25 July 2024

ਅਰਪਨ ਲਿਖਾਰੀ ਸਭਾ ਮੀਟਿੰਗ ‘ਪੰਜਾਬੀ ਮਾਂ ਬੋਲੀ’ ਨੂੰ ਸਮਰਪਿਤ ਕੀਤੀ ਗਈ—ਸਤਨਾਮ ਢਾਅ

-ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ-

ਕੈਲਗਰੀ (ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ ਦੀ ਮਾਸਕ ਮੀਟਿੰਗ 12 ਫ਼ਰਵਰੀ ਨੂੰ ਜ਼ੂਮ ਰਾਹੀਂ ਕੀਤੀ ਗਈ, ਜੋ ਆ ਰਹੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਕੀਤੀ ਗਈ। ਸ਼ੁਰੂ ਵਿਚ ਲਤਾ ਮੰਗੇਸ਼ਕਰ, ਬੀਬੀ ਇੰਦਰਜੀਤ ਕੌਰ ਸੰਧੂ, ਪੋ੍ਰ. ਗੁਰਬਖ਼ਸ਼ ਸਿੰਘ ਗਿੱਲ, ਮਰਹੂਮ ਹਰਦੇਵ ਸਿੰਘ ਦਿਲਗੀਰ ਉਰਫ ਦੇਵ ਥ੍ਰੀਕੇ ਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕੇਸਰ ਸਿੰਘ ਨੀਰ ਨੇ ਇੰਦਰਜੀਤ ਕੌਰ ਬਾਰੇ ਸੰਖੇਪ ਵੇਰਵੇ ਰਾਹੀਂ ਦੱਸਿਆ ਕਿ ਉਹ ‘ਮੇਰਾ ਪਿੰਡ’ ਨਾਂ ਦੀ ਸ਼ਾਹਕਾਰ ਰਚਨਾ ਦੇ ਲੇਖਕ ਗਿਆਨੀ ਗੁਰਦਿੱਤ ਸਿੰਘ ਦੀ ਧਰਮ ਪਤਨੀ ਸਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਇਸਤਰੀ ਵਾਇਸ ਚਾਂਸਲਰ ਬਣੇ। ਉਨ੍ਹਾਂ ਦਾ ਸਿੱਖਿਆ ਅਤੇ ਸਮਾਜਕ ਖੇਤਰਾਂ ਵਿਚ ਬੜਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਸਤਨਾਮ ਸਿੰਘ ਢਾਹ ਨੇ ਦੇਵ ਥਰੀਕੇ ਵਾਲੇ ਦੇ ਜੀਵਨ ਅਤੇ ਉਨ੍ਹਾਂ ਦੀ ਦੇਣ ਬਾਰੇ ਚਾਨਣਾ ਪਾਇਆ। ਉਸ ਨੇ ਕਿਹਾ ਕਿ ਦੇਵ ਥਰੀਕੇ ਨੇ ਕਿੱਸਾ-ਕਾਵਿ ਤੋਂ ਪ੍ਰਭਾਵਿਤ ਹੋ ਕੇ ਲੋਕ ਗਾਥਾਵਾਂ ਨੂੰ ਆਪਣੇ ਨਿਵੇਕਲੇ ਰੰਗ (ਕਲੀ ਛੰਦ) ਵਿਚ ਪੇਸ਼ ਕਰ ਕੇ ਮਹਾਨ ਕਾਰਜ ਕੀਤਾ। ਚੋਟੀ ਦੇ ਗਾਇਕਾਂ ਕੁਲਦੀਪ ਮਾਣਕ ਅਤੇ ਸੁਰਿੰਦਰ ਸ਼ਿੰਦਾ ਨੇ ਦੇਵ ਥਰੀਕੇ ਦੀਆਂ ਲਿਖੀਆਂ ਕਲੀਆਂ ਗਾਈਆਂ ਅਤੇ ਪ੍ਰਸਿੱਧੀ ਖੱਟੀ। ਗੀਤਕਾਰੀ ਦੇ ਇਤਿਹਾਸ ਵਿਚ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

ਸ਼ਾਇਰ ਕੇਸਰ ਸਿੰਘ ਨੀਰ ਨੇ ਆਪਣੀ ਗ਼ਜ਼ਲ ਦਾ ਪਾਠ ਕੀਤਾ ‘ਰੁੱਖਾਂ ਦੇ ਪਰਛਾਵੇਂ ਸ਼ਾਮੀਂ ਢਲਦੇ ਵੇਖੇ’। ਬੁਲੰਦ ਅਵਾਜ਼ ਦੇ ਮਾਲਕ ਸੁਖਵਿੰਦਰ ਤੂਰ ਨੇ ਲਤਾ ਮੰਗੇਸ਼ਕਰ ਦੀ ਪ੍ਰਥਾਏ ਗੀਤ ਸੁਣਾਇਆ ‘ਵੋਹ ਜਬ ਯਾਦ ਆਏ ਬਹੁਤ ਯਾਦ ਆਏ’। ਨਾਲ ਹੀ ਪੰਜਾਬ ‘ਚ ਚੋਣਾਂ ਸਮੇਂ ਵੋਟਰਾਂ ਨੂੰ ਜਾਗਰੂਕ ਕਰਨ ਵਾਲਾ ਗੀਤ ਸੁਣਾਇਆ। ਡਾ. ਜੋਗਾ ਸਿੰਘ ਸਹੋਤਾ ਨੇ ਸੁਰਾਂ ਦੀ ਮਲਕਾ ਲਤਾ ਮੰਗੇਸ਼ਕਰ ਨੂੰ ਦੁਨੀਆਂ ਦੀ ਸਭ ਤੋਂ ਬੇਹਤਰੀਨ ਮੈਲੋਡੀ ਕੁਈਨ ਕਰਾਰ ਦਿੱਤਾ। ਉਸ ਦੀ ਯਾਦ ਨੂੰ ਤਾਜ਼ਾ ਕਰਦੇ ਦੋ ਗੀਤ ਗਾ ਕੇ ਸੁਣਾਏ ‘ਜ਼ਿੰਦਗੀ ਔਰ ਕੁਛ ਭੀ ਨਹੀਂ ਤੇਰੀ ਮੇਰੀ ਕਹਾਨੀ ਹੈ’ ਅਤੇ ‘ਵੋਹ ਜਬ ਯਾਦ ਆਏ ਬਹੁਤ ਯਾਦ ਆਏ’। ਡਾ. ਮਨਮੋਹਨ ਸਿੰਘ ਬਾਠ ਨੇ ਸੁਰੀਲੀ ਆਵਾਜ਼ ਵਿਚ ਗੀਤ ਪੇਸ਼ ਕੀਤਾ ‘ਗੁਜ਼ਰਾ ਹੂਆ ਜ਼ਮਾਨਾ ਆਤਾ ਨਹੀਂ ਦੁਬਾਰਾ’। ਰੂਪਿੰਦਰ ਦਿਓਲ ਨੇ ਆਪਣੀ ਮੌਲਿਕ ਗ਼ਜ਼ਲ ‘ਜਦ ਕਿਸੇ ਅੰਬਰ ਦੇ ਤਾਰੇ ਗੁਆਚ ਜਾਂਦੇ ਨੇ, ਰਾਤ ਦੇ ਸੁਹਣੇ ਨਜ਼ਾਰੇ ਗੁਆਚ ਜਾਂਦੇ ਨੇ’ ਸੁਣਾ ਕੇ ਸਰੋਤਿਆਂ ਨੂੰ ਕੀਲ ਲਿਆ। ਅਜਾਇਬ ਸਿੰਘ ਸੇਖੋਂ ਨੇ ਮਾਂ-ਬੋਲੀ ਪ੍ਰਤੀ ਸਾਡੇ ਫ਼ਰਜ਼ਾਂ ਬਾਰੇ ਚਿਤਾਵਨੀ ਦਿੱਤੀ ਤੇ ਇੱਕ ਕਵਿਤਾ ਵੀ ਸੁਣਾਈ। ਨਾਮਵਰ ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ ਮਾਂ-ਬੋਲੀ ਪੰਜਾਬੀ ਦੇ ਪੂਰੇ ਵਿਕਾਸ ਨੂੰ ਬੜੀ ਮੁਹਾਰਤ ਨਾਲ ਬੈਂਤ ਛੰਦ ਵਿਚ ਪੇਸ਼ ਕਰ ਕੇ ਕਮਾਲ ਕਰ ਦਿੱਤੀ। ਸੇਖੋਂ ਨੇ ਇੱਕ ਹੋਰ ਛੰਦ ਰਾਹੀਂ ਸਾਕਾ ਨਨਕਾਣਾ ਸਾਹਿਬ ਨੂੰ ਮੂਰਤੀਮਾਨ ਕਰ ਕੇ ਰੱਖ ਦਿੱਤਾ।

ਕਵੀਸ਼ਰ ਸਰੂਪ ਸਿੰਘ ਮੰਡੇਰ ਨੇ ਬੁਲੰਦ ਆਵਾਜ਼ ਵਿਚ ਕਵੀਸ਼ਰੀ ਗਾ ਕੇ ਮਾਹੌਲ ਸਿਰਜਿਆ। ਇਕਬਾਲ ਕਾਲੀਰਾਏ ਨੇ ਪੰਜਾਬੀ ਬੋਲੀ ਬਾਰੇ ਕਈ ਪੱਖਾਂ ਤੋਂ ਵਿਸਥਾਰ ਸਹਿਤ ਵੇਰਵੇ ਰੱਖੇ। ਇਕਬਾਲ ਖ਼ਾਨ ਨੇ ਬੋਲੀ ਨੂੰ ਧਰਮ ਨਾਲ ਜੋੜ ਕੇ ਦੇਖਣ ਦੇ ਨਫ਼ੇ ਨੁਕਸਾਨ ਬਾਰੇ ਗੱਲ ਕਰਦਿਆਂ ਆਖਿਆ ਕਿ ਕਿਵੇਂ ਸੁਆਰਥੀ ਰਾਜਨੀਤੀ ਬੋਲੀਆਂ ਨੂੰ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨਾਲ ਜੋੜ ਕੇ ਨੁਕਸਾਨ ਕਰਦੀ ਹੈ। ਜਗਦੇਵ ਸਿੰਘ ਸਿੱਧੂ ਨੇ ਬਹੁਤ ਖੋਜ ਪੜਤਾਲ ਕਰਕੇ ਲਿਖੇ ਆਪਣੇ ਲੇਖ ਦੇ ਹਵਾਲੇ ਨਾਲ ਪੰਜਾਬੀ ਬੋਲੀ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਦੁਨੀਆਂ ਭਰ ਵਿਚ ਮਰ ਰਹੀਆਂ ਬੋਲੀਆਂ ਦਾ ਵਿਸਥਾਰ ਨਾਲ ਜਿਕਰ ਕੀਤਾ। ਉਨ੍ਹਾਂ ਨੇ ਪੰਜਾਬੀਆਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਜਿੰਨਾ ਚਿਰ ਪੰਜਾਬ ਦੇ ਪਿਡਾਂ ਅਤੇ ਖੇਤਾਂ ਵਿਚ ਲੋਕ ਕਲੀਆਂ (ਛੰਦ) ਲਾੳਂੁਦੇ ਰਹਿਣਗੇ ਓਨਾ ਚਿਰ ਪੰਜਾਬੀ ਬੋਲੀ ਕਾਇਮ ਰਹੇਗੀ। ਉਪਰੰਤ ਸਭਾ ਵੱਲੋਂ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਗੁਰਦਿੱਤ ਸਿੰਘ ਦੀ ਦੇਣ ਨੂੰ ਮੁੱਖ ਰੱਖਦਿਆਂ ਸਿੱਖ ਮਿਉਜ਼ੀਅਮ ਵਿਚ ਦੂਜੇ ਵਿਦਵਾਨਾਂ ਤੇ ਉੱਘੀਆਂ ਸ਼ਖ਼ਸੀਅਤਾਂ ਦੇ ਨਲ ਉਨ੍ਹਾਂ ਦਾ ਚਿੱਤਰ ਵੀ ਲਾਉਣਾ ਚਾਹੀਦਾ ਹੈ।

ਸਤਨਾਮ ਸਿੰਘ ਢਾਹ ਨੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਜੋਰਦਾਰ ਸ਼ਬਦਾਂ ਵਿਚ ਅਪੀਲ ਕੀਤੀ ਕਿ ਪੰਜਾਬੀ ਬੋਲੀ ਦੇ ਉੱਜਲੇ ਭਵਿੱਖ ਲਈ ਆਪਣੇ ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਬੋਲਣ। ਉਨ੍ਹਾਂ ਨੇ ਬੇਨਤੀ ਕੀਤੀ ਕਿ ਬਾਬੇ, ਦਾਦੀਆਂ/ ਨਾਨੇ, ਨਾਨੀਆਂ ਬਾਤਾਂ ਰਾਹੀਂ ਛੋਟੇ ਬੱਚਿਆਂ ਨੂੰ ਅਪਣੇ ਇਤਿਹਾਸ ਅਤੇ ਕਲਚਰ ਬਾਰੇ ਜਾਣਕਾਰੀ ਦੇਣ, ਉਨ੍ਹਾਂ ਵਿਚ ਪੰਜਾਬੀ ਬੋਲਣ/ਲਿਖਣ ਤੇ ਸਮਝਣ ਦੀ ਰੁਚੀ ਉਤਸ਼ਾਹਿਤ ਕਰਨ। ਢਾਅ ਨੇ ਚਿੰਤਾ ਪ੍ਰਗਟ ਕੀਤੀ ਕਿ ਭਾਵੇਂ ਅੱਜ ਕੈਨੇਡਾ ਵਿਚ ਹਰ ਸੂਬੇ ਦੀਆਂ ਸਰਕਾਰਾਂ ਵੀ ਪੰਜਾਬੀ ਬੋਲੀ ਪੜ੍ਹਾਉਣ ਦੀਆਂ ਸਹੂਲਤਾਂ ਦਿੰਦੀਆਂ ਹਨ ਪਰ ਸਾਡੇ ਲੋਕ ਇਨ੍ਹਾਂ ਸਹੂਲਤਾਂ ਦਾ ਲਾਭ ਨਹੀਂ ਲੈ ਰਹੇ।

ਅਖ਼ੀਰ ਵਿਚ ਸਾਰੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਉਸ ਨੇ ਸਭ ਨੂੰ ਅਗਲੀ 12 ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਹੋਰ ਜਾਣਕਾਰੀ ਲਈ 403-285-6091 ਤੇ ਸੰਪਰਕ ਕੀਤਾ ਜਾ ਸਕਦਾ ਹੈ।

***
638
***
satnam_dhaw

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →