12 November 2024

ਜਗਤ ਗੁਰ ਪੀਰ ਗੁਰੂ ਬਾਬਾ ਨਾਨਕ—ਮਨਦੀਪ ਕੌਰ ਭੰਮਰਾ

ਜਗਤ ਗੁਰ ਪੀਰ ਗੁਰੂ ਬਾਬਾ ਨਾਨਕ

ਜਗਤ ਗੁਰ ਪੀਰ ਬਾਬਾ ਨਾਨਕ ਨੇ ਸਾਡੇ ਨਾਨਕ,
ਪੀਰਾਂ ਦੇ ਪੀਰ ਜੋ ਬਾਬਾ ਨਾਨਕ ਨੇ ਸਾਡੇ ਨਾਨਕ,
ਨਨਕਾਣੇ ਦੀ ਧਰਤ ਵਿਖੇ ਜਨਮੇ ਨੇ ਸਾਡੇ ਨਾਨਕ,
ਪਵਿੱਤਰ ਕਰਤੀ ਧਰਤੀ ਉਨ੍ਹਾਂ ਜੋ ਨੇ ਸਾਡੇ ਨਾਨਕ।

ਮਾਤਾ ਤਰਿਪਤਾ ਅਤੇ ਪਿਤਾ ਸਨ ਮਹਿਤਾ ਕਾਲ਼ੂ ਜੀ,
ਭੈਣ ਸਨ ਬੇਬੇ ਨਾਨਕੀ ਜੋ ਬਹੁਤ ਹੀ ਦਿਆਲੂ ਸੀ,
ਦਾਈ ਦੌਲਤਾਂ ਨੇ ਦਰਸ਼ਨ ਕੀਤੇ ਤੇ ਮੁਸਕੁਰਾਏ ਸੀ,
ਭਾਈਆ ਜੈ ਰਾਮ ਜੀ ਵੀ ਨਾਨਕ ਦੇ ਸ਼ਰਧਾਲੂ ਸੀ।

ਆਮ ਕੋਈ ਬਾਲ ਨਹੀਂ ਸੀ ਨਾਨਕ ਨਿਰੰਕਾਰੀ ਸੀ,
ਭੈਣ ਸੀ ਜਾਣਦੀ ਕਿ ਓਦ੍ਹਾ ਵੀਰਾ ਤਾਂ ਲਾਸਾਨੀ ਸੀ,
ਬਾਬਲ ਨੇ ਮਾਰ ਚਪੇੜਾਂ ਗੱਲ੍ਹਾਂ ‘ਤੇ ਸਨ ਨੀਲ ਪਾਏ,
ਭੈਣ ਨੇ ਡਾਢਾ ਰੋਸ ਕੀਤਾ ਬਾਬਲ ਦੀ ਨਾਦਾਨੀ ਸੀ।

ਪਾਂਧੇ ਨੂੰ ਪੜ੍ਹਨੇ ਪਾਇਆ ਨਾਨਕ ਨੇ ਬਾਲ ਉਮਰੇ,
ਜਨੇਊ ਉਹ ਪਾ ਦੇ ਮੇਰੇ ਜੋ ਟੁੱਟੇ ਨਾ ਲੱਥੇ ਤਾਉਮਰੇ,
ਕਾਜ਼ੀ ਨੂੰ ਵੀ ਸਮਝਾਤਾ ਨਾਨਕ ਬਾਲ ਮਹਾਨ ਸਨ,
ਨਾਨਕ ਦੱਸਣ ਲੱਗੇ ਗੱਲਾਂ ਵੱਡੀਆਂ ਨਿੱਕੀ ਉਮਰੇ।

ਨਾਨਕ ਫਿਰ ਵੱਡੇ ਹੋਏ ਤਾਂ ਲਾ ਕੇ ਸਮਾਧੀ ਬੈਠਦੇ,
ਪਿਤਾ ਪਟਵਾਰੀ ਨੂੰ ਚਿੰਤਾ ਹੁੰਦੀ ਸਭ ਕੁੱਝ ਦੇਖਕੇ,
ਚਾਹੁੰਦੇ ਸੀ ਮਹਿਤਾ ਕਾਲ਼ੂ ਨਾਨਕ ਕੋਈ ਕਾਰ ਕਰੇ,
ਚੁੱਪਚਾਪ ਰਹਿੰਦੇ ਪੁੱਤਰ ਨੂੰ ਦੇਖ ਸੀ ਉਹ ਝੂਰਦੇ।

ਸਾਖੀ ਵੀਹ ਰੁਪਿਆਂ ਵਾਲ਼ੀ ਅਸੀਂ ਸਭ ਹਾਂ ਸੁਣਦੇ,
ਵਣਜ ਨੂੰ ਦਿੱਤੀ ਜੋ ਪੂੰਜੀ ਨੂੰ ਅੱਜ ਤੱਕ ਹਾਂ ਗਿਣਦੇ,
ਲੰਗਰਾਂ ਦੀ ਪ੍ਰਥਾ ਚੱਲਦੀ ਅੱਜ ਨਾਨਕ ਦੇ ਸਦਕੇ,
ਨਾਨਕ ਦੇ ਸਿੱਖ ਗੁਰੂ ਨਾਨਕ ਦੀ ਬਾਣੀ ਹਾਂ ਸੁਣਦੇ!

ਨਾਨਕ ਨੇ ਪੰਥ ਚਲਾਇਆ ਦੁਨੀਆਂ ਤੋਂ ਨਿਆਰਾ,
ਇੱਕ ਰਬਾਬੀ ਮਰਦਾਨਾ ਸੀ ਬਹੁ ਸੰਗੀ ਪਿਆਰਾ,
ਪੈਦਲ ਹੀ ਤੁਰਦੇ ਸੀ ਚਾਹੇ ਪੈਰੀਂ ਹੋਵੇ ਕੋਈ ਛਾਲਾ,
ਬਾਲਾ ਵੀ ਕਹਿੰਦੇ ਨੇ ਜਾਂ ਮਰਦਾਨਾ ਹੋਵੇ ਦੁਲਾਰਾ।

ਨਾਨਕ ਕਲ਼ਯੁੱਗ ਦੇ ਅਵਤਾਰ ਸਨ ਤਾਰਨ ਆਏ,
ਨਿਰੰਕਾਰ ਨੇ ਆਪ ਭੇਜੇ ਨਾਨਕ ਨਿੰਰਕਾਰੀ ਆਏ,
ਦੁਨੀਆਂ ‘ਤੇ ‘ਨ੍ਹੇਰੀ ਸੀ ਪਰਜਾ ਬਹੁਤ ਦੁਖਿਆਰੀ,
‘ਰਾਜੇ ਸ਼ੀਂਹ ਮੁਕੱਦਮ ਕੁੱਤੇ’ਨਾਨਕ ਨੇ ਗੀਤ ਗਾਏ।

ਧਰਮਾਂ ਨੂੰ ਨਾਨਕ ਕਹਿੰਦੇ ਸਾਰੇ ਹੀ ਮਹਾਨ ਹਨ,
ਧਰਮ ਦੇ ਠੇਕੇਦਾਰ ਉਹ ਜਾਣਦੇ ਕਿ ਸ਼ੈਤਾਨ ਸਨ,
ਨਾਥਾਂ ਤੇ ਜੋਗੀਆਂ ਨੂੰ ਬਾਲ ਨਾਨਕ ਸਮਝਾਇਆ,
ਸਾਰੇ ਹੀ ਪਾਂਡੇ,ਪੰਡਿਤ ਤੇ ਕਾਜ਼ੀ ਬੜੇ ਹੈਰਾਨ ਸਨ।

ਗੁਰੂ ਨੇ ਮਿਸ਼ਨ ਦੀ ਖਾਤਰ ਜੀਵਨ ਜਦ ਲਾਇਆ,
ਮਾਰਿਆ ਸਿੱਕਾ ਧਰਮ ਦਾ ਨਵਾਂ ਪੰਥ ਚਲਾਇਆ,
ਮਾਨਵਤਾ ਦੀ ਰਾਖੀ ਲਈ ਵਾਰਿਆ ਜਿਸ ਜੀਵਨ,
ਅੰਤ ਵਿੱਚ ਹਲ਼ ਚਲਾਏ ਕਰਤਾਰਪੁਰ ਵਸਾਇਆ।

ਜਿਤਨੀ ਵੀ ਕਰੀਏ ਥੋੜ੍ਹੀ ਨਾਨਕ ਦੀ ਵਡਿਆਈ,
ਅਸਲੀ ਜੋ ਧਰਮ ਦੀ ਸੇਵਾ ਨਾਨਕ ਦੇ ਹਿੱਸੇ ਆਈ,
ਹਰ ਇੱਕ ਨੂੰ ਜਾਪੇ ਨਾਨਕ ਉਸੇਦੇ ਨੇ ਜੋ ਨਾਮਲੇਵਾ,
ਕਿਰਤ, ਨਾਮ ਤੇ ਵੰਡ ਛਕਣ ਦੀ ਸੀ ਰੀਤ ਚਲਾਈ।

ਤੇਰਾ ਤੇਰਾ ਤੋਲਿਆ ਸੀ ਜਦ ਨਾਨਕ ਨੇ ਮੋਦੀਖਾਨੇ,
ਕਿਸੇ ਨੇ ਕੰਨ ਭਰੇ ਤੋਲਣ ਤੇ ਨਿਕਲ਼ੇ ਸੀ ਵੱਧ ਦਾਣੇ,
ਬਰਕਤਾਂ ਨੇ ਗੁਰੂ ਨਾਨਕ ਦੇ ਨਾਂ ਦੀ ਹੁੰਦੀ ਕਮਾਈ,
ਖਾਂਦੇ ਨੇ ਮੰਨਣ ਵਾਲ਼ੇ ਨਾਨਕ ਦੇ ਹੀ ਦਿੱਤੇ ਜੋ ਖਾਣੇ।

ਬਹੁਤ ਕੁੱਝ ਕਹਿ ਸਕਦੇ ਹਾਂ ਨਾਨਕ ਹਨ ਨਿਆਰੇ,
ਮੇਰੀ ਕਲਮ ਦੀ ਕੀ ਔਕਾਤ ਲਿਖੇ ਜੋ ਨਾਨਕ ਬਾਰੇ,
ਚਾਹੀਦਾ ਸੀ ਸਾਨੂੰ ਅਸੀਂ ਨਾਨਕ ਨੂੰ ਸਮਝ ਸਕਦੇ,
ਅਸੀਂ ਮੁੱਲ ਨਹੀਂ ਸਮਝੇ ਬਣੇ ਨਾਨਕ ਸਾਡੇ ਸਹਾਰੇ।

ਸੱਚਾਂ ਨੂੰ ਦਰਸਾਉਣ ਲਈ ਨਾਨਕ ਨੇ ਬਾਣੀ ਰਚੀ,
ਜਪੁਜੀ, ਆਸਾ ਦੀ ਵਾਰ, ਆਰਤੀ ਜੋ ਪੜ੍ਹਦੇ ਅਸੀਂ,
ਬਾਕੀ ਦੇ ਸਭ ਸ਼ਬਦ ਗੁਰੂ ਗਰੰਥ ਅੰਦਰ ਦਰਜ ਨੇ,
ਗੁਰੂ ਨਾਨਕ ਤੇ ਬਾਕੀ ਗੁਰੂਆਂ ਨੂੰ ਹਾਂ ਮੰਨਦੇ ਅਸੀਂ।

ਗੁਰੂ ਨਾਨਕ ਦੀ ਜੋਤ ਦਸਾਂ ਗੁਰੂਆਂ ਵਿੱਚ ਵਰਤੀ,
ਗੁਰੂ ਨਾਨਕ ਜਿੱਥੇ ਵੀ ਪੈਰ ਪਾਏ ਪਾਕ ਹੈ ਧਰਤੀ,
ਕੌਡੇ ਤੇ ਸੱਜਣ ਤਾਰੇ ਨਾਨਕ ਨੇ ਸੀ ਪੰਜਾ ਲਾਇਆ,
ਦੂਰ ਦੁਰਾਡੇ ਗਏ ਨਾਨਕ ਬਾਣੀ ਵੀ ‘ਕੱਠੀ ਕਰਤੀ।

ਫਰੀਦ ਦੀ ਬਾਣੀ ਲਿਆਏ ਪਾਕਪਟਨ ਜਦ ਗਏ,
ਕਬੀਰ ਨੂੰ ਮਿਲਣ ਨਾਨਕ ਮਧਹਰ ਵੀ ਸਨ ਗਏ,
ਨਾਨਕ ਨੇ ਮੱਕਾ ਘੁਮਾਇਆ ਕਹਾਣੀ ਹਾਂ ਸੁਣਦੇ,
ਜਗਨਨਾਥ ਪੁਰੀ ਵੀ ਆਰਤੀ ਵਿੱਚ ਸ਼ਾਮਲ ਹੋਏ।

ਜਿੱਥੇ ਵੀ ਗਏ ਨਾਨਕ ਉੱਥੋਂ ਦੀ ਭਾਸ਼ਾ ਬੋਲੀ ਹੋਵੇ,
ਨਾਨਕ ਨੇ ਗੁਰਮੁਖੀ ਵਰਤੀ ਲੋਕਾਂ ਨੂੰ ਸਮਝ ਹੋਵੇ,
ਨਾਨਕ ਕੋਈ ਆਮ ਨਹੀਂ ਉਹ ਹਨ ਮਹਾਂਮਾਨਵ,
ਗੁਣ ਨਹੀਂ ਜਾਣ ਸਕਦੇ ਅਸੀਂ ਕਿੰਨ੍ਹੀ ਅਕਲ ਹੋਵੇ।

ਨਾਨਕ ਮੱਝਾਂ ਚਾਰੀਆਂ ਅਤੇ ਨਾਨਕ ਨੇ ਹਲ਼ ਵਾਹੇ,
ਗ੍ਰਹਿਸਥੀ ਜੀਵਨਾਂ ਦੇ ਸਿੱਖਾਂ ਨੂੰ ਅਰਥ ਸਮਝਾਏ,
ਸਿੱਖੀ ਦੇ ਜੀਵਨ ਅੰਦਰ ਗ੍ਰਹਿਸਥੀ ਨੂੰ ਮਾਨਤਾ ਦੇ,
ਔਰਤ ਨੂੰ ਦਰਜਾ ਦੇ ਕੇ ਉਸਦੇ ਅਧਿਕਾਰ ਦਿਵਾਏ।

ਨਾਨਕ ਨੇ ਉਸ ਗ੍ਰਹਿਸਥ ਨੂੰ ਆਪ ਅਪਣਾਇਆ,
ਮਾਤਾ ਸੁਲੱਖਣੀ ਜੀ ਨਾਲ਼ ਵਿਆਹ ਕਰਵਾਇਆ,
ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਸਨ ਜਨਮੇ,
ਬਟਾਲੇ ਦੀ ਧਰਤੀ ਨੂੰ ਦੁਨੀਆਂ ਉੱਤੇ ਰੁਸ਼ਨਾਇਆ।

‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦੇ,
ਖਲਕਤ ਨੂੰ ਸ਼ਬਦ ਆਖੇ ਨਾਨਕ ਨੇ ਰਾਖੇ ਨਾਰੀ ਦੇ,
ਬਾਬਰ ਨੂੰ ਮਿਹਣੇ ਮਾਰੇ ਸੀ ਸਮੇਂ ਦਾ ਹਾਕਮ ਰਿਹਾ,
ਲੋਕਾਈ ਦੇ ਹੱਕਾਂ ਲਈ ਬਾਬਰ ਦੀ ਕੈਦ ਵਿੱਚ ਗਏ।

ਕੀ ਕੀ ਗੱਲਾਂ ਆਖਾਂ ਮੈਂ ਗੁਰੂ ਨਾਨਕ ਮਹਾਨ ਬਾਰੇ,
ਮਨੁੱਖ ਦੇ ਜਾਮੇ ਵਿੱਚ ਨਾਨਕ ਸਨ ਰੱਬ ਦੇ ਦੁਲਾਰੇ,
ਅਸੀਂ ਨਾਨਕ ਦੀ ਬਾਣੀ ਪੜ੍ਹੀਏ ਨਿਸ਼ਚਾ ਧਾਰ ਕੇ,
ਸਿੱਖੀ ਦੇ ਵਾਰਿਸ ਬਣੀਏ ਜੇ ਨਾਨਕ ਹਨ ਪਿਆਰੇ।

ਰਾਇ ਬੁਲਾਰ ਜੀ ਨੂੰ ਯਾਦ ਕਰਾਂ ਤੇ ਸੀਸ ਝੁਕਾਵਾਂ,
ਗੁਰੂ ਨਾਨਕ ਦੀਆਂ ਰਹਿਮਤਾਂ ਦਾ ਕਰਜ਼ ਚੁਕਾਵਾਂ,
ਹਰੇ ਭਰੇ ਖੇਤਾਂ ਨੂੰ ਦੇਖਣ ਕਦੋਂ ਕਰਤਾਰਪੁਰ ਜਾਵਾਂ,
ਮਨਦੀਪ ਸੋਚੇ ਜਾ ਚੁੰਮਾਂ ਓਹ ਮਿੱਟੀ ਮੱਥੇ ਨੂੰ ਲਾਵਾਂ।

ਸਾਡੇ ਸਭਨਾਂ ਦੇ ਗੁਰੂ ਨਾਨਕ ਰਹਿਮਤ ਦੇ ਪੁੰਜ ਨੇ,
ਸਾਡੀਆਂ ਸੁਰਤਾਂ ਵਿੱਚ ਵੱਸਦੇ ਜੋ ਉਂਝ ਦੇ ਉਂਝ ਨੇ,
ਅਸਾਂ ਕਰਮਾਂ ਵਾਲ਼ੇ ਹਾਂ ਜੀ ਗੁਰੂ ਨਾਨਕ ਦੇ ਸਦਕੇ,
ਦਸਾਂ ਗੁਰੂਆਂ ‘ਚ ਜੋਤ ਵਰਤੀ ਸ਼ਬਦ ਸਭ ਕੁੱਝ ਨੇ।

ਸਿੱਖੀ ਮਹਾਨ ਧਰਮ ਦੁਨੀਆਂ ਵਿੱਚ ਹੈ ਨਿਆਰਾ,
ਕੌਮ ਅੱਜ ਦੋਫਾੜ ਹੋਈ ਹੈ ਨਹੀਂ ਦਿਸਦਾ ਕਿਨਾਰਾ,
ਖ਼ਾਲਸਾ ਪੰਥ ਰਹੇਗਾ ਦੁਨੀਆਂ ਉੱਤੇ ਸਦੀਵਕਾਲੀ,
ਨਾਨਕ ਅਵਤਾਰ ਸਾਡਾ ਸਾਂਝਾ ਹਰਮਨ ਪਿਆਰਾ।
***
(ਪੁਸਤਕ -“ਗੁਰੂ ਨਾਨਕ ਅਵਤਾਰ” ਵਿੱਚੋਂ)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
944
***

mandeep Kaur
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ