ਲੁਧਿਆਣਾਃ ਪੰਜਾਬੀ ਗੀਤਕਾਰ ਮੰਚ ਲੁਧਿਆਣਾ (ਪੰਜਾਬ) ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪ੍ਰਸਿੱਧ ਗੀਤਕਾਰ ਅਤੇ ਫਿਲਮ ਸਾਜ਼ ਸਵਰਗੀ ਸਃ ਇੰਦਰਜੀਤ ਹਸਨਪੁਰੀ ਜੀ ਦੇ ਜਨਮ ਮੌਕੇ ਵਿਸ਼ਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਵ, ਇੰਦਰਜੀਤ ਹਸਨਪੁਰੀ ਜਿਨ੍ਹਾਂ ਨੇ “ਜੇ ਮੁੰਡਿਆ ਤੂੰ ਸਾਡੀ ਤੋਰ ਵੇ ਵੇਖਣੀ, ਗੜਵਾ ਲੈ ਦੇ ਚਾਂਦੀ ਦਾ, ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ, ਨਾ ਜਾ ਬਰਮਾਂ ਨੂੰ, ਸਾਧੂ ਹੁੰਦੇ ਰੱਬ ਵਰਗੇ” ਅਤੇ “ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ, ਹੋਇਆ ਕੀ ਜੇ ਕੁੜੀ ਏ ਤੂੰ ਦਿੱਲੀ ਸ਼ਹਿਰ ਦੀ” ਸਮੇਤ ਕਈ ਹਿੱਟ ਗੀਤ ਲਿਖਣ ਦੇ ਨਾਲ ਨਾਲ ਕਈ ਕਿਤਾਬਾਂ ਮਾਂ ਬੋਲੀ ਦੀ ਝੋਲੀ ਪਾਈਆਂ ਅੱਜ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਪਹਿਲਾ ਇੰਦਰਜੀਤ ਹਸਨਪੁਰੀ ਪੁਰਸਕਾਰ ਪ੍ਰਸਿੱਧ ਗਾਇਕ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੂੰ ਦਿੱਤਾ ਗਿਆ। ਸਮਾਗਮ ਦੌਰਾਨ ਪ੍ਰੋ.ਗੁਰਭਜਨ ਗਿੱਲ ਨੇ ਕਿਹਾ ਕਿ ਸਵ. ਇੰਦਰਜੀਤ ਹਸਨਪੁਰੀ ਪੰਜਾਬੀ ਦੇ ਸਿਰਮੌਰ ਗੀਤਕਾਰ ਤੇ ਫਿਲਮ ਨਿਰਮਾਤਾ, ਮਿਹਨਤਕਸ਼ ਅਤੇ ਇਮਾਨਦਾਰ ਵਿਅਕਤੀ ਸਨ। ਜਿਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਉੱਚੀਆਂ ਉਡਾਰੀਆਂ ਮਾਰੀਆਂ ਹਨ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਜੀ ਨੇ ਹਸਨਪੁਰੀ ਜੀ ਦੇ ਨਾਲ ਬਿਤਾਏ ਹੋਏ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਹਸਨਪੁਰੀ ਸਾਹਿਬ ਇੱਕ ਚੰਗੇ ਲੇਖਕ ਹੋਣ ਦੇ ਨਾਲ ਨਾਲ ਬਹੁਪੱਖੀ ਸ਼ਖ਼ਸੀਅਤ ਸਨ। ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਇੰਦਰਜੀਤ ਹਸਨਪੁਰੀ ਜੀ ਦੀ ਆਪਣੀ ਸਾਫ ਸੁਥਰੀ ਲੇਖਣੀ ਸਦਕਾ ਪੰਜਾਬੀ ਸੱਭਿਆਚਾਰਕ ਗੀਤਾਂ ਉਤੇ ਚੰਗੀ ਪਕੜ ਸੀ। ਸਮਾਗਮ ਦੇ ਮੁੱਖ ਮਹਿਮਾਨ ਸ. ਅਮਰਜੀਤ ਸਿੰਘ ਟਿੱਕਾ ਵਿਸ਼ੇਸ਼ ਮਹਿਮਾਨ ਮਨਦੀਪ ਕੌਰ ਭੰਮਰਾ, ਡਾ. ਨਿਰਮਲ ਜੌੜਾ, ਸ. ਮਲਕੀਤ ਸਿੰਘ ਦਾਖਾ, ਲੋਕ ਗਾਇਕ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਡਾ ਸੁਰਜੀਤ ਦੌਧਰ,ਸੀ ਮਾਰਕੰਡਾ ਸਮੇਤ ਹੋਰ ਕਈ ਬੁਲਾਰਿਆਂ ਨੇ ਆਪਣੇ ਆਪਣੇ ਸੰਬੋਧਨ ਰਾਹੀਂ ਇੰਦਰਜੀਤ ਹਸਨਪੁਰੀ ਜੀ ਦੇ ਜੀਵਨ ਨਾਲ ਸਬੰਧਤ ਕਈ ਯਾਦਾਂ ਸਾਂਝੀਆਂ ਕੀਤੀਆਂ। ਡਾਃ ਆਤਮ ਹਮਰਾਹੀ ਦੀ ਜ਼ਹੀਨ ਸਿਰਜਕ ਬੇਟੀ ਮਨਦੀਪ ਕੌਰ ਭਮਰਾ ਨੇ ਇਸ ਮੌਕੇ ਅਕਾਡਮੀ ਦਫ਼ਤਰ ਵਿੱਚ ਪੰਜਾਬੀ ਕਵੀ ਅਮਰਜੀਤ ਸ਼ੇਰਪੁਰੀ ਦੀ ਜੀਵਨ ਸਾਥਣ ਬਲਜੀਤ ਕੌਰ ਦਾ ਸੋਹਣਾ ਸੂਟ ਤੇ ਅਮਰਜੀਤ ਸ਼ੇਰਪੁਰੀ ਦਾ ਦਸਤਾਰ ਭੇਂਟ ਕਰਕੇ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਲੇਖਕ ਨੂੰ ਘਰੋਂ ਮਿਲਦੀ ਊਰਜਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਨਮਾਨ ਦੇਣ ਵਾਲਿਆਂ ‘ਚ ਪ੍ਰੋਃ ਗੁਰਭਜਨ ਸਿੰਘ ਗਿੱਲ, ਪ੍ਰੋਃ ਰਵਿੰਦਰ ਭੱਠਲ, ਡਾ. ਨਿਰਮਲ ਜੌੜਾ, ਮਨਦੀਪ ਕੌਰ ਭਮਰਾ, ਜਸਮੇਰ ਸਿੰਘ ਢੱਟ ਤੇ ਡਾਃ ਗੁਰਇਕਬਾਲ ਸਿੰਘ ਸ਼ਾਮਿਲ ਸਨ। ਇਸ ਮੌਕੇ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਮੰਚ ਸੰਚਾਲਨ ਕਰਦੇ ਹੋਏ ਹਾਜ਼ਿਰ ਕਵੀਆਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ। ਸਮਾਗਮ ਦੌਰਾਨ ਡਾ. ਕਰਮਜੀਤ ਸਿੰਘ ਔਜਲਾ, ਬਲਕੌਰ ਸਿੰਘ ਗਿੱਲ, ਜਸਮੇਰ ਸਿੰਘ ਢੱਟ, ਸੁਰਜੀਤ ਭਗਤ, ਸੰਤ ਸਿੰਘ ਸੋਹਲ, ਹਰਬੰਸ ਸਿੰਘ ਘਈ, ਸੁਖਦੇਵ ਸਿੰਘ ਲਾਜ਼, ਨੇਤਰ ਸਿੰਘ ਮੁੱਤੋਂ, ਇੰਦਰਜੀਤਪਾਲ ਕੌਰ ਭਿੰਡਰ, ਸੁਰਿੰਦਰ ਕੌਰ ਬਾੜਾ, ਸੁਰਿੰਦਰਦੀਪ, ਪਰਵਿੰਦਰ ਕੌਰ ਸੁੱਖ, ਸੁਰਿੰਦਰ ਅਮਨ, ਬਲਵਿੰਦਰ ਸਿੰਘ ਮੋਹੀ, ਸੁਰਜੀਤ ਸਿੰਘ ਜੀਤ, ਸੋਮ ਨਾਥ ਸਿੰਘ, ਜਸਬੀਰ ਸਿੰਘ ਸੋਹਲ, ਤਜਿੰਦਰ ਮਾਰਕੰਡਾ, ਗੁਰਸੇਵਕ ਸਿੰਘ ਢਿੱਲੋਂ, ਹਰਦੇਵ ਸਿੰਘ ਕਲਸੀ, ਰਣਜੀਤ ਸਿੰਘ ਹਠੂਰ, ਮੋਹਣ ਹਸਨਪੁਰੀ, ਸੁਖਵੀਰ ਸੰਧੇ, ਮੀਤ ਸਕਰੌਦੀ, ਰਣਜੀਤ ਸਿੰਘ, ਗੁਰਵਿੰਦਰ ਸਿੰਘ ਸ਼ੇਰਗਿੱਲ, ਪਰਮਿੰਦਰ ਅਲਬੇਲਾ, ਬਲਵਿੰਦਰ ਗਲੈਕਸੀ, ਸੰਪੂਰਨ ਸਿੰਘ ਸਨਮ, ਹਰਦੀਪ ਬਿਰਦੀ, ਬਲਜੀਤ ਮਾਹਲਾ, ਗੀਤ ਗੁਰਜੀਤ, ਜਗਤਾਰ ਰਾਈਆਂਵਾਲਾ, ਸਤਿਨਾਮ ਸਿੰਘ ਗ਼ਾਲੇ ਸਮੇਤ ਹਾਜ਼ਿਰ ਕਵੀਆਂ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਨਾਲ ਭਰਵੀਂ ਹਾਜ਼ਰੀ ਲਗਵਾ ਕੇ ਵਾਹ ਵਾਹ ਖੱਟੀ। ਇਸ ਮੌਕੇ ਜੇ. ਐਲ. ਪ੍ਰੋਡੈਕਸ਼ਨ ਵੱਲੋਂ ਕਰਵਾਏ ਗਏ ਸੰਗੀਤਕ ਸ਼ੋਅ ਦੇ ਜੇਤੂ, ਗਾਇਕਾ ਪ੍ਰੀਤ ਸਿਮਰ, ਤਾਨੀਆ ਸਿਤਾਰਾ ਗੀਤਕਾਰਾ ਕਾਇਨਾਤ ਕੌਸ਼ਟਮਨੀ ਨੂੰ ਵੀ ਸਨਮਾਨਿਤ ਕੀਤਾ ਗਿਆ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |