27 November 2022

‘ਵੈਲਨਟਾਈਨ ਦਿਵਸ’ ਮਨਾਉਣ ਦੀ ਪ੍ਰਥਾ —ਡਾ. ਗੁਰਦਿਆਲ ਸਿੰਘ ਰਾਏ

‘ਵੈਲਨਟਾਈਨ ਦਿਵਸ’ ਪੱਛਮ ਵੱਲੋਂ ਪੂਰਬ ਨੂੰ ਮਿਲਿਆ ਤਿਉਹਾਰ ਹੈ। ਸਮੇਂ ਨਾਲ ਇਹ ‘ਦਿਵਸ’ ਅੱਜ ਇੱਕ ਵਿਸ਼ੇਸ਼ ਤਿਉਹਾਰ ਵਾਂਗ ਬਣ ਗਿਆ ਹੈ। ਅੱਜ ਇਹ ਵਿਸ਼ੇਸ਼ ਤਿਉਹਾਰ ‘ਵੈਲਨਟਾਈਨਜ਼ ਡੇਅ’ (ਦਿਵਸ) ਦੇ ਰੂਪ ਵਿਚ ਸੰਸਾਰ ਦੇ ਲਗਪਗ ਸਾਰੇ ਹੀ ਉਨੱਤ ਅਤੇ ਗ਼ੈਰ-ਉਨੱਤ ਦੇਸ਼ਾਂ ਵਿਚ ਪੱਛਮੀ ਦੇਸ਼ਾਂ ਦੀ ਦੇਖਾ ਦੇਖੀ, ਪਿਆਰ ਦੇ ਪ੍ਰਗਟਾਵੇ ਲਈ, ਮੰਨਾਉਣ ਦਾ ਰਿਵਾਜ਼ ਚੱਲ ਪਿਆ ਹੈ। ਅਜਿਹੇ ਤਿਉਹਾਰਾਂ ਨੂੰ ਮੰਨਾਉਣ ਜਾਂ ਨਾ-ਮੰਨਾਉਣ ਦੇ ਿਰਵਾਜ਼ ਸਬੰਧੀ ਕੋਈ ਕਿੰਤੂ-ਪਰੰਤੂ ਉਠਾ ਕੇ ਕੋਈ ਉਪਦੇਸ਼ ਦੇਣਾ ਲੇਖਕ ਦੀ ਮਨਸ਼ਾ ਨਹੀਂ ਹੈ ਪਰ ਹਾਂ ਦਿਲ-ਦਿਮਾਗ ਨੂੰ ਠਕੋਰਨ ਲਈ ਇਸ ਸਬੰਧੀ ਮਿਲਦੇ ਹਵਾਲਿਅਾਂ ਸਹਾਰੇ ਥੋੜਾ ਜਿਹਾ ਜਾਨਣਾ-ਵਿਚਾਰਨਾ ਬਣਦਾ ਹੈ। ਵੈਲਨਟਾਈਨ ਦਿਵਸ ਨੂੰ ਮਨਾਉਣ ਜਾ ਨਾ ਮਨਾਉਣਾ ਹਰ ਇਕ ਦਾ ਆਪਣਾ ਨਿੱਜੀ ਫੈਸਲਾ ਹੋ ਸਕਦਾ ਹੈ।

ਆਉ ਕੁਝ ਹੋਰ ਜਾਣੀਏ: ਅੱਜ ਕਈਅਾਂ ਲਈ ‘ਵੈਲਨਟਾਈਨ ਤਿਉਹਾਰ’ ਵਿਚ ਹੋਰ ਵੀ ਵਾਧਾ ਹੋ ਗਿਆ ਹੈ ਅਤੇ ਅੱਜ ਕਲ ‘ਵੈਲਨਟਾਈਨ ਡੇਅ’ ਕੇਵਲ ਇਕ ਦਿਨ ਦਾ ਹੀ ਤਿਉਹਾਰ ਨਾ ਰਹਿ ਕੇ ਪੂਰੇ ਇਕ ਹਫਤੇ ਭਾਵ 7 ਫਰਵਰੀ ਤੋਂ 14 ਫਰਵਰੀ ਤੱਕ ਦਾ ਹੋ ਗਿਆ ਹੈ ਅਤੇ ਇਸ ਤਿਉਹਾਰ ਦਾ ਸਿੱਖਰ ਹਫ਼ਤੇ ਦੇ ਅੰਤ ਭਾਵ ਹਰ14 ਫਰਵਰੀ ਵਾਲੇ ਦਿਨ ਹੁੰਦਾ ਹੈ। ਹੁਣ ਹਰ ਸਾਲ, ਹਰ ਪ੍ਰੇਮੀ ਜੋੜਾ, ਪਤੀ ਪਤਨੀ, ਜਿਗਰੀ ਦੋਸਤ ਮਿੱਤਰ ਅਤੇ ਪਰਵਾਰ ਇਸ ‘ਵੈਲਨਟਾਈਨ ਦਿਵਸ ਅਤੇ ਹਫ਼ਤੇ ਦੇ ਅੰਤ’ ਦੀ ਉਡੀਕ ਵਿਚ ਰਹਿੰਦਾ ਹੈ।

ਇਹਨਾਂ ਸੱਤਾਂ ਦਿਨਾਂ ਦੇ ਵਿਸ਼ੇਸ਼ ਕਾਰਜ ਹਨ ਜਿਵੇਂ ਕਿ-

7 ਫਰਵਰੀ ਵਾਲੇ ਦਿਨ ‘ਰੋਜ਼’ Rose Day। (ਚਾਰ ਰੰਗਾਂ ਦੇ ਗੁਲਾਬ ਦੇ ਫੁਲਾਂ ਦਾ ਵੱਖ ਵੱਖ ਅਰਥ ਹੁੰਦਾ ਹੈ। ਕਿਸ ਰੰਗ ਦਾ ਗੁਲਾਬ ਤੁਸੀਂ ਇਸ ਦਿਨ ਦਿੰਦੇ ਹੋ, ਤੁਹਾਡੀ ਚਾਹ ਦਰਸਾਂਦਾ ਹੈ।)
ਚਿੱਟਾ ਗੁਲਾਬ = ਮੈਂ ਮੁਆਫ਼ੀ ਚਾਹੁੰਦਾ ਹਾਂ।
ਪੀਲਾ ਗੁਲਾਬ= ਤੁਸੀਂ ਮੇਰੇ ਮਿੱਤਰ ਹੋ।
ਗੁਲਾਬੀ ਗੁਲਾਬ= ਤੁਸੀਂ ਮੈਂਨੂੰ ਪਸੰਦ ਹੋ।
ਲਾਲ ਗੁਲਾਬ= ਮੈਨੂੰ ਤੁਹਾਡੇ ਨਾਲ ਪਿਆਰ ਹੈ।

ਇਸ ਤਰਾਂ 8 ਫਰਵਰੀ ਨੂੰ ‘ਇਰਾਦਾ ਜ਼ਾਹਿਰ’ ਕਰਨ ਦਾ ਦਿਨ (ਤਾਂ ਜੋ ਦੂਜੇ ਦੀ ਮਨਸ਼ਾ ਦਾ ਵੀ ਪਤਾ ਲੱਗ ਸਕੇ), 9 ਫਰਵਰੀ ਨੂੰ ਆਪਣੇ ਪਿਆਰੇ ਨੂੰ ‘ਚਾਕਲੈਟ’ ਦੇਣ ਦਾ ਦਿਨ, 10 ਫਰਵਰੀ ਨੂੰ ਆਪਣੇ ਪਿਆਰੇ ਨੂੰ ’ਟੈਡੀ ਬਿਅਰ’ ਦੇਣ ਦਾ ਦਿਨ, 11 ਫਰਵਰੀ ਨੂੰ ਆਪਣੇ ਪਿਆਰੇ ਨਾਲ ‘ਵਾਅਦਾ’ ਕਰਨ ਦਾ ਦਿਨ, 12 ਫਰਵਰੀ ਨੂੰ ਆਪਣੇ ਪਿਆਰੇ ਦੇ ’ਗਲੇ ਲੱਗਣ’ ਦਾ ਦਿਵਸ, 13 ਫਰਵਰੀ ਨੂੰ ’ਚੁੰਮਣ ਦਿਵਸ’(ਪੱਛਮੀ ਰਿਵਾਜ਼ ਅਨੁਸਾਰ) ਅਤੇ 14 ਫਰਵਰੀ ਨੂੰ ‘ਵੈ਼ਲਿਨਟਾਈਨ ਦਿਵਸ’ ਭਾਵ ਪਿਆਰ ਦੇ ਪ੍ਰਗਟਾਵੇ ਦਾ ਦਿਵਸ।

ਉਂਝ ਵੇਖਿਆ ਜਾਵੇ ਤਾਂ ਪਿਆਰ ਤਾਂ ਬਹੁਤ ਹੀ ਪਵਿੱਤਰ ਅਤੇ ਪੱਲ-ਪੱਲ ਜੀਵਨ ਲਈ ਜ਼ਰੂਰੀ ਜਜ਼ਬਾ ਹੈ। ਇਸ ਜਜ਼ਬੇ ਨੂੰ ਪ੍ਰਗਟਾਉਣ ਲਈ ਕਿਸੇ ਇੱਕ ਦਿਨ (ਜਾਂ ਸੱਤ ਦਿਨਾਂ) ਦੇ ਕਿਸੇ ਰਸਮੀ ਤਿਉਹਾਰ ਦੀ ਚਾਰ ਦਿਵਾਰੀ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਪਰ ਫਿਰ ਵੀ ਇਸ ਤਰ੍ਹਾਂ ਹਰ ਸਾਲ ਫਰਵਰੀ ਦਾ ਪੂਰਾ ਹਫ਼ਤਾ ਅਤੇ ਅੰਤ ਵਿਚ 14 ਫਰਵਰੀ ਵਾਲੇ ਦਿਨ ਲੋਕੀਂ ਆਪਣੇ ਜੀਵਨ ਸਾਥੀ, ਆਪਣੇ ਵਿਸ਼ੇਸ ਮਿੱਤਰ, ਆਪਣੇ ਪਰਵਾਰ ਅਤੇ ਜਿਗਰੀ ਦੋਸਤਾਂ-ਮਿੱਤਰਾਂ ਦੇ ਨਾਲ ਪਰਸੰਨਤਾ ਵਾਲਾ ਸਾਰਥਕ ਸਮਾਂ ਗੁਜ਼ਾਰਦੇ ਹਨ।

ਹੁਣ ਸੰਖੇਪ ਵਿਚ ਵੇਖਦੇ ਹਾਂ ਕਿ ‘ਵੈਲਨਟਾਈਨ ਡੇਅ’ ਦੀ ਇਤਿਹਾਸਕ/ਪ੍ਰਚਲਿਤ ਕਹਾਣੀ ਕੀ ਹੈ:

’ਵੈਲਿੰਟਾਈਨ’-Valentine ਕਿਸੇ ਦਿਨ ਦਾ ਨਾਮ ਨਹੀਂ ਹੈ। ਇਹ ਨਾਮ ਇਕ ‘ਰੋਮ’ ਰਹਿੰਦੇ ਪਾਦਰੀ/ਸੇਂਟ ਦਾ ਸੀ। ਅੱਜ ਕੈਥੋਲਿਕ ਚਰਚ ਘੱਟੋ ਘੱਟ ਤਿੰਨ(ਕਈ ਥਾਂ ਬਾਰਾਂ ਤੱਕ ਵੀ) ਵਖੋ ਵੱਖ ‘ਵੈਲਨਟਾਈਨ’ ਜਾਂ ‘ਵੈਲਨਟਾਈਨਜ਼’ ਸੰਤਾਂ ਨੂੰ ਮਾਨਤਾ ਦਿੰਦਾ ਹੈ। ਇਹ ਤਿੰਨੇ ਹੀ ਸੰਤ ਮਾਰ ਦਿੱਤੇ (ਸ਼ਹੀਦ ਕਰ ਦਿੱਤੇ) ਗਏ ਸਨ। ਇਹਨਾਂ ਵਿਚੋਂ ਇਕ ‘ਵੈਲਨਟਾਈਨ’ ਬਾਰੇ ਪਰਸਿੱਧ ਹੈ ਕਿ ਉਹ ਰੋਮਨ ਬਾਦਸ਼ਾਹ ਕਲੌਡਿਉਸ(Claidius) ਦੇ ਸਮੇਂ, ਇਕ ਰੋਮਨ ਪਾਦਰੀ ਅਤੇ ਡਾਕਟਰ (ਦਵਾ ਦਾਰੂ ਕਰਨ ਵਾਲਾ) ਸੀ। ਬਾਦਸ਼ਾਹ ਕਲੌਡਿਉਸ ਦਾ ਮੰਨਣਾ ਸੀ ਕਿ ਇਕ ਇਕੱਲਾ ਅਣਵਿਆਹਿਆ ਸਿਪਾਹੀ/ਬੰਦਾ (ਛੜਾ), ਵਿਆਹੇ ਹੋਏ ਭਾਵ ਪਤਨੀ ਅਤੇ ਪਰਵਾਰ ਵਾਲੇ ਦੇ ਮੁਕਾਬਲੇ ਲੜਾਈ ਦੇ ਲਈ ਇਕ ਚੰਗਾ ਅਤੇ ਪ੍ਰਭਾਵਸ਼ਾਲੀ ਸਿਪਾਹੀ/ਫੌਜੀ ਹੈ। ਕਿਉ ਜੁ ਵਿਆਹੇ ਫੌਜੀ ਨੂੰ ਤਾਂ ਹਰ ਸਮੇਂ ਇਹ ਚਿੰਤਾ ਹੀ ਸਤਾਂਦੀ ਰਹੇਗੀ ਕਿ ਉਸ ਦੇ ਮਰਨ ਉਪਰੰਤ ਉਸਦੀ ਬੀਵੀ-ਬੱਚਿਆਂ ਅਤੇ ਪਰਵਾਰ ਦਾ ਕੀ ਬਣੇਗਾ। ਇਸ ਲਈ ਉਸਨੇ, ਫੌਜੀ ਬਨਣ ਵਾਲੇ ਨੌਜਵਾਨਾਂ ਦੇ ਪਿਆਰ ਅਤੇ ਵਿਆਹਾਂ ਉਤੇ ਕਾਨੂੰਨੀ ਰੋਕ ਲਗਾ ਦਿੱਤੀ। ਇਸ ਫੈਸਲੇ ਨਾਲ ਆਮ ਜਨਤਾ ਭਾਵੇਂ ਦੁੱਖੀ ਸੀ ਪਰ ਰਾਜੇ ਦੇ ਇਸ ਹੁਕਮ ਦਾ ਵਿਰੋਧ ਨਾ ਕਰ ਸਕੀ। ਅਜਿਹੇ ਸਮੇਂ ਹੀ ਰੋਮ ਦੇ ਸੰਤ ’ਵੈਲਨਟਾਈਨ’ ਨੇ ਇਸ ਰੋਕ ਨੂੰ ਨਾਜਾਇਜ਼ ਅਤੇ ਬੇ-ਇਨਸਾਫੀ ਵਾਲਾ ਕਰਾਰ ਦਿਤਾ। ਉਸਨੇ ‘ਕਲੌਡਿਉਸ’ ਦੇ ਹੁਕਮਾਂ ਦੀ ਉਲੰਘਣਾਂ ਕਰਦਿਆਂ, ਬਹੁਤ ਸਾਰੇ ਚਾਹਵਾਨ ਨੌਜਵਾਨ ਪਰੇਮੀ ਜੋੋੜਿਆਂ ਦੇ ਗੁਪਤ ਢੰਗ ਨਾਲ ਵਿਆਹ ਕਰਨੇ ਆਰੰਭ ਦਿੱਤੇ। ਜਿਹੜਾ ਵੀ ਸਿਪਾਹੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਉਹ ਵੈਲਿਨਟਾਈਨ ਤੋਂ ਸਹਾਇਤਾ ਮੰਗਦਾ, ਵੈਲਿਨਟਾਈਨ ਉਹਨਾਂ ਦਾ ਵਿਆਹ ਕਰਵਾ ਦਿੰਦਾ।

ਬਹੁਤ ਸਮਾਂ ਇਹ ਕਾਰਜ ਚਲਦਾ ਰਿਹਾ ਪਰ ਅੰਤ ਰਾਜੇ ਨੂੰ ਇਸ ਗੱਲ ਦੀ ਸੂਹ ਲੱਗ ਗਈ। ਬਾਦਸ਼ਾਹ ਕਲੌਡਿਉਸ ਨੇ ‘ਵੈਲਨਟਾਈਨ’ ਦੀ ਇਸ ਹਰਕਤ ਲਈ ਉਸ ਨੂੰ ਮੌਤ ਦੇ ਘਾਟ ਉਤਾਰਨ ਦਾ ਹੁਕਮ ਦੇ ਦਿੱਤਾ। ਸੰਤ ਵੈਲਿਨਟਾਈਨ ਇਕ ਨੇਕ ਦਿਲ ਇਨਸਾਨ ਸਨ ਅਤੇ ਸਭ ਦੀ ਸਹਾਿੲਤਾ ਲਈ ਸਦਾ ਹੀ ਤਤਪਰ ਰਹਿੰਦੇ ਸਨ। ਉਸ ਨੇ ਜੇਲਰ ਦੀ ਵੀ ਸਹਾਇਤਾ ਕੀਤੀ। ਜੇਲਰ ਦੀ ਅੰਂਨ੍ਹੀ ਧੀ ‘ਐਸਟੀਰੀਅਸ’ (Asterius) ਦੀਅਾਂ ਅੱਖਾਂ ਨੂੰ ਵੀ ਠੀਕ ਕਰ ਦਿੱਤਾ। ਉਸ ਦਿਨ ਤੋਂ ਹੀ ‘ਸੇਂਟ ਵੈਲਿਨਟਾਇਨ’ ਅਤੇ ਜੇਲਰ ਦੀ ਧੀ ‘ਐਸਟੀਰੀਅਸ’ ਵਿਚ ਪਹਿਲਾਂ ਮਿਤਰਤਾ ਅਤੇ ਫਿਰ ਪਿਆਰ ਹੋ ਗਿਆ। ਪਰ ਜਦੋਂ ‘ਐਸਟੀਰੀਅਸ’ ਨੂੰ ਪਤਾ ਲਗਾ ਕਿ ਸੇਂਟ ਵੈਲਿਨਟਾਈਨ ਦੀ ਰਾਜੇ ਦੇ ਹੁਕਮ ਨਾਲ ‘ਮੌਤ’ ਹੋਣ ਵਾਲੀ ਹੈ ਤਾਂ ਉਸਨੂੰ ਅੰਤਾਂ ਦਾ ਦੁੱਖ ਹੋਇਆ। ਮੌਤ ਦੀ ਸਜ਼ਾ ਦਾ ਦਿਨ ਨੀਅਤ ਸੀ14 ਫਰਵਰੀ। ਸੰਤ ਵੈਲਿਨਟਾੲੀਨ ਨੇ ਜੇਲਰ ਤੋਂ ਕਲਮ ਅਤੇ ਕਾਗਜ਼ ਮੰਗਿਆ ਅਤੇ ਉਸ ਕਾਗਜ਼ ਦੇ ਉੱਤੇ ਜੇਲਰ ਦੀ ਧੀ ‘ਐਸਟੀਰੀਅਸ’ ਨੂੰ ਅਲਵਿਦਾ ਸੰਦੇਸ਼ ਲਿਖਿਆ ਅਤੇ ਸੁਨੇਹੇ ਦੇ ਅੰਤ ਵਿਚ ਲਿਖਿਆ: ਤੇਰਾ ਵੈਲਿਨਟਾਈਨ।

ਅੱਜ ਵੀ ਵੈਲਿਨਟਾਈਨ ਦੇ ਦਿਵਸ ਤੇ ਆਪਣੇ ਪਿਆਰਿਆ ਨੂੰ ਭੇਜੇ ਜਾਂਦੇ ਸੁਨੇਹਿਆਂ ਹੇਠ ਕੋਈ ਵੀ ਆਪਣਾ ਨਾਂ ਨਹੀਂ ਲਿਖਦਾ ਸਗੋਂ ‘ਤੇਰਾ ਵੈਲਿਨਟਾਈਨ’ ਲਿਖਦਾ ਹੈ। ਸੁਨੇਹਾ ਕਿਸ ਭੇਜਿਆ ਇਸਦਾ ਅੰਦਾਜ਼ਾ ਤੁਹਾਨੂੰ ਖੁੱਦ ਹੀ ਲਗਾਉਣਾ ਪੈਂਦਾ ਹੈ।
**

ਇਕ ਹੋਰ ਕਹਾਣੀ ਇੰਝ ਵੀ ਪਰਚਲਿਤ ਹੈ ਕਿ ਰੋਮ ਦੀਆਂ ਜੇਲ੍ਹਾਂ ਵਿਚ ਕੈਦ ਕੀਤੇ ਗਏ ‘ਇਸਾਈਆਂ’ ਨੂੰ ਬੜੇ ਤਸੀਹੇ ਦਿੱਤੇ ਜਾਂਦੇ ਸਨ। ਹੋ ਸਕਦਾ ਹੈ ਕਿ ‘ਵੈਲਨਟਾਈਨ’ ਨੇ ਉਹਨਾਂ ਦੀ ਸਹਾਇਤਾ ਕੀਤੀ ਹੋਵੇ ਅਤੇ ਇਸ ਕਾਰਨ ਹੀ ਉਸਨੂੰ ਮਾਰਨ ਦਾ ਹੁਕਮ ਦਿੱਤਾ ਗਿਆ ਹੋਵੇ। ਇਸ ਵੈਲਨਟਾਈਨ ਦੀ ਲਾਸ਼ ਨੂੰ ‘ਰੋਮਨ ਰੋਡ ਵਾਇਆ ਫਲੈਮੀਨਾ’ ਵਿਖੇ ਦਫਨਾਇਆ ਗਿਆ। ਪੋਪ ਜੋਲੀਅਸ-1 ਨੇ ਇਸ ਕਬਰ ਉਤੇ ਇਕ ਗਿਰਜਾ ਬਣਵਾਇਆ। ਇਕ ਹੋਰ ਵੈਲਨਟਾਈਨ, ਇਟਲੀ ਦੇ ਇਕ ਸੂਬੇ ਟੈਨੀ ਦਾ ਵਾਸੀ ਸੀ। ਇਸਨੂੰ ਵੀ ਰੋਮ ਵਿਖੇ ਫਾਂਸੀ ਚਾੜ੍ਹ ਦਿੱਤਾ ਗਿਆ ਸੀ। ਇਕ ਹੋਰ ਦੰਦ-ਕਥਾ ਅਨੁਸਾਰ ‘ਵੈਲਨਟਾਈਨ’ ਨੇ ਪਹਿਲੀ ‘ਵੈਲਨਟਾਈਨ ਸ਼ੁਭ ਇਛਾ’ ਜੇਲ੍ਹ ਵਿਚ ਰਹਿੰਦਿਆਂ ਆਪੂੰ ਹੀ ਭੇਜੀ।

ਇੰਗਲੈਂਡ ਵਿਚ ਸਭ ਤੋਂ ਪੁਰਾਣਾ ‘ਵੈਲਨਟਾਈਨ’ ਇੱਕ ਕਵਿਤਾ ਦੇ ਰੂਪ ਵਿਚ, ਚਾਰਲਸ (ਡਿਊਕ ਆਫ ਓਟਲੀਅਨਜ਼) ਨੇ ਆਪਣੀ ਪਤਨੀ ਨੂੰ , ਟਾਵਰ ਆਫ਼ ਲੰਡਨ ਵਿਚ ਕੈਦ ਸਮੇਂ ਲਿਖਿਆ। ਇਹ ਸ਼ੁਭ-ਇਛਾ 1415 ਨੂੰ ਲਿਖੀ ਗਈ। ਇਸ ਪਿੱਛੋਂ ਕੁਝ ਸਾਲਾਂ ਬਾਅਦ ਬਾਦਸ਼ਾਹ ਹੈਨਰੀ-5 ਨੇ, ਜੌਹਨ ਲਿਡਗੇਟ ਨਾਂ ਦੇ ਬੰਦੇ ਨੂੰ ਕੈਥਰਾਈਨ ਨੂੰ ਵੈਲਨਟਾਈਨ ਲਿਖਣ ਲਈ ਆਖਿਆ। ਬਰਤਾਨੀਆਂ ਵਿਚ ਵੈਲਨਟਾਈਨ ਦਿਵਸ ਮੰਨਾਉਣ ਦੀ ਪ੍ਰਥਾ ਸਤਹਾਰਵੀਂ ਸਦੀ ਵਿਚ ਆਮ ਹੋ ਗਈ। ਅਠਾਹਰਵੀਂ ਸਦੀ ਤੱਕ ਆਪਣੇ ਮਿੱਤਰਾਂ ਅਤੇ ਪਰੇਮੀਆਂ ਨੂੰ ਤੋਹਫ਼ੇ ਦੇਣ ਅਤੇ ਹੱਥ ਲਿਖਤ ਰੁੱਕੇ/ਚਿੱਠੀਆਂ ਭੇਜਣੀਆਂ ਆਰੰਭ ਹੋਈਆਂ। ਫਿਰ ਛਪਾਈ ਦੇ ਸਾਧਨਾਂ ਦੇ ਵਿਕਾਸ ਨੇ ਛੱਪੇ ਹੋੲੈ ਕਾਰਡ ਪ੍ਰਚਲਤ ਕਰ ਦਿੱਤੇ। ਆਪਣੀਆਂ ਭਾਵਨਾਵਾਂ ਦੇ ਸਿੱਧੇ ਪ੍ਰਗਟਾਅ ਵਿਚ ਦਿੱਕਤ ਨੇ ਵੀ ਛੱਪੇ ਕਾਰਡਾਂ ਦੀ ਵਰਤੋਂ ਨੂੰ ਵਿਕਸਿਤ ਕੀਤਾ। ‘ਗਰੀਟਿੰਗ ਕਾਰਡ ਐਸੋਸੀਏਸ਼ਨ’ ਅਨੁਸਾਰ ਹਰ ਸਾਲ ਲਗਪਗ ਇਕ ‘ਬਿਲੀਅਨ’ ਕਾਰਡਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ ਜਦ ਕਿ ਕਿਰਸਮਿਸ ਦੇ ਮੌਕੇ 26 ਬਿਲੀਅਨ ਕਾਰਡ ਭੇਜੇ ਜਾਂਦੇ ਹਨ। 85 ਪ੍ਰਤੀਸ਼ਤ ਦੇ ਕਰੀਬ ਇਸਤਰੀਆਂ ਕਾਰਡ ਖਰੀਦੀਆਂ ਹਨ। ਲੱਖਾਂ ਹi ਪੌਂਡ, ਕਾਰਡ ਖਰੀਦਣ ਅਤੇ ਫਿਰ ਡਾਕ ਰਾਹੀਂ ਭੇਜਣ ਲਈ ਖਰਚੇ ਜਾਂਦੇ ਹਨ। ਵਿਚਾਰਨਾ ਲੋੜੀਂਦਾ ਹੈ ਕਿ ਕੀ ਇੰਨਾ ਪੈਸਾ ਬਚਾ ਕੇ ਕਿਸੇ ਹੋਰ ਚੰਗੇ ਪਾਸੇ ਲਗਾਇਆ ਜਾ ਸਕਦਾ ਹੈ ਜਾਂ ਨਹੀਂ।

ਭਾਰਤੀ ਪਰੰਪਰਾ ਵਿਚ ਆਮ ਕਰਕੇ ਅਤੇ ਸਿੱਖ/ਪੰਜਾਬੀ ਜਗਤ ਵਿਚ ਵਿਸ਼ੇਸ਼ ਕਰਕੇ, ‘ਵੈਲਨਟਾਈਨ ਦਿਵਸ’ ਮੰਨਾਉਣ ਦੀ ਕੋਈ ਪਿਰਤ ਜਾਂ ਪ੍ਰਥਾ ਨਹੀਂ ਮਿਲਦੀ। ਗੁਰਬਾਣੀ ਅਤੇ ਸਿੱਖ ਮਰਿਆਦਾ ‘ਇਸਤਰੀ ਮਰਦ’ ਸਬੰਧਾਂ ਪ੍ਰਤੀ ਬਹੁਤ ਹੀ ਸਜਗ, ਸਾਵਧਾਨ ਅਤੇ ਸੁਖਦਾਈ ਪ੍ਰੇਰਨਾ ਦੇਣ ਵਾਲੀ ਹੈ। ਸਿੱਖ ਜਗਤ ਅਤੇ ਭਾਰਤੀ ਸੰਸਕ੍ਰਿਤੀ ਵਿਆਹ ਜਾਂ ਆਨੰਦ-ਕਾਰਜ ਲਈ ‘ਡੇਟਿੰਗ’ ਜਾਂ ‘ਵਿਆਹ ਤੋਂ ਪਹਿਲਾਂ’ ਦੇ ਸਬੰਧਾਂ ਨੂੰ ਅ-ਧਾਰਮਕ, ਅ-ਸਮਾਜਕ, ਦੁੱਖ ਦੇਣ ਦੀ ਸਮਰਥਾ ਰੱਖਣ ਵਾਲੇ ਅਤੇ ਬੇ-ਲੋੜੇ ਸਮਝਦਾ ਹੈ। ਇਸ ਕਾਰਨ ‘ਵੈਲਨਟਾਈਨ ਦਿਵਸ’ ਨਾ ਕੇਵਲ ਸਿੱਖ ਜਗਤ ਵਿਚ ਹੀ ਸਗੋਂ ਇਕ ਤਰ੍ਹਾਂ ਨਾਲ ਸਾਰੇ ਭਾਰਤੀ ਮੂਲ ਦੇ ਏਸ਼ਿਆਈਆਂ ਲਈ ਕੋਈ ਬਹੁਤੀ ਸੁਖਾਵੀਂ ਖਿਚ੍ਹ ਦਾ ਕਾਰਨ ਨਹੀਂ ਹੈ। ਪਰ ਅੱਜ ਦੇ ਸਮੇਂ, ਪੱਛਮ ਦੇ ਪਰਭਾਵ ਸਦਕਾ, ਭਾਰਤ ਅਤੇ ਪੱਛਮੀ ਦੇਸ਼ਾਂ ਦੇ ਬੇਅੰਤ ਨੌਜਵਾਨ ਬੱਚੇ ਵੀ ਵੈਲਨਟਾਈਨ ਦਿਵਸ ਨੂੰ ਕਾਰਡਾਂ ਦੇ ਆਦਾਨ-ਪ੍ਰਦਾਨ ਕਰਦੇ ਹਨ। ‘ਵੈਲਨਟਾਈਨ ਦਿਵਸ’ ਦੇ ਨਾਂ ਥੱਲੇ ਬਹੁਤ ਕੁਝ ਗ਼ੈਰ-ਆਚਰਣਕ ਵੀ ਵਾਪਰਦਾ ਹੈ।

ਅਸਾਂ ਆਰੰਭ ਵਿਚ ਹੀ ਲਿਖਿਆ ਸੀ ਕਿ ਅਜਿਹੇ ਤਿਉਹਾਰਾਂ ਨੂੰ ਮੰਨਾਉਣ ਜਾਂ ਨਾ-ਮੰਨਾਉਣ ਦਾ ਉਪਦੇਸ਼ ਦੇਣਾ ਲੇਖਕ ਦੀ ਮਨਸ਼ਾ ਨਹੀਂ ਹੈ। ਇਹ ਦਿਵਸ ਮੰਨਾਉਣ ਜਾਂ ਨਾ-ਮੰਨਾਉਣ ਦਾ ਫੈਸਲਾ ਹਰ ਇੱਕ ਦਾ ਆਪਣਾ ਹੈ ਫਿਰ ਵੀ ਅੱਜ ਦੇ ਪਦਾਰਥਵਾਦੀ ਜੱਗ ਵਿਚ ਲੋੜ ਹੈ: ਸਜਗਤਾ ਦੀ, ਚੰਗੇ ਆਚਰਣ ਅਤੇ ਵਿਵਹਾਰ ਦੀ, ਈਮਾਨਦਾਰੀ ਅਤੇ ਸਦ-ਭਾਵਨਾ ਦੀ। ਪਿਆਰ ਕੇਵਲ ਪੱਲ ਭਰ ਦਾ ਸਰੀਰਕ ਸੁੱਖ ਨਹੀਂ ਕਿ ਇਸ ਨੂੰ ਲਾਟਰੀ ਵਾਂਗ ਵਰਤਿਆ ਜਾਵੇ। ਜੇਕਰ ਪਿਆਰ ਹੋਵੇ ਤਾਂ ਫਿਰ ਆਪਣੇ ਪਿਆਰੇ ਦਾ ਨਿਰਾਦਰ ਕਿਉਂ? ਸੋਚਣਾ ਬਣਦਾ ਹੈ ਕਿ ਵੈਲਨਟਾਈਨ ਡੇਅ ਪਿੱਛੇ ਛੁੱਪੀ ਖੁਲ੍ਹ ਦੀ ਭਾਵਨਾ ਦੇ ਪ੍ਰਗਟਾਅ ਨੂੰ ਅਸੀਂ ਕਿਸ ਹੱਦ ਤੱਕ ਖੁਲ੍ਹ ਦੇਣੀ ਹੈ। ਮਨ-ਮਰਜ਼ੀਆਂ ਕਰ ਕਰ ਕੇ ਕੀ ਪਹਿਲਾਂ ਹੀ ਘੱਟ ਨੁਕਸਾਨ ਹੋਇਆ ਹੈ? ਠੀਕ ਹੈ, ਵੈਲਨਟਾਈਨ ਦਿਵਸ ਰੁਮਾਂਸ ਦਾ ਦਿਨ ਕਰਕੇ ਮੰਨਿਆ ਜਾਂਦਾ ਹੈ ਪਰ ਰੁਮਾਂਸ ਕੇਵਲ ਕੋਈ ਸਾਧਾਰਨ ਜੀ ਪਰਚਾਵਾ ਜਾਂ ਸਰੀਰਕ ਖੇਡ ਦਾ ਹੀ ਨਾਂ ਨਹੀਂ। ਰੁਮਾਂਸ ਕੇਵਲ ਵਿਭਚਾਰੀ ਕਦਮ ਨਹੀਂ ਹੁੰਦਾ। ਰੁਮਾਂਸ ਗੰਭੀਰਤਾ ਨਾਲ ਜੀਵਨ ਪ੍ਰਤੀ ਆਦਰ ਦੀ ਮੰਗ ਕਰਦਿਆਂ ਇਕ ਬੰਧਨ ਦੀ ਆਸ ਵੀ ਰੱਖਦਾ ਹੈ।

ਲੋੜ ਹੈ ਕਿ ਪਿਆਰ ਨੂੰ ਪਿਆਰ ਦੀ ਸਹੀ ਥਾਂ ਦਿੰਦਿਆਂ ਪਿਆਰ ਅਤੇ ਪਿਆਰੇ ਦਾ ਆਦਰ ਕੀਤਾ ਜਾਵੇ। ਇਹ ਆਦਰ ਸਰਬੰਗੀ ਹੋਵੇ। ਇਸਤਰੀਆਂ ਦਾ ਸਨਮਾਨ ਕੀਤਾ ਜਾਵੇ। ਉਹਨਾਂ ਨੂੰ ਕੇਵਲ ਭੋਗ ਦੀ ਵਸਤੂ ਹੀ ਨਾ ਸਮਝਿਆ ਜਾਵੇ। ਇਸਦੇ ਨਾਲ ਨਾਲ ਹੀ ‘ਸਰਬਤ ਦਾ ਭਲਾ ਮੰਗਦਿਆਂ ਸ਼ਾਂਤੀ, ਸਦ-ਭਾਵਨਾ ਜਾਂ ਸਨੇਹ’ ਦੀ ਸੂਚਨਾ ਅਤੇ ਸ਼ੁਭ-ਇਛਾਵਾਂ ਦੇਣਾ ‘ਵੈਲਨਟਾਈਨ ਦਿਵਸ’ ਦਾ ਕਾਰਜ ਖੇਤਰ ਬਣ ਸਕੇ ਤਾਂ ਇਹ ਵੇਲੇ ਦੀ ਇਕ ਬਹੁਤ ਵੱਡੀ ਲੋੜ ਨੂੰ ਪੂਰਿਆਂ ਕਰਨ ਵਲ ਸਾਰਥਕ ਕਦਮ ਸਾਬਤ ਹੋ ਸਕਦਾ ਹੈ।

ਨੋਟ: ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
ਪਹਿਲੀ ਵਾਰ ਛੱਪਿਆ: 2001 
ਦੂਜੀ ਵਾਰ: 14 ਫਰਵਰੀ 2022***
588
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ