29 March 2024
ਉਜਾਗਰ ਸਿੰਘ

ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ—ਉਜਾਗਰ ਸਿੰਘ

 

ਚੇਤੇ ਦੀ ਚੰਗੇਰ:

ਸਿਆਸਤ ਬੜੀ ਹੀ ਗੁੰਝਲਦਾਰ ਅਤੇ ਤਿਗੜਮਬਾਜ਼ੀ ਦੀ ਖੇਡ ਗਿਣੀ ਜਾਂਦੀ ਹੈ। ਅੱਜ ਕਲ੍ਹ ਸਿਆਸਤਦਾਨਾਂ  ਦੀ ਭਰੋਸੇ-ਯੋਗਤਾ ਸ਼ੱਕ ਦੀ ਨਿਗਾਹ ਨਾਲ ਵੇਖੀ ਜਾ ਰਹੀ ਹੈ। ਇਸਦਾ ਮੁੱਖ ਕਾਰਨ ਕੁਝ ਸਿਆਸਤਦਾਨਾਂ ਦੇ ਆਪਹੁਦਰੇਪਨ ਦੇ ਵਿਵਹਾਰ ਦਾ ਬਹੁਤ ਵੱਡਾ ਯੋਗਦਾਨ ਹੈ। ਕਈ ਸਿਆਸਤਦਾਨ ਸਿਆਸਤ ਵਿਚ ਆਪਣੇ ਵਿਓਪਾਰ ਦੀ ਪ੍ਰਫੁਲਤਾ ਲਈ ਆਉਂਦੇ ਹਨ ਅਤੇ ਕਈ ਸੇਵਾ ਭਾਵਨਾ ਨਾਲ ਆਉਂਦੇ ਹਨ। ਜਿਹੜੇ ਸੇਵਾ ਭਾਵਨਾ ਨਾਲ ਆਉਂਦੇ ਹਨ, ਉਨ੍ਹਾਂ ਦਾ ਝੁਗਾ ਚੌੜ ਹੋ ਜਾਂਦਾ ਹੈ ਕਿਉਂਕਿ ਉਹ ਸਿਆਸੀ ਹੱਥਕੰਡੇ ਨਹੀਂ ਵਰਤਦੇ। ਜਿਹੜੇ ਵਿਓਪਾਰ ਲਈ ਆਉਂਦੇ ਹਨ, ਉਹ ਹਰ ਹੀਲਾ ਵਰਤਕੇ ਆਪਣੇ ਵਿਓਪਾਰ ਦਾ ਫੈਲਾਓ ਕਰਦੇ ਹਨ। ਸਾਰੇ ਸਿਆਸਦਾਨਾਂ ਨੂੰ ਇਕੋ ਰੱਸੇ ਨਾਲ ਤਾਂ ਨਹੀਂ ਬੰਨ੍ਹਿਆ ਜਾ ਸਕਦਾ। ਅਜੇ ਵੀ ਕੋਈ ‘ਹਰਿਆ ਬੂਟਾ ਰਹਿਓ ਰੀ’ ਹੈ।

ਆਪਣੇ ਕਿਤੇ ਪ੍ਰਤੀ ਬਚਨਵੱਧਤਾ ਰੱਖਣ ਵਾਲੇ ਸਿਆਸਤਦਾਨਂ ਵਿਚ ਮੈਂ ਮਰਹੂਮ ਕੈਪਟਨ ਕੰਵਲਜੀਤ ਸਿੰਘ ਅਕਾਲੀ ਨੇਤਾ ਨੂੰ ਪ੍ਰਮੁੱਖ ਗਿਣਦਾ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਆਪਣੀ ਨੌਕਰੀ ਦੌਰਾਨ ਬਹੁਤ ਨੇੜਿੳਂ ਹੋ ਕੇ ਵੇਖਿਆ ਹੈ। ਉਨ੍ਹਾਂ ਦੀ ਬੇਬਾਕੀ, ਕਾਰਜ਼ਕੁਸ਼ਲਤਾ ਅਤੇ ਇਮਾਨਦਾਰੀ ਦਾ ਕੋਈ ਸਾਨੀ ਨਹੀਂ ਹੋ ਸਕਦਾ। ਪ੍ਰੰਤੂ ਅਜਿਹੇ ਹਾਲਾਤ ਦੇ ਬਾਵਜੂਦ ਵੀ ਕੈਪਟਨ ਕੰਵਲਜੀਤ ਸਿੰਘ ਮਰਹੂਮ ਵਿਤ ਮੰਤਰੀ ਪੰਜਾਬ ਸਿਆਸਤ ਵਿਚ ਸਫ਼ਲ ਰਹੇ। ਆਪਣੀ ਪਾਰਟੀ ਦੇ ਨੇਤਾਵਾਂ ਵੱਲੋਂ ਕੀਤੇ ਜਾਂਦੇ ਗ਼ਲਤ ਕੰਮਾਂ ਬਾਰੇ ਉਹ ਬੇਬਾਕੀ ਨਾਲ ਕਹਿ ਦਿੰਦੇ ਸਨ। ਜਿਸ ਕਰਕੇ ਅਕਾਲੀ ਦਲ ਦੇ ਬਹੁਤੇ ਨੇਤਾ ਉਨ੍ਹਾਂ ਤੋਂ ਦੁੱਖੀ ਸਨ। ਇਸੇ ਲਈ ਉਨ੍ਹਾਂ ਦੀ ਸੜਕੀ ਦੁਰਘਟਨਾ ਨਾਲ ਹੋਈ ਮੌਤ ਅਜੇ ਤੱਕ ਸ਼ੱਕ ਦੇ ਘੇਰੇ ਵਿਚ ਹੈ।

ਕੈਪਟਨ ਕੰਵਲਜੀਤ ਸਿੰਘ ਪਾਰਟੀ ਪ੍ਰਤੀ ਵਫ਼ਾਦਰ ਸਨ। ਨੇਤਾਵਾਂ ਦੀ ਨਿੱਜੀ ਵਫ਼ਾਦਾਰੀ ਵਿਚ ਉਹ ਵਿਸ਼ਵਾਸ ਨਹੀਂ ਰੱਖਦੇ ਸਨ। ਪ੍ਰੰਤੂ ਬਹੁਤੇ ਸਿਆਸਤਦਾਨ ਨਿੱਜੀ ਵਫ਼ਾਦਾਰੀਆਂ ਦਾ ਖੱਟਿਆ ਖਾਂਦੇ ਹਨ। ਉਨ੍ਹਾਂ ਦੀ ਬੇਬਾਕੀ ਕਰਕੇ ਉਨ੍ਹਾਂ ਨਾਲ ਨਾਰਾਜ਼ ਸਿਆਸਤਦਾਨ, ਕੈਪਟਨ ਕੰਵਲਜੀਤ ਸਿੰਘ ਦਾ ਤਾਂ ਜਿਉਂਦੇ ਜੀਅ ਤਾਂ ਕੁਝ ਵਿਗਾੜ ਨਹੀਂ ਸਕੇ ਪ੍ਰੰਤੂ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਰੋਲ ਕੇ ਰੱਖ ਦਿੱਤਾ। ਮੈਂ ਪਟਿਆਲਾ ਵਿਖੇ ਸਹਾਇਕ ਲੋਕ ਸੰਪਰਕ ਅਧਿਕਾਰੀ ਹੋਣ ਕਰਕੇ ਉਨ੍ਹਾਂ ਨੂੰ ਥੋੜ੍ਹਾ ਬਹੁਤਾ ਜਾਣਦਾ ਸੀ ਕਿਉਂਕਿ ਉਹ ਪਟਿਆਲਾ ਜਿਲ੍ਹੇ ਦੇ ਬਨੂੜ ਡੇਰਾ ਬਸੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ। ਪਹਿਲੀ ਵਾਰ ਹੀ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਵਿਚ ਗ੍ਰਹਿ ਰਾਜ ਮੰਤਰੀ ਬਣਾਇਆ ਗਿਆ ਸੀ। ਪੰਜਾਬ ਵਿਚ ਉਹ ਸਮਾਂ ਬੜਾ ਅਸਥਿਰਤਾ ਵਾਲਾ ਅਤੇ ਨਾਜ਼ੁਕ ਸੀ। ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ। ਗ੍ਰਹਿ ਮੰਤਰੀ ਹੁੰਦਿਆਂ ਹੋਇਆਂ ਵੀ ਪੁਲਿਸ ਕੇਂਦਰ ਦੇ ਇਸ਼ਾਰੇ ਤੇ ਉਨ੍ਹਾਂ ਦੇ ਹੁਕਮਾਂ ਨੂੰ ਅਣਡਿਠ ਕਰਦੀ ਸੀ ਪ੍ਰੰਤੂ ਉਨ੍ਹਾਂ ਨੇ ਇਕ ਸਾਬਕਾ ਫੌਜੀ ਅਧਿਕਾਰੀ ਹੋਣ ਕਰਕੇ ਆਪਣੀ ਜ਼ਿੰਮੇਵਾਰੀ ਸੰਜਮ ਅਤੇ ਕਾਬਲੀਅਤ ਨਾਲ ਨਿਭਾਈ ਸੀ।

ਮੇਰਾ ਉਨ੍ਹਾਂ ਨਾਲ ਵਾਹ ਪਹਿਲੀ ਵਾਰ ਨਿੱਜੀ ਤੌਰ ਤੇ ਉਦੋਂ ਪਿਆ ਜਦੋਂ ਉਹ ਪੰਜਾਬ ਦੇ ਵਿਤ ਮੰਤਰੀ ਬਣੇ ਸਨ। ਉਦੋਂ ਮੈਂ ਪਟਿਆਲਾ ਵਿਖੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਲੱਗਾ ਹੋਇਆ ਸੀ। ਮੰਤਰੀ ਬਣਦੇ ਸਾਰ ਹੀ ਉਹ ਪਟਿਆਲਾ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਣ ਆਏ ਸਨ। ਮੈਨੂੰ ਸਰਕਟ ਹਾਊਸ ਤੋਂ ਉਨ੍ਹਾਂ ਦੇ ਪੀ. ਏ. ਗੁਰਨਾਮ ਚੰਦ ਦਾ ਫ਼ੋਨ ਆਇਆ ਕਿ ਸਰਕਟ ਹਾਊਸ ਵਿਚ ਆ ਜਾਓ, ਤੁਹਾਨੂੰ ਮੰਤਰੀ ਜੀ ਯਾਦ ਕਰਦੇ ਹਨ। ਪਟਿਆਲਾ ਦੇ ਅਕਾਲੀ ਦਲ ਦੇ ਸਿਆਸਤਦਾਨ ਕਹਿੰਦੇ ਸਨ ਕਿ ਹੁਣ ਸਾਡੀ ਸਰਕਾਰ ਬਣ ਗਈ, ਉਜਾਗਰ ਸਿੰਘ ਨੂੰ ਪਟਿਆਲਾ ਤੋਂ ਬਾਹਰ ਭੇਜਾਂਗੇ। ਮੈਂ ਵੀ ਬਦਲੀ ਲਈ ਤਿਆਰ ਸੀ। ਜਦੋਂ ਮੈਂ ਉਨ੍ਹਾਂ ਨੂੰ ਸਰਕਟ ਹਾਊਸ ਵਿਚ ਮਿਲਿਆ ਤਾਂ ਉਹ ਸਿੱਧਾ ਹੀ ਆਪਣੇ ਸਾਫ਼ਗੋਈ ਦੇ ਸੁਭਾਅ ਅਨੁਸਾਰ ਕਹਿਣ ਲੱਗੇ ‘‘ਕੀ ਸਲਾਹ ਹੈ।’’ ਮੈਂ ਕਿਹਾ ਕਿ ਮੇਰੀ ਬਦਲੀ ਕਰ ਦਿਓ, ਚੰਗਾ ਹੋਵੇਗਾ ਜੇ ਮੈਨੂੰ ਚੰਡੀਗੜ੍ਹ ਲਾ ਦਿਓ। ਉਹ ਕਹਿਣ ਲੱਗੇ ਤੁਹਾਨੂੰ ਬਦਲੀ ਲਈ ਕੌਣ ਕਹਿੰਦਾ ਹੈ? ਮੈਂ ਕਿਹਾ ਕਿ ਪਟਿਆਲਾ ਅਕਾਲੀ ਦਲ ਦੇ ਲੋਕ ਕਹਿੰਦੇ ਹਨ ਕਿ ਜੇ ਉਜਾਗਰ ਸਿੰਘ ਦੀ ਬਦਲੀ ਨਹੀਂ ਹੁੰਦੀ ਤਾਂ ਅਕਾਲੀ ਸਰਕਾਰ ਨਹੀਂ ਬਣੀ। ਮੈਨੂੰ ਕਹਿਣ ਲੱਗੇ ਪਹਿਲਾਂ ਦੀ ਤਰ੍ਹਾਂ ਕੰਮ ਕਰੋ, ਤੁਹਾਡੀ ਬਦਲੀ ਨਹੀਂ ਹੋਵੇਗੀ। ਮੈਨੂੰ ਤਾਂ ਕੰਮ ਕਰਨ ਵਾਲੇ ਅਧਿਕਾਰੀ ਚਾਹੀਦੇ ਹਨ। ਉਸ ਦਿਨ ਤੋਂ ਬਾਅਦ ਮੇਰੇ ਉਨ੍ਹਾਂ ਨਾਲ ਸੰਬੰਧ ਬਹੁਤ ਹੀ ਗੂੜ੍ਹੇ ਹੋ ਗਏ।

ਇਕ ਵਾਰ ਮੈਂ ਉਨ੍ਹਾਂ ਨਾਲ ਸਰਕਾਰੀ ਸਮਾਗਮ ਦੀ ਕਵਰੇਜ ਲਈ ਗਿਆ ਹੋਇਆ ਸੀ। ਉਹ ਡੇਰਾ ਬਸੀ ਬਲਾਕ ਦੇ ਹਰਿਆਣਾ ਦੀ ਸਰਹੱਦ ਦੇ ਨੇੜੇ ਮੁਕੰਦਪੁਰ ਪਿੰਡ ਵਿਚ ਇਕ ਧਾਰਮਿਕ ਮੇਲੇ ਤੇ ਜਦੋਂ ਗਏ ਤਾਂ ਜੋ ਅਕਾਲੀ ਦਲ ਦੇ ਵਰਕਰ ਉਨ੍ਹਾਂ ਦੇ ਸਵਾਗਤ ਲਈ ਖੜ੍ਹੇ ਸਨ, ਉਹ ਉਨ੍ਹਾਂ ਨੂੰ ਆਪਣੀ ਸਥਾਨਕ ਬੋਲੀ ਵਿਚ ਕਹਿਣ ਲੱਗੇ ‘ਥਮੇਂ ਤੋ ਕਾਂਗਰਸੀ ਹੀ ਬਣ ਗਏ।’ ਜਦੋਂ ਉਨ੍ਹਾਂ ਕਾਰਨ ਪੁਛਿਆ ਤਾਂ ਕਹਿਣ ਲੱਗੇ ਯੋਹ ਝੰਡਾ ਕਾਰ ਤੇ ਕਾਂਗਰਸ ਦਾ ਲਾਇਆ ਹੋਇਆ ਹੈ। ਮੰਤਰੀ ਜੀ ਬੜੇ ਹੱਸੇ ਤੇ ਕਹਿਣ ਲੱਗੇ ਇਹ ਕੌਮੀ ਝੰਡਾ ਹੈ। ਭਾਵ ਸਰਕਾਰ ਦਾ ਝੰਡਾ ਹੈ। ਕਾਂਗਰਸ ਦਾ ਝੰਡਾ ਨਹੀਂ ਹੈ। ਚਾਰੇ ਪਾਸੇ ਹਾਸੇ ਦਾ ਮਾਹੌਲ ਬਣ ਗਿਆ। ਕੈਪਟਨ ਸਾਹਿਬ ਦੀ ਇਮਾਨਦਾਰੀ ਦੀਆਂ ਕੁਝ ਉਦਾਹਰਣਾਂ ਦੇਣੀਆਂ ਚਾਹਾਂਗਾ, ਜਿਨ੍ਹਾਂ ਦਾ ਮੈਂ ਗਵਾਹ ਹਾਂ। ਜਦੋਂ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਤਾਂ ਉਸ ਪਾਰਟੀ ਦੇ ਕੁਝ ਵਰਕਰ ਮਨਮਾਨੀਆਂ ਕਰਦੇ ਹਨ ਅਤੇ ਭਰਿਸ਼ਟਾਚਾਰ ਵੀ ਕਰਦੇ ਹਨ। ਇਕ ਵਾਰ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦੇ ਡੇਰਾ ਬਸੀ ਵਿਖੇ ਇਕ ਰਾਜ ਪੱਧਰ ਦਾ ਸਮਾਗਮ ਸੀ। ਰਾਜ ਪੱਧਰ ਦੇ ਸਮਾਗਮ ਦਾ ਸਾਰਾ ਪ੍ਰਬੰਧ ਲੋਕ ਸੰਪਰਕ ਵਿਭਾਗ ਨੇ ਕਰਨਾ ਹੁੰਦਾ ਹੈ। 

ਸਰਕਾਰੀ ਪ੍ਰਬੰਧ ਕਿਸੇ ਕਾਇਦੇ ਕਾਨੂੰਨ ਅਨੁਸਾਰ ਹੁੰਦੇ ਹਨ। ਮੈਂ ਸਾਰੀ ਕਾਗਜ਼ੀ ਕਾਰਵਾਈ ਕਰਕੇ ਸ਼ਾਮਿਆਨਾ ਬਗੈਰਾ ਲਗਾਉਣ ਦਾ ਪ੍ਰਬੰਧ ਕਰ ਦਿੱਤਾ। ਜਦੋਂ ਸ਼ਾਮਿਅਨਾ ਲੱਗ ਰਿਹਾ ਸੀ ਤਾਂ ਇਕ ਸਥਾਨਕ ਅਕਾਲੀ ਨੇਤਾ ਆ ਕੇ ਸ਼ਾਮਿਆਨਾ ਲਾਉਣ ਤੋਂ ਰੋਕਣ ਲੱਗ ਪਏ। ਜਦੋਂ ਮੈਂ ਉਨ੍ਹਾਂ ਨੂੰ ਕਾਰਨ ਪੁਛਿਆ ਤਾਂ ਉਹ ਬੜੇ ਰੋਹਬ ਅਤੇ ਕੁਰੱਖਤ ਢੰਗ ਨਾਲ ਕਹਿਣ ਲੱਗੇ ਕਿ ਸਾਡੀ ਸਰਕਾਰ ਹੈ ਅਤੇ ਸਾਡੇ ਮੰਤਰੀ ਹਨ, ਮੈਂ ਆਪ ਕਿਸੇ ਹੋਰ ਟੈਂਟ ਵਾਲੇ ਤੋਂ ਸ਼ਾਮਿਆਨਾ ਲਗਵਾ ਲਵਾਂਗਾ। ਤੁਸੀਂ ਕੌਣ ਹੁੰਦੇ ਹੋ ਮੇਰੇ ਤੋਂ ਬਿਨਾ ਬਨੂੜ ਹਲਕੇ ਵਿਚ ਕੰਮ ਕਰਵਾਉਣ ਵਾਲੇ। ਉਹ ਆਦਮੀਂ ਬਦਸਲੂਕੀ ਤੇ ਆ ਗਿਆ। ਮੈਂ ਤੇਰੀ ਅੱਜ ਹੀ ਬਦਲੀ ਕਰਵਾ ਦੇਵਾਂਗਾ ਆਦਿ। ਮੈਂ ਉਸਨੂੰ ਬੜੀ ਹਲੀਮੀ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਮੰਤਰੀ ਦਾ ਰੋਹਬ ਦੇਣ ਲੱਗਾ ਕਿ ਮੈਂ ਆਪ ਹੀ ਮੰਤਰੀ ਨਾਲ ਗੱਲ ਕਰ ਲਵਾਂਗਾ। ਤੁਸੀਂ ਕੰਮ ਬੰਦ ਕਰਕੇ ਚਲੇ ਜਾਓ। ਮੈਂ ਤੁਰੰਤ ਕੈਪਟਨ ਸਾਹਿਬ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਉਨ੍ਹਾਂ ਸਾਫ ਕਹਿ ਦਿੱਤਾ ਤੁਸੀਂ ਆਪਣਾ ਕੰਮ ਕਰੋ, ਮੈਂ ਆਪੇ ਉਨ੍ਹਾਂ ਨੂੰ ਸਮਝਾ ਦੇਵਾਂਗਾ। ਕੈਪਟਨ ਸਾਹਿਬ ਨੇ ਉਸ ਵਿਅਕਤੀ ਨੂੰ ਚੰਡੀਗੜ੍ਹ ਬੁਲਾਕੇ ਉਸਦੀ ਝਾੜ ਝੰਬ ਕੀਤੀ ਕਿ ਸਰਕਾਰੀ ਕੰਮਾਂ ਵਿਚ ਪਾਰਟੀ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੁੰਦੀ।

ਇਸੇ ਤਰ੍ਹਾਂ ਇਕ ਵਾਰ ਕੈਪਟਨ ਕੰਵਲਜੀਤ ਸਿੰਘ ਚੋਣ ਲੜ ਰਹੇ ਸਨ ਤਾਂ ਇਕ ਆਈ.ਏ.ਐਸ. ਅਧਿਕਾਰੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਂ ਕੈਪਟਨ ਸਾਹਿਬ ਨੂੰ ਚੋਣ ਫੰਡ ਦੇਣਾ ਚਾਹੁੰਦਾ ਹਾਂ ਪ੍ਰੰਤੂ ਉਨ੍ਹਾਂ ਨੂੰ ਕਹਿਣ ਦਾ ਮੇਰਾ ਹੌਸਲਾ ਨਹੀਂ ਪੈਂਦਾ। ਤੁਸੀਂ ਉਨ੍ਹਾਂ ਨਾਲ ਗੱਲ ਕਰਕੇ ਮੈਨੂੰ ਆਪਣੇ ਨਾਲ ਲੈ ਚਲੋ। ਮੈਂ ਕੈਪਟਨ ਸਾਹਿਬ ਨੂੰ ਦੱਸਿਆ ਤਾਂ ਉਹ ਹੱਸਣ ਲੱਗ ਪਏ ਤੇ ਕਹਿਣ ਲੱਗੇ ਵੇਖੋ ਆਈ. ਏ. ਐਸ. ਅਧਿਕਾਰੀਆਂ ਦਾ ਇਹ ਹਾਲ ਹੈ। ਮੈਂ ਕਿਸੇ ਅਧਿਕਾਰੀ ਤੋਂ ਕਦੇ ਵੀ ਚੋਣ ਫੰਡ ਨਹੀਂ ਲੈਂਦਾ। ਆਮ ਤੌਰ ਤੇ ਮੰਤਰੀਆਂ ਦੇ ਦਫ਼ਤਰਾਂ ਦੇ ਮੁਲਾਜ਼ਮ ਹੀ ਮਾਨ ਨਹੀਂ ਹੁੰਦੇ। ਉਹ ਹੀ ਅਧਿਕਾਰੀਆਂ ਨੂੰ ਵਗਾਰਾਂ ਪਾਈ ਰੱਖਦੇ ਹਨ ਪ੍ਰੰਤੂ ਕੈਪਟਨ ਕੰਵਲਜੀਤ ਸਿੰਘ ਦੇ ਸਟਾਫ ਦੇ ਕਿਸੇ ਵੀ ਮੈਂਬਰ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਉਹ ਕਿਸੇ ਅਧਿਕਾਰੀ ਜਾਂ ਕਿਸੇ ਹੋਰ ਪਤਵੰਤੇ ਵਿਅਕਤੀ ਤੋਂ ਕੋਈ ਸਹਾਇਤਾ ਲੈ ਸਕਣ। ਵਗਾਰ ਕਰਵਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਮੇਰਾ ਨਿੱਜੀ ਤਜ਼ਰਬਾ ਹੈ ਕਿ ਉਨ੍ਹਾਂ ਦੇ ਸਟਾਫ ਦੇ ਮੈਂਬਰ ਮੇਰੇ ਕੋਲ ਕਹਿੰਦੇ ਰਹਿੰਦੇ ਸਨ ਕਿ ਤੁਸੀਂ ਉਨ੍ਹਾਂ ਨਾਲ ਗੱਲ ਕਰਕੇ ਸਾਡਾ ਫਲਾਣਾ ਕੰਮ ਕਰਵਾ ਦਿਓ। ਉਨ੍ਹਾਂ ਦੇ ਸਟਾਫ ਦਾ ਕੋਈ ਵੀ ਮੈਂਬਰ ਕਿਸੇ ਅਧਿਕਾਰੀ ਨੂੰ ਕੈਪਟਨ ਸਾਹਿਬ ਦੀ ਇਜ਼ਾਜ਼ਤ ਤੋਂ ਬਿਨਾ ਫੋ਼ਨ ਵੀ ਨਹੀਂ ਕਰ ਸਕਦਾ ਸੀ।

ਸਿਆਸਤ ਵਿਚ ਸੰਜੀਦਗੀ ਅਤੇ ਸਿਆਸੀ ਬਚਨਵੱਧਤਾ ਅਤਿਅੰਤ ਜ਼ਰੂਰ ਹੁੰਦੀ ਹੈ। ਪ੍ਰੰਤੂ ਬਹੁਤੇ ਸਿਆਸਤਦਾਨਾਂ ਵਿਚ ਇਨ੍ਹਾਂ ਦੋਹਾਂ ਨੁਕਤਿਆਂ ਦੀ ਅਣਹੋਂਦ ਹੁੰਦੀ ਹੈ। ਸਿਆਸਤ ਨੂੰ ਤਿਗੜਮਬਾਜ਼ੀ ਵੀ ਕਿਹਾ ਜਾਂਦਾ ਹੈ।  ਜਿਹੜਾ ਸਿਆਸਤਦਾਨ ਮੌਕਾ ਤਾੜਕੇ ਕਿਸੇ ਵੀ ਢੰਗ ਨਾਲ ਵੋਟਾਂ ਵਟੋਰ ਲੈਂਦਾ ਹੈ, ਉਸਨੂੰ ਅੱਜ ਕਲ੍ਹ ਸਫਲ ਸਿਆਸਤਦਾਨ ਕਿਹਾ ਜਾਂਦਾ ਹੈ। ਮਰਹੂਮ ਕੈਪਟਨ ਕੰਵਲਜੀਤ ਸਿੰਘ ਪੰਜਾਬ ਦਾ ਅਜਿਹਾ ਸਿਆਸਤਦਾਨ ਹੋਇਆ ਹੈ, ਜਿਨ੍ਹਾਂ ਨੇ ਆਪਣੇ ਇਕੱਲੇ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਹੀ ਨਹੀਂ ਸਗੋਂ ਪੰਜਾਬ ਦੇ ਹਰ ਵਿਅਕਤੀ ਨਾਲ ਉਹ ਪੂਰੀ ਬਚਨਵੱਧਤਾ ਨਾਲ ਵਰਤਦੇ ਸਨ। ਆਪਣੀ ਨੌਕਰੀ ਦੌਰਾਨ ਮੰਤਰੀਆਂ ਨੂੰ ਮੈਂ ਖ਼ੁਦ ਵੇਖਿਆ ਹੈ ਕਿ ਉਹ ਆਪਣੇ ਹਲਕੇ ਦੇ ਕੰਮ ਕਾਰਾਂ ਦੀਆਂ ਸਿਫਾਰਸ਼ਾਂ ਕਰਨ ਲਈ ਮੁੱਖ ਸਕੱਤਰ ਅਤੇ ਵਿਭਾਗੀ ਸਕੱਤਰਾਂ ਦੇ ਦਫ਼ਤਰਾਂ ਵਿਚ ਜਾ ਕੇ ਉਨ੍ਹਾਂ ਨੂੰ ਕਹਿੰਦੇ ਸਨ। ਇਸਦਾ ਇਕ ਕਾਰਨ ਤਾਂ ਇਹ ਹੈ ਕਿ ਜੇਕਰ ਉਨ੍ਹਾਂ ਦੇ ਕੰਮ ਸਹੀ ਹੋਣ ਅਤੇ ਉਨ੍ਹਾਂ ਦੇ ਅਕਸ ਪਾਰਦਰਸ਼ੀ ਹੋਣ ਤਾਂ ਉਨ੍ਹਾਂ ਨੂੰ ਉਨ੍ਹਾਂ ਕੋਲ ਜਾਣ ਦੀ ਲੋੜ ਨਹੀਂ ਹੁੰਦੀ ਸਗੋਂ ਮੁੱਖ ਸਕੱਤਰ ਅਤੇ ਸਕੱਤਰ ਸਾਹਿਬਾਨ ਨੂੰ ਆਪਣੇ ਕੋਲ ਬੁਲਾਕੇ ਕਹਿਣ। ਕੈਪਟਨ ਸਾਹਿਬ ਦੀ ਸਿਆਸਤ ਪਾਰਦਰਸ਼ੀ ਸੀ, ਇਸ ਲਈ ਮੈਂ ਉਨ੍ਹਾਂ ਦੇ ਕੋਲ ਮੁੱਖ ਸਕੱਤਰ ਅਤੇ ਮੰਤਰੀ ਆਪ ਆਕੇ ਹੁਕਮ ਲੈਂਦੇ ਵੇਖੇ ਹਨ। ਇਥੋਂ ਤੱਕ ਕਿ ਜੇਕਰ ਉਹ ਪਹਿਲਾਂ ਕਿਸੇ ਵਿਅਕਤੀ ਨਾਲ ਗੱਲ ਕਰ ਰਹੇ ਹੁੰਦੇ ਤਾਂ ਗੱਲ ਮੁਕੰਮਲ ਕਰਕੇ ਹੀ ਮੰਤਰੀ ਜਾਂ ਮੁੱਖ ਸਕੱਤਰ ਨੂੰ ਮਿਲਦੇ ਸਨ। ਇਕ ਵਾਰ ਦੀ ਗੱਲ ਹੈ ਕਿ ਮੈਨੂੰ ਚੰਡੀਗੜ੍ਹ ਸਥਿਤ ਇਕ ਵੱਡੇ ਅਖ਼ਬਾਰ ਦੇ ਨੁਮਾਇੰਦੇ ਨੇ ਕੈਪਟਨ ਸਾਹਿਬ ਦੀ ਉਨ੍ਹਾਂ ਦੇ ਅਖ਼ਬਾਰ ਲਈ ਵਿਸੇਸ਼ ਸਟੋਰੀ ਵਾਸਤੇ ਤੁਰੰਤ ਮੁਲਾਕਾਤ ਕਰਵਾਉਣ ਲਈ ਕਿਹਾ ਕਿਉਂਕਿ ਉਹ ਬਹੁਤ ਰੁੱਝੇ ਹੋਏ ਸਨ। ਅਸੀਂ ਉਨ੍ਹਾਂ ਦੇ ਦਫ਼ਤਰ ਦੇ ਰਿਟਾਇਰਿੰਗ ਰੂਮ ਵਿਚ ਮੁਲਾਕਾਤ ਕਰ ਰਹੇ ਸੀ। ਇਕ ਸੀਨੀਅਰ ਮੰਤਰੀ ਰੀਟਾਇਰਿੰਗ ਰੂਮ ਵਿਚ ਸਿੱਧਾ ਹੀ ਬਿਨਾ ਪੁਛੇ ਆ ਗਿਆ। ਕੈਪਟਨ ਸਾਹਿਬ ਨੇ ਤੁਰੰਤ ਉਸ ਮੰਤਰੀ ਨੂੰ ਉਨ੍ਹਾਂ ਦੇ ਕਮਰੇ ਵਿਚ ਇੰਤਜ਼ਾਰ ਕਰਨ ਲਈ ਕਿਹਾ ਤਾਂ ਮੰਤਰੀ ਜੀ ਬੁੜਬੁੜ ਕਰਦੇ ਬਾਹਰ ਨਿਕਲ ਗਏ। ਅਜਿਹੀ ਗੱਲ ਕੋਈ ਬੇਦਾਗ ਮੰਤਰੀ ਹੀ ਕਰ ਸਕਦਾ ਸੀ।
***
121
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

About the author

ੳੁਜਾਗਰ ਸਿੰਘ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ