21 September 2024

ਮੇਰਾ ਉਹ ਅਨੋਖਾ ਜਨਮ ਦਿਹਾੜਾ—ਗੋਵਰਧਨ ਗੱਬੀ

‘ਸਵੈ-ਕਥਨ/ਚੇਤੇ ਦੀ ਚੰਗੇਰ’

ਦੋਸਤੋ! ਜਨਮ ਦਿਹਾੜਾ ਹਰ ਮਨੁੱਖ ਦੇ ਜੀਵਨ ਵਿਚ ਖਾਸ ਮਹੱਤਤਾ ਰੱਖਦਾ ਹੈ। ਇਸ ਦਿਨ ਉਹ ਇਸ ਫਾਨੀ ਦੁਨੀਆਂ ਵਿਚ ਆਇਆ ਹੁੰਦਾ ਹੈ। ਇਸ ਦਿਨ ਪਤਾ ਚਲਦਾ ਹੈ ਕਿ ਉਸਨੂੰ ਦੁਨੀਆਂ ‘ਤੇ ਆਏ ਕਿੰਨਾ ਸਮਾਂ ਹੋ ਗਿਆ ਹੈ। ਹਰ ਇਨਸਾਨ ਆਪਣਾ ਜਨਮ ਦਿਨ ਆਪਣੇ ਤਰੀਕੇ ਨਾਲ ਮਨਾਉਂਦਾ ਹੈ। ਕੋਈ ਘਰ ਵਿਚ ਰੱਬ ਦੀ ਪੂਜਾ ਕਰਦਾ ਹੈ। ਕੋਈ ਮੰਦਰ, ਮਸਜਿਦ, ਗੁਰੂਦੁਆਰੇ ਜਾਂਦਾ ਹੈ। ਕੋਈ ਸਾਧੂਆਂ ਨੂੰ ਭੋਜਨ ਕਰਵਾਉਂਦਾ ਹੈ। ਕੋਈ ਗਰੀਬਾਂ ਨੂੰ ਵਸਤਰ ਭੇਂਟ ਕਰਦਾ ਹੈ। ਕੋਈ ‘ਬਰਥ ਡੇਅ’ ਪਾਰਟੀ ਦਾ ਆਯੋਜਨ ਕਰਦਾ ਹੈ। ਕੁਝ ਸੱਜਣ ਇਸ ਦਿਹਾੜੇ ਨੂੰ ਮਨਾਉਂਦੇ ਹੀ ਨਹੀਂ। ਉਹਨਾਂ ਦੀ ਰਾਏ ਵਿਚ ਇਸ ਦਿਨ ਉਹਨਾਂ ਨੂੰ ਦੁਖ ਹੁੰਦਾ ਹੈ ਕਿ ਉਹਨਾਂ ਦੀ ਉਮਰ ਦਾ ਇਕ ਹੋਰ ਸਾਲ ਘਟ ਗਿਆ ਹੈ।
ਤਿੰਨ ਅਪ੍ਰੈਲ, 1994 ਦੀ ਗੱਲ ਹੈ। ਉਸ ਦਿਨ ਮੇਰਾ ਅਠਾਈਵਾਂ ਜਨਮ ਦਿਹਾੜਾ ਸੀ। ਉਹਨਾਂ ਦਿਨਾਂ ‘ਚ ਅਸੀਂ ਚੰਡੀਗੜ੍ਹ ਦੇ ਸੈਕਟਰ ਚੁਤਾਲੀ ਵਿਚ ਆਖਰੀ ਤਲ ਵਾਲੇ ਇਕ ਦੋ ਕਮਰਿਆਂ ਦੇ ਫਲੈਟ ਵਿਚ ਰਹਿੰਦੇ ਸਾਂ। ਨਜਦੀਕੀ ਦੋਸਤਾਂ ਮਿੱਤਰਾਂ ਨੂੰ ਬੁਲਾ ਕੇ ਛੋਟੀ ਮੋਟੀ ਪਾਰਟੀ ਦਾ ਆਯੋਜਨ ਕਰਕੇ ਜਨਮ ਦਿਨ ਮਨਾਉਂਦੇ ਸਾਂ।

ਉਸ ਦਿਨ ਮੈਂ ਸਵੇਰੇ ਸਵੇਰੇ ਉਠਿਆ। ਘਰ ਦੇ ਪਿਛਲੇ ਪਾਸੇ ਬਣੀ ਬਾਲਕੋਨੀ ਵਿਚ ਖੜਾ ਹੋ ਕੇ ਸੂਰਜ ਨੂੰ ਪ੍ਰਣਾਮ ਕਰਨ ਨੂੰ ਮਨ ਕਰ ਰਿਹਾ ਸੀ। ਕੁਦਰਤ ਦਾ ਨਜ਼ਾਰਾ ਮਾਨਣ ਲੱਗਾ। ਆਉਂਦੇ ਜਾਂਦੇ ਪੰਖੇਰੂਆਂ ਨੂੰ ਨਿਹਾਰਣ ਲੱਗਾ। ਉਹਨਾਂ ਦੀਆਂ ਗੱਲਾਂਬਾਤਾਂ ਤੇ ਗੀਤ ਸੁਣਨ ਲੱਗਾ। ਪੰਛੀ ਪਰਾਂ ਨੂੰ ਸਹਿਲਾ ਰਹੇ ਸਨ। ਘਰਾਂ ਦੇ ਬਨੇਰਿਆਂ ‘ਤੇ ਬੈਠੇ ਕਬੂਤਰਾਂ ਨੂੰ ‘ਗੁਟਰ ਗੂੰ ਗੁਟਰ ਗੂੰ ਕਰਦਾ’ ਦੇਖ ਰਿਹਾ ਸੀ। ਉਹ ਪਿਆਰ ਨਾਲ ਇਕ ਦੂਸਰੇ ਨਾਲ ਚੁੰਝ ਲੜਾ ਰਹੇ ਸਨ। ਦਿਹਾੜਾ ਕਿਹੜੇ ਪਾਸੇ ਬਿਤਾਉਣਾ ਹੈ, ਇਸਦੀ ਵਿਉਂਤ ਬਣਾ ਰਹੇ ਸਨ। ਦੂਸਰੇ ਪਾਸੇ ਕਾਲਿਆਂ ਕਾਵਾਂ ਨੇ ਆਪਣਾ ਬੇਸੁਰਾ ਰਾਗ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦੀ ਕਾਂ ਕਾਂ ਵਿਚ ਕਮੀਨਾਪਣ ਜਿਹਾ ਭਾਸਦਾ ਸੀ। ਅੱਜ ਕਿਹੜੇ ਕਿਹੜੇ ਪੰਛੀ ਦਾ ਘਰ ਉਜਾੜਣਾ ਹੈ ਸ਼ਾਇਦ ਇਸਦਾ ਐਲਾਨ ਕਰ ਰਹੇ ਸਨ। ਸ਼ੀਸ਼ੇ ਵਾਂਗ ਚਮਕਦੀਆਂ ਅੱਖਾਂ ਨੂੰ ਘੁਮਾ ਫਿਰਾ ਕੇ ਨਜ਼ਦੀਕ ਬੈਠੇ ਗਰੀਬੜੇ ਪੰਛੀਆਂ ਉਤੇ ਦਹਿਸ਼ਤ ਦਾ ਮਾਹੌਲ ਬਣਾ ਰਹੇ ਸਨ।

ਦੋਧੀਆਂ ਨੇ ਸ਼ੋਰ ਸ਼ਰਾਬਾ ਪਾ ਦਿੱਤਾ ਸੀ। ਕੋਈ ਸਾਇਕਲ ਦੀ ਘੰਟੀ, ਕੋਈ ਮੋਟਰ ਸਾਇਕਲ ਤੇ ਜੀਪ ਦਾ ਹਾਰਨ ਵਜਾ ਰਿਹਾ ਸੀ। ਕੋਈ ਚੁਬਾਰੇ ਤੋਂ ਹੇਠਾਂ ਤੇ ਕੋਈ ਉਪਰ ਵਲ ਜਾ ਰਿਹਾ ਸੀ। ਕਈ ਬਜ਼ੁਰਗ ਲੋਕ ਦੁਧ ਲੈਣ ਦੇ ਬਹਾਨੇ ਹੱਥ ਵਿਚ ਡੋਲਨੂ ਫੜੀ ਡੇਰੀਆਂ ਵਲ ਜਾ ਰਹੇ ਸਨ। ਕਈ ਲੋਕ ਸੇਹਤ ਬਣਾਉਣ ਖਾਤਿਰ ਹੌਲੇ ਹੌਲੇ ਭੱਜ ਰਹੇ ਸਨ।

ਘਰਾਂ ਵਿਚ ਸਫਾਈ ਆਦਿ ਦਾ ਕੰਮ ਕਰਦੇ ਗਰੀਬ ਲੋਕਾਂ ਦੇ ਟੋਲੇ ਪੇਟ ਦੀ ਭੁਖ ਖਾਤਿਰ ਫਟੇ ਪੁਰਾਣੇ ਲੀਥੜਿਆਂ ਵਿਚ ਲਿਪਟੇ ਕੁਝ ਚੁਪ ਚਾਪ ਤੇ ਕੁਝ ‘ਬਤਿਆਂਦੇ’, ਕੁਝ ਪੈਦਲ ਤੇ ਕੁਝ ਸਾਇਕਲਾਂ ਉਪਰ ਜਾ ਰਹੇ ਸਨ।

ਇਕ ਗੰਦ ਦੇ ਢੇਰ ਉਪਰ ਕੁਝ ਆਦਮੀ ਤੇ ਪਸ਼ੂ ਇਕੱਠੇ ਆਪਣੀ ਆਪਣੀ ਭੁਖ ਮਿਟਾਵਣ ਖਾਤਿਰ ਲੋਕਾਂ ਦੀ ਸੁੱਟੀ ਜੂਠ ਨੂੰ ਪ੍ਰਾਪਤ ਕਰਨ ਲਈ ਆਪਸ ਵਿਚ ਲੜ ਝਗੜ ਰਹੇ ਸਨ।

ਅਚਾਨਕ ਸਕੂਲ ਦੇ ਰਿਕਸ਼ਿਆਂ ਦੀਆਂ ਘੰਟੀਆਂ, ਮੈਟਾਡੋਰਾਂ, ਬੱਸਾਂ ਦੀ ਪਾਂ ਪਾਂ ਨੇ ਰੋਲਾ ਰੱਪਾ ਜਿਹਾ ਪਾ ਦਿੱਤਾ ਸੀ। ਕਈ ਬੱਚੇ ਖੁਸ਼ੀ ਨਾਲ ਤੇ ਕਈ ਰੋਂਦੇ ਹੋਏ ਜਾ ਰਹੇ ਸਨ। ਦੇਸ਼ ਦਾ ਭਵਿਖ ਜਿਹੜਾ ਹੱਸਣਾ, ਖੇਡਣਾ ਤੇ ਕੁੱਦਣਾ ਚਾਹੁੰਦਾ ਸੀ, ਜ਼ਬਰੀਂ ਜਿੰਦਗੀ ਚੰਗੀ ਬਣਾਉਣ ਵਾਸਤੇ ਵਾਹਨਾਂ ਵਿਚ ਤੁੰਨਿਆ ਜਾ ਰਿਹਾ ਸੀ।

ਮੈਂ ਖਿਆਲਾਂ ਵਿਚ ਰੁੱਝਿਆ ਦੁਨੀਆਂ ਤੇ ਆਪਣੇ ਵਾਰੇ ਸੋਚ ਰਿਹਾ ਸਾਂ ਕਿ ਪੇਟ ਦੀ ਭੁਖ ਖ਼ਾਤਰ ਆਦਮੀ, ਜਾਨਵਰ ਤੇ ਪੰਛੀ ਜੀਅ ਤੋੜ ਮਿਹਨਤ ਕਰਦੇ ਹਨ ਪਰ ਫਿਰ ਵੀ ਪੇਟ ਭਰ ਖਾਣਾ ਨਸੀਬ ਨਹੀਂ ਹੁੰਦਾ।

ਆਖਿਰ ਇਹ ਕਦ ਤੱਕ ਚਲੇਗਾ? ਮੈਂ ਸੋਚ ਰਿਹਾ ਸਾਂ ਕਿ ਅਚਾਨਕ ਮੇਰਾ ਧਿਆਨ ਬਾਲਕੋਨੀ ਦੇ ਫਰਸ਼ ਵਲ ਗਿਆ। ਮਾਸੂਮ ਜਿਹੀ ਇਕ ਕਬੂਤਰੀ ਚੁਪਚਾਪ ‘ਪਰ’ ਫੇਲਾ ਕੇ ਬੈਠੀ ਵਿਖਾਈ ਦਿੱਤੀ। ਉਸਨੂੰ ਉਡਾਣ ਖਾਤਿਰ ਮੈਂ ਕੁਝ ਹੇਠਾਂ ਨੂੰ ਝੁਕਿਆ। ਪਰ ਉਹ ਨਾ ਉੱਡੀ। ਨਾ ਹਿੱਲੀ ਜੁੱਲੀ। ਨਾ ਡਰੀ ਪਰ ਕੁਝ ਘਬਰਾ ਗਈ। ਮੈਂ ਉਸਦੇ ਮੁਲਾਇਮ ਜਿਹੇ ਪਰਾਂ ‘ਤੇ ਹੱਥ ਲਾਇਆ ਤਾਂ ਉਸ ਨੇ ਮੇਰੇ ਵਲ ਘੂਰੀ ਜਿਹੀ ਵੱਟੀ ਪਰ ਜਗ੍ਹਾ ਫਿਰ ਵੀ ਨਹੀਂ ਛੱਡੀ। ਮੈਂ ਸੋਚਿਆ ਕਿ ਜ਼ਰੂਰ ਕਿਸੇ ਸ਼ਰਾਰਤੀ ਬੱਚੇ ਨੇ ਇਸਦੇ ਕੁਝ ਮਾਰ ਕੇ ਸੱਟ ਫੇਟ ਲਗਾ ਦਿੱਤੀ ਹੈ ਜਾਂ ਕਿਸੇ ਸ਼ਿਕਰੇ ਜਾਂ ਬਾਜ ਨੇ ਇਸਨੂੰ ਸਤਾਇਆ ਹੋਣਾ ਹੈ। ਮੈਂ ਫਿਰ ਉਸਨੁੰ ਬੈਠੀ ਜਗ੍ਹਾ ਤੋਂ ਜ਼ਬਰੀਂ ਪਰ੍ਹੇ ਕੀਤਾ। ਦੇਖਿਆ ਕਿ ਉਸਨੇ ਨਵੇਂ ਜੀਵ ਨੂੰ ਜਨਮ ਦਿੱਤਾ ਹੋਇਆ ਹੈ। ਜੋ ਅੱਜੇ ਅੰਡੇ ਦੇ ਰੂਪ ਵਿਚ ਪਹਿਲੀ ਸਵੇਰ ਦੇਖ ਰਿਹਾ ਸੀ। ਜਿਸਨੇ ਅਜੇ ਦੁਨੀਆ ਦੇਖਣੀ ਸੀ। ਸੰਸਾਰ ਵਿਚ ਆਉਣਾ ਸੀ। ਮੈਂ ਫਿਰ ਉਸਨੁੰ ਉਸ ਉਪਰ ਬਿਠਾ ਦਿੱਤਾ। ਮੈਂ ਸੋਚਿਆ ਕਿ ਚਲੋ ਮੰਨਿਆ ਕਿ ਇਨਸਾਨਾਂ ਲਈ ਤਾਂ ਘਰਾਂ ਦੀ ਘਾਟ ਹੈ ਪਰ ਕੀ ਵਿਚਾਰੇ ਪੰਛੀਆਂ ਲਈ ਆਲ੍ਹਣਿਆਂ ਦੀ ਵੀ ਥੋੜ ਹੈ? ਜਿਸ ਕਰਕੇ ਇਸ ਕਬੂਤਰੀ ਨੂੰ ਖੁਲ੍ਹੇ ਅਸਮਾਨ ਦੇ ਹੇਠਾਂ ਆਂਡਾ ਦੇਣਾ ਪਿਆ।

ਇਹ ਦੇਖ ਮੈਨੂੰ ਅਠਾਈ ਵਰੵੇ ਪਹਿਲਾਂ ਦਾ ਦਿਨ ਯਾਦ ਆਇਆ। ਮੈਂ ਵੀ ਇਸੇ ਦਿਨ ਦੁਨੀਆਂ ਤੇ ਆਇਆ ਸਾਂ। ਪਹਿਲਾ ਸੂਰਜ ਤੇ ਪਹਿਲੀ ਸਵੇਰ ਦੇਖੀ ਸੀ। ਮਾਂ ਦਾ ਆਂਚਲ ਤੇ ਉਸਦੀ ਗੋਦ ਦਾ ਨਿਘ ਮਾਣਿਆ ਸੀ। ਆਪਣੇ ਤੇ ਮਾਂ ਦੇ ਦਿਲ ਦੀ ਧੜਕਣ ਵਿਚ ਇਕ ਸਮਾਨਤਾ ਮਹਿਸੂਸ ਕੀਤੀ ਸੀ। ਲਗਿਆ ਸੀ ਜਿਵੇਂ ਇਸ ਧੜਕਣ ਨੂੰ ਮੈਂ ਮੁਦਤਾਂ ਤੋਂ ਪਹਿਚਾਣਦਾ ਹਾਂ।

ਮੇਰਾ ਧਿਆਨ ਫੇਰ ਕਬੂਤਰੀ ਵਲ ਗਿਆ। ਸੂਰਜ ਦੀਆਂ ਪਹਿਲੀਆਂ ਕਿਰਨਾਂ ਦਾ ਧਰਤੀ ਸੁਆਗਤ ਕਰ ਰਹੀ ਸੀ। ਉਸ ਕਬੂਤਰੀ ਮਾਂ ਨੂੰ ਉਹ ਦਿਨ ਬੜਾ ਭਿਆਣਕ ਤੇ ਦੁਖਾਂ ਨਾਲ ਭਰਿਆ ਜਾਪ ਰਿਹਾ ਸੀ। ਕਾਲਿਆਂ ਕਾਵਾਂ ਦੀ ਕਾਂ ਕਾਂ ਦੀ ਰੌਲੀ ਉਸਦੀ ਜਾਨ ਸੁਕਾ ਰਹੀ ਸੀ। ਪਰ ਉਹ ਅਾਂਡੇ ਤੋਂ ਨਹੀਂ ਉਠੀ। ਸਗੋਂ ਉਸਨੇ ਆਪਣੇ ਪਰਾਂ ਨੂੰ ਹੋਰ ਫੈਲਾਅ ਲਿਆ ਤਾਂ ਕਿ ਕਾਂ ਨੂੰ ਅਾਂਡੇ ਬਾਰੇ ਪਤਾ ਨਾ ਲੱਗੇ। ਉਸਨੇ ਚੋਗਾ ਚੁਗਣ ਤੇ ਪੇਟ ਦੀ ਭੁਖ ਮਿਟਾਵਣ ਖਾਤਿਰ ਅੱਜ ਬਾਹਰ ਜਾਣ ਦਾ ਖਿਆਲ ਤਿਆਗ ਦਿੱਤਾ ਸੀ।

ਮੈਂ ਦੇਖਿਆ ਕਿ ਇਕ ਕਾਲੇਂ ਕਾਂ ਨੂੰ ਅਭਾਸ ਹੋ ਗਿਆ ਸੀ ਕਿ ਕਬੂਤਰੀ ਕੁਝ ਛੁਪਾ ਰਹੀ ਹੈ। ਉਸਨੇ ਆਪਣੀ ਤਿੱਖੀ ਤੇ ਭੈੜੀ ਨਜ਼ਰ ਉਸ ਉਤੇ ਗੱਡ ਦਿੱਤੀ ਸੀ। ਉਹ ਬਹੁਤ ਹੀ ਭੈੜੀ ਜਿਹੀ ਅਵਾਜ ਕਢ ਕੇ ਉਸਨੁੰ ਡਰਾ ਧਮਕਾ ਰਿਹਾ ਸੀ। ਇਹ ਸਾਰਾ ਕੁਝ ਦੇਖ ਦਿਲ ਪਰੇਸ਼ਾਨ ਹੋ ਗਿਆ। ਮੇਰਾ ਦਿਲ ਕਰੇ ਕਿ ਅਾਂਡੇ ਨੂੰ ਘਰ ਦੇ ਗੂਸਲਖਾਨੇ ਵਿਚ ਇਕ ਆਰਜੀ ਆਲ੍ਹਣਾ ਬਣਾ ਕੇ ਰੱਖ ਦਿਆਂ। ਪਰ ਸੁਣਿਆ ਹੋਇਆ ਸੀ ਕਿ ਪੰਛੀ ਮੈਲੇ ਅੰਡੇ ਨੂੰ ਨਹੀਂ ਅਪਣਾਉਂਦੇ। ਇਹ ਸਾਰਾ ਕੁਝ ਕਬੂਤਰੀ ਦੀ ਗੈਰ ਹਾਜ਼ਰੀ ਤੇ ਹਨੇਰੇ ਵਿਚ ਰੂੰਈਂ ਦੇ ਫੰਬਿਆਂ ਦੀ ਮਦਦ ਨਾਲ ਕੀਤਾ ਜਾ ਸਕਦਾ ਸੀ। ਪਰ ਰਾਤ ਪੈਣ ਨੂੰ ਅਜੇ ਬਹੁਤ ਸਮਾਂ ਸੀ। ਹੁਣ ਕੀ ਕੀਤਾ ਜਾਵੇ? ਇਸ ਕਬੂਤਰੀ ਤੇ ਬੱਚੇ ਦੀ ਜਾਨ ਕਿਸ ਤਰਾਂ ਬਚਾਈ ਜਾਵੇ? ਮੈਂ ਇਸ ਬਾਰੇ ਸੋਚ ਰਿਹਾ ਸਾਂ।

ਆਖੀਰ ਵਿਚ ਮੈਂ ਆਪਣੇ ਮਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸੱਜਣਾ! ਅੱਜ ਜਨਮ ਦਿਨ ਕੁਝ ਇਸੇ ਤਰਾਂ ਮਨਾਵਾਂਗੇ। ਇਕ ਮਾਂ ਦੀ ਮਮਤਾ। ਇਕ ਨੰਨ੍ਹੀ ਜਾਨ ਖਾਤਿਰ ਸਾਰਾ ਦਿਨ ਬਾਲਕੋਨੀ ਵਿਚ ਬਿਤਾਵਾਂਗੇ।

ਸੋ ਮੇਰੇ ਉਸ ਅਨੋਖੇ ਜਨਮ ਦਿਹਾੜੇ ਦੀ ਪਾਰਟੀ ਵਿਚ ਸਿਰਫ ਕਬੂਤਰੀ, ਅਾਂਡਾ ਤੇ ਮੇਰੇ ਘਰ ਦੇ ਜੀਅ ਸ਼ਾਮਲ ਸਨ। ਅੱਜ ਵੀ ਜਦੋਂ ਮੇਰਾ ਜਨਮ ਦਿਨ ਆਉਂਦਾ ਹੈ ਤਾਂ ਮੈਨੂੰ ਆਪਣਾ ਉਹ ਜਨਮ ਦਿਹਾੜਾ ਯਾਦ ਆ ਜਾਂਦਾ ਹੈ।
**
ਆਲ੍ਹਣਾ
433 ਫੇਜ਼ 9 ਮੁਹਾਲੀ
+91 9417173700(ਮ)

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 15 ਜੂਨ 2009)
(ਦੂਜੀ ਵਾਰ 5 ਅਪਰੈਲ 2022)
***
719

ਆਲ੍ਹਣਾ
433 ਫੇਜ਼ 9 ਮੁਹਾਲੀ
+91 9417173700(ਮ)

ਗੋਵਰਧਨ ਗੱਬੀ

ਆਲ੍ਹਣਾ 433 ਫੇਜ਼ 9 ਮੁਹਾਲੀ +91 9417173700(ਮ)

View all posts by ਗੋਵਰਧਨ ਗੱਬੀ →