20 April 2024
man deep_kaur

ਅਹਿਤਰਾਮ—✍️ਮਨਦੀਪ ਕੌਰ ਭੰਮਰਾ

ਅੱਜ ਔਝੜੇ ਰਾਹਾਂ ਵਿੱਚ ਇੱਕ ਦੂਜੇ ਦਾ ਸਾਥ ਦੇਣ ਦਾ ਸਮਾਂ ਹੈ!
ਔਰਤ ਮਰਦ ਗੱਡੀ ਦੇ ਦੋ ਪਹੀਏ ਹਨ!
“ਨਿਆਜ਼ਬੋ’ ਦੇ ਪਹਿਲੇ ਭਾਗ ਦੀ ਆਖਰੀ ਕਵਿਤਾ

✍️ਮਨਦੀਪ ਕੌਰ ਭੰਮਰਾ

ਮੇਰੀ ਤਕਦੀਰ ਦੀ ਚੁੰਨੀ ਦਾ ਸਿਤਾਰਾ ਬਣ  ਜਾ,
ਮੇਰੀ ਤਸਵੀਰ ਦੀ ਬੰਨੀ ਦਾ ਕਿਨਾਰਾ  ਬਣ ਜਾ,
ਐ ਮੇਰੀ ਰੂਹ ਦੇ ਹਮਸਫ਼ਰ ਹੌਸਲੇ ਸੰਗ  ਤੁਰਪੈ,
ਮੇਰੀ ਤਦਬੀਰ ਦੀ ਕੰਨੀ ਫੜ ਸਹਾਰਾ ਬਣ ਜਾ!

ਮੇਰੇ ਸੁੱਚੇ ਇਸ਼ਕ ਦੀ ਜਾਗੀਰ ਹੈ ਤੂੰ ਮੇਰੀ ਜਾਨ,
ਮੇਰੇ ਕੱਚੇ ਸਿਦਕ ਦੀ ਤਾਸੀਰ ਨੂੰ ਤੂੰ  ਨਾਂਹ ਜਾਣ,
ਹੈ ਰਹਿਬਰੀ ਦੇ ਸਾਏ ‘ਚ ਤਕਦੀਰਾਂ ਦਾ ਬਣਨਾ,
ਮੇਰੇ ਮਨ ‘ਚ ਸਿਸਕਦੀ ਤਾਬੀਰ ਹੀ ਮੇਰੀ ਸ਼ਾਨ!

ਅੱਲੜ੍ਹ ਵਰੇਸ ਦੀ ਸੁਪਨਮਈ ਇਬਾਰਤ ਪੜ੍ਹ ਲੈ,
ਤਿੱਖੜ ਦੁਪੈਹਰਲੀ ਜ਼ਿੰਦਗੀ ਦੀ ਹਾਲਤ ਪੜ੍ਹ ਲੈ,
ਝਾਕ ਤਾਂ ਸਹੀ ਜਿਗਰੇ ਨਾਲ਼ ਓਦ੍ਹੀ ਅੱਖ ਅੰਦਰ,
ਝੱਖੜ,ਵਾਵਰੋਲੇ ਤੇ ਹਨ੍ਹੇਰੀ ‘ਚ ਸਾਬਤ ਖੜ੍ਹ ਲੈ!

ਧਰਤੀ ‘ਤੇ ਨੇ ਪੈਰ ਮੇਰੇ ਅੰਬਰ ‘ਚ ਨਿਗਾਹ ਫ਼ੈਲੇ,
ਪਰਤੀ ਹੈ ਡੋਰ ਮੇਰੀ ਅੱਧ ਅਸਮਾਨੋਂ ਪਤੰਗ ਲੈਕੇ,
ਨੀਲਾਂਬਰ ‘ਚ ਤਾਰੀਆਂ ਲਾਉਣ ਦੇ ਸੁਪਨੇ ਦਿਖਾ,
ਸੁਰਤੀ ਦੇ ਰੰਗ ਸਾਗਰਾਂ ਦੇ ਪਾਣੀ ਵਿੱਚ ਜਾ ਘੁਲੇ!

ਮੱਛੀ ਦੀ ਅੱਖ ਦੇਖਾਂ ਅਰਜਨ ਦਾ ਤੀਰ ਹੱਥ ਮੇਰੇ,
ਪੱਛੀ ਵੀ ਰੱਖ ਵੇਖਾਂ ਰੂਹ ਮੇਰੀ ਨੂੰ ਸੰਤਾਪ ਦੇ ਘੇਰੇ,
ਭਰਮ-ਮੁਕਤ ਤੇ ਹੁਣ ਮੈਂ ਹਰ ਭਰਮ ਤੋਂ ਮੁਕਤ ਹਾਂ,
ਲੱਛੀ,ਪੂਣੀ,ਗੋਹੜਾ,ਚਰਖਾ ਤੇ ਮਾਹਲ ਹੱਥ ਮੇਰੇ!

ਮੇਰੇ ਲਹੂ ‘ਚ ਤੇਰੇ ਇਸ਼ਕ ਦੀ ਤਾਸੀਰ ਸੀ ਘੁਲ਼ੀ,
ਮੇਰੇ ਵੱਲ ਤਾਂਹੀ ਮੁਸ਼ਕਲ ਜੋ ਤੇਰੀ ਦੂਰ ਸੀ ਗਲ਼ੀ,
ਮੰਜ਼ਿਲ ਮੇਰੀ ਦੇ ਰਸਤੇ‘ਚ ਪੱਥਰ ਚਿਣੇ ਸੀ ਉਨ੍ਹਾਂ,
ਮੇਰੇ ਲਈ ਫੁੱਲ ਮੇਰੀ ਮੰਜ਼ਿਲ ਜੋ ਆਣ ਸੀ ਮਿਲ਼ੀ!

ਕਲਮ ਦੇ ਗਹਿਣੇ ਸੰਗ ਜ਼ਿੰਦਗੀ ਗੁਜ਼ਾਰੀ ਸਾਰੀ,
ਸ਼ਰਮ ਦੇ ਮਹਿਣੇ ਸਮਝਦੀ ਰਹੀ ਜ਼ਿੰਦਗੀ ਸਾਰੀ,
ਸੰਜੋਏ ਸੁਪਨੇ ਮੈਂ ਸਭ ‘ਕੱਠੇ ਕਰ ਕੇ ਸਾਂਭ ਲਏ ਸੀ,
ਕਰਮ ਦੇ ਸਦਕੇ ਮੈਂ ਤੇਰੇ ਸਾਹਵੇਂ ਸਾਰੀ ਦੀ ਸਾਰੀ!

“ਨਿਆਜ਼ਬੋ” ਲਈ

(55)

 

About the author

mandeep Kaur
ਮਨਦੀਪ ਕੌਰ ਭੰਮਰਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ