21 September 2024

ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਦੀ ਰੀਪੋਰਟ—ਸਤਨਾਮ ਸਿੰਘ ਢਾਅ

ਕੈਲਗਰੀ (ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ 11 ਮਾਰਚ ਨੂੰ ਕੋਸੋ ਹਾਲ ਵਿਚ ਹੋਈ ਜਿਸ ਦੀ ਪ੍ਰਧਾਨਗੀ ਡਾ. ਜੋਗਾ ਸਿੰਘ ਸਹੋਤਾ ਅਤੇ ਮੁੱਖ ਮਹਿਮਾਨ ਡਾ. ਸੁਰਿੰਦਰ ਧੰਜਲ ਨੇ ਕੀਤੀ। ਸ਼ੁਰੂ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ, ਸਾਹਿਰ ਲੁਧਿਆਣਵੀ ਦੇ 98ਵੇਂ ਜਨਮ ਦਿਨ, ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿਚ ਵਿਚਾਰ ਚਰਚਾ ਹੋਈ 24 ਫਰਵਰੀ ਨੂੰ ਸ਼ੁਰੂ ਹੋਈ ਗਿਆਨੀ ਗੁਰਦਿੱਤ ਸਿੰਘ ਦੀ ਜਨਮ ਸ਼ਤਾਬਦੀ ਨਮਿੱਤ ਬੁਲਾਰਿਆਂ ਨੇ ਵਿਚਾਰ ਰੱਖੇ।

ਸਤਨਾਮ ਸਿੰਘ ਢਾਅ ਨੇ ਗਿਆਨੀ ਜੀ ਨੂੰ ਸਿੱਖਾਂ ਦੀ ਮਹਾਨ ਸ਼ਖ਼ਸੀਅਤ, ਉੱਚ ਕੋਟੀ ਦੇ ਵਿਦਵਾਨ, ਲੇਖਕ, ਪੱਤਰਕਾਰ, ਸੰਪਾਦਕ ਤੇ ਸੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਦੇ ਅਲੰਬਰਦਾਰ ਵਜੋਂ ਯਾਦ ਕੀਤਾ। ਕੇਸਰ ਸਿੰਘ ਨੀਰ ਨੇ ਫੋਨ ਰਾਹੀਂ ਸ਼ਮੂਲੀਅਤ ਕਰ ਕੇ ਗਿਆਨੀ ਜੀ ਦੇ ਆਦਰਸ਼ ਜੀਵਨ ਦਾ ਬਿਓਰਾ ਦਿੱਤਾ। ਨੀਰ ਨੇ ਪਿੱਛੇ ਜਿਹੇ ਅਰਪਨ ਲਿਖਾਰੀ ਸਭਾ ਦੁਆਰਾ ਕੈਲਗਰੀ ਦੀ ਫੇਰੀ ਦੋਰਾਨ ਗਿਆਨੀ ਜੀ ਦੇ ਸਪੁੱਤਰ ਰੂਪਿੰਦਰ ਸਿੰਘ ਨੂੰ ਸਨਮਾਨਿਤ ਕਰਨ ਨੂੰ ਯਾਦ ਕੀਤਾ। ਜਗਦੇਵ ਸਿੰਘ ਸਿੱਧੂ ਨੇ ਗਿਆਨੀ ਜੀ ਦੇ ਹਰ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਵਜੋਂ ਉਨ੍ਹਾਂ ਦੀ ਸ਼ਾਹਕਾਰ ਰਚਨਾ ‘ਮੇਰਾ ਪਿੰਡ’, ਸਿੱਖਾਂ ਦੇ ਪੰਜਵੇਂ ਤਖ਼ਤ ਦਮਦਮ ਸਾਹਿਬ (ਤਲਵੰਡੀ ਸਾਬੋ) ਅਤੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਬਾਰੇ ਸੰਖੇਪ ਵੇਰਵੇ ਦੇਣ ਉਪ੍ਰੰਤ ਉਨ੍ਹਾਂ ਨੂੰ ਮਿਲੇ ਕੁੱਝ ਉੱਘੇ ਸਨਮਾਨਾਂ ਦਾ ਜ਼ਿਕਰ ਕੀਤਾ। ਜਸਵੀਰ ਸਿੰਘ ਸਿਹੋਤਾ ਨੇ ਖ਼ਾਲਸੇ ਦੇ ਅਨੋਖੇ ਕਿਰਦਾਰ ਬਾਰੇ ਕਵਿਤਾ ਸੁਣਾਈ। ਸਮੇਂ ਦੀ ਲੋੜ ਬਾਰੇ ਪ੍ਰਭਦੇਵ ਗਿੱਲ ਨੇ ਸ਼ਹੀਦਾਂ ਦੇ ਨਾਂ ਵਰਤ ਕੇ ਸਿਆਸੀ ਲਾਹਾ ਲੈਣ ਦੀਆਂ ਚਾਲਾਂ ਤੋਂ ਲੋਕਾਂ ਖ਼ਬਰਦਾਰ ਰਹਿਣ ਲਈ ਕਿਹਾ।

ਡਾ. ਸੁਰਿੰਦਰ ਧੰਜਲ ਨੇ ਸ਼ਹੀਦਾਂ ਦੀ ਕੜੀ ਵਿਚ ਲਗਾਤਾਰਤਾ ਅਤੇ ਨਿਰੰਤਰ ਇਕਸਾਰਤਾ ਦੀ ਪ੍ਰੰਪਰਾ ਨੂੰ ਉਜਾਗਰ ਕੀਤਾ। ਉਸ ਨੇ ਕਈ ਭੱਖਦੇ ਮਸਲਿਆਂ ਅਤੇ ਵਿਸ਼ਿਆਂ ਬਾਰੇ ਬਹੁਪੱਖੀ ਵਿਚਾਰਾਂ ਨੂੰ ਕਮਾਲ ਦੀ ਮੁਹਾਰਤ ਨਾਲ ਪੇਸ਼ਕਾਰੀ ਦੇ ਕਲਾਵੇ ਵਿਚ ਲਿਆ। ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਅੱਗੇ ਤੋਰਨ ਲਈ ਪ੍ਰੇਰਿਆ। ਡਾ. ਧੰਜਲ ਨੇ ਦੋ ਪੁਸਤਕਾਂ- ‘ਖੇਤਾਂ ਦਾ ਪੁੱਤ ਪਾਸ਼’ ਅਤੇ ‘ਦੀਵੇ ਜਗਦੇ ਰਹਿਣਗੇ’- ਸਭਾ ਦੇ ਮੈਂਬਰਾਂ ਨੂੰ ਭੇਟ ਕੀਤੀਆਂ। ਤਿੰਨ ਕਵਿਤਾਵਾਂ ਵੀ ਆਪਣੇ ਜੇਤੂ ਅੰਦਾਜ਼ ਵਿਚ ਪੇਸ਼ ਕੀਤੀਆਂ। ਨਾਲ ਹੀ ਕੈਨੇਡਾ ਭਰ ਦੀਆਂ ਸੰਸਥਵਾਂ ਦੇ ਕਿਸਾਨੀ ਅੰਦੋਲਨ ਦੀ ਕੀਤੀ ਹਮਾਇਤ ਦਾ ਜਿਕਰ ਵੀ ਕੀਤਾ। ਡਾ. ਜੋਗਾ ਸਿੰਘ ਸਹੋਤਾ ਅਤੇ ਡਾ. ਮਨਮੋਹਨ ਸਿੰਘ ਬਾਠ ਨੇ ਆਪਣੀ ਪਰਪੱਕ ਗਾਇਕੀ ਰਾਹੀਂ ਸੰਗੀਤਕ ਮਾਹੌਲ ਸਿਰਜਿਆ। ਸੁਰਿੰਦਰਜੀਤ ਸਿੰਘ ਪਲਾਹਾ ਨੇ ਕੈਨੇਡਾ ਦੇ ਵਧੀਆ ਸਿਸਟਮ, ਇਸ ਦੀ ਖ਼ੂਬਸੂਰਤੀ ਅਤੇ ਇੱਥੋਂ ਦੀਆਂ ਸੁੱਖ-ਸਹੂਲਤਾਂ ਪ੍ਰਤੀ ਹਾਂ-ਪੱਖੀ ਸੋਚ ਰੱਖਣ ਦੀ ਗੱਲ ਕਹੀ।

ਸੁਰਿੰਦਰ ਗੀਤ ਦੀ ਤਾਜ਼ਾ ਕਵਿਤਾ ਮਜ਼ਦੂਰ ਔਰਤ ਨੂੰ ਵਿਸ਼ਵ ਸੁੰਦਰੀ ਨਾਲ ਤੁਲਨਾ ਦੇ ਕੇ ਔਰਤ ਬਾਰੇ ਸੱਜਰਾ ਤੇ ਨਿਰੋਆ ਨਜ਼ਰੀਆ ਪੇਸ਼ ਕਰ ਗਈ। ਮਨਜੀਤ ਬਰਾੜ ਦੀ ਕਵਿਤਾ ਨੇ ਕਾਲਜ ਵਿਚਲੀ ਮਸਤੀ ਦੇ ਦਿਨ ਯਾਦ ਕਰਵਾ ਦਿੱਤੇ। ਪੈਰੀ ਮਾਹਲ ਨੇ ਸ਼ਹੀਦ ਭਗਤ ਸਿੰਘ ਅਤੇ ਗ਼ਦਰੀ ਯੋਧੇ ਬਾਬਾ ਸੋਹਨ ਸਿੰਘ ਭਕਨਾ ਬਾਰੇ ਨਿੱਜੀ ਅਨੁਭਵ ਸਾਂਝੇ ਕੀਤੇ। ਗੁਰਦੀਪ ਚੀਮਾ ਨੇ ਗ਼ਦਰੀ ਬਾਬੇ ਸੋਹਨ ਸਿੰਘ ਭਕਨਾ ਨਾਲ ਮਿਲਣੀ ਅਤੇ ਨਿੱਜੀ ਸੰਪਰਕ ਦੀਆਂ ਯਾਦਾਂ ਦੁਹਰਾਈਆਂ। ਇਕਬਾਲ ਖ਼ਾਨ, ਸੁਬਾ ਸਾਦਿਕ, ਹਰਦੀਪ ਸਿੰਘ ਗੁਰਮ, ਸੁਖਦੇਵ ਕੌਰ ਢਾਅ ਅਤੇ ਹੋਰ ਹਾਜ਼ਰ ਸਾਹਿਤ ਪ੍ਰੇਮੀ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਏ।ਜਗਦੇਵ ਸਿੰਘ ਸਿੱਧੂ ਨੇ ਸਟੇਜ ਦੀ ਕਾਰਵਾਈ ਨਿਭਾਉਂਦਿਆਂ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ।

ਅਖ਼ੀਰ ਵਿਚ ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਨੇ ਡਾ. ਸੁਰਿੰਦਰ ਧੰਜਲ ਅਤੇ ਹਾਜ਼ਰੀਨ ਦਾ ਤਹਿਦਿਲੋਂ ਧੰਨਵਾਦ ਕੀਤਾ।

ਸਭਾ ਦੀ ਅਗਲੀ ਮਾਸਿਕ ਮੀਟਿੰਗ ਜੋ ਕਿ ਅੱਠ ਅਪ੍ਰੈਲ ਨੂੰ ਹੋਵੇਗੀ ਬਾਰੇ ਡਾ. ਜੋਗਾ ਸਿੰਘ ਸਹੋਤਾ ਨੇ ਜਾਣਕਾਰੀ ਦਿੰਦਿਆਂ ਸਹਿਤ ਪ੍ਰੇਮੀਆਂ ਇਸੇ ਤਰ੍ਹਾਂ ਹਾਜ਼ਰੀ ਲਗਵਉਣ ਦੀ ਬੇਨਤੀ ਕੀਤੀ। ਸੰਪਰਕ ਲਈ ਡਾ. ਜੋਗਾ ਸਿੰਘ ਸਹੋਤਾ 403-207-4412 ‘ਤੇ ਸਤਨਾਮ ਸਿੰਘ ਢਾਅ ਨੂੰ 403-285-6091 ਫੋਨ ਕੀਤਾ ਜਾ ਸਕਦਾ ਹੈ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1050
***

satnam_dhaw

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →