29 March 2024

ਭਗਵਾਨ ਦੇ ਕਣ: ਹਿਗਸ ਬੋਸੋਨ ਪਾਰਟੀਕਲਜ—ਸੋਨੀ ਸਿੰਗਲਾ

ਸਾਇੰਸ ਦੀਆਂ ਅਨੇਕਾ ਖੋਜਾਂ ਤੋਂ ਬਾਅਦ ਵੀ ਅਜੇ ਤੱਕ ਇਹ ਭੇਤ ਬਣਿਆ ਹੋਇਆ ਹੈ ਕਿ ਅਸੀਂ ਕੌਣ ਹਾਂ? ਅਸੀਂ ਕਿੱਥੋਂ ਆਏ ਹਾਂ? ਇਹ ਬ੍ਰਹਿਮੰਡ ਕਿੰਨ੍ਹਾ ਕੁ ਵੱਡਾ ਹੈ? ਇਹ ਬ੍ਰਹਿਮੰਡ ਕਿਸਨੇ ਬਣਾਇਆ ਹੈ? ਕੀ ਟਾਈਮ ਮਸ਼ੀਨ ਬਣ ਸਕਦੀ ਹੈ? ਅਜਿਹੇ ਹਜ਼ਾਰਾਂ ਹੀ ਸਵਾਲ ਵਿਗਿਆਨ ਲਈ ਅਜੇ ਅਣ—ਸੁਲਝੇ ਹਨ। ਇਨ੍ਹਾਂ ਸਵਾਲਾਂ ਦੇ ਹੱਲ ਲਈ ਇਹ ਨਵੇਂ ਲੱਭੇ ਪਾਰਟੀਕਲਸ ਕਿਸੇ ਹੱਦ ਤੱਕ ਬਹੁਤ ਹਿੱਸਾ ਪਾ ਸਕਦੇ ਹਨ। ਕੀ ਹਨ ਇਹ ਭਗਵਾਨ ਦੇ ਕਣ! ਆਓ ਜਰਾ ਸਮਝਣ ਦੀ ਕੋਸ਼ਿਸ਼ ਕਰੀਏ।

ਗੱਲ ਦੀ ਸ਼ੁਰੂਆਤ ਪਦਾਰਥ ਤੋਂ ਕਰਦੇ ਹਾਂ, ਉਹ ਚੀਜ਼ ਜੋ ਥਾਂ ਘੇਰਦੀ ਹੋਵੇ ਅਤੇ ਜਿਸਦਾ ਪੁੰਜ ਹੋਵੇ ਉਸਨੂੰ ਪਦਾਰਥ ਕਹਿੰਦੇ ਹਨ। ਸਾਰਾ ਬ੍ਰਹਿਮੰਡ ਪਦਾਰਥ ਦਾ ਬਣਿਆ ਹੋਇਆ ਹੈ ਅਤੇ ਜਿਸਦਾ ਪੁੰਜ ਨਹੀਂ ਹੈ ਉਹ ਸਿਰਫ ਊਰਜਾ ਰਹਿ ਜਾਂਦੀ ਹੈ। ਅਰਥਾਤ ਬ੍ਰਹਿਮੰਡ ਊਰਜਾ ਅਤੇ ਪੁੰਜ ਤੋਂ ਬਣਿਆ ਕਹਿ ਸਕਦੇ ਹਾਂ। ਡਾਲਟਨ ਨੇ ਦੱਸਿਆ ਸੀ ਕਿ ਸਾਰੇ ਪਦਾਰਥ ਛੋਟੇ—ਛੋਟੇ ਬਰੀਕ ਕਣਾਂ, ਜਿਨ੍ਹਾਂ ਨੂੰ ਪਰਮਾਣੂ ਜਾ ਐਟਮ ਕਹਿੰਦੇ ਹਨ, ਤੋਂ ਬਣਿਆ ਹੁੰਦਾ ਹੈ। ਜੇ.ਜੇ. ਥਾਮਸਨ, ਈ. ਗੋਲਡਸਟੀਨ ਅਤੇ ਚੈਡਵਿੱਕ ਆਦਿ ਦੀਆਂ ਖੋਜਾਂ ਨੇ ਪਰਮਾਣੂ ਵਿੱਚ ਉਪ ਕਣ ਇਲੈਕਟ੍ਰਾਨ, ਪ੍ਰੋਟਾਨ ਅਤੇ ਨਿਊਟ੍ਰਾਨ ਬਾਰੇ ਜਾਣਕਾਰੀ ਦਿੱਤੀ। ਰਦਰਫੋਰਡ ਨੇ ਐਟਮ ਦਾ ਕੇਂਦਰ (ਨਿਊਕਲੀਅਸ) ਲੱਭਿਆ, ਜਿਸ ਵਿੱਚ ਪ੍ਰੋਟਾਨ ਤੇ ਨਿਊਟ੍ਰਾਨ ਹੁੰਦੇ ਹਨ ਅਤੇ ਐਟਮ ਦਾ ਸਾਰਾ ਪੁੰਜ ਨਿਊਕਲੀਅਸ ਕਰਕੇ ਹੀ ਹੁੰਦਾ ਹੈ। ਹੁਣ ਸਮਝ ਆ ਗਿਆ ਸੀ ਕਿ ਪਦਾਰਥ ਪਰਮਾਣੂਆਂ ਤੋਂ ਅਤੇ ਪਰਮਾਣੂ ਇਲੈਕਟ੍ਰਾਨ, ਪ੍ਰੋਟਾਨ ਅਤੇ ਨਿਊਟ੍ਰਾਨ ਤੋਂ ਬਣਦੇ ਹਨ। ਜੇਕਰ ਕੋਈ ਇਹ ਪ੍ਰਸ਼ਨ ਕਰਦਾ ਸੀ ਕਿ ਪ੍ਰੋਟਾਨ ਤੇ ਨਿਊਟ੍ਰਾਨ ਕਿਵੇਂ ਬਣੇ ਹਨ ਤਾਂ ਵਿਗਿਆਨ ਦਾ ਉਤਰ ਹੁੰਦਾ ਸੀ ਕਿ ਇਹ ਕੁਦਰਤੀ ਹਨ।

ਪ੍ਰੰਤੂ ਇਨ੍ਹਾਂ ਦਾ ਉੱਤਰ ਲੱਭਣ ਲਈ ਭਾਰਤੀ ਵਿਗਿਆਨੀ ਸਤਿੰਦਰ ਨਾਥ ਬੋਸ ਨੇ ਅਲਬਰਟ ਆਈਨਸਟਾਈਨ ਨਾਲ ਰਲ ਕੇ ਕੰਮ ਕੀਤਾ ਅਤੇ ਇਹ ਪਤਾ ਲਗਾਇਆ ਕਿ ਪਰਮਾਣੂ ਨੁੰ ਪੁੰਜ ਦੇਣ ਵਾਲੇ ਕਣ ਇਸ ਬ੍ਰਹਿਮੰਡ ਵਿੱਚ ਮੌਜੂਦ ਹਨ। ਉਨ੍ਹਾਂ ਨੂੰ ਉਸ ਟਾਈਮ ਬੋਸ—ਆਈਨਸਟਾਈਨ ਪਾਰਟੀਕਲਸ ਜਾਂ ਬੋਸੋਨ ਦਾ ਨਾਮ ਦਿੱਤਾ ਗਿਆ।

ਇਨ੍ਹਾਂ ਪਾਰਟੀਕਲਸ ਦੀ ਖੋਜ਼ ਲਈ ਦੁਬਾਰਾ ਇਨ੍ਹਾਂ ਉੱਪਰ ਕੰਮ ਬ੍ਰਿਟਿਸ਼ ਵਿਗਿਆਨੀ ਪੀਟਰ ਹਿਗਸ ਨੇ 1964 ਵਿੱਚ ਸ਼ੁਰੂ ਕੀਤਾ। ਲਗਭਗ 48 ਸਾਲ ਦੀ ਮਿਹਨਤ ਤੇ ਹਜ਼ਾਰਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੇ ਪ੍ਰੋਟਾਨਾਂ ਦੇ ਆਪਸ ਵਿੱਚ ਟਕਰਾ ਤੋਂ ਬਾਅਦ ਇਹ ਪਾਰਟੀਕਲਸ ਲੱਭ ਲਏ ਗਏ, ਜਿਨ੍ਹਾਂ ਨੂੰ ਹੁਣ ਹਿਗਸ ਬੋਸੋਨ ਪਾਰਟੀਕਲਸ ਕਹਿੰਦੇ ਹਨ। ਇਹ ਪਾਰਟੀਕਲਸ ਹੀ ਸਾਰੀਆਂ ਵਸਤੂਆਂ ਨੂੰ ਪੁੰਜ ਦਿੰਦੇੇ ਹਨ ਪਹਿਲਾਂ ਇਹ ਭੇਤਪੂਰਨ ਸੀ ਇਸ ਲਈ ਵਿਗਿਆਨੀਆਂ ਨੇ ਇਨ੍ਹਾਂ ਦਾ ਨਾਮ ਗੌਡ ਪਾਰਟੀਕਲਸ ਵੀ ਰੱਖ ਦਿੱਤਾ।

ਵਿਗਿਆਨ ਅਨੁਸਾਰ ਅੱਜ ਤੋਂ 13.7 ਬਿਲੀਅਨ ਸਾਲ ਪਹਿਲਾਂ ਬ੍ਰਹਿਮੰਡ ਦਾ ਸਾਰਾ ਪੁੰਜ ਇੱਕ ਗੋਲੇ ਦੀ ਸ਼ਕਲ ਵਿੱਚ ਸੀ। ਇੱਕ ਧਮਾਕੇ ਦੇ ਬਾਅਦ, ਜਿਸਨੂੰ ਬਿਗ—ਬੈਂਗ ਧਮਾਕਾ ਕਹਿੰਦੇ ਹਨ। ਸਾਰਾ ਪੁੰਜ ਖਿਲਰਣ ਲੱਗ ਪਿਆ ਅਤੇ ਫਿਰ ਸਾਰੇ ਗ੍ਰਹਿ, ਤਾਰੇ, ਬ੍ਰਹਿਮੰਡ ਬਣਿਆ। ਵਿਗਿਆਨੀ ਕੁਝ ਅਜਿਹਾ ਹੀ ਧਮਾਕਾ ਦੁਬਾਰਾ ਕਰਕੇ ਜਾਣਨਾ ਚਾਹੁੰਦੇ ਸਨ ਕਿ ਆਖਿਰ ਇਹ ਸਭ ਬਣਿਆ ਕਿਵੇਂ ਹੈ। ਇਸ ਲਈ ਲਗਭਗ 60 ਸਾਲ ਪਹਿਲਾਂ ‘ਸਰਨ’ ਅਰਥਾਤ ਯੂਰਪੀਅਨ ਸੈਂਟਰ ਫਾਰ ਨਿਊਕਲੀਅਰ ਰਿਸਰਚ ਦੇ ਵਿਗਿਆਨੀਆਂ ਨੇ ਜਿਨੇਵਾ ਵਿੱਚ 3 ਬਿਲੀਅਨ ਯੁਰੋ ਖਰਚ ਕਰਕੇ ਧਰਤੀ ਤੋਂ 100 ਮੀ. ਨੀਚੇ ਇੱਕ ਗੋਲ ਮਸ਼ੀਨ ਬਣਾਈ ਗਈ ਜਿਸਦਾ ਨਾਮ ਹੈ ਐਲ.ਐਚ.ਸੀ. (ਲਾਈਟ ਹੈਡ੍ਰਾਨ ਕੋਲਾਈਡਰ) ਅਤੇ ਇਹ 27 ਕਿ:ਮੀ: ਲੰਬੀ ਹੈ। ਇਸ ਵਿੱਚ ਪ੍ਰੋਟਾਨਾਂ ਨੂੰ ਲਗਭਗ ਪ੍ਰਕਾਸ਼ ਦੀ ਚਾਲ ਨਾਲ ਘੁਮਾ ਕੇ ਆਪਸ ਵਿੱਚ ਟਕਰਾਉਂਣਾ ਸੀ। ਇਨ੍ਹਾਂ ਕਣਾਂ ਦੀ ਟੱਕਰ ਨਾਲ 10 ਖਰਬ ਸੈਲਸੀਅਸ ਦਾ ਤਾਪਮਾਨ ਪੈਦਾ ਕੀਤਾ ਗਿਆ ਜਿਹੜਾ ਸੂਰਜ ਦੇ ਕੇਂਦਰ ਤੋਂ ਵੀ ਲੱਖਾਂ ਗੁਣਾ ਜਿਆਦਾ ਹੈ। ਜਦੋਂ ਸਕਿੰਟਾਂ ਵਿੱਚ ਖਰਬਾਂ ਪਾਰਟੀਕਲਸ ਟਕਰਾਏ ਜਾਂਦੇ ਤਾਂ ਕਦੇ—ਕਦੇ ਇਹ ਹਿਗਸ ਬੋਸੋਨ ਪਾਰਟੀਕਲਸ ਦਿਖਾਈ ਦਿੰਦੇ। ਹੁਣ ਇਨ੍ਹਾਂ ਦੀ 99.99% ਪੁਸ਼ਟੀ ਹੋ ਗਈ ਹੈ।

ਪਾਰਟੀਕਲਸ ਦੀ ਪਰਖ ਕਰਨ ਵਾਲੀਆਂ ਮੁੱਖ ਸੰਸਥਾਵਾਂ ਵਿਚੋਂ ਸੀ.ਐਮ.ਐਸ. ਨੇ ਇਨ੍ਹਾਂ ਨੂੰ 4.9 ਸਿਗਮਾ ਅਤੇ ‘ਐਟਲਸ’ ਨੇ 5 ਸਿਗਮਾ ਸਤਰ ਦਾ ਕਿਹਾ ਹੈ। ਕਿਸੇ ਵੀ ਨਵੇਂ ਕਣਾਂ ਲਈ ਉਨ੍ਹਾਂ ਦਾ 5 ਸਿਗਮਾ ਹੋਣਾ ਜਰੂਰੀ ਹੈ ਅਤੇ ਇਨ੍ਹਾਂ ਦਾ ਪੁੰਜ ਲਗਭਗ 126 ਗੀਗਾ ਇਲੈਕਟ੍ਰਾਨ ਵੋਲਟ ਹੈ, ਕਿਸੇ ਵੀ ਪਾਰਟੀਕਲ ਨੂੰ 120 ਤੋਂ 140 ਗੀਗਾ ਇਲੈਕਟ੍ਰਾਨ ਵੋਲਟ ਹੋਣਾ ਚਾਹੀਦਾ ਹੈ।

ਸਾਨੂੰ ਗਰਵ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਪਾਰਟੀਕਲਸ ਦਾ ਨਾਮ ਸਾਡੇ ਮਹਾਨ ਵਿਗਿਆਨੀ ਸਤਿੰਦਰਨਾਥ ਬੋਸ ਜੀ ਦੇ ਨਾਮ ਉੱਪਰ ਰੱਖਿਆ ਗਿਆ ਹੈ। ਸਾਡੇ ਦੇਸ਼ ਦੇ ਲਗਭਗ 100 ਤੋਂ ਉੱਪਰ ਵਿਗਿਆਨੀ ਇਸ ਪ੍ਰਯੋਗ ਨਾਲ ਜੁੜੇ ਹੋਏ ਸਨ ਅਤੇ ਹਜ਼ਾਰਾਂ ਤਰ੍ਹਾਂ ਦੇ ਇਲੈਕਟ੍ਰਾਨਿਕ ਉਪਕਰਨ ਭਾਰਤ ਤੋਂ ਹੀ ਉੱਥੇ ਜਾਂਦੇ ਸਨ। ਇਸ ਮਹਾਨ ਖੋਜ਼ ਨਾਲ ਫਿਰ ਇੱਕ ਵਾਰ ਭਾਰਤ ਨੇ ਆਪਣੀ ਮਿਹਨਤ ਤੇ ਬੁੱਧੀ ਨੂੰ ਵਿਸ਼ਵ ਅੱਗੇ ਸਾਬਤ ਕਰ ਦਿੱਤਾ ਹੈ।

ਨਵੇਂ ਲੱਭੇ ਕਣਾਂ ਦੀ ਗਤੀ ਲਗਭਗ ਪ੍ਰਕਾਸ਼ ਦੀ ਗਤੀ ਦੇ ਬਰਾਬਰ ਹੈ। ਇਹ ਕਣ ਹਰ ਚੀਜ ਨੂੰ ਪੁੰਜ ਪ੍ਰਦਾਨ ਕਰਦੇ ਹਨ। ਹਰ ਚੀਜ਼ ਪਹਿਲਾਂ ਪ੍ਰਕਾਸ਼ ਦੀ ਗਤੀ ਨਾਲ ਚਲਦੀ ਹੈ ਪਰ ਜਿਵੇਂ ਜਿਵੇਂ ਉਹ ਪੁੰਜ ਪ੍ਰਾਪਤ ਕਰਦੀ ਹੈ, ਉਸਦੀ ਗਤੀ ਘਟਦੀ ਜਾਂਦੀ ਹੈ। ਇਸਨੂੰ ਆਈਨਸਟਾਈਨ ਦੀ ਸਮੀਕਰਨ ਥ੍ਹਠਫ2 ਤੋਂ ਵੀ ਸਮਝ ਸਕਦੇ ਹਾਂ। ਇਨ੍ਹਾਂ ਰਾਹੀਂ ਸਾਨੂੰ ਗਲੈਕਸੀਆਂ ਹੁਣ ਜਿਆਦਾ ਦੂਰ ਨਹੀਂ ਲੱਗਣਗੀਆਂ। ਅਸੀਂ ਸਾਡੇ ਬ੍ਰਹਿਮੰਡ ਦਾ ਵਿਸਥਾਰ ਕਿਵੇਂ ਹੋਇਆ ਪਤਾ ਕਰ ਸਕਾਂਗੇ। ਇਸ ਨਾਲ ਟਾਈਮ ਮਸ਼ੀਨ ਬਣਨ ਦੀ ਸੰਭਾਵਨਾ ਵੀ ਹੋਰ ਵਧ ਜਾਂਦੀ ਹੈ। ਉਮੀਦ ਹੈ ਇਹ ਪਾਰਟੀਕਲਸ ਹੋਰ ਸਾਰੇ ਟੈਸਟਾਂ ਉੱਪਰ ਵੀ ਖਰੇ ਉਤਰਨਗੇ ਅਤੇ ਵਿਗਿਆਨੀਆਂ ਦੇ ਹਜ਼ਾਰਾਂ ਸਵਾਲਾਂ ਦੇ ਜਵਾਬ ਦੇਣ ਵਿੱਚ ਮੱਦਦ ਕਰਨਗੇ।
***
ਸੋਨੀ ਸਿੰਗਲਾ
ਮੋਬਾ: 94653—84271
Email: sony8singla@gmail.com

***
559
***

About the author

ਸੋਨੀ ਸਿੰਗਲਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਚਿੱਠੀ ਪੱਤਰ ਲਈ ਪਤਾ:
ਸੋਨੀ ਸਿੰਗਲਾ ਪੁੱਤਰ ਰਾਮ ਨਾਥ
ਦੋ ਖੰਭਿਆਂ ਵਾਲੀ ਗਲੀ,
ਸਿਨੇਮਾ ਰੋਡ, ਮਾਨਸਾ—151505 (ਪੰਜਾਬ) ਸੋਨੀ ਸਿੰਗਲਾ
ਸਾਇੰਸ ਮਾਸਟਰ
ਸਮਸ ਬੱਪੀਆਣਾ (ਜਿਲ੍ਹਾ ਮਾਨਸਾ)
ਮੋਬਾ: 94653—84271
Email: sony8singla@gmail.com

ਸੋਨੀ ਸਿੰਗਲਾ

ਚਿੱਠੀ ਪੱਤਰ ਲਈ ਪਤਾ: ਸੋਨੀ ਸਿੰਗਲਾ ਪੁੱਤਰ ਰਾਮ ਨਾਥ ਦੋ ਖੰਭਿਆਂ ਵਾਲੀ ਗਲੀ, ਸਿਨੇਮਾ ਰੋਡ, ਮਾਨਸਾ—151505 (ਪੰਜਾਬ) ਸੋਨੀ ਸਿੰਗਲਾ ਸਾਇੰਸ ਮਾਸਟਰ ਸਮਸ ਬੱਪੀਆਣਾ (ਜਿਲ੍ਹਾ ਮਾਨਸਾ) ਮੋਬਾ: 94653—84271 Email: sony8singla@gmail.com

View all posts by ਸੋਨੀ ਸਿੰਗਲਾ →