19 June 2024

ਮੇਰਾ ਹੱਕੀ ਚਾਨਣ—ਮਨਦੀਪ ਕੌਰ ਭੰਮਰਾ

ਮੇਰਾ ਹੱਕੀ ਚਾਨਣ—ਮਨਦੀਪ ਕੌਰ ਭੰਮਰਾ

ਮੇਰੇ ਕਦਮ ਹੁਣ ਨੰਨੇ ਜਾਂ ਕਮਜ਼ੋਰ ਨਹੀਂ
ਮੇਰੇ ਕਦਮ ਹੁਣ ਨਿੱਗਰ ਅਤੇ ਠੋਸ ਹਨ
ਮੇਰੀ ਸੋਚ ਵਿੱਚ ਹੁਣ ਮੇਰੇ ਨਿੱਗਰ
ਵਿਚਾਰਾਂ ਦਾ ਜਮਘਟਾ ਨਹੀਂ ਸਗੋਂ ਉੱਥੇ
ਸੁੰਗੜਦੀਆਂ ਅਤੇ ਫ਼ੈਲਦੀਆਂ ਹੋਈਆਂ ਤਰੰਗਾਂ ਨੇ
ਜਿੰਨਾਂ ਵਿੱਚੋਂ ਮੈਂ ਹੋਰ ਨਿਤਾਰਾ ਕਰ ਲੈਂਦੀ ਹਾਂ ਤੇ
ਉਹਨਾਂ ਵਿਚਾਰਾਂ ‘ਤੇ ਪਹਿਰਾ ਦਿੰਦੀ
ਅਤੇ ਫ਼ੇਰ ਮੈਂ ਸਾਬਤ-ਕਦਮੀਂ ਤੁਰਦੀ ਹਾਂ
ਸੋ, ਹੁਣ ਮੇਰੇ ਕਦਮ ਕਮਜ਼ੋਰ ਨਹੀਂ ਹਨ…

ਠੀਕ ਏਵੇਂ
ਮੇਰੇ ਰਾਹ ਹੁਣ ਮੇਰੇ ਤੋਂ ਅਣਜਾਣ ਨਹੀਂ
ਨਾ ਹੀ ਮੈਂ ਆਪਣੇ ਰਾਹਾਂ ਤੋਂ ਅਣਜਾਣ ਹਾਂ
ਹਾਂ ਏਨਾ ਜ਼ਰੂਰ ਹੈ ਕਿ
ਉਹਨਾਂ ਅਣਜਾਣੇ ਰਾਹਾਂ ‘ਤੇ ਤੁਰ ਕੇ ਹੀ ਮੈਂ
ਇਸ ਪੜਾਅ ‘ਤੇ ਪੁੱਜੀ ਹਾਂ
ਉਹਨਾਂ ਅਣਜਾਣੇ ਰਾਹਾਂ ਦੇ ਸਫ਼ਰ ਦੀਆਂ
ਬੇਅੰਤ ਯਾਦਾਂ, ਕੌੜੇ-ਮਿੱਠੇ ਤਜਰਬੇ ਅਤੇ
ਪੈਰੀਂ ਤੇ ਮਨ ਦੇ ਪੈਰੀਂ ਚੁੱਭੇ ਕੰਕਰ-ਪੱਥਰ
ਸਭ ਮੇਰੇ ਜ਼ਿਹਨ ਦੇ ਖੂੰਜਿਆਂ ਵਿੱਚ
ਖੰਡਰਾਤ ਬਣ ਸਾਂਭੇ ਪਏ ਹਨ
ਬੀਤੇ ਸਮੇਂ ਦੇ ਥੇਹਾਂ ਦੀ ਨਿਸ਼ਾਨਦੇਹੀ ਕਰਦੇ…

ਸਾਰੀਆਂ ਸੁਖਾਵੀਆਂ ਤੇ ਅਣਸੁਖਾਵੀਆਂ
ਅਭੁੱਲ ਯਾਦਾਂ ਨੂੰ ਦਰਕਿਨਾਰ ਕਰ
ਹੁਣ ਮੈਂ ਸਜੱਗ ਹੋ ਕੇ ਨਵੀਨ
ਰਾਹਾਂ ਦੀ ਰਾਹੀ ਬਣੀ ਹਾਂ
ਜਿੱਥੇ ਬੇਨਜ਼ੀਰ ਦੋਸਤੀ ਦੇ
ਆਕਾਸ਼ਚੁੰਭੀ ਗੁੰਬਦ
ਮੇਰੀ ਸੋਚ ਦੇ ਸ਼ਿੰਗਾਰ ਨੇ
ਇਨਸਾਨੀਅਤ ਦੇ ਅਰਥਭਰਪੂਰ ਤੱਤ
ਮੇਰੇ ਖ਼ਮੀਰ ਦਾ ਹਿੱਸਾ ਨੇ
ਤੇ ਮੇਰੇ ਮਾਣਮੱਤੇ ਕਦਮ
ਨਿੱਤਦਿਨ ਅਗਰਸਰ ਹੋਣ ਲਈ ਤਾਹੂ ਰਹਿੰਦੇ ਨੇ…

ਮੈਂ ਆਪਣੀ ਜ਼ਾਤ ਲਈ ਫ਼ਿਕਰਮੰਦ ਹਾਂ
ਮਾਸੂਮ ਬੱਚੀਆਂ ਲਈ ਮੋਹਵਾਨ ਹਾਂ
ਤੁਸੀਂ ਮੇਰੀ ਅੱਖ ਵਿੱਚ ਬੈਠੇ ਬਾਜ਼ ਨੂੰ ਪਛਾਣ ਲੈਣਾ
ਆਪਣੇ ਕਰਮਾਂ ਨੂੰ ਜਾਣ ਲੈਣਾ
ਚੰਗੇ ਕਰਮਾਂ ਦੀ ਪਛਾਣ ਕਰ ਲੈਣੀ
ਆਪਣਾ ਵੀ ਜਨਮ ਸੰਵਾਰ ਲੈਣਾ…

ਮੈਂ ਬਹੁਤ ਤਿੱਖਾ ਜਾਂ ਕੌੜਾ ਨਹੀਂ ਲਿਖਣਾ ਚਾਹੁੰਦੀ
ਸਗੋੰ ਮੈਂ ਤਾਂ ਸਹਿਜ ਪਰੇਮ ਦੇ ਮਾਰਗ
ਦੀ ਪਾਂਧੀ ਹੋਣਾ ਪਸੰਦ ਕਰਦੀ ਹਾਂ
ਮੈਂ ਨਿਰੋਲ ਅਖਾਉਤੀ
ਨਾਰੀਵਾਦੀ ਚੇਤਨਾ ਦੀ ਸਮਰਥਕ ਵੀ ਨਹੀੰ ਹਾਂ
ਸਗੋਂ ਸਮਾਜ ਦੇ ਸਾਵੇਂਪਣ ਵਿੱਚ ਯਕੀਨ ਰੱਖਦੀ ਹਾਂ…

ਇੱਕ ਗੱਲ ਜ਼ਰੂਰ ਆਖਾਂਗੀ
ਕਿ ਮੇਰੇ ਕਦਮ
ਕਿਸੇ ਪ੍ਰਵਾਨਗੀ ਦੇ ਮੁਥਾਜ ਨਹੀਂ ਹਨ
ਸਗੋਂ ਮੈਂ ਆਪਣੇ ਮਸਤਕੀ ਚਾਨਣ
ਦੀ ਸੇਧੇ ਤੁਰਨਾ ਪਸੰਦ ਕਰਦੀ ਹਾਂ
ਬੱਸ ਮੈਨੂੰ ਮੇਰੇ ਕਦਮਾਂ ਲਈ ਇਹ ਚਾਨਣ
ਮੁਬਾਰਕ ਹੋਵੇ
ਇਹ ਚਾਨਣ ਮੇਰਾ ਹੱਕੀ ਚਾਨਣ ਹੈ
ਸਾਰੇ ਹੱਕਾਂ ਤੋਂ ਨਿਛਾਵਰ
ਮੇਰਾ ਹੱਕੀ ਚਾਨਣ…!
*
”ਮੇਰੇ ਸੱਚ ਦੇ ਸਿਰਨਾਵੇਂ” ਵਿੱਚੋਂ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
917
***

About the author

mandeep Kaur
ਮਨਦੀਪ ਕੌਰ ਭੰਮਰਾ