ਨਿਰਾਸ਼ਾ ਦਾ ਪੱਲਾ ਫੜ ਲਂੈਦੇ ਹਨ। ਢੇਰੀ ਢਾਹ ਕੇ, ਬੇਹਿੰਮਤੇ ਜਹੇ ਹੋ ਕੇ, ਬਹਿ ਜਾਣ ਵਰਗਾ ਹਾਲ ਹੋ ਜਾਂਦਾ ਹੈ ਉਹਨਾਂ ਦਾ-ਸੂਝ ਦੀ ਘਾਟ ਕਰਕੇ ਉਹ ਬਿਨਾਂ ਲੜੇ ਹੀ ਹਾਰ ਮੰਨ ਲੈਣ ਵਰਗੀ ਸਥਿਤੀ ਦੇ ਵਸ ਪਾ ਲੈਂਦੇ ਹਨ, ਆਪਣੇ ਆਪ ਨੂੰ। ਉਹ ਤੂਫਾਨ ਨਾਲ਼ ਲੜਦੇ ਕਿਸੇ ਕੱਲੇ-ਕੈਰ੍ੇ ਵਰਗੇ ਹੋ ਜਾਂਦੇ ਹਨ-ਆਪ ਹੀ ਬਿਨਾਂ ਕਿਸੇ ਠੋਸ ਕਾਰਨ ਆਪਣੇ ਆਪ ਨੂੰ ਕਾਫਲੇ ਤੋ ਨਿੱਖੜੇ ਹੋਏ ਸਮਝਣ ਲੱਗ ਪੈਂਦੇ ਹਨ। ਇਸ ਤਰ੍ਹਾਂ ਦੇ ਦੁਬਿਧਾ ਭਰੇ ਚੌਰਾਹੇ ਵਿਚ ਖੜੇ ਅਣਜਾਣ ਲੋਕਾਂ ਨੂੰ ਕੌਣ ਦਰਸਾਵੇਗਾ ਸਹੀ ਦਿਸ਼ਾ? ਕੌਣ ਬਾਲ਼ੇਗਾ ਉਹਨਾਂ ਵਾਸਤੇ ਹਨੇਰਿਆਂ ਭਰੇ ਚੌਰਾਹੇ ਵਿੱਚ ਸੋਚ ਤੇ ਸੂਝ ਦਾ ਚੌਮੁਖੀਆ ਦੀਵਾ? ਰਾਹ ਵੇਖਣ ਵਾਸਤੇ ਅੱਖਾਂ ਦੇ ਨਾਲ਼-ਨਾਲ਼ ਰੌਸ਼ਨੀ ਦੀ ਲੋੜ ਵੀ ਪੈਂਦੀ ਹੈ। ਤਦ ਹੀ ਮਨੁੱਖ ਹਾਂਅ ਪੱਖੀ ਹੋ ਕੇ ਸਹੀ ਸੇਧ ਵਲ ਅੱਗੇ ਤੁਰ ਸਕਦਾ ਹੈ। ਤੁਰਨ ਲੱਗਿਆਂ ਪਹਿਲੇ ਕਦਮ ਭਾਵਂੇ ਬਹੁਤ ਭਾਰੀ ਮਹਿਸੂਸ ਹੁੰਦੇ ਹਨ-ਪਰ ਤੁਰਨ ਦੀ ਲੋੜ ਅਤੇ ਹੌਸਲਾ ਉਹਨਾਂ ਕਦਮਾਂ ਦੀ ਤੋਰ ਅਤੇ ਰਵਾਨਗੀ ਨੂੰ ਸੌਖਿਆਂ ਕਰ ਦਿੰਦਾ ਹੈ। ਸਿਦਕ ਪਾਲਣ ਦਾ ਹੱਠ ਉਨ੍ਹਾਂ ਨੂੰ ਮੰਜ਼ਿਲ ਵਲ ਲੈ ਤੁਰਦਾ ਹੈ।

ਸਮਂੇ ਦੀ ਵਿਸ਼ਾਲ ਚਾਦਰ ਤੇ ਨਿਗਾਹ ਮਾਰਦਿਆਂ ਨਜ਼ਰ ਆਉਂਦਾ ਹੈ ਕਿ ਇੱਥੇ ਸਦਾ ਹੀ ਤਬਦੀਲੀ (ਉਥਲ-ਪੁਥਲ) ਦਾ ਦੌਰ ਰਹਿੰਦਾ ਹੈ। ਪੁਰਾਣੇ ਪੱਤੇ ਝੜਕੇ ਨਵਂੇ ਆਉਣ ਵਾਂਗ ਹੀ ਸਮਂੇ-ਸਮਂੇ ਪੁਰਾਣੇ ਪ੍ਰਬੰਧ ਢਹਿੰਦੇ ਅਤੇ ਨਵੇਂ ਸਿਰਜੇ ਜਾਂਦੇ ਰਹੇ ਹਨ। ਵੱਖੋ-ਵੱਖ ਲਹਿਰਾਂ ਉਠਦੀਆਂ ਰਹੀਆਂ ਅਤੇ ਆਪੋ ਆਪਣਾ ਥੋੜਾ ਜਾਂ ਬਹੁਤਾ ਯੋਗਦਾਨ ਪਾ ਕੇ ਅਲੋਪ ਹੋ ਜਾਂਦੀਆਂ ਰਹੀਆਂ ਹਨ। ਨਰੋਏ ਜੁੱਸੇ ਵਾਲੀਆਂ ਲਹਿਰਾਂ ਇਤਿਹਾਸ ਬਣਕੇ ਸਦਾ ਹੀ ਸਮੇਂ ਦੀ ਹਿੱਕ ਤੇ ਪਸਰੀਆਂ ਰਹੀਆਂ ਹਨ – ਉਹ ਲੋਕਾਂ ਦੇ ਮਨਾਂ ਵਿੱਚ ਕੁਝ ਕਰਨ ਵਾਲੀ ਭਾਵਨਾ ਵਰਗੇ ਮਘਦੇ ਅਹਿਸਾਸ ਬਣਕੇ ਗੁਜ਼ਰੀਆਂ ਅਤੇ ਆਉਣ ਵਾਲੇ ਕੱਲ ਨੂੰ ਵੀ ਉਹ ਪ੍ਰੇਰਨਾ ਦਾ ਸੋਮਾਂ ਹੀ ਬਣੀਆਂ ਰਹਿਣਗੀਆਂ।

ਸਿਰਫ ਸਮਾਂ ਹੀ ਅੱਗੇ ਨਹੀਂ ਤੁਰਦਾ ਸਗੋਂ ਅੱਗੇ ਵਧਦਿਆਂ ਮਨੁੱਖ ਦੀ ਸੋਚ ਵੀ ਵਿਕਸਦੀ/ਨਿੱਖਰਦੀ ਹੈ। ਇਸ ਵਿਕਾਸ ਦੇ ਦਵੰਧ ਨੂੰ ਸਮਝ ਕੇ ਉਹਦੇ ਵਿੱਚੋਂ ਨਿਕਲਦੀ ਤੰਦ ਦੇ ਸਿਰੇ ਤੱਕ ਅੱਪੜਨ ਵਾਸਤੇ ਜੋਸ਼ ਅਤੇ ਜੁੱਸਾ ਵੀ ਮਨੁੱਖ ਕੋਲ ਹੋਣਾ ਚਾਹੀਦਾ ਹੈ। ਹੁੰਦੇ ਹੋਇਆਂ ਵੀ ਆਪਣੇ ਆਪ ਨੂੰ ਅਨਹੋਣਾ ਨਹੀਂ ਸਮਝਣਾ ਚਾਹੀਦਾ। ਇਸ ਸੋਚ ਦੇ ਵਸ ਪੈ ਕੇ ਮਨੁੱਖ ਦੁਨੀਆ ਵੱਲ ਹੀ ਨਹੀਂ ਸਗੋਂ ਆਪਣੇ ਆਪ ਵਲ ਵੀ ਨਾਂਹ ਪੱਖੀ ਹੋਣ ਲਗਦਾ ਹੈ। ਆਪਣੇ ਵਲ ਪਿੱਠ ਕਰਕੇ ਜੀਊਣਾਂ ਭਲਾਂ ਕਿੱਥੋਂ ਦੀ ਅਕਲਮੰਦੀ ਹੈ ? ਇਸ ਤਰਾਂ ਦਾ ਅਮਲ ਕਿਸੇ ਵੀ ਪ੍ਰਾਣੀ ਵਾਸਤੇ ਬਹੁਤ ਘਾਤਕ ਸਾਬਤ ਹੋ ਸਕਦਾ ਹੈ-ਸਿੱਟੇ ਵਜੋਂ ਮਨੁੱਖ ਦੇ ਆਪਣੇ ਹੀ ਵਿਅਕਤਿਤਵ ਦੇ ਛੋਟੇ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ। ਕੰਨਾਂ ਦੇ ਹੁੰਦਿਆਂ ਬੋਲ਼ਾ ਅਤੇ ਅੱਖਾਂ ਦੇ ਹੁੰਦਿਆਂ ਅੰਨ੍ਹਾਂ ਬਣਨ ਦੀ ‘ਬੌਧਿਕ’ ਦਲੀਲ ਕਿਸੇ ਨੂੰ ਵੀ ਜਚ ਨਹੀਂ ਸਕਦੀ। ਇਸ ਤਰਾਂ ਦਾ ਅਮਲ ਨਿਰਾਸ਼ਾ ਵਲ ਹੀ ਨਹੀਂ ਸਗੋਂ ਵਿਨਾਸ਼ ਵੱਲ ਜਾਂਦਾ ਰਾਹ ਬਣ ਜਾਂਦਾ ਹੈ। ਅਜਿਹਾ ਕਰਨ ਵਾਲੇ ਆਪਣੇ ਆਪ ਹੀ ਦੂਸਰਿਆਂ ਦੇ ਮਨਾਂ ਵਿੱਚ ਆਪਣੀ ਹੋਂਦ (ਸਖਸ਼ੀਅਤ) ਬਾਰੇ ਸ਼ੱਕੀ ਜਹੇ ਸਵਾਲ ਪੈਦਾ ਕਰ ਦਿੰਦੇ ਹਨ। ਜਦੋਂ ਫੇਰ ਉਹ ਆਪ ਜਵਾਬ ਲੱਭਣ ਵਾਸਤੇ ਅੱਕੀਂ- ਪਲ਼ਾਹੀਂ ਹੱਥ ਮਾਰਦੇ ਹਨ ਤਾਂ ਪਤਾ ਲਗਦਾ ਹੈ ਕਿ ਖੁੰਝਿਆ ਵੇਲਾ ਤਾਂ ਹੁਣ ਹੱਥ ਨਹੀਂ ਆ ਸਕਦਾ। ਹੱਥ ਮਲ਼ਦਿਆਂ ਪਛਤਾਵੇ ਦੀਆਂ ਵੱਟੀਆਂ ਹੀ ਹੇਠਾਂ ਡਿੱਗਦੀਆਂ ਨਜ਼ਰ ਆੳਂੁਦੀਆਂ ਹਨ। ਪਛਤਾਵਾ ਸਮੇਂ ਦੇ ਅਜਾਈਂ ਹੀ ਲੰਘ ਜਾਣ ਅਤੇ ਉਸਦੇ ਨਾ ਫੜੇ ਜਾਣ ਦਾ।

ਜਦੋਂ ਵੀ ਕਦੇ ਕਿਸੇ ਨੇ ਸਮੇਂ ਨਾਲ਼ ਸੰਵਾਦ ਛੇੜਿਆ – ਉਹ ਬ੍ਰਹਿਮੰਡ ਤੱਕ ਵੀ ਪਹੁੰਚਿਆ-ਪਤਾਲ਼ ਤੱਕ ਵੀ ਉਤਰਿਆ। ਜਦੋਂ ਖੁੱਲੀਆਂ ਅੱਖਾਂ ਵਾਲਿਆਂ ਨੇ ਨੀਝ ਲਾ ਕੇ ਦੇਖਣ ਤੇ ਪਰਖਣ ਦਾ ਯਤਨ ਕੀਤਾ ਤਾਂ ਅਗਿਆਨ ਦੀ ਧੁੰਦ ਦੇ ਪੁੱਤਰਾਂ ਨੇ ਝੂਠ ਦਾ ਢੋਲ ਗਲ਼ ਪਾ ਕੇ ਹਾਲ ਦੁਹਾਈ ਦਿੱਤੀ। ਜਦੋਂ ਗਲੀਲੀਓ ਵਰਗੇ ਵਿਗਿਆਨ ਦੇ ਖੋਜੀਆਂ ਨੇ ਕਿਹਾ ਕਿ ਸੂਰਜ ਨਹੀਂ ਸਗੋਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਤਾਂ ਅਕਲ ਦੇ ਅੰਨ੍ਹਿਆਂ ਨੇ ਫ਼ਤਵੇ ਜਾਰੀ ਕੀਤੇ। ਧਰਮ ਦੇ ਗਲ਼ ਝੂਠ ਦਾ ਪਟਾ ਪਾ ਕੇ ਉਹਨੂੰ ਗਵਾਹ ਵਜੋਂ ਵਰਤਿਆ, ਸਿੱਟੇ ਵਜੋਂ ਦੁਨੀਆਂ ਅੰਦਰ ਚਾਨਣ ਵੰਡਦੇ, ਸਿਆਣਪ ਦੇ ਭਰੇ ਮਨੁੱਖ ਨੂੰ ਜੀੳਂੂਦਿਆਂ ਜਾਲ਼ਣ ਦੇ ਹੁਕਮ ਹੋਏ। ਪਰ ਬਹੁਤ ਦੇਰ ਪਿੱਛੋਂ ਝੂਠ ਦੇ ਪੁੱਤਰ ਆਖਰ ਝੂਠੇ ਸਾਬਤ ਹੋਏ। ਫੇਰ ਬੇਸ਼ਰਮੀ ਦੇ ਖੋਤੇ ਉਤੇ ਸਵਾਰ ਹੋ ਕੇ ਉਹਨਾਂ ਨੇ ਆਪਣੇ ਆਪ ਨੂੰ ਆਪ ਹੀ ਲਾਹਣਤਾਂ ਪਾਈਆਂ ਅਤੇ ਮੰਨਿਆਂ ਕਿ ਗਲੀਲੀਓ ਦੀ ਕਹੀ ਗੱਲ ਠੀਕ ਸੀ।

ਜਦੋਂ ਸੂਝ ਵਿਕਸਦੀ ਹੈ ਤਾਂ ਉਹ ਦੂਰ ਤੱਕ ਪਹੁੰਚਦੀ ਹੈ। ਅਸਮਾਨ ਵਿੱਚ ਚਮਕਦਾ ਚੰਦਰਮਾਂ ਵਡੇਰਿਆਂ ਵਲੋਂ ਸੁਣਾਈਆਂ ਲੋਕ-ਕਹਾਣੀਆਂ ਵਿੱਚ ਸਦਾ ‘ਚੰਦ ਮਾਮਾ’ ਬਣਕੇ ਹੀ ਆਉਂਦਾ ਰਿਹਾ। ਪਰ ਜਦੋਂ ਵਿਗਿਆਨ ਨੇ ਸਾਬਤ ਕਰ ਦਿੱਤਾ ਕਿ ਇਹ ਵੀ ਧਰਤੀ ਵਰਗਾ ਹੀ ਇੱਕ ਗ੍ਰਹਿ ਹੈ ਤਾਂ ਸਾਡੇ ਮੱਥਿਆਂ ਨੂੰ ਸਦੀਆਂ ਪੁਰਾਣਾ ਲੱਗਿਆ ਜੰਗਾਲ ਭੁਰ-ਭੁਰ ਡਿਗਣ ਲੱਗ ਪਿਆ ਸੀ। ਲੋਕਾਂ ਦੇ ਸਿਰਾਂ ਅੰਦਰ ਸੂਝ ਦਾ ਇਕ ਨਵਾਂ ਦੀਵਾ ਬਲ਼ ਪਿਆ ਸੀ। ਇਸੇ ਤਰਾਂ ਦੀਆਂ ਹੋਰ ਬਹੁਤ ਸਾਰੀਆਂ ਕਾਢਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਜਿੱਥੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਸਮਂੇ ਨਾਲ਼ ਰਚਾਇਆ ਇਹ ਸੰਵਾਦ ਮਨੁੱਖ ਦੀ ਹੋਣੀ ਬਦਲ ਦਿੰਦਾ ਹੈ। ਕਿਰਤ ਅਤੇ ਕਿਰਤੀ ਦੀ ਮਹਿਮਾ ਬਣਕੇ ਜੱਗ-ਜਹਾਨ ਵਿੱਚ ਫੈਲਦਾ ਹੈ। ਇੱਥੋਂ ਤੱਕ ਪਹੁੰਚਣ ਵਾਸਤੇ ਅਤੇ ਇਸਨੂੰ ਸਮਝਣ ਵਾਸਤੇ ਵੀ ਤਾਂ ਜਾਗਦੇ ਸਿਰਾਂ ਦੀ ਲੋੜ ਪੈਂਦੀ ਹੈ। ਚਿੰਤਕਾਂ-ਦਾਰਸ਼ਨਿਕਾਂ ਨੂੰ ਔਝੜੇ ਰਾਹਾਂ ਤੇ ਤੁਰਨਾ ਪੈਂਦਾ ਹੈ। ਭੁੱਖਾਂ ਤੇ ਫਾਕੇ ਵੀ ਕੱਟਣੇ ਪੈਂਦੇ ਹਨ। ਆਪਣੇ ਪ੍ਰਤੀ ਤੋਹਮਤਾਂ ਵੀ ਸੁਣਨੀਆਂ ਪੈਂਦੀਆਂ ਹਨ-ਉਹਨਾਂ ਉੱਤੇ ਘਟੀਆ ਦੂਸ਼ਣ ਵੀ ਲਾਏ ਜਾਂਦੇ ਹਨ। ਪਰ ਉਹ ਆਪਣੇ ਸਿਦਕ ਦੇ ਆਸਰੇ ਆਪਣੀ ਲਗਨ ਉਤੇ ਪਹਿਰਾ ਦਿੰਦੇ ਹਨ। ਹਾਥੀ ਤੁਰਦੇ ਰਹਿੰਦੇ ਹਨ ਅਤੇ ਕੁੱਤੇ ਭੌਂਕਦੇ ਰਹਿੰਦੇ ਹਨ। ਆਖਰ ਕਾਮਯਾਬੀ ਉਹਨਾਂ ਤੁਰਦਿਆਂ ਦੇ ਹੀ ਪੈਰ ਚੁੰਮਦੀ ਹੈ। ਜਦੋਂ ਉਹਨਾਂ ਦੇ ਕੀਤੇ ਦੀ ਮਹਿਮਾਂ ਹੋਣ ਲਗਦੀ ਹੈ ਤਾਂ ਝੂਠ ਦੇ ਪੁੱਤਰਾਂ ਦੀ ਪੂਛ ਚੱਡਿਆਂ ਵਿੱਚ ਜਾ ਵੜਦੀ ਹੈ-ਫੇਰ ਉਹਨਾਂ ਨੂੰ ਮੂੰਹ ਛੁਪਾਉਣ ਵਾਸਤੇ ਕਿਧਰੇ ਥਾਂ ਵੀ ਨਹੀਂ ਲੱਭਦੀ। ਇਨ੍ਹਾਂ ਝੂਠਿਆਂ ਦੇ ਪੱਲੇ ਜੱਗ-ਜਹਾਨ ਦੀਆਂ ਲਾਹਨਤਾਂ ਤੋਂ ਬਿਨਾਂ ਕੁੱਝ ਨਹੀਂ ਪੈਂਦਾ।

ਮਨੁੱਖ ਦੀ ਭਲਾਈ ਇਸ ਵਿਚ ਹੀ ਹੈ ਕਿ ਸੋਚਣ ਲੱਗਿਆਂ ਮਨੱਖ ਨੂੰ ਧੁਰਾ ਬਣਾਕੇ ਸੋਚਿਆ-ਸਮਝਿਆ ਜਾਵੇ। ਸਮੇਂ ਦੀ ਅੱਖ ਵਿੱਚ ਅੱਖ ਪਾ ਕੇ ਸੰਵਾਦ ਰਚਾਇਆ ਜਾਵੇ। ਇਸ ਤਰਾਂ ਸਮੇਂ ਨੂੰ ਬਹੁਤ ਮੁੱਲਵਾਨ ਬਣਾਇਆ ਜਾ ਸਕਦਾ ਹੈ ਅਤੇ ਪੂਰਨਤਾ ਦੇ ਰਾਹ ਦੀ ਹਾਥ ਵੀ ਪਾਈ ਜਾ ਸਕਦੀ ਹੈ। ਜੇ ਸਮਾਂ ਅਜਾਂਈਂ ਹੀ ਲੰਘ ਜਾਵੇ ਤਾਂ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ-ਪਛਤਾਵੇ ਤੋਂ ਕਦੇ ਕਿਸੇ ਨੇ ਕੀ ਖੱਟਿਆ?

ਦਲੀਲ ਨਾਲ਼ ਗੱਲ ਕਰਦਿਆਂ ਤਾਂ ਸਿਰਫ ਇਹ ਸੋਚਣਾ ਹੀ ਕਾਫੀ ਹੈ ਕਿ ਚਾਟੀ ਵਿੱਚ ਦੁੱਧ ਦੇ ਜੰਮੇ ਦਹੀਂ ਨੂੰ ਛੋਟੀ ਜਹੀ ਮਧਾਣੀ ਦੇ ਰਿੜਕਣ ਨਾਲ਼ ਮੱਖਣ ਕੱਢਿਆ ਜਾ ਸਕਦਾ ਹੈ। ਤਾਂ ਫੇਰ ਸਮੇਂ ਨੂੰ ਸੂਝ-ਸਿਆਣਪ ਨਾਲ਼ ਰਿੜਕਣ ਵਾਲੇ ਇਸ ਵਿਸ਼ਾਲ ਸਮੁੰਦਰ ਵਿੱਚੋਂ ਜ਼ਿੰਦਗੀ ਵਾਸਤੇ ਕੀ ਕੁਝ ਪ੍ਰਾਪਤ ਨਹੀਂ ਕਰ ਲੈਣਗੇ? ਫੇਰ ਇਹ ਕੁੱਝ ਕੀਤਾ ਕਿੳਂੁ ਨਾ ਜਾਵੇ? ਅਗਵਾਈ ਸਿਆਣਿਆਂ ਦੇ ਹੱਥ ਹੈ-ਉਹ ਸੋਚਣ ਤਾਂ ਸਹੀ।

ਸਮੇਂ ਨਾਲ਼ ਸੰਵਾਦ ਰਚਾਉਣ ਵਾਲਿਆਂ ਦਾ ਸਮਾਂ ਸਦਾ ਹੀ ਮੁੱਲ ਪਾਉਂਦਾ ਹੈ। ਇਸ ਵਿਚ ਦੇਰ ਤਾਂ ਹੋ ਸਕਦੀ ਹੈ ਪਰ ਇਹ ਅਕਾਰਥ ਨਹੀਂ ਜਾਂਦਾ। ਉਹਨਾਂ ਦੀ ਬਾਤ ਛਿੜਦੀ ਹੈ-ਜਿਹਨਾਂ ਨੇ ਆਪਣੀ ਅਕਲ ਤੇ ਹਿੰਮਤ ਨਾਲ਼ ਔਖੇ ਕਾਰਜਾਂ/ਪੈਂਡਿਆਂ ਵਲ ਨਵੀਆਂ ਪੈੜਾਂ ਪਾਈਆਂ ਹੁੰਦੀਆਂ ਹਨ-ਜੋਖ਼ਮ ਭਰਿਆ ਕਾਰਜ ਸ਼ੁਰੂ ਕੀਤਾ ਹੁੰਦਾ ਹੈ/ਨਿਭਾਇਆ ਹੁੰਦਾ ਹੈ। ਹਿੰਮਤ ਨਾਲ਼ ਤੁਰਨ ਵਾਲੇ ਮੰਜ਼ਿਲ ਪਾ ਹੀ ਲੈਂਦੇ ਹਨ। ਇਤਿਹਾਸ ਵੀ ਇਸ ਦੀ ਗਵਾਹੀ ਦਿੰਦਾ ਹੈ। ਅਜ ਸਾਡੇ ਅਖੌਤੀ ਬੁਧੀਜੀਵੀਆਂ ਅੱਗੇ ਅਜਿਹੀ ਸਥਿਤੀ ਚਣੌਤੀ ਬਣੀ ਖੜ੍ਹੀ ਹੈ। ਪਰ ਉਹ ਇਸ ਦੇ ਮੁਕਾਬਲੇ ਬਹੁਤ ਹੀ ਬੌਨੇ ਨਜ਼ਰ ਆਉਂਦੇ ਹਨ। ਉਹਨਾਂ ਦਾ ਇਖ਼ਲਾਕੀ ਫ਼ਰਜ਼ ਉਹਨਾਂ ਤੋਂ ਇਸ ਦੀ ਮੰਗ ਕਰਦਾ ਹੈ ਕਿ ਉਹ ਇਸ ਚਣੌਤੀ ਵਲ ਧਿਆਨ ਦੇਣ। ਕੀ ਉਹ ਧਿਆਨ ਦੇਣਗੇ? ਜਾਂ ਫੇਰ ਜੱਗ-ਜਹਾਨ ਦੇ ਮਸਲਿਆਂ ਤੋਂ ਅਵੇਸਲੇ ਰਹਿ ਕੇ, ਉਹਨਾਂ ਵੱਲ ਪਿੱਠ ਕਰਕੇ ਕਿਸੇ ਨਿਗੂਣੀ ਜਹੀ ਚਾਕਰੀ ਵਿੱਚ ਫਸਿਆਂ ਦਿਨ ਕਟੀ ਕਰਦਿਆਂ ਜੂਨ ਪੂਰੀ ਕਰਕੇ ਤੁਰ ਜਾਣਗੇ? ਲੋੜ ਹੈ ਸਮੇਂ ਨਾਲ਼ ਸੂਝ ਭਰਿਆ ਸੰਵਾਦ ਰਚਾਉਣ ਦੀ।

***

(ਪਹਿਲੀ ਵਾਰ ਛਪਿਆ 15 ਅਗਸਤ 2006/ਹੁਣ ਦੂਜੀ ਵਾਰ 15 ਫਰਵਰੀ 2021)

(70)  

About the author

kehar sharif
ਕੇਹਰ ਸ਼ਰੀਫ਼, ਜਰਮਨੀ
keharsharif@avcor.de | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੇਹਰ ਸ਼ਰੀਫ਼, ਜਰਮਨੀ

View all posts by ਕੇਹਰ ਸ਼ਰੀਫ਼, ਜਰਮਨੀ →