28 April 2024
kisan andolan

ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ—ਕੇਹਰ ਸ਼ਰੀਫ਼, ਜਰਮਨੀ 

ਕਿਸਾਨ ਸੰਘਰਸ਼ ਅਜੇ ਖਤਮ ਨਹੀਂ ਹੋਇਆ, ਚੱਲ ਰਿਹਾ ਹੈ। ਰਹਿੰਦੇ ਮਸਲਿਆਂ ਬਾਰੇ ਫੈਸਲਿਆਂ ਤੱਕ ਪਹੁੰਚਣ ਲਈ ਬਹੁਤ ਕੁੱਝ ਵਿਚਾਰਨਾ ਅਜੇ ਬਾਕੀ ਹੈ। ਸੰਘਰਸ਼ ਕਰਨ ਵਾਲੀ ਧਿਰ ਜੇਤੂ ਰਹੀ ਹੈ, ਸਵਾਲ ਇੱਥੇ ਵੀ ਪੈਦਾ ਹੁੰਦਾ ਹੈ ਕਿ ਕੀ ਧੱਕਾ ਕਰਨ ਵਾਲਿਆਂ ਨੇ ਹਾਰ ਕਬੂਲ ਕਰ ਲਈ ਹੈ? ਮਿਹਨਤਕਸ਼ਾਂ ਦੇ ਖਿਲਾਫ ਆਪਣੀ ਹੂੜਮੱਤ ਵਾਲੀ ਭੁੱਲ ਸਵੀਕਾਰ ਕਰ ਲਈ ਹੈ? ਨਹੀਂ, ਅਜਿਹਾ  ਨਹੀਂ ਹੋਇਆ। ਏਸੇ ਨੂੰ ਤਾਂ ਲੋਕਾਂ ਦੇ ਵਿਰੋਧ ਵਿਚ ਸੱਤਾ ਦਾ ਗਰੂਰ ਕਿਹਾ ਜਾਂਦਾ ਹੈ। ਝੂਠੇ ਗਰੂਰ ਨਾਲ ਭਰੀ ਧੱਕੜ ਸਿਆਸਤ ਤੋਂ ਵੱਧ ਖਤਰਨਾਕ ਹੋਰ ਕੁੱਝ ਵੀ ਨਹੀਂ ਹੁੰਦਾ।
 
ਕਿਸਾਨ ਸੰਘਰਸ਼ ਦੇ ਸਮੇਂ ਮਿਹਨਤਕਸ਼ ਲੋਕਾਂ ਅੰਦਰ ਲੋਹੜਿਆਂ ਦੀ ਏਕਤਾ ਬਣੀ। 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਜੁੜੀ। ਸਮਾਜ ਦੇ ਹਰ ਤਬਕੇ ਸਨਅਤੀ ਮਜ਼ਦੂਰਾਂ, ਖੇਤ ਮਜ਼ਦੂਰਾਂ, ਚਿੱਟਕੱਪੜੀਏ ਮੁਲਾਜਮਾਂ, ਛੋਟੇ ਵਪਾਰੀਆਂ, ਦੁਕਾਨਦਾਰਾਂ ਭਾਵ ਹਰ ਕਿਸੇ ਦਾ ਸਾਥ ਮਿਲਿਆ। ਪਰਦੇਸੀਂ ਵਸਦੇ ਭਾਰਤੀਆਂ ਦੀਆਂ ਸ਼ੁਭਇਛਾਵਾਂ ਰਾਹੀਂ ਸਾਥ ਮਿਲਿਆ, ਪੰਜਾਬੀਆਂ ਦਾ ਖਾਸ ਕਰਕੇ ਭਰਵਾਂ ਹੁੰਗਾਰਾ ਜਿੱਤ ਦੀ ਕਾਮਨਾ ਕਰਦਾ ਰਿਹਾ। ਅੰਦੋਲਨ ਕਰ ਰਹੇ ਮਿਹਨਤਕਸ਼ਾਂ ਨੇ ਹਕੂਮਤੀ ਜਬਰ ਨਾਲ ਹਰ ਮੌਸਮ ਦਾ ਜਬਰ ਵੀ ਜਿਗਰੇ ਨਾਲ ਝੱਲਿਆ।
 
ਸੱਤਾ ਨੂੰ ਲੋਕ ਪੌੜੀ ਲਾਉਣ ਅਤੇ ਉਸ ਤੱਕ ਪਹੁੰਚਣ ਦੀ ਲੋੜ ਤਾਂ ਹੈ, ਪਰ ਸਮੇਂ ਦੀ ਨਜ਼ਾਕਤ ਨੂੰ ਭਾਂਪਣਾ ਉਸ ਤੋਂ ਵੀ ਜ਼ਰੂਰੀ ਹੈ।

22 ਕਿਸਾਨ ਜਥੇਬੰਦੀਆਂ ਵਲੋਂ “ਸੰਯੁਕਤ ਸਮਾਜ ਮੋਰਚਾ” ਕਾਇਮ ਕਰ ਲਿਆ। ਪਹਿਲੇ ਹੀ ਦਿਨ 32 ਤੋਂ 22 ਤੇ ਆ ਡਿਗਣਾ ਕੀ ਦਰਸਾਉਂਦਾ ਹੈ? ਏਕਤਾ ਤਾਂ ਪਹਿਲਾਂ ਤੋਂ ਕਮਜ਼ੋਰ ਹੋ ਗਈ। ਕਿਸਾਨ ਸੰਘਰਸ਼ ਦੀ ਏਕਤਾ ਦੀ ਜਿੱਤ ਦਾ ਹੋਕਾ ਤਾਂ ਸਮਾਜ ਵਿਚ ਪਏ ਹਰ ਕਿਸਮ ਦੇ ਖੱਪਿਆਂ ਨੂੰ ਦੂਰ ਕਰਨ ਦਾ ਹੋਣਾ ਸੀ, ਪਰ ਇੱਥੇ ਸੱਤਾ ‘ਤੇ ਝੱਟ/ਪੱਟ ਕਬਜ਼ੇ ਦੀ ਸਿਆਸਤ ਅੱਗੇ ਆ ਗਈ। ਸਮਾਜ ਅੰਦਰਲੀਆਂ ਵੰਡੀਆਂ ਦੂਰ ਕਰਨਾ ਸਮੇਂ ਦੀ ਮੰਗ ਸੀ/ਹੈ। ਸੰਘਰਸ਼ ਦੌਰਾਨ ਜਾਤ ਤੇ ਧਰਮ ਅਧਾਰਤ ਵਖਰੇਵੇਂ ਬਹੁਤ ਹੱਦ ਤੱਕ ਘੱਟ ਹੋਏ, ਲੋੜ ਸੀ ਬਣੀ ਇਸ ਏਕਤਾ ਦਾ ਪ੍ਰਚਾਰ ਕਰਨ ਦੀ। ਮਿਹਨਤਕਸ਼ ਲੋਕਾਂ ਦਾ ਏਕਾ ਹਰ ਜਬਰ ਦਾ ਮੁਕਾਬਲਾ ਕਰਨ ਵਾਸਤੇ ਲੋੜੀਂਦਾ ਸੀ/ਹੈ ਤੇ ਰਹੇਗਾ। ਹਰ ਮਸਲਾ ਹਿੰਸਾ ਨਾਲ ਹੱਲ ਕਰਵਾਉਣ ਦੀਆਂ ਟਾਹਰਾਂ ਮਾਰਨ ਵਾਲੇ ਸਰਕਾਰ ਪ੍ਰਸਤ ਖਰੂਦੀਆਂ ਦੇ ਟੋਲੇ ਨੂੰ ਸਾਂਝੇ ਕਿਸਾਨੀ ਸੰਘਰਸ਼ ਦੀ ਅਗਵਾਈ ਕਰਨ ਵਾਲਿਆਂ ਨੇ ਦੱਸ ਦਿੱਤਾ ਕਿ ਸ਼ਾਂਤ ਰਹਿ ਕੇ ਵੀ ਸੰਘਰਸ਼ ਲੜਿਆ ਤੇ ਜਿਤਿਆ ਜਾ ਸਕਦਾ ਹੈ। ਇਹ ਸਾਡਾ ਇਤਹਾਸ ਵੀ ਹੈ ਅਤੇ ਵਿਰਸਾ ਵੀ ਜਿਸ ਨੂੰ ਚੇਤੇ ਰੱਖਣ ਤੇ ਸਾਂਭਣ ਦੀ ਲੋੜ ਹੈ।
 
ਇਸ ਸ਼ਾਂਤਮਈ ਅੰਦੋਲਨ ਨੇ ਆਪਣੇ ਸਬਰ ਨਾਲ ਜਬਰ ਨੂੰ ਹਰਾਇਆ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਮੁਲਕਾਂ ਅਤੇ ਦੁਨੀਆਂ ਦੇ ਵੱਡੇ ਸੋਚਵਾਨਾਂ ਵਲੋਂ ਹਮਾਇਤ ਵਿਚ ਸ਼ਾਬਾਸ਼ ਦੀਆਂ ਆਵਾਜ਼ਾਂ ਤੇ ਬਿਆਨ ਵੀ ਸੁਣੇ।  ਇਸ ਸੰਘਰਸ਼ ਵਿਚ ਸ਼ਾਮਲ ਸਾਰੇ ਲੋਕ ਇਸੇ ਸਮਾਜ ਦਾ ਅੰਗ ਹੋਣ ਕਰਕੇ ਇਸਦੀ ਬਿਹਤਰੀ ਲਈ ਲੜੇ। ਹੁਣ ਇਸ ਬਣੀ ਹੋਈ ਏਕਤਾ ਨੂੰ ਵਧਾਇਆ ਜਾਣਾ ਚਾਹੀਦਾ ਹੈ। ਪਰ ਤੀਜਾ ਹਿੱਸਾ ਜਥੇਬੰਦੀਆਂ ਤਾਂ ਇਸ ਮੋਰਚੇ ਤੋਂ ਬਾਹਰ ਹਨ। ਕਈ ਲੋਕ ਵਿਰੋਧੀ ਸਿਆਸੀ ਧਿਰਾਂ ਇਸ ਵੰਡ ਦਾ ਫਾਇਦਾ ਵੀ ਉਠਾਉਣ ਦਾ ਜਤਨ ਕਰਨਗੀਆਂ । ਸੋਚਣ ਤੇ ਵਿਚਾਰਨ ਦਾ ਮਸਲਾ ਇਹ ਹੀ ਹੈ ਕਿ ਇਸ ਤੋਂ ਕਿਵੇਂ ਬਚਿਆ ਜਾਵੇ, ਕਿਉਂਕਿ ਸੰਘਰਸ਼ ਤਾਂ ਅਜੇ ਵੀ ਜਾਰੀ ਹੈ। ਨਾਲ ਹੀ ਅੰਦੋਲਨ ਦੌਰਾਨ ਉਨ੍ਹਾਂ ਸੱਤ ਸੌ ਤੋਂ ਵੱਧ ਹੋਏ ਸ਼ਹੀਦ ਹੋਏ ਕਿਸਾਨ, ਮਜ਼ਦੂਰਾਂ  ਦੇ ਘਰਾਂ ਵੱਲ ਨਿਗਾਹ ਮਾਰ ਲੈਣੀ ਚਾਹੀਦੀ ਹੈ ਜਿਨ੍ਹਾਂ ਦੇ ਚੁੱਲਿਆਂ ਵਿਚ ਪਾਣੀ ਪਾਇਆ ਗਿਆ ਹੈ। ਮਿਹਨਤੀ ਪਰਿਵਾਰਾਂ ਨੂੰ ਉਨ੍ਹਾ ਦੇ ਸਦਾ ਵਾਸਤੇ ਵਿਛੜ ਗਏ ਜੀਆਂ ਬਾਰੇ ਕੀ ਕਹਿ ਕੇ ਹੌਸਲਾ ਦਿਉਗੇ ? ਉਨ੍ਹਾ ਸ਼ਹੀਦਾਂ ਦਾ ਅਪਮਾਨ ਨਹੀਂ ਹੋਣਾ ਚਾਹੀਦਾ।
 
ਲੋਕ ਆਪਣੇ ਦੁੱਖਾਂ ਭਰੇ ਜੀਵਨ ਤੋਂ ਨਿਜਾਤ ਪਾਉਣਾ ਚਾਹੁੰਦੇ ਹਨ, ਰਾਹ ਕੋਈ ਲੱਭਦਾ ਨਹੀਂ। ਇਸ ਨਾਲ ਲੋਕਾਂ ਅੰਦਰ ਚਿੰਤਾ ਹੋਰ ਵਧ ਜਾਂਦੀ ਹੈ। ਚਿੰਤਾ ਤਾਂ ਹਰ ਵਿਅਕਤੀ ਕਰਦਾ ਹੈ, ਇਸ ਵੇਲੇ ਦੀਆਂ ਸਥਿਤੀਆਂ ਚਿੰਤਨ ਕਰਨ ਵਾਲੇ ਸੂਝਵਾਨਾਂ ਦਾ ਰਾਹ ਤੱਕਦੀਆਂ ਹਨ ਜੋ ਪੰਜਾਬ ਨੂੰ ਇਸ ਚਿੱਕੜ ਭਰੇ ਸੰਕਟ ਵਿੱਚੋਂ ਕੱਢ ਸਕਣ। ਇਸ ਚਿੰਤਾ ਤੋਂ ਅੱਗੇ ਸਵਾਲ ਪੈਦਾ ਹੁੰਦਾ ਹੈ ਕਿ ਸਾਡੇ ਸੋਚਵਾਨ ਲੋਕ (ਵੱਡੇ ਸਿਰਾਂ ਵਾਲੇ)  ਹੁਣ ਕਿੱਥੇ ਹਨ? ਉਹ ਲੋਕਾਂ ਨੂੰ ਰਾਹ ਦੱਸਦੇ ਨਜ਼ਰ ਨਹੀਂ ਆਉਂਦੇ। ਇਹ ਸਮਾਂ ਹੈ ਜਦੋਂ ਉਨ੍ਹਾਂ ਨੂੰ ਅੱਗੇ ਆ ਕੇ ਪੰਜਾਬ ‘ਚ ਰਾਜ ਕਰਨ ਵਾਲਿਆਂ ਵਲੋਂ ਪੰਜਾਬ ਸਿਰ ਪਾਏ ਪੁਆੜਿਆਂ ਦੇ ਕਾਰਨ ਦੱਸਦਿਆਂ ਇਸ ਦਾ ਹੱਲ ਦੱਸਣ ਵਾਸਤੇ ਆਪਣੀ ਅਗਵਾਈ ਦੇਣ ਦਾ ਜਤਨ ਕਰਨਾ ਚਾਹੀਦਾ ਹੈ। 

ਪੰਜਾਬ ਦੇ ਸੂਝਵਾਨੋਂ, ਸੋਚਵਾਨੋਂ ਜਾਗੋ ਤੇ ਅੱਗੇ ਆਉ ਇਹ ਪੰਜਾਬ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਵੀ ਹੈ। ਆਉਣ ਵਾਲੇ ਕੱਲ੍ਹ ਤੁਹਾਡੇ ਬੱਚਿਆਂ ਨੇ ਤੇ ਪੰਜਾਬ ਨੇ ਤੁਹਾਥੋਂ ਸਵਾਲ ਪੁੱਛਣੇ ਹਨ, ਫੇਰ ਕੀ ਜਵਾਬ ਦਿਉਂਗੇ ਕਿ ਮੁਸੀਬਤ ਵੇਲੇ ਤੁਸੀ ਕਿਸੇ ਧਿਰ ਦੇ ਪਿਛਲੱਗ ਕਿਉਂ ਬਣੇ ਜਾਂ ਚੁੱਪ ਕਿਉਂ ਰਹੇ? ਆਪਣੇ ਲੋਕਾਂ ਨੂੰ ਅਗਵਾਈ ਕਿਉਂ ਨਾ ਦਿੱਤੀ?

ਪੰਜਾਬ ਨੂੰ ਅੱਜ ਤੁਹਾਡੀ ਅਗਵਾਈ ਦੀ ਲੋੜ ਹੈ ਜਿਵੇਂ ਮੱਧਯੁੱਗ ਅੰਦਰ ਭਗਤੀ ਲਹਿਰ ਨੇ ਸਮਾਜ ਦੀਆਂ ਕਮਜ਼ੋਰ ਧਿਰਾਂ ਨੂੰ ਹਿੰਮਤ ਦਿੱਤੀ, ਜਿਸ ਦਾ ਅਗਲਾ ਰੂਪ ਸਿੱਖ ਲਹਿਰ ਬਣਦੀ ਹੈ। ਜਿਵੇਂ ਆਜ਼ਾਦੀ ਦੀ ਲਹਿਰ ਵੇਲੇ ਗਦਰ ਪਾਰਟੀ, ਭਗਤ ਸਿੰਘ ਦੀ ਲਹਿਰ ਤੇ ਹੋਰ ਬਹੁਤ ਸਾਰੇ ਗਰੁੱਪਾਂ ਨੇ ਸਮਾਜ ਨੂੰ ਹਲੂਣ ਕੇ ਅਗਵਾਈ ਦਿੱਤੀ, ਬਸਤੀਵਾਦੀਆਂ ਦੀ ਗੁਲਾਮੀ ਪਰ੍ਹਾਂ ਵਗਾਹ ਮਾਰੀ। ਕੀ ਅੱਜ ਉਹੋ ਜਹੀ ਸਥਿਤੀ ਨਹੀਂ ਬਣ ਗਈ ਕਿ ਕਾਰਪੋਰੇਟੀਆਂ ਦੀ ਗੁਲਾਮੀ ਤੋਂ ਨਿਜਾਤ ਪਾਈ ਜਾਵੇ☬? ਸਮਾਂ ਤੁਹਾਨੂੰ ਆਵਾਜ਼ਾਂ ਮਾਰ ਰਿਹਾ ਹੈ।
 
ਇਸ ਮੋਰਚੇ ਦੇ ਬਣਨ ਨਾਲ “ਸੰਯੁਕਤ ਕਿਸਾਨ ਮੋਰਚੇ” ਨਾਲ ਕਿਵੇਂ ਦੇ ਸਬੰਧ ਰਹਿਣਗੇ ਅਤੇ ਅੱਗੇ ਲੜੇ ਜਾਣ ਵਾਲੇ ਸਾਂਝੇ ਕਿਸਾਨ ਸੰਘਰਸ਼ ਦਾ ਕੀ ਬਣੇਗਾ? ਇਸ ਦਾ ਜਵਾਬ ਕਿਸੇ ਨੂੰ ਤਾਂ ਦੇਣਾ ਹੀ ਪਵੇਗਾ, ਦੇਣਾ ਚਾਹੀਦਾ ਵੀ ਹੈ । ਰਾਜ ਗੱਦੀ ਖਾਤਰ ਏਕਤਾ ਤੋੜਨ ਨਾਲੋਂ ਏਕਤਾ ਨੂੰ ਤਕੜਿਆਂ ਕਰਨਾ ਬਹੁਤ ਜ਼ਰੂਰੀ ਹੈ। ਭਾਈਚਾਰਕ ਸਾਂਝ ਕਿਸੇ ਸਮਾਜ ਦੇ ਸੋਹਣੇ, ਸੁਚੱਜੇ ਭਵਿੱਖ ਲਈ ਮੁੱਖ ਲੋੜ ਹੁੰਦੀ ਹੈ ਅਤੇ ਸੁਰੱਖਿਆ ਦੀ ਜਾਮਨ ਵੀ ਬਣਦੀ ਹੈ

***
561
***

About the author

kehar sharif
ਕੇਹਰ ਸ਼ਰੀਫ਼, ਜਰਮਨੀ
keharsharif@avcor.de | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੇਹਰ ਸ਼ਰੀਫ਼, ਜਰਮਨੀ

View all posts by ਕੇਹਰ ਸ਼ਰੀਫ਼, ਜਰਮਨੀ →