21 September 2024

ਯਾਦਾਂ ਦੇ ਝਰੋਖੇ ‘ਚੋਂ: ਜ਼ੁਬਾਨ ਦਾ ਰਸ—ਗੁਰਦੀਸ਼ ਕੌਰ ਗਰੇਵਾਲ- ਕੈਲਗਰੀ

ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਅਸੀਂ ਸਾਰੇ ਭੈਣ ਭਰਾ ਅਜੇ ਸਕੂਲਾਂ ਵਿੱਚ ਹੀ ਪੜ੍ਹਦੇ ਸਾਂ। ਸਾਡੇ ਗੰਗਾਨਗਰ ਵਾਲੇ ਮਾਂਜੀ (ਪਿਤਾ ਜੀ ਦੇ ਮਾਸੀ ਜੀ) ਸਾਡੇ ਕੋਲ ਆਏ ਹੋਏ ਸਨ। ਉਹ ਹਰ ਸਾਲ ਹੀ ਗਰਮੀ ਦੀ ਰੁੱਤੇ, ਜੇਠ ਹਾੜ੍ਹ ਦੇ ਦੋ ਮਹੀਨੇ ਸਾਡੇ ਕੋਲ ਹੀ ਰਹਿੰਦੇ- ਕਿਉਂਕਿ ਉਹਨਾਂ ਦਾ ਮੇਰੇ ਪਿਤਾ ਜੀ ਨਾਲ ਅੰਤਾਂ ਦਾ ਮੋਹ ਸੀ। ਸ਼ਾਇਦ ਇਸ ਦਾ ਕਾਰਨ ਇਹ ਵੀ ਸੀ ਕਿ- ਮੇਰੇ ਪਿਤਾ ਜੀ ਆਪਣੀ ਪ੍ਰਾਇਮਰੀ ਪਾਸ ਕਰਨ ਬਾਅਦ, ਤਿੰਨ ਸਾਲ ਉਹਨਾਂ ਕੋਲ ਰਹਿ ਕੇ ਪੜ੍ਹੇ ਸਨ। ਉਹਨਾਂ ਦੇ ਪੁੱਤਰ ਨੇ, ਵੱਧ ਜ਼ਮੀਨ ਦੇ ਲਾਲਚ ਵਿੱਚ, ਪੰਜਾਬ ਦੀ ਜ਼ਮੀਨ ਵੇਚ ਕੇ, ਗੰਗਾਨਗਰ ਦੇ ਕੋਲ ਕਿਸੇ ਪਿੰਡ ਵਿੱਚ ਜ਼ਮੀਨ ਖਰੀਦ ਲਈ ਸੀ- ਪਰ ਮਾਂਜੀ ਲਈ ਰੇਗਿਸਤਾਨ ਦੀ ਤਪਸ਼ ਸਹਾਰਨੀ ਔਖੀ ਸੀ। ਵੈਸੇ ਵੀ ਉਹ ਕਹਿੰਦੇ ਸਨ ਕਿ- ‘ਮੇਰਾ ਇੱਕ ਪੁੱਤ ਰਾਜਸਥਾਨ ਹੈ ਤੇ ਇੱਕ ਪੰਜਾਬ!’ ਉਹਨਾਂ ਦੇ ਆਉਣ ਤੇ ਸਾਰੇ ਪੰਜਾਬ ਵੱਸਦੇ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਆਉਂਦੇ ਤੇ ਸਾਡੀਆਂ ਦੋ ਮਹੀਨੇ ਦੀਆਂ ਛੁਟੀਆਂ ਵਿੱਚ, ਸਾਡੇ ਘਰ ਖੂਬ ਰੌਣਕਾਂ ਲੱਗੀਆਂ ਰਹਿੰਦੀਆਂ।

ਭਾਵੇਂ ਮੇਰੇ ਬੀਜੀ (ਮਾਤਾ ਜੀ) ਤੇ ਮਾਂਜੀ (ਦਾਦੀ ਜੀ) ਵੀ, ਹਰ ਇੱਕ ਕੰਮ ਕਰਨ ਵਾਲੇ (ਖੇਤ ਤੇ ਘਰ ਵਿੱਚ) ਨਾਲ, ਬੜੀ ਨਿਮਰਤਾ ਨਾਲ ਪੇਸ਼ ਆਉਂਦੇ- ਪਰ ਸਾਡੇ ਗੰਗਾਨਗਰ ਵਾਲੇ ਮਾਂਜੀ ਤਾਂ ਜ਼ੁਬਾਨ ਦੇ ਜ਼ਿਆਦਾ ਹੀ ਮਿੱਠੇ ਸਨ। ਵੰਡ ਤੋਂ ਪਹਿਲਾਂ, ਉਹ ਪੰਜਵੀਂ ਪਾਸ ਕਰਕੇ, ਆਪਣੇ ਪਿੰਡ ਦੇ ਗੁਰਦੁਆਰੇ ਵਿੱਚ, ਸਕੂਲ ਅਧਿਆਪਕ ਵੀ ਰਹੇ ਸਨ। ਉਹ ਹਰ ਇੱਕ ਨਾਲ ਗੱਲ ਕਰਨ ਲੱਗੇ ਕਈ ਵਾਰੀ ‘ਜੀ’ ਲਾਉਂਦੇ। ਹਰ ਇੱਕ ਨੂੰ ਬੁਲਾਉਣ ਵੇਲੇ ਵੀ, ‘ਤੂੰ’ ਦੀ ਥਾਂ ‘ਤੁਸੀਂ’ ਦੀ ਵਰਤੋਂ ਕਰਦੇ- ਚਾਹੇ ਉਹ ਉਮਰ ਵਿੱਚ ਉਹਨਾਂ ਤੋਂ ਕਿਤੇ ਛੋਟਾ ਹੋਵੇ ਜਾਂ ਕੋਈ ਕੰਮੀਂ ਕਮੀਣ ਹੋਵੇ। ਉਹਨਾਂ ਦਾ ਮੰਨਣਾ ਸੀ ਕਿ- ‘ਜੇ ਆਪਾਂ ਦੂਜਿਆਂ ਤੋਂ ਸਤਿਕਾਰ ਦੀ ਆਸ ਰੱਖਦੇ ਹਾਂ ਤਾਂ ਪਹਿਲਾਂ ਉਹਨਾਂ ਨੂੰ ਵੀ ਸਤਿਕਾਰ ਦੇਣਾ ਪਏਗਾ। ਸੋ ‘ਜੀ’ ਕਹਾਂਗੇ ਤਾਂ ਹੀ ‘ਜੀ’ ਅਖਵਾਵਾਂਗੇ ਨਾ!’ ਸਾਨੂੰ ਛੋਟੇ ਬੱਚਿਆਂ ਨੂੰ ਵੀ- ‘ਬੇਟਾ ਜੀ.. ਤੁਸੀਂ..’ ਕਹਿ ਕੇ ਬੁਲਾਉਂਦੇ। ਮੇਰੇ ਦਾਦੀ ਜੀ ਜ਼ਿਆਦਾ ਪਿਤਾ ਜੀ ਦੇ ਨਾਲ ਖੇਤੀ ਬਾੜੀ ਦੇ ਕੰਮ ਵਿੱਚ ਉਹਨਾਂ ਦੀ ਮਦਦ ਕਰਦੇ..ਖਾਸ ਕਰਕੇ ਫਸਲ ਬੀਜਣ ਵੇਲੇ ਤੇ ਸਾਂਭਣ ਵੇਲੇ। ਪਰ ਗੰਗਾਨਗਰ ਵਾਲੇ ਮਾਂਜੀ, ਘਰ ਦੇ ਛੋਟੇ ਛੋਟੇ ਕੰਮਾਂ ਵਿੱਚ ਬੀਜੀ ਦੀ ਮਦਦ ਕਰ ਦਿੰਦੇ।

ਗੰਗਾਨਗਰ ਵਾਲੇ ਮਾਂਜੀ ਨੂੰ ਗੁਰਬਾਣੀ ਤੇ ਸਾਖੀਆਂ ਬਹੁਤ ਕੰਠ ਸਨ। ਉਹ ਹਰ ਵੇਲੇ ਕੰਮ ਕਾਰ ਕਰਦੇ ਹੋਏ ਵੀ ਗੁਰਬਾਣੀ ਪੜ੍ਹਦੇ ਰਹਿੰਦੇ- ਤੇ ਰਾਤ ਨੂੰ ਸਾਨੂੰ ਕੋਈ ਨਾ ਕੋਈ ਸਾਖੀ ਜਰੂਰ ਸੁਣਾਉਂਦੇ। ਇੱਕ ਵਾਰੀ ਮੈਂ ਉਹਨਾਂ ਨੂੰ ਭੋਲੇ ਭਾਅ ਕਿਹਾ-“ਮਾਂਜੀ ਤੁਸੀਂ ਤਾਂ ਗੋਹਾ ਕੂੜਾ ਕਰਨ ਵਾਲਿਆਂ ਨੂੰ ਵੀ ‘ਤੁਸੀਂ ਜੀ’ ਕਹਿ ਕੇ ਬੁਲਾਉਂਦੇ ਹੋ?” ਤਾਂ ਉਹਨਾਂ ਕਿਹਾ ਕਿ- ਅੱਜ ਰਾਤ ਨੂੰ ਮੈਂ ਤੁਹਾਨੂੰ ‘ਜ਼ੁਬਾਨ ਦੇ ਰਸ’ ਦੀ ਕਹਾਣੀ ਸੁਣਾਵਾਂਗੀ। ਰਾਤ ਹੋਈ ਤਾਂ ਅਸੀਂ ਸਾਰੇ ਭੈਣਾਂ ਭਰਾ ਉਹਨਾਂ ਦੁਆਲੇ ਇਕੱਠੇ ਹੋ ਗਏ ਨਵੀਂ ਕਹਾਣੀ ਸੁਣਨ ਲਈ! ਉਹਨਾਂ ਸੁਨਾਉਣਾ ਸ਼ੁਰੂ ਕੀਤਾ-

ਇੱਕ ਫਕੀਰ ਇੱਕ ਘਰ ਵਿੱਚ ਖੈਰ ਮੰਗਣ ਆਇਆ। ਉਸ ਘਰ ਦੀ ਮਾਲਕਣ ਨੇ ਦਰ ਤੇ ਆਏ ਫਕੀਰ ਨੂੰ ਦਰਵੇਸ਼ ਜਾਣ ਕੇ, ਆਦਰ ਨਾਲ ਅੰਦਰ ਬੁਲਾ ਲਿਆ ਤੇ ਬੈਠਣ ਲਈ ਪੀੜ੍ਹੀ ਦੇ ਦਿੱਤੀ। ਉਸੇ ਵਿਹੜੇ ਵਿੱਚ ਉਸ ਬੀਬੀ ਦੀ ਤਾਜ਼ਾ ਸੂਈ ਮੱਝ ਬੱਝੀ ਹੋਈ ਸੀ। ਉਹ ਬੀਬੀ ਕਹਿਣ ਲੱਗੀ-‘ਦੋ ਦਿਨ ਪਹਿਲਾਂ ਮੇਰੀ ਮੱਝ ਸੂਈ ਹੈ ਤੇ ਅੱਜ ਮੈਂ ਇਸ ਦੇ ਦੁੱਧ ਦੀ ਖੀਰ ਧਰੀ ਹੋਈ ਹੈ- ਤੁਸੀਂ ਬੈਠੋ ਜ਼ਰਾ.. ਖੀਰ ਛਕ ਕੇ ਜਾਣਾ!’ ਤੇ ਇਹ ਕਹਿ ਉਹ ਚੁਲ੍ਹੇ ਤੇ ਬਣਦੀ ਹੋਈ ਖੀਰ ਵਿੱਚ ਕੜਛੀ ਫੇਰਨ ਲੱਗੀ। ਮੱਝ ਵਲ ਗਹੁ ਨਾਲ ਦੇਖ ਕੇ ਫਕੀਰ ਕਹਿਣ ਲੱਗਾ-‘ਮਾਤਾ- ਤੇਰੀ ਮੱਝ ਤਾਂ ਵਾਹਵਾ ਰਾਜੀ ਆ..ਪਰ ਘਰ ਦਾ ਦਰ ਬੜਾ ਛੋਟਾ..ਮੈਂ ਸੋਚਦਾ ਕਿ ਜੇ ਕਿਤੇ ਇਹ ਮੱਝ ਮਰ ਗਈ ਤਾਂ ਬਾਹਰ ਕਿੱਦਾਂ ਕੱਢਣੀ ਆਂ?’

ਮਾਤਾ ਸੁਣਦਿਆਂ ਸਾਰ ਗੁੱਸੇ ਵਿੱਚ ਲਾਲ ਪੀਲ਼ੀ ਹੋ ਗਈ ਤੇ ਉਸ ਵੱਡੀ ਸਾਰੀ ਕੜਛੀ ਗਰਮ ਗਰਮ ਉਬਲਦੀ ਖੀਰ ਦੀ ਉਸ ਦੀ ਝੋਲੀ ਵਿੱਚ ਸੁੱਟ, ਉਸ ਨੂੰ ਦਫਾ ਹੋਣ ਲਈ ਕਿਹਾ। ਚੋਲ਼ੇ ਤੇ ਉਬਲਦੀ ਖੀਰ ਪੈਣ ਨਾਲ ਉਹ ਉਠ ਨੱਠਾ ਤੇ ਉਸ ਤੇ ਭੱਜੇ ਜਾਂਦੇ ਦੇ ਚੋਲ਼ੇ ਵਿਚੋਂ ਦੁੱਧ ਚੋਂਦਾ ਦੇਖ ਰਾਹ ਵਿੱਚ ਕਿਸੇ ਨੇ ਪੁੱਛਿਆ-
ਤਾਂ ਉਸ ਜਵਾਬ ਦਿੱਤਾ-‘ਮੇਰੀ ਜ਼ੁਬਾਨ ਦਾ ਰਸ ਚੋਂਦਾ!’

ਕਹਾਣੀ ਸੁਣਾ ਉਹਨਾਂ ਸਾਨੂੰ ਸਮਝਾਉਣਾ ਸ਼ੁਰੂ ਕੀਤਾ ਕਿ- ਆਦਰ ਜਾਂ ਨਿਰਾਦਰ ਕਰਾਉਣਾ ਸਾਡੀ ਜ਼ੁਬਾਨ ਤੇ ਨਿਰਭਰ ਹੈ! ਗੁਰਬਾਣੀ ਵੀ ਸਾਨੂੰ ਇਹੀ ਸਮਝਾਉਂਦੀ ਹੈ ਕਿ-

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥ (ਅੰਗ 473)
ਭਾਵ- ਰੱੁਖੇ ਬਚਨ ਬੋਲਣ ਵਾਲੇ ਦੇ ਅੰਦਰੋਂ ਪ੍ਰੇਮ ਪਿਆਰ ਉਡ ਜਾਂਦਾ ਹੈ ਤੇ ਉਸ ਦਾ ਤਨ ਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ। ਲੋਕ ਵੀ ਉਸ ਨੂੰ ਪਸੰਦ ਨਹੀਂ ਕਰਦੇ ਤੇ ਉਹ ‘ਰੁੱਖਾ ਜਿਹਾ ਬੰਦਾ’ ਕਰਕੇ ਮਸ਼ਹੂਰ ਹੋ ਜਾਂਦਾ ਹੈ। ਲੋਕ ਉਸ ਤੋਂ ਦੂਰੀ ਬਣਾ ਲੈਂਦੇ ਹਨ ਤੇ ਉਸ ਨਾਲ ਗੱਲ ਕਰਨ ਤੋਂ ਵੀ ਪਾਸਾ ਵੱਟ ਲੈਂਦੇ ਹਨ। ਨਾਲ ਹੀ ਉਹਨਾਂ ਸਾਨੂੰ ਦੂਜੀ ਤੁਕ ਵੀ ਸੁਣਾ ਦਿੱਤੀ-

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥(ਅੰਗ 470)
ਭਾਵ- ਮਿੱਠਾ ਬੋਲਣਾ ਨਿਮਰਤਾ ਦੀ ਨਿਸ਼ਾਨੀ ਹੈ ਤੇ ਨਿਮਰਤਾ ਇਕ ਬਹੁਤ ਵੱਡਾ ਗੁਣ ਹੈ- ਇਹ ਗੁਣਾਂ ਦਾ ਸਾਰ ਹੈ। ਪਰ ਬੇਟਾ ਜੀ , ਕਈ ਵਾਰੀ ਤੁਹਾਨੂੰ ਜ਼ਿੰਦਗੀ ਵਿੱਚ ਐਸੇ ਲੋਕ ਵੀ ਮਿਲ ਜਾਣਗੇ ਜੋ ਕਿਸੇ ਤੋਂ ਕੋਈ ਕੰਮ ਲੈਣ ਖਾਤਿਰ, ਜਾਂ ਕਿਸੇ ਗਰਜ਼ ਖਾਤਿਰ, ਮਿੱਠੇ ਪਿਆਰੇ ਬਣਦੇ ਹਨ ਉਵੇਂ ਉਹਨਾਂ ਦੇ ਸੁਭਾਅ ਵਿੱਚ ਇਹ ਗੁਣ ਨਹੀਂ ਹੁੰਦਾ। ਉਹ ਲੋਕ ਚਾਪਲੂਸ ਜਾਂ ਸੁਆਰਥੀ ਹੁੰਦੇ ਹਨ- ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ।

ਅੱਜ ਜਦੋਂ ਮੈਂ ਜੀਵਨ ਦੇ ਸੱਤ ਦਹਾਕੇ ਪਾਰ ਕਰ ਲਏ ਹਨ- ਤਾਂ ਸੋਚਦੀ ਹਾਂ ਕਿ ਜੀਵਨ ਦੇ ਹਰੇਕ ਪੜਾਅ ਤੇ, ਉਹਨਾਂ ਦੇ ਬਚਪਨ ਵਿੱਚ ਪੜ੍ਹਾਏ ਹੋਏ ਇਹ ਸਬਕ ਕਿੰਨੇ ਸਾਰਥਕ ਹੋਏ!

ਸਾਥੀਓ- ਸਾਡੇ ਵਡੇਰੇ ਸਚਮੁੱਚ ਤੁਰਦੀ ਫਿਰਦੀ ਪਾਠਸ਼ਾਲਾ ਸਨ! ਆਓ ਆਪਾਂ ਵੀ ਅਗਲੀ ਪੀੜ੍ਹੀ ਨੂੰ ਚੰਗੇਰੇ ਸਬਕ ਪੜ੍ਹਾ ਕੇ ਜਾਈਏ!
***
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ
ਵਟਸਐਪ: +91 98728 60488
***
874
***

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →