ਕੈਲਗਰੀ (ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ ਦੀ ਮਾਸਿਕ ਇਕੱਤ੍ਰਤਾ ਡਾ. ਜੋਗਾ ਸਿੰਘ ਅਤੇ ਜਗਦੇਵ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਗਿਆਰਾਂ ਫਰਵਰੀ ਨੂੰ ਕੌਂਸਲ ਆਫ਼ ਸਿੱਖ ਔਰਗੇਨਾਇਜ਼ੇਸ਼ਨ (ਕੋਸੋ) ਦੇ ਹਾਲ ਵਿੱਚ ਹੋਈ। ਇਹ ਮੀਟਿੰਗ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤੀ ਗਈ। ਉੱਘੇ ਸਮਾਜ-ਸੇਵੀ ਸੇਵਾ ਸਿੰਘ ਪ੍ਰੇਮੀ ਦੀ ਜੀਵਨ-ਸਾਥਣ ਰਣਜੀਤ ਕੌਰ ਪ੍ਰੇਮੀ ਦੀ ਬੇ-ਵਕਤੀ ਮੌਤ ਉਪਰ ਡੂੰਘੇ ਦੁੱਖ ਦਾ ਪੑਗਟਾਵਾ ਕੀਤਾ ਗਿਆ। ਕੇਸਰ ਸਿੰਘ ਨੀਰ ਨੇ ਸਰਦਾਰਨੀ ਰਣਜੀਤ ਕੌਰ ਦੀ ਸ਼ਖ਼ਸੀਅਤ ਬਾਰੇ ਪ੍ਰਸ਼ੰਸਾ ਭਰੇ ਦੇ ਸ਼ਬਦ ਕਹੇ। ਵਿਛੜੀ ਰੂਹ ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਗੌਰਮਿੰਟ ਟੀਚਰਜ਼ ਯੁਨੀਅਨ ਦੇ ਲੰਮਾਂ ਸਮਾਂ ਰਹੇ ਪ੍ਰਧਾਨ ਤਰਲੋਚਨ ਸਿੰਘ ਰਾਣਾ, ਜਨਵਰੀ ਦੇ ਅਖ਼ੀਰ ਇਕਨਵੇਂ ਸਾਲ ਦੀ ਉਮਰ ਭੋਗ ਕੇ ਵਿਛੋੜਾਂ ਦੇ ਗਏ ਅਤੇ ਨਾਮਵਰ ਸਾਹਿਤਕਾਰ ਤੇ ਰੰਗਕਰਮੀ ਅਮਨਪਾਲ ਸਾਰਾ ਦੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਤੁਰਕੀ ਤੇ ਸੀਰੀਆ ਵਿੱਚ ਆਏ ਭੁਚਾਲ ਕਾਰਨ ਹੋਈ ਜਾਨ-ਮਾਲ ਦੀ ਤਬਾਹੀ ਦੁੱਖ ਅਤੇ ਚਿੰਤਾ ਜ਼ਾਹਿਰ ਕੀਤੀ ਗਈ। ਜਸਵੀਰ ਸਿਹੋਤਾ ਨੇ ਸ਼ਾਮ ਸਿੰਘ ਅਟਾਰੀ ਦੀ ਅਦੁਤੀ ਬਹਾਦਰੀ ਅਤੇ ਸ਼ਹਾਦਤ ਨੂੰ ਯਾਦ ਕੀਤਾ ਅਤੇ ਇੱਕ ਵਿਅੰਗ ਮਈ ਕਵਿਤਾ ‘ਬੇਬੇ ਨੂੰ ਕੀ ਲੋੜ ਚੁਗੇ ਦਾਲ਼ ਵਿੱਚੋਂ ਰੋੜ’ ਸੁਣਾਈ। ਸੁਰਿੰਦਰ ਗੀਤ ਨੇ ਆਪਣੀਆਂ ਦੋ ਤਾਜ਼ਾ ਕਵਿਤਾਵਾਂ, ਉਸ ਦੀ ਇੱਕ ਕਵਿਤਾ ‘ਜਦੋਂ ਸਿਰ ਸਫ਼ਰ ਕਰਦਾ ਹੈ ਤਾਰਿਕਾ ਮੰਡਲ ਨਾਲ ਸੰਵਾਦ ਰਚਾਉਂਦਾ ਹੈ’ ਨੂੰ ਸਰੋਤਿਆਂ ਵੱਲੋਂ ਸਲਾਹਿਆ ਗਿਆ। ਸਰੂਪ ਸਿੰਘ ਮੰਡੇਰ ਨੇ ਦੋ ਛੰਦਾਂ ਵਿੱਚੋਂ ਇੱਕ ਛੰਦ ਸੀ ‘ਲਾਲਚ ਦੇ ਵੱਸ ਹੋ ਕੇ ਦੋਸਤਾ ਖ਼ਾਕ ਬਥੇਰੀ ਛਾਣੀ, ਮੇਰੇ ਮਨਾਂ ਫ਼ਕੀਰ ਬਣੀ ਇਉਂ ਆਖੇ ਗੁਰਬਾਣੀ’ ਪੇਸ਼ ਕਰਕੇ ਕਵੀਸ਼ਰੀ ਦਾ ਲੋਹਾ ਮੰਨਵਾਇਆ। ਜਗਜੀਤ ਸਿੰਘ ਰਹਿਸੀ ਦੇ ਸ਼ੇਅਰ ਹਮੇਸ਼ਾਂ ਦੀ ਤਰ੍ਹਾਂ ਹੱਸਣ ਤੇ ਸੋਚਣ ਲਈ ਮਜਬੂਰ ਕਰ ਗਏ। ਉਨ੍ਹਾਂ ਦਾ ਇੱਕ ਕਮਾਲ ਦਾ ਸ਼ੇਅਰ ਸੀ, ‘ਮਿਲਣੇ ਕੋ ਹਜ਼ਾਰ ਲੋਗ ਮਿਲ ਜਾਤੇ ਪਰ ਹਜ਼ਾਰ ਗ਼ਲਤੀਆਂ ਮੁਆਫ਼ ਕਰਨੇ ਵਾਲੇ ਮਾਂ-ਬਾਪ ਦੁਬਾਰਾ ਨਈਂ ਮਿਲਤੇ’। ਇਕਬਾਲ ਖ਼ਾਨ ਨੇ ਇਨਕਲਾਬੀ ਰੰਗਣ ਦੀ ਕਵਿਤਾ ‘ਡਾਕੂ ਲੁਟੇਰੇ ਆਖ ਉਹ ਭੰਡਣ ਜਹਾਨ ਸਾਨੂੰ’ ਸਾਂਝੀ ਕੀਤੀ ਨਾਲ ਹੀ ਉਸ ਨੇ ਪੰਜਾਬੀ ਬੋਲੀ ਦੇ ਸਰੂਪ, ਵਿਕਾਸ ਅਤੇ ਭਵਿੱਖ ਬਾਰੇ ਵਿਦਵਤਾ, ਖੋਜ ਭਰਪੂਰ ਤੇ ਤਰਕਸੰਗਤ ਵਿਚਾਰ ਰੱਖੇ। ਉੱਭਰ ਰਹੇ ਸ਼ਾਇਰ ਰੁਪਿੰਦਰ ਦਿਓਲ ਨੇ ਆਪਣੀ ਗ਼ਜ਼ਲ ਦੇ ਹਰੇਕ ਸ਼ੇਅਰ ਤੇ ਦਾਦ ਬਟੋਰੀ। ਉਸ ਦੀ ਗ਼ਜ਼ਲ ਦਾ ਇੱਕ ਕਾਬਲੇ ਗ਼ੌਰ ਸ਼ਿਅਰ, ‘ਹੈ ਚਾਨਣ ਓਸ ਦਾ ਪਰ ਪਿਆਰ ਸਾਰਾ ਚੰਨ ਲੈ ਜਾਂਦਾ, ਨਮੋਸ਼ੀ ਵਿੱਚ ਸੂਰਜ ਡੁੱਬਦਾ ਨਾ ਹੋਰ ਕੀ ਕਰਦਾ’। ਬਲਬੀਰ ਸਿੰਘ ਕਲਿਆਣੀ ਨੇ ਸਾਧੂ ਦਯਾ ਸਿੰਘ ਆਰਿਫ਼ ਦੀ ਬਹੁਤ ਹੀ ਮਕਬੂਲ ਰਚਨਾ ‘ਜ਼ਿੰਦਗੀ ਬਿਲਾਸ’ ਵਿੱਚੋਂ ਬੈਂਤ ਛੰਦ ‘ਖਾ ਲੈ ਖ਼ਰਚ ਲੈ ਪੁੰਨ ਤੇ ਦਾਨ ਕਰ ਲੈ, ਦੌਲਤ ਵਿੱਚ ਜ਼ਮੀਨ ਦੇ ਪੜੀ ਰਹਿਣੀ’ ਪੇਸ਼ ਕੀਤਾ। ਕੁਲਦੀਪ ਕੌਰ ਘਟੌੜਾ ਨੇ ਹਰਬੰਸ ਸਿੰਘ ਅਖਾੜਾ ਦਾ ਲਿਖਿਆ ਗੀਤ ‘ਚਰਖਾ ਚੰਨਣ ਦਾ, ਮੈਂ ਕੱਤੇ ਗੋਹੜੇ ਨੀਂ। ਮਾਵਾਂ ਧੀਆਂ ਦੇ ਪੈ ਗਏ ਵਿਛੋੜੇ ਨੀਂ’ ਸੁਣਾ ਕੇ ਇੱਕ ਨਵਾਂ ਰੰਗ ਪੇਸ਼ ਕੀਤਾ। ਪਰਮਜੀਤ ਪੈਰੀ ਮਾਹਲ ਨੇ ਨਫ਼ਰਤ ਦੇ ਵਤੀਰੇ ਅਤੇ ਇਸ ਦੇ ਦੁਰ-ਪ੍ਰਭਾਵਾਂ ਬਾਰੇ ਵਿਚਾਰ ਰੱਖੇ। ਉਸ ਨੇ ਕਿਹਾ ਕਿ ਲੰਮੇ ਸਮੇਂ ਤੋਂ ਧਾਰਮਿਕ ਤੇ ਸਿਆਸੀ ਆਗੂ ਨਫ਼ਰਤਾਂ ਫੈਲਾਉਣ ਵਿੱਚ ਮੋਹਰੀ ਹਨ। ਅੱਜ ਲੋਕਾਂ ਨੂੰ ਇਨ੍ਹਾਂ ਦੀਆਂ ਚਾਲਾਂ ਨੂੰ ਗੰਭੀਰਤਾਂ ਨਾਲ ਸਮਝਣ ਦੀ ਲੋੜ ਹੈ। ਡਾ. ਮਨਮੋਹਨ ਸਿੰਘ ਬਾਠ ਦੇ ਕਮਾਲ ਦੀ ਸੁਰ ਵਿੱਚ ਗਾਇਨ ਕਰਦਾ ਕਹਿ ਗਿਆ ‘ਤੇਰੀ ਜ਼ੁਲਫ਼ ਕੇ ਸਾਏ ਮੇਂ ਸ਼ਾਮ ਕਰ ਲੂੰ ਗਾ’। ਸਤਨਾਮ ਸਿੰਘ ਢਾਅ ਨੇ ਬਚਨ ਸਿੰਘ ਗੁਰਮ ਦੀ ਕਵਿਤਾ ‘ਯਾਦਾਂ’ ਸੁਣਾਈ। ਅਤੇ ਨਾਲ ਹੀ ਪੰਜਾਬੀ ਬੋਲੀ ਦੀ ਮਹੱਤਤਾ ਅਤੇ ਇਸ ਦੇ ਉੱਜ਼ਲੇ ਭਵਿੱਖ ਲਈ ਆਪਣੇ ਪਰਿਵਾਰਾਂ ਵਿੱਚ ਵੱਡਿਆਂ ਨਾਲ ਅਤੇ ਖ਼ਾਸ ਕਰਕੇ ਬੱਚਿਆਂ ਨਾਲ ਪੰਜਾਬੀ ਬੋਲੀ ਵਿੱਚ ਗੱਲਬਾਤ ਕਰਕੇ ਅਪੋ ਆਪਣਾ ਯੋਗਦਾਨ ਪਾਉਣ ਲਈ ਪੁਰਜ਼ੋਰ ਅਪੀਲ ਕੀਤੀ। ਡਾ. ਜੋਗਾ ਸਿੰਘ ਸਹੋਤਾ ‘ਚਲ ਉੜ ਜਾ ਰੇ ਪੰਛੀ ਅਭ ਯੇ ਦੇਸ਼ ਹੁੂਆ ਬੇਗਾਨਾ’ ਗੀਤ ਪੇਸ਼ ਕਰਕੇ ਬੀਬੀ ਰਣਜੀਤ ਕੌਰ ਪ੍ਰੇਮੀ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ। ਨਾਲ ਹੀ ਮਹਿੰਦੀ ਹਸਨ ਦੀ ਗਾਈ ਉਰਦੂ ਦੀ ਬਹੁਤ ਹੀ ਮਕਬੂਲ ਗ਼ਜ਼ਲ ‘ਮੈਂ ਹੋਸ਼ ਮੇਂ ਥਾ ਉਸ ਪੇ ਮਰ ਗਆ ਕੈਸੇ, ਯੇ ਜ਼ਹਿਰ ਮੇਰੇ ਲਹੂ ਮੇ ਉਤਰ ਗਆ ਕੈਸੇ’ ਸੁਣਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਗਏ। ਕੇਸਰ ਸਿੰਘ ਨੀਰ ਦਾ ਗ਼ਜ਼ਲ ਉਚਾਰਨ ਦਾ ਅੰਦਾਜ਼ ਹੀ ਦਿਲ ਟੁੰਬਵਾਂ ਹੁੰਦਾ ਹੈ ‘ਜਦੋਂ ਜਬਰਾਂ ਤੇ ਸਿਤਮਾਂ ਦੇ ਡਰਾਵੇ ਹਾਰ ਜਾਂਦੇ ਨੇ, ਤਦੋਂ ਕਹਿਰੀ ਕਟਾਰਾਂ ਨੂੰ ਬੜੀ ਤਕਲੀਫ਼ ਹੁੰਦੀ ਹੈ’ ਯਥਾਰਥ ਦੀ ਤਸਵੀਰ ਪੇਸ਼ ਕਰ ਗਈ। ਅੱਜ ਦੀ ਵਿਚਾਰ ਚਰਚਾ ਬਾਰੇ ਜਗਦੇਵ ਸਿੱਧੂ ਨੇ ਆਲੋਚਨਾਤਮਿਕ ਨਜ਼ਰੀਏ ਤੋਂ ਵਿਚਾਰ ਰੱਖੇ। ਨਾਲ ਹੀ ਉਨ੍ਹਾਂ ਪੰਜਾਬੀ ਭਾਸ਼ਾ ਬਾਰੇ ਆਖਿਆ ਕਿ ਨਾ ਹੀ ਪੰਜਾਬੀ ਮੁੱਕਣ ਵਾਲੇ ਹਨ, ਤੇ ਨਾਹੀਂ ਪੰਜਾਬੀ ਜ਼ੁਬਾਨ ਨੂੰ ਵਧਣ ਫੁੱਲਣ ਤੋਂ ਕੋਈ ਰੋਕ ਸਕਦਾ ਹੈ। ਪਰ ਸਾਨੂੰ ਭਾਸ਼ਾ ਪ੍ਰਤੀ ਦਰਪੇਸ਼ ਖ਼ਤਰਿਆਂ ਨੂੰ ਅਣਗੌਲੇ ਵੀ ਨਹੀਂ ਕਰਨਾ ਚਾਹੀਦਾ। ਇਸ ਸਾਹਿਤਕ ਅਤੇ ਸਮਾਜਿਕ ਵਿਚਾਰ ਚਰਚਾ ਵਿੱਚ ਮਹਿੰਦਰ ਕੌਰ ਕਾਲੀਰਾਏ, ਸੁਖਦੇਵ ਕੌਰ ਢਾਅ, ਅਦਰਸ਼ਪਾਲ ਘਟੌੜਾ, ਬੱਚੀਆਂ ਬਾਣੀ ਅਤੇ ਮਾਹੀ ਘਟੌੜਾ ਅਤੇ ਨੇ ਵੀ ਭਰਪੂਰ ਯੋਗਦਾਨ ਪਇਆ। ਹੋਰ ਜਾਣਕਾਰੀ ਲਈ ਡਾ. ਜੋਗਾ ਸਿੰਘ ਸਹੋਤਾ ਨੂੰ 403-207-4412, ਸਤਨਾਮ ਢਾਅ 403 285 6091 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com