♥️On Valentine Day♥️
ਨਿਰੀ ਰੂਹਾਨੀਅਤ-
“ਸੰਤ ਵੈਲਨਟਾਈਨ,
ਯੂਅਰ ਵੈਲਨਟਾਈਨ
ਮਾਈਨ ਵੈਲਨਟਾਈਨ!”
“ਸਹਿਜੇ ਰਮਿਓ ਪਰੇਮ ਤੱਤ” (MASTFY) ਇਹ ਮੇਰੀ ਲਿਖੇ ਜਾਣ ਵਾਲ਼ੀ ਵਾਰਤਕ ਪੁਸਤਕ ਦਾ ਨਾਮ ਹੈ। ਮੇਰੀ ਹੁਣ ਤੱਕ ਦੀ ਸਮਝ ਅਨੁਸਾਰ ਪਿਆਰ, ਪ੍ਰੀਤ, ਪ੍ਰੇਮ ਆਦਿਕ ਸ਼ਬਦਾਂ ਨਾਲ਼ ਦਰਸਾਇਆ ਜਾਣ ਵਾਲ਼ਾ ਅਹਿਸਾਸ ਹੀ ਇਸ ਬ੍ਰਹਿਮੰਡ, ਇਸ ਕਾਇਨਾਤ ਅਤੇ ਸਮੁੱਚੀ ਸ੍ਰਿਸ਼ਟੀ ਦਾ ਆਧਾਰ ਹੈ। ਇਹ ਇੱਕ ਐਸੀ ਪਵਿੱਤਰ ਭਾਵਨਾ ਹੈ, ਇੱਕ ਅਜਿਹਾ ਸੂਤਰ ਹੈ, ਜਿਸ ਇੱਕੋ ਇੱਕ ਸੂਤਰ ਨੇ ਕੁੱਲ ਆਲਮ, ਕੁੱਲ ਸ੍ਰਿਸ਼ਟੀ, ਕੁੱਲ ਸੰਸਾਰ ਨੂੰ ਆਪਣੇ “ਕਲਾਵੇ” ਵਿੱਚ ਲਿਆ ਹੋਇਆ ਹੈ। “ਨਿਆਜ਼ਬੋ” ਤੋਂ ਬਾਅਦ ਦੀ ਮੇਰੀ ਅਗਲੀ ਕਾਵਿ ਪੁਸਤਕ ਦਾ ਨਾਂ “ ਕਲਾਵਾ” ਹੈ। ਕਲਾਵਾ ਪਿਆਰ ਦੇ ਅਹਿਸਾਸ ਦਾ ਦ੍ਰਿੜ ਅਤੇ ਦ੍ਰਿਸ਼ ਰੂਪ ਹੈ। ਪਿਆਰ ਜੀਵਨ ਦਾ ਧੁਰਾ ਹੈ। ਨਿੱਜ ਅਤੇ ਪਰ ਵਿਚਕਾਰ ਪੁਲ਼ ਦਾ ਕੰਮ ਕਰਦਾ ਹੈ। ਜਦ ਤੱਕ ਸੰਸਾਰ ਦੇ ਲੋਕ ਇਸ ਅਦਭੁੱਤ ਸ਼ਕਤੀ ਦੀ ਪੂਰਨ ਰੂਪ ਵਿੱਚ ਅਹਿਮੀਅਤ ਨਹੀਂ ਸਮਝਣਗੇ, ਉਦੋਂ ਤੱਕ ਇਸ ਸੰਸਾਰ ਵਿੱਚ ਪੂਰਨਤਾ ਅਮਨ ਅਤੇ ਖ਼ੁਸ਼ਹਾਲੀ ਨਹੀਂ ਆ ਸਕੇਗਾ।
ਅੱਜ 14 ਫਰਵਰੀ 2022 ਹੈ – ”ਵੈਲਨਟਾਈਨ ਡੇ” -”ਪਿਆਰ ਦਾ ਦਿਨ!”
ਸਭ ਨੂੰ ਇਸ ਪਿਆਰ-ਦਿਵਸ ਦੀਆਂ ਕੋਟੀ ਕੋਟਿ ਮੁਬਾਰਕਾਂ ਹੋਣ ਜੀ!
ਜੇ ਅਸੀਂ ਜ਼ਰਾ ਗਹੁ ਨਾਲ਼ ਸਮਝੀਏ ਤਾਂ ਜਾਣ ਸਕਾਂਗੇ ਕਿ ਕੁਦਰਤ, ਯੂਨੀਵਰਸ, ਜਾਂ ਪਰਮਾਤਮਾ ਆਪਣੀ ਲੋਕਾਈ ਨੂੰ ਬੇਹੱਦ ਪਿਆਰ ਕਰਦਾ ਹੈ। ਉਹ ਸਮੇਂ ਸਮੇਂ ਕਿਸੇ ਨਾ ਕਿਸੇ ਰੂਪ ਵਿੱਚ ਆਪ ਹੀ ਪ੍ਰਗਟ ਹੁੰਦਾ ਰਹਿੰਦਾ ਹੈ। ਧਰਤੀ ਦੇ ਕਿਸੇ ਵੀ ਖ਼ਿੱਤੇ, ਕਿਸੇ ਵੀ ਖੂੰਜੇ, ਕਿਸੇ ਵੀ ਦੇਸ਼, ਕੌਮ ਜਾਂ ਕਿਸੇ ਵੀ ਸੱਭਿਅਤਾ ਦੇ ਰਾਹੀਂ ਉੱਥੋਂ ਦੇ ਕਿਸੇ ਨਾ ਕਿਸੇ ਵਸਨੀਕ, ਕਿਸੇ ਸੰਤ ਮਹਾਂਪੁਰਸ਼, ਭਜਨੀਕ, ਕਿਸੇ ਪੀਰ ਪੈਗ਼ੰਬਰ, ਜਾਂ ਕਿਸੇ ਫ਼ਰਿਸ਼ਤੇ ਦੇ ਰਾਹੀਂ ਆਪਣੇ ਸੁਨੇਹੇ ਪੁਚਾਉਂਦਾ ਰਹਿੰਦਾ ਹੈ। ਉਹ ਸੁਨੇਹੇ ਕੁੱਲ ਦੁਨੀਆਂ ਲਈ ਹੁੰਦੇ ਹਨ। ਸਮਾਂ ਪੈਣ ‘ਤੇ ਪੂਰੀ ਜਾਂ ਵੱਧ ਤੋਂ ਵੱਧ ਦੁਨੀਆਂ ਵਿੱਚ ਫ਼ੈਲ ਜਾਂਦੇ ਹਨ। ਪਰਵਾਸ, ਸ਼ਾਇਦ ਏਸੇ ਕਰਕੇ ਸਾਡੇ ਜੀਵਨਾਂ ਦਾ ਹਿੱਸਾ ਬਣਿਆ ਹੈ। ਪ੍ਰਾਲਬਧ ਇਨਸਾਨ ਨੂੰ ਕਿਤੇ ਦੀ ਕਿਤੇ ਲੈ ਜਾਂਦੀ ਹੈ। ਉਸ ਥਾਂ ਦੇ, ਉਸ ਸੱਭਿਅਤਾ ਦੇ ਅੰਸ਼ ਪਰਵਾਸ ਰਾਹੀਂ ਹੀ ਪੂਰੇ ਸੰਸਾਰ ਵਿੱਚ ਫ਼ੈਲ ਜਾਂਦੇ ਹਨ ਅਤੇ ਮਨੁੱਖਤਾ ਦਾ ਭਲਾ ਕਰਦੇ ਹਨ।
ਪਿਆਰ ਦਾ ਇਹ ਦਿਨ -ਵੈਲਨਟਾਈਨ ਡੇ: ਅਜਿਹਾ ਹੀ ਦਿਵਸ ਬਣ ਚੁੱਕਾ ਹੈ, ਜਿਸ ਨੂੰ ਅੱਜ ਦੁਨੀਆਂ ਦੇ ਬਹੁਤੇ ਲੋਕ ਮਨਾਉੰਦੇ ਹਨ। ਕੁੱਝ ਲੋਕ ਇਸਦਾ ਵਿਰੋਧ ਵੀ ਕਰਦੇ ਹਨ। ਵਿਰੋਧ ਕਰਨ ਵਾਲ਼ੇ ਲੋਕਾਂ ਲਈ ਬਹੁਤ ਹੀ ਨਿਮਰਤਾ ਸਹਿਤ ਇਹ ਸੁਨੇਹਾ ਹੈ ਕਿ ਉਹ ਸਮਝਣ ਦੀ ਕੋਸ਼ਿਸ਼ ਕਰਨ ਕਿ ‘ਪਿਆਰ’ ਹੀ ਜੀਵਨ ਦਾ ਧੁਰਾ ਹੈ। ਉਹਨਾਂ ਦਾ ਆਪਣਾ ਜੀਵਨ ਏਸੇ ਪਿਆਰ ਦੇ ਘਣੇ ਬੂਟੇ ਨੂੰ ਲੱਗਾ ਇੱਕ ਫ਼ਲ਼ ਹੀ ਤਾਂ ਹੁੰਦਾ ਹੈ। ਮਾਂ ਬਾਪ ਦੇ ਅਨੂਠੇ ਪਿਆਰ ਦੀ ਨਿਸ਼ਾਨੀ ਹੁੰਦਾ ਹੈ -ਜੀਵਨ।
ਵੈਲਨਟਾਈਨ ਦੇ ਨਾਂ ਦੀ ਪਿਆਰ-ਦਿਵਸ ਬਣਨ ਦੀ ਕਹਾਣੀ ’ਰੋਮ’ ਤੋਂ ਸ਼ੁਰੂ ਹੁੰਦੀ ਹੈ। ਕਿਸੇ ਧਰਤੀ ਉੱਪਰ ਹਰ ਤਰ੍ਹਾਂ ਦੀਆਂ ਬਿਰਤੀਆਂ ਵਾਲ਼ੇ ਲੋਕ ਜਨਮ ਲੈਂਦੇ ਹਨ। ਅਸਲ ਵਿੱਚ ਇਹ ਐਨਰਜੀ ਹੁੰਦੀ ਹੈ। ਅਸੀਂ ਸਾਰੇ ਐਨਰਜੀਜ਼ ਹੀ ਹਾਂ। ਚੰਗੀ ਅਤੇ ਮਾੜੀ ਦੋਵੇਂ-ਨੈਗੇਟਿਵ ਅਤੇ ਪਾਜ਼ੇਟਿਵ, ਦੋਹਾਂ ਦਾ ਟਕਰਾਅ ਵੀ ਜ਼ਰੂਰੀ ਹੈ। ਉਸ ਸਮੇਂ ਰੋਮ ਦਾ ਬਾਦਸ਼ਾਹ “ਕਲਾਡੀਅਸ” ਏਸੇ ਤਰ੍ਹਾਂ ਦੀ ਕਰੂਰ ਬਿਰਤੀ ਨਾਲ਼ ਰਾਜ ਕਰ ਰਿਹਾ ਸੀ। ਉਸਨੇ ਐਲਾਨ ਕਰ ਦਿੱਤਾ ਕਿ ਕੋਈ ਵੀ ਸਿਪਾਹੀ ਸ਼ਾਦੀ ਨਾ ਕਰੇ। ਮਜਬੂਰੀ ਵੱਸ ਰਾਜੇ ਦਾ ਹੁਕਮ ਮੰਨਣਾ ਪਿਆ। ਪਰ ਉਸ ਸਮੇਂ “ਸੰਤ ਵੈਲਨਟਾਈਨ” ਇਸ ਗੱਲ ਤੋਂ ਬਾਗੀ ਹੋ ਗਏ। ਉਹਨਾਂ ਨੇ ਚੋਰੀ ਚੋਰੀ ਸਿਪਾਹੀਆਂ ਦੀ ਸ਼ਾਦੀ ਕਰਵਾਉਣੀ ਸ਼ੁਰੂ ਕਰ ਦਿੱਤੀ। ਰਾਜੇ ਨੂੰ ਪਤਾ ਲੱਗਾ, ਸੰਤ ਜੇਲ੍ਹ ਵਿੱਚ ਸੁੱਟ ਦਿੱਤੇ ਗਏ। ਕਰਨੀ ਰੱਬ ਦੀ ਐਸਟੈਰੀਸ ਨਾਂ ਦੇ ਜੇਲ੍ਹਰ ਦੀ ਲੜਕੀ ਅੱਖਾਂ ਤੋਂ ਮਨਾਖੀ ਸੀ। ਐਸਟੈਰੀਸ ਨੂੰ ਪਤਾ ਲੱਗਾ ਕਿ ਸੰਤ ਵੈਲਨਟਾਈਨ ਕੋਲ਼ ਕੋਈ ਅਗੰਮੀ ਸ਼ਕਤੀ ਹੈ, ਜਿਸ ਨਾਲ਼ ਉਹ ਲੋਕਾਂ ਦੇ ਦੁੱਖ ਦੂਰ ਕਰ ਸਕਦੇ ਹਨ। ਉਸਨੇ ਬੇਨਤੀ ਕੀਤੀ। ਵੈਲਨਟਾਈਨ ਨੇ ਉਸਦੀਆਂ ਅੱਖਾਂ ਦੀ ਜੋਤ ਵਾਪਸ ਲਿਆ ਦਿੱਤੀ। ਦੋਵਾਂ ਦਾ ਆਪਸ ਵਿੱਚ ਪਿਆਰ ਹੋ ਗਿਆ। ਪਰ ਵੈਲਨਟਾਈਨ ਨੂੰ ਸਜ਼ਾ-ਏ-ਮੌਤ ਦਾ ਹੁਕਮ ਸੀ, ਨਿਯਤ ਦਿਨ 14 ਫ਼ਰਵਰੀ ਸੀ। ਉਸ ਨੇ ਜੇਲ੍ਹਰ ਤੋਂ ਕਾਗਜ਼ ਅਤੇ ਪੈੱਨ ਲਿਆ ਅਤੇ ਉਸਦੀ ਬੇਟੀ ਲਈ ਲਿਖਿਆ-“ਤੇਰਾ ਵੈਲਨਟਾਈਨ”-ਯੂਅਰ ਵੈਲਨਟਾਈਨ!“
ਉਸ ਦਿਨ ਤੋਂ ਰੋਮ ਦੀ ਧਰਤੀ ‘ਤੇ ਪੈਦਾ ਹੋਏ ਉਸ ਮਹਾਨ ਸੰਤ, “ਸੰਤ ਵੈਲਨਟਾਈਨ“ ਦੇ ਨਾਂ ‘ਤੇ ਇਹ ਪਿਆਰ ਦਾ ਦਿਨ ਮਨਾਇਆ ਜਾਣ ਲੱਗਾ। ਹੌਲ਼ੀ ਹੌਲ਼ੀ ਇਸ ਪਵਿੱਤਰ ਐਨਰਜੀ ਦੀ ਖ਼ੁਸ਼ਬੂ ਦੁਨੀਆਂ ਭਰ ਵਿੱਚ ਫ਼ੈਲ ਗਈ।
”ਇਹ ਪਿਆਰ ਹੈ ਕੀ?”
ਪਿਆਰ ਇੱਕ ਖ਼ੁਸ਼ਬੂ ਹੈ
ਪਿਆਰ ਬੱਸ ਰੂਬਰੂ ਹੈ
ਪਿਆਰ ਇੱਕ ਵਿਸਮਾਦ ਹੈ
ਇਹ ਆਦਿ ਜੁਗਾਦਿ ਹੈ
ਪਿਆਰ ਇੱਕ ਆਗਾਧ ਚਾਨਣ ਹੈ
ਇਹ ਦੋ ਰੂਹਾਂ ਦਾ ਆਪਸੀ ਮਾਨਣ ਹੈ
ਚੁੱਪ ਇਸ ਦੀ ਹਾਨਣ ਹੈ
ਇਹ ਆਤਮਾ ਦਾ ਚਾਨਣ ਹੈ
ਇਹ ਪਰਮਾਤਮਾ ਦਾ ਝਲਕਾਰਾ ਹੈ
ਇਹ ਰੂਹ ਨੂੰ ਮਿਲ਼ਦਾ ਹੁਲਾਰਾ ਹੈ
ਇਹ ਆਤਮਾ ਦਾ ਇਤਰ ਵੀ ਹੈ
ਪਿਆਰ ਇੱਕ ਐਨਰਜੀ ਹੈ
ਇੱਕ ਊਰਜਾ ਹੈ, ਸਮਰੱਥਾ ਹੈ
ਪਿਆਰ ਜ਼ਿੰਦਗੀ ਹੈ
ਪਿਆਰ ਬੰਦਗੀ ਹੈ
ਪਿਆਰ ਸਾਹ ਹਨ
ਪਿਆਰ ਚਾਹ ਹੈ
ਪਿਆਰ ਰਾਹ ਵੀ ਹੈ
ਮਨ ਨੂੰ ਤਰੰਗਿਤ ਕਰ ਦੇਣ ਵਾਲ਼ੀ ਸ਼ਕਤੀ
ਰੂਹ ਨੂੰ ਸੁਗੰਧਿਤ ਕਰ ਦੇਣ ਵਾਲ਼ੀ
ਆਤਮਾ ਨੂੰ ਵਿਭੋਰ
ਅਤੇ ਅੰਤਹਕਰਨ ਨੂੰ ਰੁਸ਼ਨਾ ਦੇਣ ਵਾਲ਼ੀ ਰੌਸ਼ਨੀ ਹੈ
ਇੱਕ ਮਹਾਂਸ਼ਕਤੀ ਦਾ ਨਾਮ ਪਿਆਰ ਹੈ
ਜੋ ਕਿਸੇ ਇੱਕ ਰਿਸ਼ਤੇ ਜਾਂ ਰਿਸ਼ਤੇ ਦੀ
ਮੁਹਤਾਜ ਨਹੀਂ
ਅਤੇ ਨਾ ਹੀ ਕੇਵਲ ਤੇ ਕੇਵਲ
ਔਰਤ ਮਰਦ ਦੇ ਸੰਬੰਧਾਂ ਦੀ ਲਖਾਇਕ ਹੈ
ਇਹ ਤਾਂ ਨਿਰੀ ਰੂਹਾਨੀਅਤ ਹੈ
ਪਿਆਰ-ਵਿਗੁੱਤੇ ਨੈਣਾਂ ਰਾਹੀਂ
ਰੂਹ ਵਿੱਚ ਉੱਤਰ ਜਾਣ ਵਾਲ਼ੀ ਅਪਾਰ ਸ਼ਕਤੀ
ਹੈ -ਪਿਆਰ…!
“ਪਿਆਰ”-ਦਿਵਸ ਮੁਬਾਰਕ ਹੋਵੇ ਜੀ♥️
ਅਸਲ ਵਿੱਚ ਪਿਆਰ ਜੀਵਨ ਦੀ ਦਾਰਸ਼ਿਨਕਤਾ ਹੈ, ਸੂਝ ਦਾ ਕੁਤਬੀ ਸਿਤਾਰਾ ਹੈ ਕਿ ਪਿਆਰ ਦੇ ਸਰੋਤ ਕਿਵੇਂ ਲੱਭਣੇ ਹਨ ਅਤੇ ਜੀਵਨ ਕਿਵੇਂ ਸੰਵਾਰਨੇ ਹਨ…!
ਪਿਆਰ -ਦਿਵਸ ਦੀ ਸਭ ਨੂੰ ਮੁਬਾਰਕਬਾਦ ਜੀਓ!
14 ਫਰਵਰੀ 2022
(“ਸਹਿਜੇ ਰਮਿਓ ਪਰੇਮ ਤੱਤ” ਵਿੱਚੋਂ) |