20 April 2024

“ਭੂਪਿੰਦਰ ਸਿੰਘ ਸੱਗੂ ਦੀ ਕਵਿਤਾ ਦਾ ਆਲੋਚਨਾਤਮਿਕ ਅਧਿਐਨ” -ਸੰਪਾਦਕ : ਡਾ. ਜੋਤੀ ਸ਼ਰਮਾ—ਮਨਦੀਪ ਕੌਰ ਭੰਮਰਾ

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਭੂਪਿੰਦਰ ਸਿੰਘ ਸੱਗੂ ਇੱਕ ਜਾਣਿਆਂ ਪਛਾਣਿਆਂ ਹਸਤਾਖਰ ਹੈ।

ਸ਼ੌਕ, ਸ਼ਿੱਦਤ ਅਤੇ ਲਗਨ ਇਸ ਸ਼ਖਸ ਦੀ ਤਬੀਅਤ ਦੇ ਖ਼ਾਸੇ ਹਨ। ਸਾਹਿਤ ਨਾਲ਼ ਮੁਹੱਬਤ ਦੀ ਹੱਦ ਤੱਕ ਲਗਾਵ ਹੈ। ਨਿਰੰਜਨ ਸਿੰਘ ਨੂਰ ਹੁਰਾਂ ਦੇ ਸਾਥ ਵਿੱਚ ਪਰਵਾਨ ਚੜ੍ਹਿਆ ਇਹ ਸਾਹਿਤ ਪ੍ਰੇਮੀ, ਕਵਿਤਾ ਦੀ ਧਾਰਾ ਵਿੱਚ ਵਹਿ ਤੁਰਿਆ, ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਕੋਲ਼ੋਂ ਗ਼ਜ਼ਲ ਦੀਆਂ ਬਾਰੀਕੀਆਂ ਨੂੰ ਵਾਚਦਾ ਹੋਇਆ , ਉਮਦਾ ਗ਼ਜ਼ਲਗੋ ਹੋ ਨਿੱਬੜਿਆ ਹੈ।

ਇੱਥੇ ਗੱਲ ਉਸਦੀ ਨਵੀਂ ਪੁਸਤਕ ਜੋ ਉਸ ਦੀ ਕਵਿਤਾ ਬਾਰੇ ਹੈ, “ ਭੂਪਿੰਦਰ ਸਿੰਘ ਸੱਗੂ ਦੀ ਕਵਿਤਾ ਦਾ ਆਲੋਚਨਾਤਮਿਕ ਅਧਿਐਨ” ਬਾਰੇ ਕਰ ਰਹੀ ਹਾਂ। ਸਾਹਿਤ ਸਮੀਖਿਆ ਦੀ ਇਸ ਪੁਸਤਕ ਵਿੱਚ ਬਹੁਤ ਸਾਰੇ ਵਿਦਵਾਨਾਂ ਦੀ ਰਾਏ ਹੈ, ਲੇਖ ਹਨ, ਵਿਚਾਰਾਂ ਹਨ। 320 ਸਫ਼ਿਆਂ ਦੀ ਇਸ ਪੁਸਤਕ ਵਿੱਚ ਦੇਸ, ਪ੍ਰਦੇਸ, ਪਰਵਾਸ, ਪਿਆਰ, ਦੋਸਤੀ ਅਤੇ ਦੁਸ਼ਮਣੀ ਤੱਕ ਬਾਰੇ ਲਿਖੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਬਾਰੇ ਵਿਚਾਰ ਚਰਚਾਵਾਂ ਹਨ।

ਪ੍ਰੀਤ ਪਬਲੀਕੇਸ਼ਨ’ ਦੁਆਰਾ ਛਾਪੀ ਗਈ ਇਸ ਪੁਸਤਕ ਨੂੰ ਅਕਾਦਮਿਕ ਪੱਧਰ ਦੇ ਸਿਖਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ।

ਆਸ ਕਰਦੇ ਹਾਂ ਕਿ ਅਜਿਹੀ ਪੁਸਤਕ ਦਾ ਸਾਹਿਤਕ ਜਗਤ ਵਿੱਚ ਸਮੇਂ ਸਿਰ ਮੁੱਲ ਪਵੇਗਾ।

ਇਸ ਪੁਸਤਕ ਨੂੰ ਡਾ. ਜੋਤੀ ਸ਼ਰਮਾ ਨੇ ਸੰਪਾਦਿਤ ਕੀਤਾ ਹੈ। ਇਸ ਪੁਸਤਕ ਵਿੱਚ ਭੂਪਿੰਦਰ ਸਿੰਘ ਸੱਗੂ ਹੁਰਾਂ ਅਤੇ ਉਨ੍ਹਾਂ ਦੇ ਰਚਿਤ ਸਾਹਿਤ ਬਾਰੇ ਲਿਖੇ ਗਏ ਲੇਖਾਂ ਨੂੰ ਇਕਤ੍ਰਿਤ ਕਰ ਦਿੱਤਾ ਗਿਆ ਹੈ। ਆਪਣੀ ਸੰਪਾਦਕੀ ਦੇ ਸ਼ੁਰੂ ਵਿੱਚ ਹੀ ਡਾ. ਜੋਤੀ ਸ਼ਰਮਾ ਨੇ ਲਿਖਿਆ ਹੈ:

“ਭੂਪਿੰਦਰ ਸਿੰਘ ਸੱਗੂ ਇੱਕ ਬਹੁ ਚਰਚਿਤ ਅਤੇ ਮਕਬੂਲ ਸ਼ਾਇਰ ਹੈ। ਹੁਣ ਤੱਕ ਉਹ ਕਈ ਕਾਵਿ-ਸੰਗ੍ਰਹਿਆਂ ਦੀ ਰਚਨਾ ਕਰ ਚੁੱਕਾ ਹੈ। ਉਸਦੀ ਕਾਵਿ-ਸਾਧਨਾ ਦਾ ਸਫ਼ਰ ਦਹਾਕਿਆਂ ਤੱਕ ਫ਼ੈਲਿਆ ਹੋਇਆ ਹੈ।” ਇਹ ਗੱਲ ਸੱਚ ਹੈ। ਮੈਂ ਚੰਗੀ ਤਰ੍ਹਾਂ ਜਾਣਦੀ ਤੇ ਸਮਝਦੀ ਹਾਂ ਕਿ ਦੁਆਬੇ ਖ਼ਿੱਤੇ ਦੇ ਲੋਕ ਬਹੁਤ ਪਹਿਲੋਂ ਪਹਿਲ ਪ੍ਰਵਾਸ ਕਰ ਗਏ, ਉਨ੍ਹਾਂ ਨੇ ਜੇ ਕਰ ਆਰਥਿਕ ਉੱਨਤੀ ਕੀਤੀ ਹੈ ਤਾਂ ਆਪਣੀਆਂ ਕਈ ਭਾਵਨਾਵਾਂ ਦਾ ਦਮਨ ਵੀ ਕੀਤਾ ਹੈ। ਇਸ ਸਥਿਤੀ ਵਿੱਚੋਂ ਪੈਦਾ ਹੋਏ ਹੇਰਵਿਆਂ ਵਿੱਚੋਂ ਪਿਛਲੇ ਦੌਰ ਦਾ ਬਹੁਤਾ ਪਰਵਾਸੀ ਸਾਹਿਤ ਉਜਾਗਰ ਹੋਇਆ। ਇਹ ਭੂ-ਹੇਰਵਾ ਹੁਣ ਭਾਵੇਂ ਕੁੱਝ ਘੱਟ ਹੋ ਗਿਆ ਹੋਵੇ। ਉਦੋਂ ਸ਼ਾਇਦ ਬਹੁਤਾ ਹੋਵੇ। ਫ਼ੇਰ ਸਾਹਿਤ ਹੀ ਅਜਿਹੇ ਲੋਕਾਂ ਦਾ ਸਹਾਰਾ ਬਣਿਆ। ਫ਼ੇਰ ਉਸਦੇ ਪਸਾਰ ਦੀ ਗੱਲ ਕਿਵੇਂ ਤੁਰੇ-ਇਹ ਸਵਾਲ ਬਣੇ।

ਅਜੋਕੇ ਹਾਲਾਤ ਵਿੱਚ ਸਾਹਿਤਕਾਰ ਲੋਕ ਆਪਣੀ ਗੱਲ ਲੋਕਾਂ ਤੱਕ ਪੁਚਾਉਣ ਦੇ ਹੀਲੇ ਵੀ ਆਪ ਹੀ ਲੱਭ ਰਹੇ ਹਨ। ਇਹ ਸਭ ਵਰਤਾਰੇ ਸਮਿਆਂ ਨਾਲ਼ ਬਦਲਦੇ ਰਹਿੰਦੇ ਹਨ। ਪ੍ਰਵਾਨਗੀ ਮਿਲ਼ੇ ਚਾਹੇ ਨਾ ਉੱਦਮ ਤਾਂ ਸਾਰਥਿਕ ਹੁੰਦਾ ਹੀ ਹੈ, ਜਦੋਂ ਇਸ ਤਰ੍ਹਾਂ ਦਾ ਕੰਮ ਪਾਠਕ ਦੇ ਹੱਥ ਵਿੱਚ ਪਹੁੰਚਦਾ ਹੈ, ਕਿਸੇ ਲਾਇਬ੍ਰੇਰੀ ਦੀ ਸ਼ਾਨ ਬਣਦਾ ਹੈ, ਕਿਸੇ ਅਲਮਾਰੀ ਦੀ ਸ਼ਾਨ ਬਣਦਾ ਹੈ ।

ਮੈਂ ਆਸਵੰਦ ਹਾਂ ਕਿ ਅਜਿਹੇ ਉੱਦਮ ਆਉਣ ਵਾਲ਼ੇ ਸਮੇਂ ਵਿੱਚ ਪੰਜਾਬੀ ਦੇ ਵਿਦਿਆਰਥੀਆਂ ਲਈ ਕੰਮ ਆਉਣਗੇ। ਇਸ ਵਿੱਚ ਸ਼ਾਮਲ ਸਾਰੀਆਂ ਹੀ ਮਾਣਯੋਗ ਸ਼ਖ਼ਸੀਅਤਾਂ ਦਾ ਸ਼ੁਕਰਾਨਾ ਕਰਨਾ ਬਣਦਾ ਹੈ, ਜਿੰਨ੍ਹਾਂ ਨੇ ਸ੍ਰ. ਭੂਪਿੰਦਰ ਸਿੰਘ ਸੱਗੂ ਹੁਰਾਂ ਦੀ ਕਲਮ ਨੂੰ ਸਮੇਂ ਸਿਰ ਪਛਾਣਿਆਂ ਤੇ ਸਲਾਹਿਆ ਹੈ, ਮਾਣ ਦਿੱਤਾ ਹੈ ਅਤੇ ਆਲੋਚਨਾ ਦੇ ਕਾਰਜ ਨੂੰ ਇੱਕ ਨਵਾਂ ਮੋੜ ਦਿੱਤਾ ਹੈ। ਮੈਂ ਆਪ ਇਸ ਤਰ੍ਹਾਂ ਦੇ ਕੰਮ ਦੀ ਕਦਰਦਾਨ ਹਾਂ।“ ਦਰਦ ਜਾਗਦਾ ਹੈ ਬਾਰੇ ਕੁੱਝ ਗੱਲਾਂ” ਨਾਮ ਦਾ ਮੇਰਾ ਲੇਖ ਇਸ ਪੁਸਤਕ ਵਿੱਚ ਦਰਜ ਕਰਨ ਲਈ ਸੰਪਾਦਕ ਸਾਹਿਬਾ ਦੀ ਸ਼ੁਕਰ-ਗੁਜ਼ਾਰ ਹਾਂ। ਧੰਨਵਾਦ ਅਤੇ ਮੁਬਾਰਕਬਾਦ! ਅਜਿਹੇ ਕਾਰਜ ਨੂੰ ਸਮੇਂ ਦੇ ਵਿਦਵਾਨਾਂ ਨੂੰ ਖੁੱਲ੍ਹੇ ਮਨ ਨਾਲ਼ ਸਵੀਕਾਰਨਾ ਚਾਹੀਦਾ ਹੈ, ਇਹ ਮੇਰੀ ਬੇਨਤੀ ਹੈ ਜੀ!
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1085
***

About the author

mandeep Kaur
ਮਨਦੀਪ ਕੌਰ ਭੰਮਰਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ