1. ਜ਼ੁਲਮ ਦੀ ਇੰਤਹਾ : ਸਾਕਾ ਸਰਹਿੰਦ— ਪ੍ਰੋ. ਨਵ ਸੰਗੀਤ ਸਿੰਘ
ਦੁਨੀਆਂ ਦਾ ਇਤਿਹਾਸ ਪੜ੍ਹੀਏ, ਤਾਂ ਪਤਾ ਲੱਗਦਾ ਹੈ ਕਿ ਜਿੰਨੇ ਸ਼ਹੀਦ ਸਿੱਖ ਧਰਮ ਵਿੱਚ ਹੋਏ ਹਨ, ਓਨੇ ਕਿਸੇ ਹੋਰ ਧਰਮ ਵਿੱਚ ਨਹੀਂ ਹੋਏ। ਸਿੱਖ ਧਰਮ ਦੀ ਬੁਨਿਆਦ ਹੀ ਸ਼ਹੀਦੀਆਂ ਤੇ ਰੱਖੀ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿਚ ਬਾਣੀਕਾਰਾਂ ਨੇ ਸੱਚੀ ਸੁੱਚੀ ਪ੍ਰੀਤ ਦਾ ਆਧਾਰ ਸ਼ਹੀਦੀ ਨੂੰ ਮੰਨਿਆ ਹੈ (ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰ ਤਲੀ ਗਲੀ ਮੇਰੀ ਆਉ॥) ਇਸ ਧਰਮ ਦੇ ਅਨੁਆਈਆਂ ਵਿਚ ਜੇਕਰ ਵੱਡੀ ਉਮਰ ਵਾਲੇ ਅਤੇ ਬਜ਼ੁਰਗਾਂ ਦੀਆਂ ਅਣਗਿਣਤ ਕੁਰਬਾਨੀਆਂ ਹਨ, ਉੱਥੇ ਛੋਟੇ ਅਤੇ ਮਾਸੂਮ ਬੱਚਿਆਂ ਨੇ ਵੀ ਹੱਕ-ਸੱਚ ਦੀ ਖ਼ਾਤਰ ਜੂਝ ਮਰਨ ਨੂੰ ਤਰਜੀਹ ਦਿੱਤੀ। ‘ਸਾਕਾ ਸਰਹਿੰਦ’ ਇਕ ਇਹੋ ਜਿਹੀ ਹੀ ਲੂੰ-ਕੰਡੇ ਖਡ਼੍ਹੇ ਕਰ ਦੇਣ ਵਾਲੀ ਦਾਸਤਾਨ ਹੈ, ਜਿਸ ਵਿਚ ਨਿੱਕੀਆਂ ਅਤੇ ਮਾਸੂਮ ਜਿੰਦਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਸਿੱਖ ਧਰਮ ਦੀ ਨੀਂਹ ਪੱਕੀ ਕੀਤੀ। ਦਸਮੇਸ਼ ਪਿਤਾ (1666-1708) ਆਨੰਦਪੁਰ ਦਾ ਕਿਲ੍ਹਾ ਖਾਲੀ ਕਰਨ ਪਿੱਛੋਂ ਜਦੋਂ ਸਰਸਾ ਨਦੀ ਤੋਂ ਪਾਰ ਹੋਏ, ਤਾਂ ਉਨ੍ਹਾਂ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ: ਵੱਡੇ ਸਾਹਿਬਜ਼ਾਦੇ ਆਪਣੇ ਗੁਰੂ-ਪਿਤਾ ਸਮੇਤ ਚਮਕੌਰ ਵੱਲ ਚਲੇ ਗਏ; ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਚਲੇ ਗਏ; ਜਦਕਿ ਦੁੱਧ-ਸ਼ੀਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਜਿਨ੍ਹਾਂ ਦੀ ਉਮਰ ਸਿਰਫ਼ ਸੱਤ ਅਤੇ ਨੌਂ ਸਾਲ ਦੀ ਸੀ, ਆਪਣੀ ਬਜ਼ੁਰਗ ਦਾਦੀ ਮਾਤਾ ਗੁਜਰੀ ਜੀ ਨਾਲ ਸਰਹਿੰਦ ਵੱਲ ਚਲੇ ਗਏ। ਪੋਹ ਦਾ ਸਾਰਾ ਹੀ ਮਹੀਨਾ ਸਿੱਖ ਸ਼ਹੀਦੀਆਂ ਦੀ ਦਿਲ- ਕੰਬਾਊ ਘਟਨਾ ਹੈ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਕਰਬਲਾ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਇੱਥੇ ਇੱਕ ਪਾਸੇ ਭੁੱਖੇ ਪਿਆਸੇ ਤੇ ਥਕਾਵਟ ਨਾਲ ਚੂਰ ਗਿਣਤੀ ਦੇ ਚਾਲੀ ਕੁ ਸਿੰਘ ਸਨ, ਜਦਕਿ ਦੂਜੇ ਪਾਸੇ ਦਸ ਲੱਖ ਦੀ ਮੁਗ਼ਲ ਫ਼ੌਜ ਸੀ। ਦੁਨੀਆਂ ਦੇ ਇਤਿਹਾਸ ਵਿੱਚ ਇਹੋ ਜਿਹੀ ਅਸਾਵੀਂ ਜੰਗ ਦਾ ਕਿਧਰੇ ਕੋਈ ਜ਼ਿਕਰ ਨਹੀਂ ਮਿਲਦਾ। ਇਹ ਵਾਕਿਆ 22 ਦਸੰਬਰ 1704 ਈ. ਦਾ ਹੈ। ‘ਗੰਜਿ ਸ਼ਹੀਦਾਂ’ ਦੇ ਕਰਤਾ ਅੱਲ੍ਹਾ ਯਾਰ ਖ਼ਾਂ ਜੋਗੀ ਨੇ ਇਸ ਪ੍ਰਸੰਗ ਨੂੰ ਇਉਂ ਚਿਤਰਿਆ ਹੈ: ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ। ਇਸ ਘਟਨਾ ਤੋਂ ਪੰਜ ਦਿਨ ਪਿੱਛੋਂ,27 ਦਸੰਬਰ ਨੂੰ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਂ ਸੂਬਾ ਸਰਹਿੰਦ ਦੇ ਹੁਕਮ ਨਾਲ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤੇ ਗਏ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਨੂੰ ਇਤਿਹਾਸ ਵਿੱਚ ‘ਸਾਕਾ ਸਰਹਿੰਦ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਾਕੇ ਨੂੰ ਪੜ੍ਹਨ-ਸੁਣਨ ਵਾਲਾ ਕੋਈ ਵੀ ਇਨਸਾਨ ਅੱਖਾਂ ਚੋਂ ਹੰਝੂ ਵਹਾਏ ਬਿਨਾਂ ਨਹੀਂ ਰਹਿ ਸਕਦਾ। ਪਰਿਵਾਰ ਨਾਲੋਂ ਅੱਡ ਹੋਣ ਪਿੱਛੋਂ ਦਾਦੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦਾ ਪੁਰਾਣਾ ਰਸੋਈਆ ਗੰਗੂ ਆਪਣੇ ਪਿੰਡ ਖੇੜੀ ਲੈ ਗਿਆ। ਪਹਿਲੀ ਰਾਤ ਤਿੰਨਾਂ ਨੇ ਕੁੰਮੇ ਮਾਸ਼ਕੀ ਤੇ ਘਰ ਬਿਤਾਈ। ਗੰਗੂ ਦੇ ਦਿਲ ਵਿੱਚ ਬੇਈਮਾਨੀ ਆ ਗਈ ਤੇ ਉਹਨੇ ਮਾਤਾ ਗੁਜਰੀ ਜੀ ਦੀ ਹੀਰੇ- ਜਵਾਹਰਾਂ ਦੀ ਥੈਲੀ ਚੁਰਾ ਲਈ। ਪਿੱਛੋਂ ਲੋਭ-ਲਾਲਚ ਵਿੱਚ ਅੰਨ੍ਹਾ ਹੋ ਕੇ ਉਹਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਪਹਿਲਾਂ ਇਨ੍ਹਾਂ ਨੂੰ ਮੋਰਿੰਡਾ ਦਾ ਵਿਖੇ ਹਿਰਾਸਤ ਵਿਚ ਰੱਖਿਆ ਗਿਆ, ਪਿੱਛੋਂ ਜਲੂਸ ਦੀ ਸ਼ਕਲ ਵਿੱਚ ਸਰਹਿੰਦ ਪਹੁੰਚਾ ਦਿੱਤਾ ਗਿਆ। ਸਰਹਿੰਦ ਦਾ ਸੂਬੇਦਾਰ ਵਜ਼ੀਰ ਖ਼ਾਂ,ਜੋ ਚਮਕੌਰ ਦੀ ਜੰਗ ‘ਚੋਂ ਨਿਰਾਸ਼ ਪਰਤਿਆ ਸੀ, ਨੇ ਤਿੰਨਾਂ ਜਣਿਆਂ ਨੂੰ ਠੰਢੇ ਬੁਰਜ ਵਿੱਚ ਕੈਦ ਕਰਵਾ ਦਿੱਤਾ ਤੇ ਆਸਪਾਸ ਸਖ਼ਤ ਪਹਿਰਾ ਲਾ ਦਿੱਤਾ। ਸਰਦੀਆਂ ਦੀਆਂ ਭਿਆਨਕ ਠੰਢੀਆਂ-ਯਖ਼ ਰਾਤਾਂ ਵਿਚ ਬਜ਼ੁਰਗ ਦਾਦੀ ਅਤੇ ਪੋਤਿਆਂ ਨੂੰ ਠੰਢ ਤੋਂ ਬਚਣ ਲਈ ਕੋਈ ਗਰਮ ਕੱਪੜੇ ਨਹੀਂ ਦਿੱਤੇ ਗਏ ਅਤੇ ਨਾ ਹੀ ਉਨ੍ਹਾਂ ਨੂੰ ਖਾਣ ਪੀਣ ਨੂੰ ਕੁਝ ਦਿੱਤਾ ਗਿਆ। ਵਜ਼ੀਰ ਖਾਂ ਦਾ ਖਿਆਲ ਸੀ ਕਿ ਠੰਢ ਅਤੇ ਭੁੱਖ ਦੇ ਪ੍ਰਕੋਪ ਤੋਂ ਆਤੁਰ ਹੋ ਕੇ ਬੱਚੇ ਇਸਲਾਮ ਧਰਮ ਕਬੂਲ ਕਰਨ ਲਈ ਹਾਂ ਕਰ ਦੇਣਗੇ। ਪਰ ਉਹ ਨਹੀਂ ਸੀ ਜਾਣਦਾ ਕਿ ਇਨ੍ਹਾਂ ਮਾਸੂਮਾਂ ਦੀਆਂ ਰਗਾਂ ਵਿਚ ਗੁਰੂ ਗੋਬਿੰਦ ਸਿੰਘ ਜਿਹੇ ਮਹਾਨ ਸੂਰਬੀਰ ਦਾ ਖ਼ੂਨ ਹੈ ਤੇ ਇਨ੍ਹਾਂ ਦਾ ਦਾਦਾ (ਗੁਰੂ ਤੇਗ ਬਹਾਦਰ) ਅਤੇ ਪੜਦਾਦਾ (ਗੁਰੂ ਅਰਜਨ ਦੇਵ) ਪਹਿਲਾਂ ਹੀ ਸ਼ਹੀਦੀ ਦੀ ਮਿਸਾਲ ਪ੍ਰਜਵੱਲਿਤ ਕਰ ਚੁੱਕੇ ਹਨ। ਗੁਰੂ ਗੋਬਿੰਦ ਸਿੰਘ ਦੇ ਇਕ ਸ਼ਰਧਾਲੂ ਮੋਤੀ ਰਾਮ ਮਹਿਰਾ ਨੇ ਪਹਿਰੇਦਾਰਾਂ ਨੂੰ ਧਨ ਅਤੇ ਗਹਿਣਿਆਂ ਦੀ ਰਿਸ਼ਵਤ ਦੇ ਕੇ ਬੱਚਿਆਂ ਅਤੇ ਮਾਤਾ ਜੀ ਲਈ ਦੁੱਧ ਦੀ ਸੇਵਾ ਕੀਤੀ। ਵਜ਼ੀਰ ਖਾਂ ਦੇ ਦਰਬਾਰ ਵਿੱਚ ਤਿੰਨ ਦਿਨ ਬੱਚਿਆਂ ਨੂੰ ਪੇਸ਼ ਕੀਤਾ ਗਿਆ। ਪਹਿਲੇ ਦਿਨ ਵਜ਼ੀਰ ਖਾਂ ਦੇ ਇੱਕ ਟੋਡੀ ਸੁੱਚਾ ਨੰਦ ਨੇ ਮੁੱਖ ਦਰਵਾਜ਼ਾ ਬੰਦ ਕਰਕੇ ਛੋਟੀ ਖਿੜਕੀ ਖੋਲ੍ਹ ਦਿੱਤੀ, ਤਾਂ ਕਿ ਬੱਚੇ ਜਦੋਂ ਖਿੜਕੀ ਰਾਹੀਂ ਪ੍ਰਵੇਸ਼ ਕਰਨ ਤਾਂ ਸਿਰ ਝੁਕਾ ਕੇ ਅੰਦਰ ਆਉਣ। ਪਰ ਸਾਹਿਬਜ਼ਾਦੇ ਮੁਗਲਾਂ ਦੀ ਚਾਲ ਨੂੰ ਭਾਂਪ ਗਏ ਤੇ ਉਨ੍ਹਾਂ ਨੇ ਪਹਿਲਾਂ ਸਿਰ ਅੰਦਰ ਕਰਨ ਦੀ ਥਾਂ ਆਪਣੇ ਪੈਰ ਦੀ ਜੁੱਤੀ ਵਜ਼ੀਰ ਖਾਂ ਨੂੰ ਵਿਖਾਈ ਤੇ ਅੰਦਰ ਜਾਂਦਿਆਂ ਹੀ ਬੁਲੰਦ ਆਵਾਜ਼ ਵਿੱਚ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਦਾ ਨਾਅਰਾ ਲਗਾਇਆ, ਜਿਸ ਨੂੰ ਸੁਣਦਿਆਂ ਹੀ ਵਜ਼ੀਰ ਖਾਂ ਤੇ ਉਹਦੇ ਅਹਿਲਕਾਰਾਂ ਨੂੰ ਸੱਤੀਂ-ਕੱਪੜੀਂ ਅੱਗ ਲੱਗ ਗਈ। ਸੂਬੇਦਾਰ ਨੇ ਮਾਸੂਮਾਂ ਨੂੰ ਲਾਲਚ ਅਤੇ ਡਰਾਵੇ ਦੇ ਕੇ ਈਨ ਮੰਨਣ ਨੂੰ ਕਿਹਾ, ਪਰ ਇਹ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਸਨ, ਜੋ ਸਿਰ ਕਟਾਉਣਾ ਤਾਂ ਜਾਣਦੇ ਸਨ, ਸਿਰ ਝੁਕਾਉਣਾ ਨਹੀਂ। ਸੂਬੇ ਦੀ ਕਚਹਿਰੀ ਵਿੱਚ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ, ਦੀਵਾਨ ਸੁੱਚਾ ਨੰਦ ਅਤੇ ਕਾਜ਼ੀ ਮੌਜੂਦ ਸਨ। ਸੂਬੇ ਨੇ ਨਵਾਬ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਮਾਰ ਕੇ ਇਨ੍ਹਾਂ ਦੇ ਪਿਤਾ ਤੋਂ ਆਪਣੇ ਭਰਾ ਨਾਹਰ ਖਾਨ ਦੀ ਚਮਕੌਰ-ਜੰਗ ਵਿੱਚ ਹੋਈ ਮੌਤ ਦਾ ਬਦਲਾ ਲੈ ਲਵੇ। ਪਰ ਨਵਾਬ ਨੇ ਇਤਰਾਜ਼ ਕੀਤਾ “ਕਸੂਰ ਬਾਪ ਦਾ, ਸਜ਼ਾ ਮਾਸੂਮ ਬੱਚਿਆਂ ਨੂੰ- ਇਹ ਕਿੱਥੋਂ ਦਾ ਇਨਸਾਫ਼ ਹੈ?” ਨਵਾਬ ਨੇ ਮਾਸੂਮਾਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’ ਮਾਰਿਆ। ਦੀਵਾਨ ਸੁੱਚਾ ਨੰਦ ਦੇ ਉਕਸਾਉਣ ਤੇ ਕਾਜ਼ੀ ਨੇ ਫਤਵਾ ਦੇ ਕੇ ਬੱਚਿਆਂ ਨੂੰ ਜਿਊਂਦੇ ਜੀਅ ਕੰਧਾਂ ਵਿਚ ਚਿਣਨ ਦੀ ਗੱਲ ਕੀਤੀ ਤੇ ਵਜ਼ੀਰ ਖਾਨ ਨੇ ਇਸ ਦੀ ਪ੍ਰਵਾਨਗੀ ਦੇ ਦਿੱਤੀ। ਜਦੋਂ ਤੀਜੇ ਦਿਨ ਵੀ ਬੱਚੇ ਆਪਣੇ ਧਰਮ ਤੇ ਅਡਿੱਗ ਰਹੇ ਤਾਂ ਸੂਬੇ ਨੇ ਉਪਰੋਕਤ ਹੁਕਮ ਦੀ ਤਾਮੀਲ ਕਰਨ ਨੂੰ ਕਿਹਾ। ਖ਼ੂਨੀ ਦੀਵਾਰ ਜਦੋਂ ਸਾਹਿਬਜ਼ਾਦਿਆਂ ਦੀ ਗਰਦਨ ਤੱਕ ਪਹੁੰਚ ਗਈ ਤਾਂ ਸ਼ਾਸ਼ਲ ਬੇਗ- ਬਾਸ਼ਲ ਬੇਗ ਨਾਮੀਂ ਦੋ ਜੱਲਾਦਾਂ ਨੇ ਮਾਸੂਮਾਂ ਦੇ ਸੀਸ ਧੜ ਨਾਲੋਂ ਵੱਖ ਕਰ ਦਿੱਤੇ। ਠੰਢੇ ਬੁਰਜ ਵਿੱਚ ਕੈਦ ਬਜ਼ੁਰਗ ਮਾਤਾ ਗੁਜਰੀ ਜੀ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰ ਕਰਦਿਆਂ ਆਪਣੇ ਪ੍ਰਾਣ ਵੀ ਤਿਆਗ ਦਿੱਤੇ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅੰਤਮ ਸਸਕਾਰ ਲਈ ਗੁਰੂ-ਘਰ ਦੇ ਅਨਿਨ ਸੇਵਕ ਦੀਵਾਨ ਟੋਡਰ ਮੱਲ ਨੇ ਖਡ਼੍ਹੇ ਦਾਅ ਸੋਨੇ ਦੀਆਂ ਮੋਹਰਾਂ ਅਦਾ ਕਰਕੇ ਜ਼ਮੀਨ ਖ਼ਰੀਦੀ। ਜ਼ਿਕਰਯੋਗ ਹੈ ਕਿ ਸੰਸਾਰ ਦੇ ਇਤਿਹਾਸ ਵਿੱਚ ਇਹ ਸਭ ਤੋਂ ਮਹਿੰਗੀ ਜ਼ਮੀਨ ਹੈ। ਜਿਸ ਥਾਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਮ ਸਸਕਾਰ ਹੋਇਆ, ਉੱਥੇ ਅੱਜਕੱਲ੍ਹ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ। ਇਹ ਖ਼ਬਰ ਜਦੋਂ ਨੂਰਾ ਮਾਹੀ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਕੋਲ ਪਹੁੰਚੀ, ਤਾਂ ਉਨ੍ਹਾਂ ਨੇ ਕਾਹੀ ਦੇ ਬੂਟੇ ਨੂੰ ਜੜ੍ਹੋਂ ਪੁੱਟਦਿਆਂ ਫੁਰਮਾਇਆ,” ਹੁਣ ਮੁਗਲ ਸਾਮਰਾਜ ਦੀ ਜੜ੍ਹ ਪੁੱਟੀ ਜਾ ਚੁੱਕੀ ਹੈ।” ਇਸ ਵਾਕਿਆ ਤੋਂ ਛੇ ਸਾਲ ਬਾਅਦ ਦਸ਼ਮੇਸ਼ ਪਿਤਾ ਤੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲੀਆ ਸਲਤਨਤ ਦੇ ਬਖ਼ੀਏ ਉਧੇੜ ਦਿੱਤੇ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਚੱਪੜਚਿੜੀ ਦੇ ਅਸਥਾਨ ਤੇ ਹੋਈ ਗਹਿਗੱਚ ਲੜਾਈ ਵਿੱਚ ਵਜ਼ੀਰ ਖਾਂ ਨੂੰ ਮਾਰ ਕੇ ਬਾਬਾ ਬੰਦਾ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈ ਲਿਆ। ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਹਰ ਸਾਲ ਫਤਹਿਗੜ੍ਹ ਸਾਹਿਬ ਵਿਖੇ ਤਿੰਨ ਦਿਨ (11 ਤੋਂ 13 ਪੋਹ ਤੱਕ) ਸ਼ਹੀਦੀ ਜੋੜ-ਮੇਲ ਲੱਗਦਾ ਹੈ। ਇੱਥੇ ਨਿੱਕੀਆਂ ਮਾਸੂਮ ਜਿੰਦਾਂ ਦੀ ਲਾਸਾਨੀ ਤੇ ਬੇਨਜ਼ੀਰ ਕੁਰਬਾਨੀ ਨੂੰ ਨਤਮਸਤਕ ਹੋਣ ਲਈ ਸਿੱਖ ਸੰਗਤਾਂ ਦੂਰ ਦੁਰਾਡਿਓਂ ਵਹੀਰਾਂ ਘੱਤ ਕੇ ਆਉਂਦੀਆਂ ਹਨ। ਹੈਰੀ ਬਵੇਜਾ ਵੱਲੋਂ ਬਣਾਈ ਫਿਲਮ ‘ਚਾਰ ਸਾਹਿਬਜ਼ਾਦੇ’ ਵਿੱਚ ਵੀ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਨੂੰ ਖ਼ੈਰਾਜੇ-ਅਕੀਦਤ ਭੇਟ ਕੀਤੀ ਗਈ ਹੈ। ਇੱਕ ਮੁਸਲਮਾਨ ਸ਼ਾਇਰ ਅੱਲ੍ਹਾ ਯਾਰ ਖ਼ਾਂ ਜੋਗੀ ਨੇ 1915 ਈ.ਵਿੱਚ ਲਿਖੀ ਆਪਣੀ ਇੱਕ ਲੰਮੀ ਕਵਿਤਾ ‘ਸ਼ਹੀਦਾਨਿ ਵਫ਼ਾ’ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ ਹੈ: ਲਾਸਾਨੀ ਕੁਰਬਾਨੀ — ਪ੍ਰੋ. ਨਵ ਸੰਗੀਤ ਸਿੰਘ ਯਾਦ ਕਰੋ ਮਾਸੂਮਾਂ ਦੀ ਉਸ, ਲਾਸਾਨੀ ਕੁਰਬਾਨੀ ਨੂੰ। ਨੌਂ ਵਰ੍ਹਿਆਂ ਦਾ ਜ਼ੋਰਾਵਰ ਸਿੰਘ, ਫ਼ਤਹਿ ਸਿੰਘ ਸੱਤ ਸਾਲਾਂ ਦਾ। ਗੰਗੂ ਬਾਹਮਣ ਪਾਪ ਕਮਾਇਆ, ਲੋਭ ਲਾਲਚ ਦੇ ਵੱਸ ਪਿਆ। ਧੌਣ ਨਾ ਮੂਲ ਝੁਕਾਈ ਐਪਰ, ਨੋਕ ਵਿਖਾਈ ਜੁੱਤੀ ਦੀ। ਯਾਦ ਕਰੋ ਮਾਸੂਮਾਂ ਦੀ ਉਸ, ਲਾਸਾਨੀ ਕੁਰਬਾਨੀ ਨੂੰ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015