26 April 2024

ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਪ੍ਰੋਫੈਸਰ ਬਲਕਾਰ ਸਿੰਘ ਨਾਲ ਰੂ-ਬ-ਰੂ

ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਪ੍ਰੋਫੈਸਰ ਬਲਕਾਰ ਸਿੰਘ ਨਾਲ ਰੂ-ਬ-ਰੂ

ਕੈਲਗਰੀ (ਜਸਵੰਤ ਸਿੰਘ ਸੇਖੋਂ/ਸਤਨਾਮ ਸਿੰਘ ਢਾਅ): ਪਿਛਲੇ ਹਫ਼ਤੇ ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਭਰਵੀਂ ਹਾਜ਼ਰੀ ਵਿੱਚ ਮੀਟਿੰਗ ਹੋਈ, ਜਿਸ ਵਿਚ ਉੱਘੇ ਸਿੱਖ ਵਿਦਵਾਨ ਅਤੇ ਅਕਾਦਮਿਕ ਹਲਕਿਆਂ ਦੀ ਜਾਣੀ-ਪਛਾਣੀ ਹਸਤੀ ਪ੍ਰੋਫੈਸਰ ਬਲਕਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਪ੍ਰੋ. ਬਲਕਾਰ ਸਿੰਘ, ਕੇਸਰ ਸਿੰਘ ਨੀਰ, ਮਨਜੀਤ ਸਿੰਘ ਪਿਆਸਾ ਅਤੇ ‘ਸਿੱਖ ਵਿਰਸਾ’ ਮੈਗਜ਼ੀਨ ਦੇ ਮੁੱਖ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਕੀਤੀ।

ਕੇਸਰ ਸਿੰਘ ਨੀਰ ਨੇ ਪ੍ਰੋ. ਬਲਕਾਰ ਸਿੰਘ ਪ੍ਰਤੀ ਸਵਾਗਤੀ ਸ਼ਬਦ ਕਹਿਣ ਉਪ੍ਰੰਤ ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਫੈਸਰ ਸਾਹਿਬ ਨੇ ਪਰਸ਼ੀਅਨ ਦੀ ਐੱਮ.ਏ, ਪੰਜਾਬੀ ਦੀ ਐੱਮ. ਏ. ਅਤੇ ਪੀਐੱਚ. ਡੀ. ਕੀਤੀ ਹੋਈ ਹੈ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਅਨ ਵਿਭਾਗ’ ਦੇ ਮੁਖੀ ਰਹੇ ਹਨ ਅਤੇ ਯੂਨੀਵਰਸਿਟੀ ਵਿੱਚ ਡੀਨ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪਰਚਾਰ ਕਮੇਟੀ ਦੇ ਮੈਂਬਰ, ਅਕਾਲ ਤਖ਼ਤ ਸਾਹਿਬ ਦੀ ਸਲਾਹਕਾਰ ਕਮੇਟੀ ਦੇ ਵੀ ਮੈਂਬਰ ਰਹੇ ਹਨ। ਅੱਜ ਕੱਲ੍ਹ ਉਹ ‘ਵਿਸ਼ਵ ਪੰਜਾਬੀ ਸੰਸਥਾ ਯੂਨੀਵਰਸਿਟੀ ਪਟਿਆਲਾ’ ਦੇ ਡਾਇਰੈਕਟਰ ਹਨ। ਉਨ੍ਹਾਂ ਨੇ ਕਰੀਬ ਇੱਕ ਦਰਜਨ ਪੁਸਤਕਾਂ ਲਿਖੀਆਂ ਅਤੇ ਤਕਰੀਬਨ ਏਨੀਆਂ ਹੀ ਪੁਸਤਕਾਂ ਦੀ ਸੰਪਾਦਨਾ ਕੀਤੀ ਹੈ।

ਡਾ. ਜੋਗਾ ਸਿੰਘ ਸਹੋਤਾ ਨੇ ਹਰਮੋਨੀਅਮ ਦੀਆਂ ਸੁਰਾਂ ‘ਤੇ ਦਸ਼ਮੇਸ਼ ਪਿਤਾ ਦੀ ਮਹਿਮਾ ਗਾਇਨ ਕਰ ਕੇ ਵਧੀਆ ਸੰਗੀਤਮਈ ਧਾਰਮਿਕ ਮਾਹੌਲ ਸਿਰਜ ਦਿੱਤਾ ‘ਸਾਰਾ ਆਲਮ ਦੇਖੇਗਾ ਚਿੜੀਆਂ ਤੋਂ ਬਾਜ਼ ਤੁੜਾਵਾਂਗਾ’। ਪ੍ਰੋ. ਬਲਕਾਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸਿੱਖ ਧਰਮ ਬਾਰੇ ਵਿਦਵਤਾ ਭਰਪੂਰ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਇੱਕ ਮਾਤਰ ਅਜਿਹੇ ਧਾਰਮਿਕ ਆਗੂ ਸਨ ਜਿਹੜੇ ਤਤਕਾਲੀ ਸੱਭਿਆਚਾਰ ਨੂੰ ਵੀ ਨਾਲ ਲੈ ਕੇ ਚੱਲੇ। ਸਿੱਖ ਧਰਮ ਪੈਰੋਕਾਰਾਂ ਨੂੰ ਸਿੱਖਿਆਰਥੀ ਬਣਾਉਂਦਾ ਹੈ। ਇਹ ਧਰਮ ਕਿਸੇ ਕਿਸਮ ਦੀ ਕੱਟੜਤਾ ਦੀ ਨਿਖੇਧੀ ਕਰਦਾ ਹੈ। ਸਿੱਖ ਸੱਭਿਆਚਾਰ ਤੋਂ ਸਮੁੱਚੇ ਪੰਜਾਬੀ ਸੱਭਿਆਚਾਰ ਨੇ ਬਹੁਤ ਕੁਝ ਲਿਆ ਹੈ, ਜਿਵੇਂ ਪ੍ਰੋ. ਪੂਰਨ ਸਿੰਘ ਨੇ ਕਿਹਾ ਸੀ ‘ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ’। ਉਨ੍ਹਾਂ ਆਪਣੇ ਤਜਰਬੇ ਵਿੱਚੋਂ ਅਜੋਕੇ ਸਮੇਂ ਸਿੱਖ ਸੰਸਥਾਵਾਂ ਦੇ ਨਿਘਾਰ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਹੁਣ ਸਿੱਖ ਧਰਮ ਦੇ ਅਧਿਆਤਮਕ ਪੱਖ ਨੂੰ ਰਾਜਨੀਤੀਵਾਨਾਂ ਨੇ ਗੁੰਮ ਹੋਣ ਦੀ ਕਗਾਰ ਤੇ ਲਿਆ ਖੜ੍ਹਾ ਕੀਤਾ ਹੈ। ਪਰ ਨਾਲ ਹੀ ਇਹ ਵੀ ਕਿਹਾ ਕਿ ਸਿੱਖੀ ਨੂੰ ਕੋਈ ਢਾਹ ਨਹੀਂ ਲੱਗ ਸਕਦੀ। ਸਾਨੂੰ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਅੰਦਰ ਗੁਰਬਾਣੀ ਤੋਂ ਦਿਸ਼ਾ ਲੈ ਕੇ ਚੜ੍ਹਦੀ ਕਲਾ ਵੱਲ ਜਾਣ ਦੇ ਉਪਰਾਲੇ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸ੍ਰੋਤਿਆਂ ਵੱਲੋਂ ਕੀਤੇ ਗੰਭੀਰ ਮਸਲਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਬੁਲੰਦ ਅਵਾਜ਼ ਦੇ ਮਾਲਕ ਸੁਖਵਿੰਦਰ ਸਿੰਘ ਤੂਰ ਨੇ ਆਪਣੀ ਗਾਈਕੀ ਰਾਹੀਂ ਸ੍ਰੋਤਿਆਂ ਨੂੰ ਵਿਚਾਰ-ਮਗਨ ਕੀਤਾ ‘ਨਾ ਵੰਡਣ ਨਾ ਢਾਹੁਣ ਲਈ ਲੜ, ਸਾਂਭਣ ਅਤੇ ਬਚਾਉਣ ਲਈ ਲੜ’। ਹਰਚਰਨ ਸਿੰਘ ਪਰਹਾਰ ਨੇ ਬਹੁਤ ਹੀ ਨਾਪੇ-ਤੋਲੇ ਸ਼ਬਦਾਂ ਰਾਹੀਂ ਸਿੱਖ ਧਰਮ ਦੇ ਮੁੱਦਿਆਂ ਬਾਰੇ ਸਕਾਰਆਤਮਿਕ ਵਿਚਾਰ ਰੱਖਦਿਆਂ ਡੇਰਾਵਾਦ ਬਾਰੇ ਵਿਸ਼ਲੇਸ਼ਣਾਤਮਿਕ ਪੱਖ ਪੇਸ਼ ਕੀਤਾ। ਪਰਹਾਰ ਨੇ ਉਦਾਹਰਣਾਂ ਦੇ ਕੇ ਦੱਸਿਆ ਕਿ ਕਿਵੇਂ ਆਮ ਲੋਕ ਗੁਰਦੁਆਰਿਆਂ ਅੰਦਰ ਸਿੱਖੀ ਨੂੰ ਸੀਮਿਤ ਕਰਨ ਵਾਲੀ ਨੀਤੀ ਤੋਂ ਨਿਰਾਸ਼ ਹੋ ਕੇ ਡੇਰਿਆਂ ਵੱਲ ਪ੍ਰੇਰਿਤ ਹੋ ਜਾਂਦੇ ਹਨ। ਭਾਈ ਮਰਦਾਨਾ ਅਤੇ ਸਾਈਂ ਮੀਆਂ ਮੀਰ ਵਰਗੀਆਂ ਸ਼ਖ਼ਸੀਅਤਾਂ ਦਾ ਹਵਾਲਾ ਦੇ ਕੇ ਕਿਹਾ ਕਿ ਹੋਰ ਧਰਮਾਂ ਜਾਂ ਫ਼ਿਰਕਿਆਂ ਦੇ ਲੋਕ ਵੀ ਆਪਣਾ ਧਰਮ ਤਿਆਗੇ ਬਿਨਾ ਸਿੱਖੀ ਦੇ ਅਸੂਲਾਂ ਨੂੰ ਅਪਣਾ ਸਕਦੇ ਸਨ/ਹਨ। ਪਰਹਾਰ ਨੇ ਪ੍ਰੋ. ਬਲਕਾਰ ਸਿੰਘ ਦੇ ਕਈ ਨੁਕਤਿਆਂ ਨੂੰ ਆਪਣੇ ਸ਼ਬਦਾਂ ਰਾਹੀਂ ਹੋਰ ਸਪਸ਼ਟ ਕੀਤਾ। ਜਗਦੇਵ ਸਿੰਘ ਸਿੱਧੂ ਵੱਲੋਂ ਸਿੱਖ ਧਰਮ ਉੱਪਰ ਸਿਆਸਤ ਅਤੇ ਧਰਮ ਪ੍ਰਚਾਰ ਦੇ ਦੀਆਂ ਸਮਸਿਆਵਾਂ ਬਾਰੇ ਸਵਾਲ ਉਠਏ। ਸਤਨਾਮ ਸਿੰਘ ਢਾਅ ਅਤੇ ਕਵਿੱਤਰੀ ਸੁਰਿੰਦਰ ਗੀਤ ਨੇ ਮਿਸਾਲਾਂ ਦੇ ਕੇ ਡੇਰਾਵਾਦ ਦੀ ਗੰਭੀਰ ਸਮੱਸਿਆ ਵੱਲ ਧਿਆਨ ਦਿਵਾਇਆ।

ਜਸਵੰਤ ਸਿੰਘ ਸੇਖੋਂ ਨੇ ਕਿਸਾਨ ਅੰਦੋਲਨ ਸਮੇਂ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦੀ ਕੀਤੀ ਕਰਬਾਨੀ ਨੂੰ ਔੜਾ ਛੰਦ ਵਿੱਚ ਬਿਆਨ ਕੀਤਾ। ਦੂਜੀ ਕਵਿਤਾ ਸਿੱਖ ਪੰਥ ਦੀ ਮਹਾਨ ਹਸਤੀ ਬੀਬੀ ਨਿਰੰਜਣੀ ਜੀ ਬਾਰੇ ਡਿਉਢਾ ਛੰਦ ਰਾਹੀਂ ਕਵੀਸ਼ਰੀ ਪੇਸ਼ ਕਰ ਕੇ ਧੰਨ-ਧੰਨ ਕਰਵਾ ਦਿੱਤੀ। ਕੇਸਰ ਸਿੰਘ ਦੀ ਉਚਾਰੀ ਗ਼ਜ਼ਲ ਨੇ ਸ੍ਰੋਤਿਆਂ ਨੂੰ ਤਾੜੀਆਂ ਮਾਰਨ ਲਈ ਪ੍ਰੇਰਿਆ ‘ਜਿਨ੍ਹਾਂ ਦੇ ਸਿਰ ਕਾਮਲ ਨੇ ਉਹ ਘਬਰਾਇਆ ਨਹੀਂ ਕਰਦੇ’। ਪਰਮਜੀਤ ਭੰਗੂ ਨੇ ਇਨਕਲਾਬੀ ਗੀਤ ਪੇਸ਼ ਕਰ ਕੇ ਖ਼ੂਬ ਦਾਦ ਲਈ। ਜੈਪਾਲ ਸਿੰਘ ਰਾਣਾ ਦੇ ਹਲਕੇ ਲਹਿਜ਼ੇ ਨੇ ਆਪਣਾ ਵੱਖਰਾ ਅਸਰ ਛੱਡਿਆ।

ਅਰਪਨ ਲਿਖਾਰੀ ਸਭਾ ਦੀ ਕਾਰਜਕਾਰਨੀ ਨੇ ਪ੍ਰੋ. ਬਲਕਾਰ ਸਿੰਘ ਨੂੰ ਯਾਦਗਾਰੀ ਪਲੈਕ ਅਰਪਿਤ ਕਰ ਕੇ ਸਨਮਾਨਿਤ ਕੀਤਾ। ਸਕੱਤਰ ਜਸਵੰਤ ਸਿੰਘ ਸੇਖੋਂ ਨੇ ਜਿੱਥੇ ਬਾ-ਖ਼ੂਬੀ ਮੀਟਿਗ ਦਾ ਸੰਚਾਲਨ ਕੀਤਾ, ਉੱਥੇ ਆਪਣੀ ਪੁਸਤਕ ‘ਪਿਆਰੇ ਸੇਖੋਂ’ ਪ੍ਰੋਫੈਸਰ ਸਾਹਿਬ ਨੂੰ ਸਤਿਕਾਰ ਸਹਿਤ ਭੇਟ ਕੀਤੀ।

ਅਖ਼ੀਰ ਤੇ ਸਤਨਾਮ ਸਿੰਘ ਢਾਅ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ 9 ਜੁਲਾਈ ਨੂੰ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਹੋਰ ਜਾਣਕਾਰੀ ਲਈ ਸੰਪਰਕ ਨੰਬਰ ਸਤਨਾਮ ਸਿੰਘ ਢਾਅ 403- 285- 6091, ਜਸਵੰਤ ਸਿੰਘ ਸੇਖੋਂ 403- 681- 3132.

***
805
***

About the author

satnam_dhaw
ਸਤਨਾਮ ਢਾਅ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →