27 July 2024
ਕੇਹਰ ਸ਼ਰੀਫ਼

ਪੁੰਨ ਦੇ ਚੌਲ – ਕੇਹਰ ਸ਼ਰੀਫ਼ (ਜਰਮਨੀ)

ਪੁੰਨ ਦੇ ਚੌਲ

ਕੇਹਰ ਸ਼ਰੀਫ਼ (ਜਰਮਨੀ)

ਦੋ ਸ਼ਬਦ:
ਕੇਹਰ ਸ਼ਰੀਫ਼ (ਜਰਮਨੀ) ਦੀਆਂ ‘ਲਿਖਾਰੀ’ ਵਿੱਚ ਹੁਣ ਤੱਕ ਅਨਗਿਣਤ ਰਚਨਾਵਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ। ‘ਕੁੱਜੇ ਵਿੱਚ ਸਮੁੰਦਰ ਬੰਦ’ ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ। ਕੇਹਰ ਸ਼ਰੀਫ ਦੀ ਇੱਕ ਹੋਰ ਨਵੀਂ ਰਚਨਾ ‘ਪੁੰਨ ਦੇ ਚੌਲ਼ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।’—-ਲਿਖਾਰੀ
****

ਕਰਮ-ਕਾਂਡਾਂ ਦੇ ਵਿਸ਼ਵਾਸੀ, ਆਪੇ ਬੁਣੇ ਭਰਮ ਜਾਲ਼ ਦੇ ਕੈਦੀ, ਥੋੜ ਅਕਲੇ, ਸੂਝ ਅਤੇ ਸਹਿਜ ਵਿਹੂਣੇ ਲੋਕ ਪੁੰਨ-ਦਾਨ ਵਾਲੇ ਝੂਠੇ ਚੱਕਰਾਂ ਵਿਚ ਸਹਿਜੇ ਹੀ ਫਸ ਜਾਂਦੇ ਹਨ। ਇਹ ਆਮ ਕਿਹਾ ਜਾਂਦਾ ਵਰਤਾਰਾ ਕਿੰਨਾ ਖਤਰਨਾਕ ਹੈ, ਇਸਦੇ ਪਿੱਛੇ ਕੀ ਕਾਰਨ ਹਨ? ਇਹ ਸਾਡੇ ਜੀਵਨ ਦੇ ਚਾਨਣੇ ਪੱਖ ਨੂੰ ਹਨੇਰੇ ਵਲ ਧੱਕਣ ਦਾ ਕਿੰਨਾ ਕੋਝਾ ਤੇ ਘਟੀਆ ਰਸਤਾ ਹੈ? ਇਸ ਪਾਸੇ ਵਲ ਬਹੁਤ ਘੱਟ ਲੋਕ ਸੋਚਦੇ ਹਨ। ‘ਲਕੀਰ ਦੇ ਫਕੀਰ ਤਾਂ ਸਮੇਂ-ਸਥਿਤੀਆਂ ਨਾਲ ਸਮਝੌਤੇ ਹੀ ਕਰ ਸਕਦੇ ਹਨ, ਉਹ ਕੁੱਝ ਵੀ ਬਦਲਣ ਦੇ ਯੋਗ ਨਹੀਂ ਹੁੰਦੇ। ਨਵੀਂ ਲੀਹ ਤਾਂ ਨਵੀਂ ਸੋਚ ਨਾਲ ਹੀ ਪਾਈ ਜਾ ਸਕਦੀ ਹੈ ਅਤੇ ਇਸ ਦੀ ਲੋੜ ਵੀ ਬਹੁਤ ਹੈ। ਨਵੀਂ ਲੀਹ ਤੋਂ ਬਿਨਾਂ ਸੁਚੱਜੇ ਭਵਿੱਖ ਦੀ ਆਸ ਕਰਨੀ ਵੀ ਵਿਅਰਥ ਹੈ। ਅਜਿਹਾ ਤਾਂ ਥੁੱਕ ਨਾਲ ਬੜੇ ਪਕਾਉਣ ਵਾਲੇ ਹੀ ਸੋਚ/ਕਰ ਸਕਦੇ ਹਨ, ਕੋਈ ਯਥਾਰਥਵਾਦੀ ਅਜਿਹਾ ਨਹੀਂ ਸੋਚ ਸਕਦਾ। ਗਤੀਸ਼ੀਲਤਾ ਹੀ ਜ਼ਿੰਦਗੀ ਨੂੰ ਅੱਗੇ ਤੋਰਨ ਦਾ ਰਾਹ ਹੈ।

ਸੋਚਣ ਵਾਸਤੇ ਤਰਕਸ਼ੀਲਤਾ ਲੋੜੀਂਦੀ ਹੈ। ਤਰਕਸ਼ੀਲ ਬਣਨ ਵਾਸਤੇ ਯਤਾਰਥਵਾਦੀ/ਤਰਕਵਾਦੀ ਹੋ ਕੇ ਠੀਕ-ਗਲਤ ਦਾ ਨਿਰਣਾ ਕਰਨ ਜਿੰਨੀ ਸੂਝ ਕੋਲ ਹੋਣੀ ਚਾਹੀਦੀ ਹੈ। ਸੂਝ ਕਿਧਰੇ ਮੁੱਲ ਤਾਂ ਵਿਕਦੀ ਨਹੀਂ ਕਿ ਕੋਈ ਖਰੀਦ ਲਵੇ। ਇਹਦੇ ਵਾਸਤੇ ਤਾਂ ਜ਼ਿੰਦਗੀ ਦੇ ਲੰਬੇ ਤਜ਼ੁਰਬੇ ਵਿਚੋਂ ਲੰਘਣਾ ਪੈਂਦਾ ਹੈ। ਉਂਝ ਦੇਖੀਏ ਤਾਂ ਬਹੁਤ ਸਾਰੀਆਂ ਕਹਾਵਤਾਂ ਵੀ ਪੁੰਨ-ਦਾਨ, ਕਰਨ-ਕਰਾਉਣ ਵਾਲਿਆਂ ਨੇ ਹੀ ਘੜੀਆਂ ਹੋਈਆਂ ਹਨ, ਸਿਰੋਂ ਪੈਰੋਂ ਸੱਖਣੀਆਂ, ਨਿਰਾ ਝੂਠ, ਲੂਣ ਗੁੰਨਣ ਦਾ ਅਸਫਲ ਯਤਨ, ਜਿਵੇਂ “ਜੀਹਦੇ ਘਰ ਦਾਣੇ ਉਹਦੇ ਕਮਲ਼ੇ ਵੀ ਸਿਆਣੇ। ਇੱਥੇ ਤਾਂ ਪੈਸੇ (ਭਾਵ ਦਾਣੇ) ਵਾਲਿਆਂ ਦੇ ਨਲ਼ੀ-ਚੋਚੋ ਜਹੇ, ਧੇਲੇ ਦੀ ਅਕਲ ਤੋਂ ਸੱਖਣੇ ਵੀ ਦੇਖੇ ਜਾ ਸਕਦੇ ਹਨ। ਹਾਂ, ਜੇ ਕਿਸੇ ਦੀ ਨਜ਼ਰ ਕਮਜ਼ੋਰ (ਭਾਵ ਕੰਮਚੋਰ) ਹੋਵੇ ਤਾ ਗੱਲ ਸੱਚਮੁੱਚ ਹੀ ਹੋਰ ਹੈ। ਇਸਦੇ ਉਲਟ ਗਰੀਬ ਘਰਾਂ ਵਿਚ ਜੰਮੇ ਸਿਰੇ ਦੀ ਸੂਝ-ਸਿਆਣਪ ਨਾਲ ਭਰਪੂਰ ਲੋਕ ਵੀ ਟੱਕਰ ਜਾਂਦੇ ਹਨ। ਅੱਜ ਦਾ ਯੁੱਗ ਤਕਨੀਕ ਅਤੇ ਸੂਚਨਾਂ ਪੱਖੋਂ ਬਹੁਤ ਤੇਜ ਰਫਤਾਰੀ ਹੈ। ਕੰਪਿਊਟਰੀ ਯੁੱਗ ਵਿਚ ਮੱਧਯੁਗੀ ਸੋਚ ਸਮੇਂ ਦੇ ਹਾਣ ਦੀ ਨਹੀਂ ਹੋ ਸਕਦੀ। ਹੁਣ ਗੱਲ ਪਹਿਲੇ ਸਮਿਆਂ ਦੀਆਂ ਆਮ ਕਹਾਵਤਾਂ ਤੋਂ ਬਹੁਤ ਅੱਗੇ ਲੰਘ ਚੁੱਕੀ ਹੈ। ਫੇਰ ਖੁਦ ਵੀ ਵੇਲਾ ਵਿਹਾ ਚੁੱਕੀਆਂ ਕਹਾਵਤਾਂ ਤੋਂ ਅੱਗੇ ਜਾ ਕੇ ਕਿਉਂ ਨਾ ਦੇਖਿਆ, ਸੋਚਿਆ ਅਤੇ ਪਰਖਿਆ ਜਾਵੇ? ਆਮ ਜਹੀ ਬੋਲੀ ਹੈ, ਉਂਝ ਇਹ ਗੀਤ ਵੀ ਵੱਜਦਾ ਹੁੰਦਾ ਸੀ ਕਿ :

ਚਿੱਟੇ ਚੌਲ਼ ਜਿਨ੍ਹਾਂ ਨੇ ਪੁੰਨ ਕੀਤੇ
ਰੱਬ ਨੇ ਬਣਾਈਆਂ ਜੋੜੀਆਂ

ਇੱਥੇ ਝੂਠੀ ਗੱਲ ਨੂੰ ਸਾਬਤ ਕਰਨ ਵਾਸਤੇ ਰੱਬ ਨੂੰ ਖਾਹਮਖਾਹ ਹੀ ਵਿਚੋਲਾ ਬਣਾ ਦਿੱਤਾ ਗਿਆ। ਫੇਰ ਅਜਿਹੇ ਝੂਠ ਨੂੰ ਮੰਨਣ ਦੀ ਭਲਾਂ ਕੀ ਤੁਕ? ਪਹਿਲੇ ਸਮਿਆਂ ਦੀ ਤਾਂ ਗੱਲ ਹੀ ਹੋਰ ਸੀ, ਉਦੋਂ ਤਾਂ ਬਾਲ ਵਿਆਹ ਦਾ ਰਿਵਾਜ਼ ਵੀ ਆਮ ਸੀ। ਸਮਾਂ ਬਦਲਿਆ, ਮਨੁੱਖ ਦੀ ਸੂਝ ਨਿੱਖਰੀ, ਵਿਕਸੀ ਅਤੇ ਉਹ ਸ਼ੈਤਾਨ ਵਲੋਂ ਮੱਲੋਜ਼ੋਰੀ ਵਾਹੀ ਝੂਠ ਦੀ ਲਕੀਰ ਦੇ ਅਗਲੇ ਪਾਰ ਦੇਖਣ ਲੱਗਾ। ਦੇਖ ਕੇ ਸੋਚਣ ਲੱਗਾ ਤਾਂ ਉਸ ਨੂੰ ਹੋਰ ਮਸਲਿਆਂ ਦੇ ਨਾਲ ਹੀ ਪੁੰਨ ਦੇ ਚੌਲਾਂ ਬਾਰੇ ਵੀ ‘ਲੋਅ’ਹੋਣ ਲੱਗੀ ਅਤੇ ਦਿਮਾਗ ਅੰਦਰ ਹੋਏ ਨਵੇਂ ਚਾਨਣ ਦੇ ਆਸਰੇ ਝੂਠ ਦੇ ‘ਚੌਲ਼’ਵੀ ਨਿੱਖਰਨ ਲੱਗੇ।

ਇਸ ਬੋਲੀ ਨੂੰ ਕਿਸਮਤ (ਤਕਦੀਰ) ਨਾਲ ਜੋੜ ਕੇ ਭਾਸ਼ਾ ਦਾ ਸੱਤਿਆਨਾਸ ਵੀ ਕੀਤਾ ਗਿਆ। ਇਸ ਝੂਠ ਉੱਤੇ ਮੋਹਰ ਲਾਉਣ ਵਾਸਤੇ ਵਿਚ ਰੱਬ ਲਿਆ ਧਰਿਆ ਕਿ ਜੇ ਕੋਈ ਅਕਲ ਨਾਲ ਦਲੀਲ ਭਰੀ ਗੱਲ ਸੋਚੇ ਤੇ ਕਰੇ ਤਾਂ ਉਹਦੇ ਉੱਤੇ ਰੱਬ ਦਾ ਵਿਰੋਧੀ ਹੋਣ ਦਾ ਇਲਜ਼ਾਮ ਲਾਇਆ ਜਾ ਸਕੇ। ਮਾੜੀ ਸੋਚ ਵਾਲੇ ‘ਲੋਕਾਂ ਵਲੋਂ ਕਿਸੇ ਚੰਗੇ-ਭਲੇ ਮਨੁੱਖ ਨੂੰ ਜ਼ਲੀਲ ਕਰਨ ਵਾਸਤੇ ਇਹ ਦਲੀਲ ਰਹਿਤ, ਸਸਤਾ, ਘਟੀਆ ਪਰ ਸਭ ਤੋਂ ਕਾਮਯਾਬ ਤਰੀਕਾ ਹੈ।

ਜਦੋਂ ਵੀ ਜੀਵਨ ਦੀ ਗੱਲ ਹੁੰਦੀ ਹੈ ਤਾਂ ਵਿਸ਼ਾਲਤਾ ਦਾ ਜਿ਼ਕਰ ਛਿੜਦਾ ਹੈ। ਤੁਰਦੇ ਜੀਵਨ ਅੰਦਰ ਉਮਰ ਮੁਤਾਬਿਕ ਹੀ ਇਕ ਪੜਾਅ ਆਉਂਦਾ ਹੈ ਕਿ ਜਿਸ ਕਿਸੇ ਨੇ ਵੀ ਆਪਣੇ ਅੱਗੇ ਨੂੰ ਤੁਰਦਾ ਰੱਖਣ ਦਾ ਸੁਪਨਾ ਬੁਣਿਆ ਹੁੰਦਾ ਹੈ ਉਹਦੇ ਵਾਸਤੇ ਸਾਥ ਦੀ ਲੋੜ ਪੈਂਦੀ ਹੈ। ਸਮਾਜਿਕ ਪ੍ਰਵਾਨਗੀ ਵਾਸਤੇ ਵਿਆਹ ਦੀ ਜਰੂਰਤ ਹੁੰਦੀ ਹੈ (ਪੱਛਮੀ ਮੁਲਕਾਂ ਵਿਚ ਸਮਾਜਿਕ ਪ੍ਰਵਾਨਗੀ ਦੀ ਲੋੜ ਨਹੀਂ ਵੀ ਪੈਂਦੀ। ਇੱਥੇ ਵਿਆਹ ਦੀ ਸੰਸਥਾ ਨੂੰ ਮੰਨਣਾਂ ਜਾਂ ਨਾ ਮੰਨਣਾ ਹਰ ਕਿਸੇ ਦਾ ਜਾਤੀ ਮਾਮਲਾ ਹੈ, ਸਮਾਜੀ ਨਹੀਂ। ਕੋਈ ਬੱਚੇ ਵਿਆਹ ਕਰਕੇ ਪੈਦਾ ਕੇ ਜਾਂ ਬਿਨਾ ਵਿਆਹ ਤੋਂ, ਇਹ ਹਰ ਕਿਸੇ ਦੀ ਆਪਣੀ ਮਰਜ਼ੀ ਹੈ)। ਔਰਤ ਅਤੇ ਮਰਦ ਹੀ ਇਸ ਸੰਸਾਰ ਨੂੰ ਉਤਪਤੀ ਦੇ ਆਸਰੇ ਅੱਗੇ ਤੁਰਦਾ ਰੱਖਣ ਵਾਲੀ ਸੋਝੀ ਅਤੇ ਤਾਕਤ (ਸ਼ਕਤੀ) ਰੱਖਦੇ ਹਨ। ਇਨ੍ਹਾਂ ਦਾ ਮੇਲ਼-ਮਿਲ਼ਾਪ ਨਵੇਂ ਨੂੰ ਜਨਮ ਦੇਣ ਦਾ ਸਬੱਬ ਬਣਦਾ ਹੈ। ਇਹ ਸਬੱਬ ਹੀ ਸੰਸਾਰ ਦਾ ਮੂਲ਼ ਹੈ।

ਇੱਥੇ ਪਹੁੰਚ ਕੇ ਅਖੌਤੀ ਧਰਮੀਆਂ ਵਲੋਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਦੇ ਸਬੰਧ ਵਿਚ ਕਹੇ, ਲਿਖੇ ਹੋਏ ਬਾਰੇ ਦੁਬਾਰਾ ਸੋਚਣ ਅਤੇ ਦਲੀਲ ਨਾਲ ਸਮਝਣਾ ਪੈਂਦਾ ਹੈ। ਕਾਮ ਉਹ ਸ਼ਕਤੀ (ਅਨਰਜੀ) ਬਣਦਾ ਹੈ ਜੋ ਨਵੇਂ ਦੇ ਜਨਮ ਨਾਲ ਸੰਸਾਰ ਦੇ ਵਾਧੇ ਦਾ ਸਬੱਬ ਬਣਦਾ ਹੈ। ਇਸਦੇ ਅੰਦਰ ਉਸਾਰੂ ‘ਲੋਭ’ ਹੈ, ਸਿਰਜਣਾ ਹੈ। ਇਸਦੇ ਨਾਲ ਹੀ ਮੋਹ ਦੀ ਤਸਵੀਰ ਨਿੱਖਰਦੀ ਹੈ, ਕਿਉਂਕਿ ਮੋਹ ਤੋਂ ਬਿਨਾਂ ਇਸ ਸਭ-ਕਾਸੇ ਦਾ ਵਾਪਰਨਾ ਸੰਭਵ ਹੀ ਨਹੀਂ। ਮੋਹ ਵਿਹੂਣਾ ਮਨੁੱਖ ਤਾਂ ਉਜਾੜ ਦੇ ਰੁੱਖ ਵਰਗਾ ਹੀ ਹੁੰਦਾ ਹੈ। ਮਨੁੱਖ ਦਾ ਸੰਸਾਰ ਨਾਲ ਜੁੜੇ ਰਹਿਣਾ ਅਤੇ ਅੱਗੇ ਵਧਦੇ ਜਾਣਾ ਮੋਹ ਦੀ ਹੀ ਕਰਾਮਾਤ ਹੈ। ਕ੍ਰੋਧ ਦਾ ਵੀ ਜੀਵਨ ਨਾਲ ਡੂੰਘਾ ਸਬੰਧ ਹੈ। ਜੇ ਕਿਸੇ ਨੂੰ ਸਮਾਜ ਅੰਦਰ ਨਿੱਤ-ਦਿਹਾੜੇ ਇੰਨਾ ਕੁੱਝ ਮਾੜਾ ਵਾਪਰਦਾ ਦੇਖਕੇ ਵੀ ਉਸਦੇ ਮਨ ਵਿਚ ਅਜਿਹੇ ਕੁੱਤਪੁਣੇ ਦੇ ਖਿਲਾਫ ਗੁੱਸਾ (ਕ੍ਰੋਧ) ਹੀ ਨਹੀਂ ਉਪਜਦਾ ਤਾਂ ਅਜਿਹਾ ਵਿਅਕਤੀ ਮਰਿਆ-ਜੀਊਂਦਾ ਇਕ ਬਰਾਬਰ ਹੀ ਕਿਹਾ ਜਾ ਸਕਦਾ ਹੈ। ਇੱਥੇ ‘ਕ੍ਰੋਧ ਨੂੰ ਵਿਰੋਧ-ਵਿਕਾਸੀ ਫਲਸਫੇ ਰਾਹੀਂ ਦੇਖਿਆ ਜਾਣਾ ਚਾਹੀਦਾ ਹੈ। ਜੇ ਇਸ ਨਿਖੇਧ ਵਿਚੋਂ ਕਿਸੇ ਚੰਗੇਪਣ ਦਾ ਜਨਮ ਹੁੰਦਾ ਹੈ ਤਾਂ ਇਹ ਉਸਾਰੂ ਕਦਮ ਨਜ਼ਰ ਆਵੇਗਾ। ਹਰ ਕਿਸੇ ਨੂੰ ਆਪਣੀ ਅਕਲ ਉੱਤੇ (ਜੇ ਪੱਲੇ ਹੋਵੇ ਤਾਂ) ਮਾਣ ਜਰੂਰ ਹੋਣਾ ਚਾਹੀਦਾ ਹੈ। ਹਾਂ! ਇੱਥੇ ਇਹ ਕਿਹਾ ਜਾ ਸਕਦਾ ਹੈ ਹੰਕਾਰੀ ਹੋਣਾ ਮਾੜਾ ਹੈ। ਮਾਣ ਤੇ ਹੰਕਾਰ ਦਾ ਫਰਕ ਸਮਝਣਾ ਵੀ ਜਰੂਰੀ ਹੈ। ਜਿਸ ਦੇ ਮੱਥੇ ਵਿਚ ਸੂਝ ਦਾ ਦੀਵਾ ਬਲ਼ਦਾ ਹੋਵੇ ਉਹ ਹੰਕਾਰੀ ਹੋ ਹੀ ਨਹੀਂ ਸਕਦਾ। ਫੇਰ ‘ਧਰਮੀਆਂ ਵਲੋਂ ਪੰਜਾਂ ਤੱਤਾਂ ਦੀ ਘੜੀ ਨਾਂਹ ਪੱਖੀ ਤਸਵੀਰ ਆਪਣੇ ਆਪ ਹੀ ਝੂਠੀ ਸਾਬਤ ਹੋ ਜਾਂਦੀ ਹੈ। ਸਿਆਣਾ ਮਨੁੱਖ ਦੂਜਿਆਂ ਨਾਲ ਦਲੀਲ ਸਹਿਤ ਸੰਵਾਦ ਰਚਾਉਂਦਾ ਹੈ, ਵੱਖੋ-ਵੱਖ ਵਿਸਿ਼ਆਂ ਬਾਰੇ ਬਹਿਸ ਕਰਦਾ ਹੈ, ਵਿਚਾਰਾਂ ਨੂੰ ਸਮੇਂ/ਸਮਾਜ/ਸਥਿਤੀਆਂ ਦੀ ਸਾਣ ’ਤੇ ਪਰਖਦਾ ਹੈ। ਦਲੀਲ ਨਾਲ ਮੇਲ ਖਾਂਦੀ ਗੱਲ ਗਲਤ ਹੁੰਦੀ ਹੀ ਨਹੀਂ।

ਮੂੜ੍ਹਮੱਤ ਵਾਲੇ ਸੰਯੋਗ ਨੂੰ ਮਨੁੱਖੀ ਜ਼ਿੰਦਗੀ ਦਾ ਧੁਰਾ ਆਖਦੇ ਹਨ। ਅਖੇ ਜੀ, ਹੱਥਾਂ ਦੀਆਂ ਲਕੀਰਾਂ ਉੱਤੇ ਜੋ ਛਪ ਗਿਆ ਸੋ ਛਪ ਗਿਆ। ਉਨ੍ਹਾਂ ਦੇ ਕਹਿਣ ਦਾ ਭਾਵ ਕਿ ਇਹ ਕੁੱਝ ਬਦਲਿਆ ਹੀ ਨਹੀਂ ਜਾ ਸਕਦਾ, ਇਸ ਕਰਕੇ ਹੀ ਉਹ ਮਨੁੱਖ ਨੂੰ ਆਪਣੀ ਜਿ਼ੰਦਗੀ ਬਿਹਤਰ ਬਨਾਉਣ ਵਾਲੇ ਕੀਤੇ ਜਾ ਰਹੇ ਸੰਘਰਸ਼ ਤੋਂ ਵਰਜਦੇ ਹਨ। ਇਹ ਤਾਂ ਜਾਣ –ਬੁੱਝ ਕੇ ਲੁਟੇਰਿਆਂ ਦਾ ਪੱਖ ਪੂਰਨ ਵਾਲਾ ਰਾਹ ਹੈ। ਕਿਰਤ ਕਰਨ ਵਾਲੇ ਹਰ ਕਿਰਤੀ ਦੇ ਖਿਲਾਫ ਇਹ ਅਤਿ ਘਟੀਆ ਅਤੇ ਕੋਝੀ ਸਾਜਿਸ਼ ਹੈ। ਹੱਥੀਂ ਕਿਰਤ ਕਰਨ ਵਾਲੇ ਲੋਕਾਂ ਵਲੋਂ ਆਪਣੇ ਸਵੈ-ਮਾਣ ਦੀ ਰਾਖੀ ਵਾਸਤੇ ਇਸ ਸ਼ੈਤਾਨੀ ਨੂੰ ਹਰ ਹੀਲੇ ਜੋਰਦਾਰ ਢੰਗ ਨਾਲ ਨਕਾਰਿਆ ਜਾਣਾ ਚਾਹੀਦਾ ਹੈ। ਸ਼ੈਤਾਨ ਲੋਕ ਮਨੁੱਖੀ ਨੂੰ ਕਿਸੇ ਹੋਰ ਵਲੋਂ ਛਾਪੀ ਵਿੰਗੀਆਂ ਟੇਢੀਆਂ ਲਕੀਰਾਂ ਵਾਲੀ ‘ਜੰਤਰੀ’ਦੇ ਆਖੇ ਜਾਂ ਹੁਣ ਨਵੀਂ ਤਕਨੀਕ ਵਰਤਦਿਆਂ ਕੰਪਿਊਟਰ ਵਿਚ ਖੁਦ ਲਿਖ ਕੇ ਪਾਏ ‘ਰਾਸ਼ੀ ਦਾ ਫਲ ਅਨੁਸਾਰ ਹੀ ਤੋਰਨਾ ਚਾਹੁੰਦੇ ਹਨ। ਪਰ ਇੰਝ ਹੋਣਾ ਸੰਭਵ ਹੀ ਨਹੀਂ। ਰਾਸ਼ੀ ਫਲ ਦੱਸਣ ਵਾਲੇ ਸ਼ੈਤਾਨ ਬਿਰਤੀ ਰਾਹੀਂ ਭੋਲ਼ੇ-ਭਾਲ਼ੇ ਲੋਕਾਂ ਦੀ ਕਿਸੇ ਦੁਖਦੀ ਰਗ ਤੇ ਹੱਥ ਰੱਖਕੇ ਆਪਣੇ ਸ਼ਬਦ-ਜਾਲ਼ ਰਾਹੀਂ ਕਿਸੇ ਦੂਸਰੇ ਦੀ ਜੇਬ ਦੇ ਆਸਰੇ ਸੌਖੇ ਢੰਗ ਨਾਲ ਆਪਣਾ ਤੋਰੀ-ਫੁਲਕਾ ਤੋਰਨ ਦਾ ਚੁਸਤੀ ਭਰਿਆ ਹਰਾਮੀ ਯਤਨ ਕਰਦੇ ਹਨ।

ਹਰ ਵਿਅਕਤੀ ਨੂੰ ਆਪਣਾ ਮਾਨਸਿਕ ਅਤੇ ਬੌਧਿਕ ਵਿਕਾਸ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਸਮੇਂ ਨਾਲ ਤੁਰਦੇ ਵਰਤਾਰਿਆਂ ਉੱਤੇ ਡੂੰਘੀ ਪਾਰਖੂ ਨਜ਼ਰ ਰੱਖਣੀ ਪੈਂਦੀ ਹੈ। ਖੋਜੀ ਬਣਕੇ ਦੁਨੀਆਂ ਦੇ ਗਿਆਨ ਭੰਡਾਰ ਅੰਦਰ ਲੰਬਾ ਸਫਰ ਕਰਨਾ ਪੈਂਦਾ ਹੈ। ਮਨੁੱਖੀ ਮਿਹਨਤ ਨੇ ਹੀ ਸਦਾ ਨਵਾਂ ਸੰਸਾਰ ਸਿਰਜਿਆ ਹੈ। ਆਪਣੀ ਮਿਹਨਤ ਨਾਲ ਹੀ ਚੰਦ ਉੱਤੇ ਜਾ ਉਤਰਿਆ ਇਹ ਮਨੁੱਖ। ਧਰਤੀ ਉੱਤੇ ਬੈਠਾ ਹੀ ਆਪਣੇ ਬਣਾਏ ਜੰਤਰਾਂ ਨਾਲ ਕ੍ਰੋੜਾਂ ਮੀਲਾਂ ਦੀ ਦੂਰੀ ਵਾਲੇ ਗ੍ਰਿਹਆਂ ਦੀ ਟੋਹ ਲਾਈ ਜਾਂਦਾ ਹੈ।। ਮਨੁੱਖੀ ਸੂਝ ਦੇ ਅੱਗੇ ਵਧਦੇ ਕਦਮ ਨਿੱਤ ਦਿਨ ਹੈਰਾਨ ਕਰਨ ਵਾਲੀਆਂ ਕਾਢਾਂ ਕੱਢੀ ਜਾ ਰਹੇ ਹਨ। ਇਹ ਕਿਸਮਤ, ਤਕਦੀਰ, ਭਾਗਾਂ ਜਾਂ ਸੰਜੋਗ ਦੀ ਗੱਲ ਨਹੀਂ ਸਗੋਂ ਮਨੁੱਖੀ ਸੂਝ ਦੇ ਆਸਰੇ ਕਿਰਤੀ ਹੱਥਾਂ ਵਲੋਂ ਈਮਾਨਦਾਰੀ ਨਾਲ ਕਰੜੀ ਮਿਹਨਤ ਤੋਂ ਬਾਅਦ ਮਨੁੱਖੀ ਜੀਵਨ ਵਾਸਤੇ ਕੀਤੀ ਉਸਾਰੂ ਸਿਰਜਣਾ ਹੈ। ਜਿਸ ਦੇ ਸਦਕਾ ਕਿਸ ਦਾ ਦਿਲ ਨਹੀ ਕਰੇਗਾ ਅਜਿਹੀ ਸੁੱਚੀ ਕਿਰਤ ਅਤੇ ਮਨੁੱਖੀ ਸੂਝ ਦੇ ਬਲਿਹਾਰੇ ਜਾਣ ਨੂੰ? ਇਸ ਕਰਕੇ ਹੀ ‘ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ ਵਾਲੀ ਕਹਾਵਤ ਅੱਜ ਵੀ ਸੱਚੀ ਹੈ।

ਦੁਨੀਆਂ ਨੇ ਜੇ ਚਿੱਟਿਆਂ ਚੌਲਾਂ ਦੇ ਆਸਰੇ ਹੀ ਵਧਣਾ-ਫੁਲਣਾ ਹੈ ਤਾਂ ਮਾੜੇ, ਗਰੀਬ ਦਾ ਕੀ ਬਣੇਗਾ? ਇੱਥੇ ਹੀ “ਰੱਬ” ਵਲੋਂ ਕੁੱਝ ਇਕ ਨੂੰ ਚਿੱਟੇ ਚੌਲ਼ ਦੇਣ ਅਤੇ ਦੂਜਿਆਂ ਨੂੰ ਇਸਤੋਂ ਵਾਂਝ੍ਹੇ ਰੱਖਣ ਦਾ ਦੋਸ਼ ਲਗਦਾ ਹੈ। ਇੱਥੇ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਰੱਬ ਦਾ ਸੰਕਲਪ ਸਾਊ ਬਿਲਕੁਲ ਨਹੀਂ। ਪੁੰਨ-ਦਾਨ ਤਾਂ ਉਹ ਹੀ ਕਰ ਸਕਦਾ ਹੈ ਜੀਹਦੇ ਕੋਲ ਮੁਫਤ ਦਾ ਆਊ ਭਾਵ ਕਿ ਵਾਧੂ ਹੋਵੇਗਾ ( ਜਿਸਨੂੰ ਆਮ ਬੋਲੀ ਵਿਚ ਹਾਰਮ ਦਾ ਮਾਲ ਵੀ ਕਿਹਾ ਜਾਂਦਾ ਹੈ)। ਵਾਧੂ ਇਕੱਠਾ ਕਰਨ ਵਾਸਤੇ ਇਨਸਾਨ ਨੂੰ ਕਈ ਵਿੰਗੀਆਂ-ਟੇਢੀਆਂ ਲਕੀਰਾਂ ’ਤੇ ਤੁਰਨਾ ਪੈਂਦਾ ਹੈ। ਇਹ ਲਕੀਰਾਂ ਸਾਊ ਬਿਲਕੁਲ ਨਹੀਂ ਹੁੰਦੀਆਂ। ਜੇ ਇਸ ਤੋਂ ਵੀ ਅੱਗੇ ਦੂਜੇ ਪਾਸੇ ਜਾ ਕੇ ਸੋਚੀਏ ਕਿ ਪੁੰਨ-ਦਾਨ ਲੈਣ ਵਾਲਾ ਕਿੰਨਾ ਕਮੀਨਾ ਹੋ ਸਕਦਾ ਹੈ ਕਿ ਹਰ ਕਿਸਮ ਦੀ ਬੇਈਮਾਨੀ ਦੇ ਆਸਰੇ ਕੀਤੀ ਹਰਾਮ ਦੀ ਕਮਾਈ ਵਿਚੋਂ ਮਿਲੇ ਕੁੱਝ ਟੁਕੜਿਆਂ ਨੂੰ ਵੀ “ਭਲਾ ਹੋਵੇ” ਆਖ ਕੇ ਆਪਣੀ ਝੋਲ਼ੀ ਪੁਆਈ ਜਾਂਦਾ ਹੈ ਅਤੇ ਨਾਲ ਹੀ ‘ਭੰਡਾਰੇ ਭਰੇ ਰਹਿਣ (ਜੋ ਮਾੜੇ ਕੰਮਾਂ ਨਾਲ ਭਰੇ ਹੁੰਦੇ ਹਨ) ਦੀ ਅਸੀਸ ਦਿੰਦਾ ਹੈ। ਇਹ ਭਲਾ ਕਾਹਦੀ ਅਸੀਸ ਜੋ ਬੁਰਾਈ ਦੀ ਪਿੱਠ ਠੋਕ ਕੇ ਉਸਨੂ ਤਕੜਿਆਂ ਕਰੇ?

ਹਰ ਮਨੁੱਖ ਨੇ ਜ਼ਿੰਦਗੀ ਨੂੰ ਲਾਰਿਆਂ ਹੇਠ ਹੀ ਨਹੀਂ ਜੀਊਣਾ ਹੁੰਦਾ। ਇਹ ਚਿੱਟਿਆਂ ਚੌਲ਼ਾ ਦੇ ਝੂਠੇ ਪ੍ਰਚਾਰਕ (ਭਾੜੇ ਦੇ ਢੰਡੋਰਚੀ) ਤਾਂ ਕਿਸਮਤ ਦੇ ਅਸਲੋਂ ਝੂਠੇ ਸੰਕਲਪ ਦੀ ਡਰਾਊ ‘ਬੰਦੂਕ ਹੱਥ ਲੈ ਕੇ ਦੂਜਿਆਂ ਦੀ ਕਮਾਈ ਦੇ ਆਸਰੇ ਸਿਰਫ ਆਪਣੀ ਹੀ ਜਿੰਦ ਸੌਖੀ ਕੀਤੀ ਚਾਹੁੰਦੇ ਹਨ/ਕਰ ਰਹੇ ਹਨ। ਇਨ੍ਹਾਂ ਦਾ ਹੋਰ ਮਕਸਦ ਹੀ ਕੋਈ ਨਹੀਂ। ਇਹ ਤਾਂ ਉਹ ਹਨ ਕਿ, ‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ਼ ਪਤਾਸੇ ਪੀਵੇ’(ਯਾਦ ਰਹੇ ਸੁਥਰੇ ਇਹ ਬਿਲਕੁਲ ਨਹੀਂ। ਉਂਝ ਵੀ ਜੇ ਪੁੰਨ-ਦਾਨ ਦੇ ਆਸਰੇ ਜੋੜੀਆਂ ਬਣੀਆਂ ਤਾਂ ਸਿਰਫ ਆਪੋ-ਆਪਣਾ ਭਲਾ ਚਾਹੁਣ ਦਾ ਲੋਭ ਇਨ੍ਹਾਂ ‘ਜੋੜੀਆਂ’ਨੂੰ ਕਿੰਨਾ ਕੁ ਚਿਰ ਜੋੜੀ ਰੱਖੂ? ਪ੍ਰੇਮ ਤੇ ਮੋਹ ਦਾ ਸਾਥ ਛੱਡ ਸਿਰਫ ਪਦਾਰਥਾਂ ਮਗਰ ਹੋ ਤੁਰਨਾ ਇਨਸਾਨ ਨੂੰ ਨੀਵਾਣਾਂ ਵੱਲ ਧੱਕਦਾ ਹੈ। ਪੁੰਨ ਦਾਨ ਵਾਲਾ ਰਾਹ ਚੰਗੀ ਜਾਂ ਚੰਗੇਰੀ ਜ਼ਿੰਦਗੀ ਦੀ ਜ਼ਾਮਨੀ ਨਹੀਂ ਹੋ ਸਕਦਾ। ‘ਪੁੰਨ ਦੇ ਚੌਲ਼ ਸੰਘਰਸ਼ ਤੋਂ ਮੁੱਖ ਮੋੜ ਜ਼ਿੰਦਗੀ ਨੂੰ ਆਪਣੇ ਹੱਥੀਂ ਝੂਠ ਦੀ ਝੋਲ਼ੀ ਵਿਚ ਸੁੱਟਣ ਦੇ ਬਰਾਬਰ ਹੈ। ਇਸ ਤੋਂ ਹਰ ਹੀਲੇ ਬਚਣਾ ਇਨਸਾਨ ਦਾ ਯਤਨ ਹੋਣਾ ਚਾਹੀਦਾ ਹੈ।

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 22 ਦਸੰਬਰ 2006)
(ਦੂਜੀ ਵਾਰ 10 ਨਵੰਬਰ 2021)

***
489
***

kehar sharif

ਕੇਹਰ ਸ਼ਰੀਫ਼, ਜਰਮਨੀ

View all posts by ਕੇਹਰ ਸ਼ਰੀਫ਼, ਜਰਮਨੀ →