28 March 2024

ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਬਲਬੀਰ ਕੌਰ ਸੰਘੇੜਾ ( ਮੁਲਾਕਾਤੀ: ਸਤਨਾਮ ਸਿੰਘ ਢਾਅ )

ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਬਲਬੀਰ ਕੌਰ ਸੰਘੇੜਾ ਨਾਲ਼

ਸਤਨਾਮ ਸਿੰਘ ਢਾਅ ਦੀ ਵਿਸ਼ੇਸ਼ ਮੁਲਾਕਾਤ

ਬਲਬੀਰ ਸੰਘੇੜਾ ਪਰਵਾਸੀ ਪੰਜਾਬੀ ਸਾਹਿਤ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਚੁੱਕੀ ਹੈ। ਉਹ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ। ਉਹ ਪਿਛਲੇ ਚਾਰ ਦਹਾਕਿਆਂ ਤੋਂ ਨਿਰੰਤਰ ਲਿਖਦੀ ਆ ਰਹੀ ਹੈ। ਭਾਵੇਂ ਮੁੱਖ ਖੇਤਰ ਕਹਾਣੀਆਂ ਹੀ ਰਹੀਆਂ ਹਨ ਪਰ ਉਸਨੇ ਕਵਿਤਾ ਤੇ ਨਾਵਲ ਤੇ ਵੀ ਕੰਮ ਕੀਤਾ ਹੈ। ਸੰਘੇੜਾ ਦੀ ਕਲਮ ਤੋਂ ਦੋ ਨਾਵਲ ਤੇ ਤਿੰਨ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਸੰਘੇੜਾ ਨੇ ਪੂਰਬੀ ਤੇ ਪੱਛਮੀ ਸੱਭਿਆਚਾਰ ਦੇ ਟਕਰਾਅ ਵਿਚੋਂ ਪੈਦਾ ਹੋ ਰਹੀਆਂ ਸਮੱਸਿਆਵਾਂ ਨੂੰ ਬਾਖੂਬੀ ਨਿਭਾਇਆ ਹੈ। ਪੂੰਜੀਵਾਦ ਦੇ ਪ੍ਰਭਾਵ ਹੇਠ ਆਏ ਰਿਸ਼ਤੇ ਕਿਵੇਂ ਤਿੜਕ ਰਹੇ ਹਨ। ਬਲਬੀਰ ਕੌਰ ਨੇ ਸਿਰਫ਼ ਮਰਦ ਪ੍ਰਧਾਨ ਸਮਾਜ ਵਿਚ ਇਸਤਰੀ ਜਾਤੀ ਤੇ ਹੋ ਰਹੀ ਵਧੀਕੀ ਨੂੰ ਹੀ ਨਹੀਂ ਸਗੋਂ ਜਿੱਥੇ ਕਿਧਰੇ ਇਸਤਰੀ ਨੇ ਮੱਕਾਰੀ ਜਾਂ ਬੇ-ਇਮਾਨਗੀ ਕੀਤੀ ਹੈ, ਕਿਸੇ ਮਰਦ ਦੀ ਭਲਮਾਣਸੀ ਦਾ ਨਿਜਾਇਜ ਫਾਇਦਾ ਉਠਾਇਆ ਹੈ ਤਾਂ ਉਸ ਨੂੰ ਵੀ ਨੰਗਿਆਂ ਕੀਤਾ ਹੈ। ਕਹਾਣੀਕਾਰਾ ਨੇ ਪਰਵਾਸੀ ਧਰਤੀ ਤੇ ਸੰਘਰਸ਼ ਕਰ ਰਹੇ ਪਰਵਾਸੀ ਪੰਜਾਬੀਆਂ ਦੀ ਤਣਾਅ-ਗ੍ਰਸਤ ਜਿੰਦਗੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਹਰ ਪ੍ਰਵਾਸੀ ਉਹਦੇ ਵਿੱਚੋਂ ਕੁੱਝ ਆਪਾ ਮਹਿਸੂਸ ਕਰਦਾ ਹੈ। ਉਹ ਬਿਨਾਂ ਕਿਸੇ ਪੱਖਪਾਤ ਤੋਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਸਮਰਥਾ ਰੱਖਦੀ ਹੈ। ਬਲਬੀਰ ਸੰਘੇੜਾ ਨੇ ਪੂਰਵੀ ਸੱਭਿਆਚਾਰ ਦੇ ਚੰਗੇ ਮਾੜੇ ਪਹਿਲੂਆਂ ਦੇ ਨਾਲ ਨਾਲ ਪੱਛਮੀ ਸੱਭਿਆਚਾਰ ਦੇ ਚੰਗੇ ਮਾੜੇ ਪਹਿਲੂਆਂ ਨੂੰ ਵੀ ਪਾਠਕਾਂ ਦੀ ਨਜ਼ਰ ਕੀਤਾ ਹੈ।

ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਕੁੱਝ ਅੰਸ਼ :

ਬਲਬੀਰ ਕੌਰ ਜੀ, ਪਹਿਲਾਂ ਆਪਣੇ ਬਚਪਨ, ਵਿੱਦਿਆ ਅਤੇ ਪਰਿਵਾਰਕ ਪਿਛੋਕੜ ਬਾਰੇ ਕੁੱਝ ਦੱਸੋ?

: ਸਤਨਾਮ ਜੀ, ਤੁਸੀਂ ਇਕੋ ਸਵਾਲ ਵਿੱਚ ਕਈ ਜਵਾਬ ਮੰਗੇ ਹਨ। ਚਲੋ ਕੋਸ਼ਿਸ਼ ਕਰਦੀ ਹਾਂ। ਜੇਕਰ ਮੈਂ ਬਚਪਨ ਬਾਰੇ ਦੱਸਣ ਲੱਗਾਂ ਤਾਂ ਪੂਰੇ ਜੀਵਨ ਦੀ ਪਟਾਰੀ ਖ੍ਹੋਲਣੀ ਪਵੇਗੀ। ਬਸ ਏਨਾ ਹੀ ਆਖਾਂਗੀ ਕਿ ਮੇਰੇ ਪਿਤਾ ਜੀ ਸ੍ਰ: ਗੁਰਬਚਨ ਸਿੰਘ ਸ਼ੇਰਗਿੱਲ (ਅਨਾਮੀਆਂ) ਤੇ ਮਾਤਾ ਜੀ ਸ੍ਰੀਮਤੀ ਰਜਿੰਦਰ ਕੌਰ ਸ਼ੇਰਗਿੱਲ ਆਪਣੇ ਸਮੇਂ ਦੇ ਸਿਆਣੇ ਮੰਨੇ ਹੋਏ ਇਨਸਾਨ ਸਨ। ਅਸੀਂ ਦੋਨੋਂ ਭੈਣ-ਭਰਾ ਇਕਲੇ ਸਾਂ। ਬਾਕੀ ਰਹੀ ਗੱਲ ਪਰਿਵਾਰਕ ਪਿਛੋਕੜ ਦੀ, ਸਾਡਾ ਪਰਿਵਾਰ ਛੋਟਾ ਜਿਹਾ ਹੀ ਸੀ। ਮਾਂ-ਬਾਪ ਤੇ ਅਸੀਂ ਭੈਣ-ਭਰਾ। ਸਿਰਫ਼ ਚਾਰ ਜੀਅ। ਬਾਕੀ ਪਰਿਵਾਰ ਮੇਰੇ ਤਾਇਆ ਜੀ ਤੇ ਭੂਆ ਜੀ ਦੇ ਸਨ। ਘਰ ਵਿੱਚ ਇਕੱਠ ਸੀ। ਮਹੌਲ ਧਾਰਮਿਕ ਵੀ ਸੀ ਤੇ ਸਾਹਿਤਕ ਵੀ।
ਮੇਰਾ ਬਚਪਨ ਪਿੰਡ ਮੁਕੰਦਪੁਰ, ਜੋ ਹੁਣ ਜਿਲ੍ਹਾ ਨਵਾਂਸ਼ਹਿਰ ਵਿੱਚ ਹੈ, ਤੇ ਪਹਿਲਾਂ ਜਲੰਧਰ ਵਿੱਚ ਸੀ, ਵਿਖੇ ਬੀਤਿਆ। ਮੈਂ ਇੱਕਲੀ ਸਾਂ, ਲਾਡਲੀ ਸਾਂ, ਏਸੇ ਲਈ ਬਚਪਨ ਬੜਾ ਖੁਸ਼ਗਵਾਰ ਸੀ। ਇਕੱਲੀ ਏਸ ਵਾਸਤੇ ਕਿ ਮੇਰਾ ਇੱਕੋ-ਇੱਕ ਵੀਰ ਮੈਥੋਂ ਚੌਦਾਂ ਸਾਲ ਵੱਡਾ ਸੀ। ਜਦੋਂ ਮੈਂ ਸੁਰਤ ਸੰਭਲਣ ਹੀ ਲੱਗੀ ਸਾਂ ਉਸ ਵੇਲੇ ਉਹ ਇੰਗਲੈਂਡ ਨੂੰ ਤੁਰ ਗਿਆ ਸੀ। ਸੋ ਬਚਪਨ ਅਸੀਂ ਇਕੱਠੇ ਬਿਤਾਇਆ ਹੀ ਨਹੀਂ। ਇਕੱਲਤਾ ਜ਼ਰੂਰ ਚੁੱਭਦੀ ਸੀ। ਪਰ ਮਾਂ-ਬਾਪ ਵੱਲੋਂ ਢੇਰ ਸਾਰਾ ਪਿਆਰ ਮੇਰੀ ਝੋਲੀ ਪਿਆ। ਰਹੀ ਗੱਲ ਵਿੱਦਿਆ ਦੀ, ਮੁੱਢਲੀ ਵਿੱਦਿਆ ਮੈਂ ਆਪਣੇ ਪਿੰਡ ਤੋਂ ਹੀ ਹਾਸਿਲ ਕੀਤੀ। ਫੇਰ ਪਰਾਈਵੇਟ ਬੀ. ਏ. ਕੀਤੀ। ਇੰਗਲੈਂਡ ਤੋਂ ਮੈਂ ਬਿਜ਼ਨੈੱਸ ਸਟੱਡੀ ਐਂਡ ਲਾਅ ਦਾ ਡਿਪਲੋਮਾ ਕੀਤਾ।

ਆਮ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਸ਼ਖ਼ਸੀਅਤ ਉਸਾਰੀ ਵਿੱਚ ਉਸਦੇ ਮਾਪਿਆਂ ਅਤੇ ਕਦੇ ਕਿਸੇ ਵਿਰਲੇ ਵਿਰਲੇ ਅਧਿਆਪਕਾਂ ਦਾ ਵੀ ਹੱਥ ਹੁੰਦਾ ਹੈ। ਤੁਸੀਂ ਇਸ ਵਿਚਾਰ ਨਾਲ਼ ਕਿੱਥੇ ਕੁ ਤਕ ਸਹਿਮਤ ਹੋ?

: ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕਿਸੇ ਵੀ ਸ਼ਖ਼ਸੀਅਤ ਦੀ ਉਸਾਰੀ ਵਾਸਤੇ, ਉਸਦੇ ਚੰਗੇ-ਮਾੜੇ ਗੁਣਾਂ ਦੇ ਵਿਕਾਸ ਵਾਸਤੇ ਮਾਂ-ਪਿਓ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਰਹੀ ਗੱਲ ਅਧਿਆਪਕਾਂ ਦੀ, ਮਾਂ-ਬਾਪ ਜੋ ਨੀਹਾਂ ਨੂੰ ਧਰਦੇ ਹਨ ਅਤੇ ਚੰਗੇ ਅਧਿਆਪਕ ਉਨ੍ਹਾਂ ਨੂੰ ਪੱਕਿਆਂ ਕਰਦੇ ਹਨ। ਮੇਰੇ ਵੀ ਦੋ ਅਧਿਆਪਕਾਂ ਗਿਆਨੀ ਅਮਰ ਸਿੰਘ (ਹੇੜੀਆਂ ਤੋਂ) ਅਤੇ ਮਾਸਟਰ ਬੂਝਾ ਰਾਮ (ਰਟੈਂਡੇ ਤੋਂ) ਦਾ ਮੇਰੀ ਵਿੱਦਿਆ ਵਿਚ ਬਹੁਤ ਵੱਡਾ ਯੋਗਦਾਨ ਹੈ। ਜੇਕਰ ਉਹ ਮੇਰੇ ਪਿਤਾ ਜੀ ਨੂੰ ਨਾ ਪ੍ਰੇਰਦੇ ਕੋ-ਐਜ਼ੂਕੇਸ਼ਨ ਸ਼ੁਰੂ ਕਰਨ ਵਾਸਤੇ ਤਾਂ ਸ਼ਾਇਦ ਮੈਂ ਵੀ ਪੜ੍ਹਨ ਤੋਂ ਵਾਂਝੀ ਰਹਿ ਜਾਂਦੀ। ਮੇਰੇ ਪਿਤਾ ਜੀ ਨੂੰ ਬਹੁਤ ਸ਼ੌਕ ਸੀ ਮੈਨੂੰ ਪੜ੍ਹਾਉਣ ਦਾ ਪਰ ਪਿੰਡ ਵਿੱਚ ਕੁੜੀਆਂ ਦਾ ਪੰਜਵੀਂ ਤੋਂ ਬਾਅਦ ਸਕੂਲ ਹੀ ਨਹੀਂ ਸੀ। ਇਨ੍ਹਾਂ ਦੋਨਾਂ ਅਧਿਆਪਕਾਂ ਨੇ ਮੇਰੇ ਪਿਤਾ ਜੀ ਨੂੰ ਪ੍ਰੇਰ ਕੇ ਕੋ-ਐਜ਼ੂਕੇਸ਼ਨ ਵਿੱਚ ਮੈਨੂੰ ਦਾਖ਼ਲ ਕਰਾਇਆ। ਜਿਸ ਨਾਲ਼ ਪਿੰਡ ਵਿੱਚ ਕੋ-ਐਜ਼ੂਕੇਸ਼ਨ ਵੀ ਸ਼ੁਰੂ ਹੋਈ। ਇਨ੍ਹਾਂ ਅਧਿਆਪਕਾਂ ਦਾ ਹੀ ਮੇਰੇ ਪੜ੍ਹਨ ਦੇ ਵਿਕਾਸ ਵਿੱਚ ਬਹੁਤ ਵੱਡਾ ਹੱਥ ਹੈ। ਇਸ ਲਈ ਬੱਚੇ ਦੇ ਪੜ੍ਹਨ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ।

ਤੁਸੀਂ ਕਹਾਣੀਕਾਰ ਕਦੋਂ ਬਣੇਤੇ ਸਭ ਤੋਂ ਪਹਿਲਾਂ ਕਿਹੜੀ ਕਹਾਣੀ ਲਿਖੀਤੁਹਾਡਾ ਪ੍ਰੇਰਨਾ ਸਰੋਤ ਕੌਣ ਸੀ?

: ਇਹ ਤਾਂ ਮੈਂ ਨਹੀਂ ਕਹਿ ਸਕਦੀ ਕਿ ਮੈਂ ਕਦੋਂ ਕਹਾਣੀਕਾਰਾ ਬਣੀ। ਮਿੱਥ ਕੇ ਕੁੱਝ ਵੀ ਨਹੀਂ ਸੀ ਕੀਤਾ ਗਿਆ। ਵਕਤ ਅਤੇ ਹਾਲਾਤ ਨੇ ਕਲਮ ਹੱਥ ਫੜਾਈ। ਅੰਦਰ ਤਲਬ ਸੀ ਕੁੱਝ ਕਹਿਣ ਦੀ। ਪਰ ਕੀਕਿਸ ਵਿਧਾ ਵਿੱਚਇਹ ਨਹੀਂ ਸੀ ਨਜ਼ਰ ਆ ਰਿਹਾ। ਕਦੀ ਕਵਿਤਾ ਲਿਖਦੀ ਸਾਂ ਤੇ ਕਦੀ ਕਹਾਣੀ। ਜੋ ਕਹਿਣਾ ਚਾਹੁੰਦੀ ਸਾਂ ਉਸ ਵਾਸਤੇ ਕਵਿਤਾ ਦੀ ਕੈਨਵਸ ਬਹੁਤ ਛੋਟੀ ਜਾਪਦੀ ਸੀ। ਫੇਰ ਕਹਾਣੀ ਨੂੰ ਮਕਬੂਲੀਅਤ ਵੀ ਮਿਲਣ ਲੱਗੀ। ਰੁਝਾਨ ਇੱਧਰ ਵੱਧ ਗਿਆ। ਸਭ ਤੋਂ ਪਹਿਲੀ ਕਹਾਣੀ ‘ਪਿੰਡ ਦੇ ਚੜ੍ਹਦੇ ਪਾਸੇ’ ਲਿਖੀ ਸੀ। ਇੰਗਲੈਂਡ ਵਿੱਚੋਂ ਨਿਕਲਦੇ ਪਰਚੇ ਦੇਸ-ਪਰਦੇਸ ਅਤੇ ਸੰਦੇਸ਼ ਵਿੱਚ ਛਪੀ ਸੀ। ਜੋ ਕਿਸੇ ਵੀ ਕਿਤਾਬ ਵਿੱਚ ਸ਼ਾਮਿਲ ਨਹੀਂ ਹੈ। ਬਹੁਤ ਸਾਰੇ ਫ਼ੋਨ ਚਿੱਠੀਆਂ ਆਉਣ ਨਾਲ਼ ਹੌਸਲਾ ਬੁਲੰਦ ਹੋਇਆ ਤੇ ਕਹਾਣੀ ਵੱਲ ਨੂੰ ਝੁਕਾ ਵੀ। ਰਹੀ ਗੱਲ ਪ੍ਰੇਰਨਾ ਸਰੋਤ ਦੀ, ਭਾਵੇਂ ਬਹੁਤ ਐਸੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਮੈਨੂੰ ਪ੍ਰੇਰਿਆ ਪਰ ਸਭ ਤੋਂ ਉੱਪਰ ਨਾਂ ਮੇਰੇ ਆਪਣੇ ਪਿਤਾ ਜੀ ਦਾ ਹੀ ਆਉਂਦਾ ਹੈ ਜਿਨ੍ਹਾਂ ਨੇ ਜਾਣੇ-ਅਣਜਾਣੇ ਮੈਨੂੰ ਸਾਹਿਤ ਨਾਲ਼ ਜੋੜਿਆ। ਉਨ੍ਹਾਂ ਨੂੰ ਕਿੱਸਾ ਕਾਵਿ ਪੜ੍ਹਨ ਦਾ ਬਹੁਤ ਸ਼ੌਕ ਸੀ। ਬਹੁਤ ਸਾਰਾ ਕਿੱਸਾ ਕਾਵਿ ਉਨ੍ਹਾਂ ਨੂੰ ਮੂੰਹ ਜ਼ੁਬਾਨੀ ਚੇਤੇ ਸੀ। ਉਹ ਗੱਲ ਕਰਦੇ ਵੀ ਤਾਂ ਸ਼ਾਇਰਾਂ ਦੇ ਹਵਾਲੇ ਦੇ ਕੇ ਕਰਦੇ। ਜਦੋਂ ਪੜ੍ਹਦੇ ਜਾਂ ਗਾਉਂਦੇ ਤਾਂ ਮੈਨੂੰ ਕੋਲ ਬਿਠਾ ਲੈਂਦੇ। ਉਨ੍ਹਾਂ ਦੀ ਲਗਨ ਤੋਂ ਹੀ ਮੇਰੀ ਰੁਚੀ ਸਾਹਿਤ ਵੱਲ ਹੋਈ। ਤੇ ਫੇਰ ਇਨਾਮ ਵਜੋਂ ਮਿਲੀ ਪ੍ਰੀਤ ਲੜੀ ਨੇ ਵੀ ਆਪਣਾ ਹਿੱਸਾ ਪਾਇਆ। ਇਸ ਤਰ੍ਹਾਂ ਮੈਂ ਸਾਹਿਤ ਨਾਲ਼ ਜੁੜੀ।

ਆਓ ਥੋੜ੍ਹੀ ਜਿਹੀ ਗੱਲ ਤੁਹਾਡੀ ਲਿਖਣ ਕਲਾ ਬਾਰੇ ਕਰੀਏ। ਤੁਸੀਂ ਕਹਾਣੀ ਕਿਸ ਤਰ੍ਹਾਂ ਗੁੰਦਦੇ ਹੋਕਹਾਣੀ ਲਿਖਣ ਲਈ ਕੋਈ ਖ਼ਾਸ ਸਮਾਂ, ਸਥਾਨ ਦੀ ਲੋੜ ਪੈਂਦੀ ਹੈ ਜਾਂ ਫਿਰ ਰੌਲੇ ਰੱਪੇ ਵਿੱਚ ਵੀ ਸੁਰਤੀ ਇਕਾਗਰ ਕਰ ਸਕਦੇ ਹੋ?

: ਕਹਾਣੀ ਦਾ ਬੀਜ ਤਾਂ ਪਤਾ ਨਹੀਂ ਕਦੋ ਅੰਦਰ ਬੀਜਿਆ ਜਾਂਦਾ ਹੈ। ਪਰ ਉਸਨੂੰ ਪੁੰਗਰਣ ਲਈ, ਪਨਪਣ ਲਈ ਜ਼ਰੂਰ ਸਮਾਂ ਲਗਦਾ ਹੈ। ਅੰਦਰ ਪਏ ਬੀਜ ਦਾ ਅਹਿਸਾਸ ਜਦੋਂ ਹੋ ਜਾਂਦਾ ਹੈ ਤਾਂ ਮੈਂ ਉਸਨੂੰ ਅੰਦਰ ਹੀ ਪੁੰਗਰਣ ਦਿੰਦੀ ਹਾਂ। ਭੰਨਦੀ ਹਾਂ ਘੜਦੀ ਹਾਂ। ਬਸ ਮਨ ਦੀ ਸਲੇਟ ਤੇ ਹੀ ਉਲੀਕਦੀ ਹਾਂ। ਪਾਤਰਾਂ ਦੇ ਚਿਹਰੇ, ਨੈਣ-ਨਕਸ਼, ਆਦਤ-ਸੁਭਾ ਸਭ ਅੰਦਰ ਹੀ ਪੁੰਗਰੀ ਜਾਂਦਾ ਹੈ। ਲੋੜੀਂਦੀ ਜਾਣਕਾਰੀ ਭਾਵ ਖੋਜ ਵੀ ਜਾਰੀ ਰਹਿੰਦੀ ਹੈ। ਜਦੋਂ ਮਹਿਸੂਸ ਹੁੰਦਾ ਹੈ ਕਿ ਕਹਾਣੀ ਕਿੱਥੋਂ ਸ਼ੁਰੂ ਹੋ ਕੇ, ਕਿਹੜੇ ਪੜਾਅ ਪਾਰ ਕਰਕੇ, ਕਿੱਥੇ ਪਹੁੰਚਣੀ ਹੈ ਤਾਂ ਉਸਨੂੰ ਕਾਗ਼ਜ਼ ਦੇ ਪਿੰਡੇ ਤੇ ਉਤਾਰਨ ਬੈਠਦੀ ਹਾਂ। ਫੇਰ ਵੀ ਲਿਖਦੀ ਹਾਂ, ਪੜ੍ਹਦੀ ਹਾਂ ਤੇ ਸੁਧਾਈ ਕਰਦੀ ਹਾਂ। ਇਹ ਆਦਤ ਚੰਗੀ ਹੈ ਜਾਂ ਮਾੜੀ ਪਰ ਆਪਣੀ ਹੀ ਲਿਖਤ ਨੂੰ ਕਰੀਟੀਕਲੀ ਪੜ੍ਹ ਕੇ ਸੁਆਰਨ ਵਲ ਵੀ ਧਿਆਨ ਹੁੰਦਾ ਹੈ। ਵਾਰ-ਵਾਰ ਆਪਣੀਆਂ ਗਲਤੀਆਂ ਨੂੰ ਸੁਧਾਰਦੀ ਹਾਂ। ਤੇ ਰਹੀ ਗੱਲ ਕਹਾਣੀ ਲਿਖਣ ਵਾਸਤੇ ਖਾਸ ਸਮੇਂ ਦੀ, ਕਦੀ ਸਮਾਂ ਸੀ ਜਦੋਂ ਬੱਚਿਆਂ ਦੇ ਰੌਲੇ-ਗੌਲੇ ਵਿੱਚ ਵੀ ਕੰਮ ਕਰ ਲਿਆ ਜਾਂਦਾ ਸੀ ਤੇ ਹੁਣ ਵੈਸੇ ਹੀ ਸਮਾਂ ਸ਼ਾਂਤ ਮਿਲ ਜਾਂਦਾ ਹੈ। ਜਦੋਂ ਤੋਂ ਮੈਂ ਸੇਵਾ ਮੁਕਤ ਹੋਈ ਹਾਂ, ਮੈਂ ਆਪਣਾ ਟਾਈਮ ਟੇਬਲ ਉਸੇ ਤਰ੍ਹਾਂ ਰੱਖਿਆ ਹੋਇਆ ਹੈ। ਕੰਮ ਕੋਈ ਹੋਵੇ ਜਾਂ ਨਾ ਪਰ ਇਸ ਨਾਲ਼ ਸੋਚ ਸਥਾਈ ਰਹਿੰਦੀ ਹੈ।

ਕੀ ਤੁਸੀਂ ਜਮਾਂਦਰੂ ਕਹਾਣੀਕਾਰ ਦੇ ਸੰਕਲਪ ਨਾਲ਼ ਸਹਿਮਤ ਹੋਇਹ ਮੰਨਿਆ ਜਾਂਦਾ ਹੈ ਕਿ ਇਹ ਇੱਕ ਕਲਾ ਹੁੰਦੀ ਹੈ ਜੋ ਕੁਦਰਤ ਦੀ ਦੇਣ ਹੈ।

: ਇਹ ਕਲਾ ਜ਼ਰੂਰ ਹੈ। ਹਰ ਕਲਾਕਾਰ ਵਿੱਚ ਕੋਈ ਨਾ ਕੋਈ ਬੀਜ ਜ਼ਰੂਰ ਮੁੱਢ ਤੋਂ ਅੰਦਰ ਪਿਆ ਹੁੰਦਾ ਹੈ। ਇਹ ਤਾਂ ਉਸਦੇ ਸ਼ੌਕ, ਉਸਦੇ ਅੰਦਰਲੀ ਅੱਗ ਹੈ, ਜੋ ਕਲਾ ਦੇ ਕਿਸੇ ਵੀ ਪੱਖ ਵੱਲ ਪ੍ਰੇਰਿਤ ਕਰਦੀ ਹੈ। ਹਰ ਇਨਸਾਨ ਅੱਗੇ ਚੱਲ ਕੇ ਆਪਣੀ ਕਲਾ ਨੂੰ ਕਿਸ ਪਾਸੇ ਵਲ ਲੈ ਕੇ ਜਾਂਦਾ ਹੈ ਉਹ ਵੀ ਉਸਦੀ ਰੁਚੀ ਤੇ ਨਿਰਭਰ ਹੈ। ਪਰ ਮੈਂ ਇਹ ਨਹੀਂ ਸੋਚਦੀ ਕਿ ਕੋਈ ਇਨਸਾਨ ਕਹਾਣੀਕਾਰ ਹੀ ਜੰਮਿਆ ਜਾਂ ਸ਼ਾਇਰ ਹੀ ਜੰਮਿਆ। ਕਲਾ ਦਾ ਬੀਜ ਜੋ ਉਸਦੇ ਅੰਦਰ ਪਿਆ ਹੈ, ਉਸਨੇ ਕੀ ਰੂਪ ਧਾਰਨ ਕੀਤਾ ਜਾਂ ਕਰਨਾ ਹੈ, ਇਹ ਤਾਂ ਸਮਾਂ ਹੀ ਨਿਸਚਤ ਕਰਦਾ ਹੈ। ਕਿਸੇ ਨੇ ਰੰਗਾਂ ਨਾਲ਼ ਕੈਨਵਸ ਸਜਾਈ ਤੇ ਕਿਸੇ ਨੇ ਕਹਾਣੀ ਗੁੰਦੀ ਜਾਂ ਕਿਸੇ ਨੇ ਸ਼ਬਦਾਂ ਨਾਲ਼ ਕਵਿਤਾ ਨੂੰ ਰੰਗਿਆ, ਕਿਸੇ ਨੇ ਸੁਰਾਂ ਨਾਲ਼ ਲੈ ਬੰਨੀ।

ਤੁਸੀਂ ਇੰਗਲੈਂਡ ਵਿੱਚ ਕਦੋਂ ਆਏਇੱਥੇ ਆ ਕੇ ਤਾਂ ਰੋਟੀ ਰੋਜ਼ੀ ਲਈ ਜੂਝਣਾ ਪਿਆ ਹੋਵੇਗਾਤੁਸੀਂ ਸਾਹਿਤਕ ਰਚਨਾਵਾਂ ਲਈ ਕਿਵੇਂ ਸਮਾਂ ਕੱਢਿਆ?

: ਮੈਂ ਇੰਗਲੈਂਡ 1962 ਵਿੱਚ ਆਈ ਸਾਂ। ਉਨ੍ਹਾਂ ਦਿਨਾਂ ਵਿੱਚ ਔਰਤਾਂ ਕੰਮ ਵੀ ਨਹੀਂ ਸਨ ਕਰਦੀਆਂ। ਇਨਸਾਨ ਦੀਆਂ ਲੋੜਾਂ ਵੀ ਅੱਜ ਵਾਂਗ ਨਹੀਂ ਸਨ। ਘਰ, ਬੱਚੇ ਤੇ ਲਿਖਣ ਕਲਾ ਵਲ ਵਕਤ ਕੱਢਣਾ ਸੌਖਾ ਸੀ। ਪਰ ਜਦੋਂ ਦੁਨੀਆਂ ਦੀ ਮੰਡੀ ਵਿੱਚ ਤਬਦੀਲੀ ਆਉਣ ਲੱਗੀ ਤਾਂ ਔਰਤਾਂ ਨੂੰ ਵੀ ਕੰਮ ਕਰਨੇ ਪਏ। ਮੈਂ ਵੀ ਦੋ-ਦੋ ਜੌਬਾਂ ਤੇ ਕੰਮ ਕੀਤਾ ਹੈ। ਬੱਚੇ ਪਾਲ਼ੇ, ਘਰ ਸਾਂਭਿਆ ਤੇ ਆਪਣੇ ਸ਼ੌਕ ਵਾਸਤੇ ਵੀ ਔਖਾ ਸੌਖਾ ਵਕਤ ਕੱਢਿਆ। ਕੈਨੇਡਾ ਆ ਕੇ ਜ਼ਿੰਦਗੀ ਬੜੀ ਤੇਜ਼ ਰਫ਼ਤਾਰ ਵਿੱਚ ਭੱਜਦੀ ਪ੍ਰਤੀਤ ਹੋਈ। ਦੋ-ਦੋ ਘੰਟੇ ਬੱਸਾਂ-ਗੱਡੀਆਂ ਦੇ ਸਫ਼ਰ ਕਰਨ ਉਪਰੰਤ ਕੰਮ ਦੇ ਅੱਠ-ਦਸ ਘੰਟੇ ਵੀ ਲਾਏ। ਇਸ ਸਭ ਦੇ ਬਾਵਜ਼ੂਦ ਵੀ ਸਾਹਿਤ ਨਾਲ਼ੋਂ ਨਾਤਾ ਨਹੀਂ ਤੋੜਿਆ। ਮੁਸ਼ਕਿਲ ਸੀ ਪਰ ਨਾਮੁਮਕਿਨ ਨਹੀਂ।

ਆਪਣੇ ਪਰਿਵਾਰ ਬਾਰੇ ਕੁੱਝ ਦੱਸੋਐਨੇ ਸਮੇਂ ਤੋਂ ਬਾਹਰ ਰਹਿ ਕੇ ਬੱਚੇ ਪੱਛਮੀ ਰੰਗ ਵਿੱਚ ਰੰਗੇ ਗਏ ਕਿ ਕੋਈ ਧਾਰੀ ਪੰਜਾਬੀ ਰੰਗ ਦੀ ਵੀ ਹੈ(ਭਾਵ) ਪੰਜਾਬੀ ਬੋਲਦੇ, ਪੜ੍ਹਦੇ, ਸਮਝਦੇ ਹਨ?

: ਪਰਿਵਾਰ ਵਿੱਚ ਅਸੀਂ ਮੀਆਂ ਬੀਵੀ ਹਾਂ ਤੇ ਸਾਡੇ ਤਿੰਨ ਬੇਟੇ ਹਨ। ਤਿੰਨੋ ਹੀ ਪਰੋਫੈਸ਼ਨਲ ਹਨ। ਵੱਡਾ ਬੇਟਾ ਮੈਨੇਜਿੰਗ ਡਾਇਰੈਕਟਰ ਹੈ। ਗਭਲਾ ਡਾਕਟਰ ਹੈ। ਤੇ ਛੋਟਾ ਆਈ.ਟੀ. ਮੈਨੇਜਰ ਹੈ। ਵੱਡੇ ਦੋਨੋਂ ਵਿਆਹੇ ਹੋਏ ਹਨ। ਦੋ-ਦੋ ਬੱਚਿਆਂ ਦੇ ਬਾਪ ਹਨ। ਛੋਟਾ ਹਾਲੀਂ ਨਹੀਂ ਵਿਆਹਿਆ। ਰਹੀ ਗੱਲ ਬੱਚਿਆਂ ਦੇ ਪੱਛਮੀ ਰੰਗ ਵਿੱਚ ਰੰਗੇ ਜਾਣ ਦੀ। ਬੱਚਿਆਂ ਦੇ ਜਨਮ ਇੰਗਲੈਂਡ ਦੇ ਹਨ। ਪੂਰੀ ਜ਼ਿੰਦਗੀ ਉਨ੍ਹਾਂ ਨੇ ਪੱਛਮ ਵਿੱਚ ਬਿਤਾਈ ਹੈ। ਪੱਛਮ ਦਾ ਅਸਰ ਹੋਣਾ ਸੁਭਾਵਕ ਹੈ ਤੇ ਜ਼ਰੂਰੀ ਵੀ। ਪਰ ਦੂਜੇ ਬੰਨੇ ਜਿੰਨਾ ਕੁ ਕੋਈ ਦੂਜੀ ਸੱਭਿਅਤਾ ਵਿੱਚ ਪਲਕੇ ਆਪਣੀ ਸੱਭਿਅਤਾ ਨਾਲ਼ ਜੁੜਿਆ ਰਹਿ ਸਕਦਾ ਹੈ, ਉੰਨੇ ਕੁ ਉਹ ਵੀ ਜੁੜੇ ਹੋਏ ਹਨ। ਪੰਜਾਬੀ ਬੋਲ ਲੈਂਦੇ ਹਨ, ਸਮਝ ਲੈਂਦੇ ਹਨ। ਭਾਵੇਂ ਟੋਨ ਕੋਈ ਵੀ ਹੋਵੇ। ਇਕ ਵੇਲਾ ਸੀ ਜਦੋਂ ਪੜ੍ਹ ਵੀ ਲੈਂਦੇ ਸਨ ਜਦੋਂ ਮੈਂ ਖੁਦ ਇੰਗਲੈਂਡ ਪੰਜਾਬੀ ਸਕੂਲ ਵਿੱਚ ਪੜ੍ਹਾਉਂਦੀ ਸਾਂ। ਉਸ ਤੋਂ ਬਾਅਦ ਆਪਣੇ ਕੰਮਾਂ ਕਾਰਾਂ ਵਿੱਚ ਮਗਨ ਹੋ ਕੇ ਲੋੜੀਂਦੀ ਪੰਜਾਬੀ ਬੋਲੀ ਜ਼ਰੂਰ ਜਾਣਦੇ ਹਨ। ਰਹੀ ਗੱਲ ਆਪਣੇ ਕਲਚਰ ਨੂੰ ਛੱਡਣ ਦੀ, ਦਿੱਖ ਭਾਵੇਂ ਸਾਡੀ ਕੋਈ ਵੀ ਹੋ ਗਈ ਹੋਵੇ। ਸਮੇਂ ਨੇ ਦੁਨੀਆਂ ਵਿੱਚ ਤਬਦੀਲੀ ਲੈ ਆਂਦੀ ਹੈ। ਪਰ ਬੱਚਿਆਂ ਦੇ ਅੰਦਰ ਉਹੀ ਹਨ ਸਿੱਧੇ-ਸਾਦੇ ਪੰਜਾਬੀ। ਉਹ ਚਾਹੁਣ ਵੀ ਤਾਂ ਨਹੀਂ ਬਦਲ ਸਕਦੇ। ਇਸ ਨਾਲ਼ ਮੈਨੂੰ ਸੰਤੁਸ਼ਟੀ ਹੈ ਕਿ ਸੰਸਕਾਰ ਕਿੱਧਰੇ ਨਾ ਕਿੱਧਰੇ ਅੰਦਰ ਬੀਜੇ ਗਏ ਹਨ। ਇਸ ਗੱਲ ਦੀ ਖੁਸ਼ੀ ਵੀ ਹੈ ਕਿ ਤਿੰਨਾਂ ਹੀ ਬੱਚਿਆਂ ਨੇ ਦੋਹਾਂ ਸਭਿਤਾਵਾਂ ਦੇ ਚੰਗੇ ਪੱਖ ਸਾਂਭ ਲਏ ਹਨ ਤੇ ਮਾੜਿਆਂ ਨੂੰ ਤਿਲਾਂਜਲੀ ਦੇ ਦਿੱਤੀ ਹੋਈ ਹੈ।

ਇੱਥੇ ਇੱਕ ਸਵਾਲ ਬਾਕੀ ਸਵਾਲਾਂ ਤੋਂ ਪਹਿਲਾਂ ਇਹ ਹੈ ਕਿ ਸਾਹਿਤਕ ਰਚਨਾਵਾਂ ਲਈ ਸ੍ਰ. ਲਾਲ ਸਿੰਘ ਸੰਘੇੜਾ ਜੀ ਵੱਲੋਂ ਅਤੇ ਬਾਕੀ ਪਰਿਵਾਰ ਵੱਲੋਂ ਕਿੰਨਾ ਕੁ ਸਹਿਯੋਗ ਮਿਲਿਆ?

: ਸੰਘੇੜਾ ਜੀ ਵੱਲੋਂ ਮੈਨੂੰ ਮੁੱਢ ਤੋਂ ਲੈ ਕੇ ਹੁਣ ਤਕ ਪੂਰਨ ਸਹਿਯੋਗ ਮਿਲਿਆ ਹੈ। ਸਮਾਂ, ਟਰੈਵਲ, ਗੱਲ ਕੀ ਉਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਬੱਚਿਆਂ ਨੇ ਮੇਰੇ ਸ਼ੌਕ ਦੀ ਕਦਰ ਕੀਤੀ ਹੈ ਤੇ ਹਮੇਸ਼ਾ ਹੱਲਾਸ਼ੇਰੀ ਦਿੱਤੀ ਹੈ। ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਤਾਂ ਸ਼ਾਇਦ ਸੰਭਵ ਹੀ ਨਹੀਂ ਸੀ ਕਿ ਮੈਂ ਆਪਣੀ ਕਿਰਤ ਵਲ ਧਿਆਨ ਦੇ ਸਕਦੀ।

ਤੁਸੀਂ ਨਿੱਕੀ ਕਹਾਣੀ ਦੇ ਨਾਲ਼-ਨਾਲ਼ ਦੋ ਨਾਵਲ ਵੀ ਲਿਖੇ ਹਨ। ਕੀ ਤੁਸੀਂ ਸਮਝਦੇ ਹੋ ਕਿ ਜਦੋਂ ਤੁਹਾਨੂੰ ਬਹੁਪਰਤੀ ਕਹਾਣੀ ਸੁੱਝਦੀ ਹੈ ਤਾਂ ਉਹ ਗੱਲ ਨਿੱਕੀ ਕਹਾਣੀ ਵਿੱਚ ਕਹਿਣੀ ਔਖੀ ਹੈ ਤਾਂ ਉਸਨੂੰ ਨਾਵਲ ਦਾ ਰੂਪ ਦਿੱਤਾ ਜਾਂ ਫੇਰ ਉਹ ਵਿਸ਼ੇ ਹੀ ਨਾਵਲਾਂ ਵਾਲੇ ਸੀ, ਇਸ ਕਰਕੇ ਨਾਵਲ ਲਿਖੇ ਸਨ?

: ਸਤਨਾਮ ਜੀ, ਜਦੋਂ ਮੈਂ 1979-80 ਵਿੱਚ ਨਾਵਲ ਲਿਖੇ ਸੀ, ਉਸ ਵੇਲੇ ਮੈਨੂੰ ਨਾਵਲ ਪੜ੍ਹਨ ਦਾ ਸ਼ੌਕ ਸੀ। ਪਰ ਨਾਵਲੀ ਵਿਧਾ ਬਾਰੇ ਗਿਆਨ ਬਹੁਤਾ ਨਹੀਂ ਸੀ। ਬਸ ਲਿਖਣ ਬੈਠੀ ਤੇ ਲਿਖ ਦਿੱਤੇ। ਕੁੱਝ ਕਹਿਣ ਨੂੰ ਮਨ ਕੀਤਾ ਤੇ ਆਖ ਦਿੱਤਾ। ਇਹ ਮੇਰੀ ਚੰਗੀ ਕਿਸਮਤ ਹੈ ਕਿ ਉਹ ਪਾਠਕਾਂ ਨੂੰ ਪਸੰਦ ਆਏ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਵਿੱਚ ਕੁੱਝ ਗੱਲ ਹੈ। ਕਹਾਣੀ ਨੂੰ ਪਕੜ ਵਿੱਚ ਨਾ ਆਉਂਦਿਆਂ ਸੋਚ ਕੇ ਨਹੀਂ ਸਨ ਲਿਖੇ। ਉਹ ਤਾਂ ਲਿਖੇ ਹੀ ਨਾਵਲ ਸਨ। ਵਿਸ਼ੇ ਅਤੇ ਵਿਧਾ ਦੀ ਗੰਭੀਰਤਾ ਬਾਰੇ ਗਿਆਨ ਬਾਅਦ ਵਿੱਚ ਹੋਇਆ। ਮੇਰੇ ਦੋਨੋਂ ਨਾਵਲ ਪਹਿਲੇ ਉਪਰਾਲੇ ਸਨ। ਪਰ ਕਹਾਣੀ ਨੂੰ ਮੈਂ ਸੁਚੇਤ ਤੌਰ ਤੇ ਸਮਝਣ ਦਾ ਯਤਨ ਕੀਤਾ ਤੇ ਸ਼ਾਇਦ ਇਹੋ ਵਿਧਾ ਮੇਰੀ ਕਲਾ ਨੂੰ, ਮੇਰੀ ਸੋਚ ਦੇ ਮੇਚ ਆਈ। ਇਸਦਾ ਭਾਵ ਇਹ ਬਿਲਕੁਲ ਨਹੀਂ ਸਮਝ ਲੈਣਾ ਚਾਹੀਦਾ ਕਿ ਮੈਂ ਹੋਰ ਕਿਸੇ ਵਿਧਾ ਤੇ ਕੰਮ ਨਹੀਂ ਕੀਤਾ। ਮੈਂ ਵਾਰਤਿਕ ਵੀ ਲਿਖੀ ਹੈ। ਮੈਂ ਕਵਿਤਾ ਵੀ ਲਿਖੀ ਹੈ। ਭਾਵੇਂ ਉਸਨੂੰ ਅੱਗੇ ਨਹੀਂ ਲਿਆਂਦਾ। ਇਕ ਹੋਰ ਨਾਵਲ ਵੀ ਲਿਖਿਆ ਹੈ ਜੋ ਛਪਣ ਲਈ ਤਿਆਰ ਹੈ। ਕਈ ਵਰ੍ਹਿਆਂ ਤੋਂ ਇਸਨੂੰ ਉਲੀਕ ਰਹੀ ਸਾਂ।

ਦਲੀਪ ਕੌਰ ਟਿਵਾਣਾ ਦਾ ਕਥਨ ਹੈ ਕਿ ਸਾਰੀਆਂ ਕਦਰਾਂ ਕੀਮਤਾਂ ਦੀ ਪਕੜ ਢਿੱਲੀ ਪੈ ਜਾਣ ਕਰਕੇ, ਅੱਜ ਸਵੈ ਅਤੇ ਸਮਾਜ ਵਿਚਾਲੇ ਵਿਰੋਧ ਘਟ ਜਾਣ ਕਰਕੇ, ਮਨੁੱਖ ਦੀ ਸਮਾਜ ਦੀ ਥਾਂ ਸਵੈ ਨਾਲ਼ ਸਿੱਧੀ ਟੱਕਰ ਹੋ ਗਈ ਹੈ। ਇਸੇ ਲਈ ਅੱਜ ਦੇ ਬਹੁਤ ਸਾਰੇ ਕਹਾਣੀਕਾਰ ਮਨੁੱਖ ਦੇ ਸਵੈ ਤੇ ਸਮਾਜ ਦੇ ਵਿੱਚਲੇ ਵਿਰੋਧ ਨੂੰ ਨਹੀਂ ਸਗੋਂ ਸਵੈ ਦੇ ਸਵੈ ਨਾਲ਼ ਫ਼ਰੇਬ ਨੂੰ ਪਹਿਚਾਣਦੇ ਹਨ। ਉਹਨਾਂ ਨੂੰ ਪਤਾ ਹੈ ਕਿ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਉਹ ਆਪ ਹੈ। ਅਸਤਿੱਤਵਵਾਦੀਆਂ (ਹੋਂਦਵਾਦੀਆਂ) ਨੇ ਵੀ ਦੱਸਿਆ ਹੈ ਕਿ ਮਨੁੱਖ ਆਪਣੇ ਨਾਲ਼ ਸਮਝੌਤਾ ਕੀਤੇ ਬਿਨਾਂ ਸੰਸਾਰ ਨਾਲ਼ ਸਮਝੌਤਾ ਨਹੀਂ ਕਰ ਸਕਦਾ। ਤੁਸੀਂ ਕਿੱਥੇ ਕੁ ਤਕ ਇਸ ਕਥਨ ਨਾਲ਼ ਸਹਿਮਤ ਹੋ?

: ਸੋਚਣ ਦੀ ਗੱਲ ਤਾਂ ਇਹ ਹੈ ਕਿ ਹੋਂਦਵਾਦ ਹੈ ਕੀਇਹ ਵਿੱਚਾਰਾਂ ਦਾ ਆਪਾ ਵਿਰੋਧ ਹੀ ਤਾਂ ਹੈ ਜੋ ਕੁਦਰਤ, ਇਨਸਾਨ, ਸਮਾਜ ਅਤੇ ਰਿਸ਼ਤਿਆਂ ਦੇ ਵਿੱਚਾਲੇ ਟਕਰਾਅ ਹੈ। ਹੋਂਦਵਾਦ ਕਹਿੰਦਾ ਹੈ ਕਿ ਤੁਸੀਂ ਇਕੱਲੇ ਯੂਨਿਟ ਵਿੱਚ ਆਪਣੀ ਕਦਰ, ਕੀਮਤ ਨੂੰ ਪਛਾਣੋ, ਆਪਣੀ ਹੋਂਦ ਨੂੰ ਜਾਣੋ ਉਸਦਾ ਅਹਿਸਾਸ ਮਾਣੋ। ਪਰ ਇਹ, ਇਹ ਨਹੀਂ ਕਹਿੰਦਾ ਕਿ ਸਮਾਜ ਵਿੱਚ ਰਹਿ ਕੇ ਤੁਹਾਡੀ ਕੀਮਤ ਘਟਦੀ ਹੈ ਜਾਂ ਵਧਦੀ ਹੈ। ਇਸਦੇ ਨਾਲ਼ ਇਹ, ਇਹ ਵੀ ਨਹੀਂ ਕਹਿੰਦਾ ਕਿ ਤੁਹਾਨੂੰ ਕੋਈ ਇਸਦਾ ਲਾਭ ਜਾਂ ਨੁਕਸਾਨ ਹੈ। ਪਰ ਇਹ ਜ਼ਰੂਰ ਦੇਖਦਾ ਹੈ ਕਿ ਸਮਾਜ ਵਿੱਚ ਰਹਿ ਕੇ ਬੰਦੇ ਦੀ ਹੋਂਦ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ਜਾਂ ਕਾਇਮ ਰਹਿ ਸਕਦੀ ਹੈ। ਇਹ ਇਕ ਸਮਾਜ ਵੀ ਹੋ ਸਕਦੈ, ਇਕ ਰੇਸ ਵੀ ਹੋ ਸਕਦੀ ਐ , ਇਕ ਨੇਸ਼ਨ ਜਾਂ ਮਲਟੀ ਨੇਸ਼ਨਜ਼ ਵੀ ਹੋ ਸਕਦੀਆਂ। ਪਰ ਰਿਐਲਿਟੀ ਦੇ ਅਰਥ ਇਹੋ ਹੋਣੇ ਚਾਹੀਦੇ ਹਨ ਕਿ ਮਨੁੱਖ ਦੀ ਕੀਮਤ ਬਰਕਰਾਰ ਰਹੇ। ਉਸ ਦੀਆਂ ਭਾਵਨਾਵਾਂ ਕਾਇਮ ਰਹਿਣ, ਉਨ੍ਹਾਂ ਨੂੰ ਠੇਸ ਨਾ ਪਹੁੰਚੇ। ਸਮੁੱਚੇ ਸਮਾਜ ਵਿੱਚ ਵਿਚਰਦਿਆਂ ਤਾਂ ਪੈਰ-ਪੈਰ ਤੇ ਠੇਸ ਪਹੁੰਚਣੀ ਲਾਜ਼ਮੀ ਹੈ। ਸਮਾਜ ਨੂੰ ਮਨੁੱਖ ਬਾਰੇ ਸਮਝਣ ਦੀ ਲੋੜ ਹੈ। ਤਾਂ ਹੀ ਮਨੁੱਖ ਆਪੇ ਨਾਲ਼ ਜੁੜੇਗਾ, ਸਮਾਜ ਨਾਲ਼ ਜੁੜੇਗਾ। ਦਲੀਪ ਕੌਰ ਜੀ ਠੀਕ ਕਹਿੰਦੇ ਹਨ ਪਰ ਗਲੋਬਲਾਈਜ਼ੇਸ਼ਨ ਨੇ ਮਨੁੱਖ ਨੂੰ ਉਲਝਾ ਕੇ ਰੱਖ ਦਿੱਤਾ ਹੈ। ਉਸਦਾ ਸਵੈ ਨਾਲ਼ੋਂ ਨਾਤਾ ਟੁੱਟ ਗਿਆ ਹੈ। ਆਪਣੇ ਅਸਤਤਿਵ ਨੂੰ ਭਾਲਦਾ ਮਨੁੱਖ ਆਪ ਗੁਆਚ ਗਿਆ ਹੈ। ਗੱਲ ਕੀ ਮਨੁੱਖ ਇਕ ਗੁੰਝਲਦਾਰ ਚੀਜ਼ ਬਣ ਕੇ ਰਹਿ ਗਿਆ ਹੈ। ਜਿੰਨਾ ਚਿਰ ਮਨੁੱਖ ਆਪਣੇ ਆਪੇ ਨੂੰ ਭਾਲ ਕੇ ਸ਼ਾਂਤ ਨਹੀਂ ਹੁੰਦਾ, ਗਲੋਬਲ ਮੰਡੀ ਦੇ ਚੱਕਰ ਤੋਂ ਮੁਕਤ ਹੋਣਾ ਨਹੀਂ ਸਿੱਖਦਾ ਸ਼ਾਇਦ ਉੰਨਾ ਚਿਰ ਉਹ ਆਪਣੇ ਆਪ ਨਾਲ਼ ਸਮਝੌਤਾ ਕਰਨਾ ਵੀ ਨਹੀਂ ਸਿੱਖ ਸਕਦਾ। ਕੋਈ ਸਮਾਂ ਆਵੇਗਾ ਜਦੋਂ ਮਨੁੱਖ ਸਿਰਫ਼ ਲੋੜ ਦੀ ਗੱਲ ਕਰੇਗਾ ਨਾ ਕਿ ਪਦਾਰਥਵਾਦ ਵਿੱਚ ਉਲਝਕੇ ਰਹਿ ਜਾਵੇਗਾ।

ਆਓ ਪੰਜਾਬ ਦੇ ਕਾਲੇ ਦੌਰ ਦੀ ਗੱਲ ਕਰੀਏ। 1984 ਵਿੱਚ ਪੰਜਾਬ ਵਿੱਚ ਨਫ਼ਰਤ ਦੀ ਹਨੇਰੀ ਆਈ। ਜਿਸ ਨੇ ਪੰਜਾਬ ਨਾਲ਼ ਜਾਂ ਪੰਜਾਬੀਅਤ ਨਾਲ਼ ਕਿਸੇ ਵੀ ਤਰ੍ਹਾਂ ਦਾ ਨਾਤਾ ਰੱਖਣ ਵਾਲੇ ਹਰ ਇਨਸਾਨ ਨੂੰ ਪ੍ਰਭਾਵਿਤ ਕੀਤਾ। ਤੁਸੀਂ ਕੀ ਸਮਝਦੇ ਹੋ ਕਿ ਸਾਹਿਤਕ ਸੰਸਾਰ ਵਿੱਚ ਵੀ ਕੋਈ ਹਲਚਲ ਹੋਈਬਾਹਰ ਬੈਠੇ ਸਾਹਿਤਕਾਰਾਂ ਨੇ ਪੰਜਾਬ ਦੀ ਇਸ ਹਾਲਤ ਦਾ ਰੁਦਨ ਰੋਇਆ ਜਾਂ ਫੇਰ ਚੁੱਪ-ਚਾਪ ਇਸ ਨੂੰ ਰੱਬੀ ਭਾਣਾ ਮੰਨ ਕੇ ਸਹਿਣ ਦੀ ਕੋਸ਼ਿਸ਼ ਕੀਤੀ?

: ਉਹ ਇਕ ਅਜਿਹੀ ਹਨ੍ਹੇਰੀ ਸੀ ਜਿਸ ਵਿੱਚ ਹਰ ਕੋਈ ਪੈਰੋਂ ਉੱਖੜ ਗਿਆ ਸੀ। ਭਾਵੇਂ ਉਹ ਪੰਜਾਬ ਵਿੱਚ ਬੈਠਾ ਸੀ ਭਾਵੇਂ ਬਾਹਰ ਕਿਸੇ ਹੋਰ ਦੇਸ ਵਿੱਚ। ਬਾਹਰ ਬੈਠਿਆਂ ਵਾਸਤੇ ਪਿਛਲੇ ਪਰਿਵਾਰਾਂ ਦੀ ਚਿੰਤਾ, ਉਸ ਦੌਰ ਦੇ ਕਾਲੇ ਦਿਨਾਂ ਦੀ ਚਿੰਤਾ ਹਰ ਇਕ ਦੇ ਮਨ ਨੂੰ ਵਲੇਟੀ ਰੱਖਦੀ ਸੀ। ਜਿੱਥੇ ਕਿਤੇ ਵੀ ਕੋਈ ਮਿਲਦਾ ਤਾਂ ਸਰਾਪੇ ਮਨ ਨਾਲ਼ ਗੱਲ ਕਰਦਾ। ਰਹੀ ਗੱਲ ਸਾਹਿਤਕ ਸੰਸਾਰ ਦੀ, ਬਾਹਰ ਬੈਠੇ ਸਾਹਿਕਾਰਾਂ ਨੇ ਵੀ ਹਾਅ ਦਾ ਨਾਅਰਾ ਮਾਰਿਆ ਪਰ ਧੀਮੀ ਸੁਰ ਵਿੱਚ। ਜਿਨ੍ਹਾਂ ਨੇ (ਪੱਤਰਕਾਰੀ) ਉੱਚੀ ਸੁਰ ਅਪਣਾਈ ਵੀ ਉਹ ਵੀ ਇਕ ਪਾਸੜ ਗੱਲ ਚਲਦੀ ਸੀ ਜਾਂ ਉਸਦਾ ਕੋਈ ਹੋਰ ਮੰਤਵ ਹੋਵੇਗਾ। ਸੱਚ ਭਾਵੇਂ ਮਨਾਂ ਅੰਦਰ ਸਭ ਨੂੰ ਪਤਾ ਸੀ ਪਰ ਹਰ ਇਕ ਨੂੰ ਇਹ ਵੀ ਚਿੰਤਾ ਸੀ ਕਿ ਕਲ ਨੂੰ ਵਾਪਸ ਪਰਤਾਂਗੇ ਤਾਂ ਕੀ ਹੋਊਸਰਕਾਰ ਵੀਜ਼ਾ ਦੇਊ ਜਾਂ ਨਾਪਿੱਛੇ ਗਏ ਤਾਂ ਚੁੱਕੇ ਜਾਵਾਂਗੇ ਜਾਂ ਸਹੀ ਸਲਾਮਤ ਵਾਪਿਸ ਪਰਤ ਆਵਾਂਗੇਇਸ ਲਈ ਸਭ ਨੇ ਜੋ ਵੀ ਲਿਖਿਆ, ਧੀਮੀ ਸੁਰ ਵਿੱਚ ਲਿਖਿਆ। ਰੱਬੀ ਭਾਣਾ ਵੀ ਨਹੀਂ ਮੰਨਿਆ। ਜੇ ਕਰ ਸਹੀ ਤੌਰ ਤੇ ਦੇਖੀਏ ਤਾਂ ਹਾਲੀਂ ਬਾਹਰ ਬੈਠਿਆਂ ਵਿੱਚੋਂ ਕਿਸੇ ਨੇ ਵੀ ਰਿਸਰਚ ਕਰਕੇ ਉਨ੍ਹਾਂ ਦਿਨਾਂ ਦੀ ਦਾਸਤਾਂ ਨਹੀਂ ਲਿਖੀ। ਲਿਖ ਸਕਣਗੇ ਵੀ ਨਹੀਂ। ਉਹ ਦੌਰ ਹੀ ਅਜੇਹਾ ਸੀ। ਹੋ ਸਕਦੈ ਅਗਲੀ ਪੀੜ੍ਹੀ ਨਿਰੀਖਣ-ਪਰਖਣ ਕਰਕੇ ਕੁੱਝ ਇਸਦੇ ਤੱਤ ਕੱਢੇ।

ਤੁਸੀਂ ਪਿਛਲੇ 47 ਸਾਲਾਂ ਤੋਂ ਪਹਿਲਾਂ ਇੰਗਲੈਂਡ ਫੇਰ ਕੈਨੇਡਾ ਰਹਿੰਦਿਆਂ ਪੰਜਾਬੀ ਸਾਹਿਤਕ ਜਗਤ ਵਿੱਚ ਸਰਗਰਮ ਰਹੇ ਹੋ। ਇੱਧਰ ਰਚੇ ਜਾ ਰਹੇ ਸਾਹਿਤ ਦੀ ਨਬਜ਼ ਤੋਂ ਵਾਕਿਫ਼ ਵੀ ਹੋ। ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਇੱਥੇ ਰਚੇ ਜਾ ਰਹੇ ਸਾਹਿਤ ਵਿੱਚ ਪਰਦੇਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਆਪਣੀ ਪਕੜ ਵਿੱਚ ਲਿਆ ਹੈ?

: ਕੋਈ ਵੇਲਾ ਸੀ ਜਦੋਂ ਭੂੰ- ਹੇਰਵੇ ਦੀ ਗੱਲ ਹੁੰਦੀ ਸੀ। ਆਪਣੇ ਘਰ-ਘਾਟ ਨਾਲੋਂ ਟੁੱਟਣ ਦਾ ਰੁਦਨ ਸੀ। ਉਹ ਬਹੁਤ ਪੁਰਾਣੀ ਗੱਲ ਹੋ ਗਈ ਹੈ। ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਨੇ ਬੜੇ ਲੰਬੇ ਅਰਸੇ ਤੋਂ ਬਾਹਰ ਦੀਆਂ ਸਮੱਸਿਆਵਾਂ ਨੂੰ ਹੀ ਆਪਣਾ ਵਿਸ਼ਾ ਬਣਾਇਆ ਹੈ। ਤੁਸੀਂ ਇੰਗਲੈਂਡ ਲੈ ਲਵੋ, ਕਿਹੜਾ ਐਸਾ ਵਿਸ਼ਾ ਹੈ ਜਿਹੜਾ ਉੱਥੋਂ ਦੀਆਂ ਕਲਮਾਂ ਨੇ ਨਹੀਂ ਨਿਭਾਇਆ। ਭਾਵੇਂ ਉਹ ਵਿਤਕਰੇ ਦਾ ਹੈ, ਉੱਥੇ ਆ ਕੇ ਵਸਣ ਅਤੇ ਮੁਸ਼ਕਲਾਂ ਦੇ ਦਰਪੇਸ਼ ਆਉਣ ਦਾ ਹੈ। ਪੀੜ੍ਹੀ ਪਾੜਾ ਹੈ ਜਾਂ ਨਵੀਆਂ ਚੁਣੌਤੀਆਂ ਜਿਹੜੀਆਂ ਸਾਡੇ ਬੱਚਿਆਂ ਨੂੰ ਪੇਸ਼ ਆ ਰਹੀਆਂ ਹਨ। ਗੱਲ ਕੀ ਹਰ ਸਮੱਸਿਆ ਨੂੰ ਸਾਹਿਤਕਾਰਾਂ ਨੇ ਹੱਥ ਪਾਇਆ ਹੈ। ਰੰਗ-ਨਸਲ, ਭਿੰਨ-ਭੇਦ ਸਭ ਕਲਮ ਦੀ ਨੋਕ ਅੱਗੇ ਆਏ ਹਨ। ਇੱਥੋਂ ਤਕ ਕਿ ਅੱਜ ਮਨੁੱਖ ਦੇ ਅੰਦਰਲੇ ਮਨ ਦੀਆਂ ਚੁਣੌਤੀਆਂ ਨੂੰ ਵੀ ਸਮਝਿਆ ਹੈ। ਇਸੇ ਤਰ੍ਹਾਂ ਕੈਨੇਡਾ ਜਾਂ ਹੋਰ ਦੇਸ਼ਾਂ ਵਿੱਚ ਬੈਠੇ ਸਾਹਿਤਕਾਰਾਂ ਨੇ ਸਿਰਫ਼ ਆਪਣੇ ਵਿਸ਼ੇ ਜਾਂ ਆਪਣੀਆਂ ਸਮੱਸਿਆਵਾਂ ਨੂੰ ਨਹੀਂ ਲਿਆ ਸਗੋਂ ਦੁਨੀਆਂ ਦੀ ਪੱਧਰ ਤੇ ਕੀ ਹੋ ਰਿਹਾ ਹੈ, ਉਨ੍ਹਾਂ ਨੂੰ ਵੀ ਨਿਭਾਇਆ ਹੈ। ਅੱਜ ਦਾ ਸਾਹਿਤਕਾਰ ਸੀਮਤ ਘੇਰੇ ਵਿੱਚ ਨਹੀਂ ਰਹਿੰਦਾ। ਸਾਡੀਆਂ ਅੱਜ ਦੀਆਂ ਸਮੱਸਿਆਵਾਂ, ਸਾਡਾ ਇੱਥੇ ਦਾ ਰਹਿਣ-ਸਹਿਣ, ਸਾਡਾ ਭਵਿੱਖ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਦਿੱਕਤਾਂ ਸਭ ਕਲਮਾਂ ਦੀ ਨੋਕ ਹੇਠਾਂ ਆਈਆਂ ਹਨ ਅਤੇ ਆ ਰਹੀਆਂ ਹਨ।

ਇਸ ਲੰਬੇ ਸਮੇਂ ਦੌਰਾਨ ਕਦੇ ਕਿੱਧਰੇ ਨਸਲਵਾਦ ਦਾ ਵੀ ਕੋਈ ਤਜਰਬਾ ਹੋਇਆ ਆਮ ਕਿਹਾ ਜਾਂਦਾ ਹੈ ਕਿ ਸਤੱਰਵਿਆਂ ਵਿੱਚ ਬਹੁਤ ਜ਼ੋਰਾਂ ਤੇ ਸੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ?

: ਸਤਨਾਮ ਜੀ, ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਮੈਂ ਉਨ੍ਹਾਂ ਦਿਨਾਂ ਵਿੱਚ ਇੰਗਲੈਂਡ ਦੀ ਵਾਸੀ ਸਾਂ। ਇੰਗਲੈਂਡ ਐਸਾ ਦੇਸ਼ ਹੈ ਜਾਂ ਸੀ ਵੀ ਜਿੱਥੇ ਨਸਲਵਾਦ ਜੋਰਾਂ-ਸ਼ੋਰਾਂ ਤੇ ਸੀ। ਮੈਂ ਉਹ ਦਿਨ ਵੀ ਦੇਖੇ ਹਨ ਜਦੋਂ ਕਿਸੇ ਪਾਰਟੀ ਜਾਂ ਵਿਆਹ ਲਈ ਤੁਹਾਨੂੰ ਹਾਲ ਕਿਰਾਏ ਤੇ ਨਹੀਂ ਸੀ ਮਿਲਦਾ। ਮੇਰਾ ਆਪਣਾ ਵਿਆਹ ਘਰ ਦੇ ਲਿਵਿੰਗ ਰੂਮ ਵਿੱਚ ਕੀਤਾ ਗਿਆ ਸੀ ਅਤੇ ਸਟੈਫੋਰਡ, ਵੁਲਵਰਹੈਂਪਟਨ ਅਤੇ ਬਰਮਿੰਘਮ ਦੇ ਅਖ਼ਬਾਰਾਂ ਨੇ ਕਵਰ ਕੀਤਾ ਸੀ। ਕੋਈ ਹਾਲ ਕਿਰਾਏ ਤੇ ਨਹੀਂ ਸੀ ਮਿਲ ਸਕਦਾ। ਆਮ ਗੋਰੇ ਉੱਪਰੋਂ ਪਲਾਸਟਿਕ ਦੀ ਮੁਸਕਾਨ ਨਾਲ਼ ਹੱਸਦੇ ਸਨ ਤੇ ਵਿੱਚੋਂ ਨੱਕ ਬੁਲ੍ਹ ਕੱਢਦੇ ਸਨ। ਜਦੋਂ ਮੈਂ 1965 ਵਿੱਚ ਕਿਸੇ ਇਲਾਕੇ ਵਿੱਚ ਮੂਵ ਹੋ ਕੇ ਗਈ ਤਾਂ ਆਂਢ-ਗੁਆਂਢ ਦੇ ਗੋਰਿਆਂ ਨੇ ਬੁਲਾਇਆ ਨਹੀਂ ਸੀ। ਜਦੋਂ ਦੇਖਦੇ ਸਨ ਤਾਂ ਅੰਦਰ ਵੜ ਜਾਂਦੇ ਸਨ। ਗਲੀ-ਬਜ਼ਾਰ ਤੁਰਿਆਂ ਜਾਂਦਿਆਂ ‘ਬਲੱਡੀ ਪਾਕੀ’ ਜਾਂ ‘ਗੋ ਬੈਕ ਹੋਮ’ ਵਰਗੇ ਸ਼ਬਦ ਜ਼ਿੰਦਗੀ ਦਾ ਹਿੱਸਾ ਬਣ ਗਏ ਸਨ। ਤਜ਼ਰਬੇ ਕਈ ਹੋਏ ਪਰ ਇਕ ਦਾ ਜ਼ਿਕਰ ਕਰਾਂਗੀ, ਇਕ ਵੇਰਾਂ ਕਿਸੇ ਕੰਪਨੀ ਨੇ ਮੈਨੂੰ ਇੰਟਰਵਿਊ ਲਈ ਸੱਦਿਆ ਸੀ। ਘੰਟਾ ਭਰ ਮੈਂ ਬੈਠੀ ਆਪਣੀ ਵਾਰੀ ਉਡੀਕਦੀ ਰਹੀ। ਘੰਟੇ ਕੁ ਬਾਅਦ ਅੰਦਰੋਂ ਇਕ ਗੋਰਾ ਬੰਦਾ ਆਇਆ ਤਾਂ ਰਿਸਪੈਸ਼ਨਿਸਟ ਨੂੰ ਆਖਣ ਲੱਗਾ, ਇਹ ਇੱਥੇ ਕੀ ਕਰਦੀ ਹੈਉਸਨੇ ਦੱਸਿਆ ਕਿ ਇਸਦੀ ਇੰਟਰਵਿਊ ਹੈ। ਉਸਦਾ ਗਰਜ ਕੇ ਆਖਣਾ ਅੱਜ ਵੀ ਮੈਨੂੰ ਸੁਣਾਈ ਦਿੰਦਾ ਹੈ, “ਗੈੱਟ ਰਿੱਡ ਔਫ ਹਰ” ਭਾਵ ਇਸ ਤੋਂ ਪਿੱਛਾ ਛੁਡਾ ਜਾਂ ਇਸਨੂੰ ਬਾਹਰ ਕੱਢ। ਇਹ 1967-68 ਦੀ ਗੱਲ ਹੈ। ਮੈਂ ਆਪਣਾ ਆਪ ਮਿੱਟੀ ਵਿੱਚ ਧਸਦਾ ਮਹਿਸੂਸ ਕਰ ਰਹੀ ਸਾਂ। ਬਾਹਰ ਆ ਕੇ ਮਹਿਸੂਸ ਹੋ ਰਿਹਾ ਸੀ ਜਿਵੇਂ ਸਾਰੀ ਦੁਨੀਆਂ ਨੇ ਮੇਰੀ ਬੇਇੱਜ਼ਤੀ ਹੁੰਦੀ ਸੁਣ ਲਈ ਹੋਵੇ। ਪਰ ਜਿਨ੍ਹਾਂ ਲੋਕਾਂ ਨਾਲ਼ ਸਹੀ ਮਾਅਨਿਆਂ ਵਿੱਚ ਨਸਲਵਾਦ ਦਾ ਸਾਮ੍ਹਣਾ ਹੋਇਆ ਹੋਊ, ਉਨ੍ਹਾਂ ਦਾ ਕੀ ਹਾਲ ਹੋਊਨੈਸ਼ਨਲ ਫਰੰਟ ਵਰਗੇ ਲੋਕਾਂ ਨੇ ਕਿਵੇਂ ਸਾਡੀਆਂ ਰੂਹਾਂ ਨੂੰ ਛਲਣੀ ਕੀਤਾ। ਈਨਕ ਪਾਵਲ ਵਰਗੇ ਸਿਆਸਤਦਾਨਾਂ ਨੇ ਕੋਈ ਕਸਰ ਨਹੀਂ ਛੱਡੀ ਜਿਹੜਾ ਕਹਿੰਦਾ ਸੀ ਕਿ ਇਨ੍ਹਾਂ ਨੂੰ ਪੈਸੇ ਦਿਓ ਤੇ ਇਸ ਦੇਸ਼ ਵਿੱਚੋਂ ਬਾਹਰ ਕੱਢੋ। ਉਸ ਵੇਲੇ ਦੇ ਲੋਕਾਂ ਨੇ ਆਪਣੀ ਹਿੰਮਤ ਨਾਲ਼ ਆਪਣੇ ਹੱਕ ਲਏ। ਅੱਜ ਦੇ ਆਉਣ ਵਾਲਿਆਂ ਨੂੰ ਤਾਂ ਸਭ ਕੁੱਝ ਥਾਲੀ ਵਿੱਚ ਪਰੋਸ ਕੇ ਮਿਲ ਗਿਆ ਹੈ ਸ਼ਾਇਦ ਏਸੇ ਲਈ ਉਨ੍ਹਾਂ ਨੂੰ ਇਸ ਦੀ ਕਦਰ ਵੀ ਨਹੀਂ ਹੈ।

ਡਾ: ਗੁਰਬਚਨ ਦਾ ਕਹਿਣਾ ਹੈ ਕਿ ਪਾਠਕ ਬੜਾ ਬੇਲਿਹਾਜ ਹੁੰਦਾ ਹੈ। ਖਾਸ ਕਰਕੇ ਭਵਿੱਖ ਦਾ ਪਾਠਕ, ਜੋ ਅੱਜ ਚੰਗਾ ਲਗਦਾ ਹੈ, ਸਮੇਂ ਦੀ ਤੇਜ਼ੀ ਨਾਲ਼ ਕੱਲ੍ਹ ਨੂੰ ਰੱਦ ਹੋਣ ਯੋਗ ਹੁੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਲੇਖਕ ਨੂੰ ਰੱਦ ਹੋ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਕੀ ਤੁਸੀਂ ਇਸ ਗੱਲ ਨਾਲ਼ ਸਹਿਮਤ ਹੋ?

: ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਜੋ ਪਾਠਕ ਨੂੰ ਅੱਜ ਪਸੰਦ ਹੈ ਕੱਲ੍ਹ ਨੂੰ ਵੀ ਉਸੇ ਨੂੰ ਜੱਫ਼ਾ ਪਾਈ ਬੈਠਾ ਰਹੇ। ਤਬਦੀਲੀ ਹਰ ਸਮੇਂ ਆਉਂਦੀ ਹੈ। ਮਨੁੱਖ ਵਿਗਿਆਨਕ ਯੁੱਗ ਵਿੱਚੀਂ ਵਿੱਚਰ ਰਿਹਾ ਹੈ। ਜਿਸ ਨਾਲ਼ ਉਸਦੀ ਸੋਚ ਤੇ ਬਹੁਤ ਕੁੱਝ ਭਾਰੂ ਹੋ ਰਿਹਾ ਹੈ। ਨਵੀਆਂ ਸੋਚਾਂ, ਨਵੇਂ ਖਿਆਲ, ਵਾਤਾਵਰਣ ਦਾ ਨਿੱਤ ਪ੍ਰਤੀ ਬਦਲਨਾ। ਇਸ ਨਾਲ਼ ਮਨੁੱਖ ਦੀ ਸੋਚ ਵੀ ਬਦਲਦੀ ਰਹਿੰਦੀ ਹੈ। ਅੱਜ ਦਾ ਪਾਠਕ ਸਿਆਣਾ ਹੋ ਗਿਆ ਹੈ। ਉਸਨੂੰ ਵੀ ਖਿੱਚ ਹੈ ਕਿ ਉਸਦੇ ਦਿਮਾਗ ਨੂੰ, ਉਸਦੀ ਸੋਚ ਨੂੰ ਕੁੱਝ ਨਵਾਂ-ਨਵੇਕਲਾ ਜਾਂ ਉਸਦੇ ਮਨ ਨੂੰ ਸਟਿਮੂਲੇਟ (ਉਕਸਾਉਣ ਵਾਲਾ) ਕਰਨ ਵਾਲਾ ਮਿਲੇ। ਲੇਖਕ ਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਹ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਮੈਨੂੰ ਪਾਠਕ ਰੱਦ ਕਰ ਦੇਵੇਗਾ। ਇਹ ਜ਼ਰੂਰੀ ਨਹੀਂ ਕਿ ਹਰ ਪਾਠਕ ਨੂੰ ਹਰ ਲੇਖਕ ਦੀ ਰਚਨਾ ਪਸੰਦ ਆਵੇ। ਕਈ ਐਸੇ ਹੋਣਗੇ ਜਿਸਨੂੰ ਉਹ ਰਚਨਾ ਬਹੁਤ ਪਸੰਦ ਹੋਵੇਗੀ ਤੇ ਕੋਈ ਐਸੇ ਹੋਣਗੇ ਜਿਨ੍ਹਾਂ ਦੇ ਪਿੜ੍ਹ ਪੱਲੇ ਕੁੱਝ ਵੀ ਨਹੀਂ ਪਿਆ ਹੁੰਦਾ। ਰੱਦ ਹੋਣ ਦੀ ਚਿੰਤਾ ਕਰਨ ਵਾਲੇ, ਖੜੋਤ ਵਿੱਚ ਆ ਜਾਂਦੇ ਹਨ। ਲੇਖਕ ਆਪਣਾ ਕੰਮ ਇਮਾਨਦਾਰੀ ਨਾਲ਼ ਕਰਦਾ ਰਹੇ।

ਤੁਸੀਂ ਪੰਜਾਬੀ ਕਹਾਣੀ ਨੂੰ ਭਾਰਤੀ ਅਤੇ ਅੰਤਰਰਾਸ਼ਟਰੀ ਕਹਾਣੀ ਦੇ ਪ੍ਰਸੰਗ ਵਿੱਚ ਕਿੱਥੇ ਕੁ ਸਮਝਦੇ ਹੋ?

: ਪੰਜਾਬੀ ਕਹਾਣੀ ਦਾ ਇਤਿਹਾਸ ਭਾਵੇਂ ਐਨਾ ਲੰਬਾ ਨਹੀਂ ਪਰ ਪੰਜਾਬੀ ਕਹਾਣੀ ਨੇ ਬਹੁਤ ਵਿਕਾਸ ਕੀਤਾ ਹੈ। ਪੰਜਾਬੀ ਕਹਾਣੀ ਨੇ ਹਰ ਨਾਜ਼ੁਕ ਵਿਸ਼ੇ ਵਲ ਵੀ ਕਦਮ ਵਧਾਇਆ ਹੈ। ਹੁਣ ਬਾਹਰ ਬੈਠੇ ਸਾਹਿਤਕਾਰਾਂ ਵਲ ਹੀ ਦੇਖ ਲਵੋ। ਉਨ੍ਹਾਂ ਨੇ ਅੰਤਰਰਾਸ਼ਟਰੀ ਵਿਸ਼ੇ ਨਿਭਾਏ ਹਨ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਨੇ ਉਹ ਕੁੱਝ ਦੇਖਿਆ, ਸਮਝਿਆ ਹੈ ਜਿਹੜਾ ਪੰਜਾਬ ਬੈਠਾ ਇਨਸਾਨ ਨਹੀਂ ਸੀ ਸਮਝ ਸਕਦਾ। ਏਸੇ ਤਰ੍ਹਾਂ ਕੋਈ ਹੋਰ ਭਾਸ਼ਾ ਦਾ ਲੇਖਕ ਆਪਣੇ ਦੇਸ਼ ਵਿੱਚ ਬੈਠ ਕੇ ਉੱਥੇ ਦੀ ਸਮੱਸਿਆ ਨੂੰ ਹੀ ਹੱਥ ਪਾ ਸਕਦਾ ਹੈ। ਅੰਗਰੇਜ਼ੀ ਦੀਆਂ ਨਵੀਂਆਂ ਕਹਾਣੀਆਂ ਪੜ੍ਹਨ ਉਪਰੰਤ ਇਹ ਵਿੱਚਾਰ ਮਨ ਵਿੱਚ ਉਠਦਾ ਹੈ ਕਿ ਪੰਜਾਬੀ ਲੇਖਕਾਂ ਨੇ ਤਾਂ ਇਸਤੋਂ ਵੀ ਵੱਧ ਮਿਹਨਤ ਕੀਤੀ ਹੈ। ਬਹੁਤ ਸੂਖ਼ਮ ਵਿਸ਼ੇ ਨਿਭਾਏ ਹਨ। ਭਾਵੇਂ ਉਹ ਦੇਸ਼ ਵਿੱਚ ਰਹਿ ਰਿਹਾ ਹੋਵੇ ਜਾਂ ਵਿਦੇਸ਼ ਵਿੱਚ ਰਹਿ ਰਿਹਾ ਹੋਵੇ। ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੇ ਸਾਹਿਤ ਨੂੰ ਉਹ ਪਰਮੋਸ਼ਨ ਨਹੀਂ ਮਿਲੀ ਜਿਹੜੀ ਹੋਰ ਭਾਸ਼ਾਵਾਂ ਦੇ ਸਾਹਿਤ ਨੂੰ ਮਿਲਦੀ ਹੈ। ਅਸੀਂ ਤਾਂ ਆਪ ਕਿਤਾਬਾਂ ਛਪਵਾਉਂਦੇ ਤੇ ਆਪ ਹੀ ਵੰਡ ਦਿੰਦੇ ਹਾਂ। ਸਾਹਿਤ ਦੀ ਕਦਰ ਹੈ ਹੀ ਨਹੀਂ। ਮੁਫ਼ਤ ਦੀ ਚੀਜ਼ ਹੋਵੇ ਤਾਂ ਕੌਣ ਕਦਰ ਕਰੇਗਾ। ਇਸ ਲਈ ਸਾਡੀ ਕਹਾਣੀ ਅੰਤਰਰਾਸ਼ਟਰੀ ਪੱਧਰ ਤੇ ਜੇ ਕਰ ਕਦੀ ਅਨੈਲਿਸਜ਼ ਹੋਣ ਤਾਂ ਅੱਗੇ ਹੋਵੇਗੀ। ਇਹ ਮੇਰਾ ਵਿੱਚਾਰ ਹੈ।

ਕਈ ਵਾਰੀ ਸੁਣਨ ਵਿੱਚ ਆਇਆ ਹੈ ਕਿ ਪੰਜਾਬ ਵਿੱਚ ਬੈਠੇ ਸਾਹਿਤਕਾਰਾਂ ਜਾਂ ਅਲੋਚਕਾਂ ਨੇ ਵਿਦੇਸ਼ਾਂ ਵਿੱਚ ਰਚੇ ਪੰਜਾਬੀ ਸਾਹਿਤ ਨੂੰ ਕਦੇ ਗੰਭੀਰਤਾ ਨਾਲ਼ ਨਹੀਂ ਦੇਖਿਆ। ਸਗੋਂ ਇਹ ਕਹਿ ਕੇ ਨਿਕਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਤਾਂ ਪੌਂਡਾਂ ਅਤੇ ਡਾਲਰਾਂ ਦੀ ਛਾਂ ਹੇਠਾਂ ਛਪੀਆਂ ਹੋਈਆਂ ਰਚਨਾਵਾਂ ਹਨ। ਤੁਸੀਂ ਇਸ ਕਥਨ ਨਾਲ਼ ਸਹਿਮਤ ਹੋ?

: ਇਹ ਤੁਸੀਂ ਬਿਲਕੁਲ ਠੀਕ ਕਿਹਾ ਹੈ। ਅੱਜ ਤਕ ਤਾਂ ਇਹੀ ਲੇਬਲ ਲਗਦਾ ਰਿਹਾ ਹੈ। ਪਰ ਹੁਣ ਬਾਹਰ ਬੈਠੇ ਸਾਹਿਤਕਾਰਾਂ ਨੇ ਵੀ ਆਪਣੀ ਮਿਹਨਤ ਨਾਲ਼ ਲੋਹਾ ਮੰਨਵਾਇਆ ਹੈ। ਸ਼ਾਇਦ ਏਸੇ ਲਈ ਹੁਣ ਬਾਹਰਲੇ ਸਾਹਿਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹਰ ਯੂਨੀਵਰਸਿਟੀ ਵਿੱਚ ਬਾਹਰਲੇ ਸਾਹਿਤ ਦੇ ਖੋਜ ਕਾਰਜ ਹੋ ਰਹੇ ਹਨ। ਬਾਹਰਲੇ ਰਚੇ ਸਾਹਿਤ ਤੇ ਐਮ. ਫ਼ਿਲ ਅਤੇ ਪੀ.ਐਚ.ਡੀ. ਦੇ ਥੀਸਿਜ਼ ਲਿਖੇ ਜਾ ਰਹੇ ਹਨ। ਹੋ ਸਕਦੈ ਹੁਣ ਆਲੋਚਕ ਵੀ ਭਿੰਨ-ਭੇਦ ਤੋਂ ਬਿਨਾਂ ਮੁਲਾਂਕਣ ਕਰਨ ਲਗ ਪੈਣ। ਵਰਨਾ ਹੁਣ ਤਕ ਤਾਂ ਦੋਸਤੀਆਂ ਹੀ ਪਲ਼ਦੀਆਂ ਰਹੀਆਂ ਹਨ।

ਤੁਸੀਂ ਅੱਜ ਤਕ ਕਿਹੜੀਆਂ ਕਿਹੜੀਆਂ ਸੰਸਥਾਵਾਂ ਨਾਲ਼ ਜੁੜੇ ਹੋਏ ਹੋ?

: ਮੈਂ ਬੇਸੀਕਲੀ ਨਿਉਟਰਲ ਇਨਸਾਨ ਹਾਂ। ਪਰ ਜੇ ਕਰ ਮੈਂਬਰ ਹੋਣ ਦੀ ਗੱਲ ਹੈ ਤਾਂ ਮੈਂ ਟੋਰਾਂਟੋ ਦੀ ਹੀ ਸਾਹਿਤਕ ਸੰਸਥਾ ਕਲਮਾਂ ਦਾ ਕਾਫ਼ਲਾ ਨਾਲ਼ ਮੁੱਢ ਤੋਂ ਜੁੜੀ ਹੋਈ ਹਾਂ। ਇਸ ਦੀਆਂ ਤਿੰਨ ਟਰਮਾਂ ਭਾਵ ਤਿੰਨ ਵਰ੍ਹੇ ਲਈ ਕੋ-ਆਰਡੀਨੇਟਰ ਰਹਿ ਚੁੱਕੀ ਹਾਂ। ਇਸ ਤੋਂ ਉਪਰੰਤ ਕਲਾ ਕੇਂਦਰ ਦਾ ਮੁੱਢ ਬੰਨਣ ਵਾਲਿਆਂ ਵਿੱਚੋਂ ਹੋਣ ਦਾ ਵੀ ਮਾਣ ਹਾਸਲ ਹੈ। ਤ੍ਰੈਮਾਸਿਕ ਕਹਾਣੀ ਵਿੱਚਾਰ ਮੰਚ ਜੋ ਸਿਰਫ਼ ਕਹਾਣੀ ਨੂੰ ਸਮਰਪਤ ਹੈ, ਉਨ੍ਹਾਂ ਨਾਲ਼ ਵੀ ਮੈਂ ਪਹਿਲੇ ਦਿਨ ਤੋਂ ਜੁੜੀ ਹੋਈ ਹਾਂ। ਬਾਕੀ ਮੈਂ ਕਨੇਡਾ ਦੀ ਸਥਾਈ ਰਾਈਟਰਜ਼ ਯੂਨੀਅਨ ਔਫ ਕੈਨੇਡਾ ਦੀ ਮੈਂਬਰ ਹਾਂ। ਇਕ ਦੋ ਹੋਰ ਵੀ ਕਨੇਡੀਅਨ ਸੰਸਥਾਵਾਂ ਹਨ ਜਿਵੇਂ ਰਾਈਟਰਜ਼ ਐਂਡ ਐਡੀਟਰਜ਼ ਆਦਿ ਨਾਲ਼ ਵੀ ਸੰਬੰਧਤ ਹਾਂ।

ਤੁਹਾਡੇ ਤੋਂ ਬਿਨਾਂ ਸਾਡੇ ਪੰਜਾਬੀ ਲੇਖਕਾਂ ਵਿੱਚੋਂ ਹੋਰ ਵੀ ਕੋਈ ਲੇਖਕ, ਕੈਨੇਡਾ ਦੀ ਕੇਂਦਰੀ ਲਿਖਾਰੀ ਸਭਾ (ਭਾਵ )ਲੇਖਕਾਂ ਦੀ ਯੂਨੀਅਨ ਨਾਲ਼, ਜਿਸ ਵਿੱਚ ਬਹੁਗਿਣਤੀ ਅੰਗਰੇਜ਼ੀ ਲੇਖਕਾਂ ਦੀ ਹੈ, ਉਸ ਦੇ ਵੀ ਮੈਂਬਰ ਹਨਮੈਨੂੰ ਨਹੀਂ ਲਗਦਾ ਕਿ ਕਦੇ ਉਸ ਸਭਾ ਨੇ ਸਾਡੇ ਪੰਜਾਬੀ ਲੇਖਕਾਂ ਦਾ ਕੋਈ ਨੋਟਿਸ ਲਿਆ ਹੋਵੇ। ਇਹਦੇ ਬਾਰੇ ਕੁੱਝ ਚਾਨਣਾ ਪਾਉਂਗੇ?

: ਸਾਡੇ ਕਈ ਜਾਣੇ ਪਛਾਣੇ ਸਾਹਿਤਕਾਰ ਇਸ ਸੰਸਥਾ ਨਾਲ਼ ਬਹੁਤ ਸਾਲਾਂ ਤੋਂ ਜੁੜੇ ਹੋਏ ਹਨ। ਭਾਵੇਂ ਸਾਡੇ ਲੇਖਕਾਂ ਦੀ ਗਿਣਤੀ ਅੱਠਾਂ-ਦਸਾਂ ਤੋਂ ਨਹੀਂ ਵਧਦੀ। ਫੇਰ ਵੀ ਉਹ ਇਸ ਸੰਸਥਾ ਦੇ ਮੈਂਬਰ ਹਨ। ਮੈਂਬਰ ਵਧਦੇ ਘਟਦੇ ਰਹਿੰਦੇ ਹਨ। ਸਾਡੇ ਕੋਲ ‘ਰੇਸ’ ਦੀ ਚੇਅਰ ਵੀ ਹੈ। ਕਦੀ ਉਹ ਸਾਧੂ ਬਿਨਿੰਗ ਕੋਲ ਸੀ ਤੇ ਫੇਰ ਨਦੀਮ ਪਰਮਾਰ ਕੋਲ। ਅੱਜ ਕੱਲ੍ਹ ਉਹ ਮਿੰਨੀ ਗਰੇਵਾਲ ਕੋਲ ਹੈ। ਹਾਲੇ ਤਕ ਇਸ ਸੀਟ ਦਾ ਕਿਸੇ ਨੂੰ ਫ਼ਾਇਦਾ ਨਹੀਂ ਹੋਇਆ ਜਾਪਦਾ। ਇਸ ਵਰ੍ਹੇ 2007 ਨੂੰ ਵੈਨਕੂਵਰ ਵਿਖੇ ਜਦੋਂ ਕਾਨਫਰੰਸ ਹੋਈ ਤਾਂ ਅਸੀਂ ਸਭ ਨੇ ਰਲ ਕੇ ਵਿਚਾਰ ਕੀਤੀ ਸੀ ਕਿ ਆਪਣੇ ਇਸ਼ੂ ਯੁਨੀਅਨ ਕੋਲ ਰੱਖੀਏ ਕਿ ਸਾਡੀਆਂ ਲਿਖਤਾਂ ਵੀ ਟਰਾਂਸਲੇਸ਼ਨ ਹੋ ਕੇ ਮੇਨ ਸਟਰੀਮ ਦੇ ਪਾਠਕਾਂ ਕੋਲ ਪਹੁੰਚਣੀਆਂ ਚਾਹੀਦੀਆਂ ਹਨ। ਇਹ ਮੁੱਦਾ ਉਠਾਇਆ ਵੀ ਗਿਆ। ਬਿਨਿੰਗ ਹੋਰੀਂ ਵੀ ਇਸ ਮੁੱਦੇ ਨੂੰ ਕਈ ਵਰ੍ਹਿਆਂ ਤੋਂ ਉਠਾਉਂਦੇ ਆਏ ਹਨ। ਪਰ ਹਾਲੀਂ ਤਾਂ ਇਹ ਲਗਦਾ ਹੈ ਕਿ ਅਸੀਂ ਆਟੇ ਵਿੱਚ ਲੂਣ ਬਰਾਬਰ ਹਾਂ। ਫੇਰ ਵੀ ਜੇ ਕਰ ਮੈਂਬਰ ਬਣਾਂਗੇ, ਕਾਨਫਰੰਸ ਵਿੱਚ ਸ਼ਿਰਕਤ ਕਰਾਂਗੇ ਤਾਂ ਉਨ੍ਹਾਂ ਲੋਕਾਂ ਨੂੰ ਸਾਡੀ ਹੋਂਦ ਬਾਰੇ ਜਾਣਕਾਰੀ ਮਿਲੇਗੀ। ਕੁੱਝ ਨਵੇਂ ਲੇਖਕ ਹਨ ਜਿਹੜੇ ਅੰਗਰੇਜ਼ੀ ਵਿੱਚ ਲਿਖਦੇ ਹਨ, ਉਨ੍ਹਾਂ ਨੂੰ ਮਾਨਤਾ ਮਿਲ ਵੀ ਰਹੀ ਹੈ। ਹੋਰ ਨਹੀਂ ਤਾਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਕਿ ਇੱਧਰਲੇ ਲੇਖਕ ਕੀ ਕਰ ਰਹੇ ਹਨ ਅਤੇ ਇਨ੍ਹਾਂ ਦੀਆਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ।

ਪਰਦੇਸੀ ਲੇਖਕਾਂ ਦੀ ਪਬਲਿਸ਼ਰਾਂ ਹੱਥੋਂ ਹੋ ਰਹੀ ਲੁੱਟ ਕਸੁਟ ਦਾ ਮਾਮਲਾ ਵੀ ਤੁਹਾਡੇ ਧਿਆਨ ਵਿੱਚ ਕਦੇ ਆਇਆਇਹਦੇ ਬਾਰੇ ਕੀ ਕਹਿਣਾ ਚਾਹੋਗੇ?

: ਇਸ ਦੇ ਬਾਰੇ ਮੈਂ ਆਪਣੇ ਵਿੱਚਾਰ ਖੁਲ੍ਹ ਕੇ ਦਿੰਦੀ ਰਹੀ ਹਾਂ। ਕੈਲਗਰੀ ਤੋਂ ਚਲਦੇ ਰੇਡੀਓ ਸੁਰ ਸੰਗਮ ਦੀ ਇੰਟਰਵਿਊ ਵਿੱਚ ਵੀ ਮੈਂ ਇਹੀ ਕਿਹਾ ਸੀ ਕਿ ਸਾਡੇ ਪਬਲਿਸ਼ਰਜ਼ ਅਕਸਰ ਪਬਲਿਸ਼ਰਜ਼ ਨਹੀਂ ਹਨ। ਉਹ ਪਰਿੰਟਰ ਹਨ। ਜਿਹੜੇ ਪੈਸਾ ਲੈਂਦੇ ਹਨ ਅਤੇ ਕਿਤਾਬ ਛਾਪ ਕੇ ਤੁਹਾਡੇ ਹੱਥ ਫੜਾਉਂਦੇ ਹਨ। ਉਨ੍ਹਾਂ ਦਾ ਨਫ਼ਾ ਨੁਕਸਾਨ ਤਾਂ ਉਨ੍ਹਾਂ ਨੇ ਪਹਿਲਾਂ ਲੇਖਕ ਦੇ ਸਿਰੋਂ ਪੂਰਾ ਕਰ ਲਿਆ ਹੁੰਦਾ ਹੈ। ਜੋ ਬਾਕੀ ਕਮਾਉਣਾ ਹੈ, ਉਹ ਵਾਧੂ ਫ਼ਾਇਦਾ ਹੈ। ਬਾਕੀ ਕਿਤਾਬ ਕਿਸੇ ਕੋਲ ਪਹੁੰਚੇ ਜਾਂ ਨਾ ਪਹੁੰਚੇ, ਕਿਤਾਬ ਵਿੱਚ ਕੀ ਕੁੱਝ ਹੈ, ਪਰੂਫ਼ ਪੜ੍ਹੇ ਗਏ ਜਾਂ ਨਹੀਂ ਇਹ ਉਨ੍ਹਾਂ ਦੀ ਸਿਰ ਦਰਦੀ ਨਹੀਂ ਹੈ। ਉਹ ਕੱਚੀ-ਪਿੱਲੀ ਕਿਤਾਬ ਛਾਪਦੇ ਹਨ ਤੇ ਲੇਖਕ ਦੇ ਹੱਥ ਫੜਾ ਦਿੰਦੇ ਹਨ। ਲੇਖਕ ਪੈਸਾ ਦੇ ਕੇ ਖੁਸ਼ ਹੋ ਜਾਂਦਾ ਹੈ ਕਿ ਉਸਦੀ ਕਿਤਾਬ ਛਪ ਗਈ ਹੈ। ਲੁੱਟ-ਕਸੁੱਟ ਤਾਂ ਹੋ ਰਹੀ ਹੈ। ਹੋਣਾ ਤਾਂ ਅਸਲ ਵਿੱਚ ਇਹ ਚਾਹੀਦਾ ਹੈ ਕਿ ਪਬਲਿਸ਼ਰ ਆਪ ਕਿਤਾਬ ਦਾ ਨਿਰੀਖਣ ਪਰਖਣ ਕਰਕੇ ਕਿਤਾਬ ਛਾਪੇ। ਮਾਰਕੀਟ ਕਰੇ। ਲੇਖਕ ਨੂੰ ਪਰਮੋਟ ਕਰੇ। ਜਿੰਨਾ ਪਰਮੋਟ ਕਰੇਗਾ, ਉਨੀਂ ਕਿਤਾਬ ਵੱਧ ਵਿਕੇਗੀ। ਪਬਲਿਸ਼ਰ ਨੂੰ ਫਾਇਦਾ ਵੀ ਹੋਵੇਗਾ। ਉਸਨੂੰ ਫਾਇਦਾ ਹੋਵੇਗਾ ਤਾਂ ਉਹ ਲੇਖਕ ਨੂੰ ਰਾਇਲਟੀ ਵੀ ਦੇ ਸਕੇਗਾ।
ਸਾਡੇ ਪਬਲਿਸ਼ਰਜ਼ ਆਪਣੇ ਬਿਜ਼ਨੈੱਸ ਦੇ ਲਿਹਾਜ਼ ਨਾਲ਼ ਹੀ ਸੋਚਦੇ ਹਨ। ਲੇਖਕ ਦੇ ਭਲੇ ਦੀ ਗੱਲ ਹੈ ਹੀ ਨਹੀਂ। ਲੇਖਕ ਕਰੇ ਵੀ ਤਾਂ ਕੀ ਕਰੇਕਨੇਡੀਅਨ ਰਾਈਟਰਜ਼ ਯੂਨੀਅਨ ਵਿੱਚ ਸ਼ਿਰਕਤ ਕਰਕੇ ਇਕ ਗੱਲ ਸਾਮ੍ਹਣੇ ਆਉਂਦੀ ਹੈ ਕਿ ਸਾਡੀਆਂ ਸਭਾਵਾਂ ਸਿਰਫ਼ ਹੋਂਦ ਦੀਆਂ ਹੀ ਹਨ। ਲੇਖਕ ਵਾਸਤੇ ਇਹ ਕੁੱਝ ਵੀ ਨਹੀਂ ਕਰ ਰਹੀਆਂ। ਉਸਦੇ ਹੱਕਾਂ ਵਾਸਤੇ ਕੁੱਝ ਨਹੀਂ ਹੋ ਰਿਹਾ। ਏਸੇ ਲਈ ਸਾਡਾ ਲੇਖਕ ਇਸ ਕਿੱਤੇ ਦੇ ਸਿਰੋਂ ਰੋਟੀ ਨਹੀਂ ਖਾ ਸਕਦਾ। ਜਦੋਂ ਕਿ ਹੋਰ ਕੌਮਾਂ ਦੇ ਲੇਖਕ ਇਸ ਕਿੱਤੇ ਦੇ ਸਿਰ ਤੇ ਆਪਣਾ ਵਧੀਆ ਜੀਵਨ ਗੁਜ਼ਾਰਦੇ ਹਨ। ਇਹ ਨਹੀਂ ਕਿ ਉਹ ਲਿਖਦੇ ਵਧੀਆ ਹਨ। ਅਸੀਂ ਕਿਹੜੀ ਘੱਟ ਮਿਹਨਤ ਕਰਦੇ ਹਾਂ। ਪਰ ਸਾਨੂੰ ਕੋਈ ਰਿਪਰਜੈਂਟ ਕਰਨ ਵਾਲੀ ਬੌਡੀ ਨਹੀਂ ਹੈ ਜਿਹੜੀ ਲੇਖਕਾਂ ਦੀ ਮਿਹਨਤ ਦਾ ਮੁੱਲ ਪੁਆ ਸਕੇ। ਸਾਡੇ ਕੋਈ ਐਸਾ ਕਨੂੰਨ ਨਹੀਂ ਹੈ ਜਿਹੜਾ ਪਬਲਿਸ਼ਰਜ਼ ਨੂੰ ਬੰਦਸ਼ਾਂ ਦੇ ਦਾਇਰੇ ਵਿੱਚ ਰੱਖ ਸਕੇ।

ਤੁਹਾਡੀਆਂ ਕਹਾਣੀਆਂ ਦਾ ਰੀਵਿਊ ਕਰਦਿਆਂ ਡਾ: ਰਜਨੀ ਰਾਣੀ ਲਿਖਦੇ ਹਨ ਕਿ ਬਲਬੀਰ ਕੌਰ ਸੰਘੇੜਾ ਦੀਆਂ ਕਹਾਣੀਆਂ ਤੋਂ ਪਤਾ ਲਗਦਾ ਹੈ ਕਿ ਪੰਜਾਬ ਦੇ ਅਰਧ-ਜਗੀਰੂ ਸਮਾਜ ਦਾ ਦੁਖਾਂਤ ਹੈ ਕਿ ਜਦੋਂ ਮਰਦ ਇੱਕਲੇ ਇੱਥੇ ਕੰਮ ਕਰਦੇ ਸਨ, ਪੈਸਾ ਕਮਾ ਕੇ ਪਿੱਛੇ ਭੇਜੀ ਜਾਂਦੇ ਸਨ ਤਾਂ ਠੀਕ ਸੀ। ਪਰ ਜਦੋਂ ਤੋਂ ਪਰਿਵਾਰਾਂ ਸਮੇਤ ਇੱਧਰ ਆ ਕੇ ਵਸਣ ਲੱਗੇ ਹਨ ਤਾਂ ਇੱਥੇ ਦਾ ਪੱਛਮੀ ਖੁਲ੍ਹਾਂ ਵਾਲ਼ਾ ਮਹੌਲ ਉਹਨਾਂ ਨੂੰ ਰਾਸ ਨਹੀਂ ਆਇਆ। ਇਹਦੇ ਬਾਰੇ ਕੁੱਝ ਦੱਸਣਾ ਚਾਹੋਂਗੇ?

: ਸਤਨਾਮ ਜੀ, ਸ਼ਾਇਦ ਤੁਹਾਨੂੰ ਰਜਨੀ ਜੀ ਦਾ ਲੇਖ ਪੜ੍ਹਨ ਵਿੱਚ ਭੁਲੇਖਾ ਪਿਆ ਹੈ। ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਮੇਰੀਆਂ ਕਹਾਣੀਆਂ ਤੋਂ ਪਤਾ ਲਗਦਾ ਹੈ ਕਿ ਪੰਜਾਬ ਦੀ ਅਰਧ-ਜਗੀਰੂ ਸੋਚ ਸਮਾਜ ਦਾ ਦੁਖਾਂਤ ਹੈ। ਬਲਕਿ ਉਨ੍ਹਾਂ ਨੇ ਸਿਰਫ਼ ਜਨਰਲ ਤੌਰ ਤੇ ਪਰਵਾਸੀ ਸਾਹਿਤ ਦੀ ਗੱਲ ਕੀਤੀ ਹੈ ਕਿ “ਪੰਜਾਬੀਆਂ ਦੀ ਅਰਧ ਜਗੀਰੂ ਮਾਨਸਿਕਤਾ ਨੂੰ ਪੱਛਮ ਦਾ ਖੁੱਲ੍ਹਾ ਡੁੱਲ੍ਹਾ ਸੱਭਿਆਚਾਰ ਰਾਸ ਨਹੀਂ ਆਇਆ। ਵਿਦੇਸ਼ ਵਿੱਚ ਪਹੁੰਚੇ ਇਕੱਲੇ ਪੰਜਾਬੀ ਨੂੰ ਤਾਂ ਕੋਈ ਮੁਸ਼ਕਿਲ ਨਹੀਂ ਸੀ, ਪਰੰਤੂ ਜਦੋਂ ਉਨ੍ਹਾਂ ਨੇ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਵੀ ਵਿਦੇਸ਼ ਬੁਲਾ ਲਿਆ ਤਾਂ ਉਨ੍ਹਾਂ ਨੂੰ ਪੱਛਮੀ ਸੱਭਿਆਚਾਰ ਤੋਂ ਡਰ ਲੱਗਣ ਲੱਗਾ ਤੇ ਉਹ ਮੁੜ ਆਪਣੇ ਦੇਸ਼ ਤੇ ਸੱਭਿਆਚਾਰ ਨੂੰ ਬੇਹਤਰ ਸਮਝਣ ਲੱਗੇ। ਇਹੋ ਦੋਹਰਾ ਸੰਤਾਪ ਉਨ੍ਹਾਂ ਦੀ ਤ੍ਰਾਸਦੀ ਦਾ ਕਾਰਨ ਬਣ ਗਿਆ। ਪਰਵਾਸੀ ਮਨੁੱਖ ਪਰਾਈ ਧਰਤੀ ਤੇ ਬੈਠਾ ਆਪਣੀ ਮੂਲ ਧਰਤੀ ਦੇ ਮੋਹ ਨੂੰ ਪਾਲ਼ਦਾ ਹੈ। ਇਸੇ ਕਾਰਣ ਉਹ ਨਾ ਤਾਂ ਮੂਲ ਧਰਤੀ ਨਾਲ ਤੇ ਨਾ ਹੀ ਪਰਾਈ ਧਰਤੀ ਨਾਲ ਪੂਰਨ ਤੌਰ ਤੇ ਜੁੜਨ ਦੇ ਸਮੱਰਥ ਹੁੰਦਾ ਹੈ। ਜੀਵਨ ਦਾ ਸੱਚ ਪਰਾਈ ਧਰਤੀ ਦਾ ਅੰਗ ਬਣਨ ਵੱਲ ਪ੍ਰੇਰਿਤ ਕਰਦਾ ਹੈ, ਜਦੋਂ ਕਿ ਮਾਨਸਿਕਤਾ ਮੂਲ ਧਰਤੀ ਦੇ ਮੋਹ ਨੂੰ ਅਪਣਾਈ ਰੱਖਣ ਵੱਲ ਰੁਚਿਤ ਹੁੰਦੀ ਹੈ।”
ਮੈਨੂੰ ਆਸ ਹੈ ਕਿ ਤੁਸੀਂ ਉਨ੍ਹਾਂ ਦੇ ਇਹ ਸ਼ਬਦ ਪੜ੍ਹ ਕੇ ਕਲੀਅਰ ਹੋ ਗਏ ਹੋਵੋਂਗੇ ਕਿ ਉਨ੍ਹਾਂ ਦੇ ਇਹ ਸ਼ਬਦ ਸਮੁੱਚੇ ਪੰਜਾਬੀ ਸੱਭਿਆਚਾਰ ਬਾਰੇ ਹਨ ਨਾ ਕਿ ਮੇਰੀ ਕਹਾਣੀ ਬਾਰੇ।

ਬਾਹਰਲੇ ਦੇਸ਼ਾਂ ਵਿੱਚ ਆ ਕੇ ਜਿੱਥੇ ਲੋਕ ਆਰਥਕ ਤੌਰ ਤੇ ਮਜ਼ਬੂਤ ਹੋਏ ਹਨ, ਸੁੱਖ ਅਰਾਮ ਪ੍ਰਾਪਤ ਕੀਤੇ ਹਨ, ਉੱਥੇ ਆਪਸੀ ਰਿਸ਼ਤਿਆਂ ਦੇ ਮੋਹ ਪੱਖੋਂ ਲਗਪਗ ਦੀਵਾਲੀਏ ਹੋਈ ਜਾ ਰਹੇ ਹਨ। ਤੁਸੀਂ ਇਸਨੂੰ ਪੱਛਮੀ ਸਭਿਅਤਾ ਦਾ ਅਸਰ ਸਮਝਦੇ ਹੋ ਜਾਂ ਕੁਦਰਤੀ ਵਰਤਾਰਾ ਹੈ। ਦੂਸਰੇ ਪਾਸੇ ਸਿਆਣਿਆਂ ਦਾ ਕਥਨ ਹੈ ਕਿ ਪੈਸੇ ਨਾਲ਼ ਹੋਰ ਚੀਜ਼ਾਂ ਤਾਂ ਖਰੀਦੀਆਂ ਜਾ ਸਕਦੀਆਂ ਹਨ ਪਰ ਮਨ ਦੀ ਸ਼ਾਂਤੀ ਤੇ ਖੁਸ਼ੀ ਨਹੀਂ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਂਗੇ?

: ਇਹ ਤਾਂ ਇਕ ਪ੍ਰਕਿਰਿਆ ਹੈ, ਜੋ ਵਾਪਰਦੀ ਹੈ। ਪੱਛਮ ਦਾ ਅਸਰ ਵੀ ਹੋ ਸਕਦੈ। ਪਰ ਜਿਹੜੇ ਲੋਕ ਪਿੱਛੇ ਆਪਣੇ ਦੇਸ਼ ਵਿੱਚ ਰਹਿੰਦੇ ਹਨ ਫੇਰ ਉਨ੍ਹਾਂ ਵਿੱਚ ਐਡੀ ਵੱਡੀ ਤਬਦੀਲੀ ਕਿਉਂਹਰ ਸਮੇਂ ਦੇ ਨਾਲ਼ ਤਬਦੀਲੀ ਦਾ ਆਉਣਾ ਜ਼ਰੂਰੀ ਹੈ। ਗਲੋਬਲਾਈਜ਼ੇਸ਼ਨ ਨੇ ਮਨੁੱਖ ਤੇ ਬਹੁਤ ਕੁੱਝ ਥੋਪ ਦਿੱਤਾ ਹੈ। ਮਨੁੱਖ ਅੰਦਰ ਜਿੱਥੇ ਆਪਣਾ ਆਪ ਬਿਹਤਰ ਬਣਾਉਣ ਦੀ ਲਾਲਸਾ ਵਧੀ ਹੈ, ਉੱਥੇ ਰਿਸ਼ਤਿਆਂ ਨਾਲ਼ੋਂ ਮੋਹ ਭੰਗ ਤਾਂ ਹੋਣਾ ਹੀ ਹੋਇਆ। ਅੱਜ ਦੇ ਸਮੇਂ ਕਿਸੇ ਕੋਲ ਵਕਤ ਨਹੀਂ ਹੈ ਕਿ ਕਿਸੇ ਆਪਣੇ ਨਾਲ਼ ਬੈਠ ਕੇ ਦੁੱਖ ਸੁੱਖ ਫੋਲ ਸਕੇ। ਦੂਜਾ ਇਹ ਵੀ ਹੈ ਕਿ ਅੱਜ ਮਨੁੱਖ ਆਪਣੀ ਭਲਾਈ ਸੋਚਦਾ ਹੋਇਆ ਕਿੱਧਰੇ ਨਾ ਕਿੱਧਰੇ ਯਕੀਨ ਵੀ ਗੁਆ ਬੈਠਾ ਹੈ। ਹਰ ਕੋਈ ਆਪਣੀ ਗੱਲ ਆਪਣੇ ਮਨ ਦੀਆਂ ਕੰਧਾਂ ਵਿੱਚ ਦਬਾਈ ਬੈਠਾ ਹੈ। ਜੇ ਕਰ ਉਸਨੂੰ ਬਾਹਰ ਕੱਢੇਗਾ ਤਾਂ ਕੋਈ ਦੂਜਾ ਉਸ ਤੋਂ ਲਾਭ ਲੈ ਲਵੇਗਾ ਜਾਂ ਉਸਨੂੰ ਪਛਾੜ ਕੇ ਅੱਗੇ ਲੰਘ ਜਾਵੇਗਾ। ਇਸੇ ਲਈ ਮਨ ਦੀ ਸ਼ਾਂਤੀ ਵੀ ਨਹੀਂ ਰਹੀ। ਖੁਸ਼ੀ ਮਿਲਦੀ ਹੀ ਮਨ ਦੀ ਸ਼ਾਂਤੀ ਨਾਲ਼ ਹੈ। ਪਰ ਉਸ ਲਈ ਮਨ ਨੂੰ ਸਮਝਾਉਣਾ ਵੀ ਤਾਂ ਪਵੇਗਾ। ਪਰ ਅਜ ਦੇ ਕੰਪੀਟੀਸ਼ਨ ਵਿੱਚ ਬਹੁਤ ਮੁਸ਼ਕਲ ਜਾਪਦਾ ਹੈ।

ਦੁਨਿਆਵੀ ਰਿਸ਼ਤੇ ਆਪੋ ਆਪਣੀ ਥਾਂ ਇਨਸਾਨੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦੇ ਹਨ। ਇਨ੍ਹਾਂ ਦੁਨਿਆਵੀ ਰਿਸ਼ਤਿਆਂ ਵਿੱਚੋਂ ਸਭ ਤੋਂ ਵੱਧ ਤੁਸੀਂ ਸਮਝਦੇ ਹੋਵੋਂ ਕਿ ਕਿਹੜੇ ਰਿਸ਼ਤੇ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ?

: ਇਹ ਬਹੁਤ ਗੁੰਝਲਦਾਰ ਸਵਾਲ ਹੈ। ਕਿਉਂਕਿ ਹਰ ਰਿਸ਼ਤਾ ਆਪਣੀ ਥਾਂ ਪ੍ਰਭਾਵਿਤ ਕਰਦਾ ਹੈ ਅਤੇ ਮਹਤੱਵ ਰੱਖਦਾ ਹੈ। ਜਨਮ ਤੋਂ ਲੈ ਕੇ ਮਰਨ ਤਕ। ਮਾਂ ਦੀ ਗੋਦ ਤੋਂ ਲੈ ਕੇ ਆਪ ਦਾਦੀ ਜਾਂ ਦਾਦਾ ਬਣਨ ਤਕ। ਕਿਸੇ ਇੱਕ ਨੂੰ ਚੁਣਨਾ ਬਹੁਤ ਮੁਸ਼ਕਲ ਹੈ। ਜੇ ਮੈਂ ਆਪਣੀ ਗੱਲ ਕਰਾਂ ਤਾਂ ਬਚਪਨ ਵਿੱਚ ਮੇਰੇ ਮਾਂ-ਬਾਪ ਦੇ ਮੋਹ ਨੇ ਪ੍ਰਭਾਵਤ ਕੀਤਾ। ਆਪ ਮਾਂ ਬਣਨ ਤੇ ਉਹ ਅਹਿਸਾਸ ਵਖਰਾ ਹੰਢਾਇਆ ਹੈ। ਅੱਗੇ ਦਾਦੀ ਬਣਨ ਤੇ ਹੋਰ ਵੀ ਵੱਖਰਾ। ਪਤਨੀ ਦਾ ਵੱਖਰਾ। ਰਿਸ਼ਤਾ ਕੋਈ ਵੀ ਹੋਵੇ ਜੇ ਕਰ ਤੁਸੀਂ ਉਸਨੂੰ ਇਮਾਨਦਾਰੀ ਨਾਲ਼ ਨਿਭਾਉਂਦੇ ਹੋ ਅਤੇ ਉਸ ਰਿਸ਼ਤੇ ਦਾ ਨਿੱਘ ਮਾਣਦੇ ਹੋ ਉਹ ਸਭ ਮਹਤੱਵ ਰੱਖਦੇ ਹਨ। ਮੇਰੇ ਲਈ ਮੇਰਾ ਹਰ ਰਿਸ਼ਤਾ ਮਾਇਨੇ ਰੱਖਦਾ ਹੈ।

ਤੁਸੀਂ ਇੱਕ ਵਧੀਆ ਸਾਹਿਤਕ ਪਰਚੇ ‘ਆਰ-ਪਾਰ‘ ਦੇ ਸੰਪਾਦਕ ਵੀ ਰਹੇ ਹੋ। ਇਹ ਇੱਕ ਜੋਖ਼ਮ ਭਰਿਆ ਕੰਮ ਕਰਨ ਦਾ ਵਿੱਚਾਰ ਤੁਹਾਡੇ ਮਨ ਵਿੱਚ ਕਿਵੇਂ ਤੇ ਕਦੋਂ ਆਇਆ?

: ਇਹ ਇਕ ਬਹੁਤ ਲੰਬੀ ਕਹਾਣੀ ਹੈ। ਪਰਚਾ ਕੱਢਣ ਬਾਰੇ ਮਨ ਵਿੱਚ ਵਿੱਚਾਰ ਉੱਠਦੀ ਰਹਿੰਦੀ ਸੀ। ਪਰ ਇਹ ਨਹੀਂ ਸੀ ਪਤਾ ਲਗਦਾ ਕਿ ਕਿੱਥੋਂ ਸ਼ੁਰੂ ਕੀਤਾ ਜਾਵੇ। 1985 ਦੀ ਗੱਲ ਹੈ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਐਸ.ਐਸ. ਮੀਸ਼ਾ ਜੀ ਇੰਗਲੈਂਡ ਆਏ ਹੋਏ ਸਨ। ਮੇਰੇ ਘਰ ਇਕ ਬੈਠਕ ਹੋ ਰਹੀ ਸੀ। ਹੋਰ ਕਈ ਸਾਹਿਤਕਾਰ ਵੀ ਬੈਠੇ ਸਨ। ਉਸ ਦਿਨ ਇਸਦੀ ਰੂਪ-ਰੇਖਾ ਉਲੀਕੀ ਗਈ। ਫੈਸਲਾ ਇਹ ਹੋਇਆ ਸੀ ਕਿ ਮੀਸ਼ਾ ਜੀ ਇੰਡੀਆ ਵਿੱਚ ਇਸਦਾ ਕਾਰਜ ਸਾਂਭਣਗੇ ਤੇ ਅਸੀਂ ਕੁੱਝ ਦੋਸਤ ਇੱਧਰ ਇੰਗਲੈਂਡ ਵਿੱਚ। ਫੇਰ 1986 ਵਿੱਚ ਮੀਸ਼ਾ ਜੀ ਦੁਨਿਆਵੀ ਵਿੱਛੋੜਾ ਦੇ ਗਏ। ਗੱਲ ਠੱਪ ਹੋ ਗਈ। ਮੈਂ ਵੀ 1987 ਵਿੱਚ ਕੈਨੇਡਾ ਆ ਗਈ। ਪਰ ਕਈ ਵਰ੍ਹੇ ਮੇਰੇ ਮਨ ਵਿੱਚ ਇਹ ਵਿਚਾਰ ਸੁਲਗਦੀ ਰਹੀ। 1993 ਦੇ ਸ਼ੁਰੂ ਵਿੱਚ ਜਦੋਂ ਕਿਸੇ ਕਾਰਨ ਮੈਨੂੰ ਕੰਮ ਤੋਂ ਛੁੱਟੀ ਲੈ ਕੇ ਘਰ ਬੈਠਣਾ ਪਿਆ ਤਾਂ ਉਸ ਸਮੇਂ, ਵਕਤ ਨੂੰ ਵਰਤਣ ਲਈ ਇਸ ਤੋਂ ਚੰਗਾ ਮੌਕਾ ਨਹੀਂ ਸੀ ਮੈਨੂੰ ਮਿਲਣਾ। ਸੰਘੇੜਾ ਜੀ ਨੇ ਅਤੇ ਮੈਂ ਰਲ ਕੇ, ਨਾਲ਼ ਹੋਰ ਕਈ ਸਾਹਿਤਕਾਰਾਂ ਨਾਲ਼ ਗੱਲ ਕਰਕੇ ਇਸਦੀ ਵਿਉਂਤਬੰਦੀ ਕੀਤੀ ਤੇ ਆਰ-ਪਾਰ ਦੀ ਸ਼ੁਰੂਆਤ ਹੋਈ। ਬਾਕੀ ਇਤਿਹਾਸ ਹੈ।

ਇਹ ਇਕ ਮਿਆਰੀ ਪਰਚਾ ਸੀ। ਇਸ ਵਿੱਚ ਬਹੁਤ ਸਾਰੇ ਸਥਾਪਤ ਹੋ ਚੁੱਕੇ ਤੇ ਨਵੇਂ ਲੇਖਕਾਂ ਨੂੰ ਥਾਂ ਮਿਲਦੀ ਰਹੀ ਸੀ। ਕਈ ਸਾਲ ਲਗਾਤਾਰ ਚਲਾਉਣ ਤੋਂ ਬਾਅਦ ਬੰਦ ਕਰਨਾ ਪਿਆ। ਕੀ ਕਾਰਨ ਹਨ, ਆਰਥਕ ਸਮੱਸਿਆਜਾਂ ਪਾਠਕਾਂ, ਲੇਖਕਾਂ ਦੀ ਘਾਟ ਜਾਂ ਕੋਈ ਹੋਰ ਵਜ੍ਹਾ ਸੀਕੁੱਝ ਦੱਸੋਂਗੇ?

: ਸਤਨਾਮ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਆਰ-ਪਾਰ ਆਪਣੇ ਇਸ ਪੱਧਰ ਤੇ ਪਹੁੰਚ ਚੁੱਕਾ ਸੀ ਜਿਸ ਵਿੱਚ ਸਥਾਪਿਤ ਲੇਖਕ ਵੀ ਪਰਚੇ ਵਿੱਚ ਛਪਣਾ ਮਾਣ ਸਮਝਦੇ ਸਨ। ਨਾ ਹੀ ਪਰਚੇ ਨੂੰ ਲੇਖਕਾਂ ਦੀ ਘਾਟ ਸੀ ਤੇ ਨਾ ਹੀ ਪਾਠਕਾਂ ਦੀ। ਅਸੀਂ ਸਿਰਫ਼ ਤੇ ਸਿਰਫ਼ ਨਵੀਂਆਂ ਲਿਖਤਾਂ ਹੀ ਛਾਪਦੇ ਸਾਂ ਜੋ ਹੋਰ ਕਿੱਧਰੇ ਪਹਿਲਾਂ ਨਹੀਂ ਸਨ ਛਪੀਆਂ ਹੁੰਦੀਆਂ। ਫੇਰ ਵੀ ਸਾਡੇ ਕੋਲ ਛਪਣ ਦੀ ਵਾਰੀ ਆਉਣਾ ਕੋਈ ਸਾਲ ਡੇੜ ਸਾਲ ਲਗ ਹੀ ਜਾਂਦਾ ਸੀ। ਰਹੀ ਗੱਲ ਆਰਥਿਕ। ਆਰਥਿਕ ਤੌਰ ਤੇ ਵੀ ਪਰਚਾ ਆਪਣੇ ਬਲਬੂਤੇ ਤੇ ਹੀ ਚਲਦਾ ਰਿਹਾ। ਸਾਨੂੰ ਕੋਈ ਸਮੱਸਿਆ ਨਹੀਂ ਆਈ। ਇਸਦੇ ਪਾਠਕਾਂ ਨੇ ਬੰਦ ਹੋਣ ਦੀ ਨੌਬਤ ਤਕ ਨਹੀਂ ਸੀ ਆਉਣ ਦਿੱਤਾ। ਵਜਹ ਇਹ ਸੀ ਕਿ ਸਾਡੀ ਘਰ ਦੇ ਮੈਂਬਰਾਂ ਦੀ ਕੰਮ ਕਰਨ ਦੀ ਟੀਮ ਸੀ। ਉਨ੍ਹਾਂ ਦਿਨਾਂ ਵਿੱਚ ਟਾਈਪ ਵੀ ਆਪ ਹੀ ਕਰੀਦਾ ਸੀ। ਹੱਥ ਲਿਖਤਾਂ ਹੀ ਕੋਲ ਪਹੁੰਚਦੀਆਂ ਸਨ। ਹੁਣ ਤੇ ਸਭ ਟਾਈਪ ਕਰਕੇ ਈ-ਮੇਲ ਰਾਹੀਂ ਭੇਜਦੇ ਹਨ ਤੇ ਕੰਮ ਸੌਖਾ ਹੈ। ਮੈਂ ਸਭ ਆਪ ਟਾਈਪ ਕਰਦੀ ਸਾਂ। ਲੇਅ ਆਉਣ ਸੈੱਟ ਕਰਨਾ, ਮਾਰਕਿਟਿੰਗ ਕਰਨਾ, ਡਿਸਟਰੀਬਿਊਟ, ਪੋਸਟ ਕਰਨਾ, ਇਹ ਸੰਘੇੜਾ ਜੀ ਦੇ ਹੱਥ ਸੀ। ਉਸਦਾ ਡਿਜ਼ਾਈਨ ਆਰਟ ਵਰਕ ਸਭ ਸਾਡੇ ਛੋਟੇ ਬੇਟੇ ਦਾ ਕੰਮ ਸੀ। ਹੋਇਆ ਇਹ ਕਿ ਸੰਘੇੜਾ ਜੀ ਦਿਲ ਦੇ ਮਰੀਜ਼ ਹਨ। ਉਨ੍ਹਾਂ ਦਾ ਜਦੋਂ ਬਾਈ-ਪਾਸ ਹੋਇਆ ਤਾਂ ਉਨ੍ਹਾਂ ਨੇ ਹੱਥ ਖੜੇ ਕਰ ਦਿੱਤੇ। ਬਹੁਤ ਸਾਰੇ ਦੋਸਤ ਲੇਖਕਾਂ ਨੇ ਮਦਦ ਦੀ ਔਫ਼ਰ ਵੀ ਕੀਤੀ। ਪਰ ਜੋ ਇਨਸਾਨ ਆਪਣੇ ਆਪ ਦੇ ਸਿਰ ਤੇ ਕੰਮ ਕਰ ਸਕਦਾ ਹੈ ਉਹ ਕਿਸੇ ਹੋਰ ਤੇ ਨਿਰਭਰ ਹੋ ਕੇ ਨਹੀਂ ਕਰ ਸਕਦਾ। ਤੇ ਮੈਂ ਆਰ-ਪਾਰ ਨੂੰ ਡਲਿਊਟ ਹੁੰਦਾ ਵੀ ਨਹੀਂ ਸੀ ਦੇਖਣਾ ਚਾਹੁੰਦੀ। ਏਸ ਲਈ ਸਾਨੂੰ ਬੜੇ ਦੁਖਦੇ ਦਿਲ ਨਾਲ਼ ਆਰ-ਪਾਰ ਨੂੰ ਬੰਦ ਕਰਨ ਦਾ ਫ਼ੈਸਲਾ ਕਰਨਾ ਪਿਆ ਸੀ।

ਤੁਸੀਂ ਇਕ ਅਗਾਂਹ ਵਧੂ ਲੇਖਕ ਹੋਣ ਦੇ ਨਾਲ਼-ਨਾਲ਼ ਟੀ.ਵੀ., ਰੇਡੀਓ ਪ੍ਰੋਗਰਾਮ ਵੀ ਹੋਸਟ ਕਰਦੇ ਹੋ। ਕਈ ਪ੍ਰੋਗਰਾਮਾਂ ਵਿੱਚ ਤੇ ਅਖ਼ਬਾਰਾਂ (ਪੰਜਾਬੀ ਮੀਡੀਆ) ਵਿੱਚ ਜੋਤਸ਼ੀਆਂ ਤੇ ਬਾਬਿਆਂ ਦੀਆਂ ਮਸ਼ਹੂਰੀਆਂ ਦੇ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਜਦੋਂ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਕੋਲ ਨਹੀਂ ਹੁੰਦਾ। ਕੀ ਪੰਜਾਬੀ ਮੀਡੀਆ ਵੀ ਓਨਾ ਹੀ ਗੁਨਾਹਗਾਰ ਨਹੀਂ ਜਿੰਨੇ ਇਹ ਲੋਕਾਂ ਨੂੰ ਲੁੱਟਣ ਵਾਲੇ ਬਾਬੇ ਤੇ ਜੋਤਸ਼ੀ ਹਨਕੀ ਤੁਸੀਂ ਕਦੇ ਇਹਨਾਂ ਦੇ ਖਿਲਾਫ਼ ਕੋਈ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂ ਤੁਹਾਡੀਆਂ ਕੋਈ ਮਜ਼ਬੂਰੀਆਂ ਹਨਤੁਸੀਂ ਕੀ ਕਹਿਣਾ ਚਾਹੁੰਦੇ ਹੋ?

: ਸਤਨਾਮ ਜੀ, ਮੈਂ ਸੁਰ-ਸਾਗਰ ਰੇਡੀਓ ਤੇ ਟੀ.ਵੀ. ਨਾਲ਼ ਜੁੜੀ ਹੋਈ ਹਾਂ। ਸੁਰ-ਸਾਗਰ ਵਾਲੇ ਆਪਣੇ ਸਮੇਂ ਵਿੱਚ ਕੀ ਦਿਖਾਉਂਦੇ ਹਨ ਮੈਂ ਨਹੀਂ ਜਾਣਦੀ ਪਰ ਜਿਸ ਪ੍ਰੋਗਰਾਮ ਨਾਲ਼ ਮੈਂ ਸੰਬੰਧਤ ਹਾਂ, ਰੇਡੀਓ ਦਰਪਣ ਤੇ ਮਹਿਫ਼ਲ ਟੀ.ਵੀ. ਪ੍ਰੋਗਰਾਮ ਉਸ ਵਿੱਚ ਨਾ ਤਾਂ ਇਹ ਐਡ ਹੀ ਹੁੰਦੀ ਹੈ ਤੇ ਨਾ ਅਸੀਂ ਇਨ੍ਹਾਂ ਲੋਕਾਂ ਨੂੰ ਹਵਾ ਦਿੰਦੇ ਹਾਂ। ਰਹੀ ਗੱਲ ਇਨ੍ਹਾਂ ਦੇ ਬਾਰੇ ਅਵਾਮ ਨੂੰ ਚੇਤੰਨ ਕਰਨਾ, ਉਹ ਅਸੀਂ ਹਮੇਸ਼ਾ ਡਟ ਕੇ ਇਨ੍ਹਾਂ ਜੋਤਸ਼ੀਆਂ ਜਾਂ ਵਹਿਮ-ਭਰਮ ਫੈਲਾਉਣ ਵਾਲਿਆਂ ਦੀ ਵਿਰੋਧਤਾ ਕੀਤੀ ਹੈ। ਜਿਸ ਵੀ ਚੀਜ਼ ਨਾਲ਼ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਂ ਸਾਡੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੋਵੇ ਜਾਂ ਉਹ ਗਲ਼ਤ ਰਸਤੇ ਪੈ ਰਹੇ ਹੋਣ, ਉਸ ਬਾਰੇ ਅਸੀਂ ਹਮੇਸ਼ਾ ਆਪਣਾ ਫ਼ਰਜ਼ ਸਮਝ ਕੇ ਗੱਲ ਕੀਤੀ ਹੈ। ਮੀਡੀਏ ਨੂੰ ਆਪਣਾ ਲਾਲਚ ਛੱਡ ਕੇ ਇਮਾਨਦਾਰੀ ਨਾਲ਼ ਗੱਲ ਕਰਨੀ ਚਾਹੀਦੀ ਹੈ। ਨਹੀਂ ਤਾਂ ਉਹ ਆਪਣਾ ਰੋਲ ਸਹੀ ਤੌਰ ਤੇ ਨਹੀਂ ਨਿਭਾ ਰਹੇ ਹੁੰਦੇ। ਚੰਦ ਪੈਸਿਆਂ ਵਾਸਤੇ ਜੋ ਖੋਰਾ ਵਹਿਮਾਂ ਭਰਮਾ ਦਾ ਸਮਾਜ ਨੂੰ ਲਗਦਾ ਜਾ ਰਿਹਾ ਹੈ ਉਸ ਬਾਰੇ ਗੰਭੀਰਤਾ ਨਾਲ਼ ਸੋਚਣ ਦੀ ਲੋੜ ਹੈ।

ਪਿੱਛਲੇ ਦਿਨੀਂ ਤੁਹਾਡੀ ਇਕ ਕਹਾਣੀ “ਚੀਕ” ਤੇ ਕਾਫ਼ੀ ਕਿੰਤੂ ਪ੍ਰੰਤੂ ਹੋਇਆ। ਕੀ ਉਸ ਵਿੱਚ ਵਰਤੀ ਗਈ ਸ਼ਬਦਾਵਲੀ ਵਾਪਸ ਲੈਣ ਲਈ ਤਿਆਰ ਹੋਜਾਂ ਫੇਰ ਸਮਝਦੇ ਹੋ ਕਿ ਇਹ ਬਹੁਤ ਹੀ ਢੁੱਕਵੀਂ ਸ਼ਬਦਾਵਲੀ ਹੈ। ਇਸ ਤੋਂ ਬਦਲਕੇ ਕੋਈ ਸ਼ਬਦ ਮੇਰੀ ਗੱਲ ਨੂੰ ਪੂਰਾ ਨਿਖਾਰਦੇ ਨਹੀਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ?

: ਪਹਿਲੀ ਗੱਲ ਤਾਂ ਇਹ ਕਿ “ਚੀਕ” ਕਹਾਣੀ ਦੀ ਸ਼ਬਦਾਵਲੀ ਨੂੰ ਲੈ ਕੇ ਕੋਈ ਕਿੰਤੂ ਪ੍ਰੰਤੂ ਨਹੀਂ ਹੋਇਆ। ਹਾਂ ਜੇ ਕਰ ਕੋਈ ਵੀ ਕਿੰਤੂ-ਪ੍ਰੰਤੂ ਸੀ, ਉਹ ਸੀ, ਇਸਦੇ ਵਿਸ਼ੇ ਬਾਰੇ। ਇਹ ਕਹਾਣੀ ਮਰਦ ਦੇ ਅੰਦਰਲੀ ਕਮੀਣਗੀ ਦੀ ਕਹਾਣੀ ਹੈ। ਬੰਦਾ ਕਿਵੇਂ ਆਪਣੇ ਪੁੱਤ ਦੀ ਮੌਤ ਨੂੰ ਵੀ ਆਪਣੀ ਸਫ਼ਲਤਾ ਲਈ ਜਾਂ ਪ੍ਰਸਿੱਧੀ ਲਈ ਜਾਂ ਕਮਾਈ ਦੇ ਸਾਧਨ ਵੱਜੋਂ ਵਰਤਦਾ ਹੈ। ਉਸਦੇ ਘਰਵਾਲੀ ਦੇ ਅੰਦਰ ਰੋਹ ਹੈ। ਪੁੱਤ ਦੇ ਵਿੱਛੋੜੇ ਦਾ ਦਰਦ ਹੈ। ਧੀ ਦੇ ਘਰੋਂ ਚਲੇ ਜਾਣ ਦੀ ਤੜਪ ਹੈ ਤੇ ਉਹ ਆਪਣੇ ਅੰਦਰ ਹੀ ਆਪਣੇ ਆਦਮੀਂ ਨੂੰ ਗਾਲ਼ਾਂ ਕੱਢਦੀ ਹੈ, ਕੁੱਤਾ ਕਮੀਣਾ ਆਖਦੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ, ਕੋਈ ਵੀ ਇਨਸਾਨ ਜਦੋਂ ਹਾਲਾਤ ਤੋਂ ਐਨਾ ਮਜ਼ਬੂਰ ਹੋ ਜਾਂਦਾ ਹੈ ਤਾਂ ਉਸਦੇ ਅੰਦਰ ਰੋਹ ਜੁਗਾਲ ਕਰਦਾ ਹੈ। ਤੁਸੀਂ ਉਸ ਇਨਸਾਨ ਨੂੰ ਛੱਡ ਵੀ ਨਹੀਂ ਸਕਦੇ ਪਰ ਉਸ ਨਾਲ਼ ਜੀ ਵੀ ਨਹੀਂ ਸਕਦੇ। ਦੂਜੀ ਗੱਲ ਘਰ ਛੱਡਣ ਲੱਗਿਆਂ ਉਸਦੀ ਧੀ ਵੱਲੋਂ ਆਖਿਆ ਜਾਣਾ ਵੀ ਅੱਜ ਦੇ ਸਮੇ ਸੁਭਾਵਿਕ ਹੈ ਜਦੋਂ ਪਿਓ ਵੱਲੋਂ ਕੁੱਟੀ ਹੋਈ ਧੀ ਘਰੋਂ ਸਕੂਲ ਦੇ ਬਹਾਨੇ ਜਾਂਦੀ ਹੈ, ਅਤੇ ਉਸਨੂੰ ਪਤਾ ਹੈ ਕਿ ਉਸਨੇ ਵਾਪਸ ਘਰ ਪਰਤਣਾ ਨਹੀਂ ਤਾਂ ਉਹ ਆਪਣੇ ਮਨ ਦੀ ਭੜਾਸ ਬਾਹਰਲੇ ਦਰ ਕੋਲ ਖੜੋ ਕੇ ਕੱਢਦੀ ਹੋਈ ਕਹਿੰਦੀ ਹੈ, “ਮੈਨ, ਯੂ ਸ਼ੱਟ-ਅੱਪ। ਯੂ ਆਰ ਨੋ ਫਾਦਰ ਟੂ ਮੀ। ਯੂ ਆਰ ਜਸਟ ਏ ਸਪਰਮ ਡੋਨਰ। ਮੈਂ ਕਦੀ ਤੇਰਾ ਨਾਂ ਨਹੀਂ ਲਊਂਗੀ। ਚੇਤੇ ਨਹੀਂ ਕਰੂੰਗੀ। ਯੂ ਕਿਲਡ ਮਾਈ ਬਰਦਰ। ਯੂ ਆਰ ਏ ਮਰਡਰਰ।” ਖਿਆਲ ਕਰਕੇ ਦੇਖੋ ਕਿ ਕਿਸ ਤਰ੍ਹਾਂ ਦਾ ਗੁੱਸਾ ਹੋਵੇਗਾ ਉਸ ਦੇ ਅੰਦਰ। ਉਹ ਆਪ ਹਾਲੇ ਬੱਚੀ ਹੈ। ਦੋ ਉਮਰਾਂ ਦੇ ਵਿਚਾਲੇ। ਇਹ ਵੱਖਰੀ ਗੱਲ ਹੈ ਕਿ ਅਸੀਂ ਇਹ ਖਿਆਲ ਵੀ ਨਹੀਂ ਕਰ ਸਕਦੇ ਕਿ ਭਾਰਤੀ ਕੁੜੀ ਕਦੀ ਇਸ ਤਰ੍ਹਾਂ ਬੋਲੇਗੀ। ਕਿਉਂਕਿ ਭਾਰਤੀ ਕੁੜੀਆਂ ਨੂੰ ਬੋਲਣਾ ਚਾਹੀਦਾ ਹੀ ਨਹੀਂ। ਪਰ ਸਤਨਾਮ ਜੀ ਜਿਸ ਸੱਭਿਆਚਾਰ ਵਿੱਚ ਅਸੀਂ ਰਹਿ ਰਹੇ ਹਾਂ, ਸਾਡੇ ਬੱਚਿਆਂ ਨੇ ਵੀ ਸੱਚ ਕਹਿਣ ਦੀ ਆਦਤ ਪਾਉਣੀ ਹੀ ਪਾਉਣੀ ਹੈ। ਜੇ ਉਨ੍ਹਾਂ ਦੇ ਅੰਦਰ ਗੁੱਸਾ ਹੈ ਤਾਂ ਉਨ੍ਹਾਂ ਨੇ ਸਾਫ਼-ਸਪਸ਼ਟ ਲਫ਼ਜ਼ਾਂ ਵਿੱਚ ਤੁਹਾਨੂੰ ਦੱਸ-ਸਮਝਾ ਦੇਣਾ ਹੈ। ਕਿਸੇ ਸ਼ਬਦ ਨੂੰ ਵਾਪਸ ਲੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸਵਾਲ ਇਹ ਉੱਠਦਾ ਹੈ ਕਿ ਕੀ ਅਸੀਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਹਾਂਇਨ੍ਹਾਂ ਨੂੰ ਸਮਝਣ ਲਈ ਤਿਆਰ ਹਾਂਇਸ ਕਹਾਣੀ ਵਿੱਚ ਕਿਉਂਕਿ ਮਰਦ ਦੀ ਕਮੀਣਗੀ ਦੀ ਗੱਲ ਹੈ, ਸ਼ਾਇਦ ਇਸ ਲਈ ਵੀ ਕੁੱਝ ਪਾਠਕਾਂ ਨੂੰ ਹਜ਼ਮ ਨਾ ਹੋਈ ਹੋਵੇ। ਜਾਂ ਕਿਸੇ ਨੂੰ ਆਪਣਾ ਜਾਂ ਆਪਣੇ ਕਿਸੇ ਭੈਣ-ਭਾਈ ਦਾ ਇਸ ਵਿੱਚ ਚਿਹਰਾ-ਮੋਹਰਾ ਦਿਸਦਾ ਹੋਵੇ। ਪਰ ਕੁੱਝ ਵੀ ਹੋਵੇ ਇਸ ਤੇ ਗੱਲ ਬਹੁਤ ਚੱਲੀ ਹੈ। ਬਹੁਤ ਪਾਠਕਾਂ ਨੇ ਇਸ ਨੂੰ ਸਲਾਹਿਆ ਹੈ ਕਿ ਮੈਂ ਪੂਰਾ ਇਨਸਾਫ਼ ਕੀਤਾ ਹੈ ਕਹਾਣੀ ਨਾਲ਼। ਪਰ ਕਈ ਪਾਠਕਾਂ ਨੂੰ ਇਹ ਹਜ਼ਮ ਨਹੀਂ ਹੋਈ ਕਿ ਉਸਦੇ ਘਰਵਾਲੀ ਜਾਂ ਉਸਦੀ ਧੀ ਐਦਾਂ ਕਿਸ ਤਰ੍ਹਾਂ ਬੋਲ ਸਕਦੀਆਂ ਹਨ।

ਤੁਹਾਡੀ ਇਕ ਹੋਰ ਕਹਾਣੀ ‘ਮੁਕਤੀ’ ਦੀ ਪਾਤਰ ਸੁਰਜੀਤ ਕਹਿੰਦੀ ਹੈ ਕਿ ਉਹ ਆਪਣੇ ਆਪ ਲਈ ਤਾਂ ਜੀਵੀ ਹੀ ਨਹੀਂ। ਉਹ ਤਾਂ ਘਰ, ਮਾਂ-ਬਾਪ, ਬੱਚਿਆਂ ਲਈ ਤੇ ਸਮਾਜ ਲਈ ਜੀਵੀ ਹੈ। ਪਰ ਅਖ਼ੀਰ ਵਿੱਚ ਹੁਣ ਉਸ ਵਿੱਚ ਆਪਣੇ ਆਪ ਲਈ ਜਿਉਂਣ ਦੀ ਲਾਲਸਾ ਪੈਦਾ ਹੋਈ ਹੈ। ਜਿਨ੍ਹਾਂ ਲੋਕਾਂ ਨੇ ਇਹ ਕਹਾਣੀ ਨਹੀਂ ਪੜ੍ਹੀ ਉਹਨਾਂ ਲਈ ਸੰਖੇਪ ਵਿੱਚ ਕੁੱਝ ਦੱਸੋ ਕਿ ਤੁਸੀਂ ਇਸ ਕਹਾਣੀ ਵਿੱਚ ਕੀ ਕਹਿਣਾ ਚਾਹਿਆ ਹੈ?

: ‘ਮੁਕਤੀ’ ਔਰਤ ਪਰਧਾਨ ਕਹਾਣੀ ਹੈ। ਔਰਤ ਬਚਪਨ ਤੋਂ ਲੈ ਕੇ ਤਿਆਗ, ਤਪੱਸਿਆ ਕਰਦੀ ਆ ਰਹੀ ਹੈ। ਬਚਪਨ ਵਿੱਚ ਉਹ ਮਾਂ-ਬਾਪ ਦੀ ਅਧੀਨਗੀ ਅੰਦਰ ਹੀ ਮੋਹ ਪਿਆਰ ਮਾਣਦੀ ਹੈ। ਉਸ ਵੇਲੇ ਵੀ ਉਹ ਇਕ ਧੀ ਦੇ ਰੂਪ ਵਿੱਚ ਪੱਥਰ ਜੰਮਿਆ ਦੱਸਿਆ ਜਾਂਦਾ ਹੈ। ਮਾਂ ਨੂੰ ਪੁੱਤਰ ਦੀ ਤਲਬ ਵੱਧ ਹੁੰਦੀ ਹੈ। ਉਸਨੂੰ ਦੁਜੈਲੇ ਥਾਂ ਰੱਖ ਕੇ ਹੀ ਦੇਖਿਆ ਜਾਂਦਾ ਹੈ। ਏਸੇ ਤਰ੍ਹਾਂ ਇਸ ਕਹਾਣੀ ਦੀ ਨਾਇਕਾ ਵੀ ਸਭ ਕੁੱਝ ਹੰਢਾਉਂਦੀ ਤੇ ਸੋਚਦੀ ਹੈ ਕਿ ਮੈਂ ਆਪਣੇ ਜੀਵਨ ਵਿੱਚ ਆਪਣੇ ਬੱਚਿਆਂ (ਧੀਆਂ-ਪੁੱਤਾਂ, ਨੂੰਹਾਂ-ਜਵਾਈਆਂ) ਵਿੱਚ ਫ਼ਰਕ ਨਹੀਂ ਹੋਣ ਦਿਆਂਗੀ। ਪਰ ਇਨਸਾਨ ਜੋ ਸੋਚਦਾ ਹੈ, ਉਹ ਕਦੀ ਹੁੰਦਾ ਨਹੀਂ। ਬੱਚੇ ਭਾਵੇਂ ਕਿੰਨੇ ਵੀ ਮੋਹ-ਪਿਆਰ ਨਾਲ਼ ਪਾਲ਼ੇ ਹੋਣ, ਉਨ੍ਹਾਂ ਦੀ ਸੋਚ, ਚਾਹਤ ਆਪਣੀ ਹੁੰਦੀ ਹੈ। ਅਸੀਂ ਲੋਕ ਵੱਡੀਆਂ-ਵੱਡੀਆਂ ਆਸਾਂ ਲਾ ਕੇ ਬੈਠ ਜਾਂਦੇ ਹਾਂ ਕਿ ਜੋ ਸੋਚ ਮੈਂ ਘੜੀ ਹੈ, ਜੀਵਨ ਉਸੇ ਤਰ੍ਹਾਂ ਚਲਦਾ ਰਹਿਣਾ ਹੈ। ਆਪਣੇ ਸਾਰੇ ਸੁਪਨੇ ਵੀ ਆਪਣੇ ਧੀਆਂ-ਪੁੱਤਾਂ ਤੋਂ ਪੂਰੇ ਹੋਣ ਦੀ ਆਸ ਲੈ ਕੇ ਬੈਠ ਜਾਂਦੇ ਹਾਂ। ਪਰ ਹੁੰਦਾ ਇਸ ਤਰ੍ਹਾਂ ਨਹੀਂ। ਸੁਰਜੀਤ ਵੀ ਬੱਚਿਆਂ ਨੂੰ ਹਰ ਖੁਸ਼ੀ ਪਰਦਾਨ ਕਰਦੀ ਹੈ। ਆਪਣਾ-ਆਪਾ ਭੁੱਲ ਜਾਂਦੀ ਹੈ ਕਿ ਉਸਦੀਆਂ ਵੀ ਕੁੱਝ ਖੁਹਾਇਸ਼ਾਂ ਹਨ, ਚਾਹਿਤਾਂ ਹਨ। ਉਸਦੇ ਸੁਪਨੇ ਉਸ ਵੇਲੇ ਟੁੱਟਣ ਲਗਦੇ ਹਨ ਜਦੋਂ ਬੱਚੇ ਨੂੰਹ-ਪੁੱਤ ਇਕ-ਇਕ ਕਰਕੇ ਉਸਦੀ ਤਪੱਸਿਆ ਨੂੰ ਪੈਰਾਂ ਹੇਠ ਰੀਂਘ ਕੇ ਘਰੋਂ ਤੁਰ ਜਾਂਦੇ ਹਨ। ਧੀ ਵੀ ਪਤਾ ਨਹੀਂ ਕਿੱਥੇ ਚਲੀ ਜਾਂਦੀ ਹੈ। ਤੇ ਸੁਰਜੀਤ ਕੰਮ ਤੋਂ ਪਰਤਦਿਆਂ ਵੱਡੀਆਂ ਬਿਲਡਿੰਗਾਂ ਦੀਆਂ ਕੰਧਾਂ ਓਹਲੇ ਨਜ਼ਰਾਂ-ਹੀ ਨਜ਼ਰਾਂ ਵਿੱਚੀਂ ਧੀ ਨੂੰ ਕਿਆਸਦੀ ਹੈ ਕਿ ਪਤਾ ਨਹੀਂ ਉਹ ਕੀ ਕਰ ਰਹੀ ਹੋਵੇਗੀ। ਚੰਗੇ ਜਾਂ ਮਾੜੇ ਕੰਮ। ਉਸ ਵੇਲੇ ਉਸਦੀ ਸੁਰਤ ਠਿਕਾਣੇ ਆਉਂਦੀ ਹੈ ਕਿ ਜਿਸ ਪਤੀ ਦਾ ਵੀ ਉਸਨੇ ਖਿਆਲ ਨਹੀਂ ਰੱਖਿਆ, ਉਸਦੀ ਭਲਮਾਣਸੀ ਦੀ ਵੀ ਕਦਰ ਨਹੀਂ ਕੀਤੀ, ਸਿਰਫ਼ ਇਕੋ ਗੱਲ ਮਨ ਵਿੱਚ ਵਸਾਈ ਰੱਖੀ ਕਿ ਮੇਰੀ ਦੁਨੀਆਂ, ਮੇਰੇ ਸੁਪਨੇ ਮੇਰੇ ਬੱਚੇ ਹਨ। ਉਹੀ ਬੱਚੇ ਮੇਰੇ ਪਿਆਰ ਨੂੰ ਲਿਤਾੜ ਕੇ ਤੁਰਦੇ ਬਣੇ ਹਨ। ਉਸ ਵੇਲੇ ਉਹ ਸੋਚਦੀ ਹੈ ਕਿ ਮੈਂ ਆਪਣੇ ਆਪ ਲਈ ਤਾਂ ਜੀਵੀ ਹੀ ਨਹੀਂ। ਮੈਂ ਜੀਵੀ ਹਾਂ ਘਰ ਲਈ, ਬੱਚਿਆਂ ਲਈ। ਉਸਦੇ ਅੰਦਰ ਚੇਤਨਾ ਦਾ ਜਾਗਣਾ ਹੀ ਉਸਦੀ ਮੁਕਤੀ ਹੈ ਕਿ ਇਨਸਾਨ ਨੂੰ ਆਪਣਾ ਆਪ ਵੀ ਨਹੀਂ ਭੁੱਲਣਾ ਚਾਹੀਦਾ। ਠੀਕ ਹੈ ਬੱਚੇ ਹਰ ਇਕ ਨੂੰ ਪਿਆਰੇ ਹਨ, ਪਰ ਇਨਸਾਨ ਆਪ ਵੀ ਜੀਵੇ, ਆਪਣੀਆਂ ਖੁਹਾਇਸ਼ਾਂ ਨੂੰ ਵੀ ਬਰਕਰਾਰ ਰੱਖੇ। ਇਹ ਇਕ ਐਸੀ ਕਹਾਣੀ ਹੈ ਜੋ ਅੱਜ ਦੀ ਲੋੜ ਹੈ ਜਦੋਂ ਘਰ ਪ੍ਰਤੀ ਬੱਚੇ ਮਾਂ-ਬਾਪ ਦੇ ਮੋਹ ਨੂੰ ਨਜ਼ਰ ਅੰਦਾਜ਼ ਕਰਕੇ ਇਹ ਆਖ ਦਿੰਦੇ ਹਨ, ਦਿਸ ਇਜ਼ ਮਾਈ ਲਾਈਫ਼।

ਤੁਹਾਡੀਆਂ ਕਹਾਣੀਆਂ ਵਿੱਚ ਵੀ ਤੇ ਦੂਸਰੀਆਂ ਇਸਤਰੀ ਕਹਾਣੀਕਾਰਾਂ ਦੀਆਂ ਕਹਾਣੀਆਂ ਵਿੱਚ ਮਰਦ ਪਰਧਾਨ ਸਮਾਜ ਦੀਆਂ ਵਧੀਕੀਆਂ ਦਾ ਰੁਦਨ ਹੈ। ਆਮ ਕਿਹਾ ਜਾਂਦਾ ਹੈ ਕਿ ਇਸਤ੍ਰੀ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਹੈ। ਦੇਖਿਆ ਜਾਵੇ ਤਾਂ ਵਿਦਿਆ ਦੇ ਪਸਾਰ ਨਾਲ਼ ਅੱਜ ਭਾਰਤ ਵਿੱਚ ਪੱਛਮੀ ਦੇਸ਼ਾਂ ਨਾਲੋਂ ਵੀ ਵੱਧ ਉੱਚੇ ਉੱਚੇ ਅਹੁਦਿਆਂ ਤੇ ਇਸਤਰੀਆਂ ਬਿਰਾਜਮਾਨ ਰਹੀਆਂ ਤੇ ਹੁਣ ਵੀ ਹਨ। ਤੁਸੀਂ ਅੱਜ ਦੀ ਔਰਤ ਦੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਸਮਝਦੇ ਹੋ?

: ਤੁਸੀਂ ਇੱਥੇ ਦੋ ਸਵਾਲ ਇਕੱਠੇ ਕਰ ਦਿੱਤੇ ਹਨ। ਕੋਸ਼ਿਸ਼ ਕਰਾਂਗੀ ਕਿ ਉਨ੍ਹਾਂ ਦੇ ਵੱਖ-ਵੱਖ ਜਵਾਬ ਦੇ ਸਕਾਂ। ਪਹਿਲਾਂ, ਤੁਸੀਂ ਮੇਰੀਆਂ ਅਤੇ ਹੋਰ ਲੇਖਕਾਵਾਂ ਦੀਆਂ ਕਹਾਣੀਆਂ ਦੀ ਗੱਲ ਕੀਤੀ ਹੈ ਕਿ ਮਰਦ ਪਰਧਾਨ ਸਮਾਜ ਦੀਆਂ ਵਧੀਕੀਆਂ ਦਾ ਕਹਾਣੀਆਂ ਵਿੱਚ ਰੁਦਨ ਹੈ। ਇੱਥੇ ਮੈਂ ਤੁਹਾਡੇ ਨਾਲ਼ ਸਹਿਮਤ ਨਹੀਂ ਹਾਂ। ਹੋਰ ਲੇਖਕਾਵਾਂ ਦੀ ਮੈਂ ਗੱਲ ਨਹੀਂ ਕਰਾਂਗੀ। ਮੈਂ ਸਿਰਫ਼ ਆਪਣੀਆਂ ਕਹਾਣੀਆਂ ਦੀ ਗੱਲ ਕਰਾਂਗੀ। ਜਿੱਥੇ ਮੇਰੀ ਕਹਾਣੀ ਦਾ ਸਵਾਲ ਹੈ, ਮੈਂ ਹਰ ਸਮੱਸਿਆ ਕਿਸੇ ਲਿੰਗ ਦੇ ਆਧਾਰ ਤੇ ਨਹੀਂ ਲਈ। ਨਾ ਹੀ ਕਦੀ ਸੋਚਿਆ ਹੈ ਕਿ ਮੈਂ ਔਰਤ ਦੇ ਪੱਖ ਦੀ ਗੱਲ ਕਰਨੀ ਹੈ। ਇਹ ਵਿਸ਼ੇ ਤੇ ਨਿਰਭਰ ਕਰਦਾ ਹੈ। ਮੈਂ ਹਮੇਸ਼ਾ ਪਾਤਰਾਂ ਨੂੰ ਉਨ੍ਹਾਂ ਦੇ ਸਮੁੱਚ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਮੈਂ ਉਨ੍ਹਾਂ ਨਾਲ਼ ਇਨਸਾਫ਼ ਕਰ ਸਕਾਂ। ਚਾਹੇ ਉਹ ਮਰਦ ਹੋਵੇ ਜਾਂ ਔਰਤ। ਮੇਰੀਆਂ ਕਹਾਣੀਆਂ ਬਾਰੇ ਸਾਡੇ ਟੋਰਾਂਟੋ ਨਿਵਾਸੀ ਸਿਰਮੌਰ ਕਹਾਣੀਕਾਰ, ਜਰਨੈਲ ਸਿੰਘ ਕਹਾਣੀਕਾਰ ਸਾਡੀਆਂ ਕਹਾਣੀਆਂ ਦੀਆਂ ਬੈਠਕਾਂ ਵਿੱਚ, ਜਦੋਂ ਮੈਂ ਕਹਾਣੀ ਪੜ੍ਹਾਂ ਤਾਂ ਹਮੇਸ਼ਾ ਕਹਿੰਦੇ ਹਨ ਕਿ, ‘ਬਲਬੀਰ ਕਹਾਣੀਆਂ ਦੇ ਪਾਤਰਾਂ ਨੂੰ ਔਰਤ ਹੋਵੇ ਜਾਂ ਮਰਦ ਉਨ੍ਹਾਂ ਦੇ ਗੁਣਾਂ-ਔਗੁਣਾਂ ਸਮੇਤ ਪੇਸ਼ ਕਰਦੀ ਹੈ। ਕਿਸੇ ਇਕ ਧਿਰ ਨਾਲ਼ ਨਹੀਂ ਖੜੋਂਦੀ। ਜੇ ਕਰ ਔਰਤ ਬੁਰੀ ਹੈ ਤਾਂ ਉਸਨੂੰ ਉਸਦੇ ਉਸੇ ਰੂਪ ਵਿੱਚ ਪੇਸ਼ ਕਰਦੀ ਹੈ।’ ਤੁਸੀਂ ਸਮੁੱਚੀਆਂ ਕਹਾਣੀਆਂ ਨੂੰ ਪੜ੍ਹ ਕੇ ਦੇਖ ਲੈਣਾ ਕਿ ਮੈਂ ਕਦੀ ਵੀ ਕਿਸੇ ਇਕ ਧਿਰ ਨਾਲ਼ ਨਹੀਂ ਖੜੋਂਦੀ। ਕਹਾਣੀ ‘ਰਿਸ਼ਤਾ‘, ‘ਕੰਧਾਂ‘, ‘ਕੁਸੱਤ‘ ਤੇ ਹੋਰ ਵੀ ਇਸਦੀ ਗਵਾਹੀ ਭਰਨਗੀਆਂ।
ਰਹੀ ਗੱਲ ਇਸਤਰੀ ਨੂੰ ਗੁਲਾਮ ਬਣਾ ਕੇ ਰੱਖਿਆ ਜਾਣ ਦੀ ਤੇ ਅੱਜ ਉਸਦੇ ਵਿਕਾਸ ਕਰਨ ਦੀ। ਔਰਤ ਦੀ ਸਮੱਸਿਆ ਹਮੇਸ਼ਾ ਰਹੀ ਹੈ ਕਿ ਉਸਨੂੰ ਮਰਦ ਦੇ ਬਰਾਬਰ ਦਾ ਹੱਕ ਕਦੀ ਨਹੀਂ ਮਿਲਿਆ। ਚੰਗੀਆਂ ਨੌਕਰੀਆਂ ਮਿਲ ਜਾਣੀਆਂ ਜਾਂ ਬਰਾਬਰ ਕੰਮ ਕਰ ਲੈਣੇ, ਇਹ ਕੋਈ ਹੱਕ ਨਹੀਂ ਹਨ। ਤੁਸੀਂ ਅੱਜ ਵੀ ਦੇਖੋ ਕਿ ਔਰਤ ਨੂੰ ਕਿਸੇ ਪੱਧਰ ਤੇ ਪਹੁੰਚਣ ਲਈ ਕਿੰਨੇ ਪਾਪੜ ਵੇਲਣੇ ਪੈਂਦੇ ਹਨ। ਫੇਰ ਵੀ ਉਸਨੂੰ ਉਹ ਥਾਂ ਇਸ ਲਈ ਦੇ ਦਿੱਤਾ ਜਾਂਦਾ ਹੈ ਕਿ ਸ਼ਾਇਦ ਔਰਤਾਂ ਵਾਸਤੇ ਏਨਾ ਕੋਟਾ ਰੱਖਿਆ ਗਿਆ ਹੋਵੇ। ਉਸਦੀ ਕਾਬਲੀਅਤ ਤੇ ਨਹੀਂ। ਕਿਸੇ ਖੇਤਰ ਵਿੱਚ ਚਲੇ ਜਾਵੋ, ਮਰਦ ਨਾਲੋਂ ਉਸਨੂੰ ਪਰਮੋਸ਼ਨ ਵੀ ਘੱਟ ਮਿਲੇਗੀ। ਫੇਰ ਘਰਾਂ ਤੋਂ ਹੀ ਲੈ ਲਵੋ, ਨਿੱਕੇ-ਨਿੱਕੇ ਫ਼ੈਸਲੇ ਵੀ ਉਹ ਆਪਣੇ ਆਦਮੀ ਤੋਂ ਬਿਨਾਂ ਨਹੀਂ ਲੈ ਸਕਦੀ। ਜਦੋਂ ਕਿ ਮਰਦ ਨੂੰ ਕਦੀ ਲੋੜ ਨਹੀਂ ਪੈਂਦੀ ਕਿ ਉਹ ਵੀ ਔਰਤ ਦੇ ਫ਼ੈਸਲੇ ਤੇ ਚੱਲੇ। ਅੱਜ ਦੀ ਔਰਤ ਦੀ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੈ ਕਿ ਉਹ ਪੜ੍ਹ ਲਿਖ ਕੇ ਵੀ ਕਈ ਪੱਖਾਂ ਤੋਂ ਆਤਮ ਨਿਰਭਰ ਨਹੀਂ ਹੈ।

ਇਸਤਰੀ ਇੱਕੋ ਸਮੇਂ ਵੱਖ ਵੱਖ ਰੂਪਾਂ ਵਿੱਚ ਵੱਖ-ਵੱਖ ਰੋਲ ਕਰ ਰਹੀ ਹੈ। ਪਤਨੀ, ਮਾਂ, ਭੈਣ, ਅਤੇ ਧੀ ਹੁੰਦੀ ਹੋਈ ਬਾਕੀ ਰਿਸ਼ਤਿਆਂ ਨੂੰ ਨਿਭਾਉਂਦੀ ਹੈ। ਅੱਜ ਇਸਤਰੀ ਹੀ ਆਪਣੀ ਕੁੱਖ ਵਿੱਚ ਇਸਤਰੀ ਨੂੰ ਕਤਲ ਕਰ ਰਹੀ ਹੈ। ਕੀ ਇਹ ਵਿਸ਼ੇ ਇੰਨੇ ਚਿੰਤਾਜਨਕ ਨਹੀਂ?

: ਸਤਨਾਮ ਜੀ, ਇਹ ਵਿਸ਼ਾ ਜਾਂ ਸਾਡੀ ਇਹ ਸਮੱਸਿਆ ਸਭ ਤੋਂ ਵੱਧ ਚਿੰਤਾ ਜਨਕ ਹੈ। ਅਸੀਂ ਇਸ ਬਾਰੇ ਰੇਡੀਓ ਅਤੇ ਟੀ.ਵੀ. ਰਾਹੀਂ ਅਨੇਕਾਂ ਵਾਰ ਗੱਲ ਕਰ ਚੁੱਕੇ ਹਾਂ। ਪਰ ਇਹ ਇਕ ਐਡੀ ਵੱਡੀ ਸਮੱਸਿਆ ਹੈ ਕਿ ਜਿਸ ਵਲ ਹਰ ਔਰਤ ਅਤੇ ਹਰ ਮਰਦ ਨੂੰ ਧਿਆਨ ਦੇਣ ਦੀ ਲੋੜ ਹੈ। ਕਹਾਣੀਆਂ ਵਿੱਚ ਵੀ ਇਹ ਵਿਸ਼ਾ ਆਇਆ ਹੈ। ਕਵਿਤਾਵਾਂ ਵਿੱਚ ਵੀ। ਮੀਡੀਏ ਨੇ ਵੀ ਇਸਨੂੰ ਉਭਾਰਿਆ ਹੈ ਪਰ ਲੋਕਾਂ ਵਿੱਚ ਜਾਂ ਇਹ ਆਖ ਦਿਆਂ ਕਿ ਔਰਤ ਵਿੱਚ ਚੇਤਨਾ ਪੈਦਾ ਹੋਣੀ ਲਾਜ਼ਮੀ ਹੈ। ਉਸਨੂੰ ਆਪਣੀ ਕੁੱਖ ਦੀ ਕਦਰ ਕਰਨੀ ਆਉਣੀ ਚਾਹੀਦੀ ਹੈ ਨਾ ਕਿ ਸਦੀਆਂ ਤੋਂ ਚੱਲੀ ਆਉਂਦੀ ਪਰੰਪਰਾ ਨੂੰ ਲੜ ਬੰਨ ਕੇ ਤੁਰੀ ਰਹਿਣਾ ਹੈ।

ਕਿਹਾ ਜਾਂਦਾ ਹੈ ਕਿ ਪਹਿਲਿਆਂ ਸਮਿਆਂ ਵਿੱਚ ਦਾਦੀਆਂ, ਨਾਨੀਆਂ ਜੰਮਦੀ ਲੜਕੀ ਦੇ ਗਲ ਵਿੱਚ ਅੰਗੂਠਾ ਦੇ ਕੇ ਮੰਤਰ ਪੜ੍ਹਦੀਆਂ ਸਨ, ‘ਗੁੜ ਖਾਈਂ ਪੂਣੀ ਕੱਤੀਂ, ਆਪ ਨਾ ਆਈਂ ਵੀਰਾਂ ਨੂੰ ਘੱਤੀਂ।’ ਉਦੋਂ ਵੀ ਇਸਤਰੀ ਹੀ ਇਸਤਰੀ ਦੀ ਕਾਤਲ ਸੀ ਤੇ ਅੱਜ ਦੇ ਯੁੱਗ ਵਿੱਚ ਵੀ ਉਹੀ ਕੰਮ ਹੋ ਰਿਹਾ ਹੈ। ਤੁਸੀਂ ਕੀ ਸਮਝਦੇ ਹੋ ਇਹ ਮਰਦ-ਪ੍ਰਧਾਨ ਸਮਾਜ ਹੀ ਸਭ ਕੁੱਝ ਕਰ ਰਿਹਾ ਹੈ ਜਾਂ ਇਸਤਰੀਆਂ ਵੀ ਸਾਂਝੀਦਾਰ ਹਨ?

: ਤੁਸੀਂ ਪਹਿਲੇ ਸਮਿਆਂ ਦੀ ਗੱਲ ਕੀਤੀ ਹੈ। ਫ਼ਰਕ ਅੱਜ ਵੀ ਕੋਈ ਨਹੀਂ ਹੈ। ਉਸ ਵੇਲੇ ਪੈਦਾ ਹੋਈ ਤੇ ਮਾਰ ਦਿੱਤਾ ਜਾਂਦਾ ਸੀ ਤੇ ਹੁਣ ਪੈਦਾ ਹੋਣ ਤੋਂ ਪਹਿਲਾਂ। ਭਾਵੇਂ ਔਰਤ ਮਾਰ ਰਹੀ ਹੈ, ਪਰ ਕਸੂਰ ਇਕੱਲੀ ਔਰਤ ਦਾ ਨਹੀਂ ਹੈ। ਔਰਤ ਮੁੱਢ ਤੋਂ, ਜਾਂ ਇਹ ਵੀ ਆਖ ਲਵੋ ਕਿ ਸਦੀਆਂ ਤੋਂ ਗੁਲਾਮੀ ਢੋਂਦੀ ਆ ਰਹੀ ਹੈ। ਔਰਤ ਨੂੰ ਦੱਸਿਆ-ਸਮਝਾਇਆ ਹੀ ਇਹ ਗਿਆ ਹੈ ਕਿ ਪੁੱਤ ਜਣੇਂਗੀ ਤਾਂ ਤੇਰੀ ਕਦਰ ਹੋਊ। ਪੁੱਤ ਕਿਉਂਕਿ ਵੰਸ਼ ਚਲਾਉਂਦਾ ਹੈ। ਪੁੱਤ ਜਿਸਦਾ ਸੌ ਕੁਕਰਮ ਕਰਕੇ ਵੀ ਕੁੱਝ ਨਹੀਂ ਵਿਗੜਦਾ। ਤੇ ਧੀ ਨੇ ਜਾਣਾ ਹੋਇਆ ਬਿਗਾਨੇ ਘਰ ਜੋ ਵਾਧੂ ਦਾ ਬੋਝ ਹੈ। ਔਰਤ ਦੀ ਮਾਨਸਿਕਤਾ ਨੂੰ ਏਸ ਕਦਰ ਕੰਟਰੋਲ ਕੀਤਾ ਗਿਆ ਹੈ ਕਿ ਉਹ ਸਿਰਫ਼ ਤੇ ਸਿਰਫ਼ ਆਦਮੀ ਨੂੰ ਖੁਸ਼ ਕਰਨ ਬਾਰੇ ਹੀ ਸੋਚਦੀ ਹੈ। ਨਾਨੀਆਂ-ਦਾਦੀਆਂ ਵੀ ਉਸੇ ਤਰ੍ਹਾਂ ਦੀਆਂ ਔਰਤਾਂ ਸਨ ਤੇ ਹਨ। ਉਨ੍ਹਾਂ ਦੇ ਅੰਦਰ ਵੀ ਆਦਮੀਆਂ ਨੂੰ ਖੁਸ਼ ਕਰਨ ਦੀ ਚਿੰਤਾ ਹੁੰਦੀ ਹੈ। ਮਾਂ ਪੁੱਤ ਨੂੰ ਖੁਸ਼ ਕਰਦੀ ਹੈ, ਤੀਂਵੀ ਆਦਮੀ ਨੂੰ ਖੁਸ਼ ਕਰਦੀ ਹੈ। ਗੱਲ ਕੀ ਇਹ ਸਾਰਾ ਦਾਰੋਮਦਾਰ ਮਰਦ ਦੇ ਦੁਆਲੇ ਹੀ ਘੁੰਮਦਾ ਹੈ। ਮਰਦ ਭਾਵੇਂ ਸਿੱਧੇ ਤੌਰ ਤੇ ਨਾ ਵੀ ਇਨਵਾਲਵ ਹੋਵੇ ਪਰ ਅਸਿੱਧੇ ਤੌਰ ਤੇ ਧੁਰਾ ਹਮੇਸ਼ਾ ਮਰਦ ਹੀ ਹੁੰਦਾ ਹੈ।

ਅੱਜ ਦੇ ਸਮੇਂ ਵਿੱਚ ਹੋਰ ਰਿਸ਼ਤਿਆਂ ਦੀ ਛੱਡੋ ਹੁਣ ਤਾਂ ਪਤੀ ਪਤਨੀ ਦੇ ਰਿਸ਼ਤਿਆਂ ਵਿੱਚ ਵੀ ਨਿਭਾਅ ਨਹੀਂ ਹੋ ਰਿਹਾ। ਤੁਸੀਂ ਕੀ ਸਮਝਦੇ ਹੋ ਕਿ ਅਸੀਂ ਆਪਣੇ ਬੱਚਿਆਂ ਨੂੰ ਮੈਰਿਜ ਲਾਈਫ਼ ਲਈ ਤਿਆਰ ਨਹੀਂ ਕਰ ਰਹੇ ਜਾਂ ਫੇਰ ਪੱਛਮੀ ਸਮਾਜ ਦੀਆਂ ਖੁੱਲ੍ਹਾਂ ਦੇ ਅਸਰ ਕਰਕੇ ਹੋ ਰਿਹਾ ਹੈਜਾਂ ਫੇਰ ਕੋਈ ਹੋਰ ਕਾਰਨ ਸਮਝਦੇ ਹੋ?

: ਪਤੀ-ਪਤਨੀ ਦੇ ਰਿਸ਼ਤੇ ਵਿੱਚ ਨਾ ਨਿਭਾਅ ਹੋਣ ਦੇ ਕਾਰਨ ਇਕ ਦੂਜੇ ਨੂੰ ਨਾ ਸਮਝਣਾ ਅਤੇ ਕੰਪਰੋਮਾਈਜ਼ ਨਾ ਕਰਨਾ ਹੈ। ਵਿਆਹ ਇਕ ਸਾਧਨਾ ਹੈ। ਇਹ ਇਕ ਐਸੀ ਸੰਸਥਾ ਹੈ ਜਿਸ ਵਾਸਤੇ ਤੁਹਾਨੂੰ ਹਰ ਵੇਲੇ ਸੋਚ ਸਮਝ ਕੇ ਚਲਣਾ ਪੈਂਦਾ ਹੈ। ਪੈਰ ਪੈਰ ਤੇ ਸਮਝੌਤੇ ਵੀ ਕਰਨੇ ਪੈਂਦੇ ਹਨ। ਪਰ ਅੱਜ ਸਮਾਂ ਤੇਜ਼ੀ ਨਾਲ਼ ਚੱਲ ਰਿਹਾ ਹੈ। ਹਰ ਕੋਈ ਕੰਮਾਂਕਾਰਾਂ ਦੇ ਫ਼ਿਕਰ ਵਿੱਚ ਉਲਝਿਆ ਹੋਇਆ ਹੈ ਤੇ ਫੇਰ ਅੱਜ ਦੇ ਬੱਚਿਆਂ ਵਿੱਚ ਸਮਝੌਤੇ ਕਰਨ ਲਈ ਵੀ ਹਿੰਮਤ ਨਹੀਂ ਹੈ। ਸਭ ਤੋਂ ਵੱਡਾ ਕਾਰਨ ਵਿਆਹ ਦੇ ਟੁੱਟਣ ਦਾ ਇਹੀ ਹੈ। ਦੂਜਾ ਰਿਸ਼ਤਿਆਂ ਦੀ ਦਖ਼ਲ ਅੰਦਾਜ਼ੀ ਵੀ ਰੋਲ ਨਿਭਾਉਂਦੀ ਹੈ। ਕੋਈ ਸਮਾਂ ਸੀ ਜਦੋਂ ਬੱਚਿਆਂ ਨੂੰ ਆਉਣ ਵਾਲੇ ਜੀਵਨ ਲਈ ਤਿਆਰ ਕੀਤਾ ਜਾਂਦਾ ਸੀ। ਭਾਵੇਂ ਉਹ ਕੁੜੀ ਹੋਵੇ ਜਾਂ ਮੁੰਡਾ। ਪਰ ਅੱਜ ਮਾਂ-ਬਾਪ ਕੋਲ ਵੀ ਸਮਾਂ ਨਹੀਂ ਹੈ। ਹਰ ਇਕ ਨੂੰ ਪੈਸੇ ਦੀ ਦੌੜ ਲੱਗੀ ਹੋਈ ਹੈ। ਕੌਣ ਅੱਜ ਕੁੜੀਆਂ ਨੂੰ ਸਹਿਜਤਾ ਨਾਲ਼ ਕਿਚਨ ਦਾ ਕੰਮ ਜਾਂ ਕੋਈ ਹੋਰ ਕੰਮ ਸਿਖਾਉਂਦਾ ਹੈ। ਕੌਣ ਸਮਝਾਉਂਦਾ ਹੈ ਕਿ ਰਿਸ਼ਤੇ ਦਾ ਆਦਰ ਸਤਿਕਾਰ ਕਿਵੇਂ ਕਰਨਾ ਹੈ। ਉੱਧਰ ਮੁੰਡਿਆਂ ਨੂੰ ਵੀ ਬਾਪ ਨਿੱਕੇ-ਨਿੱਕੇ ਕੰਮੀ ਲਾ ਕੇ ਜੀਵਨ ਜਾਚ ਸਿਖਾਉਂਦੇ ਸਨ। ਅੱਜ ਮਾਂ-ਬਾਪ ਆਪਣੇ ਕਮਰੇ ਵਿੱਚ ਤੇ ਬੱਚੇ ਆਪਣੇ ਕਮਰੇ ਵਿੱਚ। ਕੰਪਿਊਟਰ ਉਨ੍ਹਾਂ ਦੇ ਮਿੱਤਰ ਬਣਦੇ ਜਾ ਰਹੇ ਹਨ। ਦੂਜੇ ਬੰਦੇ ਨੂੰ ਟੌਲਰੇਟ ਕਰਨ ਦੀ ਆਦਤ ਤਾਂ ਹੀ ਪਵੇਗੀ ਜੇ ਕਰ ਉਹ ਉਸ ਤਰ੍ਹਾਂ ਦੇ ਵਾਤਾਵਰਣ ਵਿੱਚ ਰਹਿੰਦੇ ਹੋਣਗੇ। ਪਰਿਵਾਰ ਇਕੱਠੇ ਬੈਠਦੇ ਨਹੀਂ। ਅੱਜ ਦੇ ਮਾਂ-ਬਾਪ ਵੀ ਪਹਿਲੀ ਸ਼ਰਤ ਇਹ ਰੱਖਦੇ ਦੇਖੇ ਗਏ ਹਨ ਕਿ ਸਾਡੀ ਤਾਂ ਕੁੜੀ ਨੇ ਕਿਸੇ ਦੇ ਵਿੱਚ ਰਹਿਣਾ ਨਹੀਂ। ਇਕੱਲੇ ਰਹਿਣਾ ਮਾੜਾ ਨਹੀਂ ਹੈ। ਇਕੱਲੇ ਰਹਿ ਕੇ ਵੀ ਪਰਿਵਾਰ ਨਾਲ਼ ਗੰਢੇ ਰਹਿ ਸਕਦੇ ਹੋ। ਸਿਰਫ਼ ਉਹ ਜਾਚ ਆਉਣੀ ਚਾਹੀਦੀ ਹੈ। ਪਰ ਅਫ਼ਸੋਸ! ਪਰਿਵਾਰਾਂ ਨਾਲ਼ ਤਾਂ ਨਹੀਂ, ਮੀਆਂ-ਬੀਵੀ ਆਪਸ ਵਿੱਚੀਂ ਵੀ ਨਹੀਂ ਨਿਭਾਅ ਰਹੇ। ਹਰ ਇਕ ਨੂੰ ਆਪਣੀ ਅੱਡ ਸਪੇਸ ਚਾਹੀਦੀ ਹੈ। ਹੋਇਆ ਇਹ ਕਿ ਉਸ ਸਪੇਸ ਨੇ ਹਰ ਇਨਸਾਨ ਨੂੰ ਐਨਾ ਇਕੱਲਤਾ ਵਿੱਚ ਰਹਿਣ, ਜੀਣ ਲਾ ਦਿੱਤਾ ਹੈ, ਦੂਜੇ ਦੀ ਦਖ਼ਲ-ਅੰਦਾਜ਼ੀ ਝੱਲ ਹੀ ਨਹੀਂ ਸਕਦਾ।

ਬਲਬੀਰ ਕੌਰ ਜੀ, ਤੁਹਾਡੇ ਕੋਲ ਇੰਗਲੈਂਡ, ਕੈਨੇਡਾ ਵਿੱਚਲੀ ਪੰਜਾਬੀ ਸਾਹਿਤ ਬਾਰੇ ਜਾਣਕਾਰੀ ਤਾਂ ਹੈ ਹੀ। ਦੂਸਰੀ ਜਾਣਕਾਰੀ ਜਿਹੜੀ ਇੰਗਲੈਂਡ ਦੇ ਪੰਜਾਬੀ ਸੰਗੀਤਕ ਗਰੁੱਪਾਂ ਬਾਰੇ ਹੈ, ਜੇਕਰ ਉਹਦਾ ਜ਼ਿਕਰ ਵੀ ਇੱਥੇ ਨਾ ਕੀਤਾ ਤਾਂ ਮੈਨੂੰ ਲਗਦਾ ਹੈ ਇਹ ਮੁਲਾਕਾਤ ਅਧੂਰੀ ਰਹੇਗੀ। ਕ੍ਰਿਪਾ ਕਰਕੇ ਪੰਜਾਬੀ ਸੰਗੀਤ ਦੇ ਗਰੁੱਪਾਂ ਦੇ ਇਤਿਹਾਸ ਬਾਰੇ ਵੀ ਕੁੱਝ ਦੱਸਦੇ ਜਾਓ?

: ਅੱਜ ਇੰਗਲੈਂਡ ਵਿੱਚ ਕੀ ਬੀਤ ਰਿਹਾ ਹੈ, ਉਹ ਸਭ ਜਾਣਦੇ ਹਨ। ਮੈਨੂੰ ਤਾਂ ਅੱਜ ਦੇ ਗਰੁੱਪਾਂ ਬਾਰੇ ਬਹੁਤੀ ਜਾਣਕਾਰੀ ਵੀ ਨਹੀਂ। ਆਏ ਦਿਨ ਨਵੇਂ ਗਰੁੱਪ ਉੱਠ ਰਹੇ ਹਨ। ਪਰ ਹਾਂ, ਪਹਿਲੇ ਦਿਨਾਂ ਬਾਰੇ ਜ਼ਰੂਰ ਗੱਲ ਕਰਨੀ ਚਾਹਾਂਗੀ। ਇਹ ਸੱਠਵਿਆਂ ਦੇ ਅਖੀਰ ਤੇ ਸੱਤਰਵਿਆਂ ਦੇ ਸ਼ੁਰੂਆਤ ਦੀ ਗੱਲ ਹੈ। ਉਸ ਵੇਲੇ ਮੁੰਡਿਆਂ ਵੱਲੋਂ ਗਰੁੱਪ ਬਣਾਉਣਾ ਬਹੁਤ ਵੱਡੀ ਗੱਲ ਸੀ। ਗਾਉਣ ਨੂੰ ਚੰਗਾ ਵੀ ਨਹੀਂ ਸੀ ਸਮਝਿਆ ਜਾਂਦਾ। ਉਨ੍ਹਾਂ ਦਿਨਾਂ ਵਿੱਚ ਸਭ ਤੋਂ ਪਹਿਲਾ ਗਰੁੱਪ ਜੋ ਹੋਂਦ ਵਿੱਚ ਆਇਆ ਸੀ, ਉਹ ਸੀ ਭੁਚੰਗੀ ਗਰੁੱਪ। ਇਸ ਗਰੁੱਪ ਵਿੱਚ ਦੋ ਮੁੰਡੇ ਖਾਨ ਪੁਰ ਦੇ ਸਨ ਬਲਬੀਰ ਤੇ ਦਲਬੀਰ। ਸ਼ਾਇਦ ਦੋਨੋਂ ਹੀ ਭਰਾ ਸਨ। ਇਨ੍ਹਾਂ ਨੂੰ ਮੈਨੇਜ ਕਰਦੇ ਸਨ ਤ੍ਰਿਲੋਚਨ ਬਿਲਗਾ। ਇਸ ਗਰੁੱਪ ਨੇ ਸਭ ਤੋਂ ਪਹਿਲਾਂ ਨਾਮਣਾ ਖੱਟਿਆ। ਫਿਲਮ ਇੰਡਸਟਰੀ ਤਕ ਨੇ ਮਾਨਤਾ ਦਿੱਤੀ। ਕਈ ਵਰ੍ਹੇ ਲਗਾਤਾਰ ਮਿਊਜ਼ਿਕ ਦੇ ਕੰਪੀਟੀਸ਼ਨ ਵੀ ਉਹ ਜਿੱਤਦੇ ਰਹੇ। ਇਨ੍ਹਾਂ ਦੇ ਨਾਲ਼ ਹੀ ਇਕ ਗਰੁੱਪ ਬਣਿਆ ਏ. ਐਸ. ਕੰਗ ਤੇ ਨਾਲ਼ ਇਕ ਕੁੜੀ ਸੀ। ਸ਼ਾਇਦ ਉਸਦਾ ਨਾਂ ਪੰਮੀ ਸੀ। ਏ. ਐਸ. ਕੰਗ ਨੂੰ ਲੋਕੀਂ ਅੱਜ ਵੀ ਜਾਣਦੇ ਹਨ। ਰਹੀ ਗੱਲ ਭੁਚੰਗੀ ਗਰੁਪ ਦੀ, ਗਰੁੱਪ ਦੇ ਵਿੱਚ ਅਣਬਣ ਕਾਰਨ ਉਸਨੇ ਕਈ ਰੂਪ ਧਾਰੇ। ਬਲਬੀਰ ਤੇ ਦਲਬੀਰ ਦੇ ਅੱਡ ਹੋਣ ਤੋਂ ਬਾਅਦ ਉਹ ਗੱਲ ਨਹੀਂ ਬਣ ਸਕੀ। ਅੱਜ ਦੇ ‘ਆਪਣਾ ਸੰਗੀਤ’ ਦਾ ‘ਸਰਦਾਰਾ’ ਵੀ ਇਸ ਗਰੁੱਪ ਵਿੱਚ ਕੁਝ ਦੇਰ ਰਿਹਾ ਸੀ ਤੇ ਫੇਰ ‘ਕੁਲਵੰਤ’ ਵੀ ਭੁਚੰਗੀ ਗਰੁੱਪ ਵਿੱਚ ਕੁਝ ਦੇਰ ਰਿਹਾ। ਪਰ ਉਹ ਗੱਲ ਨਹੀਂ ਬਣ ਸਕੀ ਤੇ ਇਨ੍ਹਾਂ ਨੇ ਆਪਣਾ ਅੱਡ ਗਰੁੱਪ ‘ਆਪਣਾ ਸੰਗੀਤ’ ਬਣਾ ਲਿਆ। ਜੋ ਸਾਰੇ ਜਾਣਦੇ ਹੀ ਹਨ। ਇਨ੍ਹਾਂ ਦੇ ਮੁਕਾਬਲੇ, ਅਲਾਪ, ਸਾਥੀ, ਫੇਰ ਪ੍ਰੇਮੀ ਆਦਿ ਨੇ ਖੂਬ ਤਹਿਲਕਾ ਮਚਾਇਆ। ਮੰਗਲ ਸਿੰਘ ਅਤੇ ਚੰਨੀ ਦੇ ਗੀਤ ਅੱਜ ਵੀ ਲੋਕ ਸੁਣਦੇ ਹਨ। ਉਸ ਤੋਂ ਬਾਅਦ ਬਹੁਤ ਕੁੱਝ ਨਵਾਂ ਆਇਆ ਤੇ ਆ ਰਿਹਾ ਹੈ। ਪਰ ਜੇ ਮੁੱਢਲੇ ਇਤਿਹਾਸ ਦੀ ਗੱਲ ਕਰੀਏ ਤਾਂ ਭੁਚੰਗੀ ਗਰੁੱਪ ਹੀ ਮਿਉਜ਼ਿਕ ਨੂੰ ਨਵੀਂ ਸੇਧ ਦੇਣ ਵਾਲਾ, ਇਕ ਰੈਵੂਲੂਸ਼ਨ ਲਿਆਉਣ ਵਾਲਾ ਮੋਢੀ ਸੀ।

ਤੁਸੀਂ ਅੱਜ ਤਕ ਕੀ ਕੁੱਝ ਲਿਖਿਆ ਤੇ ਅਜ ਕੱਲ ਕੀ ਲਿਖ ਰਹੇ ਹੋ?

: ਸਤਨਾਮ ਜੀ, ਅੱਜ ਤਕ ਮੇਰੇ ਦੋ ਨਾਵਲ, ਤਿੰਨ ਕਹਾਣੀ ਸੰਗ੍ਰਹਿ, ਇਕ ਕਿਤਾਬ ਯਾਦਾਂ ਦੀ ਪ੍ਰਛਾਂਈਆਂ ਦੇ ਓਹਲੇ ਪਰਕਰਮਾ ਛਪ ਚੁੱਕੀ ਹੈ। ਲੜੀ ਵਾਰ ਇਕ ਕਾਲਮ ਦੋ-ਤਿੰਨ ਵਰ੍ਹੇ ਪਹਿਲਾਂ ਇੰਨਟਰਨੈੱਟ ਤੇ ਛਪਦੇ ਪਰਚੇ ਨਿਸੋਤ ਵਿੱਚ, “ਹੋਏ ਪ੍ਰਦੇਸੀ” ਵੀ ਛਪਦਾ ਰਿਹਾ ਹੈ। ਉਸਨੂੰ ਵੀ ਕਿਸੇ ਵੇਲੇ ਕਿਤਾਬੀ ਰੂਪ ਦੇਵਾਂਗੀ।

ਤੁਸੀਂ ਕਿਹੜੇ ਕਿਹੜੇ ਲੇਖਕਾਂ ਨੂੰ ਪੜ੍ਹਿਆ ਤੇ ਪ੍ਰਭਾਵਤ ਹੋਏ?

: ਕਿਹਦਾ ਕਿਹਦਾ ਨਾਂ ਲਵਾਂ। ਕੋਸ਼ਿਸ਼ ਕੀਤੀ ਹੈ ਹਰ ਇਕ ਨੂੰ ਪੜ੍ਹਾਂ ਤੇ ਕੁੱਝ ਸਿੱਖਾਂ। ਗੁਰਬਖ਼ਸ਼ ਸਿੰਘ, ਮੰਟੋ, ਬੇਦੀ, ਨਰਿੰਦਰਪਾਲ, ਸੁਖਬੀਰ, ਵਿਰਕ, ਕੰਵਲ, ਨਾਨਕ ਸਿੰਘ ਆਦਿ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅੱਜ ਦੇ ਨਵੇਂ ਕਹਾਣੀਕਾਰਾਂ ਦੀ ਤੀਖ਼ਣ ਸੋਚ ਤੋਂ ਵੀ ਮੈਂ ਪ੍ਰਭਾਵਿਤ ਹਾਂ। ਪਰ ਜੇ ਗੱਲ ਬਾਹਰਲੇ ਸਾਹਿਤ ਦੀ ਕਰੀਏ ਤਾਂ ਪੱਛਮੀ ਲੇਖਕਾਂ ਨੇ ਵੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਜਿਵੇਂ ਐਮਿਲੀ ਬਰੌਂਟੇ, ਸ਼ਾਰਲੈਟ ਬਰੌਂਟੇ। ਥਾਮਸ ਹਾਰਡੀ, ਸੂਜ਼ਨ ਹਾਵਰਡ, ਬੌਰਿਸ ਪਾਸਟਰਨਾਕ, ਮਾਰਗਰੇਟ ਮਿੱਚਲ ਆਦਿ। ਟਾਲਸਟਾਏ ਦੀ ਐਨਾ ਕਰੀਨਾ ਮੈਨੂੰ ਬਹੁਤ ਪਸੰਦ ਹੈ। ਭਾਵੇਂ ਵਾਰ ਐਂਡ ਪੀਸ ਉਸਦੀ ਮਹਾਨ ਰਚਨਾ ਹੈ। ਨਵਿਆਂ ਵਿੱਚੋਂ ਡੈਨ ਬਰਾਊਨ, ਸਿਡਨੀ ਸ਼ੈਲਡਨ, ਜੇਮਜ਼ ਹਰਵਰਟ ਤੇ ਹੋਰ ਵੀ ਬਹੁਤ ਹਨ, ਜਿਹੜੇ ਮੈਨੂੰ ਪਸੰਦ ਹਨ।

ਕਿਸੇ ਸੰਸਥਾ ਵੱਲੋਂ ਮਾਣ ਸਨਮਾਨ ਤੁਹਾਨੂੰ ਇਸ ਸਾਲ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ‘ਇਕਬਾਲ ਅਰਪਨ ਯਾਦਗਾਰੀ ਐਵਾਰਡ’ ਲਈ ਚੁਣਿਆ ਗਿਆ ਹੈ। ਇਹ ਐਵਾਰਡ ਲੈ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ?

: ਕਈ ਸੰਸਥਾਵਾਂ ਵਲੋਂ ਸਨਮਾਨ ਮਿਲਦਾ ਰਿਹਾ ਹੈ। ਜਿਵੇਂ ਇੰਟਰਨੈਸ਼ਨਲ ਸਾਹਿਤ ਸਭਾ ਯੂ ਕੇ, ਸਾਹਿਤ ਸਭਾ ਫੁਲਕਾਰੀ, ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ, ਗਲੋਬਲ ਐਨ. ਆਰ. ਆਈ., ਇੰਟਰਨੈਸ਼ਨਲ ਕਲਚਰਲ ਫੋਰਮ ਆਦਿ ਤੇ ਹੋਰ ਵੀ ਕਈ, ਹੁਣ ਨਾਂ ਯਾਦ ਨਹੀਂ। ਪਰ ਹੁਣੇ ਹੀ ਤੁਹਾਡੀ ਆਪਣੀ ਸੰਸਥਾ ਵੱਲੋਂ ਇਕਬਾਲ ਅਰਪਨ ਐਵਾਰਡ ਵੀ ਦਿੱਤਾ ਗਿਆ ਹੈ। ਜਿਸ ਲਈ ਮੈਂ ਰਿਣੀ ਹਾਂ ਕੈਲਗਰੀ ਪੰਜਾਬੀ ਲਿਖਾਰੀ ਸਭਾ ਦੀ ਕਿ ਉਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਅਤੇ ਮੈਨੂੰ ਇਕਬਾਲ ਅਰਪਨ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ। ਦੂਜਾ ਮੈਂ ਇਸ ਲਈ ਵੀ ਖੁਸ਼ ਹਾਂ ਕਿ ਇਹ ਐਵਾਰਡ ਇਕਬਾਲ ਜੀ ਦੇ ਨਾਂ ਤੇ ਰੱਖਿਆ ਗਿਆ ਹੈ। ਇਕਬਾਲ ਅਰਪਨ ਜੀ ਨਿੱਘੇ ਦੋਸਤ ਸਨ, ਵਧੀਆ ਕਹਾਣੀਕਾਰ ਸਨ। ਇਸ ਤੋਂ ਵੀ ਵੱਧ ਉਹ ਬਹੁਤ ਵਧੀਆ ਇਨਸਾਨ ਸਨ।

ਆਪਣੀ ਜ਼ਿੰਦਗੀ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਜਿਹੜੀਆਂ ਤੁਹਾਨੂੰ ਖੁਸ਼ੀ ਦਿੰਦੀਆਂ ਹੋਣ ਜਾਂ ਤੁਹਾਨੂੰ ਉਦਾਸ ਤੇ ਬੇਅਰਾਮ ਕਰਦੀਆਂ ਹੋਣ, ਪਾਠਕਾਂ ਨਾਲ਼ ਸਾਂਝੀਆਂ ਕਰਨਾ ਚਾਹੋਗੇ?

: ਸਤਨਾਮ ਜੀ, ਮੈਂ ਵੈਸੇ ਬਹੁਤ ਹੀ ਪਰਾਈਵੇਟ ਇਨਸਾਨ ਹਾਂ। ਇਸ ਲਈ ਮੈਂ ਆਪਣੀਆਂ ਲਿਖੀਆਂ ਦੋ ਸਤਰਾਂ ਸੁਣਾਉਣੀਆਂ ਚਾਹਾਂਗੀ, “ਜੋ ਮੈਂ ਹਾਂ, ਉਹ ਮੈਂ ਦਿਸਦੀ ਨਹੀਂ। ਜੋ ਮੈਂ ਦਿਸਦੀ ਹਾਂ, ਉਹ ਮੈਂ ਹਾਂ ਨਹੀਂ।” ਜੋ ਚਿਹਰੇ ਤੋਂ ਅਕਸਰ ਦਿਖਾਈ ਦਿੰਦਾ ਹੈ ਇਨਸਾਨ ਉਹ ਹੁੰਦਾ ਨਹੀਂ। ਮੇਰੀਆਂ ਵੀ ਆਪਣੀਆਂ ਪੀੜ ਪਰੁਤੀਆਂ ਯਾਦਾਂ ਹਨ। ਆਪਣੇ ਮਨ ਦੀ ਤਸਵੀਰ ਨਾਲ਼ ਹੀ ਸਾਂਝੀਆਂ ਕੀਤੀਆਂ ਚੰਗੀਆਂ ਲਗਦੀਆਂ ਹਨ। ਖੁਸ਼ੀ ਦੇ ਪਲ ਵੀ ਬਥੇਰੇ ਹਨ। ਮੈਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਕੌੜੀਆਂ ਯਾਦਾਂ ਵੀ ਪਾਠਕਾਂ ਨਾਲ਼ ਸਾਂਝੀਆਂ ਕੀਤੀਆਂ ਹਨ “ਪ੍ਰਛਾਈਂਆਂ ਦੇ ਓਹਲੇ – ਪਰਕਰਮਾ” ਕਿਤਾਬ ਵਿੱਚ। ਫੇਰ ਵੀ ਕਿਸੇ ਇਕ ਵੇਲੇ ਨੂੰ ਯਾਦ ਕਰਾਂ ਤਾਂ ਆਪਣੇ ਵੀਰੇ ਨੂੰ ਅਖੀਰੀ ਸਾਹਾਂ ਵੇਲੇ ਕੋਲ ਬੈਠ ਕੇ ਤੋਰਨ ਅਤੇ ਆਪਣੀ ਮਾਂ ਨੂੰ ਉਸਦੇ ਇੱਕੋ ਇੱਕ ਪੁੱਤ ਦੇ ਤੁਰ ਜਾਣ ਦੀ ਖ਼ਬਰ ਦੇਣ ਨਾਲ਼ੋਂ ਕੋਈ ਵੀ ਕੌੜੀ ਤੇ ਦਰਦਨਾਕ ਯਾਦ ਨਹੀਂ ਹੋ ਸਕਦੀ। ਉਹ ਵੇਲਾ ਮੇਰੇ ਨਾਲ਼ ਹਰ ਪਲ ਰਹਿੰਦਾ ਹੈ। ਪੰਝੀ ਵਰ੍ਹੇ ਬੀਤਣ ਤੋਂ ਬਾਅਦ ਵੀ ਉਸੇ ਤਰ੍ਹਾਂ ਤਰੋ-ਤਾਜ਼ਾ ਹੈ। ਜੋ ਮੈਨੂੰ ਬੇਆਰਾਮ ਕਰਦਾ ਹੈ।

ਕੋਈ ਤਮੰਨਾ ਜੋ ਅਜੇ ਪੂਰੀ ਕਰਨਾ ਲੋਚਦੇ ਹੋਵੋਂ?

: ਬਹੁਤ ਕੁੱਝ ਪੜ੍ਹਨ ਦੀ ਤਮੰਨਾ ਹੈ। ਚੰਗਾ ਲਿਖ ਸਕਣ ਦੀ ਤਮੰਨਾ ਹੈ। ਬਹੁਤ ਕੁੱਝ ਸਿੱਖਣ ਦੀ ਤਮੰਨਾ ਹੈ। ਬਹੁਤ ਕੁਝ ਸਫ਼ਰ ਕਰਕੇ ਦੇਖਣ ਦੀ ਤਮੰਨਾ ਹੈ। ਇਹ ਤਮੰਨਾ ਤਾਂ ਕਦੀ ਖਤਮ ਹੁੰਦੀ ਹੀ ਨਹੀਂ।

ਆਮ ਧਾਰਨਾ ਹੈ ਕਿ ਪੰਜਾਬੀ ਵਿੱਚ ਪਾਠਕਾਂ ਦੀ ਘਾਟ ਹੈ। ਸਾਨੂੰ ਪੰਜਾਬੀਆਂ ਨੂੰ ਪੜ੍ਹਨ ਦੀ ਆਦਤ ਨਹੀਂ। ਤੁਸੀਂ ਇਸ ਵਿਚਾਰ ਨਾਲ਼ ਸਹਿਮਤ ਹੋ?

: ਇਹ ਅਕਸਰ ਸਾਡੇ ਪਬਲਿਸ਼ਰਜ਼ ਵੱਲੋਂ ਕਿਹਾ ਜਾਂਦਾ ਹੈ। ਪਰ ਕਈ ਪਬਲਿਸ਼ਰ ਇਹ ਵੀ ਕਹਿੰਦੇ ਹਨ ਕਿ ਪਾਠਕ ਤਾਂ ਹਨ ਪਰ ਸਾਨੂੰ ਉਨ੍ਹਾਂ ਤਕ ਪਹੁੰਚਣ ਦੀ ਲੋੜ ਹੈ। ਪਾਠਕਾਂ ਵਿੱਚ ਪੜ੍ਹਨ ਦੀ ਰੁਚੀ ਹੈ ਪਰ ਕਿਤਾਬ ਉਨ੍ਹਾਂ ਤਕ ਪਹੁੰਚਦੀ ਨਹੀਂ। ਕਈ ਪਬਲਿਸ਼ਰ ਕਿਤਾਬਾਂ ਉਨ੍ਹਾਂ ਤਕ ਲੈ ਕੇ ਜਾ ਵੀ ਰਹੇ ਹਨ। ਪਹਿਲਾਂ ਗੁਰਸ਼ਰਨ ਭਾਜੀ ਇਹ ਕੰਮ ਕਰਦੇ ਸਨ। ਤੇ ਹੁਣ ਚੇਤਨਾ ਪਰਕਾਸ਼ਨ ਵੀ ਪਾਠਕਾਂ ਤਕ ਕਿਤਾਬ ਲੈ ਕੇ ਜਾ ਰਹੇ ਹਨ। ਕਿਤਾਬ ਵਿਕ ਵੀ ਰਹੀ ਹੈ। ਪਰ ਸਾਨੂੰ ਆਦਤ ਨਹੀਂ ਹੈ ਕਿ ਅਸੀਂ ਮੁੱਲ ਦੀ ਕਿਤਾਬ ਪੜ੍ਹੀਏ। ਮੁਫ਼ਤ ਦੀ ਕਿਤਾਬ ਮਿਲ ਜਾਵੇ ਤਾਂ ਵੀ ਨਹੀਂ ਪੜ੍ਹੀ ਜਾਂਦੀ। ਲੋਕਾਂ ਵਿੱਚ ਆਲਸ ਵੀ ਪੈਦਾ ਹੋ ਗਈ ਹੈ। ਕਾਰਨ ਅੱਜ ਦਾ ਇਲੈਕਟਰੌਨਿਕ ਮੀਡੀਆ ਵੀ ਹੈ। ਫੇਰ ਹਰ ਕੋਈ ਬਿਜ਼ੀ ਹੈ ਕੰਮਾਂ ਕਾਰਾਂ ਵਿੱਚ। ਟੀ.ਵੀ ਦੇਖ ਲੈਣਾ ਸੌਖਾ ਹੈ ਤੇ ਕਿਤਾਬ ਪੜ੍ਹਨੀ ਔਖੀ। ਪਰ ਜੇ ਕਰ ਪੱਛਮ ਦੇ ਲੋਕਾਂ ਵਲ ਦੇਖੀਏ ਤਾਂ ਉਹ ਕਿਤਾਬੀ ਕਲਚਰ ਨਾਲ਼ ਜੁੜੇ ਹੋਏ ਹਨ। ਹੋ ਸਕਦਾ ਹੈ ਕਿ ਅਸੀਂ ਪਾਠਕ ਸਹੀ ਅਰਥਾਂ ਵਿੱਚ ਪੈਦਾ ਨਾ ਕੀਤੇ ਹੋਣ ਜਿਹੜੇ ਸਾਹਿਤ ਦੀ ਕਦਰ ਕਰਨ। ਸਾਨੂੰ ਹਾਲੇ ਇਹੋ ਗੁਣ ਨਹੀਂ ਆਇਆ ਕਿ ਕਿਵੇਂ ਪਾਠਕ ਨੂੰ ਕਿਤਾਬੀ ਕਲਚਰ ਨਾਲ਼ ਜੋੜਨਾ ਹੈ। ਪਬਲਿਸ਼ਰਜ਼ ਨੂੰ ਚਾਹੀਦਾ ਹੈ ਕਿ ਉਸਦੀ ਮਾਰਕਿਟਿੰਗ ਚੰਗੇ ਢੰਗ ਨਾਲ਼ ਕਰਨ। ਲੋਕਾਂ ਤਕ ਗੱਲ ਪਹੁੰਚਾਉਣ ਤਾਂ ਪਾਠਕਾਂ ਵਿੱਚ ਆਪੇ ਜਗਿਆਸਾ ਪੈਦਾ ਹੋਵੇਗੀ। ਤੇ ਫੇਰ ਕਿਤਾਬ ਦਾ ਮੁੱਲ ਵੀ ਬਹੁਤ ਹੁੰਦਾ ਹੈ। ਇਹ ਵੀ ਵਾਜਬ ਰੱਖਿਆ ਜਾ ਸਕਦਾ ਹੈ। ਸਾਨੂੰ ਪਾਠਕ ਪੈਦਾ ਕਰਨੇ ਪੈਣਗੇ। ਲੋਕਾਂ ਵਿੱਚ ਸਾਹਿਤ ਦੀ ਰੁਚੀ ਪੈਦਾ ਕਰਨੀ ਪਵੇਗੀ। ਜੇ ਕਰ ਆਮ ਇਨਸਾਨ ਸਾਹਿਤ ਦੀ ਕਦਰ ਕਰੇਗਾ ਤਾਂ ਹੀ ਪਾਠਕ ਪੈਦਾ ਹੋਣਗੇ।

ਤੁਹਾਡੇ ਸੁਭਾਅ ਬਾਰੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਹੀ ਚੁੱਪ ਤੇ ਗੰਭੀਰ ਸੁਭਾਅ ਦੇ ਮਾਲਕ ਹੋਪਰ ਮੈਨੂੰ ਤਾਂ ਤੁਹਾਡੀ ਚੁੱਪ ਵੀ ਕੋਈ ਬਾਤ ਪਾਉਂਦੀ ਲਗਦੀ ਹੈ। ਕੀ ਇਹ ਤੁਹਾਡੇ ਸੁਭਾਅ ਦਾ ਸੱਚ ਹੈ?

: ਕੋਈ ਵੇਲਾ ਸੀ ਜਦੋਂ ਮੇਰੇ ਅੰਦਰ ਬਹੁਤ ਝਿਜਕ ਸੀ। ਕਦੀ ਹੁਣ ਵੀ ਹੈ। ਬਹੁਤੀ ਚੁੱਪ ਤਾਂ ਮੈਂ ਨਹੀਂ ਰਹਿੰਦੀ। ਜੋ ਕਹਿਣਾ ਹੈ ਜ਼ਰੂਰ ਕਹਿ ਦਿੰਦੀ ਹਾਂ। ਪਰ ਹਾਂ, ਬੜਬੋਲੀ ਮੈਂ ਨਹੀਂ ਬਣ ਸਕਦੀ। ਇਹ ਗੰਭੀਰਤਾ ਸ਼ਾਇਦ ਮੈਨੂੰ ਵਿਰਸੇ ਵਿੱਚ ਮਿਲੀ ਹੋਵੇ। ਮੇਰੀ ਆਪਣੀ ਮਾਂ ਵੀ ਗਹਿਰ ਗੰਭੀਰ ਸੁਆਣੀ ਸੀ। ਸ਼ਾਇਦ ਉਨ੍ਹਾਂ ਵੱਲੋਂ ਦਿੱਤੀ ਸੀਖ਼ ਹੀ ਮੈਨੂੰ ਵੇਲਿਆਂ ਤੇ ਚੁੱਪ ਤੇ ਗੰਭੀਰ ਕਰ ਦਿੰਦੀ ਹੋਵੇ। ਪਹਿਲਾਂ ਮੈਂ ਕੁੱਝ ਜ਼ਿਆਦਾ ਚੁੱਪ ਤੇ ਗੰਭੀਰ ਰਹਿੰਦੀ ਸਾਂ ਪਰ ਹੁਣ ਉਮਰ ਦੇ ਇਸ ਪੜਾਅ ਤੇ ਫ਼ਰਕ ਪੈ ਗਿਆ ਹੈ। ਉਹ ਝਿਜਕ ਵੀ ਨਹੀਂ ਰਹੀ। ਸਤਨਾਮ ਜੀ, ਕਈ ਵੇਰਾਂ ਚੁੱਪ ਦਾ ਸਾਥ ਵੀ ਚੰਗਾ ਲਗਦਾ ਹੈ। ਇਸ ਵਿੱਚ ਆਪਣਾ ਵੱਖਰਾ ਆਨੰਦ ਹੈ।

ਹੁਣ ਤੁਸੀਂ ਕੰਮ ਵੱਲੋਂ ਤਾਂ ਰਿਟਾਇਰਡ ਹੋ ਚੁੱਕੋ ਹੋ। ਹੁਣ ਕੀ ਪ੍ਰੋਗਰਾਮ ਹੈਕੋਈ ਨਾਵਲ ਲਿਖਣ ਬਾਰੇ ਸੋਚਿਆ ਜਾਂ ਫੇਰ ਕਹਾਣੀਆਂ?

: ਪਿਛਲੇ ਦਿਨਾਂ ਵਿੱਚ ਮੈਂ ਨਾਵਲ “ਜਾਲ਼” ਖ਼ਤਮ ਕੀਤਾ ਹੈ। ਐਡਿਟਿੰਗ ਤੋਂ ਬਾਅਦ ਛਪਣ ਲਈ ਭੇਜ ਦਿਆਂਗੀ। ਬਹੁਤ ਵਰ੍ਹਿਆਂ ਤੋਂ ਇਸ ਨੂੰ ਲਿਖਦੀ ਆ ਰਹੀ ਸਾਂ। ਤਿੰਨ ਵਾਰ ਇਸਦੀ ਕੈਨਵਸ ਬਦਲੀ ਹੈ। ਪਰ ਹੁਣ ਇਹ ਤਿਆਰ ਹੈ। ਦੇਖਦੇ ਹਾਂ, ਕੌਣ ਹੱਥ ਪਾਉਂਦਾ ਹੈ। ਤੇ ਅਗਲਾ ਨਾਵਲ ਜ਼ਿਹਨ ਵਿੱਚ ਪੁੰਗਰ ਰਿਹਾ ਹੈ। ਕਹਾਣੀਆਂ ਤਾਂ ਲਿਖੀਆਂ ਜਾ ਹੀ ਰਹੀਆਂ ਹਨ।

ਅੱਜ ਕੱਲ ਜਿਹੜੇ ਨਵੇਂ ਲੇਖਕ ਲਿਖਣ ਖੇਤਰ ਵਿੱਚ ਆ ਰਹੇ ਹਨ ਤੁਸੀਂ ਉਹਨਾਂ ਨਵੇਂ ਲੇਖਕਾਂ ਨੂੰ ਜਾਂ ਆਪਣੇ ਪਾਠਕਾਂ ਨੂੰ ਕੀ ਕਹਿਣਾ ਚਾਹੋਂਗੇ?

: ਲੇਖਕਾਂ ਨੂੰ ਤਾਂ ਮੈਂ ਇਹੋ ਕਹਾਂਗੀ ਕਿ ਇਹ ਖੇਤਰ ਤਪੱਸਿਆ ਮੰਗਦਾ ਹੈ। ਜੇਕਰ ਲਿਖਣ ਵੱਲ ਆਉਣਾ ਹੈ ਤਾਂ ਫਲ ਦੀ ਚਿੰਤਾ ਤੋਂ ਬਿਨਾਂ ਸਮਰਪਤ ਹੋ ਕੇ ਆਉ। ਮਨ ਦੀ ਤਸੱਲੀ ਆਪਣੇ ਆਪ ਮਿਲ ਜਾਵੇਗੀ। ਤੇ ਪਾਠਕਾਂ ਨੂੰ ਇਹੋ ਕਹਾਂਗੀ ਕਿ ਚੰਗੇ ਸਾਹਿਤ ਨੂੰ ਜ਼ਰੂਰ ਪੜ੍ਹੋ। ਘਰ ਵਿੱਚ ਪੜ੍ਹਨ ਦੀ ਆਦਤ ਪਾਵੋ। ਸਾਹਿਤ ਹੀ ਇਕ ਐਸੀ ਚੀਜ਼ ਹੈ ਜਿਸ ਨਾਲ਼ ਆਉਣ ਵਾਲੇ ਸਮੇਂ ਵਿੱਚ ਕੌਮਾਂ ਜਿਉਂਦੀਆਂ ਰਹਿ ਸਕਣਗੀਆਂ। ਆਪਣੀ ਪਛਾਣ ਕਾਇਮ ਰੱਖ ਸਕਣਗੀਆਂ। ਆਪਣੇ ਘਰਾਂ ਵਿੱਚ ਲਾਇਬਰੇਰੀ ਜ਼ਰੂਰ ਬਣਾਓ ਤਾਂ ਕਿ ਤੁਹਾਡੇ ਬੱਚਿਆਂ ਨੂੰ ਵੀ ਪੜ੍ਹਨ ਦੀ ਆਦਤ ਪਵੇ।

***

950

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ। (ਪਹਿਲੀ ਵਾਰ ਛਪਿਆ 2010) (ਦੂਜੀ ਵਾਰ 2022)

About the author

satnam_dhaw
ਸਤਨਾਮ ਢਾਅ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →