ਜ਼ਿੰਦਗੀ ਦਾ ਦਰਿਆ—ਡਾ. ਜੋਗਿੰਦਰ ਸਿੰਘ ਨਿਰਾਲਾ
ਮੈਂ ਨਹੀਂ ਜਾਣਦਾ ਪਈ ਆਦਮੀ ਬੁੱਢਾ ਕਿਉਂ ਹੋ ਜਾਂਦਾ ਹੈ ਪਰ ਪਿਛਲੇ ਸਮਿਆਂ ਤੋਂ ਮੈਂ ਇਹ ਜ਼ਰੂਰ ਮਹਿਸੂਸ ਕਰ ਰਿਹਾ ਸਾਂ ਕਿ ਜ਼ਿੰਦਗੀ ਦੇ ਕਾਰਜ ਖੇਤਰ ਵਿਚ ਮੇਰੀ ਸ਼ਮੂਲੀਅਤ ਪਹਿਲਾਂ ਜਿੰਨੀ ਭਰਵੀਂ ਨਹੀਂ ਰਹੀ, ਘਟਦੀ ਜਾ ਰਹੀ ਹੈ।
ਦਫ਼ਤਰ ਵਿਚ
ਅਜੇ ਉਸ ਦਿਨ ਤਾਂ ਦਫ਼ਤਰ ਵਿਚ ਨਵੇਂ-ਨਵੇਂ ਆਏ ਉਪ-ਮੰਡਲ ਅਫ਼ਸਰ ਨੇ ਮੇਰੇ ਤਿਆਰ ਕੀਤੇ ਕਾਗਜ਼ਾਂ ਉੱਪਰ ਦਸਤਖਤ ਕਰਨ ਤੋਂ ਨਾਂਹ ਕਰਦਿਆਂ ਕਿਹਾ ਸੀ, ‘‘ਸ਼ਰਮਾ ਜੀ! ਤੁਸੀਂ ਨਵੀਆਂ ਤਕਨੀਕਾਂ ਤੋਂ ਵਾਕਫ਼ ਨਹੀਂ ਹੋ, ਇਹ ਪ੍ਰਾਜੈਕਟ ਏਦਾਂ ਪਾਸ ਨਹੀਂ ਹੋਣਾ।’’ ਤਾਂ ਮੈਨੂੰ ਜਾਪਿਆ ਸੀ ਪਈ ਉਹ ਕਹਿ ਰਿਹਾ ਹੋਵੇ, ‘‘ਸ਼ਰਮਾ ਜੀ! ਹੁਣ ਤੁਸੀਂ ਬਹੁਤ ਸਰਵਿਸ ਕਰ ਲਈ ਹੈ, ਪਰੀ-ਮੈਚਿਊਰ ਰਿਟਾਇਰਮੈਂਟ ਲੈ ਲਵੋ ਤਾਂ ਚੰਗਾ ਹੈ, ਕਿਸੇ ਹੋਰ ਨੂੰ ਮੌਕਾ ਮਿਲੇਗਾ।’’
ਉਸਦੀ ਗੱਲ ਠੀਕ ਵੀ ਹੋ ਸਕਦੀ ਹੈ, ਕਿਉਂਕਿ ਉਹ ਅਫ਼ਸਰ ਹੈ। ਦਫ਼ਤਰੀ ਸਭਿਆਚਾਰ ਵੀ ਇਹੋ ਕਹਿੰਦਾ ਹੈ ਕਿ ਜੋ ਅਫ਼ਸਰ ਕਹਿੰਦਾ ਹੈ, ਉਹ ਸਦਾ ਠੀਕ ਈ ਹੁੰਦੈ ਪਰ ਏਨੀ ਦੇਰ ਤੋਂ ਤਾਂ ਮੈਨੂੰ ਕਦੇ ਕਿਸੇ ਨਾ ਅਜਿਹੇ ਸ਼ਬਦ ਨਹੀਂ ਸਨ ਕਹੇ।
ਪਿਛਲੇ ਸਾਲ ਹੀ ਤਾਂ ਰਿਟਾਇਰ ਹੋਏ ਅਫ਼ਸਰ ਨੇ ਆਪਣੀ ਸੇਵਾ-ਮੁਕਤੀ ਪਾਰਟੀ ਸਮੇਂ ਮੇਰੀ ਭਰਪੂਰ ਪ੍ਰਸ਼ੰਸਾ ਕੀਤੀ ਸੀ, ‘‘ਮੇਰੀ ਸਾਰੀ ਸਰਵਿਸ ਦੌਰਾਨ ਮੈਂ ਸ਼ਰਮਾ ਜੀ ਵਰਗਾ ਮਿਹਨਤੀ ਤੇ ਇਮਾਨਦਾਰ ਹੈਡ-ਕਲਰਕ ਨਹੀਂ ਵੇਖਿਆ। ਇਹਨਾਂ ਦਾ ਬਣਾਇਆ ਹੋਇਆ ਕੋਈ ਵੀ ਪ੍ਰਾਜੈਕਟ ਕਦੇ ਵੀ ਰੱਦ ਹੋ ਕੇ ਵਾਪਿਸ ਨਹੀਂ ਆਇਆ…. ਮੈਂ ਤਾਂ ਸਗੋਂ ਕਹਾਂਗਾ ਕਿ ਆਦਮੀ ਆਪਣੀ ਉਮਰ ਦੇ ਤਜ਼ਰਬੇ ਨਾਲ ਬਹੁਤ ਕੁਝ ਸਿੱਖਦਾ ਹੈ। ਨਵੇਂ ਭਰਤੀ ਹੋਏ ਮੁੰਡਿਆਂ ਨੂੰ ਸ਼ਰਮਾ ਜੀ ਬਹੁਤ ਕੁਝ ਸਿਖਾ ਸਕਦੇ ਨੇ।’’
ਇਹ ਗੱਲਾਂ ਉਸਨੇ ਐਵੇਂ ਹੀ ਨਹੀਂ ਸਨ ਕਹੀਆਂ, ਉਸਨੇ ਪੂਰੇ ਪੰਦਰਾਂ ਸਾਲ ਮੇਰੇ ਕੰਮ ਨੂੰ ਵੇਖਿਆ ਸੀ।
ਉਸਨੂੰ ਤਾਂ ਸਗੋਂ ਮੇਰੇ ਕੰਮ ’ਤੇ ਇੰਨਾ ਵਿਸ਼ਵਾਸ ਸੀ ਕਿ ਉਹ ਕਿਸੇ ਵੀ ਦਫ਼ਤਰੀ ਕਾਗਜ਼ ਉੱਪਰ ਮੇਰੀ ਘੁੱਗੀ ਵੇਖ ਕੇ ਅੱਖਾਂ ਮੀਚ ਕੇ ਦਸਤਖਤ ਕਰ ਦਿੰਦਾ ਸੀ।
ਅਸਲ ਵਿਚ ਉਹ ਹੇਠਲੇ ਕਰਮਚਾਰੀਆਂ ਵਿਚੋਂ ਤਰੱਕੀ ਲੈ ਕੇ ਅਫ਼ਸਰ ਬਣਿਆ ਸੀ।
ਉਸਨੂੰ ਅਧੀਨ ਕਰਮਚਾਰੀਆਂ ਦੀਆਂ ਦੁਸ਼ਵਾਰੀਆਂ ਬਾਰੇ ਪਤਾ ਸੀ ਜਾਂ ਫਿਰ ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਮੈਂ ਵੀ ਅਗਲੇ ਵਰੵੇ ਉਹਦੇ ਵਾਂਗ ਹੀ ਰਿਟਾਇਰ ਹੋਣ ਵਾਲਾ ਸਾਂ। ਧੌਲੇ ਵਾਲਾਂ ਦੀ ਵੀ ਕੋਈ ਸਾਂਝ ਹੁੰਦੀ ਹੈ ਜਾਂ ਫਿਰ ਉਹ ਵੀ ਮੇਰੇ ਵਾਂਗ ‘ਸ਼ਰਮਾ ਜੀ’ ਸੀ।
ਕੁਝ ਵੀ ਹੋਵੇ ਉਸਨੂੰ ਕੰਮ ਦੀ ਬਹੁਤ ਕਦਰ ਸੀ ਪਰ ਆਹ ਜਿਹੜੇ ਸਿੱਧੀ ਭਰਤੀ ’ਚ ਮੁੰਡੇ ਖੁੰਡੇ ਜੇਹੇ ਆ ਕੇ ਅਫ਼ਸਰ ਲੱਗ ਜਾਂਦੇ ਨੇ, ਇਹ ਬੰਦੇ ਦੀ ਕਦਰ ਨਹੀਂ ਜਾਣਦੇ।
ਹੁਣ ਇਸ ਨਵੇਂ-ਨਵੇਂ ਲੱਗ ਕੇ ਆਏ ਉਪ-ਮੰਡਲ ਅਫ਼ਸਰ ਬਰਾੜ ਸਾਹਿਬ ਨੇ ਏਨੀ ਵੱਡੀ ਗੱਲ ਕਹਿ ’ਤੀ। ਆਖ਼ਰ ਮੈਂ ਇਸਦੇ ਪਿਉ ਦੀ ਉਮਰ ਦਾ ਹਾਂ। ਘੱਟੋ-ਘੱਟ ਮੇਰੀ ਧੌਲੀ ਦਾਹੜੀ ਦਾ ਹੀ ਖ਼ਿਆਲ ਰੱਖਿਆ ਹੁੰਦਾ।
ਪਰ ਇਹਨਾਂ ਨੂੰ ਕੌਣ ਸਮਝਾਏ?
ਇਹ ਬਰਾੜ ਸਾਹਿਬ ਸ਼ਾਇਦ ਮੇਰੀ ਪੱਕੀ ਉਮਰ ਕਰਕੇ ਮੈਨੂੰ ਨਾ-ਅਹਿਲ ਸਮਝਦਾ ਹੋਵੇਗਾ ਪਰ ਇਹ ਵੀ ਹੋ ਸਕਦਾ ਹੈ ਕਿ ਇਸਦੀ ਸਰਵਿਸ ਬੁੱਕ ਮੈਂ ਹੀ ਲਾਈ ਸੀ, ਜਿਸ ਕਰਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਬਰਾੜ ਸਾਹਿਬ ਤਾਂ ਇਹ ਬਰਾਇ-ਨਾਮ ਹੀ ਸੀ। ਅਸਲ ਵਿਚ ਇਹ ਐਸ.ਸੀ.ਸੀ. ਅਤੇ ਰਾਖਵੇਂ ਕੋਟੇ ਵਿਚੋਂ ਹੀ ਇਸਦੀ ਨਿਯੁਕਤੀ ਹੋਈ ਸੀ।
ਉਸ ਦਿਨ ਵੀ ਇਸਨੇ ਮੈਨੂੰ ਤਾੜਨਾ ਭਰੇ ਸ਼ਬਦਾਂ ਵਿਚ ਕਿਹਾ ਸੀ, ‘‘ਸ਼ਰਮਾ ਜੀ! ਦਫ਼ਤਰ ਦੀਆਂ ਕੁਝ ਗੱਲਾਂ ਗੁਪਤ ਰੱਖਣੀਆਂ ਪੈਂਦੀਆਂ ਨੇ, ਏਹਨਾਂ ਨੂੰ ਭੇਤ ਹੀ ਰਹਿਣਾ ਚਾਹੀਦੈ। ਏਦਾਂ ਨਾ ਹੋਵੇ ਤਾਂ ਅਫ਼ਸਰ ਅਤੇ ਸਬੋਰਡੀਨੇਟ ਦਾ ਰਿਸ਼ਤਾ ਖਰਾਬ ਹੋ ਜਾਂਦੈ।’’
ਪਹਿਲਾਂ ਤਾਂ ਮੈਨੂੰ ਸਮਝ ਨਾ ਆਈ, ਅਜਿਹੀ ਕਿਹੜੀ ਗੱਲ ਹੋ ਸਕਦੀ ਹੈ, ਮੈਂ ਸੋਚਿਆ।
ਪਰ ਫੇਰ ਮੈਨੂੰ ਸਮਝ ਆਈ ਪਈ ਇਹ ਐਸ.ਸੀ. ਵਾਲੀ ਗੱਲ ਲੁਕੋਣੀ ਚਾਹੁੰਦੈ।
ਮੈਂ ਸੋਚਿਆ, ਆਪਾਂ ਨੂੰ ਕੀ ਲੋੜ ਐ, ਕਿਸੇ ਦੇ ਪਰਦੇ ਚੁੱਕਣ ਦੀ?
ਨਾਲੇ ਮੈਂ ਤਾਂ ਆਪਣੇ ਤਜ਼ਰਬੇ ਤੋਂ ਸਿੱਖਿਆ ਇਹ ਸੀ ਕਿ ਅਫ਼ਸਰ ਦੀ ਹਾਂ ਵਿਚ ਹਾਂ ਮਿਲਾਉ ਤਾਂ ਜੁ ਨੌਕਰੀ ਦੇ ਚਾਰ ਦਿਨ ਚੰਗੀ ਤਰ੍ਹਾਂ ਨਿਕਲ ਜਾਣ। ਐਵੇਂ ਮਾਹੌਲ ਵਿਚ ਕੁੜਿੱਤਣ ਭਰਨ ਦਾ ਕੀ ਫਾਇਦਾ?
ਪਰ ਜਿਵੇਂ ਕਹਿੰਦੇ ਨੇ ਹੋਣੀ ਹੋ ਕੇ ਰਹਿੰਦੀ ਐ।
ਉਸਦੀ ਸਰਵਿਸ ਬੁੱਕ ਜਦੋਂ ਡਵੀਜ਼ਨ ਵਿਚ ਟਿੱਕ ਹੋਣ ਲਈ ਗਈ ਤਾਂ ਉੱਥੇ ਵੀ ਘੁਸਰ ਮੁਸਰ ਹੋਣ ਲੱਗੀ।
ਭਾਵੇਂ ਮੈਂ ਸੀਨੀਅਰ ਸਹਾਇਕ ਦਰਸ਼ਨ ਲਾਲ ਨੂੰ ਇਹ ਗੱਲ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਤਾਕੀਦ ਵੀ ਕੀਤੀ ਸੀ ਪਰ ਦਫ਼ਤਰੀ ਮਾਹੌਲ ਹੀ ਅਜੇਹਾ ਸੀ ਕਿ ਗੱਲ ਸਾਰੇ ਧੁੰਮ ਗਈ।
ਜਦੋਂ ਮਾਸਿਕ ਮੀਟਿੰਗ ’ਤੇ ਬਰਾੜ ਸਾਹਿਬ ਡਵੀਜ਼ਨ ਗਏ ਤਾਂ ਪਿੱਠ ਪਿੱਛੇ ਕਿਤੇ ਸੇਵਾਦਾਰ ਸੰਤ ਸਿੰਘ ਬਰਾੜ ਨੂੰ ਇਸੇ ਨੇ ਇਹ ਕਹਿੰਦਿਆਂ ਸੁਣ ਲਿਆ, ‘‘ਇਹ ਅਸਲੀ ਬਰਾੜ ਨੀ, ਏਹ ਤਾਂ ਜਲੂਰ ਵਾਲੇ ਜਿਊਣੇ ਮਜ੍ਹਬੀ ਦਾ ਮੁੰਡੇ, ਵੱਡਾ ਬਰਾੜ ਸਾਹਿਬ ਬਣਿਆ ਫਿਰਦੈ।’’
ਬਸ ਫੇਰ ਕੀ ਸੀ ਇਸਨੇ ਕਾਰਜਕਾਰੀ ਅਫ਼ਸਰ ਨੂੰ ਆਖ ਕੇ ਸੇਵਾਦਾਰ ਸੰਤ ਸਿੰਘ ਬਰਾੜ ਦੀ ਬਦਲੀ ਆਪਣੀ ਦਫ਼ਤਰ ਵਿਚ ਕਰਵਾ ਲਈ।
ਉਹ ਵਿਚਾਰਾ ਹੁਣ ਏਸੇ ਬਰਾੜ ਸਾਹਿਬ ਨੂੰ ਸਲੂਟ ਮਾਰਦਾ ਥੱਕਦਾ ਨਹੀਂ।
ਮੇਰੇ ਉੱਪਰ ਏਸ ਗੱਲ ਦਾ ਏਨਾ ਅਸਰ ਹੋਇਆ ਕਿ ਉਹ ਮੈਨੂੰ ਹੀ ਸਭ ਕਾਸੇ ਦੀ ਜੜ੍ਹ ਸਮਝਣ ਲੱਗ ਪਿਆ।
ਉਹ ਗੱਲ ਗੱਲ ’ਤੇ ਮੇਰੇ ਕੰਮਾਂ ਵਿਚ ਨੁਕਸ ਕੱਢਦਾ ਰਹਿੰਦਾ।
ਸਾਰੇ ਸਟਾਫ਼ ਸਾਹਮਣੇ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਬੇਇਜ਼ਤੀ ਕਰਦਾ ਰਹਿੰਦਾ।
ਇਸੇ ਲਈ ਤਾਂ ਸਟਾਫ਼ ਮੀਟਿੰਗ ਵਿਚ ਖੁੱਲ੍ਹੇ ਤੌਰ ’ਤੇ ਆਖਣ ਲੱਗਿਆ, ‘‘ਅੱਜਕੱਲ੍ਹ ਕੰਪਿਊਟਰ ਦਾ ਜੁੱਗ ਐ। ਅਸੀਂ ਇੱਕੀਵੀਂ ਸਦੀ ਵੱਲ ਵਧ ਰਹੇ ਹਾਂ। ਸਾਡੇ ਸਾਹਮਣੇ ਨਵੀਆਂ ਚੁਣੌਤੀਆਂ ਹਨ ਜਿਹਨਾਂ ਨੂੰ ਨਵੀਂ ਤੇ ਵੈੱਲ ਟਰੇਂਡ ਮੈਨ ਪਾਵਰ ਹੀ ਸਵੀਕਾਰ ਕਰ ਸਕਦੀ ਐ। ਮੇਰੇ ਵਿਚਾਰ ਅਨੁਸਾਰ ਸਰਕਾਰ ਨੂੰ ਰਿਟਾਇਰਮੈਂਟ ਦੀ ਉਮਰ ਘਟਾ ਕੇ ਪੰਜਾਹ ਸਾਲ ਕਰ ਦੇਣੀ ਚਾਹੀਦੀ ਐ….।’’
ਤੇ ਇੰਨਾ ਆਖਦਿਆਂ ਉਸਨੇ ਮੇਰੇ ਵੱਲ ਟੇਢੀਆਂ ਨਜ਼ਰਾਂ ਨਾਲ ਵੇਖਿਆ ਜਿਵੇਂ ਉਹ ਸਾਰਾ ਕੁਝ ਮੈਨੂੰ ਸੁਣਾਉਣ ਲਈ ਹੀ ਕਹਿ ਰਿਹਾ ਹੋਵੇ।
ਉਸਨੇ ਇਸ ਭਾਸ਼ਣ ’ਤੇ ਸਟਾਫ਼ ਖੁਸ਼ ਸੀ ਜਿਸ ਕਰਕੇ ਮੈਨੂੰ ਵੀ ਖੁਸ਼ ਹੋਣ ਦਾ ਅਭਿਨੈ ਕਰਨਾ ਪਿਆ।
ਮੈਂ ਵੀ ਖਿਸਿਆਨੀ ਜਿਹੀ ਹਾਸੀ ਹੱਸਿਆ।
ਮੈਂ ਇਹ ਵੀ ਮਹਿਸੂਸ ਕਰ ਲਿਆ ਸੀ ਕਿ ਮੇਰੇ ਅਤੇ ਬਰਾੜ ਸਾਹਿਬ ਵਿਚਕਾਰ ਇੱਕ ਕੰਧ ਜਿਹੀ ਉਸਰਦੀ ਜਾ ਰਹੀ ਹੈ।
ਉਹ ਦਫ਼ਤਰ ਦੇ ਆਮ ਕੰਮਾਂ ਵਿਚ ਵੀ ਮੈਨੂੰ ਨਹੀਂ ਸੀ ਬੁਲਾਉਂਦਾ ਸਗੋਂ ਨਿੱਜੀ ਸਹਾਇਕ ਅਮਰ ਸਿੰਘ ਨੂੰ ਹੀ ਬੁਝਾਉਂਦਾ।
ਇਹ ਤਾਂ ਨਹੀਂ ਸੀ ਪਈ ਅਮਰ ਸਿੰਘ ਜੁਆਨ ਮੁੰਡਾ ਖੁੰਡਾ ਸੀ ਪਰ ਫੇਰ ਵੀ ਉਹ ਮੇਰੇ ਨਾਲੋਂ ਪੰਦਰਾਂ ਵਰੵੇ ਛੋਟਾ ਸੀ।
ਹਾਂ ਸੱਚ ਪੱਛੜੀਆਂ ਸ਼੍ਰੇਣੀਆਂ ਵਿਚ ਹੋਣ ਕਰਕੇ ਸ਼ਾਇਦ ਉਸਦੀ ਨੇੜਤਾ ਬਰਾੜ ਸਾਹਿਬ ਨਾਲ ਦਿਨ-ਬ-ਦਿਨ ਵਧਦੀ ਜਾ ਰਹੀ ਸੀ।
ਉਂਜ ਉਹ ਪਛੜੀਆਂ ਸ਼੍ਰੇਣੀਆਂ ਵਿਚੋਂ ਹੋਣ ਦੇ ਬਾਵਜੂਦ ਵੀ ਬਰਾੜ ਸਾਹਿਬ ਦੀ ਸ਼੍ਰੇਣੀ ਨਾਲ ਆਪਣੇ ਆਪ ਨੂੰ ਜੁੜਿਆ ਵੇਖਣਾ ਨਹੀਂ ਸੀ ਚਾਹੁੰਦਾ। ਇਸੇ ਲਈ ਤਾਂ ਕਦੇ-ਕਦੇ ਕਹਿ ਦਿੰਦਾ, ‘‘ਇਹ ਸਾਲੀ ਸਰਕਾਰ ਹੀ ਏਨਾ ਨੂੰ ਚੰਭਲਾ ਰਹੀ ਹੈ। ….ਸਾਨੂੰ ਤਾਂ ਜਾਤੀ ਦੇ ਨਾਲ-ਨਾਲ ਇਨਕਮ ਦਾ ਸਰਟੀਫਿਕੇਟ ਵੀ ਦੇਣਾ ਪੈਂਦੈ….।’’
ਮੈਂ ਹੁਣ ਦਫ਼ਤਰ ਵਿਚ ਆਮ ਤੌਰ ’ਤੇ ਵਿਹਲਾ ਬੈਠਾ ਰਹਿੰਦਾ।
ਦਫ਼ਤਰ ਦੇ ਸਾਰੇ ਕਰਮਚਾਰੀਆਂ ਨੂੰ ਮੇਰੀ ਅਤੇ ਬਰਾੜ ਸਾਹਿਬ ਦੀ ਤਰੇੜ ਦਾ ਪਤਾ ਲੱਗ ਚੁੱਕਿਆ ਸੀ।
ਉਹ ਸਾਰੇ ਮੈਥੋਂ ਬਚ-ਬਚ ਕੇ ਰਹਿੰਦੇ ਨੇ। ਕਿਤੇ ਬਰਾੜ ਸਾਹਿਬ ਨੂੰ ਇਹ ਪਤਾ ਨਾ ਲੱਗ ਜਾਵੇ ਪਈ ਉਹ ਮੇਰੇ ਬੰਦੇ ਨੇ।
ਬਚ-ਬਚ ਕੇ ਤਾਂ ਮੈਂ ਵੀ ਰਹਿੰਨਾਂ।
ਅਗਲੇ ਸਾਲ ਮੈਂ ਰਿਟਾਇਰ ਹੋ ਜਾਣੈਂ।
ਐਵੇਂ ਨਾ ਮੇਰੀ ਪੈਂਤੀ ਸਾਲ ਦੀ ਬੇਦਾਗ਼ ਸਰਵਿਸ ਉੱਪਰ ਕੋਈ ਦਾਗ਼ ਲੱਗ ਜਾਵੇ, ਕਿਤੇ ਸਰਵਿਸ ਬੁੱਕ ਵਿਚ ਰੈਡ ਐਂਟਰੀ ਨਾ ਹੋ ਜਾਵੇ?
ਪੈਨਸ਼ਨ ਵਿਚ ਝਗੜਾ ਪੈ ਜਾਵੇਗਾ ਅਤੇ ਮੇਰੇ ਬਾਲ ਬੱਚੇ…..।
ਘਰ ਵਿਚ
ਘਰ ਵਿਚ ਅਜੀਬ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ।
ਇੱਕ ਘਰ ਹੀ ਤਾਂ ਹੁੰਦੈ ਜਿੱਥੇ ਬੰਦਾ ਦਫ਼ਤਰ ਤੋਂ ਥੱਕਿਆ ਟੁੱਟਿਆ ਆ ਕੇ ਸਕੂਨ ਭਾਲਦੈ।
ਘਰ ਇੱਕ ਆਲ੍ਹਣਾ ਹੁੰਦੈ ਜਿੱਥੇ ਪੰਛੀ ਸ਼ਰਨ ਲੈਂਦੇ, ਆਰਾਮ ਕਰਦੇ, ਆਪਣੇ ਖੰਭ ਸੁਕੇੜ ਕੇ ਨਿਸ਼ਚਿਤ ਹੋ ਰਹਿੰਦੇ।
ਪਰ ਇੱਥੇ ਤਾਂ ਮਾਹੌਲ ਦਿਨ-ਬ-ਦਿਨ ਸਾਜ਼ਿਸ਼ੀ ਹੁੰਦਾ ਜਾ ਰਿਹਾ ਸੀ।
ਪਹਿਲਾਂ ਜਿੱਥੇ ਹਰ ਗੱਲ ਮੈਥੋਂ ਪੁੱਛ ਕੇ, ਮੇਰੀ ਸਲਾਹ ਨਾਲ ਹੁੰਦੀ ਸੀ, ਇੱਥੋਂ ਤੱਕ ਕਿ ਜੇ ਦਾਲ ਸਬਜ਼ੀ ਵੀ ਧਰਨੀ ਹੁੰਦੀ ਤਾਂ ਮੇਰੀ ਹੀ ਮੰਨੀ ਜਾਂਦੀ ਪਰ ਹੁਣ ਜਦੋਂ ਗੱਲ ਹੋ ਚੁੱਕੀ ਹੁੰਦੀ ਤਦ ਹੀ ਮੈਨੂੰ ਪਤਾ ਲੱਗਦਾ ਹੈ। ਹੁਣ ਸਥਿਤੀ ਪਹਿਲਾਂ ਨਾਲੋਂ ਉਲਟ ਹੁੰਦੀ ਜਾ ਰਹੀ ਹੈ।
ਜੇ ਮੈਂ ਕਹਿੰਦਾ ਪਈ ਅੱਜ ਦਾਲ ਵਿਚ ਮੈਨੂੰ ਥੋੜ੍ਹਾ ਜਿੰਨਾ ਘਿਉ ਪਾ ਦਿਉ ਤਾਂ ਪਤਨੀ ਭੁੜਕ ਕੇ ਪੈਂਦੀ, ‘‘ਏਸ ਢਲਦੀ ਉਮਰ ਵਿਚ ਘਿਉ ਖਾਣ ਨਾਲ ਦਿਲ ਦੀਆਂ ਸੌ ਬੀਮਾਰੀਆਂ ਚਿੰਬੜਦੀਆਂ ਨੇ….।’’
ਮੈਂ ਕੀ ਕਰਦਾ? ਮੈਂ ਚੁੱਪ ਕਰ ਰਹਿੰਦਾ।
ਮੇਰਾ ਪੁੱਤਰ ਸਵਦੇਸ਼ ਹੀ ਜਿਵੇਂ ਇਸ ਘਰ ਦਾ ਮਾਲਕ ਬਣਦਾ ਜਾ ਰਿਹਾ ਸੀ।
ਹੁਣ ਘਰ ਵਿਚ ਉਸੇ ਦੀ ਹੀ ਚਲਦੀ ਸੀ।
ਇਕਲੌਤਾ ਸੀ ਇਸ ਲਈ ਪਹਿਲਾਂ ਤਾਂ ਮੈਂ ਇਸ ਗੱਲ ਨੂੰ ਗੌਲਿਆ ਨਾ ਪਰ ਜਦੋਂ ਮੈਨੂੰ ਇਹ ਜਾਪਣ ਲੱਗਿਆ ਪਈ ਮਾਂ-ਪੁੱਤ ਵਿਚਕਾਰ ਇੱਕ ਤਰ੍ਹਾਂ ਦੀ ਸੰਧੀ ਹੈ ਅਤੇ ਉਹ ਮੈਨੂੰ ਨੀਵਾਂ ਦਿਖਾਉਣ ਦਾ ਕੋਈ ਵੀ ਮੌਕਾ ਹੱਥੋਂ ਖੁੰਝਾਉਣਾ ਨਹੀਂ ਚਾਹੁੰਦੇ ਤਾਂ ਮੈਂ ਸੋਚਾਂ ਵਿਚ ਪੈ ਗਿਆ।
ਇਹ ਠੀਕ ਹੈ ਕਿ ਸਵਦੇਸ਼ ਨੇ ਆਪਣਾ ਕਾਰੋਬਾਰ ਚੰਗਾ ਤੋਰ ਲਿਆ ਹੈ ਬਲਕਿ ਕਹਿਣਾ ਤਾਂ ਇਹ ਚਾਹੀਦਾ ਕਿ ਉਸਨੇ ਪ੍ਰਾਪਰਟੀ ਡੀਲੰਗ ਦੇ ਧੰਦੇ ਵਿਚੋਂ ਚੰਗਾ ਨਫ਼ਾ ਕਮਾਇਐ।
ਹੀਰੋ ਹਾਂਡਾ ਲੈ ਲਿਆ ਅਤੇ ਹੁਣ ਕਾਰ ਲੈਣ ਦੀ ਵੀ ਸੋਚ ਰਿਹੈ।
ਮੈਨੂੰ ਚੰਗਾ ਚੰਗਾ ਵੀ ਲੱਗਦਾ ਹੈ।
ਪਰ ਕਦੇ ਕਦੇ ਮੈਨੂੰ ਉਸਦੇ ਇਸ ਵਿਵਹਾਰ ਤੋਂ ਕੋਫ਼ਤ ਜਿਹੀ ਹੋਣ ਲੱਗ ਪੈਂਦੀ।
ਜਿਉਂ ਜਿਉਂ ਉਸਨੇ ਪਲਾਟ ਵੇਚ ਵੇਚ ਕੇ ਹੱਥ ਰੰਗੇ ਹਨ, ਉਸਦੀ ਮੇਰੇ ਬਾਰੇ ਜਿਵੇਂ ਸੋਚ ਸਮਝ ਹੀ ਬਦਲਦੀ ਜਾ ਰਹੀ ਹੈ।
ਉਸਦੇ ਹੀਰੋ ਹਾਂਡਾ ਕੋਲ ਖੜ੍ਹੀ ਮੇਰੀ ਪੁਰਾਣੀ ਹਾਰਕੁਲੀਸ ਸਾਈਕਲ ਵੀ ਉਸਨੂੰ ਬੁਰੀ ਲੱਗਣ ਲੱਗ ਪਈ ਹੈ। ਭਾਵੇਂ ਉਹ ਮੈਨੂੰ ਸਿੱਧਿਆਂ ਤਾਂ ਕੁਝ ਨਹੀਂ ਸੀ ਕਹਿੰਦਾ ਪਰ ਕਦੇ ਕਦੇ ਆਪਣੀ ਮਾਂ ਨੂੰ ਜ਼ਰੂਰ ਆਖ ਦਿੰਦਾ, ‘‘ਮੰਮੀ ਪਾਪਾ ਨੂੰ ਕਹੋ, ਏਹ ਅਠਾਰੵਵੀਂ ਸਦੀ ਦੀ ਸਾਈਕਲ ਕਿਤੇ ਸੁੱਟ ਆਉਣ, ਏਸ ਨਾਲ ਸਟੇਟਸ ਨਹੀਂ ਬਣਦਾ! ਲੋਕ ਰਾਕਟਾਂ ਉੱਪਰ ਉੱਡੇ ਫਿਰਦੇ ਨੇ ਤੇ ਪਾਪਾ ਅਜੇ ਵੀ ਉਹ ਪੁਰਾਣੀ ਸਾਈਕਲ….।’’
ਉਸਦੀਆਂ ਇਹ ਗੱਲਾਂ ਸੁਣ ਕੇ ਮੈਂ ਚੁੱਪੀ ਵੱਟੀ ਰੱਖਦਾ।
ਪਰ ਦਿਲ ਵਿਚ ਸੋਚਦਾ ਕਿ ਕੀ ਸਾਰੀਆਂ ਚੀਜ਼ਾਂ ਹੀ ਵਕਤ ਦੀ ਰਫ਼ਤਾਰ ਨਾਲ ਪੁਰਾਣੀਆਂ ਹੋ ਜਾਂਦੀਆਂ ਨੇ? ਏਸ ਤਰ੍ਹਾਂ ਇਹ ਪੀੜ੍ਹੀ ਕੱਲ੍ਹ ਨੂੰ ਸਾਨੂੰ ਵੀ ਕਹਿ ਦੇਵੇਗੀ ਪਈ ਤੁਸੀਂ ਹੁਣ ਬਹੁਤ ਪੁਰਾਣੇ ਹੋ, ਏਸ ਦੁਨੀਆਂ ਤੋਂ ਕੂਚ ਕਰ ਜਾਓ!
ਮੈਂ ਚੁੱਪ ਰਹਿੰਦਾ ਅਤੇ ਹਮਦਰਦੀ ਲਈ ਪਤਨੀ ਵੱਲ ਵੇਖਦਾ।
ਪਤਨੀ ਜੋ ਖੁਦ ਮੇਰੀ ਜਿੰਨੀ ਹੀ ਜਾਂ ਸ਼ਾਇਦ ਸਾਲ ਦੋ ਸਾਲ ਘੱਟ ਪੁਰਾਣੀ ਸੀ, ਵੀ ਪੁੱਤਰ ਦੀ ਤਰਫ਼ਦਾਰੀ ਕਰਦੀ, ‘‘ਠੀਕ ਤਾਂ ਕਹਿੰਦਾ, ਮੇਰਾ ਪੁੱਤਰ। ਤੁਸੀਂ ਸਾਰੀ ਉਮਰ ਕਲਰਕੀ ਕੀਤੀ ਅਤੇ ਦਲਿੱਦਰੀ ਹੰਢਾਈ, ਅੱਜਕੱਲ੍ਹ, ਪੋਚਾ ਪਾਚੀ ਦਾ ਜ਼ਮਾਨੈ, ਜ਼ਮਾਨੇ ਨਾਲ ਬਦਲਣਾ ਸਿੱਖੋ…. ਨਾਲੇ ਕੱਲ੍ਹ ਨੂੰ ਆਪਾਂ ਸਵਦੇਸ਼ ਦਾ ਵਿਆਹ ਵੀ ਕਰਨੈਂ….।’’
ਉਹ ਕਹਿੰਦੀ ਤਾਂ ਹੋਰ ਵੀ ਬਹੁਤ ਕੁਝ ਰਹਿੰਦੀ ਪਰ ਮੈਨੂੰ ਜਿਵੇਂ ਸੁਣਾਈ ਨਾ ਦਿੰਦਾ।
ਮੇਰੇ ਕੰਨਾਂ ਵਿਚ ਸਾਂ ਸਾਂ ਹੋਣ ਲੱਗ ਪੈਂਦੀ।
ਮੈਂ ਸੋਚਦਾ ਮੈਂ ਜ਼ਮਾਨੇ ਨਾਲ ਕਿਉਂ ਨਹੀਂ ਬਦਲ ਸਕਦਾ?
ਠੀਕ ਐ, ਮੈਂ ਸਾਰੀ ਉਮਰ ਕਲਰਕੀ ਕੀਤੀ, ਪੂਰੀ ਇਮਾਨਦਾਰੀ ਨਾਲ ਨੌਕਰੀ ਕਰਦਾ ਰਿਹਾ।
ਕਦੇ ਕਿਸੇ ਤੋਂ ਇੱਕ ਪੈਸਾ ਵੀ ਰਿਸ਼ਵਤ ਨਹੀਂ ਸੀ ਲਈ। ਆਪਣੀ ਮਿਹਨਤ ਮੁਸ਼ੱਕਤ ਨਾਲ ਹੀ ਘਰ ਦਾ ਤੋਰਾ ਤੋਰਦਾ ਰਿਹਾ ਪਰ ਹੁਣ ਜਿਵੇਂ ਮਿਹਨਤ ਮੁਸ਼ੱਕਤ ਨਾਲ ਤੋਰਾ ਤੋਰਨ ਦੇ ਜ਼ਮਾਨੇ ਲੱਦ ਗਏ ਹੋਣ।
ਸਵਦੇਸ਼ ਦਾ ਕੰਮ ਵਾਹਵਾ ਚੱਲ ਨਿਕਲਿਆ ਸੀ।
ਉਸਨੇ ਹਜ਼ਾਰਾਂ ਦੇ ਭਾਅ ਜ਼ਮੀਨ ਖਰੀਦ ਕੇ ਲੱਖਾਂ ਦੇ ਪਲਾਟ ਵੇਚੇ ਸਨ।
ਸ਼ਹਿਰ ਦੇ ਬਾਹਰਵਾਰ ਨਵੀਆਂ ਕਾਲੋਨੀਆਂ ਉਸਰ ਰਹੀਆਂ ਸਨ। ਲੋਕ ਧੜਾਧੜ ਪਲਾਟ ਖਰੀਦ ਰਹੇ ਸਨ।
ਕਾਗਜ਼ ਤਿਆਰ ਕਰਵਾਏ ਜਾਂਦੇ, ਮਿਲ ਮਿਲਾ ਕੇ ਰਜਿਸਟਰੀਆਂ ਕਰਵਾਈਆਂ ਜਾਂਦੀਆਂ ਅਤੇ ਹਰ ਤਰ੍ਹਾਂ ਦੇ ਹਰਬੇ ਵਰਤ ਕੇ ਕਬਜ਼ੇ ਦੁਆਏ ਜਾਂਦੇ।
ਸ਼ਹਿਰ ਵੀ ਬਦਲ ਰਿਹਾ ਸੀ।
ਕੋਠੀਆਂ ਉਸਰ ਰਹੀਆਂ ਸਨ ਖੁੱਲ੍ਹੀਆਂ ਹਵਾਦਾਰ।
ਨਵੇਂ ਲੋਕ ਪਤਾ ਨਹੀਂ ਕਿੱਥੋਂ ਆ ਗਏ ਸਨ!
ਵੱਡੀਆਂ ਵੱਡੀਆਂ ਕੋਠੀਆਂ, ਕਾਰਾਂ ਵੇਖ ਕੇ ਮੈਂ ਹੈਰਾਨ ਰਹਿ ਜਾਂਦਾ।
ਏਨਾ ਪੈਸਾ ਲੋਕਾਂ ਕੋਲ ਕਿੱਥੋਂ ਆ ਜਾਂਦਾ ਹੈ?
ਆਮ ਆਦਮੀ ਤਾਂ ਮਹਿੰਗਾਈ ਦੀ ਚੱਕੀ ਵਿਚ ਪਿਸਦਾ ਜਾ ਰਿਹਾ ਸੀ ਅਤੇ ਇਹ ਲੋਕ ਕਾਰਾਂ, ਕੋਠੀਆਂ ਵਿਚ ਵਿਚਰ ਰਹੇ ਹਨ।
ਸਵੇਰੇ ਕਾਰਨਸ ਤੋਂ ਐਨਕ ਚੁੱਕਣ ਲੱਗਿਆਂ, ਐਨਕ ਥੱਲੇ ਡਿੱਗ ਪਈ, ਸ਼ੀਸ਼ੇ ਨੂੰ ਤਰੇੜਾਂ ਆ ਗਈਆਂ।
ਮੈਂ ਛੇਤੀ ਦੇਣੇ ਐਨਕ ਲਗਾ ਲਈ ਪਰ ਐਨਕ ਡਿੱਗਣ ਦੀ ਆਵਾਜ਼ ਸੁਣ ਕੇ ਪਤਨੀ ਅੰਦਰ ਆ ਵੜੀ।
ਟੁੱਟੀ ਹੋਈ ਐਨਕ ਲੱਗੀ ਵੇਖਣ ਸਾਰ ਬੋਲੀ, ‘‘ਹੁਣ ਤੁਸੀਂ ਆਹ ਟੁੱਟੀ ਫੁੱਟੀ ਲਾ ਕੇ ਜਾਉਗੇ? ਜੇ ਚੰਗੀ ਤਰ੍ਹਾਂ ਨਹੀਂ ਵੇਖ ਸਕਦੇ ਤਾਂ ਨੰਬਰ ਟੈਸਟ ਕਰਵਾਉ, ਕਿਉਂ ਬਾਹਰ ਸਾਡਾ ਜਲੂਸ ਕੱਢਣ ’ਤੇ ਤੁਲੇ ਹੋਏ ਹੋ?’’
ਮੈਂ ਐਨਕ ਲਾਹ ਕੇ ਸ਼ੀਸ਼ੇ ਸਾਫ਼ ਕਰਨ ਲੱਗਦਾ ਹਾਂ।
ਅਸਲ ਵਿਚ ਇਹ ਗੱਲ ਮੈਂ ਹੀ ਉਸਨੂੰ ਦੱਸੀ ਸੀ ਮੇਰੀ ਨਜ਼ਰ ਹੋਰ ਕਮਜ਼ੋਰ ਹੁੰਦੀ ਜਾ ਰਹੀ ਐ, ਸ਼ਾਇਦ ਚੈੱਕਅਪ ਕਰਵਾਉਣ ਦੀ ਲੋੜ ਪਵੇ।
ਅੱਜ ਸ਼ੀਸ਼ੇ ਵਿਚ ਤਰੇੜਾਂ ਆਉਣ ਨਾਲ ਉਸਨੂੰ ਆਪਣੀ ਭੜਾਸ ਕੱਢਣ ਦਾ ਮੌਕਾ ਮਿਲ ਗਿਆ।
ਸ਼ਾਇਦ ਉਹ ਇਹ ਨਹੀਂ ਸੀ ਜਾਣਦੀ ਕਿ ਮੈਂ ਵੀ ਕਈਆਂ ਮਹੀਨਿਆਂ ਤੋਂ ਕੋਸ਼ਿਸ਼ ਕਰ ਰਿਹਾ ਹਾਂ, ਚੈੱਕਅਪ ਕਰਵਾ ਕੇ ਐਨਕ ਬਦਲ ਲਈ ਜਾਵੇ ਪਰ ਹਰ ਵਾਰ ਬਜਟ ਧੋਖਾ ਦੇ ਜਾਂਦਾ ਸੀ।
ਹੁਣ ਕੁਝ ਦਿਨ ਪਹਿਲਾਂ ਹੀ ਸਵਦੇਸ਼ ਨੇ ਬੱਤੀ ਸੌ ਰੁਪਏ ਵਾਲੀ ਰੰਗਦਾਰ ਇੰਪੋਰਟਡ ਐਨਕ ਖਰੀਦੀ ਸੀ।
ਉਸਦੀ ਕੋਈ ਨਿਗਾਹ ਕਮਜ਼ੋਰ ਨਹੀਂ ਸੀ। ਆਖਣ ਲੱਗਿਆ, ‘‘ਇੰਪੋਰਟਡ ਐਨਕ ਬਗੈਰ ਪਰਸਨੈਲਿਟੀ ਨਹੀਂ ਬਣਦੀ।’’
ਗੱਲ ਉਸਦੀ ਵੀ ਠੀਕ ਸੀ। ਪਰ ਮੈਨੂੰ ਇੰਜ ਜਾਪਿਆ ਉਸਨੂੰ ਇੰਜ ਕਹਿਣਾ ਚਾਹੀਦਾ ਸੀ, ‘‘ਰੰਗਦਾਰ ਇੰਪੋਰਟਡ ਐਨਕ ਲਾਉਣ ਨਾਲ ਗਾਹਕ ਨੂੰ ਅੱਖਾਂ ਵਿਚਲੇ ਸੱਚ ਝੂਠ ਦਾ ਨਿਤਾਰਾ ਨਹੀਂ ਹੁੰਦਾ।’’
ਪਿਉ ਪੁੱਤ ਦੀ ਗੁੰਝਲ ਕੋਈ ਨਵੀਂ ਨਹੀਂ।
ਮੇਰਾ ਪਿਉ ਪੰਡਤ ਸ਼ਰਧਾ ਰਾਮ ਵੀ ਮੇਰੇ ਵਰਗਾ ਹੀ ਸੀ।
ਉਹ ਵੀ ਮਿਹਨਤ ਮੁਸ਼ੱਕਤ ਵਿਚ ਵਿਸ਼ਵਾਸ ਰੱਖਣ ਵਾਲਾ ਅਦਨਾ ਜਿਹਾ ਇਨਸਾਨ ਸੀ।
ਪਰ ਉਸਦੀ ਮਿਹਨਤ ਮੁਸ਼ੱਕਤ ਕੁਝ ਹੋਰ ਤਰ੍ਹਾਂ ਦੀ ਸੀ।
ਉਹ ਪਿੰਡ ਦਾ ਪ੍ਰੋਹਿਤ ਸੀ।
ਸਾਰੇ ਧਰਮ ਕਰਮ ਦੇ ਕੰਮ ਉਹੀ ਕਰਦਾ ਅਤੇ ਹਾੜੀ ਸਾਉਣੀ ਸੇਪੀ ਇਕੱਠੀ ਕਰਦਾ।
ਇਸਨੂੰ ਆਪਣਾ ਖਾਨਦਾਨੀ ਕਿੱਤਾ ਸਮਝਦਾ ਸੀ, ਮੇਰੀ ਮਾਂ ਲੋਕਾਂ ਦੇ ਘਰਾਂ ਵਿਚੋਂ ਅਸਰਤਾਈ ਦੀਆਂ ਰੋਟੀਆਂ ਮੰਗ ਕੇ ਲਿਆਉਂਦੀ।
ਮੇਰੇ ਅੰਦਰ ਸੰਸਕਾਰ ਕੁਝ ਹੋਰ ਕਿਸਮ ਦੇ ਸਨ, ਮੈਨੂੰ ਇਹ ਖਾਨਦਾਨੀ ਕਿੱਤਾ ਚੰਗਾ ਨਹੀਂ ਸੀ ਲੱਗਦਾ।
ਇਹ ਤਾਂ ਐੇਵੇਂ ਕਿਵੇਂ ਮੰਗ ਕੇ ਖਾਣ ਵਾਲੀ ਗੱਲ ਸੀ।
ਮੇਰੀ ਮਾਂ ਜਦੋਂ ਅਸਰਤਾਈ ਦੀਆਂ ਰੋਟੀਆਂ, ਦਾਲਾਂ ਤੇ ਸਬਜ਼ੀਆਂ ਪਰੋਸਦੀ ਤਾਂ ਮੇਰੇ ਅੰਦਰ ਇਹ ਗਿਲਾਨੀ ਜਿਹੀ ਦੀ ਭਾਵਨਾ ਭਰ ਜਾਂਦੀ।
ਕਦੇ ਕਦੇ ਇਹ ਗਿਲਾਨੀ ਏਨੀ ਭਾਰੂ ਹੋ ਜਾਂਦੀ, ਮੈਂ ਇਸਦਾ ਵਿਰੋਧ ਕਰ ਉੱਠਦਾ, ‘‘ਬੇਬੇ ਆਪਾਂ ਘਰੇ ਕਿਉਂ ਨੀ ਰੋਟੀਆਂ ਪਕੌਂਦੇ, ਮੈਨੂੰ ਇਹ ਲੋਕਾਂ ਦੀ ਜੂਠ ਹੀ ਜਾਪਦੀ ਐ।’’
ਆਖਣ ਨੂੰ ਭਾਵੇਂ ਮੈਂ ਆਖ ਦਿੰਦਾ ਫੇਰ ਵੀ ਮੈਂ ਜਾਣਦਾ ਸਾਂ, ਪਿੰਡ ਵਿਚ ਸਾਡਾ ਘਰ ਹੀ ਗਰੀਬ ਬ੍ਰਾਹਮਣਾਂ ਦਾ ਘਰ ਸੀ। ਪਿੰਡ ਵਿਚ ਹੋਰ ਵੀ ਸਨ ਪਰ ਉਹਨਾਂ ਨੇ ਇਹ ਕਿੱਤਾ ਛੱਡ ਦਿੱਤਾ ਸੀ।
ਉਹਨਾਂ ਕੋਲ ਜ਼ਮੀਨ ਸੀ ਉਹ ਵੀ ਜੱਟਾਂ ਵਾਂਗ ਖੇਤੀ ਕਰਦੇ ਜਾਂ ਫਿਰ ਕੁਝ ਪੜ੍ਹ ਲਿਖ ਕੇ ਸ਼ਹਿਰ ਵਿਚ ਨੌਕਰੀ ਕਰਨ ਜਾਂਦੇ।
ਸਾਡੇ ਕੋਲ ਜ਼ਮੀਨ ਨਹੀਂ ਸੀ। ਇਸ ਲਈ ਖੇਤੀ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ।
ਫੇਰ ਮੇਰੇ ਮਨ ਵਿਚ ਖਿਆਲ ਉੱਠਦਾ ਜੇ ਕਿਤੇ ਪੜ੍ਹ ਲਿਖ ਕੇ ਮੈਂ ਵੀ ਚੰਗੀ ਨੌਕਰੀ ’ਤੇ ਲੱਗ ਜਾਵਾਂ ਤਾਂ ਇਹ ਖਾਨਦਾਨੀ ਕਿੱਤਾ ਆਪਣੇ ਆਪ ਹੀ ਛੁੱਟ ਜਾਵੇਗਾ।
ਫੇਰ ਸਾਡੇ ਘਰ ਦੇ ਚੁੱਲ੍ਹੇ ਵਿਚ ਵੀ ਅੱਗ ਮਘੇਗੀ।
ਇਹ ਸੋਚ ਮੈਂ ਕਿਤਾਬ ਚੁੱਕ ਲੈਂਦਾ ਅਤੇ ਹੋਰ ਗੰਭੀਰ ਹੋ ਕੇ ਪੜ੍ਹਨ ਲੱਗ ਪੈਂਦਾ। ਮੇਰੇ ਪੜ੍ਹਨ ਦਾ ਇਹ ਫਾਇਦਾ ਜ਼ਰੂਰ ਹੋਇਆ ਸੀ ਪਈ ਮੈਨੂੰ ਸ਼ਹਿਰ ਵਿਚ ਨੌਕਰੀ ਮਿਲ ਗਈ ਸੀ, ਭਾਵੇਂ ਕਲਰਕੀ ਦੀ ਹੀ ਸੀ।
ਅਸੀਂ ਪਿੰਡ ਛੱਡ ਦਿੱਤਾ ਅਤੇ ਸ਼ਹਿਰ ਵਿਚ ਹੀ ਰਹਿਣ ਲੱਗ ਪਏ।
ਬੇਬੇ ਦਾ ਦੇਹਾਂਤ ਮੇਰੇ ਵਿਆਹ ਤੋਂ ਪਹਿਲਾਂ ਹੀ ਹੋ ਗਿਆ ਸੀ ਬਾਪੂ ਮੇਰੇ ਨਾਲ ਸ਼ਹਿਰ ਆ ਗਿਆ।
ਸ਼ਹਿਰ ਆ ਕੇ ਉਹ ਉਦਾਸ ਉਦਾਸ ਰਹਿਣ ਲੱਗ ਪਿਆ।
ਇਸ ਉਦਾਸੀ ਦਾ ਕਾਰਨ ਪਤਾ ਨਹੀਂ ਪਿੰਡ ਛੱਡਣਾ ਸੀ ਜਾਂ ਬੇਬੇ ਦਾ ਗੁਜ਼ਰ ਜਾਣਾ।
ਸ਼ਹਿਰ ਵਿਚ ਆ ਕੇ ਬਾਪੂ ਨੇ ਮੰਜਾ ਮੱਲ ਲਿਆ।
ਉਹ ਮੇਰੇ ਵੱਲ ਬਹੁਤ ਹੀ ਉਦਾਸੀ ਅਤੇ ਤਰਸ ਦੀ ਭਾਵਨਾ ਨਾਲ ਵੇਖਦਾ ਰਹਿੰਦਾ।
ਮੈਂ ਉਸਦੀਆਂ ਅੱਖਾਂ ਪੜ੍ਹਨ ਦੀ ਕੋਸ਼ਿਸ਼ ਕਰਦਾ ਪਰ ਮੈਨੂੰ ਜਾਪਦਾ ਪਈ ਮੈਂ ਇੰਨਾ ਪੜ੍ਹਨ ਲਿਖਣ ਦੇ ਬਾਵਜੂਦ ਵੀ ਬਾਪੂ ਦੀਆਂ ਅੱਖਾਂ ਦੀ ਭਾਸ਼ਾ ਸਮਝਣ ਤੋਂ ਬਿਲਕੁਲ ਕੋਰਾ ਸਾਂ।
ਮੇਰੀ ਪਤਨੀ ਉਸਦੀ ਪੂਰੀ ਦੇਖਭਾਲ ਕਰਦੀ, ਸਮੇਂ ਸਿਰ ਰੋਟੀ ਦੇ ਦਿੰਦੀ ਅਤੇ ਉਸਦੇ ਹੋਰ ਨਿੱਕੇ ਮੋਟੇ ਕੰਮ ਕਰ ਦੇਂਦੀ।
ਮੈਨੂੰ ਆਪਣੀ ਨੌਕਰੀ ਤੋਂ ਵਿਹਲ ਘੱਟ ਹੀ ਮਿਲਦੀ।
ਮੈਂ ਥੱਕਿਆ ਟੁੱਟਿਆ ਦਫ਼ਤਰੋਂ ਆਉਂਦਾ। ਇੰਜ ਜਾਪਦਾ ਜਿਵੇਂ ਕਿਸੇ ਨੇ ਮੈਨੂੰ ਨਿੰਬੂ ਵਾਂਗ ਨਿਚੋੜ ਸੁੱਟਿਆ ਹੋਵੇ। ਆਉਣ ਸਾਰ ਮੈਂ ਮੰਜੇ ਉੱਪਰ ਨਿਢਾਲ ਹੋ ਕੇ ਪੈ ਜਾਂਦਾ।
ਕਦੀ ਕਦੀ ਪਤਨੀ ਦੇ ਆਖੇ ਬਾਪੂ ਕੋਲ ਵੀ ਚਲਿਆ ਜਾਂਦਾ ਤਾਂ ਉਹ ਬਹੁਤ ਭਾਵੁਕ ਹੋ ਜਾਂਦਾ।
‘‘ਪੁੱਤਰ ਮੈਨੂੰ ਤਾਂ ਪਿੰਡ ਈ ਛੱਡ ਆ।’’ ਉਹ ਮੇਰੀਆਂ ਲਿਲਕੜੀਆਂ ਜਿਹੀਆਂ ਕੱਢਦਾ।
ਅਕਸਰ ਮੈਂ ਉਸਦੀਆਂ ਅਜੇਹੀਆਂ ਗੱਲਾਂ ’ਤੇ ਚੁੱਪ ਰਹਿੰਦਾ ਪਰ ਕਦੇ ਕਦੇ ਆਖ ਛੱਡਦਾ, ‘‘ਬਾਪੂ ਆਪਣਾ ਹੁਣ ਉੱਥੇ ਕੌਣ ਐ?’’
ਇਸ ’ਤੇ ਉਹ ਆਪਣੇ ਮੰਜੇ ਉੱਪਰ ਉੱਠ ਕੇ ਬੈਠ ਜਾਂਦਾ। ਉਸਦੀਆਂ ਅੱਖਾਂ ਵਿਚ ਇੱਕ ਅਜੀਬ ਤਰ੍ਹਾਂ ਦੀ ਲਿਸ਼ਕ ਜਿਹੀ ਆ ਜਾਂਦੀ ਅਤੇ ਉਹ ਮੇਰੇ ਮੋਢੇ ਉੱਪਰ ਹੱਥ ਰੱਖਦਿਆਂ ਬੋਲਦਾ, ‘‘ਨਹੀਂ ਪੁੱਤ ਏਸ ਤਰ੍ਹਾਂ ਨਾ ਕਹਿ। ਉੱਥੇ ਸਿਵਿਆਂ ’ਚ ਤੇਰੀ ਬੇਬੇ ਐ, ਮੇਰੇ ਬਾਈ ਜੀ ਤੇ ਮੇਰੀ ਮਾਤਾ। ਸਾਡੇ ਸਾਰੇ ਬਜ਼ੁਰਗ ਪਿੰਡ ਦੀਆਂ ਮੜ੍ਹੀਆਂ ’ਚ ਈ ਪਏ ਨੇ। ਜਿਉਂਦੇ ਨੂੰ ਨਾ ਸਹੀ, ਮਰੇ ਨੂੰ ਤੂੰ ਪਿੰਡ ਦੀਆਂ ਮੜ੍ਹੀਆਂ ’ਚ ਈ ਫੂਕੀਂ। ਮੇਰਾ ਸਸਕਾਰ ਉੱਥੇ ਈ ਕਰੀਂ। ਮੇਰੇ ਸਰਵਣ ਪੁੱਤਰ….।’’
ਬਾਪੂ ਦੀ ਇਹ ਗੱਲ ਮੈਨੂੰ ਬਚਗਾਨੀ ਜਿਹੀ ਲੱਗਦੀ। ਪਰ ਇਹ ਉਸਦੀ ਅੰਤਿਮ ਇੱਛਾ ਵੀ ਸੀ।
ਉਸ ਦਿਨ ਜਦੋਂ ਬਾਪੂ ਦੀ ਮਿਰਤੂ ਹੋਈ, ਮੈਨੂੰ ਪਤਾ ਲੱਗਿਆ ਸੀ ਕਿ ਜਾਨ ਕਿਵੇਂ ਸਰੀਰ ਵਿਚੋਂ ਹੱਡਾਂ ਨੂੰ ਕੜਕਾ ਕੇ ਨਿਕਲਦੀ ਹੈ।
ਉਹ ਦਿਨ ਢਲਣ ਸਾਰ ਹੀ ਔਖਾ ਸੀ।
ਉਸਦਾ ਸਾਹ ਤੇਜ਼ੀ ਨਾਲ ਚੱਲ ਰਿਹਾ ਸੀ।
ਫੇਰ ਉਸਦਾ ਘੋਰੜੂ ਬੋਲਣ ਲੱਗ ਪਿਆ।
ਮੇਰੀ ਪਤਨੀ ਭਾਵੇਂ ਗਰਭਵਤੀ ਸੀ ਅਤੇ ਕੁਝ ਹੀ ਦਿਨਾਂ ਨੂੰ ਨਿੱਕਾ ਨਿਆਣਾ ਹੋਣਾ ਸੀ, ਪੂਰੀ ਟਹਿਲ ਸੇਵਾ ਕਰਦੀ ਰਹੀ।
ਡਾਕਟਰ ਵੀ ਆਇਆ ਸੀ ਅਤੇ ਕਹਿ ਗਿਆ ਸੀ, ‘‘ਬਸ ਹੁਣ ਤਾਂ ਰਹਿਰਾਸ ਦਾ ਪਾਠ ਹੀ ਕਰੋ….।’’
ਬਾਪੂ ਤੋਂ ਬੋਲਿਆ ਹੀ ਨਹੀਂ ਸੀ ਜਾ ਰਿਹਾ।
ਉਸਨੇ ਮੈਨੂੰ ਆਪਣੀ ਗਲਵੱਕੜੀ ਅੰਦਰ ਘੁੱਟਿਆ।
ਫੇਰ ਮੇਰੇ ਦੁਹਾਂ ਹੱਥਾਂ ਨੂੰ ਆਪਣੇ ਹੱਥਾਂ ਵਿਚ ਲੈ ਲਿਆ।
ਮੈਨੂੰ ਇੰਜ ਜਾਪਿਆ ਪਈ ਮੇਰੇ ਹੱਥਾਂ ਵਿਚ ਕੋਈ ਜ਼ਖ਼ਮੀ ਪੰਛੀ ਫੜਫੜਾ ਰਿਹਾ ਹੋਵੇ।
ਮੈਂ ਵੇਖਿਆ ਉਸਦੀਆਂ ਅੱਖਾਂ ਵਿਚੋਂ ਉਹੋ ਪਹਿਲਾਂ ਵਾਲੀ ਅੰਤਿਮ ਇੱਛਾ ਸੀ, ‘‘ਉੱਥੇ ਹੀ ਪਿੰਡ ਦੀਆਂ…. ਮੜ੍ਹੀਆਂ ’ਚ…. ਜਿੱਥੇ….।’’
ਬਾਪੂ ਦਾ ਸਸਕਾਰ ਤਾਂ ਅਸੀਂ ਕਿਵੇਂ ਨਾ ਕਿਵੇਂ ਪਿੰਡ ਦੀਆਂ ਮੜ੍ਹੀਆਂ ਵਿਚ ਹੀ ਕਰ ਦਿੱਤਾ ਸੀ ਪਰ ਮੇਰਾ ਕਿਰਿਆ ਕਰਮ ਤਾਂ ਇੱਥੇ ਹੀ ਹੋਵੇਗਾ।
ਮੇਰੀ ਕੋਈ ਅੰਤਿਮ ਇੱਛਾ ਵੀ ਨਹੀਂ।
ਨਾਲੇ ਹੁਣ ਦੀ ਪੀੜ੍ਹੀ ਇਹਨਾਂ ਦਕਿਆਨੁਸੀ ਗੱਲਾਂ ਵਿਚ ਵਿਸ਼ਵਾਸ ਵੀ ਕਿੱਥੇ ਰੱਖਦੀ ਐ?
ਹੁਣ ਤਾਂ ਸ਼ਹਿਰ ਦੀ ਸਮਸ਼ਾਨ ਭੂਮੀ ’ਚ ਬਿਜਲੀ ਨਾਲ ਸਸਕਾਰ ਕਰਨ ਦਾ ਪ੍ਰਬੰਧ ਵੀ ਹੋ ਗਿਆ ਹੈ।
ਬਸ ਬਟਨ ਦਬਾਉ ਅਤੇ ਅਗਲੇ ਹੀ ਪਲ ਹੱਡੀਆਂ ਦੇ ਫੁੱਲ ਚੁਗ ਲਵੋ। ਐਵੇਂ ਫੋਕੀਆਂ ਰਸਮਾਂ ਤੋਂ ਛੁਟਕਾਰਾ ਮਿਲਿਆ।
ਸੜਕ ’ਤੇ
ਸ਼ਾਮ ਜਦੋਂ ਦਫ਼ਤਰ ’ਚੋਂ ਛੁੱਟੀ ਕਰਕੇ ਵਾਪਸ ਆ ਰਿਹਾ ਸਾਂ ਤਾਂ ਮੈਂ ਵੇਖਿਆ ਸੜਕ ਉੱਪਰ ਜਿਵੇਂ ਲੋਕਾਂ ਦਾ ਦਰਿਆ ਵਹਿ ਰਿਹਾ ਹੋਵੇ।
ਇਸ ਦਰਿਆ ਵਿਚ ਵਹਿੰਦੇ ਜਾ ਰਹੇ ਸਨ, ਲੋਕ।
ਹਰ ਉਮਰ ਦੇ, ਹਰ ਿਲੰਗ ਦੇ ਅਤੇ ਸ਼ਾਇਦ ਹਰ ਧਰਮ ਦੇ ਲੋਕ।
ਮੈਂ ਸੋਚ ਰਿਹਾ ਸਾਂ, ਇਹ ਲੋਕ ਕਿਧਰ ਨੂੰ ਜਾ ਰਹੇ ਹਨ?
ਸ਼ਾਇਦ ਘਰਾਂ ਨੂੰ….?
ਸ਼ਾਇਦ ਆਪਣੀ ਮੰਜ਼ਿਲ ਵੱਲ?
ਅਤੇ ਜਾਂ ਫਿਰ ਸ਼ਾਇਦ ਕਬਰਿਸਤਾਨ ਵੱਲ….?
***
ਸੰਪਰਕ : 79737-06245
***
430
*** |