27 November 2022

ਦੀਵਾਲੀ: ਭਵਿੱਖ ਦੀ ਥੜੀ-ਸੋਚ ਦਾ ਦੀਵਾ—ਡਾ. ਗੁਰਦਿਆਲ ਸਿੰਘ ਰਾਏ

ਦਿਵਾਲੀ, ਦੀਵਾਲੀ ਜਾਂ ਦੀਪਾਵਲੀ ਭਾਰਤ ਵਾਸੀਆਂ (ਹਿੰਦੂਆਂ ਅਤੇ ਸਿੱਖਾਂ) ਵਲੋਂ ਸਾਰੇ ਸੰਸਾਰ ਵਿੱਚ ਮੰਨਾਇਆ ਜਾਣ ਵਾਲਾ ਤਿਉਹਾਰ ਹੈ ਜਿਸ ਦਾ ਨਾਂ ਆਉਂਦਿਆਂ ਹੀ, ਸਾਡੀ ਕਲਪਨਾ ਵਿੱਚ ਦੀਵਿਆਂ ਦੀ ਜਗਮਗਾਂਦੀ ਹੋਈ ਲੋ ਉਸਲਵੱਟੇ ਲੈਣ ਲੱਗਦੀ ਹੈ। ਹਜ਼ਾਰਾਂ ਦੀਵਿਆਂ ਦੀਆਂ ਕਤਾਰਾਂ ਸਾਡੇ ਜ਼ਹਿਨ ਵਿੱਚ ਉੱਭਰ ਆਉਂਦੀਆਂ ਹਨ। ਦ੍ਰਿਸ਼ ਸੁੰਦਰ ਵੀ ਹੁੰਦਾ ਹੈ ਅਤੇ ਮਨ ਨੂੰ ਲੁਭਾਂਦਾ ਵੀ ਹੈ।

ਦੀਵਾ, ਦੀਪ ਜਾਂ ਦੀਪਕ ਦਾ ਅਰਥ ਹੈ-ਲੈਂਪ, ਵਿਸ਼ੇਸ਼ ਕਰਕੇ ਸਰ੍ਹੋਂ ਦੇ ਤੇਲ ਜਾਂ ਘਿਉ ਨਾਲ ਜਲਣ ਵਾਲਾ ਮਿੱਟੀ ਦਾ ਦੀਵਾ। ਅਤੇ ਦੀਪਮਾਲਾ? ਮਿੱਟੀ ਦੇ ਦੀਵਿਆਂ ਦੀ ਕਤਾਰ ਜਾਂ ਦੀਵਿਆਂ ਦੀ ਮਾਲਾ, ਜਿਹਨਾਂ ਦੀ ਲੋ, ਝੂੰਮਦੀ, ਗਾਉਂਦੀ ਅਤੇ ਰੁਮਕਦੀ ਹਵਾ ਦੀ ਤਾਲ ਦੇ ਨਾਲ ਨਾਲ ਤਾਲ ਮਿਲਾਉਂਦੀ, ਨਾਚ ਕਰਦੀ ਪਰਤੀਤ ਹੁੰਦੀ ਹੈ।

ਇਹ ਕੋਈ ਇਤਹਾਸਕ ਜਾਂ ਦਸਤਾਵੇਜ਼ੀ ਗਲ ਨਹੀਂ ਜਿਸਤੋਂ ਪਤਾ ਲੱਗ ਸਕੇ ਕਿ ਸੰਸਾਰ ਵਿੱਚ ਪਹਿਲਾ ਦੀਵਾ ਕਿਸ ਨੱਢੀ ਨੇ ਆਪਣੇ ਘਰ ਦੇ ਬਨੇਰੇ ਉਤੇ ਬਾਲ ਕੇ ਰੱਖਿਆ ਸੀ। ਪਰ ਇਹ ਗੱਲ ਸਹੀ ਹੈ ਕਿ ਬਨੇਰੇ ਉਤੇ ਰੱਖੇ ਦੀਵੇ ਨੇ ਜਿੱਥੇ ਦੀਵਾ ਰੱਖਣ ਵਾਲੇ ਹਿਰਦੇ ਦੀ ਬਾਤ ਪਾਈ ਹੈ ਉਸਦੇ ਨਾਲ ਹੀ ਮੰਡੇਰ ਤੇ ਰੱਖੇ ਦੀਵੇ ਨੇ ਨ੍ਹੇਰੇ ਨਾਲ ਦਸਤ-ਪੰਜਾ ਲੈਣ ਲਈ ਹੱਲਾ-ਸ਼ੇਰੀ ਦਿੰਦਿਆਂ ਰਾਹ-ਦਸੇਰੇ ਜਾਂ ਮਾਰਗ-ਦਰਸ਼ਕ ਦਾ ਕੰਮ ਤਾਂ ਜ਼ਰੂਰ ਹੀ ਕੀਤਾ ਹੈ।

ਦੀਵੇ ਅਤੇ ਹਨੇਰੇ ਦਾ ਚੋਲੀ-ਦਾਮਨ ਦਾ ਸਾਥ ਹੈ। ਦੀਵਾ ਬਲੇ ਤਾਂ ਦੀਵੇ ਦੀ ਲੋ-ਸ਼ਕਤੀ ਅਨੁਸਾਰ ਹਨੇਰੇ ਦਾ ਨਾਸ ਹੋਣਾ ਲਾਜ਼ਮੀ ਹੈ। ਦੀਵਾਲੀ ਦੀ ਰਾਤ ਨੂੰ ਹਨੇਰੇ ਨਾਲ ਜੂਝਦਾ ਹਰ ਇੱਕ ਦੀਵਾ, ਹਰ ਇੱਕ ਬੰਦੇ ਨੂੰ ਇਹੀ ਸੁਨੇਹਾ ਦਿੰਦਾ ਪਰਤੀਤ ਹੁੰਦਾ ਹੈ ਕਿ ਘੋਰ ਨਿਰਾਸ਼ਾ ਦੇ ਹਨੇਰੇ ਵਿੱਚ ਵੀ ਆਪਣੀ ਬੁੱਧ-ਬਿਬੇਕ ਦੀ ਲੋ ਨੂੰ ਕਦੇ ਵੀ ਬੁੱਝਣ ਨਹੀਂ ਦੇਣਾ ਚਾਹੀਦਾ। ਪ੍ਰਗਤੀ, ਉਨੱਤੀ ਅਤੇ ਸਫ਼ਲਤਾ ਚਾਨਣ ਨਾਲ ਭਰੇ ਹੋਏ ਰਾਹਾਂ ਉਤੇ ਪੈਂਡੇ ਮਾਰਕੇ ਹੀ ਪਰਾਪਤ ਹੁੰਦੀ ਹੈ। ਕੇਵਲ ਸੋਚਾਂ ਸੋਚਣ ਨਾਲ ਕੁਝ ਵੀ ਹਾਸਲ ਨਹੀਂ ਹੋ ਸਕਦਾ। ਸੋਚ ਦੇ ਨਾਲ ਕਰਮ ਜ਼ਰੂਰੀ ਹੈ। ਪੈਂਡਿਆਂ ਨੂੰ ਉਜਾਲਿਆਂ ਨਾਲ ਰੁਸ਼ਨਾ ਕੇ, ਦਰਿੜ ਇਰਾਦੇ ਨਾਲ ਪੱਕੇ ਕਦਮੀਂ ਲਗਾਤਾਰ ਮੰਜ਼ਿਲ ਵੱਲ ਤੁਰਦੇ ਰਹਿਣ ਸਦਕੇ ਹੀ ਲਗਨ ਅਤੇ ਮਿਹਨਤ ਨੂੰ ਫੱਲ ਲੱਗਦੇ ਹਨ।

ਆਪਣੀ ਪਰਸੰਨਤਾ ਅਤੇ ਉਮੰਗਾਂ ਨੂੰ ਨੱਚ-ਗਾ ਕੇ ਅਤੇ ਵੱਖ ਵੱਖ ਤਿਉਹਾਰਾਂ ਰਾਹੀ ਜ਼ਾਹਿਰ ਕਰਨ ਦੀ ਰੀਤ ਤਾਂ ਸਾਰਿਆਂ ਹੀ ਦੇਸ਼ਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਪੁਰਾਣੇ ਸਮਿਆਂ ਤੋਂ ਹੀ ਚੱਲੀ ਆ ਰਹੀ ਹੈ। ਭਾਰਤੀ ਹਿੰਦੂਆਂ ਦੇ ਸੈਂਕੜੇ ਤਿਉਹਾਰਾਂ ਵਿੱਚੋਂ ਦੀਵਾਲੀ ਇੱਕ ਅਜਿਹਾ ਖੁਸ਼ੀਆਂ ਭਰਿਆਂ ਤਿਉਹਾਰ ਹੈ ਜਿਸ ਵਿੱਚ ਜੇਠ-ਹਾੜ੍ਹ ਦੀ ਗਰਮੀ ਅਤੇ ਸਾਵਣ-ਭਾਦੋਂ ਦੀ ਬਰਸਾਤ ਦੇ ਅੰਤ ਹੋਣ ਤੇ ਸੁੱਖ ਭਰੀ ਠੰਢ ਦੇ ਆਗਮਨ ਦੀ ਮੌਜ-ਮਸਤੀ ਹੁੰਦੀ ਹੈ। ਬਾਜ਼ਾਰਾਂ ਵਿੱਚ ਫਸਲ ਪੁੱਜਦੀ ਹੈ। ਨਵੇਂ ਆਰਥਿਕ ਵਰੵੇ ਦਾ ਆਰੰਭ ਹੁੰਦਾ ਹੈ।

ਦੀਵਾਲੀ ਦੇ ਆਰੰਭ ਸਬੰਧੀ ਬਹੁਤ ਸਾਰੇ ਮਿਥਿਹਾਸਕ ਤੱਥ ਮੌਜੂਦ ਹਨ। ਇਹਨਾਂ ਦਾ ਜ਼ਿਕਰ ਤਰਤੀਬ ਵਾਰ ਅਗ੍ਹਾਂ ਕੀਤਾ ਜਾਵੇਗਾ। ਪਰ ਇੱਥੇ ਇਹ ਗੱਲ ਦੱਸਣੀ ਕੁਥਾਂਹ ਨਹੀਂ ਹੋਵੇਗੀ ਕਿ ਦੀਵਾਲੀ ਵਾਲੇ ਦਿਨ ਹੀ, ਹਿਦੂਆਂ ਦੇ ਅਵਤਾਰ ਸ੍ਰੀ ਰਾਮ ਚੰਦਰ ਜੀ ਨੇ ਚੌਦਾਂ ਵਰਿੵਆਂ ਦਾ ਬਨਵਾਸ ਸਮਾਪਤ ਕੀਤਾ। ਜਦੋਂ ਉਹ ਸੀਤਾ ਨੂੰ ਲੈ ਕੇ ਅਯੁਧਿਆ ਪੁੱਜੇ ਤਾਂ ਲੋਕਾਂ ਨੇ ਦੀਵੇ ਜਗਾ ਕੇ ਉਹਨਾਂ ਨੂੰ ਜੀ ਆਇਆਂ ਆਖਿਆ। ਦੀਵਾਲੀ ਦੀ ਰਸਮ ਉਦੋਂ ਤੋਂ ਹੀ ਅੱਜ ਦੇ ਰੂਪ ਵਿੱਚ ਚੱਲੀ ਆ ਰਹੀ ਹੈ। ਇਸੇ ਦਿਨ ਨੂੰ ਭਾਰਤ ਦੇ ਕੁਝ ਇਲਾਕਿਆਂ ਵਿੱਚ ਲਕਸ਼ਮੀ ਦੇਵੀ ਦੀ ਪੂਜਾ ਅਤੇ ਬੰਗਾਲ ਵਿੱਚ ਕਾਲੀ ਦੇਵੀ ਦੀ ਪੂਜਾ ਕਰਕੇ ਮੰਨਾਇਆ ਜਾਂਦਾ ਹੈ। ਪੂਜਾ ਦੇ ਪਹਿਲੇ ਦਿਨ ਘਰਾਂ ਦੀ ਸਫ਼ਾਈ ਕੀਤੀ ਜਾਂਦੀ ਹੈ ਅਤੇ ਦੂਜੇ ਦਿਨ ਕ੍ਰਿਸ਼ਨ ਪੂਜਾ ਅਤੇ ਤੀਜੇ ਦਿਨ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਲਕਸ਼ਮੀ ਠੂੰ ਧੰਨ-ਦੌਲਤ ਦੀ ਦੇਵੀ ਮੰਨਿਆਂ ਜਾਂਦਾ ਹੈ। ਇਸ ਮੌਕੇ ਤੇ ਲੋਕੀਂ ਨਵੇਂ ਕਪੜੇ, ਭਾਂਡੇ ਅਤੇ ਵਿੱਤ ਅਨੁਸਾਰ ਬੱਚਿਆਂ ਲਈ ਖਿਡਾਉਣੇ ਅਤੇ ਤੋਹਫ਼ੇ ਵੀ ਖਰੀਦਦੇ ਹਨ। ਮਠਿਆਈਆਂ ਖਰੀਦੀਆਂ, ਖਾਧੀਆਂ ਅਤੇ ਵੰਡੀਆਂ ਜਾਂਦੀਆਂ ਹਨ। ਕਈ ਲੋਕੀਂ ਜੂਆ ਖੇਡਕੇ ਬਰਬਾਦ ਵੀ ਹੋ ਜਾਂਦੇ ਹਨ।

ਸਿੱਖਾਂ ਵਿੱਚ ਵੀ ਦੀਵਾਲੀ ਦੀ ਆਪਣੀ ਇੱਕ ਵਿਸ਼ੇਸ਼ ਅਹਿਮੀਅਤ ਹੈ। ਦੀਵਾਲੀ ਦੇ ਦਿਨ ਹੀ 1614 ਨੂੰ ਸਿੱਖਾਂ ਦੇ ਛੇਵੇਂ ਗੁਰੂ ਹਰ ਗੋਬਿੰਦ ਜੀ ਨੂੰ ਗਵਾਲੀਅਰ ਦੀ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ। 1611 ਵਿੱਚ ਮੁਗ਼ਲ ਬਾਦਸਸ਼ਾਹ ਜਹਾਂਗੀਰ ਦੇ ਹੁਕਮ ਨਾਲ ਇਹਨਾਂ ਉਤੇ ਬਗ਼ਾਵਤ ਦਾ ਇਲਜ਼ਾਮ ਲਾ ਕੇ ਕੈਦ ਕੀਤਾ ਗਿਆ ਸੀ। ਜੇਲ੍ਹ ਵਿੱਚ ਇਹਨਾਂ ਦੇ ਨਾਲ ਹੀ 52 ਦੂਜੇ ਹਿੰਦੂ ਰਾਜੇ ਵੀ ਕੈਦ ਸਨ। 1614 ਵਿੱਚ ਵਜ਼ੀਰ ਖਾਂ ਅਤੇ ਮੀਆਂ ਮੀਰ ਦੇ ਯਤਨਾਂ ਕਾਰਨ ਦੀਵਾਲੀ ਵਾਲੇ ਦਿਨ ਹੀ ਇਹਨਾਂ ਨੂੰ ਜੇਲ੍ਹ ਤੋਂ ਆਜ਼ਾਦ ਕੀਤਾ ਗਿਆ। ਪਹਿਲਾਂ ਤਾਂ ਗੁਰੂ ਜੀ ਨੂੰ ਹੀ ਛੱਡਣ ਦਾ ਹੁਕਮ ਸੀ ਪਰ ਗੁਰੂ ਜੀ ਨੇ ਬਾਕੀ ਰਾਜਿਆਂ ਤੋਂ ਬਿਨਾਂ ਜੇਲ੍ਹ ਛੱਡਣਾਂ ਕਬੂਲ ਨਾ ਕੀਤਾ ਤਾਂ 52 ਰਾਜਿਆਂ ਨੂੰ ਵੀ ਨਾਲ ਹੀ ਰਿਹਾਅ ਕਰ ਦਿੱਤਾ ਗਿਆ। ਇਸ ਕਾਰਨ ਹੀ ਛੇਵੇਂ ਗੁਰਾਂ ਨੂੰ ਬੰਦੀ ਛੋੜ ਦੇ ਨਾਂ ਨਾਲ ਵੀ ਚੇਤੇ ਕੀਤਾ ਜਾਂਦਾ ਹੈ। ਇਸ ਦਿਨ ਤੋਂ ਸਿੱਖ ਵੀ ਬੜੀ ਧੂਮ ਧਾਮ ਨਾਲ ਦੀਵਾਲੀ ਮੰਨਾਉਂਦੇ ਆ ਰਹੇ ਹਨ। ਹਰਿ ਮੰਦਰ ਸਾਹਿਬ ਅੰਮ੍ਰਿਤਸਰ ਦੀ ਦੀਵਾਲੀ ਤਾਂ ਵੇਖਣ ਨਾਲ ਹੀ ਸਬੰਧ ਰੱਖਦੀ ਹੈ। ਪਰ 1984 ਵਿੱਚ ਹਰਿ ਮੰਦਰ ਸਾਹਿਬ ਉਤੇ ਭਾਰਤੀ ਸਰਕਾਰ ਦੇ ਹੁਕਮ ਨਾਲ ਫੌਜ ਵਲੋਂ ਹੋਏ ਹਮਲੇ ਅਤੇ ਸਿੱਖਾਂ ਉਤੇ ਕੀਤੇ ਗਏ ਤਸ਼ੱਦਦ ਕਾਰਨ ਸਿੱਖ ਮਾਨਸਿਕਤਾ ਨੂੰ ਬਹੁਤ ਠੇਸ ਪੁੱਜੀ। ਇਸ ਕਾਰਨ ਹੀ ਅੱਜ ਸਿੱਖ ਜਗਤ ਵਿੱਚ ਦੀਵਾਲੀ ਪ੍ਰਤੀ ਉਦਾਸੀਨਤਾ ਹੈ ਅਤੇ ਬਹੁਤੇ ਸਿੱਖ ਦੀਵਾਲੀ ਦਾ ਸੰਮੂਹਕ ਤੌਰ ਤੇ ਬਾਈਕਾਟ ਹੀ ਕਰਦੇ ਆ ਰਹੇ ਹਨ।

ਉਪਰੋਕਤ ਅਨੁਸਾਰ ਦੀਵਾਲੀ ਇੱਕ ਧਾਰਮਿਕ ਮਹੱਤਤਾ ਰੱਖਣ ਵਾਲਾ ਤਿਉਹਾਰ ਮੰਨਿਆ ਜਾਂਦਾ ਹੈ। ਪਰ ਸਾਡੀ ਜਾਚੇ ਦੀਵਾਲੀ ਦੀ ਰਾਤ ਨੂੰ ਜੱਗਦਾ ਹਰ ਇੱਕ ਦੀਵਾ ਨਾ ਕੇਵਲ ਸਾਡਾ ਮਾਰਗ ਦਰਸ਼ਣ ਹੀ ਕਰਨ ਦੀ ਸਮਰੱਥਾ ਰੱਖਦਾ ਹੈ ਸਗੋਂ ਸਾਡੇ ਮਨਾਂ ਵਿੱਚ ਇੱਕ ਨਵਾਂ ਉਤਸ਼ਾਹ, ਨਵੀਂ ਉਮੰਗ ਅਤੇ ਅਗ੍ਹਾਂ ਵੱਧਣ ਦੀ ਲਾਲਸਾ ਨੂੰ ਵੀ ਜਗਾਉਂਦਾ ਹੈ। ਦੀਵਾਲੀ ਦੇ ਨਾਂ ਤੇ ਕੁਝ ਇੱਕ ਧਾਰਮਿਕ ਢਕੌਂਸਲੇ ਵੀ ਜੁੜੇ ਹੋਏ ਹਨ ਜਿਹਨਾਂ ਦਾ ਵਰਨਣ ਕਰਨਾ ਵੀ ਕੁਥਾਂਹ ਨਹੀਂ ਹੋਵੇਗਾ।

ਦੀਵਾਲੀ: ਮਿਥਿਹਾਸਕ ਰੱਲਗੱਡ

ਅੱਜ ਕਲ ਦੀਵਾਲੀ ਨੂੰ ਲੋਕ ਕਲਿਆਣ ਅਤੇ ਮੰਗਲ ਦਾ ਪ੍ਰਤੀਕ ਆਖਕੇ ਧਾਰਮਿਕ ਢਕੌਂਸਲਿਆਂ ਨਾਲ ਵੀ ਜੋੜਿਆ ਜਾਂਦਾ ਹੈ। ਇਹ ਗੱਲਾਂ ਅੰਨ੍ਹੇ- ਭਰੋਸੇ ਦੀਆਂ ਲਖਾਇਕ ਇਸ ਕਾਰਨ ਵੀ ਹਨ ਕਿ ਇਹਨਾਂ ਵਿੱਚੋਂ ਸਵਾਰਥ ਦੀ ਬੂ ਆਉਂਦੀ ਹੈ ਅਤੇ ਇਹਨਾਂ ਦੀ ਬੁਨਿਆਦ ਮਿਥਿਹਾਸ ਤੇ ਹੈ। ਦੀਵਾਲੀ ਵਾਲੇ ਦਿਨ ‘ਗਣੇਸ਼’ ਅਤੇ ‘ਲਕਸ਼ਮੀ’ ਦੀ ਪੂਜਾ ਕਰਨ ਦਾ ਅੰਧ-ਵਿਸ਼ਵਾਸ਼ ਸੁਆਰਥੀ ਪਾਂਡਿਆਂ ਅਤੇ ਧਰਮ ਦੇ ਠੇਕੇਦਾਰਾਂ ਦਾ ਹੀ ਪਰਚਾਰਿਆ ਹੋਇਆ ਹੈ। ਲੋਕਾਂ ਨੂੰ ਇੰਝ ਕਹਿ-ਵਰਗਲਾ ਕੇ ਚੰਗਾ ਲੁੱਟਿਆ ਜਾਂਦਾ ਹੈ ਕਿ ਦੀਵਾਲੀ ਦੀ ਰਾਤ ਨੂੰ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਖੁਲ੍ਹੇ ਰੱਖਣ ਨਾਲ ‘ਲਕਸ਼ਮੀ’ ਆਵੇਗੀ ਅਤੇ ਘਰ ਵਿੱਚ ਧੰਨ-ਦੌਲਤ ਦਾ ਮੀਂਹ ਵਰੵਾ ਦੇਵੇਗੀ। ਦੌਲਤ ਦੀ ਅਜਿਹੀ ਲਕਸ਼ਮੀ ਦੇਵੀ ਦੀ ਕਲਪਨਾ, ਅਨਪੜ੍ਹਾਂ ਦੇ ਨਾਲ ਨਾਲ, ਚੰਗੇ ਭਲੇ ਪੜ੍ਹੇ-ਲਿਖਿਆਂ ਅਤੇ ਬੁੱਧੀ ਜੀਵੀ ਅਖਵਾਉਂਦਿਆਂ ਨੂੰ ਵੀ ਚੱਕਰ ਵਿੱਚ ਪਾ ਦਿੰਦੀ ਹੈ। ਭਗਤ ਜਨ ਲਕਸ਼ਮੀ ਅਤੇ ਲਕਸ਼ਮੀ ਪਤੀ ਦੀ ਪੂਜਾ ਕਰਦਿਆਂ ਬੇਨਤੀਆਂ ਕਰਦੇ ਹਨ ਕਿ ਲਕਸ਼ਮੀ ਪਤੀ ਆਪਣੀ ਪਤਨੀ ਲਕਸ਼ਮੀ ਨੂੰ ਉਹਨਾਂ ਪਾਸ ਹੀ ਛੱਡ ਜਾਵੇ। ਪਤਾ ਨਹੀਂ ਮਨੁੱਖ ਕਿਉਂ ਨਹੀਂ ਸਮਝਦਾ ਕਿ ਧੰਨ-ਦੌਲਤ ਗਣੇਸ਼ ਨੂੰ ਧਿਆਕੇ ਲਕਸ਼ਮੀ ਦੀ ਪੂਜਾ ਕੀਤਿਆਂ ਨਹੀਂ ਮਿਲ ਸਕਦਾ। ਸਗੋਂ ਧੰਨ ਦੀ ਪਰਾਪਤੀ ਦ੍ਰਿੜਤਾ ਅਤੇ ਲਗਨ ਨਾਲ ਬਿਬੇਕ ਦਾ ਪੱਲਾ ਫੜਕੇ ਲਗਾਤਾਰ ਸਖਤ ਮਿਹਨਤ ਕਰਨ ਨਾਲ ਹੀ ਹੁੰਦੀ ਹੈ। ਕਿਸੇ ਵੀ ਕਾਰਜ ਦੇ ਨੇਪਰੇ ਚੜ੍ਹਨ ਵਿੱਚ ਪੈਂਦੇ ਵਿਘਨਾਂ ਦੀ ਰੋਕ-ਥਾਮ ਗਣੇਸ਼ ਦੀ ਪੂਜਾ ਕਰਨ ਜਾਂ ਮੰਦਰਾਂ ਵਿੱਚ ਮਠਿਆਈਆਂ ਮੇਵੇ ਚੜ੍ਹਾਉਣ ਨਾਲ ਨਹੀਂ ਹੋ ਸਕਦੀ। ਸਗੋਂ ਵਿਘਨਾਂ ਦੀ ਰੋਕ ਥਾਮ ਲਈ ਬੁੱਧੀ ਅਤੇ ਕਾਰਜ-ਕੁਸ਼ਲਤਾ ਦੀ ਵਧੇਰੇ ਲੋੜ ਹੈ।

ਗਣੇਸ਼ ਵੀ ਇੱਕ ਮਨੋਰੰਜਕ ਪਹੇਲੀ ਹੈ। ਆਖਿਆ ਜਾਂਦਾ ਹੈ ਕਿ ਤਥਾ-ਕਥਿਤ ਦੇਵੀ-ਦੇਵਤਿਆਂ ਵਿਚਕਾਰ ਇਸ ਗੱਲ ਤੇ ਬੜੀ ਬਹਿਸ ਛਿੜੀ ਕਿ ਸਭ ਤੋਂ ਪਹਿਲਾਂ ਕਿਸ ਦੇਵੀ ਜਾਂ ਦੇਵਤੇ ਦੀ ਪੂਜਾ ਹੋਣੀ ਚਾਹੀਦੀ ਹੈ। ਸਾਰੇ ਹੀ ਦੇਵੀ-ਦੇਵਤੇ ਆਪਣੇ ਆਪ ਨੂੰ ਇੱਕ-ਦੂਜੇ ਤੋਂ ਵੱਧ ਯੋਗ ਸਮਝਦੇ ਸਨ। ਆਖਿਰ ਇਸ ਗੱਲ ਦਾ ਫੈਸਲਾ ਸ਼ਿਵ ਜੀ ਅਤੇ ਪਾਰਬਤੀ ਉਤੇ ਛੱਡਿਆ ਗਿਆ। ਉਹਨਾਂ ਨੇ ਆਖਿਆ ਕਿ ਸਾਰੇ ਹੀ ਦੇਵੀ-ਦੇਵਤਿਆਂ ਨੂੰ ਸਾਰੇ ਬ੍ਰਹਿਮੰਡ ਦੇ ਸੱਤ ਚੱਕਰ ਲਗਾਉਣੇ ਪੈਣਗੇ। ਜਿਹੜਾ ਸੱਤ ਚੱਕਰ ਲਗਾ ਕੇ ਪਹਿਲਾਂ ਪੁੱਜੇਗਾ ਉਸੇ ਨੂੰ ਹੀ ਸਭ ਤੋਂ ਪਹਿਲਾਂ ਪੂਜੇ ਜਾਣ ਦਾ ਅਧਿਕਾਰ ਹੋਵੇਗ। ਇਹ ਸੁਣਕੇ ਸਾਰੇ ਹੀ ਦੇਵੀ-ਦੇਵਤੇ ਆਪਣੇ ਆਪਣੇ ਆਵਾਜਾਈ ਦੇ ਸਾਧਨਾ ਨਾਲ ਬ੍ਰਹਿਮੰਡ ਦੇ ਸੱਤ ਚੱਕਰ ਲਗਾਉਣ ਲਈ ਨਿਕਲ ਤੁਰੇ।

ਗਣੇਸ਼ ਦਾ ਸਰੀਰ ਭਾਰਾ ਸੀ ਅਤੇ ਗਣੇਸ਼ ਪਾਸ ਆਵਾਜ਼ਾਈ ਲਈ ਸਵਾਰੀ ਨਿੱਕੇ ਜਿਹੇ ਚੂਹੇ ਦੀ ਸੀ। ਗਣੇਸ਼ ਨੂੰ ਅਪਿਣੀ ਸੀਮਾ ਦਾ ਪਤਾ ਸੀ। ਇਸ ਲਈ, ਗਣੇਸ਼ ਨੇ ਚੂਹੇ ਦੀ ਪਿੱਠ ਤੇ ਬੈਠ ਕੇ ਆਪਣੇ ਮਾਤਾ-ਪਿਤਾ: ਸ਼ਿਵ-ਪਾਰਬਤੀ ਦੇ ਦੁਆਲੇ ਸੱਤ ਚੱਕਰ ਕੱਟਕੇ, ਸਾਰੇ ਹੀ ਬ੍ਰਹਿਮੰਡ ਦੇ ਸੱਤ ਚੱਕਰ ਲਾ ਲੈਣ ਦਾ ਦਾਅਵਾ ਕੀਤਾ। ਗਣੇਸ਼ ਦਾ ਕਹਿਣਾ ਸੀ: ਮਾਤਾ-ਪਿਤਾ ਬ੍ਰਹਿਮੰਡ ਤੋਂ ਵੀ ਵੱਡੇ ਹਨ। ਬਹੁਤ ਵੱਡੇ। ਫੇਰ ਕੀ ਸੀ? ਗਣੇਸ਼ ਨੂੰ ਹਰ ਕਾਰਜ ਦੇ ਆਰੰਭ ਕਰਨ ਲਈ ਅਤੇ ਹਰ ਇੱਕ ਦੇਵਤੇ ਦੀ ਪੂਜਾ ਤੋਂ ਪਹਿਲਾਂ ਪੂਜੇ ਜਾਣ ਦਾ ਵਰਦਾਨ ਪਰਾਪਤ ਹੋ ਗਿਆ। ਇਹੋ ਹੀ ਕਾਰਨ ਹੈ ਕਿ ਅੱਜ ਵੀ ਮੰਦਰਾਂ ਵਿੱਚ ਕਿਸੇ ਵੀ ਦੇਵੀ-ਦੇਵਤੇ ਦੀ ਪੂਜਾ ਤੋਂ ਪਹਿਲਾਂ ਸ੍ਰੀ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਗਣੇਸ਼ ਨੂੰ ‘ਪੌਰਾਣਿਕ’ ਹਿੰਦੂ ਧਰਮ ਵਿੱਚ ਹਰ ਪਰਕਾਰ ਦੇ ਵਿਘਨਾਂ ਦਾ ਨਾਸ਼ ਕਰਨ ਵਾਲਾ ਅਤੇ ਮੰਗਲਕਾਰੀ ਦੇਵਤਾ ਆਖਿਆ ਜਾਂਦਾ ਹੈ।

ਇਸੇ ਹੀ ਵਿਘਨ-ਨਾਸ਼ੀ ਗਣੇਸ਼ ਦੇ ਜਨਮ ਸਬੰਧੀ ਵੀ ਭਾਂਤਿ ਭਾਂਤਿ ਦੀਆਂ ਕਥਾਵਾਂ ਪ੍ਰਚਲਿਤ ਹਨ। ‘ਲਿੰਗ ਪੁਰਾਣ’ ਅਨੁਸਾਰ ਗਣੇਸ਼ ਦਾ ਜਨਮ ‘ਆਯੋਨਿਜ’ ਹੈ ਜਦ ਕਿ ਇੱਕ ਹੋਰ ‘ਅਨੁਸਰੂਤੀ’ ਅਨੁਸਾਰ ਗਣੇਸ਼ ਦਾ ਜਨਮ ‘ਸ਼ਿਵ’ ਨਾਲ ਜੋੜਿਆ ਗਿਆ ਹੈ। ਆਖਿਆ ਜਾਂਦਾ ਹੈ ਕਿ ਸ਼ਿਵ ਨੇ ਆਪਣੇ ਕੀਤੇ ਹੋਏ ਤਪ ਦੀ ਸ਼ਕਤੀ ਨਾਲ ਇਕ ਤੇਜ-ਪ੍ਰਤਾਪੀ ਬਾਲਕ ਦਾ ਨਿਰਮਾਣ ਕੀਤਾ ਅਤੇ ਪਾਰਬਤੀ ਨੇ ਉਸਦੀ ਪਾਲਣਾ ਕੀਤੀ। ਬਾਅਦ ਵਿੱਚ ਕਿਸੇ ਕਾਰਨ, ਸ਼ਿਵ ਦੇ ਮਨ ਵਿੱਚ ਉਸ ਬਾਲਕ ਪ੍ਰਤੀ ਰੋਸ ਉੱਪਜ ਗਿਆ ਅਤੇ ਉਸਨੇ ਸਰਾਪ ਦੇ ਕੇ ਬਾਲਕ ਨੂੰ ਕਰੂਪ ਬਣਾ ਦਿੱਤਾ।

ਇੱਕ ਹੋਰ ‘ਅਨੁਸਰੂਤੀ’ ਅਨੁਸਾਰ ਇੱਕ ਦਿਨ ਪਾਰਬਤੀ ਇਸ਼ਨਾਨ ਕਰਨ ਜਾ ਰਹੀ ਸੀ ਕਿ ਉਸਨੇ ਆਪਣੇ ਸਰੀਰ ਤੋਂ ਮੈਲ ਲਾਹ ਕੇ ਇੱਕ ਬਾਲਕ ਦਾ ਨਿਰਮਾਣ ਕੀਤਾ। ਫਿਰ ਉਸ ਬਾਲਕ ਨੂੰ ਬਾਹਰ ਦਰਵਾਜ਼ੇ ਤੇ ਬੈਠਾਂਦਿਆਂ ਹਦਾਇਤ ਕੀਤੀ ਕਿ ਕਿਸੇ ਨੂੰ ਵੀ ਅੰਦਰ ਨਾ ਆਉਣ ਦੇਵੇ। ਇੰਨੇ ਚਿਰ ਨੂੰ ‘ਸ਼ਿਵ ਜੀ’ ਆਏ ਅਤੇ ਅੰਦਰ ਜਾਣ ਲੱਗੇ। ਗਣੇਸ਼ ਨੇ ਉਸਨੂੰ ਰੋਕਿਆ। ਸ਼ਿਵ ਨੇ ਗੁੱਸੇ ਵਿੱਚ ਆਕੇ ਉਸਦਾ ਸਿਰ, ਸਰੀਰ ਤੋਂ ਵੱਖ ਕਰ ਦਿੱਤਾ। ਗਣੇਸ਼ ਦਾ ਸਿਰ ਕੱਟੇ ਜਾਣ ਤੇ ਪਾਰਬਤੀ ਬਹੁਤ ਦੁੱਖੀ ਹੋਈ। ਹੁਣ ਜਦੋਂ ਸ਼ਿਵ ਨੂੰ ਹੋਸ਼ ਆਈ ਤਾਂ ਉਸ ਨੇ ਪਾਰਬਤੀ ਨੂੰ ਧੀਰਜ ਦੇਂਦਿਆਂ, ਇੰਦਰ ਦੇਵਤਾ ਦੇ ਹਾਥੀ ਦਾ ਸਿਰ ਕੱਟ ਕੇ ਗਣੇਸ਼ ਦੇ ਧੜ ਨਾਲ ਜੋੜ ਦਿੱਤਾ। ਤੱਦ ਤੋਂ ਗਣੇਸ਼-‘ਗਜਾਨਨ’ ਹੋ ਗਿਆ।

‘ਬ੍ਰਹਮਵੈਵਤ ਪੁਰਾਣ’ ਵਿੱਚ ਗਣੇਸ਼ ਸਬੰਧੀ ਇੱਕ ਵੱਖਰਾ ਹੀ ਪ੍ਰਸੰਗ ਹੈ। ਇਸ ਅਨੁਸਾਰ ‘ਸ਼ਨੀ’ ਦੀ ਕਰੋਧ ਅਗਨੀ ਕਾਰਨ ਗਣੇਸ਼ ਦਾ ਸਿਰ ਗੱਲ ਗਿਆ। ਪਾਰਬਤੀ ਦੁਖੀ ਹੋ ਕੇ ਬ੍ਰਹਮਾ ਦੇ ਪਾਸ ਪੁੱਜੀ। ਬ੍ਰਹਮਾ ਨੇ ਆਖਿਆ: ‘ਤੈਂਨੂੰ ਜਿਹੜਾ ਪਹਿਲਾ ਜੀਵ ਮਿਲੇ, ਉਸਦਾ ਸਿਰ ਕੱਟ ਕੇ ਲੈ ਆ, ਉਸਨੂੰ ਮੈਂ ਗਣੇਸ਼ ਦੇ ਸਿਰ ਤੇ ਲਗਾ ਕੇ ਉਸਨੂੰ ਜੀਵਤ ਕਰ ਦਿਆਂਗਾ।’ ਪਾਰਬਤੀ ਸਿਰ ਦੀ ਭਾਲ ਲਈ ਤੁਰੀ ਤਾਂ ਸਭ ਤੋਂ ਪਹਿਲਾਂ ਹਾਥੀ ਹੀ ਉਸਨੂੰ ਮਿਲਿਆ। ਉਹ ਹਾਥੀ ਦਾ ਸਿਰ ਬ੍ਰਹਮਾ ਪਾਸ ਲੈ ਗਈ। ਬ੍ਰਹਮਾ ਨੇ ਗਣੇਸ਼ ਦੇ ਧੜ ਤੇ ਹਾਥੀ ਦਾ ਸਿਰ ਲਾ ਦਿੱਤਾ।

ਇੰਝ ਹੀ ਗਣੇਸ਼ ਦੇ ‘ਜੌਨਿਜ’ ਜਨਮ ਦੀ ਕਥਾ ਵੀ ਮਿਲਦੀ ਹੈ। ਇਸ ਅਨੁਸਾਰ ਇੱਕ ਦਿਨ ਜਦੋਂ ਸ਼ਿਵ-ਪਾਰਬਤੀ ਹਿਮਾਲਾ ਦੀ ਗੋਦ ਵਿਚ ਘੁੰਮ ਰਹੇ ਸਨ ਤਾਂ ਉਹਨਾਂ ਵੇਖਿਆ ਕਿ ਇੱਕ ਹਾਥੀ ਅਤੇ ਹੱਥਨੀ ਸੰਭੋਗ ਕਰ ਰਹੇ ਹਨ। ਉਹਨਾਂ ਨੂੰ ਵੇਖ ਕੇ ਸ਼ਿਵ-ਪਾਰਬਤੀ ਦੀ ਚਾਹ ਵੀ ਹੋਈ ਕਿ ਹਾਥੀਆਂ ਵਾਂਗ ਹੀ ਸੰਭੋਗ ਕਰਨ। ਅਜਿਹੇ ਸੰਭੋਗ ਦੇ ਸਿੱਟੇ ਵਜੋਂ ਹਾਥੀ ਦੇ ਮੂੰਹ ਵਾਲਾ ਗਣੇਸ਼ ਪੈਦਾ ਹੋਇਆ। ਅਸੀਂ ਵੇਖਦੇ ਹਾਂ ਕਿ ਵਿਘਨ-ਨਾਸ਼ੀ ਗਣੇਸ਼ ਦੇ ਨਾਂ ਨਾਲ ਭਾਂਤਿ ਭਾਂਤਿ ਦੀਆਂ ਕਾਲਪਨਿਕ ਕਥਾਵਾਂ ਜੁੜੀਆਂ ਹੋਈਆਂ ਹਨ। ਦੀਵਾਲੀ ਨਾਲ ਸਬੰਧਿਤ ਲਕਸ਼ਮੀ ਦੇ ਨਾਂ ਨਾਲ ਵੀ ਹਿੰਦੂ ਧਰਮ ਗ੍ਰੰਥਾਂ ਵਿੱਚ ਵੱਖ ਵੱਖ ਵੇਰਵਾ ਹੈ।

ਰਿਗਵੇਦ ਵਿਚ ਸ੍ਰੀ ਅਤੇ ਲਕਸ਼ਮੀ ਸ਼ਬਦ ਦਾ ਵਰਨਣ ਮਿਲਦਾ ਹੈ। ਵੈਦਿਕ ਦੇਵੀ ਅਦਿਤੀ ਯਜੁਰਵੇਦ ਵਿੱਚ ਵਿਸ਼ਨੂ ਦੀ ਪਤਨੀ ਦੇ ਰੂਪ ਵਿੱਚ ਮਿਲਦੀ ਹੈ। ਉਧਰ ਲਕਸ਼ਮੀ ਨੂੰ ਵਿਸ਼ਨੂ ਪਤਨੀ ਦਾ ਹੀ ਸਰੂਪ ਮੰਨਿਆ ਜਾਂਦਾ ਹੈ। ਮਹਾਂਭਾਰਤ ਵਿੱਚ ਲਕਸ਼ਮੀ ਭੱਦਰ ਸੋਮ ਦੀ ਪੁੱਤਰੀ, ਕੁਬੇਰ ਦੀ ਇਸਤਰੀ ਦੇ ਰੂਪ ਵਿੱਚ ਮੌਜੂਦ ਹੈ। ਇੱਥੇ ਉਸਦੀ ਉਤਪੱਤੀ ਸਮੁੰਦਰ ਰਿੜਕਣ ਨਾਲ, ਸੁੰਦਰਤਾ ਅਤੇ ਪ੍ਰੇਮ ਦੀ ਯੂਨਾਨੀ ਦੇਵੀ ‘ਅਫਰੋਡਾਈਟ’ ਵਾਗ ਹੀ ਮਿਲਦੀ ਹੈ। ਇਸਦਾ ਚਿੰਨ੍ਹ ‘ਮਗਰ’ ਹੈ। ਰਾਮਾਇਣ ਵਿੱਚ ਲਕਸ਼ਮੀ ਦੇ ਹੱਥ ਵਿੱਚ ਕਮਲ ਫੜਿਆ ਹੋਇਆ ਹੈ।

ਬੌਧ ਗਰੰਥਾਂ ਵਿੱਚ ਲਕਸ਼ਮੀ ਪ੍ਰਤੀ ਬਹੁਤੀ ਸ਼ਰਧਾ ਭਾਵ ਨਹੀਂ ਹੈ। ਅਜ ਕਲ ਦੀਵਾਲੀ ਦੇ ਮੌਕਿਆਂ ਤੇ ਬਾਜ਼ਰਾਂ ਵਿੱਚ ਲਕਸ਼ਮੀ ਦੀਆਂ ਜਿਹੜੀਆਂ ਤਸਵੀਰਾਂ ਮਿਲਦੀਆਂ ਹਨ ਉਹਨਾਂ ਵਿੱਚ ਦਿਖਾਇਆ ਗਿਆ ਹੈ ਕਿ ਲਕਸ਼ਮੀ ਉਲੂ ਦੀ ਸਵਾਰੀ ਕਰਦੀ ਹੈ। ਲਕਸ਼ਮੀ ਦੀ ਸਵਾਰੀ ਉਲੂ ਸਬੰਧੀ ਲੋਕਾਂ ਦੀ ਰਾਏ ਬਹੁਤੀ ਚੰਗੀ ਨਹੀਂ। ਭਾਰਤੀ ਸਮਾਜ ਵਿੱਚ ਉਲੂ ਨੂੰ ਅਮੰਗਲਕਾਰੀ ਅਤੇ ਅਸ਼ੁੱਭ ਮੰਨਿਆ ਜਾਂਦਾ ਹੈ। ਘਰ ਦੀ ਛੱਤ ਉਤੇ ਉਲੂ ਦੇ ਬੈਠਣ ਅਤੇ ਉਸਦੀ ਚੀਖ ਨੂੰ ਬਦਕਿਸਮਤ ਆਖਿਆ ਜਾਂਦਾ ਹੈ। ‘ਫਰਾਂਸਿਸ’ ਨੇ ਆਪਣੀ ਪੁਸਤਕ ‘ਦੀ ਮੈਨੂਅਲ ਆਫ ਬਿਲੇਰੀ ਡਿਸਟ੍ਰਿਕਟ’ ਵਿੱਚ ਲਿਖਿਆ ਹੈ ਕਿ ਬਲੇਰੀ ਜ਼ਿਲੇ ਵਿੱਚ ਉਲੂਆਂ ਨੂੰ ਘਰਾਂ ਦੀਆਂ ਛੱਤਾਂ ਤੋਂ ਉਡਾਣ ਲਈ, ਲੋਕੀਂ ਛੱਤਾਂ ਉਤੇ ਟੁੱਟੇ ਘੜੇ ਰੱਖਿਆ ਕਰਦੇ ਸਨ ਅਤੇ ਭਾਂਤਿ ਭਾਂਤਿ ਦੇ ਝੰਡੇ ਲਟਕਾਉਂਦੇ ਸਨ। ਉਹਨਾਂ ਲੋਕਾਂ ਦਾ ਅੰਨ੍ਹਾਂ ਭਰੋਸਾ ਸੀ ਕਿ ਇੰਝ ਕਰਨ ਨਾਲ ਉਲੂ ਛੱਤਾਂ ਤੇ ਨਹੀਂ ਆਉਣਗੇ।

ਲਕਸ਼ਮੀ ਦੀ ਸਵਾਰੀ ‘ਉਲੂ’ ਇੱਕ ਵਿਵਾਦਗ੍ਰਸਤ ਪੰਛੀ ਹੈ। ਭਾਰਤ ਤੋਂ ਛੁੱਟ ਸੰਸਾਰ ਦੇ ਬਾਕੀ ਦੇਸ਼ਾਂ ਵਿੱਚ ਉਲੂ ਨੂੰ ਅਕਲਮੰਦੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਲਕਸ਼ਮੀ ਦੇ ਵਾਹਕ ਉਲੂ ਸਬੰਧੀ ਇੱਕ ਹੋਰ ਕਥਾ, ਮਿਥਿਆ ਹੁੰਦੀ ਹੋਈ ਵੀ ਰੌਚਕ ਹੈ। ਆਖਿਆ ਜਾਂਦਾ ਹੈ ਕਿ ਇੱਕ ਬਾਰ ਇੱਕ ਉਲੂ ਦਾ ਸਮਾਂ ਬਹੁਤ ਹੀ ਭੈੜਾ ਗੁਜ਼ਰ ਰਿਹਾ ਸੀ। ਉਸਦੀ ਦੀਨ ਅਵਸਥਾ ਨੂੰ ਵੇਖ ਕੇ ਬਾਕੀ ਪੰਛੀਆਂ ਨੂੰ ਉਸ ਉਤੇ ਦਇਆ ਆ ਗਈ। ਦੂਜੇ ਪੰਛੀ, ਉਲੂ ਨੂੰ ਉਧਾਰ ਭੋਜਨ ਦਿੰਦੇ ਰਹੇ। ਉਲੂ ਨੇ ਭਰੋਸਾ ਦਿਵਾਇਆ ਕਿ ਠੀਕ ਸਮਾਂ ਹੋਣ ਤੇ ਉਹ ਉਧਾਰ ਖਾਧਾ ਭੋਜਨ ਦੂਜੇ ਪੰਛੀਆਂ ਨੂੰ ਜ਼ਰੂਰ ਹੀ ਮੋੜ ਦੇਵੇਗਾ। ਪਰ ਬਦਕਿਸਮਤੀ ਨਾਲ, ਉਲੂ ਆਪਣਾ ਵਾਅਦਾ ਨਾ ਨਿਭਾ ਸਕਿਆ। ਸਾਰੇ ਪੰਛੀ ਉਸ ਨਾਲ ਨਾਰਾਜ਼ ਹੋ ਗਏ। ਉਲੂ ਨੂੰ ਉਹਨਾਂ ਦਾ ਦਿਨੇਂ ਦਾ ਸਾਥ ਛੱਡਣਾ ਪਿਆ। ਇਸ ਕਾਰਨ ਹੀ ਹੁਣ ਉਲੂ ਦਿਨੇਂ ਸਾਰਾ ਦਿਨ ਸੁੱਤਾ ਰਹਿੰਦਾ ਹੈ ਅਤੇ ਸਿਰਫ ਰਾਤ ਨੂੰ ਹੀ ਆਪਣਾ ਭੋਜਨ ਲੱਭਣ ਲਈ ਬਾਹਰ ਨਿਕਲਦਾ ਹੈ।

ਦੀਵਾਲੀ ਦੇ ਮੌਕੇ ਤੇ ਸ਼ਰਧਾਲੂ, ਲਕਸ਼ਮੀ, ਵਿਸ਼ਨੂੰ, ਸ਼ਿਵ-ਪਾਰਬਤੀ, ਗਣੇਸ਼ ਜਾਂ ਉਲੂ ਬਾਰੇ ਜਿਹੋ ਜਿਹੇ ਮਰਜ਼ੀ ਭਰਮ ਪਾਲ ਰਹੇ ਹੋਣ ਪਰ ਇੱਕ ਗੱਲ ਤਾ ਸਪਸ਼ਟ ਹੀ ਹੈ ਕਿ ਇਸ ਦਿਨ ਬਹੁਤੇ ਦੀਵਾਲੀ ਮੰਨਾਉਣ ਵਾਲੇ ਸਮਝਦੇ ਹਨ ਕਿ ਦੀਵਾਲੀ ਦੀ ਰਾਤ ਨੂੰ ਪੂਜਾ-ਪਾਠ ਕਰਕੇ, ਜਾਦੂ-ਟੂਣੇ ਕਰਨ ਲਈ ਛਿਲੇ ਕੱਟਕੇ ਅਤੇ ਦੇਵੀ-ਦੇਵਤਿਆਂ ਨੂੰ ਪ੍ਰਸ਼ਾਦ ਦਾ ਭੋਗ ਲੁਆ ਕੇ ਆਪਣੇ ਮਨ-ਚਾਹੇ ਫੱਲ ਪਰਾਪਤ ਕਰ ਸਕਦੇ ਹਨ। ਪਰ ਮੂਰਖ ਅੰਧਵਿਸ਼ਵਾਸ਼ੀ ਮਨੁੱਖ ਇਹ ਨਹੀਂ ਸਮਝਦੇ ਕਿ ਜੇਕਰ ਕੇਵਲ ਪੂਜਾ-ਪਾਠ ਕੀਤਿਆਂ, ਧਾਰਮਿਕ ਸਥਾਨਾਂ ਤੇ ਚੜ੍ਹਾਵੇ ਚੜ੍ਹਾ ਕੇ, ਦੇਵੀ-ਦੇਵਤਿਆਂ ਅੱਗੇ ਮੱਥੇ ਰਗੜਕੇ ਧੰਨ-ਦੌਲਤ ਪਰਾਪਤ ਹੋ ਸਕਦੀ ਹੁੰਦੀ ਤਾਂ ਅੱਜ ਭਾਰਤ ਹੀ ਕੀ ਸਗੋਂ ਸਾਰੇ ਹੀ ਸੰਸਾਰ ਵਿੱਚ ਕੋਈ ਵੀ ਗਰੀਬ ਨਾ ਹੁੰਦਾ। ਭਾਰਤ ਦਾ ਹਰ ਮਨੁੱਖ ਹਰ ਹੀਲੇ ਸੁੱਖੀ ਅਤੇ ਆਨੰਦਮਈ ਜੀਵਨ ਬਿਤਾ ਰਿਹਾ ਹੁੰਦਾ। ਅੰਧਵਿਸ਼ਵਾਸ਼ ਦਾ ਲਾਭ ਉਠਾਂਦੇ ਹਨ ਅੰਧ-ਵਿਸ਼ਵਾਸ਼ ਫੈਲਾਉਣ ਵਾਲੇ ਅਤੇ ਅਮੀਰ ਵੀ ਹੋਈ ਜਾਂਦੇ ਹਨ ਕੇਵਲ ਉਹ ਹੀ।

ਦੀਵਾਲੀ ਦੀ ਰਾਤ ਨੂੰ, ਅਗਿਆਨਤਾ ਅਤੇ ਦਮ ਤੋੜਦੀਆਂ ਕੁਰੀਤੀਆਂ ਨੂੰ ਨਿਭਾਉਣ ਲਈ ਕਈ ਜੂਆ ਖੇਡ ਕੇ ਲਕਸ਼ਮੀ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਹਨ। ਜੂਆ ਤਾਂ ਆਖਿਰ ਜੂਆ ਹੈ। ਸਾਰੇ ਤਾਂ ਜੂਆ ਜਿੱਤ ਨਹੀਂ ਸਕਦੇ। ਦੌਲਤ ਪਾਉਣ ਦੇ ਲਾਲਚ ਵਿੱਚ ਬਹੁਤੇ ਝੁੱਗਾ ਹੀ ਚੌੜ ਕਰਵਾ ਵਹਿੰਦੇ ਹਨ। ਪਾਂਡਿਆਂ ਦੀ ਹੀ ਪੜ੍ਹਾਈ ਹੋਈ ਪੱਟੀ ਹੈ: ਜਿਹੜਾ ਬੰਦਾ ਦੀਵਾਲੀ ਦੀ ਰਾਤ ਨੂੰ ਜੂਆ ਨਹੀਂ ਖੇਡਦਾ ਉਹ ਅਗਲੇ ਜਨਮ ਵਿੱਚ ਗੱਧੇ ਦੀ ਜੂਨ ਪੈਂਦਾ ਹੈ। ਹੁਣ ਭਲਾ ਕੌਣ ਚਾਹੇਗਾ ਕਿ ਅਗਲੇ ਜਨਮ ਵਿੱਚ ਗਧੇ ਦੀ ਜੂਨ ਵਿੱਚ ਪਵੇ?

ਇਸਦੇ ਨਾਲ ਹੀ ਦੀਵਾਲੀ ਦੀ ਰਾਤ ਜੂਏ ਵਿੱਚ ਹੋਈ ਜਿੱਤ ਜਾਂ ਹਾਰ ਤੋਂ ਕਈ ਲੋਕੀਂ ਇਹ ਅੰਦਾਜ਼ਾ ਵੀ ਲਗਾਉਂਦੇ ਹਨ ਕਿ ਅਗਲਾ ਵਰੵਾ ਆਮਦਨ-ਖਰਚ ਦੇ ਲਿਹਾਜ਼ ਨਾਲ ਕਿਹੋ ਜਿਹਾ ਰਹੇਗਾ। ਅੰਧ-ਵਿਸ਼ਵਾਸ਼ ਦੀ ਲਪੇਟ ਵਿੱਚ ਆਇਆ ਮਨੁੱਖ ਇਹ ਨਹੀਂ ਸਮਝ ਪਾਉਂਦਾ ਕਿ ਜੂਏ ਦੀ ਥਾਂ ਪੂਰੀ ਦ੍ਰਿੜਤਾ ਨਾਲ ਕੀਤੀ ਗਈ ਸਖਤ ਮਿਹਨਤ ਹੀ ਭਵਿੱਖ ਨੂੰ ਉੱਜਲਾ ਬਣਾ ਸਕਦੀ ਹੈ। ਜੂਆ ਕਦਾਈਂ ਵੀ ਨਹੀਂ।

ਮਹਾਂਭਾਰਤ ਦਾ ‘ਧਰਮਰਾਜ’ ਅਖਵਾਉਂਦਾ ਪੰਜਾਂ ਪਾਂਡਵਾਂ ਵਿੱਚੋਂ ਵੱਡਾ ਭਰਾ ਇੱਕ ਪਰਲੇ ਦਰਜੇ ਦਾ ਜੁਆਰੀਆ ਸੀ। ਉਸਨੇ ਜੂਆ ਖੇਡਿਆ। ਹੌਲੀ ਹੌਲੀ ਕਰਕੇ ਸਭ ਕੁਝ ਹਾਰਦਾ ਗਿਆ। ਧਰਮ ਦੇ ਠੇਕੇਦਾਰ, ਯੁਧਿਸ਼ਟਰ ਨੂੰ ਜੂਆ-ਖੇਡਣ ਦੇ ਇਲਜ਼ਾਮ ਤੋਂ ਇਹ ਕਹਿ ਕੇ ਬਰੀ ਕਰਦੇ ਹਨ ਕਿ ਇੰਝ ਦੀ ਹੋਣੀ ਲਿਖੀ ਹੋਈ ਸੀ। ਜਾਂ ਇਹ ਵੀ ਆਖਦੇ ਹਨ ਕਿ ਜੂਏ ਵਿੱਚ ਹਾਰਨ ਦਾ ਕਾਰਨ ਦੁਰਯੋਧਨ ਦੇ ਮਾਮੇ ਸ਼ਕੁਨੀ ਵਲੋਂ ਕੀਤਾ ਗਿਆ ਧੋਖਾ ਸੀ। ਪਰ ਸੁਆਲਾਂ ਦਾ ਸੁਆਲ, ਵੱਡਾ ਸੁਆਲ ਤਾਂ ਇਹ ਪੈਦਾ ਹੁੰਦਾ ਹੈ ਕਿ ‘ਜੂਏ’ ਨੂੰ ਇੱਕ ਬੁਰਿਆਈ’ ਸਮਝਦਿਆਂ ਹੋਇਆਂ ਵੀ ਯੁਧਿਸ਼ਟਰ ਨੇ ਜੂਆ ਖੇਡਿਆ ਹੀ ਕਿਉਂ? ਅਤੇ ਫਿਰ ਜੇਕਰ ਖੇਡਿਆ ਹੀ ਤਾਂ ‘ਪੰਚਾਲੀ’ (ਪੰਜਾਂ ਦੀ ਪਤਨੀ) ਦਰੋਪਤੀ ਨੂੰ ਸਭ ਕੁਝ ਹਾਰਨ ਦੇ ਬਾਅਦ ਵੀ ਦਾਅ ਤੇ ਕਿਉਂ ਲਾ ਦਿੱਤਾ? ਹਿੰਦੂ ਧਰਮ ਦੀ ਸਿੱਖਰ ਵੇਖਣ ਯੋਗ ਹੈ ਕਿ ਪਤਨੀ ਵਰਗੇ ਪਵਿੱਤਰ ਰਿਸ਼ਤੇ ਦੀਆਂ ਕਿੰਝ ਧੱਜੀਆਂ ਉਡਾਈਆਂ ਗਈਆਂ ਅਤੇ ਇਹ ਵੀ ਕਿ ਪਤਨੀ ਨੂੰ ਜੂਏ ਵਿੱਚ ਹਾਰਨ ਵਾਲੇ ਬੰਦੇ ਨੂੰ ਵੀ ‘ਧਰਮਰਾਜ’ ਦੇ ਰੁਤਬੇ ਨਾਲ ਨਿਵਾਜਿਆ ਜਾਂਦਾ ਹੈ।

ਵਿਦੇਸ਼ਾਂ ਵਿੱਚ ਵੀ ਦੀਵਾਲੀ:

ਦੀਵਾਲੀ ਮੁੱਖ ਰੂਪ ਵਿੱਚ ਭਾਵੇਂ ਭਾਰਤ ਦਾ ਹੀ ਇੱਕ ਵਿਸ਼ੇਸ਼ ਤਿਉਹਾਰ ਹੈ ਪਰ ਭਾਰਤ ਤੋਂ ਬਿਨਾਂ ਸੰਸਾਰ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਇਸਨੂੰ ਕਿਸੇ ਨਾ ਕਿਸੇ ਰੂਪ ਵਿੱਚ ਮੰਨਾਇਆ ਜਾਂਦਾ ਹੈ। ਰੂਸ ਵਿੱਚ ਇਹ ਤਿਉਹਾਰ ਨਵੰਬਰ ਦੇ ਮਹੀਨੇ ਮੰਨਾਇਆ ਜਾਂਦਾ ਹੈ। ਇਸ ਮੌਕੇ ਤੇ ਕਰੈਮਲਿਨ ਮਹੱਲ ਨੂੰ ਰੰਗੀਨ ਬਲਬਾਂ ਨਾਲ ਸਜਾਇਆ-ਚਮਕਾਇਆ ਜਾਂਦਾ ਹੈ। ਕਰੈਮਲਿਨ ਚੌਕ ਵਿੱਚ ਤਿੰਨਾਂ ਹੀ ਫੌਜਾਂ ਦੀ ਸ਼ਾਨਦਾਰ ਪਰੇਡ ਦਾ ਪਰਬੰਧ ਕੀਤਾ ਜਾਂਦਾ ਹੈ। ਰਾਤ ਨੂੰ ਵੱਡੇ ਪੈਮਾਨੇ ਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਪਟਾਖੇ ਚਲਾਏ ਜਾਂਦੇ ਹਨ।

ਮਾਰੀਸ਼ਸ, ਨੇਪਾਲ ਅਤੇ ਸ੍ਰੀ ਲੰਕਾ ਵਿੱਚ ਤਾਂ ਦੀਵਾਲੀ ਦਾ ਤਿਉਹਾਰ ਭਾਰਤ ਦੀ ਦੀਵਾਲੀ ਵਾਂਗ ਹੀ ਮੰਨਾਇਆ ਜਾਂਦਾ ਹੈ। ਸ੍ਰੀ ਲੰਕਾ ਵਿੱਚ ਬੋਧੀ ਲੋਕ, ਬੁੱਧ-ਪੂਰਨਿਮਾ ਦੇ ਮੌਕੇ ਤੇ ਤਿੰਨ ਦਿਨ ਦੀਵਾਲੀ ਮੰਨਾਉਂਦੇ ਹਨ। ਘਰ ਘਰ ਮਿੱਟੀ ਦੇ ਦੀਵੇ ਜਗਾਏ ਜਾਂਦੇ ਹਨ। ਸੜਕਾਂ ਉਤੇ ਥਾਂ ਥਾਂ ਲਕੜੀ ਦੇ ਚੌਖਟੇ ਖੜੇ ਕਰਕੇ, ਬੁੱਧ ਦੀਆਂ ਤਸਵੀਰਾਂ ਜੜੀਆਂ ਜਾਂਦੀਆਂ ਹਨ। ਇਹਨਾਂ ਚਿਤਰਾਂ ਦੇ ਚੌਹੀਂ ਪਾਸੀਂ ਦੀਵੇ ਬਾਲੇ ਜਾਂਦੇ ਹਨ। ਰਾਤ ਨੂੰ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਇਹਨਾਂ ਦਿਨਾਂ ਵਿੱਚ ਮਿਸ਼ਰੀ ਦਾ ਆਦਾਨ ਪਰਦਾਨ ਹੁੰਦਾ ਹੈ। ਮਿਸ਼ਰੀ ਖਾਣਾ ਅਤੇ ਖਿਲਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਨਿਪਾਲ ਵਿੱਚ ਦੀਵਾਲੀ ਪੰਜ ਦਿਨ ਮੰਨਾਈ ਜਾਂਦੀ ਹੈ। ਇੱਥੇ ਇਹਨਾਂ ਦਿਨਾਂ ਵਿੱਚ ਕੁਝ ਧਾਰਮਿਕ ਆਡੰਬਰ ਵੀ ਕੀਤੇ ਜਾਂਦੇ ਹਨ। ਦੀਵਾਲੀ ਦੇ ਪਹਿਲੇ ਦਿਨ ਕਾਵਾਂ ਦੀ ਪੂਜਾ ਕੀਤੀ ਜਾਂਦੀ ਹੈ। ਦੂਜੇ ਦਿਨ ਕੁੱਤਿਆਂ ਨੂੰ ਪੂਜਿਆ ਜਾਂਦਾ ਹੈ। ਮੁੱਖ ਤਿਉਹਾਰ ਤੀਜੇ ਦਿਨ ਆਰੰਭ ਹੁੰਦਾ ਹੈ। ਉਸ ਦਿਨ ਸਵੇਰੇ ਗਾਂ-ਪੂਜਾ ਅਤੇ ਰਾਤ ਨੂੰ ਲਕਸ਼ਮੀ ਪੂਜਾ ਕੀਤੀ ਜਾਂਦੀ ਹੈ। ਦੀਵੇ ਜਗਾਏ ਜਾਂਦੇ ਹਨ। ਚੌਥੇ ਦਿਨ ‘ਗੌਵਰਧਨ’ ਪੂਜਾ ਹੁੰਦੀ ਹੈ ਅਤੇ ਪੰਜਵੇਂ ਦਿਨ ਭਈਆ ਦੂਜ (ਭਾਈ ਦੂਜ) ਮੰਨਾਈ ਜਾਂਦੀ ਹੈ।

ਥਾਈਲੈਂਡ ਵਿੱਚ ਵੀ ਦੀਵਾਲੀ ਨਾਲ ਹੀ ਮਿਲਦਾ-ਜੁਲਦਾ ਤਿਉਹਾਰ ਮੰਨਾਇਆ ਜਾਂਦਾ ਹੈ। ਪੰਜ ਨਵੰਬਰ ਦੇ ਨੇੜੇ ਤੇੜੇ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ‘ਕਾਥੋਗੇ’ ਆਖਿਆ ਜਾਂਦਾ ਹੈ। ਬਰਸਾਤ ਦੇ ਖਾਤਮੇ ਬਾਅਦ, ਇਸ ਦਿਨ ਕੇਲੇ ਦੇ ਪੱਤਿਆਂ ਦੀ ਛੋਟੀ ਜਿਹੀ ਬੇੜੀ ਬਣਾਕੇ ਉਸਨੂੰ ਫ਼ੁੱਲਾਂ ਨਾਲ ਸਜਾਇਆ ਜਾਂਦਾ ਹੈ। ਇਸ ਬੇੜੀ ਉਤੇ ਇਕ ਜਗਦੀ ਹੋਈ ਮੋਮਬਤੀ ਅਤੇ ਇੱਕ ਸਿੱਕਾ ਰੱਖ ਕੇ ਨਦੀ ਵਿੱਚ ਰੋੜ੍ਹ ਦਿੱਤਾ ਜਾਂਦਾ ਹੈ। ਲੋਕਾਂ ਵਿੱਚ ਅਜਿਹਾ ਅੰਧ-ਵਿਸ਼ਵਾਸ਼ ਹੈ ਕਿ ਬੇੜੀ ਦੇ ਤਰਨ ਨਾਲ, ਬੇੜੀ ਤਾਰਨ ਵਾਲੇ ਦੇ ਉਸ ਦਿਨ ਤੱਕ ਕੀਤੇ ਗਏ ਸਾਰੇ ਹੀ ਗੁਨਾਹਾਂ ਦੇ ਪਾਪ ਧੁੱਲ ਜਾਂਦੇ ਹਨ। ਅਤੇ ਮੁੜ ਫਿਰ ਅਗਲਾ ਵਰੵਾ ਗੁਨਾਹ ਕਰ ਕਰ ਕੇ ਜਮਾਂ ਕੀਤੇ ਜਾ ਸਕਦੇ ਹਨ ਅਤੇ ਫਿਰ ਇੰਝ ਹੀ ਬੇੜੀ ਤਾਰਕੇ ਇਹਨਾਂ ਗੁਨਾਹਾਂ ਦੀ ਸਜ਼ਾ ਤੋਂ ਬਚਿਆ ਜਾ ਸਕਦਾ ਹੈ।

ਫੀਜੀ ਵਿੱਚ ਭਾਰਤੀ ਮੂਲ ਦੇ ਬਹੁਤ ਲੋਕ ਰਹਿੰਦੇ ਹਨ। ਇਹ ਦੁਸਹਿਰਾ ਵੀ ਮੰਨਾਉਂਦੇ ਹਨ ਅਤੇ ਦੀਵਾਲੀ ਵੀ। ਇਜ਼ਰਾਈਲ ਦੇ ਯਹੂਦੀ ਇਸੇ ਤਿਉਹਾਰ ਨੂੰ ‘ਹੁਨਕਿਆ’ ਦੇ ਨਾਂ ਨਾਲ ਮੰਨਾਉਂਦੇ ਹਨ। ਜਾਪਾਨ ਵਿੱਚ ਦੀਵਾਲੀ ਦੇ ਨਾਲ ਹੀ ਮਿਲਦਾ-ਜੁੱਲਦਾ ਤਿਉਹਾਰ ‘ਤੋਰੋ ਨਗਾਸ਼ੀ’ ਮੰਨਾਇਆ ਜਾਂਦਾ ਹੈ। ਰੋਮਨ ਚਰਚ ਨੂੰ ਮੰਨਣ ਵਾਲੇ ਕੈਥੋਲਿਕ ਈਸਾਈ, ਕ੍ਰਿਸਮਿਸ ਦੇ ਮੌਕੇ ਉਤੇ ਮੋਮਬੱਤੀਆਂ ਅਤੇ ਬਲਬ ਜਗਾ ਕੇ ਇਸੇ ਤਿਉਹਾਰ ਨੂੰ ਦੀਵਾਲੀ ਦਾ ਰੂਪ ਹੀ ਤਾਂ ਦਿੰਦੇ ਹਨ। ਅੱਜ ਭਾਰਤੀ ਮੂਲ ਦੇ ਹਿੰਦੂ-ਸਿੱਖ ਸੰਸਾਰ ਦੇ ਕੌਣੇ ਕੋਣੇ ਵਿੱਚ ਵਸੇ ਹੋਏ ਹਨ। ਉਹ ਵੀ ਆਪਣੇ ਆਪਣੇ ਅਕੀਦੇ ਅਨੁਸਾਰ ਕਿਸੇ ਨਾ ਕਿਸੇ ਰੂਪ ਵਿੱਚ: ਰੋਸ ਜਾਂ ਅ-ਰੋਸ ਦਰਸਾਂਦੀ ਦੀਵਾਲੀ ਮੰਨਾਉਂਦੇ ਹਨ।

ਮੁੱਖ ਰੂਪ ਵਿੱਚ ਦੀਵਾਲੀ ਨਿਰਸੰਦੇਹ ਰੌਸ਼ਨੀ ਭਾਵ ਚਾਨਣ ਵੰਡਣ ਦਾ ਤਿਉਹਾਰ ਹੈ। ਕੁਝ ਦੇਣ, ਕੁਝ ਲੈਣ ਦਾ ਤਿਉਹਾਰ ਹੈ। ਅਕਸਰ ਦੀਵਾਲੀ ਦੇ ਮੌਕੇ ਤੇ ਲੋਕੀਂ ਆਪਣੀ ਵਿੱਤ ਅਨੁਸਾਰ ਤੋਹਫਿਆਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਮਠਿਆਈਆਂ, ਮੇਵੇ, ਸਾੜੀਆਂ, ਸੂਟ, ਪੁਸਤਕਾਂ, ਪੈੱਨ, ਪਰਸ ਜਾਂ ਘੜੀਆਂ ਆਦਿ ਦਿੱਤੇ ਲਏ ਜਾਂਦੇ ਹਨ। ਤੋਹਫ਼ੇ ਲੈਣ ਅਤੇ ਦੇਣ ਦਾ ਚੱਕਰ, ਦੀਵਾਲੀ ਦੀ ਖੁਸ਼ੀ ਨੂੰ ਹੋਰ ਵੀ ਵਧਾ ਦਿੰਦਾ ਹੈ। ਪਰ ਇਸ ਗੱਲ ਦਾ ਧਿਆਨ ਰਹਿਣਾ ਚਾਹੀਦਾ ਹੈ ਕਿ ਤੋਹਫ਼ਾ ਆਪਣੀ ਆਰਥਿਕ ਸਥਿਤੀ ਦੇ ਅਨੁਕੂਲ ਹੀ ਦਿੱਤਾ ਜਾਵੇ।

ਦੀਵਾਲੀ ਕੋਈ ਇੱਕ ਦਿਨ ਦਾ ਮਨੋਰੰਜਨ ਨਹੀਂ। ਇਹ ਤਾਂ ਜੀਵਨ ਭਰ ਉਜਾਲੇ ਵਿੱਚ ਰਹਿਣ ਦਾ ਸੰਦੇਸ਼ ਹੈ। ਇਹ ਚੰਗੇ ਗੁਣਾਂ ਨੂੰ ਅਪਨਾਉਣ ਅਤੇ ਮੰਦੇ ਗੁਣਾਂ ਦੇ ਤਿਆਗਣ ਦਾ ਤਿਉਹਾਰ ਹੈ। ਇਹ ਟੁੱਟੇ ਹੋਏ ਦਿਲਾਂ ਨੂੰ ਜੋੜਨ ਅਤੇ ਤਿੜਕੇ ਹੋਏ ਰਿਸ਼ਤਿਆਂ ਨੂੰ ਸੰਭਾਲਣ-ਸੁਧਾਰਨ ਦਾ ਤਿਉਹਾਰ ਹੈ। ਇਹ ਖਿਮਾਂ ਕਰਨ ਅਤੇ ਖਿਮਾਂ ਮੰਗਣ ਦਾ ਤਿਉਹਾਰ ਹੈ। ਇਹ ਨਿੱਜ-ਸੁਆਰਥ ਦਾ ਤਿਆਗ ਕਰਨ, ਦੂਜੇ ਦਾ ਭਲਾ ਸੋਚਣ ਅਤੇ ਭਲਾ ਕਰਨ ਦਾ ਤਿਉਹਾਰ ਹੈ। ਇਹ ਤਿਉਹਾਰ ਆਪਣੀ ਕਹਿਣੀ ਤੇ ਕਰਨੀ ਵਿਚੋਂ ਹੇਰਾਫੇਰੀ, ਝੂਠ, ਛੱਲ-ਕਪਟ, ਬੇਈਮਾਨੀ, ਜਲਨ, ਅਨੈਤਿਕਤਾ ਅਤੇ ਅਸ਼ੁੱਭ ਸੋਚ ਨੂੰ ਤਿਲਾਂਜਲੀ ਦੇਣ ਦਾ ਹੈ।

ਦੀਵਾਲੀ ਦਾ ਚਾਨਣ ਪ੍ਰਤੀਕ ਹੈ ਹਨੇਰਾ ਦੂਰ ਕਰਨ ਲਈ। ਚਾਨਣ ਪ੍ਰਤੀਕ ਹੈ ਜਾਗ੍ਰਿਤੀ ਦਾ, ਉਤਸ਼ਾਹ ਦਾ, ਉਮੰਗ ਦਾ, ਖੁਸ਼ੀ ਦਾ ਅਤੇ ਅਗ੍ਹਾਂ ਵੱਧਣ ਦਾ। ਚਾਨਣ ਤੋਂ ਮੂੰਹ ਮੋੜਨਾ ਆਪਣੇ ਆਪ ਨਾਲ ਬੇਇਨਸਾਫ਼ੀ ਹੈ। ਆਉ ਅੱਜ ਦੇ ਦਿਨ ਆਪਣੇ ਘਰਾਂ ਦੇ ਬਨੇਰਿਆਂ ਦੇ ਨਾਲ ਨਾਲ ਆਪਣੀ ਆਪਣੀ ਸੋਚ ਦੀ ਥੜੀ ਤੇ ਵੀ ਇੱਕ ਇੱਕ ਦੀਵਾ ਬਾਲ ਰੱਖੀਏ ਤਾਂ ਜੋ ਇਸਦਾ ਚਾਨਣ ਸਵੈ-ਸੇਧ ਵੀ ਦੇਵੇ ਤੇ ਰਾਹ-ਦਸੇਰਾ ਵੀ ਬਣ ਸਕੇ। ਭਵਿੱਖ ਦੀ ਥੜੀ ਸਦਾ ਸੋਚ ਦੇ ਦੀਵੇ ਦੀ ਆਸ ਵਿੱਚ ਹੀ ਰਹਿੰਦੀ ਹੈ। ਇਸ ਆਸ ਨੂੰ ਫੱਲ ਲਾਉਣ ਦਾ ਕਰਮ ਸਾਡੇ ਆਪਣੇ ਹੱਥਾਂ ਵਿੱਚ ਹੀ ਤਾਂ ਹੈ।
**
(2001)

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001)
(ਦੂਜੀ ਵਾਰ 3 ਨਵੰਬਰ 2021)

***
478
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ