6 December 2024

ਅਰਪਨ ਲਿਖਾਰੀ ਸਭਾ ਮਾਸਿਕ ਮੀਟਿੰਗ ਪਾਸ਼ ਨੂੰ ਸਮਰਪਿਤ—ਸਤਨਾਮ ਢਾਅ

ਕੈਲਗਰੀ (ਜਸਵੰਤ ਸਿੰਘ ਸੇਖੋਂ): ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ 10 ਸਤੰਬਰ ਨੂੰ ਕਾਊਂਸਲ ਆਫ਼ ਸਿੱਖ ਔਰਗੇਨਾਈਜੇਸ਼ਨ (ਕੋਸੋ) ਹਾਲ ਵਿੱਚ ਕੇਸਰ ਸਿੰਘ ਨੀਰ ਅਤੇ ਸਤਨਾਮ ਸਿੰਘ ਢਾਅ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਵਿਸ਼ੇਸ਼ ਤੌਰ ਤੇ (ਅਵਤਾਰ) ਪਾਸ਼ ਨੂੰ ਸਮਰਪਿਤ ਕੀਤੀ ਗਈ। ਉੱਘੇ ਨਾਵਲਕਾਰ ਮੋਹਨ ਕਾਹਲੋਂ ਦੇ ਦੇਹਾਂਤ ਤੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਮਲਿਕਾ ਅਲਿਜ਼ਬਥ ਦੂਜੀ ਦੀ ਮੌਤ ਤੇ ਸ਼ਰਧਾ ਸੁਮਨ ਭੇਟ ਕੀਤੇ। ਪਾਸ਼ ਦੇ ਕ੍ਰਾਂਤੀਕਾਰੀ ਜੀਵਨ ਅਤੇ ਕਾਵਿ ਬਾਰੇ ਖੁੱਲ੍ਹ ਕੇ ਚਰਚਾ ਹੋਈ।

ਇਕਬਾਲ ਖ਼ਾਨ ਨੇ ਪਾਸ਼ ਨਾਲ ਰਹੀ ਸਾਂਝ ਤਾਜ਼ਾ ਕੀਤੀ ਤੇ ਇੱਕ ਇਨਕਲਾਬੀ ਕਵਿਤਾ ਸੁਣਾਈ ‘ਖੇਤ ਕਦੇ ਬਾਂਝ ਨਹੀਂ ਹੁੰਦੇ’। ਪਾਸ਼ ਦੀ ਸੋਚ ਦਾ ਪਰਾਗ ਜਿਨ੍ਹਾਂ ਖੇਤਾਂ ਵਿੱਚ ਧੂੜਿਆ ਜਾ ਚੁੱਕਾ ਹੈ, ਓਥੇ ਫੁੱਲ ਵੀ ਉੱਗਣਗੇ ਹਥਿਆਰ ਵੀ।’ ਜਰਨੈਲ ਤੱਗੜ ਨੇ ਆਪਣੇ ਵੈਨਕੋਵਰ ਅਤੇ ਸ਼ਿਆਟਲ ਦੇ ਟੂਰ ਦੇ ਅਨੁਭਵ ਸਾਂਝੇ ਕਰਦਿਆਂ ਮਹਿਗਾਈ ਅਤੇ ਕਾਮਿਆਂ ਦੇ ਮਹਿਨਤਾਨੇ ਬਾਰੇ ਵਿਚਾਰ ਪੇਸ਼ ਕੀਤੇ ਅਤੇ ਸੁਰਜੀਤ ਸਿੰਘ ਪੰਨੂੰ ਦੀ ਰੁਬਾਈ ‘ਮੰਗਣ ਵਾਲੇ ਮੰਗਦੇ ਰਹਿੰਦੇ ਦਾਨੀ ਕਰਦੇ ਰਹਿੰਦੇ ਦਾਨ’ ਸੁਣਾਈ। ਸਰਬਜੀਤ ਕੌਰ ਉੱਪਲ ਨੇ ਕਾਵਿ-ਵੰਨਗੀਆਂ ਸੁਣਾ ਕੇ ਹਾਜ਼ਰੀ ਲਗਵਾਈ। ਦਿਲਾਵਰ ਸਿੰਘ ਸਮਰਾ ਨੇ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੇ ਅਸਥਾਨਾਂ ਬਾਰੇ ਵਿਚਾਰ ਰੱਖੇ। ਲਖਵਿੰਦਰ ਜੌਹਲ ਨੇ ਕਿਸਾਨੀ ਜੀਵਨ ਦੀਆਂ ਦੁਸ਼ਵਾਰੀਆਂ ਬਾਰੇ ਕਵਿਤਾ ਸੁਣਾਈ। ਜਸਬੀਰ ਸਿਹੋਤਾ ਨੇ ਇੱਕ ਕਵਿਤਾ ਸਾਂਝੀ ਕੀਤੀ। ਮਾਸਟਰ ਅਜੀਤ ਸਿੰਘ ਨੇ ਗ਼ਜ਼ਲ ਅਪਣੇ ਵਿਲੱਖਣ ਢੰਗ ਨਾਲ ਸੁਣਾਈ। ਉੱਘੇ ਸ਼ਾਇਰ ਕੇਸਰ ਸਿੰਘ ਨੀਰ ਨੇ ਆਪਣੇ ਲਿਖੇ ਬਾਲ-ਸਾਹਿਤ ਵਿੱਚੋਂ ‘ਲੋਰੀ’ ਨਾਂ ਦੀ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਆਪਣਾ ਬਚਪਨ ਯਾਦ ਕਰਾ ਦਿੱਤਾ। ਪ੍ਰਭਦੇਵ ਸਿੰਘ ਨੇ ਸ਼ੇਅਰ ਸੁਣਾ ਕੇ ਵੰਨਗੀਆਂ ਦੇ ਸਨਮੁਖ ਕੀਤਾ।
ਕੁਲਦੀਪ ਕੌਰ ਘਟੌੜਾ ਦੀ ਕੀੜੀਆਂ ਬਾਰੇ ਮਾਰਮਿਕ ਕਵਿਤਾ ਨੇ ਬਹੁਤ ਸ਼ਲਾਘਾ ਖੱਟੀ ‘ਵੇਖ ਕੇ ਲੱਗਾ, ਕੋਈ ਯੋਧਾ ਸ਼ਹੀਦ ਹੋ ਗਿਆ’। ਨਾਮਵਰ ਗਾਇਕ ਰਵੀ ਜਨਾਗਲ ਨੇ ਸ਼ਿਵ ਕੁਮਾਰ ਦਾ ਗੀਤ ‘ਮਾਏ ਨੀਂ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਪਵੇ’ ਤਰੱਨਮ ਵਿੱਚ ਸੋਜ਼ ਭਰੀ ਆਵਾਜ਼ ਰਾਹੀਂ ਗਾ ਕੇ ਬਿਰਹਾ ਬਿਖੇਰ ਦਿੱਤਾ।ਮਨਮੋਹਨ ਸਿੰਘ ਬਾਠ ਨੇ ਹਿੰਦੀ ਗੀਤ ਗਾ ਕੇ ਰੰਗ ਬੰਨ੍ਹਿਆ। ਜੋਗਾ ਸਿੰਘ ਸਹੋਤਾ ਨੇ ਇੱਕ ਗੀਤ ਅਤੇ ਦੋ ਗ਼ਜ਼ਲਾਂ ਸੁਣਾ ਕੇ ਐਸਾ ਜਾਦੂ ਧੂੜਿਆ, ਜਾਪਿਆ ਜਿਵੇਂ ਕਿਸੇ ਸੰਗੀਤਕ ਮਹਿਫ਼ਿਲ ਵਿੱਚ ਬੈਠੇ ਹੋਈਏ। ਜਗਜੀਤ ਰਹਿਸੀ ਦੇ ਕੁਝ ਚੋਣਵੇਂ ਅਤੇ ਸਿਖਿਆਦਾਇਕ ਸ਼ੇਅਰ ਸਰੋਤਿਆਂ ਨੂੰ ਸੋਚਣ ਲਈ ਮਜਬੂਰ ਕਰ ਗਏ। ਇੱਕ ਸ਼ੇਅਰ ਇਹ ਸੀ ‘ਕਾਲ਼ੀ ਬਿੱਲੀ ਸੇ ਡਰਤੇ ਹੈਂ ਲੋਗ, ਕਾਲ਼ੀ ਕਰਤੂਤੋਂ ਸੇ ਨਹੀਂ ਡਰਤੇ।’

ਸਤਨਾਮ ਸਿੰਘ ਢਾਅ ਨੇ ਉਸਤਾਦ ਦਾਮਨ ਦੇ ਪੰਜਾਬੀ ਬੋਲੀ ਲਈ ਪਏ ਯੋਗਦਾਨ ਯਾਦ ਨੂੰ ਯਾਦ ਕਰਦਿਆਂ, ਉਸ ਦੀ ਮਸ਼ਹੂਰ ਗ਼ਜ਼ਲ ਸੁਣਾਈ ‘ਲਾਲੀ ਅੱਖਾਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।’ ਗੁਰਚਰਨ ਕੌਰ ਥਿੰਦ ਨੇ ਆਪਣੀ ਕਹਾਣੀ ‘ਸੂਲ਼ਾਂ’ ਦਾ ਪਾਠ ਕੀਤਾ ਜਿਹੜੀ ਸ਼ੋਸ਼ਿਤ ਸਮਾਜ ਦੇ ਪਿੱਛਲੇ ਅਤੇ ਹੁਣ ਦੇ ਬਦਲੇ ਮਾਹੌਲ ਨੂੰ ਉਜਾਗਰ ਕਰਦੀ ਸੀ। ਕਹਾਣੀ ਇਸ ਵੰਨਗੀ ਦੀ ਘਾਟ ਪੂਰੀ ਕਰ ਗਈ। ਜਗਦੇਵ ਸਿੱਧੂ ਨੇ ਪੇਸ਼ਕਾਰੀਆਂ ਬਾਰੇ ਸਾਹਿਤਕ ਪੱਖ ਸਾਹਮਣੇ ਲਿਆਂਦਾ ਅਤੇ ਬਲਾਰਿਆਂ ਨੂੰ ਉਤਸ਼ਾਹਿਤ ਕੀਤਾ। ਕੁਲਦੀਪ ਕੌਰ ਘਟੌੜਾ ਦੀ ਕਵਿਤਾ ਤੇ ਖੁੱਲ੍ਹੀ ਚਰਚਾ ਕਰ ਕੇ ਇਸ ਨੂੰ ਮਿਆਰੀ ਕਵਿਤਾ ਦਾ ਦਰਜਾ ਦਿੱਤਾ।

ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਗੁਰਬਾਣੀ ਦੇ ਸੰਕਲਨ ਬਾਰੇ ਖੋਜ ਭਰਪੂਰ ਛੰਦ ਦੀ ਕਵੀਸ਼ਰੀ ਕੀਤੀ ‘ਗੁਰਸਿੱਖ ਗੁਰਬਾਣੀ ਭਾਲਣ ਤੁਰ ਗਏ ਚਹੁ ਕੂਟਾਂ ਨੂੰ।’ ਉਸ ਨੇ ਕਵੀਸ਼ਰੀ ਵਾਲੇ ਅੰਦਾਜ਼ ਵਿਚ ਮੰਚ ਦਾ ਸੰਚਾਲਨ ਕਰ ਕੇ ਖ਼ੁਸ਼ਨੁਮਾ ਮਾਹੌਲ ਬਣਾਈ ਰੱਖਿਆ। ਇਨ੍ਹਾਂ ਤੋ ਇਲਾਵਾ ਹੈੱਡ ਮਾਸਟਰ ਅਮਰ ਸਿੰਘ ਕਿੰਗਰਾ, ਪ੍ਰਿਤਪਾਲ ਸਿੰਘ ਮੱਲੀ, ਸੁਖਦੇਵ ਕੌਰ ਢਾਅ, ਜਸਪਾਲ ਕੌਰ ਮਾਨ, ਅਮਨਪ੍ਰੀਤ ਕੌਰ ਗਿੱਲ, ਏਕਮ ਗਿੱਲ, ਗੁਰਦੀਪ ਸਿੰਘ ਗਹੀਰ, ਸੁਬਾ ਸਾਦਿਕ ਅਤੇ ਸੁਖਵਿੰਦਰ ਸਿੰਘ ਥਿੰਦ ਨੇ ਇਸ ਸਹਿਤਕ ਵਿਚਾਰ ਚਰਚਾ ਵਿੱਚ ਭਰਪੂਰ ਹਿੱਸਾ ਲਿਆ। ਸਤਨਾਮ ਸਿੰਘ ਢਾਅ ਨੇ ਮੀਟਿੰਗ ਵਿੱਚ ਰਚਨਾਵਾਂ ਦੀ ਪੇਸ਼ਕਾਰੀ ਲਈ ਅਤੇ ਮੀਟਿੰਗ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅੱਠ ਅਕਤੂਬਰ ਨੂੰ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਸਾਰੇ ਸਾਹਿਤ ਪ੍ਰੇਮੀਆਂ ਨੂੰ ਆਉਣ ਦੇ ਸੱਦੇ ਨਾਲ ਮੀਟਿੰਗ ਸਮਾਪਤ ਹੋਈ।

ਹੋਰ ਜਾਣਕਾਰੀ ਲਈ ਸਤਨਾਮ ਢਾਅ ਨੂੰ 403 285 6091 ਅਤੇ ਜਸਵੰਤ ਸਿੰਘ ਸੇਖੋਂ ਨੂੰ 403 681 3132 ਤੇ ਸੰਪਰਕ ਕੀਤਾ ਜਾ ਸਕਦਾ ਹੈ।
***
882
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →