ਅੱਜ 28.6.2022 ਨੂੰ ਸ੍ਰ ਮੋਤਾ ਸਿੰਘ ਸਰਾਏ ਜੀ ਦੇ ਸਨਮਾਨ ਮੌਕੇ ਉਹਨਾਂ ਬਾਰੇ ਜਾਣ ਕੇ ਇਹ ਪਤਾ ਲੱਗਾ ਕਿ ਸਾਹਿਤਕਾਰ ਕੇਵਲ ਉਹ ਹੀ ਨਹੀਂ ਹੁੰਦਾ, ਜਿਹੜਾ ਕੇਵਲ ਆਪਣੀਆਂ ਰਚਨਾਵਾਂ ਦੀ ਗੱਲ ਕਰਦਾ ਹੈ, ਨਿਰੀ ਆਪਣੀ ਹਊਮੈ ਨੂੰ ਪੱਠੇ ਪਾਉਂਦਾ ਹੈ; ਬਲਕਿ ਸਾਹਿਤਕਾਰ ਉਹ ਵੀ ਹੁੰਦਾ ਹੈ ਜਿਹੜਾ ਬੇਸ਼ਕੀਮਤੀ ਸਾਹਿਤ ਦੀ, ਪੁਰਾਤਨ ਸਾਹਿਤਕ ਸੋਮਿਆਂ ਦੀ ਸੰਭਾਲ਼ ਕਰਦਾ ਹੈ। ਸ਼ੇਖ਼ ਫ਼ਰੀਦ ਤੋਂ ਲੈ ਕੇ ਬਾਬਾ ਨਾਨਕ ਅਤੇ ਬਾਬਾ ਨਾਨਕ ਤੋਂ ਲੈ ਕੇ ਦਸਮੇਸ਼ ਪਿਤਾ, ਚਾਰੇ ਸਾਹਿਬਜ਼ਾਦਿਆਂ, ਬਵੰਜਾ ਕਵੀਆਂ ਦੀ ਗੱਲ ਕਰਦਿਆਂ, ਵਾਰਸ ਸ਼ਾਹ ਦੀ ਮੌਲਿਕ ਰਚਨਾ ਦੀ ਗੱਲ ਕਰਦਿਆਂ, ਸ੍ਰ ਮੋਤਾ ਸਿੰਘ ਸਰਾਏ ਹੁਰਾਂ ਦੀ ਕਮਾਲ ਦੀ ਯਾਦਦਾਸ਼ਤ ਅਤੇ ਪ੍ਰੀਤਮਈ ਅਨੁਭਵ ਦੇ ਆਤਮਿਕ ਦੀਦਾਰ ਹੋਏ। ਮੈਨੂੰ ਜਾਪਿਆ ਅਸੀਂ ਪੰਜਾਬ ਵਿੱਚ ਵੱਸਦੇ ਸਾਹਿਤਕਾਰ ਓਨੀ ਸ਼ਿੱਦਤ ਨਾਲ਼ ਕੰਮ ਨਹੀਂ ਕਰ ਰਹੇ, ਜਿੰਨੀ ਸ਼ਿੱਦਤ ਨਾਲ਼ ਸਾਡੇ ਪਰਵਾਸੀ ਵੀਰ ਕਰ ਰਹੇ ਹਨ। ਕਰੋੜਾਂ ਦੀ ਲਾਗਤ ਨਾਲ਼ ਪੁਸਤਕਾਂ ਦੀ ਛਪਾਈ, ਵਿਤਰਨ ਸਭ ਕਮਾਲ ਦੇ ਅਤੇ ਸੋਭਾਵੰਤ ਕਾਰਜ ਹਨ, ਜੋ ਨਿਰਲੇਪ ਭਾਵਨਾ ਨਾਲ ਕੀਤੇ ਜਾ ਰਹੇ ਹਨ। ਸਾਡੇ ਸਾਧਨ ਸੀਮਿਤ ਹੋਣ ਕਾਰਨ ਅਸੀਂ ਪੰਜਾਬ ਵਿੱਚ ਵੱਸਦੇ ਲੋਕ ਕੇਵਲ ਸੁਪਨੇ ਹੀ ਲੈ ਸਕਦੇ ਹਾਂ ਜਾਂ ਆਪਣੀ ਆਪਣੀ ਹਉਮੈ ਦੀ ਪੂਰਤੀ ਕਰਦੇ ਹਾਂ। ਸੰਸਥਾਵਾਂ ਤੋਂ ਉੱਪਰ ਉੱਠ ਕੇ ਇੱਕ ਵਿਅਕਤੀ ਦਾ ਸੰਸਥਾ ਬਣ ਜਾਣਾ, ਬੇਸ਼ੱਕ ਲੋਕਾਂ ਦਾ ਸਹਿਯੋਗ ਲੈ ਕੇ ਹੀ ਚੱਲਦੇ ਹੋਣ ਪਰ ਇਹ ਸਭ ਸੌਖਾ ਨਹੀਂ ਹੁੰਦਾ। ਨਿਰੰਤਰ ਉੱਦਮ ਕਰਨਾ ਸਾਧਕਾਂ ਦਾ ਹੀ ਕੰਮ ਹੁੰਦਾ ਹੈ। ਸ੍ਰ ਮੋਤਾ ਸਿੰਘ ਸਰਾਏ ਹੁਰਾਂ ਦੀ ਬੇਬਾਕ ਕਹਿਣੀ ਤੇ ਕਥਨੀ ਉਹਨਾਂ ਦੀ ਸ਼ਖ਼ਸੀਅਤ ਵਿੱਚ ਖ਼ੁਸ਼ਬੂ ਭਰ ਗਈ ਹੈ। ਹੰਸੂ ਹੰਸੂ ਕਰਦੇ ਮੁਸਕਰਾਉਂਦੇ ਚਿਹਰੇ ਤੋਂ ਝਲਕਦਾ ਨੂਰ ਅੰਦਰਲੇ ਸੱਚ ਦਾ ਬਿਆਨ ਕਰਦਾ ਹੈ। ਕੰਧ ਓਹਲੇ ਪ੍ਰਦੇਸ ਹੁੰਦਾ ਹੈ ਤੇ ਹੱਥ ਕੰਗਣ ਨੂੰ ਆਰਸੀ ਕੀ। ਅੱਜ ਤੋਂ ਪਹਿਲਾਂ ਕੇਵਲ ਫ਼ੋਨਿਕ ਗੱਲਬਾਤ ਨਾਲ਼ ਅਤੇ ਅੱਜ ਸਾਹਵੇਂ ਦੇਖ ਸੁਣ ਕੇ ਸ੍ਰ ਮੋਤਾ ਸਿੰਘ ਸਰਾਏ ਹੁਰਾਂ ਦੀ ਸ਼ਖ਼ਸੀਅਤ ਦੇ ਉਹ ਗੁਣ ਦੇਖਣ ਨੂੰ ਮਿਲ਼ੇ ਅਤੇ ਉਹਨਾਂ ਗੱਲਾਂ ਦਾ ਜੁਆਬ ਮਿਲ਼ ਗਿਆ ਜਿਹੜੇ ਮੇਰੀ ਸਵੇਰ ਵਾਲ਼ੀ ਪੋਸਟ ਵਿੱਚ ਕੌਮੈਂਟਸ ਦੇ ਰੂਪ ਵਿੱਚ ਆਏ ਸਨ- ਸ਼ਾਲਾ! ਅਜਿਹਾ ਅਨੂਠਾ ਪਿਆਰ ਸਾਡੇ ਸਭ ਦੇ ਹਿੱਸੇ ਵਿੱਚ ਆ ਜਾਵੇ। ਅਖੀਰ ਮੈਂ ਮਨਦੀਪ ਕੌਰ ਭੰਮਰਾ ਆਪਣੀ “ਚਿੰਤਨਸ਼ੀਲ ਸਾਹਿਤ ਧਾਰਾ ਸੰਸਥਾ” ਵੱਲੋਂ ਸ੍ਰ ਮੋਤਾ ਸਿੰਘ ਸਰਾਏ ਹੁਰਾਂ ਨੂੰ ਅੱਜ ਦੇ ਸਨਮਾਨ ਸਮੇਤ ਸਭ ਸ਼ੁਭ ਅਮਲਾਂ ਲਈ ਵਧਾਈ ਭੇਜਦੀ ਹੋਈ, ਉਹਨਾਂ ਦੀ ਇਸ ਪੰਜਾਬ ਫੇਰੀ ਮੌਕੇ ਹਾਰਦਿਕ ਜੀ ਆਇਆਂ ਆਖਦੀ ਹਾਂ! ਸਾਡੇ ਮਾਣਮੱਤੇ ਵੀਰ ਦੀ ਉਮਰ ਦਰਾਜ਼ ਹੋਵੇ !
*** |