ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (12 ਦਸਬੰਰ 2021 ਨੂੰ) 66ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਮਾਨਵੀ ਦੁੱਖ-ਦਰਦ ਨੂੰ ਚਿਤਰਦਾ ਕਹਾਣੀਕਾਰ ਕਰਮ ਸਿੰਘ ਮਾਨ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਕਹਾਣੀਕਾਰ ਕਰਮ ਸਿੰਘ ਮਾਨ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ |
‘ਲਿਖਾਰੀ’ ਨੂੰ ਇਸ ਗੱਲ ਦਾ ਮਾਣ ਹੈ ਕਿ ਕਹਾਣੀਕਾਰ ਕਰਮ ਸਿੰਘ ਮਾਨ ਦੀਆਂ ਕਹਾਣੀਆਂ ਸਮੇਂ ਸਮੇਂ ਸਿਰ ‘ਲਿਖਾਰੀ’ ਵੈਬਸਾਈਟ ਉੱਤੇ ਵੀ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। ਜਿਹਨਾਂ ਵਿੱਚੋਂ ਕਹਾਣੀ ’ਕਾਫਲਾ’ (17 ਨਵੰਬਰ 2005) ਅਤੇ ‘ਪੱਕਾ ਪੈਂਚਰ’ (1 ਦਸੰਬਰ 2010) ਨੂੰ ਛਪੀਆਂ ਸਨ। ਬਾਕੀ ਹੋਰ ਕਹਾਣੀਆਂ ਵੀ ‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ।—ਲਿਖਾਰੀ ਅਦੀਬ ਸਮੁੰਦਰੋਂ ਪਾਰ ਦੇ: ਕਰਮ ਸਿੰਘ ਮਾਨ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ਸ਼ਹਿਰ ਫਰਿਜ਼ਨੋ ਦਾ ਵਾਸੀ ਹੈ। ਉਹ ਪੰਜਾਬੀ ਦਾ ਪ੍ਰੌਢ ਕਹਾਣੀਕਾਰ ਹੈ ਜਿਹੜਾ ਆਪਣੇ ਕਥਾ-ਬਿਰਤਾਤਾਂ ਵਿਚ ਬਹੁਤਾ ਕਰ ਕੇ ਮਾਨਵੀ ਦੁੱਖ-ਦਰਦ ਨੂੰ ਆਪਣੇ ਵੱਖਰੇ ਤੇ ਵਿਲੱਖਣ ਅੰਦਾਜ਼ ਵਿਚ ਪਾਠਕਾਂ ਸਨਮੁੱਖ ਰੱਖਦਾ ਹੈ। ਜਿਵੇਂ-ਜਿਵੇਂ ਇਨ੍ਹਾਂ ਕਹਾਣੀਆਂ ਨੂੰ ਕਹਾਣੀ ਰਸ ਦਾ ਅਦਬੀ ਆਨੰਦ ਲੈਂਦਿਆਂ ਪਾਠਕ ਪੜ੍ਹਦਾ ਜਾਂਦਾ ਹੈ। ਉਵੇਂ-ਉਵੇਂ ਉਸ ਨੂੰ ਸਮੇਂ, ਸਥਾਨ ਸਥਿਤੀ ਦੀ ਸਮਝ ਤਾਂ ਪੈਂਦੀ ਹੀ ਹੈ ਸਗੋਂ ਸਬੰਧਿਤ ਵਾਕਿਆ ਜਾਂ ਵਾਰਤਾਲਾਪ ਵਿਚਲੇ ਉਨ੍ਹਾਂ ਕਾਰਨਾਂ-ਕਾਰਜਾਂ ਦਾ ਵੀ ਗਿਆਨ ਸੁਭਾਵਕ ਰੂਪ ’ਚ ਹੀ ਹੋਈ ਜਾਂਦਾ ਹੈ ਜਿਹੜੇ ਅੰਤ ਨੂੰ ਮਨੁੱਖ ਦੇ ਦੁੱਖ-ਦਰਦ ਦੇ ਉਤਪੰਨ ਹੋਣ ਦਾ ਅਸਿੱਧਾ ਜਾਂ ਸਿੱਧਾ ਸਬੱਬ ਬਣਦੇ ਕਰਮ ਸਿੰਘ ਮਾਨ ਦੀ ਕਲਮ ਮਾਨਵਵਾਦੀ ਹੋਣ ਦੇ ਨਾਲ-ਨਾਲ ਯਥਾਰਥਵਾਦੀ ਵੀ ਹੈ। ਦਰਅਸਲ ਸਾਹਿਤਕ ਸੱਚ ਦਾ ਨਰੋਆ ਤੇ ਨਿਵੇਕਲਾ ਨਿਰੂਪਣ ਮਾਨ ਨੂੰ ਬਾਖ਼ੂਬੀ ਕਰਨਾ ਆਉਦਾ ਹੈ। ਸ਼ਾਇਦ ਇਸੇ ਲਈ ਕਰਮ ਸਿੰਘ ਮਾਨ ਨੇ ਸੰਨ 2020 ’ਚ ਆਈ 128 ਪੰਨਿਆਂ ਤੇ 12 ਕਹਾਣੀਆਂ ਵਾਲੀ ਪੁਸਤਕ ‘ਬੋਸਕੀ ਦਾ ਪਜਾਮਾ’ ਦੇ ਆਰੰਭ ਵਿਚ ਲਿਖਿਆ ਹੈ ਕਿ: ਮੇਰੀਆਂ ਕਹਾਣੀਆਂ ਦੇ ਪਾਤਰ ਮਸਨੂਈ, ਮਨੋ ਕਲਪਿਤ ਅਤੇ ਕਾਲਪਨਿਕ ਨਹੀਂ, ਸਗੋਂ ਹੱਡ-ਮਾਸ ਦੇ ਪੁਤਲੇ, ਜਿਊਂਦੇ ਜਾਗਦੇ ਲੋਕ ਹਨ, ਜੋ ਆਪੋ ਆਪਣੇ ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ ਤੇ ਮਾਨਸਿਕ ਵਾਤਾਵਰਨ ਦੀ ਉਪਜ ਹਨ। ਇਹ ਕਈ ਪ੍ਰਕਾਰ ਦੀ ਪੀੜਾ-ਸਹਿੰਦੇ ਹੋਏ ਹਾਰਦੇ-ਹੁੱਟਦੇ ਹਨ ਪਰ ਟੁੱਟਦੇ ਨਹੀਂ। ਭਾਵੇਂ ਉਨ੍ਹਾਂ ਨੂੰ ਕਈ ਵਾਰ ਨਿਰਾਸ਼ਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਨ੍ਹਾਂ ਦੇ ਅੰਦਰਲਾ ਸਾਹਸ ਨਹੀਂ ਮਰਦਾ ਤੇ ਛੇਤੀ ਹੀ ਹੰਭਲਾ ਮਾਰ ਕੇ ਉੱਠ ਖਲੋਂਦੇ ਹਨ। …ਸੋ ਮੈਂ ਕਹਾਣੀ ਨਹੀਂ ਲਿਖਦਾ, ਕਹਾਣੀ ਮੈਨੂੰ ਲਿਖਦੀ ਹੈ। ਜਦੋਂ ਕੋਈ ਘਟਨਾ ਜਾਂ ਵਾਕਿਆ ਮੇਰੇ ਖਹਿੜੇ ਪੈ ਜਾਂਦਾ ਹੈ ਤਾਂ ਮੇਰੀ ਕਲਮ ਉਸਦੀ ਵਿੱਥਿਆ ਲਿਖਣ ਲਈ ਉੱਸਲ-ਵੱਟੇ ਭੰਨਣ ਲੱਗ ਪੈਂਦੀ ਹੈ। ਲੋਕਾਂ ਦਾ ਦੁੱਖ-ਦਰਦ ਇਨ੍ਹਾਂ ਕਹਾਣੀਆਂ ਦਾ ਮੁੱਖ ਦ੍ਰਿਸ਼ਟੀਕੋਣ ਬਣ ਜਾਂਦਾ ਹੈ। ਹਰਜਿੰਦਰ ਕੰਗ ਦੇ ਇਹ ਵਿਚਾਰ ਵੀ ਉਪਰੋਕਤ ਵਿਚਾਰਾਂ ਦੀ ਪੁਸ਼ਟੀ ਕਰਦੇ ਨਜ਼ਰ ਆਉਦੇ ਹਨ :- ਕਰਮ ਸਿੰਘ ਮਾਨ ਦੀਆਂ ਕਹਾਣੀਆਂ ਹੱਡੀਂ ਹੰਢਾਈਆਂ ਜਾਂ ਪ੍ਰਤੱਖ ਘਟਨਾਵਾਂ ਦੀਆਂ ਝਾਕੀਆਂ ਹਨ। ਉਹ ਘਟਨਾਵਾਂ ਦੀ ਸਥੂਲ ਸੋਚ ਤੇ ਵਰਤਾਰੇ ਦੇ ਮਨੋਵਿਗਿਆਨ ਨੂੰ ਪਾਤਰਾਂ ਰਾਹੀਂ ਬੜੀ ਸੂਝ-ਬੂਝ ਸਹਿਤ ਸਰਲ ਤੇ ਰੌਚਿਕ ਢੰਗ ਨਾਲ ਪੇਸ਼ ਕਰਦਾ ਹੈ। ਕਰਮ ਸਿੰਘ ਮਾਨ ਨੇ 1991 ਵਿਚ ਪਹਿਲਾਂ ਪਤਨੀ ਸੁਰਜੀਤ ਕੌਰ ਤੇ ਛੋਟੇ ਲੜਕੇ ਸੁਖਬੀਰ ਨਾਲ ਕੈਨੇਡਾ ’ਚ ਪੈਰ ਧਰਿਆ। ਫਿਰ ਸਮਾਂ ਪਾ ਕੇ ਅਮਰੀਕਾ ਵਿਚ ਵਾਸਾ ਕੀਤਾ। ਇੰਝ ਉਸ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਪਰਵਾਸ ਦਾ ਅਨੁਭਵ ਹੈ। ਕਰਮ ਸਿੰਘ ਮਾਨ ਦਾ ਜਨਮ 1939 ਵਿਚ ਪਿਤਾ ਭਾਗ ਸਿੰਘ ਮਾਨ ਤੇ ਮਾਤਾ ਧੰਨ ਕੌਰ ਦੇ ਘਰ ਹੋਇਆ। ਮਾਨ ਦਾ ਪਿੰਡ ਗਹਿਲ ਹੈ। ਇਹ ਸਰਹੰਦ ਨਹਿਰ ਦੀ ਬਠਿੰਡਾ ਬਰਾਂਚ ਦੇ ਚਾਲੀ ਤੋਂ ਬਤਾਲੀ ਮੀਲ ਦੇ ਵਿਚਕਾਰ ਨਹਿਰ ਦੇ ਉੱਤਰ ਵੱਲ ਵਸਿਆ ਹੋਇਆ ਹੈ। ਇਸ ਪਿੰਡ ਦਾ ਗੌਰਵਮਈ ਇਤਿਹਾਸਕ ਪਿਛੋਕੜ ਹੈ। ਇਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਾਏ ਹਨ। ਉਨ੍ਹਾਂ ਦੇ ਅਨਿਨ ਸਿੱਖ ਭਾਈ ਭਗਤੂ ਜੀ ਵੀ ਇਥੇ ਵੱਸਦੇ ਰਹੇ ਹਨ। ਸਿੱਖਾਂ ਦੇ ਵੱਡੇ ਘੱਲੂਘਾਰੇ, ਜਿਸ ਵਿਚ ਅਹਿਮਦ ਸ਼ਾਹ ਅਬਦਾਲੀ ਨੇ ਕੁੱਪ ਰਹੀੜਾ (ਮਲੇਰਕੋਟਲੇ) ਵਿਚ ਵੱਡੀ ਗਿਣਤੀ ਵਿਚ ਬੈਠੇ ਸਿੱਖਾਂ ’ਤੇ ਹਮਲਾ ਕਰ ਦਿੱਤਾ ਸੀ, ਦੀ ਭਿਆਨਕ ਲੜਾਈ ਕੁੱਪ ਰਹੀੜੇ ਤੋਂ ਸ਼ੁਰੂ ਹੋ ਕੇ ਪਿੰਡ ਗਹਿਲ ਵਿਚ ਸਮਾਪਤ ਹੋਈ ਸੀ। ਗਿਆਨੀ ਗਰਜਾ ਸਿੰਘ ਨੇ ਭੱਟਾਂ ਦੀਆਂ ਬਹੀਆਂ ਨੂੰ ਆਧਾਰ ਬਣਾ ਕੇ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਦੀ ਖੋਜ ਕੀਤੀ ਹੈ। ਉਨ੍ਹਾਂ ਦੀ ਖੋਜ ਨੂੰ ਪ੍ਰਮਾਣਿਤ ਵੀ ਮੰਨਿਆ ਜਾਂਦਾ ਹੈ। ਗਰਜਾ ਸਿੰਘ ਨੇ ਬੱਬਰ ਅਕਾਲੀ ਲਹਿਰ, ਪਰਜਾ ਮੰਡਲ ਲਹਿਰ ਅਤੇ ਕਾਂਗਰਸ ਵਿਚ ਬਹੁਤ ਸਮਾਂ ਗੁਪਤਵਾਸ ਰਹਿ ਕੇ ਕੰਮ ਕੀਤਾ। ਗਰਜਾ ਸਿੰਘ ਜੀ ਗਹਿਲਾ ਪਿੰਡ ਦੇ ਹੀ ਸਨ। ਕਰਮ ਸਿੰਘ ਮਾਨ ਮੁਤਾਬਕ ਗਹਿਲਾ ਪਿੰਡ ਦੇਸ਼ ਭਗਤਾਂ ਦੀ ਪਨਾਹਗੀਰ ਸੀ। ਕਰਮ ਸਿੰਘ ਮਾਨ ਨੇ ਕੁਝ ਪੁਸਤਕਾਂ ਸੰਪਾਦਿਤ ਵੀ ਕੀਤੀਆਂ ਹਨ। ਉਪਰੋਕਤ ਵਰਣਿਤ ‘ਬੋਸਕੀ ਦਾ ਪਜਾਮਾ’ ਤੋਂ ਪਹਿਲਾਂ ਕਰਮ ਸਿੰਘ ਮਾਨ ਦੀਆਂ 2017 ਤਕ ਦੀਆਂ ਸਾਰੀਆਂ ਕਹਾਣੀਆਂ ਦੀ 408 ਪੰਨਿਆਂ ਦੀ ਪੁਸਤਕ ‘ਅਮਰ ਸਿੰਘ ਅਮਰੀਕਨ ਦੀ ਵਾਪਸੀ’ ਪਾਠਕਾਂ ਨੇ ਪੜ੍ਹੀ ਹੈ ਜਿਸ ਦਾ ਸੰਪਾਦਨ ਉੱਘੇ ਅਦੀਬ ਤੇ ਆਲੋਚਕ ਜੋਗਿੰਦਰ ਸਿੰਘ ਨਿਰਾਲਾ ਨੇ ਕੀਤਾ ਹੈ। ਇਸ ਵਿਚ ਮਾਨ ਦੀਆਂ ਕੁਲ 45 ਕਹਾਣੀਆਂ ਹਨ। ਦੋਵਾਂ ਪੁਸਤਕਾਂ ਵਿਚਲੀਆਂ ਕਹਾਣੀਆਂ ਦਾ ਜੋੜ 57 ਬਣਦਾ ਹੈ। ਇਨ੍ਹਾਂ ਕਹਾਣੀਆਂ ਦਾ ਦੀਰਘ ਅਧਿਐਨ ਕਲਮਕਾਰ ਦੀ ਮਾਨਵੀ ਜੂਨ ਪ੍ਰਤੀ ਹਮਦਰਦੀ ਮੂਲਕ ਸੰਵੇਦਨਾ ਦੇ ਸੁਹਜਾਤਮਕ ਸੁਭਾਅ ਤੋਂ ਵਾਕਫ਼ ਕਰਵਾਉਦਾ ਹੈ। ਕੁਝ ਇਕ ਕਹਾਣੀਆਂ ਦਾ ਥਾਂ ਦੇ ਸੰਜਮ ਸਨਮੁਖ ਅੰਸ਼ ਮੂਲਕ ਜ਼ਿਕਰ ਕਰਨਾ ਇਥੇ ਵਾਜਬ ਹੋਵੇਗਾ ‘ਬੋਸਕੀ ਦਾ ਪਜਾਮਾ’ ਵਿਚਲੀ ਪਹਿਲੀ ਕਹਾਣੀ ‘ਨੂਰਾਂ ਅਜੇ ਮਰੀ ਨਹੀਂ’ ਪੰਜਾਬ ਦੀ 1947 ਵਿਚ ਹੋਈ ਵੰਡ ਦੇ ਦੁਖਾਂਤ ਦੇ ਥੀਮ ’ਤੇ ਸਿਰਜੀ ਕਹਾਣੀ ਹੈ। ਇਸ ਵਿਚ ਇਨਸਾਨ ਦੇ ਹਾਂ ਤੇ ਨਾਂਹ ਪੱਖੀ ਚਰਿੱਤਰ ਦੇ ਅੰਤਰ ਵਿਰੋਧਾਂ ਨੂੰ ਕਮਾਲ ਦੀ ਕਲਾ-ਕੌਸ਼ਲਤਾ ਨਾਲ ਚਿਤਰਿਆ ਗਿਆ ਹੈ। ਕਰਮ ਸਿੰਘ ਮਾਨ ਦੀ ਕਾਵਿਕ ਕਥਾ ਸ਼ੈਲੀ ਦੀ ਇਕ ਝਲਕ ਇਸੇ ਕਹਾਣੀ ਵਿੱਚੋਂ ਆਪ ਨਾਲ ਸਾਂਝੀ ਕੀਤੀ ਜਾਂਦੀ ਹੈ:- 1947 ਦਾ ਸਾਲ ਸੀ। ਗਰਦ ਸੀ ਗਹਿਰ ਸੀ। ਫ਼ਿਜ਼ਾ ਵਿਚ ਜ਼ਹਿਰ ਸੀ। ਕਹਿਰਾਂ ਦਾ ਕਹਿਰ ਸੀ। ‘ਆਦਮ-ਬੋ-ਆਦਮ-ਬੋ’ ਕਰਦੇ ਲੁਟੇਰੇ। ਹੱਥ ਵਿਚ ਨੇਜ਼ੇ, ਦਾਹ ਤੇ ਛਵੀਆਂ ਲਟਕਾਈ, ਦਹਾੜਦੇ ਬੜ੍ਹਕਦੇ ਆਏ, ‘‘ਕਢੋ ਇਨ੍ਹਾਂ ਕਾਤਲਾਂ ਨੂੰ ਬਾਹਰ ਕੱਢੋ, ਇਹ ਸਪੋਲੀਏ, ਨਹੀਂ ਆਪਣੀ ਖ਼ੈਰ ਨਾ ਭਾਲ, ਫੂਕ ਦਿਆਂਗੇ ਘਰ ਤੇਰਾ, ਬਣਾ ਦਿਆਂਗੇ ਪਿੰਡ ਨੂੰ ਰਾਖ ਦਾ ਢੇਰ।’’ (ਪੰਨਾ-19) ‘ਖੁਸ਼ਹਾਲ ਸਿੰਘ’ ਕਹਾਣੀ ਇਕ ਦਿ੍ਰੜ-ਇਰਾਦੇ ਵਾਲੇ ਕੁਸ਼ਲ ਪ੍ਰਬੰਧਕ ਦੀ ਕਹਾਣੀ ਹੈ। ‘ਕੱੁਤੇ ਦਾ ਡਰ’ ਕਹਾਣੀ ਬਿਮਾਰ ਮਾਨਸਿਕਤਾ ਤੋਂ ਪੀੜਤ ਦਾ ਕਥਾ ਬਿਰਤਾਂਤ ਹੈ। ‘ਮੁਤਬੰਨਾ’ ਕਹਾਣੀ ਵਿਚ ਪਿਆਰ ਉਦਰੇਵਾਂ, ਨਸ਼ੇ ਤੇ ਗਲੈਮਰ ਦੀ ਦੁਨੀਆ ਵਿੱਚੋਂ ਉਪਜਿਆ ਦੁਖ਼ਾਂਤ ਤੇ ਔਲਾਦ ਦੇ ਪਿਆਰ ਵਿਹੂਣੇ ਜੋੜੇ ਜੀਤੀ ਤੇ ਜਗਪਾਲ ਦੀ ਟੋਨੀ ਨੂੰ ਗੋਦ ਲੈਣ ਦਾ ਦਿ੍ਰਸ਼ਮਈ ਸੁਖਾਂਤ ਪੜ੍ਹਿਆ ਸਮਝਿਆ ਜਾ ਸਕਦਾ ਹੈ। ‘ਬਿੰਦੂ’ ਕਹਾਣੀ ਪਰਵਾਸੀ ਬੰਦੇ ਦੀ ਔਖੀ ਜ਼ਿੰਦਗੀ ਦਾ ਦੁੱਖ-ਦਰਦ ਪੇਸ਼ ਕਰਦੀ ਹੈ। ‘ਪੱਕਾ ਪੈਂਚਰ’ ਕਹਾਣੀ ’ਚੋਂ ਮਨੁੱਖੀ ਰਿਸ਼ਤਿਆਂ ਵਿਚਲੇ ਵਿਸ਼ਵਾਸ ਦਾ ਰਹੱਸ ਵਾਚਿਆ ਜਾ ਸਕਦਾ ਹੈ। ‘ਬੋਸਕੀ ਦਾ ਪਜਾਮਾ’ ਵਿੱਚੋਂ ਜਗੀਰੂ ਕਦਰਾਂ-ਕੀਮਤਾਂ ਦੀ ਸੋਚ ਸਮਝ ਆਉਦੀ ਹੈ। ‘ਹੰਝੂ’ ਕਹਾਣੀ ਮਨੁੱਖੀ ਸੰਵੇਦਨਾ ਦੀ ਬਹੁਤ ਹੀ ਜਜ਼ਬਾਤੀ ਸਿਰਜਣਾ ਹੈ। ‘ਦਰਦ ਵਿਛੋੜੇ ਦਾ’ ਵਿਚ ਪਤਨੀ ਦੇ ਤੁਰ ਜਾਣ ਤੋਂ ਬਾਅਦ ਦੇ ਇਕਲਾਪੇ ਦਾ ਮਾਰਮਿਕ ਚਿਤਰਣ ਹੈ। ‘ਭਾਰੀ ਗੰਨ’ ਕਹਾਣੀ ਪੰਜਾਬ ਦੇ ਹਰੇ ਇਨਕਲਾਬ ਤੋਂ ਬਾਅਦ ਦੀ ਨਵੀਂ ਜਮਾਤੀ-ਵੰਡ ਦੇ ਦਵੰਦਾਤਮਿਕ ਦਿ੍ਰਸ਼ ਦਿਖਾਉਦੀ ਹੈ। ਇੰਝ ਕਰਮ ਸਿੰਘ ਮਾਨ ਦੀਆਂ ਕਹਾਣੀਆਂ ਮਾਨਵ ਹਿਤਕਾਰੀ ਚੇਤਨਾ ਨੂੰ ਮਹੱਤਵ ਦਿੰਦੀਆਂ ਸਾਹਿਤਕ ਅਸਲੀਅਤ ਨਾਲ ਓਤਪੋਤ ਹਨ ਤੇ ਪੀੜਤ ਧਿਰ ਨਾਲ ਖੜ੍ਹਦੀਆਂ ਹਨ। ਦੁੱਖ-ਦਰਦ ਦੀ ਬਾਤ ਪਾਉਦੀਆਂ ਹਨ। ਪੜ੍ਹਨ ਵਾਲੇ ਨੂੰ ਆਪਣੇ ਨਾਲ ਜੋੜੀ ਰੱਖਦੀਆਂ ਹਨ। ਉਹਦੀ ਸੋਚ ਨੂੰ ਸਹੀ ਹਲੂਣਾ ਵੀ ਦਿੰਦੀਆਂ ਹਨ। ਕਰਮ ਸਿੰਘ ਮਾਨ ਨਾਲ ਸਾਡਾ ਅਕਸਰ ਸਾਰਥਕ ਵਿਚਾਰ ਵਟਾਂਦਰਾਂ ਹੁੰਦਾ ਰਹਿੰਦਾ ਹੈ। ਉਸ ਵਲੋਂ ਕੁਝ ਅੰਸ਼ ਇਥੇ ਹਾਜ਼ਰ ਹਨ:-
ਬਿਨਾਂ ਸ਼ੱਕ, ਕਰਮ ਸਿੰਘ ਮਾਨ ਦੀਆਂ ਗੱਲਾਂ ਗੰਭੀਰਤਾ ਨਾਲ ਵਿਚਾਰ ਦੀ ਮੰਗ ਕਰਦੀਆਂ ਹਨ। ਉਸ ਦੀ ਕਲਮ ਕਲਮੀ-ਕਰਾਮਾਤ ਕਰਨ ਦੇ ਪੂਰੀ ਕਾਬਲ ਹੈ। ਆਉਦੇ ਸਮੇਂ ਵਿਚ ਮਾਨ ਤੋਂ ਪੰਜਾਬੀ ਕਹਾਣੀ ਜਗਤ ਨੂੰ ਹੋਰ ਵੀ ਭਾਵਪੂਰਤ ਤੇ ਦਿਲਚਸਪ ਕਹਾਣੀ ਲਿਖੇ ਜਾਣ ਦੀ ਪੂਰੀ ਆਸ ਹੈ। ਨੋਟ: ਕਰਮ ਸਿੰਘ ਮਾਨ ਦੀਅਾਂ ਕਹਾਣੀ ਦੇ ਲਿੰਕ ਹਾਜ਼ਰ ਹਨ: 1. ਕਾਫ਼ਲਾ ਅਤੇ 2. ਪੱਕਾ ਪੈਂਚਰ |
*** 540 *** |