21 September 2024

ਸਵੈ-ਕਥਨ: ਮੇਰੀਆਂ ਕੁੱਝ ਗੱਲਾਂ ਅਤੇ ਸਰਬਜੀਤ ਵਿਰਦੀ!—ਮਨਦੀਪ ਕੌਰ ਭੰਮਰਾ

ਮਨਦੀਪ ਕੌਰ ਭੰਮਰਾ

ਬਹੁਤ ਪਿਆਰੇ ਦੋਸਤੋ!
ਬਹੁਤ ਪਿਆਰ ਸਤਿਕਾਰ ਸਭਨਾਂ ਲਈ!
ਅੱਜ ਕੁੱਝ ਗੱਲਾਂ ਕਰ ਲਵਾਂ…!

ਅੱਜ 21 ਸਤੰਬਰ 2022 ਹੈ। ਮੈਂ ਕੋਈ ਬਹੁਤ ਵੱਡੀ ਲੇਖਿਕਾ ਨਹੀਂ ਹਾਂ। ਬੱਸ ਸਮਾਜ ਪ੍ਰਤੀ ਨਿਸ਼ਠਾ ਹੈ, ਸੰਵੇਦਨਾ ਹੈ, ਭਾਵਨਾਵਾਂ ਹਨ ਆਦਿਕ।

ਪਿਛਲੇ ਇੱਕ ਸਾਲ ਤੋਂ ਮੈਨੂੰ ਕੁੱਝ ਘਰੇਲੂ ਰੁਝੇਵੇਂ ਸਨ,ਮੈਂ ਆਪਣਾ ਲਿਖਣ-ਕਾਰਜ ਸਮਰੱਥਾ ਸਹਿਤ ਨਹੀਂ ਕਰ ਸਕੀ ਸਾਂ। ਹੁਣ ਮੈਂ ਲੱਗਭਗ ਛੇ ਮਹੀਨਿਆਂ ਲਈ ਆਪਣੇ ਕੰਮ ਨੂੰ ਸਮਰਪਿਤ ਰਹਿਣ ਦੀ ਕੋਸ਼ਿਸ਼ ਵਿੱਚ ਹੋਵਾਂਗੀ। ਕਿਸੇ ਵੀ ਮਹਿਫ਼ਲ, ਮੀਟਿੰਗ ਅਤੇ ਪ੍ਰੋਗਰਾਮ ਵਿੱਚ ਹਿੱਸਾ ਨਹੀੰ ਲੈ ਸਕਾਂਗੀ। ਮੈਂ ਸਿਰਫ਼ ਇੱਕ ਹਫ਼ਤਾ ਰੱਖਿਆ ਹੈ ਕਿਸੇ ਵੀ ਮਿਲਣੀ ਲਈ।

ਪਹਿਲੀ ਅਕਤੂਬਰ ਤੋਂ ਮੈਂ ਕਿਸੇ ਹੱਦ ਤੱਕ ਇਕਾਂਤਵਾਸ ਹੋ ਜਾਣਾ ਹੈ।

ਪਿਛਲੇ ਦਿਨੀਂ ਲੱਗਭਗ ਚਾਰ ਸਾਹਿਤਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦਾ ਸਬੱਬ ਬਣਿਆਂ। ਹੁਣ ਮੈਂ ਪੂਰੀ ‘ਬਰੇਕ’ ਲਵਾਂਗੀ। ਕਿਸੇ ਦੇ ਸੱਦੇ ‘ਤੇ ਜਾਣਾ ਜਾਂ ਨਾ ਸੱਦੇ ‘ਤੇ ਵੀ ਜਾਣਾ ਕਈ ਵਾਰ ਮਜਬੂਰੀ ਹੋ ਜਾਂਦੀ ਹੈ। ਜਿਹੜੇ ਵੀ ਸਾਹਿਤਕਾਰ ਪੰਜਾਬੀ ਭਵਨ ਵਿਖੇ ਦੂਰੋਂ ਨੇੜਿਓਂ ਆਉਂਦੇ ਹਨ, ਉਹ ਭੁੱਖਣ-ਭਾਣੇ ਤੇ ਪਿਆਸੇ ਮੁੜ ਜਾਂਦੇ ਹਨ…ਜਾਂ ਫ਼ਿਰ ਕਈ ਵਾਰ ਸਿਰਫ਼ ਖਾਣ ਪੀਣ ਹੀ ਰਹਿ ਜਾਂਦਾ ਹੈ, ਕਿਸੇ ਪਾਠ ਦੇ ਭੋਗ ਵਾਂਗ।

ਇੱਥੇ ਇੱਕ ਸੁਝਾਅ ਦੇਣਾ ਚਾਹਾਂਗੀ ਕਿ-
ਦੋਸਤੋ! ਜੇ ਅਸੀਂ ਕਿਤੇ ਵੀ ਜਾਂਦੇ ਹਾਂ ਤਾਂ ਆਪਣੇ ਖਾਣ ਪੀਣ ਦਾ ਪ੍ਰਬੰਧ ਆਪ ਕਰਦੇ ਹਾਂ ਆਪੋ ਆਪਣਾ … ਜੇਕਰ ਪੰਜਾਬੀ ਭਵਨ ਆਉਂਦੇ ਹਾਂ ਤਾਂ ਕੀ ਅਸੀਂ ਆਪਣੇ ਖਾਣ ਪੀਣ ਦੀ ਜ਼ਿੰਮੇਵਾਰੀ ਆਪਣੇ ਆਪ ‘ਤੇ ਨਹੀਂ ਲੈ ਸਕਦੇ…? ਜਾਂ ਇਹ ਖ਼ਰਚਾ ਵੰਡਿਆ ਜਾਣਾ ਚਾਹੀਦਾ ਹੈ। ਜਾਂ ਫ਼ਿਰ ਦੁਪਹਿਰ ਲਈ ਦੋ ਦੋ ਪਰਾਂਠੇ ਬੰਨ੍ਹ ਕੇ ਲਿਆਂਦੇ ਜਾਣ ਅਤੇ ਇੱਕਠੇ ਬੈਠ ਕੇ ਖਾ ਲਏ ਜਾਣ ਤਾਂ ਇੱਕ ਬੇਹਤਰ ਹੱਲ ਹੋ ਸਕਦਾ ਹੈ।

ਸਗੋਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਪੰਜਾਬੀ ਭਵਨ ਦੀ ਕੋਈ ਸੇਵਾ ਆਪ ਕਰ ਸਕੀਏ, ਘੱਟੋ ਘੱਟ ਪਾਣੀ ਦਾ ਪ੍ਰਬੰਧ …!

ਮੈ ਲੁਧਿਆਣੇ ਦੀ ਜੰਮਪਲ ਹਾਂ, ਇੱਕ ਲੇਖਕ ਬਾਪ ਦੀ ਧੀ ਹਾਂ, ਪਹਿਲਾਂ ਪਹਿਲ ਪੰਜਾਬੀ ਭਵਨ ਨਾਲ਼ ਮੇਰਾ ਉਹ ਰਾਬਤਾ ਨਹੀਂ ਸੀ, ਜਿਹੜਾ ਹੋਰਾਂ ਦਾ ਵੱਧ ਹੋਵੇਗਾ। ਉਂਜ ਵੀ ਸਿਆਣੇ ਕਹਿੰਦੇ ਨੇ ਕਿ ਬਰੋਟੇ ਥੱਲੇ ਬਰੋਟਾ ਨਹੀਂ ਉੱਗਦਾ। ਪਰ ਜੇ ਪਰਮਾਤਮਾ ਦੀ ਮਿਹਰ ਹੋਵੇ ਤਾਂ ਥੋੜ੍ਹਾ ਜਿਹਾ ਹੱਟ ਕੇ ਬਰੋਟਾ ਉੱਗ ਜਾਇਆ ਕਰਦੈ….!

ਪਿਛਲੇ ਕੁੱਝ ਸਮੇਂ ਤੋਂ ਪੰਜਾਬੀ ਭਵਨ ਨਾਲ਼ ਰਾਬਤਾ ਬਣਿਆਂ। ਮੈਂ ਹਮੇਸ਼ਾਂ ਇਸ ਨੂੰ ਮਾਣਮੱਤਾ ਸਥਾਨ ਆਖਿਆ ਕਰਦੀ ਹਾਂ। ਇਸ ਮਹਾਨ ਧਰਤੀ ਨੂੰ ਮੇਰਾ ਸਦਾ ਨਮਸਕਾਰ ਹੈ। ਮੇਰਾ ਸੁਪਨਾ ਹੈ ਕਿ ਇਹ ਹੋਰ, ਹੋਰ ਸੁੰਦਰ ਬਣੇ… ਇੱਥੇ ਹਰ ਕੋਈ ਸੇਵਾ ਭਾਵਨਾ ਨਾਲ਼ ਆਵੇ ਨਾ ਕਿ ਸਵਾਰਥ ਦੀ ਭਾਵਨਾ ਲੈ ਕੇ ਆਵੇ। ਪੈਸਾ ਕਮਾਉਣ ਲਈ ਹੋਰ ਬਹੁਤ ਸਾਧਨ ਹਨ। ਇੱਥੇ ਕੀਤੇ ਜਾਂਦੇ ਪ੍ਰੋਗਰਾਮ ਸ਼ੁਹਰਤ ਤਾਂ ਦੇਣ ਪਰ ਮਾਇਆ ਦਾ ਲਾਲਚ ਨਹੀਂ ਹੋਣਾ ਚਾਹੀਦਾ। ਇਹ ਸਾਹਿਤ ਦਾ ਮੰਦਿਰ ਹੈ। ਇੱਥੇ ਟੁਰ ਗਈਆਂ ਪਾਕ ਰੂਹਾਂ ਦਾ ਵਾਸਾ ਵੀ ਹੈ।

ਕਦੇ ਇੱਥੇ “ਦੀਵਾ ਬਲ਼ੇ ਸਾਰੀ ਰਾਤ” ਵਰਗੇ ਨਾਟਕ ਖੇਡੇ ਜਾਂਦੇ ਰਹੇ ਹਨ। ਸ਼ੁਕਰ ਹੈ ਗ਼ਰੀਨ ਰੂਮ ਖਾਲੀ ਹੋ ਗਿਆ ਹੈ, ਨੀਨਾ ਟਿਵਾਣਾ ਨੂੰ ਪਹਿਲੀ ਤੇ ਆਖਰੀ ਵਾਰ, ਉੱਥੇ ਪਾਪਾ ਮੈਨੂੰ ਮਿਲਾਉਣ ਲੈ ਗਏ, ਉਹ ਲੰਮੇ ਗਾਊਨ ਵਿੱਚ ਸਨ, ਕਿਸੇ ਅਪਸਰਾ ਵਾਂਗ ਜਾਪੇ ਸਨ ਮੈਨੂੰ, ਮੇਰੇ ਭੂਆ ਜੀ!

ਹਰ ਚੰਗੇ ਸਾਹਿਤਕਾਰ ਅਤੇ ਵਿਦਵਾਨ ਨਾਲ਼ ਮੇਰੇ ਬਾਪ ਦਾ ਰਾਬਤਾ ਤੇ ਨਿੱਘਾ ਰਿਸ਼ਤਾ ਸੀ, ਮੈਂ ਉਸ ਬਾਪ ਦੀ ਸਾਹਿਤਕ ਵਾਰਸ ਹਾਂ। ਮੇਰੇ ਕੋਲ਼ ਆਪਣੇ ਖੇਤਰ ਵਿੱਚ, ਮੇਰੀ ਕਵਿਤਾ, ਮੇਰੀ ਵਾਰਤਕ, ਮੇਰੇ ਸਮਾਗਮ ਅਤੇ ਮੇਰੀ ਸੰਪਾਦਨਾ ਸਮੇਤ ਕਈ ਕੰਮ ਹਨ, ਵਕਤ ਘੱਟ ਹੈ, ਕੰਮ ਵੱਧ ਹਨ, ਪਰ ਮੇਰੀ ਲਗਨ ਪਿਤਾ ਪੁਰਖੀ ਅਤੇ ਵਰੋਸਾਈ ਹੋਈ ਹੈ। ਮੈਂ ਆਪਣੇ ਸਾਹਿਤਕ ਕੱਦ ਨੂੰ ਨਵਿਆਉਣਾ ਚਾਹੁੰਦੀ ਹਾਂ। ਅਧੂਰੇ ਕੰਮਾਂ ਨੂੰ ਪੂਰਾ ਕਰਨਾ ਹੈ। ਵਿੱਚ ਵਿਚਾਲੇ ਇੱਕ ਕਵੀ ਦਰਬਾਰ ਅਤੇ ਇੱਕ ਵੱਡੇ ਪ੍ਰੋਗਰਾਮ ਦੀ ਯੋਜਨਾ ਹੈ। ਅਚੰਭਾ ਨਾ ਮੰਨਣਾ ਦੋਸਤੋ!

ਪੰਜਾਬੀ ਗੀਤਕਾਰ ਮੰਚ ਲੁਧਿਆਣਾ ਦੇ ਪ੍ਰਧਾਨ ਸਰਬਜੀਤ ਸਿੰਘ ਵਿਰਦੀ

ਸਰਬਜੀਤ ਸਿੰਘ ਵਿਰਦੀ ਬਾਰੇ ਦੋ ਚਾਰ ਗੱਲਾਂ ਜ਼ਰੂਰ ਕਰਨੀਆਂ ਹਨ। ਗੱਲ 2006 ਜਾਂ 7 ਦੀ ਹੋਵੇਗੀ…ਮੇਰੇ ਵੀਰ ਬਲਦੀਪ ਦਾ ਫ਼ੋਨ ਆਇਆ ਕਿ ਪਾਪਾ ਦੀ ਯਾਦ ਵਿੱਚ ਪ੍ਰੋਗਰਾਮ ਹੈ ਉਹ ਵੀ ਪੰਜਾਬੀ ਭਵਨ ਵਿੱਚ ਸੀ, ਮੈਂ .ਓਪਰਿਆਂ ਵਾਂਗ ਆਈ ਸੀ, ਸ੍ਰ ਜਗਦੇਵ ਸਿੰਘ ਜੱਸੋਵਾਲ ਹੁਰਾਂ ਨੇ ਕਰਵਾਇਆ ਸੀ। ਮੇਰੀ ਪੀੜਿਤ ਰੂਹ ਕੁੱਝ ਸ਼ਾਂਤ ਹੋਈ ਸੀ। ਸਟੇਜ ਸਕੱਤਰ ਸਰਬਜੀਤ ਸਿੰਘ ਵਿਰਦੀ ਸੀ, ਪਰ ਮੈਂ ਉਸਨੂੰ ਜਾਣਦੀ ਨਹੀਂ ਸਾਂ। ਉਦੋਂ ਮੇਰੇ ਗੌਰਮਿੰਟ ਕਾਲਜ ਦੇ ਪ੍ਰਾਧਿਆਪਕ ਸਾਹਿਬ ਪ੍ਰੋ. ਮਹਿੰਦਰ ਸਿੰਘ ਚੀਮਾ ਹੁਰਾਂ ਨੇ ਮੇਰੇ ਬਾਪ ਦੇ ਪਰਿਵਾਰ ਨੂੰ ਸੁਝਾਅ ਦਿੱਤਾ ਸੀ ਕਿ ਹਰ ਸਾਲ ਉਹ ਪਾਪਾ ਨੂੰ ਯਾਦ ਕਰਨ! ਪਰ ਹਰੇਕ ਦੀ ਆਪੋ ਆਪਣੀ ਪਹੁੰਚ ਹੁੰਦੀ ਹੈ। ਮੈਂ ਸਾਹਿਤਕ ਮੱਸ ਰੱਖਦੀ ਹੋਣ ਕਾਰਣ, ਇਹ ਗੁਣਾ ਮੇਰੇ ਉੱਤੇ ਪਿਆ ਹੈ। ਮੈਂ ਲੱਕ ਬੰਨ੍ਹ ਕੇ ਨਿਭਾ ਰਹੀ ਹਾਂ, ਜਦ ਤੱਕ ਦਮ ਹੈ, ਨਿਭਾ ਦੇਵਾਂਗੀ ਦੋਸਤੋ, ਤੁਹਾਡਾ ਸਭ ਦਾ ਸਨੇਹ ਮੇਰੀ ਤਾਕਤ ਹੈ। ਉਸ ਪ੍ਰੋਗਰਾਮ ਦਾ ਮੇਰੇ ਸਿਰ ‘ਤੇ ਮੇਰੇ ਵੀਰ ਵਿਰਦੀ ਦਾ ਕਰਜ਼ ਹੋ ਗਿਆ।

ਸਾਲਾਂ ਦੇ ਸਾਲ ਬੀਤ ਗਏ, 2005 ਵਿੱਚ ਮੈਂ ਪਰਿਵਾਰ ਸਮੇਤ ਕਾਰੋਬਾਰ ਬੰਦ ਹੋ ਜਾਣ ਕਾਰਣ ਤੇ ਨਵਾਂ ਸ਼ੁਰੂ ਕਰਨ ਕਾਰਣ ਜਲੰਧਰ ਤੋਂ ਲੁਧਿਆਣਾ ਆ ਗਈ ਸਾਂ। 5 ਦਸੰਬਰ 1982 ਜਲੰਧਰ ਦੀ ਵਾਸੀ ਹੋ ਗਈ ਸਾਂ। ਸੱਤ ਸਾਲ ਕਠਿਨ ਤੇ ਤੰਗ-ਦਸਤੀ ਦੀ ਪਰਿਵਾਰਿਕ ਜ਼ਿੰਦਗੀ ਬਿਤਾਉਣ ਤੋਂ ਬਾਅਦ ਆਪ ਉੱਦਮੀ ਬਣ ਕੇ ਕਾਰੋਬਾਰ ਵਿੱਚ ਆ ਗਈ ਸਾਂ। ਮੈਂ ਪ੍ਰੋਫ਼ੈਸਰ ਨਹੀੰ ਬਣ ਸਕੀ, ਪਰ ਮੈਂ ਇੱਕ ਕਾਰਖ਼ਾਨੇਦਾਰ ਔਰਤ ਬਣ ਗਈ। ਪਰ ਮੈਂ ਬੁੱਧੀਜੀਵੀਆਂ ਦੀ ਕਦਰਦਾਨ ਹਾਂ।

ਕਿਤਾਬਾਂ ਤੇ ਕਵਿਤਾ ਨੇ ਮੇਰੀ ਰੂਹ ਦੀ ਇੱਕ ਬਾਰੀ ਮੱਲੀ ਰੱਖੀ। ਅੱਜ ਮੇਰਾ ਆਪਣਾ ਪਾਠਕ-ਵਰਗ ਹੈ, ਜੋ ਮੇਰੀ ਭਾਸ਼ਿਕ-ਸਮਰੱਥਾ ‘ਤੇ ਕੁਰਬਾਨ ਜਾਂਦਾ ਹੈ। ਉਸ ਵਰਗ ਲਈ ਮੇਰੇ ਬਹੁਤ ਫ਼ਰਜ਼ ਹਨ।

2017 ਵਿੱਚ ਮੇਰੀ ਪਹਿਲੀ ਪੁਸਤਕ “ਸ਼ਿਵਚਰਨ ਜੱਗੀ ਕੁੱਸਾ ਦੇ ਨਾਵਲਾਂ ਵਿੱਚ ਯਥਾਰਥ” ਛਪੀ। ਕਿਤਾਬ ਛਪਣ ਤੱਕ ਮੈਂ ਸਿਰ ਨਹੀਂ ਚੁੱਕਿਆ, ਸ਼ੂਗਰ ਵੱਧ ਜਾਣ ਕਾਰਣ ਉਸ ਦੌਰਾਨ ਤਿੰਨ ਵਾਰ ਬੇਹੋਸ਼ ਹੋਈ। ਪਰਮਾਤਮਾ ਨੇ ਬਚਾਅ ਲਿਆ, ਪਰਿਵਾਰ ਨੇ ਸੇਵਾ ਸੰਭਾਲ਼ ਕੀਤੀ। ਮੈਂ ਫਿਰ ਡਿੱਗਦੀ ਢਹਿੰਦੀ ਡਟ ਗਈ। ਪੁਸਤਕ ਰਿਲੀਜ਼ ਕਰਵਾਉਣੀ ਸੀ। ਪੰਜਾਬੀ ਭਵਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇੱਕ ਵਾਰ ਆਈ ਸਾਂ ਲਾਇਬਰੇਰੀ ਦਾ ਕਾਰਡ ਬਣਵਾਉਣ ਲਈ…ਪਤਾ ਲੱਗਾ ਸੀ ਕਿ ਬਿਨਾਂ ਕਿਤਾਬ ਛਪਣ ਦੇ ਕਾਰਡ ਨਹੀਂ ਬਣ ਸਕਦਾ, ਬੜੀ ਹੈਰਾਨੀ ਹੋਈ ਸੀ।

ਦੇਵ ਥਰੀਕੇ ਜੀ ਦੇ ਜਨਮ ਦਿਨ ਤੇ ਉਨ੍ਹਾਂ ਦੇ ਸ਼ਾਗਿਰਦ ਸਰਬਜੀਤ ਸਿੰਘ ਵਿਰਦੀ ਅਤੇ ਅਮਰਜੀਤ ਸ਼ੇਰਪੁਰੀ ਫੁੱਲਾਂ ਨਾਲ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਹੋਏ।

ਤਲਾਸ਼ ਵਿੱਚ ਸਾਂ ਕਿ ਸਰਬਜੀਤ ਵਿਰਦੀ ਬਾਰੇ ਕਿਸੇ ਅੰਕਲ ਨੇ ਦੱਸਿਆ। ਵਿਰਦੀ ਘਰ ਆਇਆ, ਅੱਤਿ ਦਾ ਨਿਰਮਾਣ, ਮਿੱਠਬੋਲੜਾ ਲੁਧਿਆਣਵੀ ਮਝੈਲ…! ਉਸ ਪ੍ਰੋਗਰਾਮ ਦੀ ਵੀਡੀਓ ਮੇਰੇ ਚੈਨਲ MASTFY DIGITAL ਯੂ ਟਿਊਬ ਚੈਨਲ ਉੱਪਰ ਪਈ ਹੈ। ਉੱਥੇ ਸਰਬਜੀਤ ਵਿਰਦੀ ਨੇ ਮੇਰੀ ਸਲਾਹ ਜਾਂ ਮਰਜ਼ੀ ਤੋਂ ਬਿਨਾਂ ਹੀ ਅਨਾਊੰਸ ਕਰ ਦਿੱਤਾ ਸੀ ਕਿ ਅਸੀਂ ਹਰ ਸਾਲ ਅੰਕਲ ਜੀ ਭਾਵ ਡਾ਼ ਆਤਮ ਹਮਰਾਹੀ ਜੀ ਦੀ ਯਾਦ ਵਿੱਚ ਬਹੁਤ ਵੱਡਾ ਕਵੀ ਦਰਬਾਰ ਕਰਵਾਇਆ ਕਰਾਂਗੇ।

ਫੇਰ 2019 ਵਿੱਚ ਮੇਰੀ ਕਾਵਿ-ਪੁਸਤਕ “ਰੰਗਾਂ ਦੀ ਰੌਸ਼ਨੀ” ਆ ਗਈ। ਸਪਤਰਿਸ਼ੀ ਪਬਲੀਕੇਸ਼ਨ ਨੇ ਮੇਰੀਆਂ ਦੋਵੇਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। ਪਹਿਲੇ ਪ੍ਰੋਗਰਾਮ ਉੱਤੇ ਮੇਰਾ ਵਾਹਵਾ ਰੁਪਿਆ ਲੱਗਾ। “ਰੰਗਾਂ ਦੀ ਰੌਸ਼ਨੀ” ਵੇਲ਼ੇ ਮੈਂ ਉੱਕਾ ਪੁੱਕਾ ਦਸ ਹਜ਼ਾਰ ਸਰਬਜੀਤ ਵਿਰਦੀ ਨੂੰ ਪ੍ਰਬੰਧ ਕਰਨ ਲਈ ਦੇ ਦਿੱਤਾ।

ਉਸ ਪ੍ਰੋਗਰਾਮ ਤੱਕ ਵੀ ਮੈਂ ਕਿਸੇ ਨੂੰ ਬਹੁਤਾ ਜਾਣਦੀ ਨਹੀਂ ਸਾਂ। ਗੁਰਚਰਨ ਕੌਰ ਕੋਚਰ ਹੁਰਾਂ ਤੋਂ ਲੈ ਕੇ ਬਾਕੀ ਸਭ ਨਵਿਆਂ ਤੱਕ। ਪਰ ਡਾ. ਸੁਰਜੀਤ ਪਾਤਰ ਜੀ ਤੋਂ ਲੈ ਕੇ ਹਰ ਛੋਟੇ ਵੱਡੇ ਲੇਖਕ ਨੂੰ ਮੈਂ ਪਾਪਾ ਕਰਕੇ ਕਹਾਂ ਆਪਣੇ ਕਾਰਜਾਂ ਕਰਕੇ ਦੁਵੱਲਾ ਜਾਣਦੀ ਸਾਂ। ਸਰਬਜੀਤ ਵਿਰਦੀ ਨੇ ਸਭ ਮਿਲਾ ਦਿੱਤੇ। ਜਤਿੰਦਰ ਸੰਧੂ ਦੇ ਪ੍ਰੋਗਰਾਮ ਵਿੱਚ “ਕੂੰਟੀ” ਜਾਣ ਨਾਲ਼ ਰਾਜਦੀਪ ਤੂਰ ਮਿਲ਼ਿਆ, ਸਾਡੀ ਬੱਚੀਆਂ ਵਰਗੀ ਪਿਆਰੀ ਵੀਰਪਾਲ ਮਿਲੀ ਤੇ ਹੋਰ ਕਈ।

ਦੋ ਸਾਲ ਕਰੋਨਾ ਵਿੱਚ ਬੀਤ ਗਏ। 2021 ਵਿੱਚ ਥੋੜ੍ਹਾ ਬਹੁਤ ਵੱਡੇ ਵੀਰ ਜਨਮੇਜਾ ਜੌਹਲ ਹੁਰਾਂ ਦੀ ਪ੍ਰੇਰਣਾ ਸਦਕਾ ਪਹਿਲਾ “ਡਾ਼ ਆਤਮ ਹਮਰਾਹੀ ਯਾਦਗਾਰੀ ਪ੍ਰੋਗਰਾਮ” ਕਰਵਾਉਣ ਦਾ ਫ਼ੈਸਲਾ ਹੋ ਗਿਆ। ਮਤਲਬ 16 ਸਾਲ ਦੀ ਲੰਮੀ ਚੁੱਪ ਨੂੰ ਤੋੜਨ ਦਾ ਹੌਸਲਾ ਕੀਤਾ। ਮਹਾਨ ਖੋਜੀ ਬਾਪ ਦੇ ਸਾਹਿਤਕ ਅਤੇ ਮੁੱਲਵਾਨ ਕਾਰਜਾਂ ਨੂੰ ਨਵੇਂ ਸਾਹਿਤਕ ਜਗਤ ਦੇ ਸਾਹਮਣੇ ਲਿਆਉਣਾ ਮੇਰਾ ਫ਼ਰਜ਼ ਸੀ ਤੇ ਹੈ।

ਹੋਇਆ ਕੀ ਕਿ ਉਸ ਪ੍ਰੋਗਰਾਮ ਤੱਕ ਮੇਰਾ ਦਾਇਰਾ ਕਾਫ਼ੀ ਵੱਡਾ ਹੋ ਗਿਆ ਸੀ। ਕਵਿਤਾ ਤੁਰ ਪਈ ਸੀ, ਮੈਂ ਕੁਲਦੀਪ ਚਿਰਾਗ ਨੂੰ ਨਾਲ਼ ਸਟੇਜ ਦੀ ਜ਼ਿੰਮੇਵਾਰੀ ਦੇ ਦਿੱਤੀ। ਮੇਰਾ ਵਿਰਦੀ ਵੀਰ ਥੋੜਾ ਮਾਈਂਂਡ ਕਰ ਗਿਆ। ਪਰ ਮੇਰਾ ਫ਼ੈਸਲਾ ਸਹੀ ਸੀ। ਥੋੜ੍ਹੇ ਬਹੁਤ ਮਨ ਮੁਟਾਵ ਨਾਲ਼ ਫ਼ੇਰ ਜੁੜੇ ਰਹੇ ਇੱਕ ਪਰਿਵਾਰਕ ਜਿਹਾ ਰਿਸ਼ਤਾ ਭੈਣ ਭਰਾ ਦੇ ਰਿਸ਼ਤੇ ਵਿੱਚ ਤਬਦੀਲ ਹੋ ਗਿਆ।

ਸਾਲ 2022 ਆਇਆ, ਮੈਂ ਆਪਣੇ ਨਿੱਜੀ ਤਜਰਬੇ ਦੇ ਆਧਾਰ ‘ਤੇ ਕੋਈ ਵੀ ਜ਼ਿੰਮੇਵਾਰੀ ਕਿਸੇ ਨੂੰ ਵੀ ਨਹੀਂ ਦਿੱਤੀ। “ਚਿੰਤਨਸ਼ੀਲ ਸਾਹਿਤਧਾਰਾ” ਦਾ ਰਾਤੋ ਰਾਤ ਨਾਮਕਰਣ ਹੋ ਗਿਆ। “ਦੂਜਾ ਡਾ਼ ਆਤਮ ਹਮਰਾਹੀ ਯਾਦਗਾਰੀ ਪ੍ਰੋਗਰਾਮ“ ਐਵਾਰਡ ਲਈ ਡਾਕਟਰ ਸਰਬਜੀਤ ਸਿੰਘ ਹੁਰਾਂ ਨੂੰ ਚੁਣਿਆ ਗਿਆ। ਬਾਕੀ ਡਾ਼ ਵਨੀਤਾ ਸਮੇਤ ਹੋਰ ਹਸਤੀਆਂ ਪੁੱਜੀਅਾਂ। ਪਰੋਗਰਾਮ ਵੱਡਾ ਸੀ, ਸਟੇਜ ਦੀ ਜ਼ਿੰਮੇਵਾਰੀ ਪ੍ਰੋ. ਬਲਵਿੰਦਰ ਚਾਹਲ ਨੂੰ ਸੌਪੀ ਗਈ। ਮੇਰਾ ਵੀਰ ਫੇਰ ਨਾਰਾਜ਼। … ਪ੍ਰਬੰਧਕੀ ਖ਼ਾਮੀਆਂ ਰਹਿ ਹੀ ਜਾਂਦੀਆਂ ਹਨ। ਅਸੀਂ ਹਾਲੇ ਸਿਖਾਂਦਰੂ ਹੀ ਹਾਂ। ਕਈ ਮਹੀਨੇ ਇੱਕ ਲੰਮੀ ਚੁੱਪ ਰਹੀ, ਪਰ ਫ਼ੇਰ ਇੱਕ ਦੋ ਵਾਰ ਸਾਹਮਣਾ ਹੋਇਆ, ਸਰਬਜੀਤ ਕਿਸੇ ਲਈ ਕੁੱਝ ਵੀ ਵਿਚਾਰ ਰੱਖਦਾ ਹੋਵੇ, ਉਹ ਮੇਰੇ ਬਾਪ ਦਾ ਤੇ ਮੇਰਾ ਬਹੁਤ ਕਦਰਦਾਨ ਹੈ। ਮੇਰਾ ਵੀ ਸੁਭਾਅ ਪੰਘਰ ਜਾਣ ਵਾਲ਼ਾ ਹੈ ਤੇ ਅੜਨ ਵਾਲ਼ਾ ਵੀ ਹੈ।

ਸਤਿਕਾਰਯੋਗ ਇੰਦਰਜੀਤ ਹਸਨਪੁਰੀ ਜੀ ਦਾ ਜਨਮ ਦਿਨ ਆ ਗਿਆ। ਬਹੁਤ ਸਾਲਾਂ ਤੋਂ ਸਰਬਜੀਤ ਵਿਰਦੀ ਅਤੇ ਮੋਹਨ ਹਸਨਪੁਰੀ ਦੀ ਤੀਬਰ ਇੱਛਾ ਸੀ ਕਿ ਉਹਨਾਂ ਦਾ ਜਨਮ ਦਿਨ ਮਨਾਇਆ ਜਾਵੇ….!

ਮੇਰੇ ਵੀਰ ਨੇ ਮੇਰਾ ਨਾਮ ਉਡੀਕਵਾਨਾਂ ਵਿੱਚ ਸਭ ਤੋਂ ਪਹਿਲਾਂ ਪਾ ਦਿੱਤਾ। ਉਹ ਅੜਨਾ ਵੀ ਜਾਣਦਾ ਹੈ ਤੇ ਭਿੜਨਾ ਵੀ ਪਰ ਕੁੱਝ ਲੋਕ ਉਸਨੂੰ ਨਿਵਾਉਣਾ ਚਾਹ ਲੈਂਦੇ ਨੇ ਤੇ ਫ਼ੇਰ ਉਹ ਅੜ ਜਾਂਦਾ ਹੈ, ਜਿਵੇਂ “ਪੰਜਾਬੀ ਟੈਂਅ ਨਾ ਮੰਨਣ ਕਿਸੇ ਦੀ।” ਮੈਂ ਬੜੀ ਕੋਸ਼ਿਸ਼ ਕੀਤੀ ਕਿ ਸਰਬਜੀਤ ਗੀਤਕਾਰੀ ਦੇ ਇਸ ਖੇਤਰ ਵਿੱਚ ਮੈਨੂੰ ਨਾ ਲਿਆਵੇ, ਪਰ ਉਹ ਮੇਰੇ ਪਿਆਰ ਤੇ ਪਰਿਵਾਰ ਦੀ ਸਾਹਿਤਕ ਦੇਣ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ…ਪਹਿਚਾਣਦਾ ਹੈ। ਉਸਨੇ ਬਹੁਤ ਸਾਰੇ ਲੋਕਾਂ ਵਾਂਗ ਮੇਰੇ ਪਿਤਾ ਦੀ ਕਾਬਲੀਅਤ ਦੀ ਥਾਹ ਪਾਈ ਹੋਈ ਹੈ, ਜੋ ਹਾਰੀ ਸਾਰੀ ਦਾ ਕੰਮ ਨਹੀਂ….!
19 ਸਤੰਬਰ 2022 ਆਇਆ, ਮੇਰੀ ਮਾਂ ਦੀ ਬਰਸੀ ਸੀ।

ਸਰਬਜੀਤ ਵਿਰਦੀ ਨੇ ਤਹੱਈਆ ਕੀਤਾ ਹੋਇਆ ਸੀ ਕਿ ਉਸਨੇ ਆਪਣੇ ਮਹਿਬੂਬ ਮੁਰਸ਼ਦ ਦਾ ਜਨਮ ਦਿਨ ਮਨਾਉਣਾ ਹੈ। ਉਸਨੇ ਮਨਾ ਲਿਆ। ਮੈਂ ਬਹੁਤ ਮਨ੍ਹਾਂ ਕੀਤਾ ਕਿ ਮੇਰਾ ਨਾਂ ਨਾ ਪਾ, ਜਾਂ ਮੈਨੂੰ ਦੱਸ ਕੇ ਪਾ। ਪਰ ਨਾ ਉਸਨੇ ਪੁੱਛਿਆ ਨਾ ਦੱਸਿਆ। ਇਸੇ ਨੂੰ ਪਿਆਰ, ਹੱਕ ਤੇ ਮਾਣ ਕਹਿੰਦੇ ਨੇ, ਉਹ ਕਹਿੰਦਾ, ”ਲਉ ਦੱਸੋ, ਹੁਣ ਤੁਹਾਨੂੰ ਦੱਸ ਕੇ ਨਾਂ ਪਾਉਣਾ ਤੁਹਾਡਾ ਭੈਣ ਜੀ!” ਮੈਂ ਚੁੱਪ ਹੋ ਗਈ ਤੇ ਉਸ ਨਾਲ਼ ਡਟ ਕੇ ਖੜ੍ਹ ਗਈ। ਪਰ ਸਮਝੌਤਾ ਕਿਤੇ ਨਹੀਂ …ਗੱਲ ਚਾਹੇ ਸਟੇਜ ਸਕੱਤਰੀ ਦੀ ਹੋਵੇ, ਚਾਹੇ ਸਮੋਸਿਆਂ ਦੀ ਹੋਵੇ, ਚਾਹੇ ਖ਼ਬਰ ਲਿਖਣ ਦੀ ਹੋਵੇ…
ਉੰਜ ਹੁਣ ਸਰਬਜੀਤ ਸਿੰਘ ਵਿਰਦੀ ਮੇਰਾ ਵੀਰ ਹੈ ਤੇ ਮੈਂ ਉਸ ਨਾਲ਼ ਡਟ ਕੇ ਖੜ੍ਹੀ ਹਾਂ, ਜ਼ਿੰਮੇਵਾਰੀ ਨਾਲ਼….!

ਜਲਦੀ ਹੀ #ਚਿੰਤਨਸ਼ੀਲ ਸਾਹਿਤਧਾਰਾ ਪੰਜਾਬ ਗੀਤਕਾਰ ਸਭਾ ਦੇ ਪ੍ਰਧਾਨ ਸਰਬਜੀਤ ਸਿੰਘ ਵਿਰਦੀ ਦਾ ਰੂਬਰੂ ਅਤੇ ਵਿਸ਼ੇਸ਼ ਸਨਮਾਨ ਕਰੇਗੀ!
ਸ਼ਿਵਮ ਸਤਿਅਮ ਸੁੰਦਰਮ!
***
888
***

mandeep Kaur