9 October 2024

“ਹਾਤਮਤਾਈ”—ਮਨਦੀਪ ਕੌਰ ਭੰਮਰਾ

“ਹਾਤਮਤਾਈ”

ਅੱਜ ਮੈਂ ਆਪਣੇ ਸੋਹਣੇ ਮੱਥੇ ਵਿੱਚੋਂ
ਸਾਰੇ ਦੇ ਸਾਰੇ ਕਿਲਵਿਖ ਪੁੱਟ ਕੇ ਕੱਢ ਸੁੱਟੇ ਨੇ
ਮਨ ਦੀ ਸਾਰੀ ਕਾਂਗਿਆਰੀ ਵੀ
ਚੁਣ ਚੁਣ ਕੇ ਪੁੱਟ ਸੁੱਟੀ ਹੈ
ਤਾਂ ਜੋ ਰਿਸ਼ਤਿਆਂ ਦੀ ਖ਼ੂਬਸੂਰਤ ਨਵੀਂ ਫ਼ਸਲ
ਲਹਿਰਾ ਸਕੇ…!

ਹੁਣ ਮੈਂ ਸ਼ਾਂਤ ਸਹਿਜ ਅਤੇ ਕਾਵਿਕ ਸੋਚ ਨਾਲ਼
ਮੁੜ ਤੋਂ ਭਰ ਜਾਣਾ ਹੈ
ਮੈਂ ਕਾਵਿ-ਸਮੁੰਦਰ ਵਿੱਚ ਤਾਰੀਆਂ ਲਾਉਣੀਆਂ ਨੇ
ਮਹਾਂਕਾਵਿਕ ਸੰਵੇਦਨਾ ਵਿੱਚ ਮਗਨ ਹੋਣਾ ਹੈ
ਕਵਿਤਾ ਦੇ ਮਹਾਂ ਸਾਗਰ ਵਿੱਚ
ਕੋਲੰਬਸ ਬਣ ਠਿੱਲ੍ਹਣਾ ਹੈ
ਸੁੱਚੇ ਮੋਤੀਆਂ ਦੀ ਭਾਲ਼ ਵਿੱਚ
ਹੰਸ ਬਣਨਾ ਹੈ
ਅਤੇ ਸ਼ਬਦ ਦੇ ਸੁੱਚੇ ਮੋਤੀ ਕਿਤਾਬਾਂ ਵਿੱਚ
ਸਾਂਭਣ ਵਿੱਚ ਜੁੱਟ ਜਾਣਾ ਹੈ
ਹਰ ਤਰ੍ਹਾਂ ਦੀ ਗੰਧਲ਼ੀ ਸਾਹਿਤਕ ਰਾਜਨੀਤੀ ਨੂੰ
ਤਿਲਾਂਜਲੀ ਦੇਣੀ ਹੈ
ਹਰ ਤਰ੍ਹਾਂ ਦੇ ਦਵੈਸ਼ ਤੋਂ ਮੁਕਤ ਹੋਣਾ ਹੈ
ਨਵੇਂ ਢੰਗਾਂ ਅਤੇ ਸਵੈ ਅਤੇ ਜ਼ਿੰਮੇਵਾਰਿਕ ਸੋਚ ਨਾਲ਼
ਅਗਰਸਰ ਹੋਣਾ ਹੈ…!

ਵਤਨਪ੍ਰਸਤੀ ਸਾਡਾ ਹੱਕ ਹੁੰਦੀ ਹੈ
ਮੈਂ ਵਤਨਪ੍ਰਸਤ ਹਾਂ
ਪਰ ਮੈਂ ਮੌਕਾਪ੍ਰਸਤ ਨਹੀਂ ਹਾਂ
ਇਸ ਗਲੋਬਲ ਵਿਜ਼ਿਨਕਾਰੀ ਵਿੱਚ
ਇਸ ਬ੍ਰਹਿਮੰਡੀ ਵਰਤਾਰੇ ਵਿੱਚ
ਲੁਧਿਆਣਾ ਮੇਰੀ ਜਨਮ ਭੂਮੀ ਹੈ
ਪੰਜਾਬ ਵਿੱਚ ਸਥਿਤ ਹੈ ਮੇਰਾ ਲੁਧਿਆਣਾ
ਮੇਰੀ ਸੋਚ ਦਾ ਮਰਕਜ਼
ਮੇਰੇ ਮੱਥੇ ਦੀ ਰੌਸ਼ਨੀ ਮੇਰੀ ਵਤਨਪ੍ਰਸਤੀ
“ਪੰਜਾਬ”
ਮੇਰੀ ਸੋਚ ਦਾ ਵੱਡਾ ਮਰਕਜ਼
ਮੈਂ ਸੱਚਮੁਚ ਪੰਜਾਬੀਅਤ ਲਈ ਫ਼ਿਕਰਮੰਦ ਹਾਂ…!

ਮੇਰੀ ਅਣਭੋਲ ਜਿਹੀ ਰੂਹ
ਮੇਰੀ ਸ਼ੀਤਲ ਸੰਵੇਦਨਾ
ਸਾਰੇ ਸੋਹਣੇ ਮੱਥਿਆਂ ‘ਚੋਂ
ਮੁਹੱਬਤੀ ਨੀਰ ਵਗਦਾ ਦੇਖਣਾ ਲੋਚੇ
ਮੱਥੇ ਦੀ ਸ਼ਿਕਨ ਮੇਰੀ ਰੂਹ ਛੱਲਣੀ ਕਰ ਦੇਵੇ
“ਰੰਗਾਂ ਦੀ ਰੌਸ਼ਨੀ” ਪੰਜਾਬੀ ਵਿੱਚ
ਯੂਟਿਊਬ ‘ਤੇ ਲਿਖੋਗੇ
ਤਾਂ ਮੇਰੀ ਕਵਿਤਾ ‘ਮੱਥੇ ਦੀ ਸ਼ਿਕਨ’
ਜ਼ਰੂਰ ਸੁਣਨਾ…!

ਮੈਂ ਮਾਸੂਮੀਅਤ ਵੰਡਦੀ ਰਹਾਂ
ਮੈਂ ਤਾਂ ਬੱਸ ਕੁੱਝ ਕਰ ਕੇ ਅਗਾਂਹ ਲੰਘ
ਜਾਣ ਵਾਲ਼ਿਆਂ ਵਿੱਚੋਂ ਹਾਂ
ਮੇਰੇ ਲਈ ਕੁੱਝ ਵੀ ਸਥਿਰ ਨਹੀਂ
ਏਸੇ ਲਈ
“ਚਿੰਤਨਸ਼ੀਲ ਸਾਹਿਤਧਾਰਾ” ਹੈ ਸੰਸਥਾ ਨਹੀਂ
ਖੜੋਤ ਮੇਰੇ ਲਈ ਦਲਦਲ ਵਾਂਗ ਹੈ
ਮੈਂ ਤਾਂ
ਵਗਦੇ ਪਾਣੀ ਦੇ ਚਸ਼ਮੇ ਦੀ ਪਿਆਸ ਰੱਖਦੀ ਹਾਂ
ਮੈਂ
ਨਫ਼ਰਤ ਨਾਲ਼ੋਂ ਮੁਹੱਬਤ ਵਿੱਚ ਵਿਸ਼ਵਾਸ ਰੱਖਦੀ ਹਾਂ
ਮੈਂ
ਮੁਹੱਬਤ ਨਾਲ਼ ਇਨਸਾਨੀਅਤ ਦਾ ਪਰਚਮ ਬੁਲੰਦ ਕਰਦੀ ਹਾਂ!
ਮੈਂ “ਆਤਮ” ਦੀ ਜਾਈ ਹਾਂ
ਉਹ “ਹਾਤਮਤਾਈ” ਸੀ
ਮੈਂ ਹੁਣ
“ਮਨਦੀਪ ਆਤਮ” ਵੀ ਹੋ ਜਾਣਾ ਹੈ
ਹੁਣ ਤੱਕ ਮੈਂ ਕੇਵਲ “ਮਨਦੀਪ ਕੌਰ ਭੰਮਰਾ” ਸਾਂ
ਹੁਣ ਮੈਂ ਵੀ “ਹਾਤਮਤਾਈ” ਹੋ ਜਾਣਾ ਹੈ…!
3.12,2023
——————

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1238
***

mandeep Kaur