ਰੂਹਾਂ ਦੇ ਰੰਗ– ਕੇਹਰ ਸ਼ਰੀਫ਼, ਜਰਮਨੀ |
ਮਨ ਦੇ ਪਰਦੇ ਉੱਤੇ ਹਰ ਵੇਲੇ ਦੀ ਹਰਕਤ ਆਪਣਾ ਅਕਸ ਉੱਕਰਦੀ ਰਹਿੰਦੀ ਹੈ। ਕਦੇ ਇਸਦਾ ਚਾਨਣਾ ਪੱਖ ਸਾਹਮਣੇ ਆਉਂਦਾ ਹੈ ਕਦੇ ਹਨੇਰਾ ਪਾਸਾ। ਇਨ੍ਹਾਂ ਦਾ ਪਰਤੌਅ ਹੀ ਸਾਡੇ ਖਿਆਲਾਂ, ਸੋਚਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਨਿਤਾਪ੍ਰਤੀ ਦੇ ਕਾਰਜਾਂ ਅੰਦਰ ਲੁਪਤ ਹੋ ਕੇ ਦੂਸਰਿਆਂ ਤੱਕ ਪਹੁੰਚਣ ਦਾ ਸਾਧਨ/ਸਬੱਬ ਹੋ ਨਿੱਬੜਦਾ ਹੈ। ਜਿਸ ਦੇ ਆਸਰੇ ਅਗਲੇ ਰਸਤਿਆਂ ਦੀ ਨਿਸ਼ਾਨਦੇਹੀ ਸੌਖੀ ਹੋ ਜਾਂਦੀ ਹੈ।
ਬਹੁਤ ਸਾਰੇ ਲੋਕ ਰੂਹਾਂ ਦੇ ਦੁਖੀ ਹੋਣ ਦਾ ਆਪੇ ਸਿਰਜਿਆ ਗੈਰਯਥਾਰਥਕ ਸੰਤਾਪ ਹੰਢਾਉਂਦੇ ਹਨ। ਜਦੋਂ ਅਣਮੇਚਵੀਆਂ ਅਤੇ ਪਹੁੰਚ ਤੋਂ ਬਾਹਰੀਆਂ ਬੇਲੋੜੀਆਂ ਖਾਹਿਸ਼ਾਂ ਦਾ ਗੈਰ ਜ਼ਰੂਰੀ ਪਸਾਰ ਕਰਨ ਵਲ ਵਧਿਆ ਜਾਂਦਾ ਹੈ ਤਾਂ ਇਹ ਕਿਸੇ ਰੋਗ ਤੋਂ ਘੱਟ ਨਹੀਂ ਰਹਿ ਜਾਂਦਾ ਜਿਹੜਾ ਅੱਗੇ ਤੋਂ ਅੱਗੇ ਵਧਦਾ ਹੀ ਜਾਂਦਾ ਹੈ ਅਤੇ ਸਮਾਜ ਅੰਦਰ ਬੀਮਾਰ ਸੋਚ ਨੂੰ ਜਨਮ ਦੇਣ ਦਾ ਕਾਰਨ ਬਣ ਜਾਂਦਾ ਹੈ। ਜਿਸ ਦੇ ਸਿੱਟੇ ਵਜੋਂ ਸਮਾਜ ਦਾ ਨੀਵਾਣਾਂ ਵੱਲ ਬਹਿ ਤੁਰਨਾ, ਗੈਰ ਮਨੁੱਖੀ ਵਰਤਾਰਿਆਂ ਦਾ ਪਨਪਣਾਂ ਅਤੇ ਗਰੀਬ-ਗੁਰਬੇ ਵਾਸਤੇ ਦਰਦੋਂ ਸੱਖਣੀ ਤੋਰ ਨੂੰ ਅਪਣਾਏ ਜਾਣਾ, ਆਪ ਤੋਂ ਮਾੜੇ ਨੂੰ ਦਬਾਏ ਜਾਣ ਦੇ ਯਤਨ ਕਰਨੇ ਜਾਂ ਵਿੰਗੇ-ਟੇਢੇ ਢੰਗ ਤਰੀਕਿਆਂ (ਕਾਰਜਾਂ) ਰਾਹੀਂ ਅਸਲੋਂ ਅਣ-ਵਿਹਾਰਕ ਸਾਧਨਾਂ ਦੀ ਭਾਲ਼ ਕਰਨ ਤੁਰਨਾ। ਜਿਨ੍ਹਾਂ ਦੇ ਆਸਰੇ ਸਭ ਕੁੱਝ ਕੋਲ ਹੋਣ ਦੇ ਬਾਵਜੂਦ ਰੂਹ ਦੀ ਨਾ ਮਿਟਣ ਵਾਲੀ ਭੁੱਖ ਜਾਂ ਮਾਨਸਿਕ ਕੰਗਾਲੀ ਨੂੰ ਢਕਣ ਦੇ ਅਸਫਲ ਯਤਨ ਕਰਨੇ , ਅਜਿਹੀ ਦਸ਼ਾ ਸਿਰਜਦੇ ਹਨ ਜੀਹਦੇ ਉੱਤੇ ਤਰਸ ਤੋਂ ਬਿਨਾਂ ਹੋਰ ਕੁੱਝ ਨਹੀਂ ਕੀਤਾ ਜਾ ਸਕਦਾ। ਜੇ ਗੁੱਸਾ ਵੀ ਆਵੇ ਤਾਂ ਉਹ ਵੀ ਤਰਸ ਭਰਿਆ ਹੀ ਹੁੰਦਾ ਹੈ। ਤਰਸ ਭਰੀਆਂ ਨਜ਼ਰਾਂ ਦੇ ਸਾਹਮਣੇ ਜੀਊਣ ਵਾਲਾ ਕੋਈ ਵੀ ਆਪਣੇ ਆਪ ਨੂੰ ਅਣਖੀ ਇਨਸਾਨ ਕਹਾਉਣ ਦੇ ਲਾਇਕ ਨਹੀਂ ਰਹਿ ਜਾਂਦਾ। ਇੱਥੋਂ ਹੀ ਉਹ ਪੋਰੀ ਪੋਰੀ ਹੋ ਕੇ ਟੁੱਟਣ ਲਗਦਾ ਹੈ- ਇਹੋ ਹੀ ਨੀਵਾਣਾਂ ਵਲ ਜਾਂਦਾ ਰਾਹ ਹੈ। ਕਿਸੇ ਪਾਸੇ ਵੀ ਨਜ਼ਰ ਮਾਰੀ ਜਾਵੇ ਤਾਂ ਬਹੁਤ ਕੁੱਝ ਨਿਖੇਧ ਆਤਮਕ ਦੇਖਣ ਨੂੰ ਮਿਲਦਾ ਹੈ। ਇੱਥੋਂ ਤੱਕ ਕਿ ਰੂਹ ਦੇ ਕਾਰੀਗਰ ਕਹਾਉਣ ਵਾਲੇ ਬਹੁਤ ਸਾਰੇ ਲੇਖਕ/ਬੁੱਧੀਜੀਵੀ ਸੱਜਣ ਵੀ ਐਹੋ ਜਹੇ ਲੋਭ-ਲਾਲਚ ਦੇ ਹਮਾਮ ਵਿਚ ਲਿੱਬੜੇ ਨਜ਼ਰ ਆਉਂਦੇ ਹਨ। ਸਿਫਾਰਸ਼ਾਂ, ਰਿਸ਼ਵਤਾਂ ਜਾਂ ਮਿੰਨਤਾਂ ਤਰਲਿਆਂ ਦੇ ਆਸਰੇ ਇਨਾਮਾਂ ਦੀ ਪ੍ਰਾਪਤੀ ਕਰਦੇ ਹਨ। ਕਿਸੇ ਤੋਂ ਕਹਿ-ਕੁਹਾ ਕੇ ਜਾਂ ਕਈ ਵਾਰ ਤਾਂ ਪੱਲਿਉਂ ਪੈਸੇ ਦੇ ਕੇ ਆਪਣੇ ਹੀ ਸਨਮਾਨ ਕਰਾਉਂਦੇ ਹਨ। ਫੇਰ ਇਸ ਨੂੰ ਰੂਹ ਦਾ ਨੰਗਪੁਣਾਂ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ? ਸਿਆਣੇ ਕਹੇ ਜਾਂਦੇ ਲੋਕਾਂ ਵਲੋਂ ਇਹੋ ਜਹੇ ਕਮੀਨਗੀ ਭਰੇ ਤਮਾਸਿ਼ਆਂ ਦੇ ਆਸਰੇ ਸਮਾਜ ਅੰਦਰਲੀਆਂ ਮਨੁੱਖਵਾਦੀ ਅਤੇ ਨਰੋਈਆਂ ਕਦਰਾਂ ਕੀਮਤਾਂ ਨੂੰ ਢਾਅ ਲੱਗਣ ਲੱਗ ਪੈਂਦੀ ਹੈ। ਅਜਿਹੇ ਵਿਅਕਤੀ ਜੋ ਬੀਬੇ ਲਿਬਾਸ ਹੇਠ ਗੰਦੀ ਜ਼ਹਿਨੀਅਤ ਪਾਲਦੇ ਹਨ ਉਨ੍ਹਾਂ ਦੇ ਅਮਲਾਂ ਨੂੰ ਦੇਖ ਕੇ ਆਮ ਲੋਕਾਂ ਦੀ ਵੀ ਉਨ੍ਹਾਂ ਵੱਲ ਉਂਗਲ ਉੱਠਣ ਲੱਗ ਪੈਂਦੀ ਹੈ। ਉਨ੍ਹਾਂ ਵਿਚੋਂ ਬਹੁਤੇ ਬੇਸ਼ਰਮੀ ਦੇ ਮਾਰੇ ਕੁੱਝ ਚੰਗਾ ਕਰਨ ਵੱਲ ਵਧਣ ਦੀ ਥਾਵੇਂ ਲੂਣ ਦੀ ਖਾਣ ਵਿਚ ਲੂਣ ਹੋ ਜਾਣ ਦਾ ਕਾਰਜ ਨਿਭਾਉਣ ਲੱਗ ਪੈਂਦੇ ਹਨ। ਵੱਡੇ ਅਹੁਦਿਆਂ ਅਤੇ ਰੁਤਬਿਆਂ ਵਾਲੇ ਧੱਕੇ, ਲੁੱਟ-ਖੋਹ, ਬੇਈਮਾਨੀ ਅਤੇ ਰਿਸ਼ਵਤਖੋਰੀ ਵਰਗੇ “ਨੇਕ” ਕੰਮਾਂ ਦੇ ਆਸਰੇ ਮੱਲੋਜ਼ੋਰੀ ਸਮਾਜ ਅੰਦਰ ਆਪਣੀ ਸਾਨ ਕਾਇਮ ਕਰਨ ਦੇ ਅਸਫਲ ਯਤਨ ਕਰ ਲੱਗ ਪੈਂਦੇ ਹਨ। ਆਪਣੇ ਨਾਂ ਨੂੰ ਖਾਹਮਖਾਹ ਵੱਡਾ ਕਰਨ ਦਾ ਅੁਪਰਾਲਾ ਕਰਦੇ ਹਨ, ਜਦੋਂ ਕਿ ਲੋਕ ਜਦੋਂ ਕਿ ਲੋਕ ਤਾਂ ਉਨ੍ਹਾਂ ਦੀ ਅਸਲੀਅਤ ਤੋਂ ਜਾਣੂ ਹੁੰਦੇ ਹੀ ਹਨ ਕਿ ਇਸ ਇਕੱਠੀ ਕੀਤੀ ਜਾ ਰਹੀ ਮਾਇਆ ਅਤੇ ਉੱਸਰਦੀਆਂ ਆਲੀਸ਼ਾਨ ਕੋਠੀਆਂ ਕਿਵੇਂ ਤੇ ਕਿਹੜੇ “ਦਾਤੇ” ਦੀ ਮੱਦਦ ਨਾਲ ਬਣ ਰਹੀਆਂ ਹਨ। ਲੋਕ ਕਿਧਰੇ ਅੰਨ੍ਹੇ ਤਾਂ ਨਹੀਂ ਹੁੰਦੇ ਜੇ ਨਾ ਬੋਲਣ ਤਾਂ ਹੋਰ ਗੱਲ ਹੈ। ਪਰ ਕੁਕਰਮਾਂ ਦੇ ਆਸਰੇ ‘ਵੱਡੇ’ ਬਣ ਗਏ ਇਹ ਮਾਡਰਨ ਸੱਜਣ ਠੱਗ ਲੋਕਾਂ ਸਾਹਮਣੇ ਆਪਣੇ ਆਪ ਨੂੰ ਇਸ ਤੋਂ ਅਨਜਾਣ ਹੋਣ ਵਾਲੇ ਪਖੰਡ ਕਰਦੇ ਹਨ ਅਤੇ ਲੋਕਾਂ ਨੂੰ ਕੁੱਝ ਵੀ ਪਤਾ ਨਾ ਹੋਣ ਦਾ ਆਪੇ ਸਿਰਜਿਆ ਭਰਮ ਪਾਲਦੇ ਹਨ। ਜੇ ਸੋਚਿਆ ਜਾਵੇ ਕਿ ਜਿਸ ਕਿਸੇ ਕੋਲ ਜੀਊਣ ਵਾਸਤੇ ਸਭ ਕੁੱਝ ਲੋੜ ਤੋਂ ਵੀ ਵੱਧ ਹੋਵੇ ਉਹਨੂੰ ਭਲਾਂ ਕਿਸੇ ਦੇ ਹੱਕ ਉੱਤੇ ਡਾਕਾ ਮਾਰਨ ਦੀ ਕੀ ਲੋੜ ? ਪਰ ਅਜਿਹਾ ਨਿੱਤ ਵਾਪਰਦਾ ਹੈ ਕਿ ਕੋਲ ਸਭ ਕੁੱਝ ਹੁੰਦਿਆਂ-ਸੁੰਦਿਆਂ , ਫੇਰ ਵੀ ਹੋਰ ਧੰਨ ਇਕੱਠਾ ਕਰ ਲੈਣ ਦੀ ਕੋਝੀ ਹਵਸ ਉਨ੍ਹਾਂ ਦੀ ਰੂਹ ਨੂੰ ਨਿੱਤ ਦਿਨ ਕਤਲ ਕਰਦੀ ਹੈ । ਇਸ ਬੇਸ਼ਰਮੀ ਦੇ ਆਸਰੇ ਪਤਾ ਨਹੀਂ ਹਰ ਰੋਜ਼ ਉਹ ਆਪਣੇ ਹੀ ਸਾਹਮਣੇ ਕਿੰਨੀ ਵਾਰ ਮਰਦੇ ਤੇ ਜੀਊਂਦੇ ਹਨ। ਫੇਰ ਵੀ ਧਰਤੀ ਉੱਤੇ ਬੋਝ ਬਣੇ ਆਪਣੀ ਹੀ ਲਾਸ਼ ਚੁੱਕੀ ਤੁਰੇ ਫਿਰਦੇ ਹਨ। ਇਹ ਹੀ ਤਾਂ ‘ਰੱਜਿਆਂ’ ਦੀ ਭੁੱਖੀ ਰੂਹ ਦਾ ਨੰਗ ਹੈ। ਸਵਾਲ ਫੇਰ ਖੜ੍ਹੇ ਹੁੰਦੇ ਹਨ ਕਿ ਅਜਿਹੇ ਲੋਕ ਜੋ ਲੋੜੋਂ ਬਹੁਤ ਜਿ਼ਆਦਾ ਸਾਧਨ ਵਰਤਣ ਵਿਚ ਕਾਮਯਾਬ ਹੋ ਜਾਂਦੇ ਹਨ, ਕੀ ਉਹ ਦਸਾਂ ਨੌਂਹਾਂ ਦੀ ਕਿਰਤ ਤੋਂ ਬਿਨਾਂ ਇਕੱਠੀ ਕੀਤੀ ਮਾਇਆ ਦੇ ਆਸਰੇ ਖੁਸ਼ ਵੀ ਰਹਿ ਸਕਦੇ ਹਨ? ਕੀ ਇਸਦੇ ਆਸਰੇ ਸੱਚਮੁੱਚ ਹੀ ਉਹ ਦੁਨਿਆਵੀ ਝੰਜਟਾਂ ਤੋਂ ਛੁਟਕਾਰਾ ਪਾ ਲੈਂਦੇ ਹਨ? ਉਨ੍ਹਾਂ ਵਲੋਂ ਕਾਲੇ ਕੰਮਾਂ/ਕਾਲੇ ਹੱਥਾਂ ਨਾਲ ਇਕੱਠਾ ਕੀਤਾ ਪਦਾਰਥਾਂ ਦਾ ਢੇਰ ਕੀ ਉਨ੍ਹਾਂ ਦੇ ਬੁੱਲ੍ਹਾਂ ਦਾ ਹਾਸਾ ਬਣਕੇ ਛਣਕ ਸਕਦਾ ਹੈ? ਕੀ ਉਦਾਸੀ ਉਨ੍ਹਾਂ ਦੇ ਜੀਵਨ ਵਿਚੋਂ ਕਿਨਾਰਾ ਕਰ ਜਾਂਦੀ ਹੈ? ਸ਼ਾਇਦ ਨਹੀਂ- ਜੇ ਅਜਿਹਾ ਹੁੰਦਾ ਤਾਂ ਹਾਸਾ ਸਿਰਫ ਉਨ੍ਹਾਂ ਦੀ ਹੀ ਮਲਕੀਅਤ ਹੋਣਾ ਸੀ। ਪਰ, ਅਜਿਹੇ ਲੋਕ ਜੋ ਜੁਗਾੜਾਂ ਦੇ ਵਸ ਪੈ ਚੁੱਕੇ ਹੁੰਦੇ ਹਨ (ਕਿਸੇ ਵਿਰਲੇ-ਟਾਂਵੇਂ ਨੂੰ ਛੱਡਕੇ) ਉਨ੍ਹਾਂ ਦਾ ਹਾਸਾ/ਅਮਨ ਚੈਨ ਗੁਆਚਿਆ ਹੀ ਦੇਖੀਦਾ/ਸੁਣੀਂਦਾ ਹੈ। ਜੀਵਨ ਲੋੜਾਂ ਦੀ ਪੂਰਤੀ ਹਰ ਕਿਸੇ ਦੇ ਜੀਊਣ ਵਾਸਤੇ ਅਤਿ ਜਰੂਰੀ ਹੈ। ਫੇਰ ਭਲਾਂ ਸਿਰਫ ਪਦਾਰਥਾਂ ਦੇ ਢੇਰ ਵੱਡੇ ਕਰਨ ਮਗਰ ਦੌੜ ਕੇ ਜੀਵਨ ਨੂੰ ਵਿਅਰਥ ਕਰਨ ਵਰਗਾ ਕਰਮ ਕਰਨ ਦਾ ਕੀ ਫਾਇਦਾ? ਇਸ ਰੋਗ ਤੋਂ ਤਾਂ ਅੱਜ ਆਪਣੇ ਆਪ ਨੂੰ ‘ਸਾਧੂ-ਸੰਤ’ ਕਹਾਉਣ ਵਾਲੇ ਵੀ ਨਹੀਂ ਬਚੇ ਹੋਏ ਸਗੋਂ ਕਿਹਾ ਇਹ ਵੀ ਜਾ ਸਕਦਾ ਹੈ ਉਨ੍ਹਾਂ ਵਿੱਚਲੀ ਵੱਡੀ ਗਿਣਤੀ ਇਸ ‘ਰੋਗ’ ਤੋਂ ਆਮ ਮਨੁੱਖ ਦੇ ਮੁਕਾਬਲੇ ਵੱਧ ਪੀੜਤ ਹੈ। ਕੀ ਜੀਵਨ ਨੂੰ ਸਾਰਥਿਕ ਤੌਰ ਤੇ ਜੀਊਣ ਦਾ ਹੋਕਾ ਸਿਰਫ ਦੂਜਿਆਂ ਵਾਸਤੇ ਹੀ ਹੁੰਦਾ ਹੈ? ਭਾਰਤ ਤੋਂ ਪਰਤੇ ਇਕ ਪੱਛਮੀ ਪੱਤਰਕਾਰ ਦਾ ਕਹਿਣਾ ਹੈ ਕਿ ਉਸਨੇ ਵੱਡੇ ਸ਼ਹਿਰਾਂ ਬੰਬਈ, ਕੋਲਕੱਤਾ ਆਦਿ ਦੀਆਂ ਗੰਦੀਆਂ ਬਸਤੀਆਂ ਵਿਚ ਵੀ ਲੋਕ ਹੱਸਦੇ ਵੇਖੇ ਤਾਂ ਉਸਨੂੰ ਬਹੁਤ ਹੈਰਾਨੀ ਹੋਈ ਕਿ ਜਿਨ੍ਹਾਂ ਲੋਕਾਂ ਨੂੰ ਨਾ ਰੱਜਵੀਂ ਰੋਟੀ, ਨਾ ਰਹਿਣ ਯੋਗ ਘਰ, ਨਾ ਪੀਣ ਨੂੰ ਸਾਫ ਪਾਣੀ ਅਤੇ ਨਾ ਹੀ ਜੀਵਨ ਦੀਆਂ ਹੋਰ ਬੁਨਿਅਦੀ ਸੁਖ-ਸਹੂਲਤਾਂ ਪ੍ਰਾਪਤ ਹਨ, ਲੱਗਭਗ ਨਰਕ ਵਰਗੀ ਬਦਰੰਗ ਜਹੀ ਜ਼ਿੰਦਗੀ ਜੀਊਂਦੇ ਹਨ ਪਰ ਉਹ ਫੇਰ ਵੀ ਹੱਸਦੇ ਹਨ, ਇਹ ਕਿਵੇਂ ਸੰਭਵ ਹੈ? ਭਾਰਤ ਵਿਚ ਫਿਰਦਿਆਂ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਉਸਦਾ ਪਿੱਛਾ ਕਰਦੇ ਰਹੇ। ਨਾਲ ਹੀ ਸਵਾਲੀਆ ਲਹਿਜ਼ੇ ਵਿਚ ਉਹ ਪੁੱਛਦਾ ਹੈ ਕਿ ਸਾਡੇ ਕੋਲ ਜ਼ਿੰਦਗੀ ਜੀਊਣ ਜੋਗੇ ਵਧੀਆ ਤੇ ਕਾਫੀ ਸਾਧਨ ਹੋਣ ਦੇ ਬਾਵਜੂਦ ਸਾਡੇ ਬੁਲ੍ਹਾਂ ਉੱਤੇ ਹਾਸਾ ਕਿਉਂ ਨਹੀਂ ਆਉਂਦਾ? ਅਸੀਂ ਸਦਾ ਨਕਲੀ ਹਾਸਾ ਹੀ ਕਿਉਂ ਹੱਸਦੇ ਹਾਂ? ਕਿਤੇ ਅਸੀਂ ਜ਼ਿੰਦਗੀ ਦੀ ਵਾਟ ਹੀ ਤਾਂ ਪੂਰੀ ਨਹੀਂ ਕਰ ਰਹੇ? ਇਹਨੂੰ ਤਾਂ ਭਰਪੂਰ ਜ਼ਿੰਦਗੀ ਜੀਊਣਾਂ ਨਹੀਂ ਕਿਹਾ ਜਾ ਸਕਦਾ। ਖੋਪੇ ਲੱਗੇ ਬਲਦਾਂ ਵਰਗੀ ਜਿ਼ੰਦਗੀ ਜੀਊਣ ਵਿਚੋਂ ਨਿਕਲਣ ਦਾ ਉਹਨੂੰ ਕੋਈ ਰਾਹ ਨਹੀਂ ਸੁੱਝਦਾ। ਇਨ੍ਹਾਂ ਮਸਲਿਆਂ ਬਾਰੇ ਉਹ ਸੋਚੀ ਜਾਂਦਾ ਹੈ ਪਰ ਕੋਈ ਜਵਾਬ ਉਹਨੂੰ ਨਹੀਂ ਅਹੁੜਦਾ। ਇਹ ਰੂਹਾਂ ਦੀ ਤਾਸੀਰ ਨੂੰ ਮਾਨਣ ਜਾਂ ਹੰਢਾਉਣ ਵਾਲਿਆਂ ਦੇ ਸੋਚਣ ਵਿਚਾਰਨ ਦਾ ਸਵਾਲ ਹੈ ਕਿ ਉਹ ਕਿਹੜੇ ਰੰਗ ਵਿਚ ਜੀਊਣਾ ਲੋਚਦੇ ਹਨ। ਕੀ ਉਨ੍ਹਾਂ ਨੇ ਸਮੇਂ ਦੀ ਕਾਲੀ ਚਾਦਰ ਉੱਤੇ ਚਾਨਣ ਦੇ ਸੁੱਚੇ ਹਰਫ਼ ਨਹੀਂ ਲਿਖਣੇ? ਜੋ ਪੈਂਡਾ ਤੇ ਨਵੇਂ ਰਾਹ ਹੋਣ ਅਗਲੀ ਪੀੜ੍ਹੀ ਵਾਸਤੇ। ਜਿਸ ਪੀੜ੍ਹੀ ਨੇ ਸਮੇਂ ਨੂੰ ਉਸਾਰੂ ਸੇਧ ਦੇ ਆਸਰੇ ਚਾਨਣ ਵੱਲ ਤੋਰਨਾ ਹੁੰਦਾ ਹੈ। ਕਲਮਾਂ ਵਾਲਿਆਂ ਵਾਸਤੇ ਤਾਂ ਇਹ ਕਾਰਜ ਜ਼ਿੰਦਗੀ ਦੇ ਅਰਥ ਲੱਭਣ ਵਿਚ ਸਹਾਈ ਹੋਣ ਦਾ ਅਧਾਰ ਬਣ ਜਾਂਦਾ ਹੈ ਕਿ ਉਹ ਰਸ ਹੀਣ ਜ਼ਿੰਦਗੀ ਜੀਊਣ ਵਾਲੇ ਲੋਕਾਂ ਨੂੰ ਜ਼ਿੰਦਗੀ ਦੇ ਅਸਲੀ ਅਰਥਾਂ ਤੋਂ ਜਾਣੂ ਕਰਵਾ ਸਕਣ, ਜਿਸ ਨਾਲ ਉਨ੍ਹਾਂ ਦੇ ਅੰਦਰ ਜ਼ਿੰਦਗੀ ਜੀਊਣ ਵਾਲੇ ਰੰਗਾਂ ਦੇ ਨਵੇਂ ਫੁੱਲ ਖਿੜਨ ਅਤੇ ਉਨ੍ਹਾਂ ਦੇ ਦਿਲ ਦਿਮਾਗ ਵਿਚ ਜ਼ਿੰਦਗੀ ਨੂੰ ਸੁਰਬੱਧ ਢੰਗ ਨਾਲ ਜੀਊਣ ਦਾ ਚਾਅ ਪੈਦਾ ਹੋ ਸਕੇ। ਫੇਰ ਉਨ੍ਹਾਂ ਦੇ ਬੁੱਲ੍ਹਾਂ ਉੱਤੇ ਐਸਾ ਹਾਸਾ ਨੱਚੇ ਜਿਸ ਦੇ ਆਸਰੇ ਉਹ ਰੂਹਾਂ ਦੇ ਰੰਗਾਂ ਦਾ ਅਨੰਦ ਮਾਨਣ ਦੇ ਯੋਗ ਹੋ ਜਾਣ ਇਸ ਤਰ੍ਹਾਂ ਲੋਕ ਆਪ ਹੀ ਜ਼ਿੰਦਗੀ ਦੇ ਅਰਥ ਪਾ ਲੈਣਗੇ। ਫੇਰ ਇਸ ਦੁਨੀਆਂ ਨੂੰ ਛੱਡਦਿਆਂ ਉਨ੍ਹਾਂ ਦੇ ਮੱਥੇ ’ਤੇ ਕੋਈ ਪਛਤਾਵੇ ਦੀ ਲੀਕ ਨਹੀਂ ਹੋਵੇਗੀ। ਸ਼ਾਇਦ ਇਸੇ ਨੂੰ ਹੀ ਸਾਰਥਕ ਜਿ਼ੰਦਗੀ ਆਖਿਆ ਜਾਂਦਾ ਹੈ। |
***
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 23 ਮਾਰਚ 2007) *** |