“ਪੌਣਾਂ ਦੀ ਸਰਗਮ” |
ਇਸ ਪੁਸਤਕ-ਵਿਸ਼ਲੇਸ਼ਣ ਦੇ ਮੇਰੇ ਹਥਲੇ ਕਾਰਜ ਵਿੱਚ “ਪੌਣਾਂ ਦੀ ਸਰਗਮ” ਫ਼ੋਟੋ-ਕਲਾਵਾਨ ਅਤੇ ਕੁਦਰਤ-ਪ੍ਰੇਮੀ ਕਵਿੱਤਰੀ ਜਸ ਪ੍ਰੀਤ ਦੀ ਦੂਸਰੀ ਪੁਸਤਕ ਹੈ। “ਕਿਰਨਾਂ ਸੋਨ ਰੰਗੀਆਂ” ਉਸਦੀ 2018 ਵਿੱਚ ਛਪੀ ਪਹਿਲੀ ਪੁਸਤਕ ਸੀ। ਇਹ ਪੁਸਤਕ ਤਸਵੀਰਾਂ ਅਤੇ ਕਵਿਤਾਵਾਂ ਦਾ ਸੁਮੇਲ ਹੈ। ਇਹ ਤਸਵੀਰਾਂ ਜਸ ਪ੍ਰੀਤ ਦੀ ਫ਼ੋਟੋਜਨਕ ਦ੍ਰਿਸ਼ਟੀ ਸਦਕਾ ਕੈਮਰਾਬੱਧ ਕੀਤੀਆਂ ਗਈਆਂ ਹਨ। ਵਾਧਾ ਇਹ ਹੈ ਕਿ ਇਸ ਵਿੱਚਲੀਆਂ ਕਵਿਤਾਵਾਂ ਨੂੰ ਡਾਕਟਰ ਜਗਤਾਰ ਧੀਮਾਨ ਦੁਆਰਾ ਕਾਫ਼ੀ ਸ਼ਾਨਦਾਰ ਢੰਗ ਨਾਲ਼ ਅਨੁਵਾਦ ਕੀਤਾ ਹੈ। ਡਾਕਟਰ ਸੁਰਜੀਤ ਪਾਤਰ ਹੁਰਾਂ ਦੇ ਕਹਿਣ ਅਨੁਸਾਰ, ਇਸ ਤਰ੍ਹਾਂ ਆਮੋ ਸਾਹਮਣੇ ਦੋ ਭਾਸ਼ਾਵਾਂ ਨੂੰ ਰੱਖ ਕੇ ਇੱਕ ਤੋਂ ਦੂਸਰੀ ਦਾ ਅਨੁਵਾਦ ਕਰਨਾ ਆਪਣੇ ਆਪ ਵਿੱਚ ਬੜੀ ਜੁਰੱਅਤ ਦਾ ਕੰਮ ਹੈ। ਸੂਝਵਾਨ ਪਾਠਕਾਂ ਦੀ ਪੈਨੀ ਦ੍ਰਿਸ਼ਟੀ ਦਾ ਧਿਆਨ ਰੱਖਣਾ ਪੈਂਦਾ ਹੈ। ਕੁੱਲ ਮਿਲਾ ਕੇ ਇਹ ਆਖਾਂਗੀ ਕਿ ਡਾਕਟਰ ਧੀਮਾਨ ਹੁਰਾਂ ਨੇ ਆਪਣੇ ਤਜਰਬੇ ਸਦਕਾ ਜਸ ਪ੍ਰੀਤ ਦੀ ਕਵਿਤਾ ਦਾ ਵੱਧ ਤੋਂ ਵੱਧ ਪ੍ਰਮਾਣਿਕ ਅਨੁਵਾਦ ਕਰਨ ਦੀ ਯਥਾਸੰਭਵ ਕੋਸ਼ਿਸ਼ ਕੀਤੀ ਹੈ।
ਸਾਡੇ ਕਲਾਕਾਰ, ਕਵੀ, ਚਿੱਤਰਕਾਰ ਸਵਰਨਜੀਤ ਸਵੀ ਹੁਰਾਂ ਨੇ ਜਸ ਪ੍ਰੀਤ ਦੁਆਰਾ ਖਿੱਚੀਆਂ ਫ਼ੋਟੋਗ੍ਰਾਫ਼ਜ਼ ਨਾਲ਼ ਸੁੱਚਜੇ ਢੰਗ ਨਾਲ਼ ਡਿਜ਼ਾਈਨ ਕਰਕੇ ਸ਼ਾਨਦਾਰ ਦਿੱਖ ਪ੍ਰਦਾਨ ਕੀਤੀ ਹੈ। ਜਸ ਪ੍ਰੀਤ ਨੇ ਪੁਸਤਕ ਨੂੰ ਆਪਣੀ ਪਿਆਰੀ ਮਾਂ ਸਰਦਾਰਨੀ ਪ੍ਰਕਾਸ਼ ਕੌਰ ਅਤੇ ਪਿਆਰੀ ਬੇਟੀ ਗੁਰਲੀਨ ਦੇ ਨਾਮ ਕੀਤਾ ਹੈ। ‘ਐਸਥੈਟਿਕ ਪਬਲਿਸ਼ਰਜ਼’ ਦੁਆਰਾ ਪ੍ਰਕਾਸ਼ਿਤ 2021 ਵਿੱਚ ਛਪੀ ਇਹ ਵਿਲੱਖਣ ਦਿੱਖ ਵਾਲ਼ੀ ਪੁਸਤਕ ਹੈ। ਇਸ ਦੀ ਕੀਮਤ ਮਾਤਰ 380 ਰੁਪਏ ਹੈ। ਸਾਨੂੰ ਖ਼ਰੀਦ ਕੇ ਪੁਸਤਕਾਂ ਪੜ੍ਹਨ ਦੀ ਆਦਤ ਪਾ ਲੈਣੀ ਚਾਹੀਦੀ ਹੈ। ਪੁਸਤਕਾਂ ਸਾਡੇ ਪਰਿਵਾਰ ਦੀਆਂ ਹੋਰ ਕੀਮਤੀ ਵਸਤੂਆਂ ਵਾਂਗ ਸਾਡੇ ਘਰਾਂ ਦਾ ਸ਼ਿੰਗਾਰ ਹੋਣੀਆਂ ਚਾਹੀਦੀਆਂ ਹਨ। ਇਹ ਇੱਕ ਸਨਿਮਰ ਸੁਝਾਅ ਹੈ। ਉੰਜ ਪਹਿਲੀ ਨਜ਼ਰੇ ਦੇਖਿਆਂ ਇਹ ਪੁਸਤਕ ਤਸਵੀਰਾਂ ਦੀ ਪ੍ਰਦਰਸ਼ਨੀ ਜਾਪਦੀ ਹੈ। ਪਰ ਅਜਿਹਾ ਹਰਗਿਜ਼ ਨਹੀਂ ਹੈ ਕਿ ਇਹ ਕੇਵਲ ਤਸਵੀਰਕਸ਼ੀ ਹੀ ਹੈ, ਇਸ ਵਿੱਚ ਜਸ ਪ੍ਰੀਤ ਦੀਆਂ ਮੁੱਲਵਾਨ ਕਵਿਤਾਵਾਂ ਵੀ ਹਨ। ਜਸ ਪ੍ਰੀਤ ਸੁਹਜਵਾਨ ਹੈ ਅਤੇ ਸੂਝਵਾਨ ਕਵਿੱਤਰੀ ਹੋਣ ਦੀ ਪੂਰਣ ਸੰਭਾਵਨਾ ਰੱਖਦੀ ਹੈ। ਮੂਲ ਰੂਪ ਵਿੱਚ ਉਹ ਕਲਾ ਦੀ ਸੌਦਾਈ ਹੈ, ਉਹ ਕਲਾ ਜਿਹੜੀ ਸੰਪੂਰਨ ਬ੍ਰਹਿਮੰਡ ਵਿੱਚ ਥਾਂ ਪੁਰ ਥਾਂ ਫ਼ੈਲੀ ਹੋਈ ਹੈ। ਜਸ ਪ੍ਰੀਤ ਦੀ ਜਗਿਆਸੂ ਬਿਰਤੀ ਨੇ ਇਸ ਕਲਾ ਨੂੰ ਸਮਝਿਆ ਹੈ, ਸਿੱਖਿਆ ਹੈ ਅਤੇ ਆਪਣੇ ਉੱਦਮ ਨਾਲ਼ ਕੈਮਰੇ ਦੀ ਅੱਖ ਰਾਹੀਂ ਉਸਨੇ ਕੇਵਲ ਆਪ ਹੀ ਨਹੀੰ ਦੇਖਿਆ ਸਗੋੰ ਨਿੱਠ ਕੇ ਇਸ ਨੂੰ ਕਿਤਾਬੀ ਰੂਪ ਦੇ ਕੇ ਪਾਠਕਾਂ ਦੀ ਅਤੇ ਆਮ ਲੋਕਾਂ ਦੀ ਸੁਹਜ ਦੀ ਪ੍ਰਵਿਰਤੀ ਨੂੰ ਤ੍ਰਿਪਤ ਕਰਨ ਦਾ ਭਰਵਾਂ ਯਤਨ ਕੀਤਾ ਹੈ। ਉੱਦਮਤਾ ਹੀ ਮਨੁੱਖ ਦੇ ਸਦੀਵੀ ਇਤਿਹਾਸ ਦੇ ਗੌਰਵ ਦਾ ਬਾਇਸ ਬਣਦੀ ਹੈ। ਇਸ ਉੱਦਮ ਨੇ ਹੀ ਜਸ ਪ੍ਰੀਤ ਨੂੰ ਇਸ ਮੁਕਾਮ ਤੱਕ ਪੁਚਾਇਆ ਹੈ।ਇਸ ਪੁਸਤਕ ਦੇ ਛੋਟੇ ਜਿਹੇ ਸਵੈ-ਬਿਆਨ ਵਿੱਚ ਜਸ ਪ੍ਰੀਤ ਲਿਖਦੀ ਹੈ: ‘ਧਰਤੀ ਬ੍ਰਹਿਮੰਡ ਦਾ ਇੱਕ ਪਿੰਡ ਹੈ, ਪ੍ਰੀਤ ਇਸ ਬ੍ਰਹਿਮੰਡ ਦਾ ਗੀਤ ਹੈ। ਬਿਰਖ, ਬੂਟੇ, ਨਦੀਆਂ,ਝਰਨੇ, ਸੂਰਜ, ਚੰਨ, ਤਾਰੇ, ਜੀਵ ਜੰਤੂ, ਇਨਸਾਨ ਇਸ ਗੀਤ ਦੇ ਬੰਦ ਹਨ….ਮੇਰੀ ਲਿਖਣ ਪ੍ਰਕਿਰਿਆ ਵਿੱਚ ਕਵਿਤਾ ਉਦੋਂ ਆਉਂਦੀ ਹੈ ਜਦੋਂ ਮੈਂ ਕੁਦਰਤ ਦੇ ਨੇੜੇ ਆਉਂਦੀ ਹਾਂ। ਮੇਰੇ ਸਾਰੇ ਆਪੇ ਦਾ ਪ੍ਰਗਟਾਵਾ ਕੁਦਰਤ ਵਿੱਚੋਂ ਹੀ ਉਪਜਦਾ ਹੈ। ….’ ਜਸ ਪ੍ਰੀਤ ਦੇ ਅਨੁਸਾਰ, ਕੁਦਰਤ ਇਨਸਾਨ ਅੰਦਰ ਮੋਹ, ਮਮਤਾ, ਪਿਆਰ, ਮੁਹੱਬਤ ਅਤੇ ਸੁਹੱਪਣ ਦਾ ਅਹਿਸਾਸ ਜਗਾਉਂਦੀ ਹੈ। ਪੌਣਾਂ ਦੀ ਸਰਗਮ ਪਾਠਕਾਂ ਨੂੰ ਧਰਤੀ, ਪ੍ਰਕਿਰਤੀ ਅਤੇ ਜ਼ਿੰਦਗੀ ਨਾਲ਼ ਜੋੜਨ ਦੀ ਕੋਸ਼ਿਸ਼ ਹੈ। ਉਪਰੋਕਤ ਸਵੈ-ਕਥਨ ਤੋਂ ਜਸ ਪ੍ਰੀਤ ਦੀ ਰਚਨਾ-ਪ੍ਰਕਿਰਿਆ ਦਾ ਪਤਾ ਲੱਗਦਾ ਹੈ। ਉਸਦੇ ਕੁਦਰਤ ਪ੍ਰਤੀ ਅਤੇ ਨਿੱਜੀ ਹਾਵਾਂ ਭਾਵਾਂ ਨਾਲ਼ ਸੁੱਸਜਿਤ ਇਹ ਇੱਕ ਕਾਫ਼ੀ ਬੁੱਕ ਹੈ, ਜਿਸ ਦਾ ਸਾਈਜ਼ 10×10 ਹੈ। ਪਰ ਕਾਰਜ ਲਈ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ। ਇਸ ਤਰ੍ਹਾਂ ਦੀ ਨਵੀਨ ਕੋਸ਼ਿਸ਼ ਕਰਨੀ ਹੀ ਆਪਣੇ ਆਪ ਵਿੱਚ ਸਵੀ ਹੁਰਾਂ ਦੀ ਦ੍ਰਿਸ਼ਟੀ ਵਿੱਚ ਪੰਜਾਬੀ ਪੁਸਤਕ ਪ੍ਰਕਾਸ਼ਨ ਨੂੰ ਇੱਕ ਨਵਾਂ ਮੋੜ ਦੇਣ ਵਾਲ਼ੀ ਗੱਲ ਹੈ। ਆਰਟ ਪੇਪਰ ਉੱਤੇ ਕੰਮ ਕਰਨ ਨਾਲ਼ ਪੁਸਤਕ ਦੀ ਕੀਮਤ ਦੇ ਨਾਲ਼ ਗੁਣਵੱਤਾ ਵਿੱਚ ਵਾਧਾ ਤਾਂ ਕਰਦਾ ਹੈ, ਪਰ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਪੁਸਤਕ ਅੰਦਰਲਾ ਸਾਹਿਤ ਭਾਵ ਕਵਿਤਾ ਜਾਂ ਕੋਈ ਹੋਰ ਰੂਪ ਵਿਸ਼ੇਸ਼ ਬਣ ਜਾਂਦਾ ਹੋਵੇ। ਮੁੱਲ ਤਾਂ ਸੰਬਧਿਤ ਕਲਾ ਦਾ ਪੈਣਾ ਹੁੰਦਾ ਹੈ। ਸੋ, ਕਈ ਵਾਰ ਅਜਿਹੇ ਯਤਨ ਕੋਮਲ ਕਲਾਵਾਂ ਦੇ ਪੱਧਰ ‘ਤੇ ਨਿਗੂਣੇ ਰਹਿ ਜਾਂਦੇ ਹਨ, ਕੇਵਲ ਦਿੱਖ ਨਿਕਲ਼ ਕੇ ਸਾਹਮਣੇ ਆਉਂਦੀ ਹੈ। ਇਸ ਬਾਰੇ ਬੁੱਧੀਜੀਵੀ ਵਰਗ ਵਿੱਚ ਚਰਚਾ ਜ਼ਰੂਰ ਹੁੰਦੀ ਹੈ, ਭਾਵੇਂ ਅਗੁਣਾਤਮਕ ਹੋਵੇ। ਖ਼ੈਰ ਨਵੇਂ ਤਜਰਬੇ ਕਰਨੇ ਹੀ ਪੈਂਦੇ ਹਨ। ਨਿਸ਼ਚੇ ਹੀ ਆਰਥਿਕ ਪੱਖ ਪ੍ਰਭਾਵਿਤ ਹੁੰਦਾ ਹੈ ਪਰ ਤਬਦੀਲੀ ਕੁਦਰਤ ਦਾ ਨਿਯਮ ਹੈ। ਇਹ ਪੁਸਤਕ ਬਹੁਤ ਹੱਦ ਤੱਕ ਇੱਕ ਸਫ਼ਲ ਤਜਰਬਾ ਹੈ। ‘ਬਲਿਹਾਰੀ ਕੁਦਰਤ ਵਸਿਆ’ ਦੇ Conscept ਉੱਪਰ ਆਧਾਰਿਤ ਇਹ ਨਿਵੇਕਲਾ ਉੱਦਮ ਆਪਣਾ ਵੱਖਰਾ ਰੰਗ ਲੈ ਕੇ ਹਾਜ਼ਰ ਹੈ। ਡਾਕਟਰ ਸੁਰਜੀਤ ਪਾਤਰ ਜੀ ਇਸ ਪੁਸਤਕ ਦੇ ਕਵਰ ਪੇਜ ਉੱਪਰ ਲਿਖਦਿਆਂ, ਗੁਰਬਾਣੀ ਦਾ ਆਸਰਾ ਲੈਂਦੇ ਹਨ; ਉਹ ਲਿਖਦੇ ਹਨ: “ਗੁਰੂ ਨਾਨਕ ਦੇਵ ਜੀ ਦਾ ਮਹਾਂਵਾਕ ਹੈ— ਸੂਰਜ ਏਕੋ ਰੁੱਤ ਅਨੇਕ।। ….ਜਸ ਪ੍ਰੀਤ ਇਹਨਾਂ ਬਦਲਦੀਆਂ ਰੁੱਤਾਂ ਵਿੱਚ ਰੰਗ ਬਦਲਦੇ ਪੱਤਿਆਂ ਥਾਣੀਂ ਲੰਘਦੀ ਹਵਾ ਦੀ ਆਵਾਜ਼ ਨੂੰ ‘ਪੌਣਾਂ ਦੀ ਸਰਗਮ’ ਲਿਖਦੀ ਹੈ। ਉਹ ਕੁਦਰਤ ਦੇ ਦ੍ਰਿਸ਼ਾਂ ਨੂੰ ਏਨਾ ਪਿਆਰ ਕਰਦੀ ਹੈ ਕਿ ਅਕਸਰ ਉਹਨਾਂ ਨੂੰ ਘਰ ਲੈ ਆਉਂਦੀ ਹੈ। ਕਦੀ ਸ਼ਬਦਾਂ ਵਿੱਚ ਪਰੋ ਕੇ, ਕਦੀ ਕੈਮਰੇ ਵਿੱਚ ਲੁਕੋ ਕੇ। ਸੱਚ ਤਾਂ ਇਹ ਵੀ ਹੈ ਕਿ ਕੁਦਰਤ ਦੇ ਇਹ ਨਜ਼ਾਰੇ ਫੁੱਲ ਅਤੇ ਪੱਤੀਆਂ ਤਰੇਲ ਆਦਿਕ ਜਸ ਪ੍ਰੀਤ ਦੇ ਘਰ ਦੇ ਬਗੀਚੇ ਅਤੇ ਵਿਹੜੇ ਵਿੱਚ ਵੀ ਮੌਜੂਦ ਹਨ। ਉਸਦੇ ਦੱਸਣ ਅਨੁਸਾਰ ਉਸਦੀਆਂ ਫ਼ੋਟੋ ਵਿੱਚਲੇ ਬਹੁਤ ਫੁੱਲ ਜੇ ਬਾਹਰਲੀ ਪ੍ਰਕਿਰਤੀ ਅਤੇ ਯੂਨੀਵਰਸਿਟੀ ਦੀ ਦੇਣ ਹਨ ਤਾਂ ਇਹ ਉਸਦੇ ਘਰ ਦਾ ਸ਼ਿੰਗਾਰ ਵੀ ਰਹੇ ਹੁੰਦੇ ਹਨ। ਸੁਬਾਹ ਦੇ ਪਹੁਫ਼ੁਟਾਲੇ ਨਾਲ਼ ਸੂਰਜ ਦੀ ਪਹਿਲੀ ਕਿਰਨ ਹੀ ਉਸਦੇ ਕਲਾਮਈ ਮਨ ਨੂੰ ਤਰੰਗਿਤ ਕਰ ਦਿੰਦੀ ਹੈ ਤੇ ਫੇਰ ਉਹ ਕਿਸੇ ਯੋਗੀ ਵਾਂਗ ਨਿਰੰਤਰ ਸਵੇਰ-ਯਾਤਰਾ ਉੱਤੇ ਨਿਕਲ ਤੁਰਦੀ ਹੈ, ਕਦੇ ਕੈਮਰੇ ਸੰਗ ਅਤੇ ਕਦੇ ਘਰ ਆ ਕੇ ਮੁੜ ਕੈਮਰਾ ਚੁੱਕਣਾ ਪੈਂਦਾ ਹੈ। ਸਵਰਨਜੀਤ ਸਵੀ ਵੀ ਬੈਕ ਪੇਜ ਉਪੱਰ ਲਿਖਦੇ ਹਨ ਕਿ, “ਪੌਣਾਂ ਦੀ ਸਰਗਮ”, ਕਿਤਾਬ ਦੀਆਂ ਕਵਿਤਾਵਾਂ ਅਤੇ ਕੁਦਰਤ ਦੀ ਖ਼ੂਬਸੂਰਤੀ ਨਾਲ਼ ਲਬਰੇਜ਼ ਤਸਵੀਰਾਂ ਦੇਖਦਿਆਂ ਸਹਿਜੇ ਹੀ ਕਵੀ-ਫ਼ੋਟੋਕਾਰ ਜਸ ਪ੍ਰੀਤ ਦੇ ਨਿਰਮਲ ਮਨ ਦੀ ਲਹਿਰ ਤੁਹਾਡੇ ਮਨ ਨੂੰ ਛੂਹ ਜਾਂਦੀ ਹੈ। “ਪੌਣਾਂ ਦੀ ਸਰਗਮ” (Jingling Breezes) ਪੁਸਤਕ ਅੰਗਰੇਜ਼ੀ ਭੂਮਿਕਾ ਵਿੱਚ ਡਾਕਟਰ ਜਗਤਾਰ ਧੀਮਾਨ ਹੁਰੀਂ ਲਿਖਦੇ ਹਨ: “The content of her poems proves that she is the poetess of progressivity,positivity and nobility.Most of her poems carry message of hope and righteousness.I have very much enjoyed translating her poems… the book in hand ‘Jingling Breezes’ presenting the original Punjabi poem and it’s English translation face to face will make the book equally useful for Punjabi and English knowing readers.I wish Jas Preet a bright literary career ahead.. She has a potential for it !” ਇਸ ਪੁਸਤਕ ਤੋਂ ਪਹਿਲਾਂ ਜਸ ਪ੍ਰੀਤ ਦੀ 2018 ਵਿੱਚ ਆਈ ਪੁਸਤਕ “ਕਿਰਨਾਂ ਸੋਨ ਰੰਗੀਆਂ” ਹੈ। ਅਮਲਤਾਸ ਦੀ ਦੀਵਾਨੀ ਜਸ ਪ੍ਰੀਤ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਹਰਿਆਵਲ ਦਾ ਰੱਜ ਕੇ ਲਾਹਾ ਲਿਆ ਹੈ। ਉੱਥੇ ਵਸੀ ਕੁਦਰਤ ਨੂੰ ਉਸਨੇ ਮਾਣਿਆ ਹੈ। ਇਹ ਪੁਸਤਕ ਉਸਦੀ ਸੰਵੇਦਨਸ਼ੀਲਤਾ ਅਤੇ ਮਹੀਨ ਨਜ਼ਰ ਨਾਲ਼ ਕੈਮਰਾਬੱਧ ਕੀਤੇ , ਅਮਲਤਾਸ ਅਤੇ ਹੋਰ ਦਰਖ਼ਤਾਂ, ਫੁੱਲਾਂ, ਲਿੱਲੀ ਦੇ ਫੁੱਲਾਂ, ਗੁਲਾਬਾਂ, ਪੱਤਿਆਂ, ਸੂਰਜਾਂ, ਚਿੜੀਆਂ,ਮੋਰਾਂ, ਚੀਚ ਵਹੁਟੀਆਂ,ਦਰਿਆਵਾਂ, ਸੈਰਗਾਹਾਂ,ਜੜ੍ਹਾਂ, ਪਿੱਪਲ਼ਾਂ,ਮੋਮਬੱਤੀਆਂ, ਢਲ਼ਦੇ ਚੜ੍ਹਦੇ ਸੂਰਜਾਂ ਦੇ ਭਾਵਪੂਰਤ ਦ੍ਰਿਸ਼ਾਂ, ਬੱਦਲ਼ਾਂ, ਖੇਤਾਂ, ਸਬਜ਼ੀਆਂ, ਰੁੰਡ ਮਰੁੰਡ ਦਰਖ਼ਤਾਂ, ਕੁੱਝ ਦੇਰ ਤੱਕ ਝੜ ਜਾਣ ਵਾਲ਼ੇ ਪੱਤਿਆਂ, ਬਰਫ਼ ਨਾਂ ਦੇ ਫੁੱਲਾਂ, ਖੇਡਦੇ ਹੋਏ ਗ਼ਰੀਬ ਬੱਚਿਆਂ, ਮੋਮਬੱਤੀਆਂ, ਮਾਂ,ਅਤੇ ਮਾਂਵਾਂ ਵਰਗੀਆਂ ਦੋ ਔਰਤਾਂ, ਸੋਨਰੰਗੀਆਂ ਕਿਰਨਾਂ, ਚਿੱਕੜ ਵਿਚਲੇ ਪਾਣੀ ਵਿੱਚੋਂ ਸੂਰਜ ਦੇ ਅਕਸ ਆਦਿਕ ਦਾ ਸੱਚਿਤਰ ਅਤੇ ਕਾਵਿਕ ਸੰਗਮ ਹੈ। ਇਸਦੀ ਭੂਮਿਕਾ ‘ ਸ੍ਰਿਸ਼ਟੀ ਨੂੰ ਅਰਥ ਦੇਣ ਵਾਲ਼ੀ ਰਹੱਸਮਈ ਖੇਡ’ ਨਾਂ ਦੇ ਸਿਰਲੇਖ ਹੇਠ ਡਾਕਟਰ ਸੁਰਜੀਤ ਪਾਤਰ ਲਿਖਦੇ ਹਨ, “ਤਸਵੀਰਾਂ ਅਤੇ ਉਨ੍ਹਾਂ ਸਾਹਮਣੇ ਛਪੀਆਂ ਕਵਿਤਾਵਾਂ ਵਾਲੀ ਜਸ ਪ੍ਰੀਤ ਦੀ ਇਹ ਕਿਤਾਬ ਮੈਨੂੰ ਦੇਖਣ ਨੂੰ ਵੀ ਖ਼ੂਬਸੂਰਤ ਲੱਗੀ ਪਰ ਤਸਵੀਰਾਂ ਅਤੇ ਕਵਿਤਾਵਾਂ ਦੇ ਆਪਸੀ ਰਿਸ਼ਤੇ ਨੇ ਇਸ ਨੂੰ ਹੋਰ ਵੀ ਖ਼ੂਬਸੂਰਤ,ਦਿਲਚਸਪ ਅਤੇ ਸਾਰਥਕ ਬਣਾ ਦਿੱਤਾ ਮਿਸਾਲ ਦੇ ਤੌਰ ਤੇ ਇਸ ਪੁਸਤਕ ਦੇ ਪੰਨੇ 16-17 ਤੇ ਜਸ ਪ੍ਰੀਤ ਦੀ ਖਿੱਚੀ ਹੋਈ ਚੜ੍ਹਦੇ ਸੂਰਜ ਦੀ ਇੱਕ ਤਸਵੀਰ ਹੈ ਤੇ ਉਸ ਦੇ ਸਾਹਮਣੇ ਇਸ ਤਸਵੀਰ ਬਾਰੇ ਜਸ ਪ੍ਰੀਤ ਦੀ ਹੀ ਲਿਖੀ ਹੋਈ ਇੱਕ ਕਵਿਤਾ ਹੈ: ਰਾਤ ਦੀ ਕੁੱਖੋਂ ਉਗਮਦਾ ਇਹ ਪੁਸਤਕ ਜਸ ਪ੍ਰੀਤ ਦੀ ਖੁੱਲ੍ਹੀ ਅੱਖ ਨਾਲ਼ ਦੇਖਿਆ ਤੇ ਸਾਕਾਰ ਹੋਇਆ ਸੁਪਨਾ ਹੈ। ਸਾਰੇ ਸੁਪਨੇ ਪੂਰੇ ਹੋ ਜਾਣ ਤਾਂ ਖੁਸ਼ਕਿਸਮਤੀ ਹੁੰਦੀ ਹੈ। ਉਂਜ ਉਹ ਲਿਖਦੀ ਹੈ: ਸੁਪਨਿਆਂ ਦਾ ਕੀ ਹੈ ਜਸ ਪ੍ਰੀਤ ਕੋਲ਼ ਉਸਦੀ ਫ਼ੋਟੋਕਲਾ ਦੇ ਹੇਠ ਛੁਪਿਆ ਕਾਵਿਕ ਖ਼ਜ਼ਾਨਾ ਹੈ। ਅਸਲ ਵਿੱਚ ਇਹ ਉਸਦੀ ਦੋਹਰੀ ਪ੍ਰਾਪਤੀ ਹੈ। ਆਮ ਤੌਰ ‘ਤੇ ਕੋਈ ਫ਼ੋਟੋਗਰਾਫ਼ਰ ਹੁੰਦਾ ਹੈ ਅਤੇ ਕੋਈ ਕਵੀ। ਕਈ ਵਾਰ ਦੋਵੇਂ ਗੁਣ ਵੀ ਹੁੰਦੇ ਹਨ। ਪਰ ਜਸ ਪ੍ਰੀਤ ਦੇ ਮਾਮਲੇ ਵਿੱਚ ਵਾਧਾ ਇਹ ਹੈ ਕਿ ਉਸ ਕੋਲ਼ ‘ਸ਼ਿੱਦਤ’ ਵੀ ਹੈ, ‘ਜ਼ਿੱਦ’ ਵੀ ਹੈ, ਕੁੱਝ ਕਰ ਗੁਜ਼ਰਨ ਦੀ ਤਾਂਘ ਹੈ, ਸਵੈ ਭਰੋਸਾ ਅਤੇ ਦ੍ਰਿੜਤਾ ਹੈ, ਮੂਕ ਬਗ਼ਾਵਤ ਦੀ ਬਿਰਤੀ ਵੀ ਹੈ, ਸਹਿਣਸ਼ਕਤੀ ਵੀ ਹੈ, ਇੱਕ ਆਮ ਸਾਧਾਰਣ ਔਰਤ ਵਾਲ਼ੀ ਕੋਮਲ ਪਰ ਸਬਰਵਾਨ ਵੇਦਨਾ ਵੀ ਹੈ, ਪਰਿਵਾਰ ਦੀਆਂ ਬੰਦਸ਼ਾਂ ਵੀ ਸਹਿਣੀਆਂ ਪੈਂਦੀਆਂ ਹਨ, ਪਰ ਉਸਦੀ ਅੰਤਰੀਵ ਲਗਨ ਅਤੇ ਉਸਨੂੰ ਸਰਸਵਤੀ ਮਾਂ ਜਾਂ ਆਕਾਲ ਸ਼ਕਤੀ ਵੱਲੋਂ ਮਿਲ਼ਿਆ ਵਰਦਾਨ ਹੈ, ਜਿਸ ਨੂੰ ਫ਼ਰਜ਼ ਸਮਝ ਕੇ ਬੜੀ ਸ਼ਿੱਦਤ ਨਾਲ਼ ਨਿਭਾਅ ਰਹੀ ਹੈ। ਉਸਨੇ ਆਪਣੇ ਸਮਕਾਲੀ ਵੱਡੇ ਛੋਟੇ ਨੇੜਲੇ ਸਾਹਿਤਕਾਰਾਂ ਨੂੰ ਆਪਣੇ ਬਾਰੇ ਗੱਲ ਕਰਨ ਲਈ ਮਜਬੂਰ ਕਰ ਦਿੱਤਾ ਹੈ। ਮੈਂ ਉਸਨੂੰ ਪੁੱਛਦੀ ਹਾਂ , ਇਹ ਸੋਚ ਮੇਰੇ ਪਿਤਾ ( ਡਾਕਟਰ ਆਤਮ ਹਮਰਾਹੀ) ਹੁਰਾਂ ਦੀ ਦੇਣ ਹੈ। ਉਹ ਲਿਖਦੇ ਨੇ, ਜਾਂ ” ਸੜਕ ਤੇ ਤੁਰਨਾ ਵੀ ਕੀ ਮਰਦਾਨਗੀ ਉਹ ਫ਼ਿਰ ਲਿਖਦੇ ਨੇ, ਜਸ ਪ੍ਰੀਤ ਦੀ ਕਾਵਿ-ਸਿਰਜਣਾ ਦੇ ਇਸ ਸਫ਼ਰ ਵਿੱਚ ਉਹ ਨਿੱਕੇ ਨਿੱਕੇ ਪਰ ਨਿੱਗਰ ਕਦਮ ਭਰਦੀ ਤੁਰ ਰਹੀ ਹੈ। ਸਮਾਜ ਵਿੱਚ ਵਿਚਰਦਿਆਂ ਜਿਹੜੀਆਂ ਕੁੜੀਆਂ ਦੇ ਸੁਪਨੇ ਹੱਥ ਵਿੱਚ ਫੜੀ ਰੇਤ ਵਾਂਗ ਕਿਰ ਜਾਂਦੇ ਹਨ, ਉਹਨਾਂ ਨੂੰ ਜਸ ਪ੍ਰੀਤ ਨੇ ਨਵਾਂ ਰਾਹ ਦਿਖਾਇਆ ਹੈ, ਕਿ ਕਿਵੇਂ ਤੇ ਕਿਸੇ ਵੀ ਉਮਰ ਕਾਮਯਾਬ ਹੋਇਆ ਜਾ ਸਕਦਾ ਹੈ। ਉਹ ਲਿਖਦੀ ਹੈ: …ਮੇਰੇ ਚਿੱਤ-ਚੇਤਿਆਂ ਵਿੱਚ ਮੋਏ ਹੋਏ ਸੁਪਨਿਆਂ ਦੀਆਂ ਜਸ ਪ੍ਰੀਤ ਕੋਲ਼ ਪੰਜਾਬੀ ਮਾਂ ਬੋਲੀ ਦਾ ਬਹੁਤ ਵਧੀਆ ਸ਼ਬਦ ਭੰਡਾਰ ਹੈ। ਉਸਦੇ ਸ਼ਬਦਾਂ ਵਿੱਚ ਸੱਭਿਆਚਾਰਿਕ ਰਵਾਨਗੀ ਹੈ, ਬਹੁਤ ਹੱਦ ਤੱਕ ਆਮ ਜਨ ਜੀਵਨ ਵਿੱਚ ਵਰਤੇ ਜਾਣ ਵਾਲ਼ੇ ਸ਼ਬਦ ਹਨ , ਕਮਾਲ ਦੇ ਖ਼ੂਬਸੂਰਤ ਬਿੰਬ ਅਤੇ ਚਿਹਨ ਹਨ, ਜਿੰਨ੍ਹਾਂ ਨਾਲ਼ ਉਸ ਦੀ ਕਵਿਤਾ ਸ਼ਿੰਗਾਰੀ ਜਾਂਦੀ ਹੈ। ਇਸ ਕਿਤਾਬ ਦੀਆਂ ਦੇ ਨਾਮ ਨਹੀਂ ਹਨ। ਕਾਰਣ ਇਹ ਕਿ ਇਹ ਕਵਿਤਾ ਕੁਦਰਤ ਦ ਖੁੱਲ੍ਹੇ ਡੁੱਲ੍ਹੇ ਵਰਤਾਰੇ ਦਾ ਪ੍ਰਤੀਕਰਮ ਅਤੇ ਲੈਅਬੱਧ ਪ੍ਰਗਟਾਵਾ ਹੈ। ਬਿਨਾਂ ਕਿਸੇ ਰੋਕ ਟੋਕ ਦੇ ਵਿੱਚਰਦੀ ਕੁਦਰਤ ਕਵਿਤਾ ਦੇ ਸਿਰਲੇਖਾਂ ਵਿੱਚ ਕੈਦ ਨਾ ਹੋ ਕੇ ਰਹਿ ਜਾਵੇ, ਇਸ ਲਈ ਅਜਿਹਾ ਕੀਤਾ ਗਿਆ ਹੈ। ਉਂਜ ਇਹ ਕੋਈ ਇੱਕੋ ਲੰਮੀ ਕਵਿਤਾ ਨਹੀਂ ਹੈ। ਪਾਠਕ ਨੂੰ ਕੁੱਝ ਅਜੀਬ ਲੱਗ ਸਕਦਾ ਹੈ , ਪਰ ਇਸ ਗੱਲ ਦੇ ਪਿੱਛੇ ਇਹੀ ਵਿਚਾਰ ਹਨ। ਫ਼ਲਾਵਰ ਸ਼ੋ ਵੇਖਦਿਆਂ ਫ਼ਲਾਵਰ ਸ਼ੋਅ ਬਾਰੇ ਕਵਿਤਾ ਕਵਿੱਤਰੀ ਦੀ ਸੰਵੇਦਨਸ਼ੀਲਤਾ ਦਾ ਸਿਖਰ ਹੈ। ਉਹ ਦੱਸਦੀ ਹੈ ਕਿ ਕਿਵੇਂ ‘ਫਲਾਵਰ ਸ਼ੋਅ’ ਦੇ ਨਾਂ ‘ਤੇ ਫ਼ੁੱਲਾਂ ਦੇ ਬੂਟਿਆਂ ਦੀ ਦੁਰਗਤੀ ਹੁੰਦੀ ਹੈ । ਜਸ ਪ੍ਰੀਤ ਅਜਿਹੀ ਕਿਸੇ ਵੀ ਤਰ੍ਹਾਂ ਦੀ ਮੁਕਾਬਲੇਬਾਜ਼ੀ ਨੂੰ ਮੁੱਢੋਂ ਨਕਾਰਦੀ ਹੈ, ਜਿਹੜੇ ਕੋਮਲ ਫ਼ੁੱਲਾਂ ਦੀ ਅਜਿਹੀ ਮਾੜੀ ਹਾਲਤ ਲਈ ਜ਼ਿੰਮੇਵਾਰ ਬਣਦੇ ਹਨ। ਉਹ ਫ਼ੁੱਲਾਂ ਨੂੰ ਕੁਦਰਤ ਦੇ ਪੈਗ਼ੰਬਰ ਸਮਝਦੀ ਹੈ ਅਤੇ ਇਨ੍ਹਾਂ ਨੂੰ ਨਾ ਤੋੜਣ ਦਾ ਸੁਨੇਹਾ ਦਿੰਦੀ ਹੈ। ਇਸ ਤਰ੍ਹਾਂ ਅਨੂਠੀ ਪ੍ਰਤਿਭਾ ਵਾਲ਼ੀ ਸਾਡੀ ਇਹ ਤਸਵੀਰਕਾਰ ਕਵਿੱਤਰੀ ਫੁੱਲਾਂ ਦਾ ਮਨੋਵਿਗਿਆਨ ਸਮਝਦੀ ਹੈ। ਫ਼ਲਾਵਰ ਸ਼ੋਅ ਦੇ ਸੰਦਰਭ ਵਿੱਚ ਜਸ ਪ੍ਰੀਤ ਦਾ ਕਹਿਣਾ ਹੈ ਕਿ ਫ਼ੁੱਲਾਂ ਦੀ ਸਾਂਭ ਸੰਭਾਲ਼ ਦਾ ਖ਼ਾਸ ਧਿਆਨ ਰੱਖਿਆ ਜਾਵੇ, ਉਹਨਾਂ ਨੂੰ ਕਾਨਿਆਂ ਸੇਬਿਆਂ ਨਾਲ਼ ਬੰਨ੍ਹਣ ਦੀ ਬਜਾਇ ਉਹਨਾਂ ਨੂੰ ਸਵੈ ਪ੍ਰਫੁੱਲਿਤ ਹੋਣ ਦੇਣਾ ਚਾਹੀਦਾ ਹੈ, ਫ਼ੁੱਲ ਆਖ਼ਿਰ ਸਜੀਵ ਹੁੰਦੇ ਹਨ। ਫ਼ੁੱਲਾਂ ਵਰਗੀ: ਪਵਿੱਤਰ ਸਾਦਗੀ ਉਸਦੀ ਕਵਿਤਾ ਦਾ ਗਹਿਣਾ ਹੈ। ਉਸਦੀ ਕਵਿਤਾ ਆਪਮੁਹਾਰੀ ਜਿਹੀ ਰਵਾਨਗੀ ਹੈ, ਕੋਮਲ ਕੱਚੀ ਤੇ ਹਰੀ ਕਚੂਰ ਲਗਰ ਵਰਗੀ ਲਚਕ ਹੈ, ਕੋਮਲ ਪੱਤੀਆਂ ਵਰਗੀਆਂ ਉਸਦੀਆਂ ਕਵਿਤਾ ਦਾ ਕਰੂਰਾ ਹੈ। ਉਹ ਕਵਿਤਾ ਨੂੰ ਬਾਰ ਬਾਰ ਤਰਾਸ਼ਦੀ ਜਾਂ ਸੋਧਦੀ ਨਹੀੰ , ਸਗੋੰ ਕਵਿਤਾ ਜਿਸ ਰੂਪ ਵਿੱਚ ਉਸਨੂੰ ਉੱਤਰਦੀ ਹੈ, ਉਸੇ ਰੂਪ ਵਿੱਚ ਉਸਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕਰਨ ਨੂੰ ਤਰਜੀਹ ਦਿੰਦੀ ਹੈ। ਇਸ ਨੂੰ ਉਸਦਾ ਸਟਾਈਲ ਜਾਂ ਸ਼ੈਲੀ ਕਿਹਾ ਜਾ ਸਕਦਾ ਹੈ। ਮੈਂ ਅਕਸਰ ਲਿਖਦੀ ਕਿ ਜੌਹਨ ਕੀਟਸ ਲਿਖਦਾ ਹੈ, ” ਸ਼ੈਲੀ ਹੀ ਮਨੁੱਖ ਹੈ।” ‘ਮਨੁੱਖ ਆਪਣੇ ਕੰਮਾਂ ਤੋਂ ਪਛਾਣਿਆਂ ਜਾਂਦਾ ਹੈ ਅਤੇ ਆਪਣੀ ਲਿਖਣਕਲਾ ਤੋਂ ਜਾਣਿਆ ਜਾਂਦਾ ਹੈ।’ ਸੋ, ਜਸ ਪ੍ਰੀਤ ਦੀ ਸਮੁੱਚੀ ਕਾਰਜ ਸ਼ੈਲੀ ਉਸਦੇ ਵਿਅਕਤੀਤਵ ਦਾ ਪ੍ਰਮਾਣਿਕ ਪ੍ਰਗਟਾਵਾ ਹੈ। ਮੈੰ ਪਹਿਲਾਂ ਵੀ ਲਿਖ ਚੁੱਕੀ ਹਾਂ ਕਿ ਸੂਰਜ ਦੀ ਪਹਿਲੀ ਕਿਰਨ ਨਾਲ਼ ਹੀ ਜਸ ਪ੍ਰੀਤ ਕੁਦਰਤ ਦੇ ਸਨਮੁੱਖ ਹੋ ਜਾਂਦੀ ਹੈ।ਸੂਰਜ ਦੇ ਮੱਥੇ ਲੱਗਦਿਆਂ ਉਹ ਅਪਾਰ ਖੁਸ਼ੀ ਦਾ ਅਨੁਭਵ ਕਰਦੀ ਹੈ। ਸੂਰਜ ਦੀਆਂ ਦੈਵੀ ਪ੍ਰਕਾਸ਼ਵਾਨ ਕਿਰਨਾਂ ਉਸਦੇ ਅੰਤਰਮਨ ਵਿੱਚ ਪ੍ਰਵੇਸ਼ ਪਾ ਜਾਂਦੀਆਂ ਹਨ, ਤੇ ਉਹ ਇਸ ਅਜ਼ੀਮ ਕਰਤਾਰੀ ਸ਼ਕਤੀ ਦੇ ਵਾਰੀ ਜਾਂਦੀ ਹੈ ਜਦ ਲਿਖਦੀ ਹੈ: ਸੂਰਜ ਜਦ ਚੜ੍ਹਦਾ ਹੈ ਡਾਕਟਰ ਜਗਤਾਰ ਧੀਮਾਨ ਇਸ ਦਾ ਅਨੁਵਾਦ ਇਸ ਤਰ੍ਹਾਂ ਕਰਦੇ ਹਨ: The rising Sun ਸੂਰਜ ਦੀ ਅਪਾਰ, ਰੌਸ਼ਨੀ ਅਤੇ ਕਰਤਾਰੀ ਪ੍ਰਭੁਤਾ ਨੂੰ ਸਲਾਮ ਕਰਦੀ ਇਹ ਕਵਿਤਾ ‘ਗਾਗਰ ਵਿੱਚ ਸਾਗਰ’ ਦਾ ਹੁਨਰ ਹੈ, ਅੱਗੋਂ ਉਹ ਲਿਖਦੀ ਹੈ: ਕਿਰਨ ਤੇਰੀ ਨੂੰ ਮੱਥੇ ਲਾਉਣਾ ਇੰਜ ਕੁਦਰਤ ਨਾਲ਼ ਅਠਖੇਲੀਆਂ ਕਰਦੀ ਕੁਦਰਤ ਰਾਣੀ ਦੀ ਗੋਦ ਵਿੱਚ ਖੇਡਾਂ ਖੇਡਦੀ ਇੱਕ ਅਲਬੇਲੀ ਨਾਰ ਹੈ, ਸਾਡੀ ਫ਼ੋਟੋਕਲਾਵਾਨ। ਮੈਂ ਸਮਝਦੀ ਹਾਂ ਕਿ ਜਸ ਪ੍ਰੀਤ ਜਿਸ ਮਾਹੌਲ ਵਿੱਚ ਰਹੀ, ਖ਼ਾਸ ਕਰ ਯੂਨੀਵਰਸਿਟੀ ਲੁਧਿਆਣਾ ਦੇ ਪਰਿਸਰ ਵਿੱਚ ਵਿੱਚਰਦਿਆਂ ਸੈਰ ਕਰਦਿਆਂ, ਉਸਦੇ ਅੰਦਰ ਕਵਿਤਾ ਦੇ ਸੋਮੇ ਫ਼ੁੱਟੇ, ਫ਼ੋਟੋਗ੍ਰਾਫ਼ੀ ਦਾ ਸ਼ੌਕ ਉਮੜਿਆ। ਮੈਨੂੰ ਵੀ ਬਚਪਨ ਵਿੱਚ ਆਪਣੇ ਪਿਤਾ ਸਦਕਾ ਉਹ ਨਜ਼ਾਰੇ ਦੇਖਣ ਨੂੰ ਮਿਲ਼ੇ ਸਨ। ਭਾਂਤ ਭਾਂਤ ਦੇ ਰੰਗਾਂ ਦੇ ਗੁਲਾਬ ਖਿੜੇ ਮੈਂ ਵੀ ਦੇਖੇ ਮਾਣੇ ਹਨ। ‘ਅਮਲਤਾਸ ਰੋਡ’ ਦਾ ਨਜ਼ਾਰਾ ਦੇਖਿਆ ਹੈ। ਮੇਰੇ ਸਤਿਕਾਰਯੋਗ ਮੈਡਮ ਡਾਕਟਰ ਦਵਿੰਦਰ ਦੀਪ ਹੁਰਾਂ ਦਾ ਘਰ ਇਸੇ ਅਮਲਤਾਸ ਰੋਡ ‘ਤੇ ਸੀ। ਇਸ ਸਭ ਦਾ ਜ਼ਿਕਰ ਕਰਦਿਆਂ ਡਾਕਟਰ ਮੁਹਿੰਦਰ ਸਿੰਘ ਰੰਧਾਵਾ ਜੀ ਦੀ ਕਾਰਜ ਸ਼ੈਲੀ ਉੱਤੇ ਮਾਣ ਹੁੰਦਾ ਹੈ। ਅੱਜ ਜੇ ਉਹ ਸਾਡੇ ਵਿਚਕਾਰ ਹੁੰਦੇ ਤਾਂ ਜਸ ਪ੍ਰੀਤ ਦੀ ਇਸ ਲਗਨ ਲਈ ਉਸ ਨੂੰ ਜ਼ਰੂਰ ਬਣਦਾ ਮਾਣ ਦਿੰਦੇ। ਹੁਣ ਵੀ ਉਸਦਾ ਕੁੱਝ ਨਾ ਕੁੱਝ ਯੂਨੀਵਰਸਿਟੀ ਵਿੱਚ ਪਿਆ ਹੋਵੇਗਾ, ਕੋਈ ਨਾ ਕੋਈ ਤਸਵੀਰ ਆਦਿਕ। ਜਸ ਪ੍ਰੀਤ ਇੱਥੋਂ ਹੀ ਅਮਲਤਾਸ ਦੇ ਫ਼ੁੱਲਾਂ ਦੀ ਦੀਵਾਨੀ ਬਣ ਗਈ। ਉਹ ਅਮਲਤਾਸ ਦੀ ਸ਼ੌਦਾਈ ਹੈ। ਅਮਲਤਾਸ ਦੇ ਪੀਲ਼ੇ ਫੁੱਲ ਜਦੋਂ ਖਿੜਦੇ ਹਨ ਤਾਂ ਉਸਦੀ ਜਿੰਦ ਕੱਢ ਲੈਂਦੇ ਹਨ। ਅਮਲਤਾਸ ਖਿੜਿਆ ਤਾਂ ਬਹੁਤਿਆਂ ਨੇ ਦੇਖਿਆ ਹੋਵੇਗਾ, ਪਰ ਜਸ ਪ੍ਰੀਤ ਦੀ ਨਜ਼ਰ ਵਾਂਗ ਨਹੀਂ ਦੇਖਿਆ ਹੋਣਾ। ਜੇਠ ਹਾੜ੍ਹ ਦੀਆਂ ਧੁੱਪਾਂ ਸਹਿ ਕੇ ਖਿੜਦਾ ਹੈ ਅਮਲਤਾਸ ਤਾਂ ਉਹ ਲਿਖਦੀ ਹੈ: ਸੌਖਾ ਨਹੀਂ ਹੁੰਦਾ ਅਮਲਤਾਸ ਹੋ ਜਾਣਾ ਪਿਆਰੇ ਅਮਲਤਾਸ ਇੰਜ ਅਮਲਤਾਸ ਦੇ ਫ਼ੁੱਲਾਂ ਦੇ ਕਲੀਰੇ, ਝੁਮਕੇ, ਮਾਲਾ, ਗਜਰਾ, ਪਹਿਨਦੀ, ਪਚਰਦੀ, ਆਪ ਹੀ ਅਮਲਤਾਸ ਹੋ ਜਾਂਦੀ ਹੈ, ਜਦੋਂ ਉਹ ਬੜੇ ਮਾਣ ਨਾਲ਼ ਦੱਸਦੀ ਹੈ ਕਿ ਮੈਂ ਇੰਨੇ ਬੂਟੇ ਉਗਾ ਕੇ ਵੰਡ ਚੁੱਕੀ ਹਾਂ। ਲੱਗਭਗ 250 ਦੇ ਕਰੀਬ ਬੂਟੇ ਤਿਆਰ ਕਰ ਕੇ ਉਹ ਵੰਡ ਚੁੱਕੀ ਹੈ। ਵਾਤਾਵਰਣ ਪ੍ਰਤੀ ਸੁਚੇਤ ਸਮਾਜ ਵਿੱਚ ਸੁਹਜ ਅਤੇ ਸੁਹੱਪਣ ਦੀ ਪ੍ਰਵਿਰਤੀ ਦਾ ਸੁਨੇਹਾ ਫੈਲਾਉਣਾ ਚਾਹੁੰਦੀ ਹੈ। ਕੈਮਰਾ ਚੁੱਕ ਕੇ ਘੁੰਮਦੀ ਉਹ ਪਾਪੂਲਰ ਦੀਆਂ ਅਸਮਾਨ ਛੋਂਹਦੀਆਂ ਟੀਸੀਆਂ ਨੂੰ ਨਿਹਾਰਦੀ ਹੈ, ਕਦੇ ਕਣਕ ਦੀਆਂ ਬੱਲੀਆਂ ਵਿੱਚੋਂ ਦੁੱਧ ਵਰਗੇ ਮਿੱਠੇ ਦਾਣੇ ਕੱਢ ਕੇ ਖਾਂਦੀ ਹੈ। ਜਿਵੇਂ ਨਿੱਕੀ ਜਿਹੀ ਬਾਲੜੀ ਹੋਵੇ। ਪਰ ਜ਼ਿੰਦਗੀ ਉਸਨੂੰ ਬੁਝਾਰਤ ਜਾਪਦੀ ਹੈ। ਉਸ ਦੀਆਂ ਕਵਿਤਾਵਾਂ ਵਿੱਚ ਪ੍ਰੇਮ ਦੀ ਦੀਵਾਨਗੀ ਹੈ ਪਰ ਇਹ ਦੀਵਾਨਗੀ ਕੁਦਰਤ ਨਾਲ਼ ਹੈ, ਫ਼ੁੱਲਾਂ ਨਾਲ਼ ਹੈ। ਖ਼ਾਮੋਸ਼ ਪ੍ਰੀਤ ਦੇ ਵਲਵਲੇ, ਕੁੱਝ ਸਵਾਲ ਉਸਦੇ ਮਨ ਮਸਤਕ ਖੁਣੇ ਹੋਏ ਹਨ ਅਤੇ ਆਪਣੀ ਪਛਾਣ ਦੀ ਤਲਾਸ਼ ਵਿੱਚ ਹੈ: ਤੂੰ ਮੇਰਾ ਵਜੂਦ ਫੇਰ ਇੱਕ ਥਾਂ ਆਖਦੀ ਹੈ: ਜੇ ਤੂੰ ਸਵਾਲ ਦੇ ਜਵਾਬ ਦਾ ਫੁੱਲਾਂ ਦੇ ਵਿੱਚ ਘਿਰੀਆਂ ਉਸਦੀਆਂ ਕਵਿਤਾਵਾਂ ਉਸ ਦੀ ਅਮੋੜ ਲਗਨ ਦੀ ਸਾਖੀ ਭਰਦੀਆਂ ਹਨ। ਔਰਤ ਦੇ ਅੰਦਰਲੀ ਟੁੱਟ ਭੱਜ, ਮਾਨਸਿਕ ਪੀੜਾ ਦੇ ਬਾਵਜੂਦ ਉਸ ਦੀ ਜ਼ਿੰਦਾ-ਦਿਲੀ ਦੀਆਂ ਪ੍ਰਤੀਕ ਹਨ। ਉੱਦਮ, ਹਿੰਮਤ ਅਤੇ ਘਾਲਣਾ ਜੋ ਉਸਦੇ ਹਿੱਸੇ ਆਈ ਹੈ, ਉਹ ਬੇਮਿਸਾਲ ਹੈ। ਭਾਵੇਂ ਅੱਥਰੂ ਦੀ ਆਤਮ ਕਥਾ ਹੋਵੇ ਪਰ ਨੈਣਾਂ ਵਿੱਚ ਰੁਸ਼ਨਾਈ ਹੈ। ਉਸ ਦੀ ਅੰਦਰਲੀ ਕੁਦਰਤ ਨਾਲ਼ ਜੁੜੀ ਚੇਤਨਾ ਨੂੰ ਬਦਲਦੇ ਮੌਸਮਾਂ ਦਾ ਅਹਿਸਾਸ ਹੈ। ਅਹਿਸਾਸ ਤਾਂ ਸਭ ਨੂੰ ਹੁੰਦਾ ਪਰ ਕਲਾਕਾਰ ਕੋਈ ਕੋਈ ਹੁੰਦਾ ਹੈ। ਉਸਨੇ ਇਲੈਕਟਰਾਨਿਕ ਇੰਜਨੀਅਰਿੰਗ ਤੱਕ ਦੀ ਪੜ੍ਹਾਈ ਕੀਤੀ ਪਰ ਉਹ ਇੱਕ ਕਵਿੱਤਰੀ ਹੋ ਨਿੱਬੜੀ ਹੈ। ਮਾਂ ਦੀ ਮਮਤਾ ਵਿੱਚ ਆਸਥਾ ਰੱਖਣ ਵਾਲ਼ੀ ਜਸ ਪ੍ਰੀਤ ਮਾਂ ਦੀਆਂ ਦੁਆਵਾਂ ਨੂੰ ਬੇਸ਼ਕੀਮਤੀ ਸਮਝਦੀ ਹੈ: ਉਸ ਕਿਹਾ ਗਾਉਣ ਦਾ ਸ਼ੌਕ ਰੱਖਣ ਵਾਲ਼ੀ ਇਹ ਕੁੜੀ ਗੀਤਾਂ ਵਰਗੇ ਬੋਲ ਆਪਣੀ ਕਵਿਤਾ ਵਿੱਚ ਵੀ ਸਿਰਜਦੀ ਹੈ: ਬੱਦਲ਼ਾਂ ‘ਚੋਂ ਚੰਨ ਤੱਕਦਾ ਆਪਣੇ ਗਵਾਚੇ ਜਾਂ ਅਧੂਰੇ ਸੁਪਨਿਆਂ ਨੂੰ ਹਰ ਮਾਂ ਵਾਂਗ ਆਪਣੀ ਬੱਚੀ ਰਾਹੀਂ ਪੂਰਾ ਕਰ ਕੇ ਆਪਣੇ ਆਪ ਨੂੰ ਤ੍ਰਿਪਤ ਮਹਿਸੂਸ ਕਰਦੀ ਹੈ। ਯੁੱਗਾਂ ਤੋਂ ਔਰਤ ਆਪਣੇ ਜੀਵਨ ਦਾ ਮਕਸਦ ਤਲਾਸ਼ ਰਹੀਆਂ ਹਨ। ਬੜੀ ਦਵੰਧਾਤਮਿਕ ਸਥਿਤੀ ਵਿੱਚੋਂ ਗੁਜ਼ਰਦੀ ਕੋਈ ਵੀ ਜ਼ਹੀਨ ਔਰਤ ਆਪਣੇ ਮਕਸਦ ਤਲਾਸ਼ਦੀ ਰਹਿੰਦੀ ਹੈ। ਜਸ ਪ੍ਰੀਤ ਦੀ ਕਵਿਤਾ ਇਸ ਤਲਾਸ਼ ਦੀ ਕਵਿਤਾ ਹੈ। ਸਮਿਆਂ ਦੇ ਪਾਰ ਦੇਖਦੀ ਉਸਦੀ ਸਾਧਾਰਣ ਜਿਹੀ ਚੇਤਨਾ ਤਿੱਖੀ ਹੋਣ ਦੇ ਆਹਰ ਵਿੱਚ ਹੈ। ਇੱਥੇ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ‘ਗੁਰੂ ਬਿਨੁ ਗਤ ਨਹੀਂ ਹੁੰਦੀ ।’ ਖੇਤਰ ਚਾਹੇ ਕੋਈ ਵੀ ਹੋਵੇ। ਸਵੈ ਵਿਸ਼ਵਾਸ ਦੇ ਅਬੋਧ ਦਿਸਹੱਦੇ ਠੋਕਰ ਵੀ ਦਿਸਦੇ ਹਨ ਅਤੇ ਨਿਰਾਸ਼ਾ ਵੀ। ਇਸ ਸਥਿਤੀ ਵਿੱਚੋਂ ਕਾਮਲ ਅਤੇ ਪੂਰਾ ਗੁਰੂ ਹੀ ਕੱਢ ਸਕਦਾ ਹੈ। ਸ਼ਾਇਦ ਉਸਨੇ ਕੁਦਰਤ ਨੂੰ ਹੀ ਗੁਰੂ ਮੰਨ ਲਿਆ ਹੈ। ਸੱਜਰੀ ਤਰੇਲ ਦੇ ਤੁਪਕੇ ਉਸਦਾ ਆਵਾਹਨ ਕਰਦੇ ਹਨ, ਪ੍ਰੇਰਦੇ ਹਨ, ਪਰ ਤੁਪਕੇ ਰਾਹ ਨਹੀੰ ਦਿਖਾ ਸਕਦੇ। ਉਹ ਬੇਸ਼ੱਕ ਤੁਪਕਿਆਂ ਵਿੱਚੋਂ ਸਮੁੰਦਰ ਲੱਭ ਲੈਣ ਦਾ ਯਤਨ ਕਰਦੀ ਹੈ…! ਕਿਤੇ ਸੂਰਜ ਦੀਆਂ ਕਿਰਨਾਂ, ਕਿਤੇ ਬੱਦਲ਼ਾਂ ਦੀ ਸੰਗਤ, ਅੰਬਰਾਂ ‘ਚ ਉਡਾਰੀਆਂ ਲਾਉਂਦਾ ਉਸਦਾ ਮਨ ਕੁਦਰਤ ਵਿੱਚ ਅਭੇਦ ਹੈ। ਹਰੇ ਕਚੂਰ ਪੱਤਿਆਂ ‘ਤੇ ਪਈ ਤਰੇਲ ਦੀ ਇੱਕ ਬੂੰਦ ਦੀ ਕਹਾਣੀ ਵੀ ਜਸ ਪ੍ਰੀਤ ਦੇ ਜ਼ਿਹਨ ਦੇ ਆਰ ਪਾਰ ਸਮੁੰਦਰ ਤੀਕ ਫ਼ੈਲੀ ਹੋਈ ਹੈ। ਉਸਦੀ ਅੰਦਰਲੀ ਦ੍ਰਿਸ਼ਟੀ ਫੁੱਲਾਂ, ਪੱਤੀਆਂ ਤੱਕ ਸੀਮਿਤ ਹੈ, ਹੋਰ ਵਿਸ਼ੇ ਹਾਲੇ ਪਕੜ ਤੋਂ ਦੂਰ ਹਨ। ਬ੍ਰਹਿਮੰਡ ਦੇ ਕਣਕਣ ਵਿੱਚ ਵਿਸ਼ਾਲਤਾ ਨਾਲ਼ ਫ਼ੈਲ ਜਾਣ ਵਾਲ਼ੀ ਚੇਸ਼ਟਾ ਸਾਕਾਰ ਹੁੰਦੀ ਹੈ ਲੱਗਭਗ ਸਾਰੀ ਕਵਿਤਾ ਵਿੱਚ। ਨਾਰੀਮਨ ਦੀ ਥਾਹ ਪਾ ਸਕਣੀ ਸੰਭਵ ਨਹੀਂ ਹੁੰਦੀ। ਜਸ ਪ੍ਰੀਤ ਨੇ ਆਪਣੀਆਂ ਸਾਰੀਆਂ ਕੋਮਲ ਅਤੇ ਅਨਮੋਲ ਭਾਵਨਾਵਾਂ ਨੂੰ ਕੁਦਰਤ ਰਾਣੀ ਦੇ ਹਵਾਲੇ ਕਰ ਦਿੱਤਾ ਹੈ। ਨਾਰੀਮਨ ਦੇ ਮਰ ਮੁੱਕੇ, ਸੜ ਸੁੱਕੇ ਸੁਪਨੇ ਉਸਦੀ ਕਵਿਤਾ ਵਿੱਚ ਰਿਮ-ਝਿਮ ਬਰਸਦੇ ਦੇਖੇ ਜਾ ਸਕਦੇ ਹਨ। ਕੁਦਰਤ ਹੀ ਉਸ ਦੀ ਗੁਰੂ ਅਤੇ ਰਾਹਬਰ ਹੈ। ਉਹ ਬ੍ਰਹਿਮੰਡ ਦੀ ਹਰ ਸ਼ੈਅ ਨੂੰ ਪਿਆਰਦੀ ਹੈ। ਉਸਦੀ ਲੋਚਾ ‘ਬੇਗਮਪੁਰੇ ਦੀ ਤਲਾਸ਼’ ਵਰਗੀ ਹੈ, ਮੈਨੂੰ ਡਰ ਹੈ ਕਿ ਜੀਵਨ ਦੀਆਂ ਕਠੋਰ ਸਚਾਈਆਂ,ਲੋਕਾਈ ਦੀ ਭੁੱਖ, ਨੰਗ, ਗ਼ਰੀਬੀ ਅਤੇ ਹੋਰ ਅਲਾਮਤਾਂ ਦੇ ਸਾਹਵੇਂ ਉਸਦੀ ਸੋਚ ਹਾਰ ਨਾ ਜਾਵੇ। ਉਸਦੇ ਹੌਸਲੇ ਪਸਤ ਨਾ ਹੋ ਜਾਣ! ਉਸਦੇ ਸੁਪਨਿਆਂ ਦਾ ਫ਼ੈਲਾਅ ਰੁਕ ਨਾ ਜਾਵੇ। ਉਹ “ਬਲਿਹਾਰੀ ਕੁਦਰਤ ਵੱਸਿਆ” ਦੇ ਸੰਕਲਪ ਨੂੰ ਸਾਰਥਿਕ ਵਿਸਥਾਰ ਦੇਣਾ ਚਾਹੁੰਦੀ ਹਾਂ। ਮੈਂ ਉਸਨੂੰ ਇਸ ਸੋਚ ਨੂੰ ਆਰਥਿਕਤਾ ਨਾਲ਼ ਜੋੜ ਦੇਣ ਦੀ ਨਿਮਰ ਸਲਾਹ ਦਿੰਦੀ ਹਾਂ। ਸਾਡੇ ਮੁਲਕ ਨੂੰ ਇਸ ਵੇਲ਼ੇ ਆਰਥਿਕਤਾ ਨੂੰ ਹਰ ਹੀਲੇ ਸੰਭਾਲਣ ਦੀ ਬੜੀ ਲੋੜ ਹੈ। ਇਸ ਨਾਲ਼ ਅਸੀਂ ਸਮੁੱਚੇ ਸਮਾਜ ਦੀ ਭਲਾਈ ਵਿੱਚ ਯੋਗਦਾਨ ਪਾ ਸਕਾਂਗੇ। ਇਹ ਮੇਰੇ ਵੀ ਹੁਣੇ ਜਿਹੇ ਦੇ ਨਿੱਜੀ ਫ਼ੈਸਲੇ ਹਨ। ਮੈਂ ਕਲਮਵਾਨ ਹੋਣ ਦੇ ਨਾਲ਼ ਨਾਲ਼ ਇੱਕ ਕੰਮਜਾਜੀ ਉੱਦਮੀ ਔਰਤ ਵੀ ਰਹੀ ਹਾਂ ਅਤੇ ਹੋਰ ਦ੍ਰਿੜਤਾ ਨਾਲ਼ ਕਾਰੋਬਾਰੀ ਬਣ ਜਾਣਾ ਚਾਹੁੰਦੀ ਹਾਂ। ਨਾਰੀ ਸ਼ਕਤੀ ਕਮਾਲ ਦੀ ਸਮਰੱਥਾਵਾਨ ਸ਼ਕਤੀ ਹੈ। ਆਪੇ ਦੀ ਪਛਾਣ ਅਤੇ ਫ਼ੈਸਲਾ ਕਰਨ ਦੀ ਸ਼ਕਤੀ ਅਤੇ ਸੋਚ ਬਹੁਤ ਜ਼ਰੂਰੀ ਹੈ। ਤੁਰਨ ਨੂੰ ਇਬਾਦਤ ਸਮਝਣ ਵਾਲ਼ੀ ਸਾਡੀ ਇਸ ਸ਼ਾਇਰਾ ਲਈ ਯਾਤਰਾ ਵੀ ਇੱਕ ਜ਼ਿਆਰਤ ਵਾਂਗ ਹੈ। ਇਸ ਜ਼ਿਆਰਤ ਦੇ ਰਸਤੇ ਉਹ ਕੇਵਲ ਬਾਹਰਮੁਖੀ ਹੀ ਨਹੀਂ ਅੰਤਰਮੁੱਖੀ ਯਾਤਰਾ ਕਰਨ ਦੀ ਅਚੇਤ ਰੂਪ ਵਿੱਚ ਸਮਰੱਥਾ ਰੱਖਦੀ ਹੈ, ਜਿਸ ਦਾ ਉਸਨੂੰ ਹਾਲੇ ਪੂਰਨ ਅਹਿਸਾਸ ਨਹੀਂ ਹੈ। ਕਿਤੇ ਕਿਤੇ ਉਹ ਬਾਹਰ ਵੱਲ ਅਹੁਲਦੀ ਹੈ, ਅਸਹਿਜ ਹੁੰਦੀ ਹੈ, ਉਸ ਨੂੰ ਕਾਹਲ ਹੈ। ਹੌਲ਼ੀ ਹੌਲ਼ੀ ਉਹ ਸਹਿਜ ਹੋ ਰਹੀ ਹੈ। ਅਸਲ ਵਿੱਚ ਅੰਦਰ ਦੀ ਯਾਤਰਾ ਹੀ ਪ੍ਰਾਪਤੀ ਦਾ ਸਾਧਨ ਅਤੇ ਜ਼ਾਮਨ ਬਣਦੀ ਹੈ। ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਥੋੜ੍ਹੀ ਜਿਹੀ ਆਪੋਧਾਪ ਵੀ ਹੈ, ਜਿਸਦਾ ਚਿਰਸਥਾਈ ਅਤੇ ਲੰਮੇਰਾ ਅਸਰ ਖ਼ਤਮ ਹੋ ਜਾਂਦਾ ਹੈ। ਕਵਿਤਾ ਰਚਦਿਆਂ ਜਸ ਪ੍ਰੀਤ ਆਪਣੇ ਅੰਦਰ ਦੀ ਰਉਂ ਵਿੱਚ ਵਿਸਮਾਦਿਤ ਹੁੰਦੀ ਹੈ। ਇਸੇ ਕਰਕੇ ਉਸਨੂੰ “ਪੌਣਾਂ ਦੀ ਸਰਗਮ” ਸੁਣਾਈ ਦੇਣ ਲੱਗਦੀ ਹੈ। ਅਲਬੇਲੇ ਪੰਛੀ ਉਸ ਨੂੰ ਕੁਦਰਤ ਦੇ ਸੰਗੀਤਕਾਰ ਜਾਪਦੇ ਹਨ। “ਆਸਾ ਦੀ ਵਾਰ” ਲਾਉਂਦੇ ਅਤੇ ਗਾਉਂਦੇ ਉਹ ਉਸ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਜਾਪਦੇ ਹਨ। ਸਮੁੱਚੀ ਕਾਇਨਾਤ ਵਿੱਚੋਂ ਉਸਨੂੰ ਅਨਹਦ ਨਾਦ ਸੁਣਾਈ ਦਿੰਦਾ ਹੈ। ਉਸ ਦੀ ਰੂਹ ਕਾਇਨਾਤ ਨਾਲ਼ ਇੱਕ ਮਿੱਕ ਹੈ। ਇੱਕ ਅਨੂਠੇ ਸਰੋਦੀ ਅਨੁਭਵ ਨਾਲ਼ ਗੜੂੰਦ ਉਸਦੀ ਪਵਿੱਤਰ ਜਿਹੀ ਆਤਮਾ ਆਪਣੇ ਅੰਤਰਮਨ ਨਾਲ਼ ਜਿਉਣਾ ਸਿੱਖ ਗਈ ਹੈ। ਉਸਦੀ ਕਵਿਤਾ ਵਿੱਚ ਫੁੱਲਾਂ ਦੀ ਭਰਮਾਰ ਹੈ, ਅਨੇਕ ਫੁੱਲਾਂ ਦੀ ਖ਼ੂਸ਼ਬੂ ਹੈ, ਮੁਅੱਤਰੀ ਪੌਣ ਦਾ ਹੁਲ੍ਹਾਰਾ ਹੈ। ਉਸਦੀਆਂ ਕਵਿਤਾਵਾਂ ਵਿੱਚ ਤਿਤਲੀਆਂ ਉੱਡਦੀਆਂ ਹਨ, ਪੰਛੀ ਚਹਿਕਦੇ ਹਨ, ਖਿੜੇ ਹੋਏ ਮੌਸਮਾਂ ਵਿੱਚ ਉਸ ਦਾ ਅਲਬੇਲਾ ਮਨ ਹੋਰ ਵੀ ਖਿੜਿਆ ਰਹਿੰਦਾ ਹੈ। ਉਸਦੀ ਕਵਿਤਾ ਵਿੱਚ ਨਿਰੰਤਰ ਬਸੰਤੀ ਰਾਗ ਚੱਲ ਰਿਹਾ ਹੈ: ਕੱਤਕ ਬੂਹਾ ਖੋਲ੍ਹਿਆ ਅਗਲੀ ਕਵਿਤਾ ਚੇਤਰ ਬਾਰੇ ਹੈ। ਤੇ ਫੇਰ ਅੱਗੋਂ ਫ਼ਿਰ ਗੁਲਾਬ ਦੀ ਗੱਲ : ਫ਼ੁੱਲਾਂ ਦੀ ਇਸ ਮੰਡੀ ਅੰਦਰ ਕਦੇ ਗੁਲਾਬ ਦੇ ਫ਼ੁੱਲਾਂ ਵੱਤ ਚਹਿਕਦੀ, ਮਹਿਕਦੀ, ਟਹਿਕਦੀ ਉਸ ਦੀ ਅਨੂਪਮ ਕਵਿਤਾ ਦਿਨਾਂ, ਰਾਤਾਂ, ਰੁੱਤਾਂ, ਮਹੀਨਿਆਂ, ਦੇ ਬਦਲਣ ਨਾਲ਼ ਆਪਣੀ ਸੁਰ ਅਤੇ ਲੈਅ ਬਦਲਦੀ ਰਹਿੰਦੀ ਹੈ। ਕੁਦਰਤ ਦੇ ਨਾਲ਼ ਨਾਲ਼ ਉਸ ਦੀ ਕਵਿਤਾ ਪ੍ਰਤੀਕਾਤਮਕ ਹੈ। ਉਹ ਕੇਵਲ ਫ਼ੋਟੋਕਾਰ ਹੀ ਨਹੀਂ, ਸਗੋਂ ਇੱਕ ਪ੍ਰਤਿਭਾਵਾਨ ਕਵਿੱਤਰੀ ਵੀ ਹੈ। ਨਿਰੇ ਪਿਆਰ ਮੁਹੱਬਤ ਅਤੇ ਕਵਿਤਾ ਰਚਦੀ ਹੈ ਜਸ ਪ੍ਰੀਤ। ਉਸ ਦੀ ਕਵਿਤਾ ਵੇਗਮੱਤੀ ਪੌਣ ਵਾਂਗ ਉਹ ਲਿਖਦੀ ਹੈ: ਨਹੀਂ ਬੰਨ੍ਹਣਾ ਜ਼ਿੰਦਗੀ ਨੂੰ ਜੋਗ ਸਮਝਣ ਵਾਲ਼ੀ ਸਾਡੀ ਇਸ ਨਿਰਾਲੀ ਸ਼ਾਇਰਾ ਦਾ ਮਨ ਅਤਿ ਸੰਵੇਦਨਸ਼ੀਲ ਹੈ। ਉਸ ਦੀ ਆਤਮਾ ਵਿੱਚ ਝਾਤੀ ਮਾਰਿਆਂ ਮਹਿਸੂਸ ਹੁੰਦਾ ਹੈ। ਜਿਹੜਾ ਇਨਸਾਨ ਜ਼ਿੰਦਗੀ ਨੂੰ ਜੋਗ ਸਮਝਦਾ ਹੋਵੇ, ਉਸ ਦੀ ਸਮਰੱਥਾ ਦਾ ਅੰਦਾਜ਼ਾ ਲਾਉਣਾ ਸੌਖਾ ਨਹੀੰ ਹੁੰਦਾ। ਉਹ ਕਿੰਨਾ ਗਹਿਰਾ ਅਤੇ ਉੱਚਾ ਹੋ ਸਕਦਾ ਹੈ। ਜਸ ਪ੍ਰੀਤ ਦੀ ਕਵਿਤਾ ਉਸਦੀ ਅੰਦਰਲੀ ਤਹਿ ਹੇਠ ਛੁਪੀ ਅੰਦਰਲੀ ਆਤਮਾ ਦੇ ਕਈ ਝਲਕਾਰੇ ਦਿੰਦੀ ਹੈ। ਜਸ ਪ੍ਰੀਤ ਦੀ ਕਵਿਤਾ ਵਿੱਚ ਕੋਈ ਗੁੰਝਲ਼ ਨਹੀਂ, ਸਗੋਂ ਸਾਦਗੀ ਹੈ, ਸਪਸ਼ਟਤਾ ਹੈ, ਸਰਲਤਾ ਹੈ, ਤਰਲਤਾ ਹੈ, ਸਰੋਦੀਪਣ ਹੈ, ਸੰਗੀਤ ਹੈ, ਝਰਨੇ ਹਨ, ਚਾਨਣ ਹੈ, ਮੌਸਮ ਨੇ, ਹਵਾਵਾਂ ਨੇ, ਧੁੱਪਾਂ ਨੇ, ਬੱਦਲ਼ ਨੇ, ਮੀਂਹ ਨੇ, ਰੁੱਖ ਨੇ ਤੇ ਫ਼ਿਰ ਮਾਂ ਆ ਜਾਂਦੀ ਹੈ। ਮਾਂ ਦਾ ਅਨੂਠਾ ਪਿਆਰ ਉਸ ਦੀ, ਮਮਤਾ ਨੇ ਦੁਆਵਾਂ ਨੇ। ਸਭ ਜਸ ਲਈ ਪ੍ਰੇਰਣਾ ਸ੍ਰੋਤ ਹਨ। ਮੈਂ ਉਸ ਹਰ ਨਵੀ ਕਲਮ ਨੂੰ ਸਮਰਪਿਤ ਹਾਂ, ਜਿਹੜੀ ਸਾਹਿਤ ਸੇਵਾ ਨੂੰ ਸਮਰਪਿਤ ਹੈ । ਸੋ, ਮਾਂ ਬੋਲੀ ਦੀ ਸੇਵਾ ਨੂੰ ਪ੍ਰਣਾਈ , ਕੁਦਰਤ ਦੇ ਬਲਿਹਾਰ ਜਾਂਦੀ ਜਸ ਪ੍ਰੀਤ ‘ਬਲਿਹਾਰੀ ਕੁਦਰਤ ਵੱਸਿਆ’ ਦੇ ਸੁਨੇਹੇ ਵੰਡ ਰਹੀ ਹੈ। ਉਹ ਸੁੱਤੇ ਹੋਏ ਸਮਾਜ ਨੂੰ ਹਲੂਣਾ ਦੇਣਾ ਚਾਹੁੰਦੀ ਹੈ। ਉਸ ਦਾ ਸੁਨੇਹਾ ਕਿ ਇਸ ਦੁਨੀਆਂ ਨੂੰ ਸੁੰਦਰ, ਸੁਹਣਾ, ਰੰਗਵੰਨਾ ਅਤੇ ਰੌਸ਼ਨ ਕਰ ਲਈਏ। ਅੱਗੇ ਜਾ ਕੇ ਜਸ ਪ੍ਰੀਤ ਦੀ ਕਵਿਤਾ ਫੁੱਲਾਂ ਦੀਆਂ ਵਾਦੀਆਂ ਤੋਂ ਜਦੋਂ ਬਾਹਰ ਝਾਤੀ ਮਾਰਦੀ ਹੈ ਤਾਂ ਉਸ ਨੂੰ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਤਰੀਵ ਇਕੱਲ ਦੀ ਓਹੜੀ ਹੋਈ ਚਾਦਰ, ਚੁੱਪ, ਉਦਾਸੀ, ਗ਼ਮਗੀਨਤਾ, ਕਰੋਪੀ, ਕਰੋਨਾ, ਬੇਰੁਜ਼ਗਾਰੀ, ਗ਼ਰੀਬੀ, ਭੁੱਖ, ਹਉਕੇ, ਬੇਬੱਸੀ, ਲਾਚਾਰੀ, ਜੀਵਨ ਦੀ ਮਾਰਾਮਾਰੀ,ਪਾਠਕ ਨੂੰ ਰੁਆ ਦੇਣ ਦੀ ਸਮਰੱਥਾ ਰੱਖਦੇ ਹਨ। ਉਹ ਲਿਖਦੀ ਹੈ: … ਵਰਤੇ ਹਰ ਹੱਥਕੰਡਾ ਸਈਓ ਜਸ ਪ੍ਰੀਤ ਸੁਹਜਮਈ ਕਵਿੱਤਰੀ ਹੈ। ਉਸ ਅੰਦਰ aestehtic sense ਹੈ। ਇਸੇ ਬਿਰਤੀ ਨੇ ਉਸ ਨੂੰ ਫ਼ੁੱਲਾਂ, ਰੰਗਾਂ ਅਤੇ ਕਵਿਤਾ ਨੇ ਨਜ਼ਦੀਕ ਲਿਆਂਦਾ ਹੈ। ਦੁਨੀਆਂਦਾਰੀ ਤੋਂ ਦੂਰ, ਮਸਤ ਜੀਵਨ ਗੁਜ਼ਾਰਨ ਵਾਲ਼ੀ ਇਸ ਬੇਬਾਕ ਕੁੜੀ ਦੇ ਮਨ ਵਿੱਚ ਕੁੱਝ ਸਵਾਲ ਹੈ। ਉਹ ਸੋਚਦੀ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਆਜ਼ਾਦੀ ਕਿਉਂ ਨਹੀਂ ਜਿਹੜੀ ਇੱਕ ਮਰਦ ਨੂੰ ਹੈ। ਉਸਦੀ ਆਜ਼ਾਦ ਫ਼ਿਜ਼ਾ ਵਿੱਚ ਵਿੱਚਰਨ ਵਾਲ਼ੀ ਤਰੰਗਿਤ ਰੂਹ ਇਨਸਾਫ਼ ਲਈ ਦੁਹਾਈ ਦਿੰਦੀ ਹੈ। ਉਹ ਚਾਹੁੰਦੀ ਹੈ ਕਿ ਉਹ ਬੇਰੋਕ ਦਿਨੇ ਰਾਤ ਕੁਦਰਤ ਦੇ ਦ੍ਰਿਸ਼ਾਂ ਨੂੰ ਕੈਮਰਾ ਬੱਧ ਕਰਦੀ ਰਹੇ। ਬਿਨਾਂ ਕਿਸੇ ਡਰ ਭਉ ਅਤੇ ਵਿਤਕਰੇ ਦੇ ਜਿਉਂ ਸਕੇ। ਉਸ ਦੇ ਮਨ ਅੰਦਰ ਅਨੇਕਾਂ ਵਲਵਲੇ ਉੱਛਲਦੇ ਹਨ ਪਰ ਉਹ ਆਪਣੀਆਂ ਚਾਰੇ ਕੰਨੀਆਂ ਦਬਾਅ ਕੇ ਰੱਖਣ ਵਿੱਚ ਸਿਆਣਪ ਸਮਝਦੀ ਹੈ। ਪਰ ਉਹ ਕਮਜ਼ੋਰ ਨਹੀਂ ਸਗੋੰ ਬੜੀ ਦਬੰਗ ਹੈ ਜਸ ਪ੍ਰੀਤ। ਅਮੋੜ ਲਗਨ ਦਾ ਦੂਜਾ ਨਾਂ ਹੈ ਜਸ ਪ੍ਰੀਤ। ਮੇਰੀਆਂ ਸਾਰੀਆਂ ਦੁਆਵਾਂ ਇਸ ਕਲਮਕਾਰ, ਕਲਾਵਾਨ, ਸੁੱਘੜ ਸਿਆਣੀ ਜਸ ਪ੍ਰੀਤ ਲਈ ਅਤੇ ਸਦਾ ਰਹਿਣਗੀਆਂ। ਮੈਂ ਉਸ ਹਰ ਨਵੀਂ ਕਲਮ ਦੀ ਸਮਰਥੱਕ ਹਾਂ, ਜਿਹੜੀ ਸਾਹਿਤ ਸੇਵਾ ਨੂੰ ਸਮਰਪਿਤ ਹੈ। ਮਾਂ ਬੋਲੀ ਦੀ ਸੇਧ ਨੂੰ ਪ੍ਰਣਾਈ ਹੈ। ਕੁਦਰਤ ਦੇ ‘ਬਲਿਹਾਰੀ ਕੁਦਰਤ ਵੱਸਿਆ’ ਦੇ ਸੁਨੇਹੇ ਵੰਡ ਰਹੀ ਹੈ। ਉਹ ਸੁੱਤੇ ਹੋਏ ਸਮਾਜ ਨੂੰ ਹਲੂਣਾ ਦੇਣਾ ਚਾਹੁੰਦੀ ਹੈ। ਅੰਤ, ਮੈਂ ਕਹਾਂਗੀ ਕਿ ਸਾਨੂੰ ਇੱਕ ਦੂਸਰੇ ਦਾ ਸਮਰੱਥਕ ਕਰਦੇ ਹੋਏ ਇੱਕ ਦੂਸਰੇ ਦੇ ਰਚੇ ਹੋਏ ਸਾਹਿਤ-ਸਾਗਰ ਦੇ ਇਸ ਮੰਥਨ ਵਿੱਚੋਂ ਅੰਮ੍ਰਿਤ ਲੱਭ ਲੈਣਾ ਚਾਹੀਦਾ ਹੈ ਅਤੇ ਜ਼ਹਿਰ ਤਿਆਗ ਦੇਣਾ ਚਾਹੀਦਾ ਹੈ। ਮਨਾਂ ਦੀ ਕੁੜੱਤਣ, ਈਰਖਾ, ਆਪਸੀ ਵਿਰੋਧਾਂ ਤੋਂ ਉੱਪਰ ਉੱਠਣ ਦੇ ਯਤਨ ਕਰਨੇ ਚਾਹੀਦੇ ਹਨ। ਮੇਰੀ ਦੁਆ ਹੈ ਕਿ ਜਸ ਪ੍ਰੀਤ ਹੋਰ ਬੁਲੰਦੀਆਂ ਨੂੰ ਛੋਹੇ ਅਤੇ ਸਮਕਾਲੀ ਸਾਹਿਤ ਵਿੱਚ ਆਪਣਾ ਸਥਿਰ ਸਥਾਨ ਹਾਸਿਲ ਕਰਕੇ ਨਿੱਜੀ ਯਤਨਾਂ, ਦ੍ਰਿੜ ਸ਼ਕਤੀ ਅਤੇ ਸੰਪੂਰਨ ਆਜ਼ਾਦੀ ਦੀ ਲਲਕ ਨੂੰ ਹੋਰ ਬਹਾਲ ਕਰ ਸਕੇ ਅਤੇ ਨਵੀਂਆਂ ਪੈੜਾਂ ਮੱਲੇ! ਅਖੀਰ ਆਪਣੀ ਇੱਕ ਕਵਿਤਾ “ਰਿਸ਼ਮ” ਜਸ ਪ੍ਰੀਤ ਦੀ ਅੰਤਰੀਵ ਲਗਨ ਦੇ ਨਾਮ ਕਰਦਿਆਂ: “ਰਿਸ਼ਮ” ਮੈਂ ਕੀ ਲੈਣਾ ਦੁਨੀਆਂ ਘੁੰਮ ਘੁੰਮ ਕੇ |
*** (ਪਹਿਲੀ ਵਾਰ ਛਪਿਆ 22 ਸਤੰਬਰ 2021) *** 384 *** |